“ਇੱਕ ਦਿਨ ਮੈਂ ਬਹੁਤ ਬਿਮਾਰ ਸੀ। ਡਾਕਟਰ ਕੋਲ ਗਿਆ ਤਾਂ ਉਸ ਨੇ ਦਵਾਈ ...”
(18 ਸਤੰਬਰ 2021)ਮਾਣ-ਸਨਮਾਨ ਬਨਾਮ ਅਪਮਾਨ
ਮਾਣ-ਸਨਮਾਨ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਲੋਕਾਂ ਨੇ ਆਪਣੇ ਕਿੱਤੇ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਹੋਣ। ਜਾਂ ਫਿਰ ਆਪਣੇ ਕਿੱਤੇ ਦੇ ਨਾਲ-ਨਾਲ ਹੋਰ ਸ਼ਲਾਘਾਯੋਗ ਕੰਮ ਵੀ ਕੀਤੇ ਹੋਣ। ਮਾਣ-ਸਨਮਾਨ ਅਤੇ ਅਵਾਰਡ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰੀ ਮਹਿਕਮਿਆਂ ਵੱਲੋਂ ਵੀ ਵੱਖ-ਵੱਖ ਸਮੇਂ ਪ੍ਰਦਾਨ ਕੀਤੇ ਜਾਂਦੇ ਹਨ।
ਮਾਣ-ਸਨਮਾਨ ਦੀ ਕੀ ਲੋੜ ਹੈ?
ਜੇ ਕੋਈ ਵਿਦਿਆਰਥੀ ਕਲਾਸ ਵਿੱਚ ਹੋਰਨਾਂ ਵਿਦਿਆਰਥੀਆਂ ਨਾਲ਼ੋਂ ਪੜ੍ਹਾਈ ਵਿੱਚ ਵਧੀਆ ਹੋਵੇ ਤਾਂ ਅਧਿਆਪਕ ਉਸ ਬੱਚੇ ਦੀ ਸਾਰੇ ਵਿਦਿਆਰਥੀਆਂ ਸਾਹਮਣੇ ਸ਼ਲਾਘਾ ਕਰਦਾ ਹੈ। ਸ਼ਾਬਾਸ਼ ਦਿੰਦਾ ਹੈ। ਉਸ ਨੂੰ ਕੋਈ ਛੋਟਾ ਜਾਂ ਵੱਡਾ ਇਨਾਮ ਵੀ ਦਿੰਦਾ ਹੈ। ਉਹ ਵਿਦਿਆਰਥੀ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣਦਾ ਹੈ, ਜਿਸ ਨਾਲ ਦੂਸਰੇ ਵਿਦਿਆਰਥੀ ਵੀ ਉਸ ਤੋਂ ਪ੍ਰੇਰਨਾ ਲੈਂਦੇ ਹਨ। ਸੋ ਇਵੇਂ ਹੀ ਕਿਸੇ ਵਿਅਕਤੀ ਦੇ ਕੀਤੇ ਕਾਰਜਾਂ ਬਦਲੇ ਉਸ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਨਮਾਨ ਮਿਲਣ ਉਪਰੰਤ ਉਸ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਹਿਲਾਂ ਕੀਤੇ ਗਏ ਕਾਰਜਾਂ ਨਾਲ਼ੋਂ ਹੋਰ ਵੱਧ-ਚੜ੍ਹ ਕੇ ਕਾਰਜ ਕਰੇ। ਸੋ ਮਾਣਾ-ਸਨਮਾਨਾਂ ਦੀ ਆਪਣੀ ਇੱਕ ਅਲੱਗ ਭੂਮਿਕਾ ਹੁੰਦੀ ਹੈ।
ਸਨਮਾਨ ਬਨਾਮ ਵਿਵਾਦ
ਬਹੁਤ ਵਾਰ ਕਈ ਸਨਮਾਨ ਜਾਂ ਅਵਾਰਡ ਦਾ ਅਯੋਗ ਵਿਅਕਤੀਆਂ ਕੋਲ ਚਲੇ ਜਾਂਦੇ ਹਨ ਜਿਸ ਨਾਲ ਕਈ ਬਖੇੜੇ ਅਤੇ ਵਿਵਾਦ ਪੈਦਾ ਹੋ ਜਾਂਦੇ ਹਨ। ਲੋਕ ਆਖਦੇ ਹਨ ਕੀ ਇਹ ਆਦਮੀ ਇਸਦੇ ਯੋਗ ਹੀ ਨਹੀਂ ਸੀ। ਇਹ ਸਨਮਾਨ ਬਣਦਾ ਹੀ ਨਹੀਂ ਸੀ! ਕਿਉਂ ਦਿੱਤਾ ਗਿਆ ਹੈ? ਕੋਈ ਆਖਦਾ ਹੈ ਕਿ ਕੋਈ ਜੁਗਾੜ ਲਗਾ ਲਿਆ ਹੋਵੇਗਾ! ਇਨ੍ਹਾਂ ਗੱਲਾਂ ਵਿੱਚ ਬਹੁਤ ਹੱਦ ਤਕ ਸਚਾਈ ਵੀ ਹੁੰਦੀ ਹੈ।ਪਰ ਹਰ ਵਾਰ, ਹਰ ਥਾਂ ਅਜਿਹਾ ਨਹੀਂ ਵਾਪਰਦਾ। ਦਿੱਤੇ ਗਏ ਮਾਣ-ਸਨਮਾਨ ਜਾਇਜ਼ ਹਨ ਜਾਂ ਨਜਾਇਜ਼ ਹਨ, ਇਹਦਾ ਪਤਾ ਤਾਂ ਸਨਮਾਨ ਮਿਲਣ ਵਾਲੀ ਜ਼ਮੀਰ ਹੀ ਦੱਸ ਸਕਦੀ ਹੈ ਜਾਂ ਫਿਰ ਸਨਮਾਨ ਦੇਣ ਵਾਲਿਆਂ ਨੂੰ ਪਤਾ ਹੁੰਦਾ ਹੈ। ਪ੍ਰੰਤੂ ਹਰੇਕ ਸਨਮਾਨ ਪ੍ਰਾਪਤ-ਕਰਤਾ ਉੱਪਰ ਕਿੰਤੂ-ਪ੍ਰੰਤੂ ਕਰਨਾ ਵੀ ਠੀਕ ਨਹੀਂ ਹੈ। ਦੁਨੀਆਂ ਬਹੁਤ ਰੰਗ ਦੀ ਹੈ। ਕਈ ਲੋਕ ਸਤਰੰਗੀ ਪੀਂਘ ਨੂੰ ਵੀ ਕਾਲੇ ਰੰਗ ਦੀ (ਬਲੈਕ ਐਂਡ ਵਾਈਟ) ਵੇਖਣਾ ਪਸੰਦ ਕਰਦੇ ਹਨ।
ਸਨਮਾਨ ਬਨਾਮ ਅਪਮਾਨ
ਜਦ ਮਾਣ-ਸਨਮਾਨ ਅਯੋਗ ਵਿਅਕਤੀਆਂ ਜਾਂ ਨਖਿੱਧ ਲੋਕਾਂ ਦੇ ਹੱਥਾਂ ਵਿੱਚ ਜਾਂਦੇ ਹਨ ਤਾਂ ਸਨਮਾਨ ਲੈਣ ਵਾਲੇ ਅਤੇ ਦੇਣ ਵਾਲੇ ਦੋਹਾਂ ਦਾ ਅਪਮਾਨ ਹੈ। ਇਹ ਪਬਲਿਕ ਹੈ, ਸਭ ਜਾਣਦੀ ਹੈ।
ਇੱਥੇ ਇੱਕ ਘਟਨਾ ਮੈਂ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਮੇਰਾ ਇੱਕ ਦੋਸਤ ਮਾਸਟਰ ਗੁਰਦਾਸ ਸਿੰਘ ਜੀ ਹੈ। ਪੁਰਾਣੀ ਗੱਲ ਹੈ। ਮੈਂ ਪਿੰਡ ਵਿੱਚ ਪੰਚਾਇਤੀ-ਅਧਿਆਪਕ ਲੱਗਾ ਹੋਇਆ ਸੀ। ਪਿੰਡ ਵਿੱਚ ‘ਮੇਲਾ-ਮੇਲੀਆਂ ਦਾ’ ਸੱਭਿਆਚਾਰਕ ਪ੍ਰੋਗਰਾਮ ਹੋਣਾ ਸੀ, ਜਿਸ ਵਿੱਚ ਸਕੂਲ ਦੇ ਸਾਰੇ ਅਧਿਆਪਕਾਂ ਦਾ ਵੀ ਸਨਮਾਨ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਪ੍ਰਾਇਮਰੀ ਅਤੇ ਹਾਈ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਸਨਮਾਨਤ ਕੀਤਾ ਗਿਆ। ਪਰ ਮਾਸਟਰ ਗੁਰਦਾਸ ਜੀ ਉਸ ਦਿਨ ਨਹੀਂ ਆਏ। ਮੈਂ ਅਗਲੇ ਦਿਨ ਉਨ੍ਹਾਂ ਨੂੰ ਪੁੱਛਿਆ, “ਬਾਈ ਜੀ, ਤੁਸੀਂ ਕੱਲ੍ਹ ਕਿਉਂ ਨਹੀਂ ਆਏ?”
ਉਹਨਾਂ ਕਿਹਾ, “ਮੇਰਾ ਜ਼ਮੀਰ ਜਾਣਦਾ ਹੈ ਕਿ ਮੈਂ ਹਾਲੇ ਤਕ ਅਜਿਹਾ ਕੁਝ ਨਹੀਂ ਕੀਤਾ ਕਿ ਮੈਂਨੂੰ ਮਾਣ-ਸਨਮਾਨ ਮਿਲੇ! ਮੈਂ ਤਾਂ ਐਸੇ ਸਨਮਾਨ ਨੂੰ ਵੀ ਅਪਮਾਨ ਹੀ ਸਮਝਦਾ ਹਾਂ ਤੇ ਸਨਮਾਨ ਲੈਣ ਵਾਲੇ ਮਨੁੱਖ ਨੂੰ ਵੀ।”
ਮੈਂ ਕਿਹਾ, ‘ਤੁਸੀਂ ਤਾਂ ਬਹੁਤ ਮਿਹਨਤ ਨਾਲ ਪੜ੍ਹਾਉਂਦੇ ਹੋ!”
ਉਹਨੇ ਜਵਾਬ ਦਿੱਤਾ, “ਮੈਂ ਇਹ ਕੋਈ ਵੱਖਰਾ ਕਾਰਜ ਨਹੀਂ ਕੀਤਾ ਹੈ।ਪੜ੍ਹਾਉਣ ਬਦਲੇ ਸਰਕਾਰ ਸਾਨੂੰ ਤਨਖ਼ਾਹ ਵੀ ਤਾਂ ਦਿੰਦੀ ਹੈ!”
ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਦ ਕਿਸੇ ਅਯੋਗ ਵਿਅਕਤੀ ਨੂੰ ਮਾਣ-ਸਨਮਾਨ ਮਿਲਦਾ ਹੈ ਤਾਂ ਵਿਵਾਦ ਦਾ ਪੈਦਾ ਹੋਣਾ ਕੁਦਰਤੀ ਹੈ। ਅੱਜਕੱਲ੍ਹ ਆਨਲਾਈਨ-ਸਨਮਾਨਾਂ ਦੀ ਭਰਮਾਰ ਹੈ। ਮੈਂ ਇਸ ਪ੍ਰਥਾ ਨੂੰ ਨਿੱਜੀ ਤੌਰ ’ਤੇ ਸਹੀ ਨਹੀਂ ਸਮਝਦਾ ਹਾਂ। ਬਹੁਤ ਸਾਰੀਆਂ ਸੰਸਥਾਵਾਂ ਆਪਣਾ ਫ਼ਰਜ਼ ਬਾਖ਼ੂਬੀ ਨਿਭਾ ਰਹੀਆਂ ਹਨ, ਪਰ ਬਹੁਤੇ ਥਾਂਵਾਂ ’ਤੇ ਮਾਣ-ਸਨਮਾਨ ਤੇ ਸਨਮਾਨ-ਪੱਤਰ ਉਂਜ ਹੀ ਗੜਿਆਂ ਵਾਂਗ ਸੁੱਟੇ ਜਾ ਰਹੇ ਹਨ। ਮਾਣ-ਸਨਮਾਨ ਦੇ ਨਾਲ-ਨਾਲ ਸਾਡਾ ਆਤਮ-ਸਨਮਾਨ ਵੀ ਕਾਇਮ ਰਹਿਣਾ ਚਾਹੀਦਾ ਹੈ।
***
ਸਾਡਾ ਕੱਖ ਨੀ ਗਰੀਬਾਂ ਦਾ ਜਾਣਾ ...
ਮੇਰੀ ਬੀ.ਐੱਡ ਦੀ ਪੜਾਈ ਸੰਪੂਰਨ ਹੋ ਚੁੱਕੀ ਸੀ। ਮੈਂ ਆਪਣੇ ਪੁਰਾਣੇ ਸਕੂਲ ਫਿਰ ਕੰਮ ਕਰਨਾ ਚਾਹੁੰਦਾ ਸੀ ਪਰ ਸਟਾਫ ਪੂਰਾ ਹੋਣ ਕਾਰਨ ਉਨ੍ਹਾਂ ਨੇ ਮੈਂਨੂੰ ਜਵਾਬ ਦੇ ਦਿੱਤਾ। ਮੈਂ ਆਪਣੇ ਪਿੰਡ ਤੋਂ ਦੂਰ ਇੱਕ ਹੋਰ ਸਕੂਲ ਵਿੱਚ ਬਾਰਾਂ ਸੌ ਰੁਪਏ ਉੱਪਰ ਕੰਮ ਕਰਨ ਲੱਗ ਪਿਆ। ਮੈਂਨੂੰ ਦੂਜੀ ਜਮਾਤ ਦੇ ਦਿੱਤੀ ਗਈ। ਪਰ ਮੇਰਾ ਦਿਲ ਕਰਦਾ ਸੀ ਕਿ ਮੈਂ ਵੱਡੀਆਂ ਕਲਾਸਾਂ ਨੂੰ ਪੜ੍ਹਾਵਾਂ।
ਜਦ ਮੈਂ ਨਵਾਂ-ਨਵਾਂ ਸਕੂਲ ਵਿੱਚ ਗਿਆ ਤਾਂ ਸ਼ਹਿਰ ਤੋਂ ਆਉਂਦੀ ਇੱਕ ਅਧਿਆਪਕਾ ਨੇ ਇੱਕ ਬੱਚੀ ਰਾਹੀਂ ਮੈਂਨੂੰ ਸਵਾਲ ਕਰ ਦਿੱਤਾ, “ਬੂਟਾਂ ਦੇ ਤਸਮੇ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ?” ਮੈਂ ਵੀ ਬੱਚੀ ਰਾਹੀਂ ਹੀ ਜਵਾਬ ਦੇ ਦਿੱਤਾ, “ਉਹਨੂੰ ਕਹਿ ਦੇਣਾ ਕਿ ਉੰਨੀ ਤੇਰੀ ਉਮਰ ਨਹੀਂ, ਜਿੰਨੀ ਉਮਰ ਮੈਂ ਟਿਊਸ਼ਨ ਪੜ੍ਹਾਈ ਹੈ।”
ਦੋ-ਢਾਈ ਮਹੀਨੇ ਬਾਅਦ ਮੈਂ ਉਹ ਸਕੂਲ ਛੱਡ ਦਿੱਤਾ। ਉੱਥੇ ਦਿਨ ਵਿੱਚ 15 ਮਿੰਟ ਦੀ ਛੁੱਟੀ ਮਿਲਦੀ ਸੀ। ਇੰਨੇ ਸਮੇਂ ਵਿੱਚ ਕੀ ਚਾਹ ਪੀਈਏ ਤੇ ਕੀ ਰੋਟੀ ਖਾਈਏ। ਮੇਰਾ ਮਨ ਉਚਾਟ ਹੋ ਗਿਆ। ਬਾਰ੍ਹਵੀਂ ਕਲਾਸ ਓਪਨ ਸੀ। ਉਨ੍ਹਾਂ ਦਾ ਅੰਗਰੇਜ਼ੀ ਵਿਸ਼ਾ ਮੈਂ ਪੜ੍ਹਾਉਂਦਾ ਸਾਂ। ਪਰ ਉਹ ਸਾਰੇ ਦੇ ਸਾਰੇ ਡੱਫਰ ਸਨ, ਉਨ੍ਹਾਂ ਦੇ ਪੱਲੇ ਕੁਝ ਨਾ ਪੈਂਦਾ। ਉਹਨਾਂ ਵਿੱਚ ਇੱਕ-ਦੋ ਜਣੇ ਤਾਂ ਪੋਸਤ ਵੀ ਖਾਂਦੇ ਸਨ। ਆਖਿਰ ਮੈਂ ਉਸ ਸਕੂਲ ਨੂੰ ਅਲਵਿਦਾ ਆਖ ਦਿੱਤਾ। ਸਕੂਲ ਦੀ ਤਨਖਾਹ ਨਾਲ਼ੋਂ ਵੱਧ ਤਾਂ ਮੈਂ ਟਿਊਸ਼ਨ ਤੋਂ ਕਮਾ ਲੈਂਦਾ ਸੀ।
ਫੇਰ ਉਸ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੰਚਾਇਤ ਵੱਲੋਂ ਅਧਿਆਪਕ ਰੱਖਣਾ ਸੀ। ਮੇਰੀ ਯੋਗਤਾ ਐੱਮ. ਏ, ਬੀ.ਐੱਡ ਸੀ। ਸਕੂਲ ਮੈਨੇਜਮੈਂਟ ਕਮੇਟੀ ਨੇ ਮਤਾ ਪਾ ਕੇ ਮੈਂਨੂੰ ਰੱਖ ਲਿਆ। ਚੌਦਾਂ ਸੌ ਰੁਪਏ ਵਿੱਚ ਗੱਲ ਮੁੱਕੀ। ਜੂਨ ਮਹੀਨੇ ਦੀ ਅੱਧੀ ਤਨਖਾਹ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਮੈਂ ਮਈ ਮਹੀਨਾ ਪੜ੍ਹਾਇਆ ਸੀ। ਜੂਨ ਮਹੀਨੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਸਨ।
ਮੈਂ ਛੇਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਤਕ ਪੰਜਾਬੀ ਪੜ੍ਹਾਉਂਦਾ। ਬਾਰ੍ਹਵੀਂ ਕਲਾਸ ਨੂੰ ਇਲੈਕਟਿਵ ਪੰਜਾਬੀ ਵੀ ਮੈਂ ਹੀ ਪੜ੍ਹਾਉਂਦਾ ਸਾਂ। ਜਦ ਮੈਂ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪਾਸੋਂ ਜੂਨ ਮਹੀਨੇ ਦੀ ਅੱਧੀ ਤਨਖਾਹ 700 ਰੁਪਏ ਮੰਗੀ ਤਾਂ ਉਸ ਨੇ ਕਿਹਾ ਸੀ, “ਮਤੇ ਵਿੱਚ ਤਾਂ ਇਹ ਗੱਲ ਲਿਖੀ ਨਹੀਂ ਹੈ।”
ਮੈਂ ਕਿਹਾ, “ਤੁਸੀਂ ਜ਼ੁਬਾਨੀ ਤਾਂ ਕਿਹਾ ਹੀ ਸੀ।”
ਚੇਅਰਮੈਨ ਆਖਣ ਲੱਗਾ, “ਸ਼ਾਮ ਨੂੰ ਲੈ ਆਵੀਂ।”
ਜਦ ਮੈਂ ਸ਼ਾਮ ਨੂੰ ਚੇਅਰਮੈਨ ਦੇ ਘਰ ਗਿਆ ਤਾਂ ਉਸਦੀ ਘਰ ਵਾਲੀ ਨੇ ਕਿਹਾ ਕਿ ਸਵੇਰੇ ਆ ਕੇ ਲੈ ਜਾਇਓ। ਜਦ ਮੈਂ ਸਵੇਰੇ ਗਿਆ ਤਾਂ ਚੇਅਰਮੈਨ ਨੇ ਕਿਹਾ, “ਦੁਪਹਿਰ ਸਮੇਂ ਲੈ ਜਾਵੀਂ।” ਮੈਂ ਦੁਪਹਿਰ ਦੀ ਬਜਾਏ ਸ਼ਾਮ ਨੂੰ ਚਲਾ ਗਿਆ। ਦਰਵਾਜ਼ੇ ਵਿੱਚ ਖੜ੍ਹੀ ਚੇਅਰਮੈਨ ਦੀ ਪਤਨੀ ਨੇ ਕਿਹਾ, “ਉਹ ਘਰ ਨਹੀਂ ਹਨ।”
ਮੈਂ ਅੱਕ ਕੇ ਕਿਹਾ, “ਉਨ੍ਹਾਂ ਨੂੰ ਕਹਿ ਦੇਣਾ ਕਿ ਮੈਂਨੂੰ ਜਵਾਬ ਹੀ ਦੇ ਦਿਓ! ਹੁਣ ਮੈਂ ਨੀ ਮੰਗਦਾ। ਮੈਂਨੂੰ ਤਾਂ ਗੇੜੇ ਮਾਰਦੇ ਨੂੰ ਵੀ ਸ਼ਰਮ ਆਉਣ ਲੱਗ ਪਈ ਹੈ।”
ਮੈਂ ਸਾਈਕਲ ਉੱਪਰ ਆਪਣੇ ਘਰ ਨੂੰ ਤੁਰ ਪਿਆ। ਮਨ ਬਹੁਤ ਹੀ ਉਦਾਸ ਸੀ। ਉਸ ਸਮੇਂ 700 ਰੁਪਏ ਦੀ ਕੀਮਤ ਕੀ ਸੀ, ਉਹ ਮੇਰੇ ਤੋਂ ਵੱਧ ਕੇ ਕੋਈ ਨਹੀਂ ਜਾਣਦਾ ਸੀ। ਮੈਂ ਉੱਪਰ ਅੰਬਰ ਵੱਲ ਵੇਖਿਆ ਤੇ ਮਨ ਹੀ ਮਨ ਆਖਿਆ, “ਸਾਡਾ ਕੱਖ ਨੀ ਗਰੀਬਾਂ ਦਾ ਜਾਣਾ, ਧੱਕੇ ਪੈਣੇ ਤੇਰੇ ਨਾਮ ਨੂੰ।”
ਫੇਰ ਕੁਝ ਦਿਨਾਂ ਬਾਅਦ ਚੇਅਰਮੈਨ ਦੇ ਘਰ ਕਿਸੇ ਦਾ ਐਕਸੀਡੈਂਟ ਹੋ ਗਿਆ ਸੀ। ਸੱਤਰ ਹਜ਼ਾਰ ਰੁਪਏ ਇਲਾਜ ਉੱਪਰ ਹੀ ਲੱਗ ਗਏ ਸਨ। ਮੈਂਨੂੰ ਕਿਸੇ ਮਹਾਤਮਾ ਦਾ ਪ੍ਰਵਚਨ ਯਾਦ ਆਇਆ-
“ਜੇਕਰ ਅਸੀਂ ਕਿਸੇ ਨੂੰ ਦਾਨ ਦਿੰਦੇ ਹਾਂ ਤਾਂ ਉਹ ਸੱਤਰ ਗੁਣਾ ਹੋ ਕੇ ਵਾਪਸ ਆਉਂਦਾ ਹੈ, ਪਰ ਜੇਕਰ ਕਿਸੇ ਦਾ ਦਿਲ ਦੁਖਾਉਂਦੇ ਹਾਂ ਤਾਂ ਕਿਸੇ ਦੀ ਹਾਅ ਲੈ ਕੇ ਵੀ ਬੈਠ ਜਾਂਦੀ ਹੈ।”
ਸਕੂਲ ਵਿੱਚ ਸਾਰੇ ਬੱਚੇ ਮੇਰੇ ਪਿੱਛੇ-ਪਿੱਛੇ ਫਿਰਦੇ ਰਹਿੰਦੇ। ਉਹ ਮੇਰੇ ਨਾਲ ਅੰਤਾਂ ਦਾ ਮੋਹ ਕਰਦੇ। ਉਹ ਹੋਰ ਅਧਿਆਪਕਾਂ ਦੀਆਂ ਵਧੀਕੀਆਂ ਵੀ ਸਾਂਝੀਆਂ ਕਰਦੇ। ਇੱਕ ਦਿਨ ਬਾਰ੍ਹਵੀਂ ਕਲਾਸ ਦੇ ਦੋ-ਚਾਰ ਵਿਦਿਆਰਥੀ ਪ੍ਰਾਰਥਨਾ ਸਮੇਂ ਲੇਟ ਹੋ ਗਏ। ਸਕੂਲ ਦੇ ਪ੍ਰਿੰਸੀਪਲ ਨੇ ਉਨ੍ਹਾਂ ਦੇ ਦੋ ਥੱਪੜ ਮਾਰ ਦਿੱਤੇ। ਅੱਧੀ ਛੁੱਟੀ ਸਮੇਂ ਉਹਨਾਂ ਨੇ ਕਿਹਾ, “ਸਰ ਸਾਡੀ ਵੀ ਕੋਈ ਇੱਜ਼ਤ ਹੈ! ਅਸੀਂ ਸਭ ਤੋਂ ਵੱਡੀ ਕਲਾਸ ਵਿੱਚ ਹਾਂ। ਸਾਰੇ ਬੱਚੇ ਸਾਡਾ ਮਖ਼ੌਲ ਉਡਾ ਰਹੇ ਹਨ। ਅੱਧੀ ਛੁੱਟੀ ਸਮੇਂ ਬਾਰ੍ਹਵੀਂ ਵਾਲੇ ਸਾਰੇ ਵਿਦਿਆਰਥੀ ਚਲੇ ਜਾਂਦੇ ਹਨਪਰ ਇਸ ਪਿੰਡ ਦੇ ਵੱਡਿਆਂ ਘਰਾਂ ਦੇ ਬੱਚੇ ਸਾਰੀ ਛੁੱਟੀ ਤਕ ਇੱਥੇ ਹੀ ਰਹਿੰਦੇ ਹਨ। ਸਾਨੂੰ ਘਰ ਭੇਜ ਦਿੱਤਾ ਜਾਂਦਾ ਹੈ, ਇਹਨਾਂ ਨੂੰ ਛੁੱਟੀ ਕਿਉਂ ਨਹੀਂ ਦਿੱਤੀ ਜਾਂਦੀ? ਸਾਡਾ ਕਸੂਰ ਇੰਨਾ ਹੈ ਕੀ ਅਸੀਂ ਛੋਟੀ ਜਾਤ ਨਾਲ ਸਬੰਧ ਰੱਖਦੇ ਹਾਂ ਤਾਂ ਕਰਕੇ?”
ਮੈਂ ਚੁੱਪ ਕਰ ਗਿਆ।
ਇੱਕ ਦਿਨ ਮੈਂ ਪ੍ਰਿੰਸੀਪਲ ਸਾਹਿਬ ਕੋਲ ਬੈਠਾ ਸੀ। ਮੈਂ ਉਸ ਨੂੰ ਸਾਰੀ ਗੱਲ ਪੁੱਛੀ ਤਾਂ ਉਸ ਆਖਿਆ, “ਵੱਡਿਆਂ ਲੋਕਾਂ ਤੋਂ ਅਸੀਂ ਸੌ ਯੋਗਦਾਨ ਲੈਣਾ ਹੁੰਦਾ ਹੈ, ਨਿੱਕੀਆਂ-ਸੁੱਕੀਆਂ ਜਾਤਾਂ ਤੋਂ ਆਪਾਂ ਕੀ ਲੈਣਾ ਹੈ।”
ਮੈਂ ਸੋਚਣ ਲੱਗਾ ਕਿ ਅਸੀਂ ਤਾਂ ਜਾਤ-ਪਾਤ ਖ਼ਤਮ ਕਰਨੀ ਹੈ,ਅਸੀਂ ਤਾਂ ਖੁਦ ਹੀ ਇਸ ਜਾਲ਼ ਵਿੱਚ ਫ਼ਸੇ ਹੋਏ ਹਾਂ। ਉਹ ਮੈਂਨੂੰ ਪੁੱਛਣ ਲੱਗੇ, “ਤੂੰ ਬੱਚਿਆਂ ਨੂੰ ਕੀ ਘੋਲ਼ ਕੇ ਪਿਆਇਆ ਹੈ, ਇਹ ਸਾਰਾ ਦਿਨ ਤੇਰਾ ਹੀ ਨਾਮ ਜਪਦੇ ਰਹਿੰਦੇ ਹਨ?”
ਮੈਂ ਕਿਹਾ, “ਮੈਂ ਇਹਨਾਂ ਨੂੰ ਪ੍ਰੇਮ-ਪਿਆਰ ਤੇ ਦੋਸਤੀ ਦਾ ਜਾਮ ਪਿਆਇਆ ਹੈ, ਹੋਰ ਕੁਝ ਵੀ ਨਹੀਂ!”
ਇੱਕ ਦਿਨ ਮੈਂ ਬਹੁਤ ਬਿਮਾਰ ਸੀ। ਡਾਕਟਰ ਕੋਲ ਗਿਆ ਤਾਂ ਉਸ ਨੇ ਦਵਾਈ ਦੇ ਦਿੱਤੀ ਸੀ। ਡਾਕਟਰ ਨੇ ਕਿਹਾ ਕਿ ਦਵਾਈ ਦੁੱਧ ਨਾਲ ਖਾ ਲੈਣਾ। ਮੈਂ ਕੰਮ ਵਾਲੀ ਬੀਬੀ ਨੂੰ ਅੱਧਾ ਕੁ ਕੱਪ ਦੁੱਧ ਦਾ ਲਿਆਉਣ ਲਈ ਕਿਹਾ। ਕੰਮ ਵਾਲੀਆਂ ਬੀਬੀਆਂ ਮੇਰਾ ਬਹੁਤ ਮੋਹ ਕਰਦੀਆਂ ਸਨ ਕਿਉਂਕਿ ਮੈਂ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੰਦਾ ਤੇ ਉਹਨਾਂ ਦੇ ਦੁੱਖ-ਸੁਖ ਵੀ ਸੁਣਦਾ ਸੀ।
ਇੱਕ ਕੰਮ ਵਾਲੀ ਬੀਬੀ ਚੁੰਨੀ ਦੇ ਪੱਲੇ ਹੇਠ ਲੁਕਾ ਕੇ ਦੁੱਧ ਲੈ ਕੇ ਆਈ। ਮੈਂ ਉਸ ਦੀ ਕੱਚੀ ਲੱਸੀ ਬਣਾ ਕੇ ਦਵਾਈ ਖਾ ਲਈ। ਪਤਾ ਨਹੀਂ ਇੱਕ ਮੈਡਮ ਨੂੰ ਇਹ ਗੱਲ ਕਿਵੇਂ ਪਤਾ ਲੱਗ ਗਈ। ਪ੍ਰਿੰਸੀਪਲ ਨੇ ਕਿਹਾ, “ਜੇਕਰ ਤੁਸੀਂ ਦੁੱਧ ਪੀਣਾ ਚਾਹੁੰਦੇ ਹੋ ਤਾਂ ਵੱਖਰਾ ਲਵਾ ਸਕਦੇ ਹੋ।”
ਨਾ ਉਸ ਨੇ ਮੈਥੋਂ ਸਫ਼ਾਈ ਮੰਗੀ ਅਤੇ ਨਾ ਹੀ ਮੈਂ ਸਫ਼ਾਈ ਦੇਣੀ ਜ਼ਰੂਰੀ ਸਮਝੀ। ਮੈਂ ਉਦਾਸ ਹੋ ਗਿਆ। ਮੈਂ ਕਿਹਾ, “ਮੇਰਾ ਹਿਸਾਬ ਕਰ ਦੇਵੋ ਜੀ, ਮੈਂ ਕੱਲ੍ਹ ਤੋਂ ਸਕੂਲ ਨਹੀਂ ਆਵਾਂਗਾ।”
ਦੋ ਕੁ ਮਹੀਨੇ ਬਾਅਦ ਮੇਰੀ ਰੱਬ ਨੇ ਸੁਣ ਲਈ ਤੇ ਮੈਂਨੂੰ ਪੱਕੀ ਨੌਕਰੀ ਮਿਲ ਗਈ। ਮੈਂਨੂੰ ਉਹ ਸਤਰਾਂ ਫੇਰ ਯਾਦ ਗਈਆਂ:
ਸਾਡਾ ਕੱਖ ਨੀ ਗਰੀਬਾਂ ਦਾ ਜਾਣਾ,
ਧੱਕੇ ਪੈਣੇ ਤੇਰੇ ਨਾਮ ਨੂੰ।
****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3012)
(ਸਰੋਕਾਰ ਨਾਲ ਸੰਪਰਕ ਲਈ: