Anjujeet7ਪਹਿਲਾਂ ਪਹਿਲ ਅਸੀਂ ਮਨੁੱਖ ਦੀ ਬਲੀ ਦਿੰਦੇ ਸੀ, ਫੇਰ ਜਾਨਵਰਾਂ ਦੀ ...
(8 ਜੁਲਾਈ 2021)

 

ਜਦੋਂ ਸਾਡੀ ਮਾਨਸਿਕਤਾ ਡਾਂਵਾਂਡੋਲ ਹੁੰਦੀ ਹੈ ਉਦੋਂ ਫਿਰ ਸਾਡਾ ਮਨੋਬਲ ਵੀ ਕਮਜ਼ੋਰ ਹੋ ਜਾਂਦਾ ਹੈ। ਉਦੋਂ ਦੌਰ ਸ਼ੁਰੂ ਹੁੰਦਾ ਹੈ ਸਾਡੀ ਗੁਲਾਮੀ ਦਾ। ਅਸੀਂ ਆਪਣੇ ਪੈਰਾਂ ਦੀਆਂ ਜ਼ੰਜੀਰਾਂ ਆਪ ਤਿਆਰ ਕਰਦੇ ਹਾਂ, ਰਤਾ ਜਿੰਨੀ ਆਪਣੇ ਅੰਦਰ ਕਮਜੋਰੀ ਪੈਦਾ ਕਰਕੇ। ਸਮਾਂ ਤਾਂ ਸਿਰਫ ਸਾਡੇ ਪੈਰਾਂ ਮੂਹਰੇ ਜ਼ੰਜੀਰ ਸੁੱਟਣ ਦਾ ਹੀ ਕੰਮ ਕਰਦਾ ਹੈ।

ਪਰ ਕੌਣ ਤੋੜੇ ਇਹ ਸੰਗਲ? ਕੌਣ ਕਰੇ ਇੰਨੀ ਹਿੰਮਤ? ਕੌਣ ਕਰੇ ਬਗਾਵਤ? ਕੌਰ ਕਰੇ ਸੰਘਰਸ਼ ਜ਼ੰਜੀਰ ਤੋਂ ਅਜ਼ਾਦੀ ਤੱਕ ਦਾ। ਜਿਸਮ ਦੀ ਗੁਲਾਮੀ ਨਾਲੋਂ ਜ਼ਿਹਨ ਦੀ ਗੁਲਾਮੀ ਆਤਮਘਾਤੀ ਹੁੰਦੀ ਹੈ, ਬਹੁਤ ਹੀ ਖਤਰਨਾਕ। ਜਦ ਅਸੀਂ ਕਿਸੇ ਦੂਜੇ ਕੋਲ ਆਪਣੀ ਸੋਚ ਨੂੰ, ਆਪਣੇ ਮਨੋਬਲ ਨੂੰ ਗਿਹਣੇ ਰੱਖ ਦਿੰਦੇ ਹਾਂ ਅਤੇ ਆਪ ਖਾਲੀ ਖੋਪੜ ਲਈ ਫਿਰਦੇ ਰਹਿੰਦੇ ਹਾਂ, ਅਸੀਂ ਆਪਣੇ ਲਈ ਆਪ ਮਨੂੰ ਚੁਣਦੇ ਹਾਂ। ਫੇਰ ਆਪਾ ਉਸਦੇ ਕਦਮਾਂ ਵਿੱਚ ਸਮਰਪਤ ਕਰ ਦਿੰਦੇ ਹਾਂ।

ਸਾਡੀ ਹਾਲਤ ਐਨ ਉਸ ਤਾਕਤਵਾਰ ਹਾਥੀ ਵਾਲੀ ਹੋ ਜਾਂਦੀ ਹੈ, ਜਿਸ ਦੇ ਤਾਕਤਵਾਰ ਪੈਰਾਂ ਵਿੱਚ ਹਲਕਾ ਜਿਹਾ ਢਿੱਲਾ ਜਿਹਾ ਇੱਕ ਗੋਲਕਾਰ ਸੰਗਲ ਹੁੰਦਾ ਹੈ, ਜਿਸ ਕਰਕੇ ਉਹ ਆਪਣੇ ਮਾਲਿਕ ਦਾ ਗੁਲਾਮ ਬਣਿਆ ਗੁਲਾਮੀ ਭੋਗਦਾ ਰਹਿੰਦਾ ਹੈ। ਕਿਉਂਕਿ ਉਹਦਾ ਜ਼ਿਹਨ ਗੁਲਾਮੀ ਭੋਗਣ ਨੂੰ ਕਬੂਲ ਕਰ ਗਿਆ ਹੁੰਦਾ ਹੈ, ਉਹਦੇ ਮਨੋਬਲ ਨੇ ਹਾਰ ਕੇ ਹੱਥ ਖੜੇ ਕੀਤੇ ਹੁੰਦੇ ਹਨ। ਜੇਕਰ ਹਾਥੀ ਚਾਹੇ ਤਾਂ ਆਪਣੀ ਤਾਕਤ ਨਾਲ ਪੈਰ ਵਿਚਲੀ ਜ਼ੰਜੀਰ ਲਾਹ ਕੇ ਪਰ੍ਹਾਂ ਮਾਰੇ ਤੇ ਅਜਾਦ ਹੋ ਕੇ ਜੰਗਲ ਦੇ ਬਾਕੀ ਹਾਥੀਆਂ ਨਾਲ ਅਜ਼ਾਦੀ ਮਾਣ ਸਕਦਾ ਹੈ।

ਹੁਣ ਹਾਥੀ ਦੀ ਕਮਜ਼ੋਰ ਮਾਨਸਿਕਤਾ ਨੂੰ ਕੌਣ ਸਮਝਾਵੇ ਕਿ ਤੂੰ ਤਾਕਤਵਾਰ ਹੈਂ ਤੇ ਸਭ ਕੁਝ ਕਰ ਸਕਦਾ ਹੈਂ। ਉਸ ਨੂੰ ਤਾਂ ਆਦਤ ਪੈ ਚੁੱਕੀ ਹੈ ਕਿਸੇ ਦੇ ਇਸ਼ਾਰਿਆਂ ਉੱਤੇ ਕੰਮ ਕਰਨ ਦੀ। ਚੱਲੋ ਜੇ ਕਿਤੇ ਹੱਥੀ ਨੂੰ ਪੈਰ ਦੇ ਸੰਗਲ ਤੋਂ ਅਜ਼ਾਦ ਹੋਣ ਦੀ ਜੁਗਤ ਦੱਸ ਵੀ ਦੇਈਏ ਤਾਂ ਕੀ ਹਾਥੀ ਤਿਆਰ ਹੋਵੇਗਾ ਜ਼ਿਹਨੀ ਅਜ਼ਾਦੀ ਭੋਗਣ ਨੂੰ? ਉਸ ਦੀ ਖੋਪੜੀ ਵਿੱਚ ਤਾਂ ਮਹਾਵਤ ਨੇ ਸੂਏ ਚੋਭ ਚੋਭ ਗੁਲਾਮੀ ਦੇ ਕਿੱਲ ਠੋਕੇ ਹੁੰਦੇ ਹਨ।

ਜ਼ਿਹਨੀ ਗੁਲਾਮੀ ਭੋਗਣ ਵਾਲੀਆਂ ਕੌਮਾਂ ਵੀ ਐਨ ਹਾਥੀ ਵਾਂਗੂ ਹੀ ਹੁੰਦੀਆਂ ਹਨ, ਜਿਸ ਤਰਾਂ ਅਸੀਂ ਲੋਕ ਹਾਂ। ਸਾਡੀ ਸੋਚ ਅੱਜ ਵੀ ਗੁਲਾਮਾਂ ਵਾਲੀ ਹੈ। ਬਸ ਅਸੀਂ ਜ਼ਖਮੀ ਸੋਚ ਦੇ ਧਾਰਨੀ, ਜਖਮੀ ਕੌਮ, ਹਾਏ! ਹਾਏ ਕਰਕੇ ਜਿੰਦਗੀ ਕੱਟਦੇ ਰਹਿੰਦੇ ਹਾਂ। ਅਸੀਂ ਜ਼ਖਮ ਖਰੋਚਦੇ ਲਹੂ ਦੀਆਂ ਤਤੀਰੀਆਂ ਛੱਡਦੇ ਰਊਂ ਰਊਂ ਕਰਦੇ ਆਪਣਾ ਇਲਾਜ ਲੱਭਦੇ ਜਿੰਦਗੀ ਢੋਂਹਦੇ ਰਹਿੰਦੇ ਹਾਂ।

ਵੈਸੇ ਤਾਂ ਹਿੰਮਤ, ਹੌਸਲਾ, ਰੋਸ਼ਨੀ ਸਾਡੇ ਅੰਦਰ ਹੀ ਹੁੰਦੀ ਹੈ, ਬਸ ਸਾਨੂੰ ਜਰੂਰਤ ਹੁੰਦੀ ਹੈ ਆਪੇ ਵਿੱਚੋਂ ਆਪਾ ਲੱਭਣ ਦੀ। ਆਪਣਾ ਮੰਥਨ ਕਰਨ ਦੀ। ਮੈਨੂੰ ਇੱਥੇ ਪੱਛਮੀ ਆਸਟਰੇਲੀਆ ਦੀ ਗੱਲ ਯਾਦ ਆ ਰਹੀ ਆ। 1931 ਦੇ ਦੌਰ ਵਿੱਚ ਇੱਥੇ ਦਾ ਇੱਕ ਪਿੰਡ ਸੀ ਜਿਸ ਵਿੱਚ ਆਦਿਵਾਸੀ ਵੱਸਦੇ ਸਨ। ਇੱਥੇ ਦੇ ਆਦਿਵਾਸੀਆਂ ਉੱਤੇ ਗੋਰਿਆਂ ਦਾ ਰਾਜ ਸੀ। ਜਾਣੀ ਆਦਿਵਾਸੀਆਂ ਦੀ ਜ਼ਿੰਦਗੀ ਦੇ ਫੈਸਲੇ ਗੋਰੇ ਲੋਕ ਕਰਦੇ ਸਨ। ਹੁਕਮਰਾਨ ਗੋਰੇ ਆਦਿਵਾਸੀਆਂ ਦੇ ਦੋਮੇਲ ਨਸਲੀ ਬੱਚਿਆਂ ਨੂੰ ਚੁੱਕ ਕੇ ਆਪਣੀ ਕੈਦ ਵਿੱਚ ਰੱਖਦੇ ਸਨ। ਇਸ ਤਰ੍ਹਾਂ ਕਰਨ ਦਾ ਉਹਨਾਂ ਨੂੰ ਕਾਨੂੰਨੀ ਹੱਕ ਸੀ ਕਿਉਂਕਿ ਮਿਸਟਰ ਨਿਵਲ ਦਾ ਮੰਨਣਾ ਸੀ ਕਿ ਇਸ ਦੋਮੇਲ ਨਸਲੀ ਬੱਚਿਆਂ ਦੀ ਤੀਜੀ ਪੀੜੀ ਦੇ ਸੈੱਲਜ਼ ਪੂਰੀ ਤਰ੍ਹਾਂ ਬਦਲ ਜਾਂਦੇ ਹਨ ਅਤੇ ਉਹ ਗੋਰੀ ਨਸਲ ਵਿੱਚ ਪ੍ਰਵੇਸ਼ ਕਰ ਜਾਂਦੇ ਹਨ।

ਇਨ੍ਹਾਂ ਦੋਮੇਲ ਨਸਲੀ ਬੱਚਿਆਂ ਨੂੰ ਗੋਰਿਆਂ ਵੱਲੋਂ ਪੜ੍ਹਾਇਆ ਲਿਖਾਇਆ ਜਾਂਦਾ ਸੀਫੇਰ ਆਪਣੇ ਗੁਲਾਮ ਬਣਾ ਕੇ ਸਾਰੀ ਜਿੰਦਗੀ ਆਪਣੀ ਕੈਦ ਵਿੱਚ ਰੱਖਦੇ ਸਨ। ਦੋਮੇਲ ਨਸਲੀ ਬੱਚਿਆਂ ਤੋਂ ਮੇਰਾ ਭਾਵ ਹੈ ਜਿਹਨਾਂ ਦੇ ਮਾਂ ਜਾਂ ਬਾਪ ਦੋਨਾਂ ਵਿੱਚੋਂ ਇੱਕ ਦਾ ਆਦਿਵਾਸੀ ਨਸਲ ਤੇ ਦੂਜੇ ਦਾ ਗੋਰੀ ਨਸਲ ਦਾ ਹੋਣਾ।

ਉਹਨਾਂ ਦੋਹਾਂ ਦੀ ਪੈਦਾਇਸ਼ ਦੋਮੇਲ ਜਾਣੀ ਦੋਮੇਲ ਨਸਲਧਾਰੀ ਬੱਚੇ। ਕਹਿੰਦੇ ਹਨ ਇਕ ਬਾਰ ਇਸ ਆਦਿਵਾਸੀਆਂ ਦੀ ਬਸਤੀ ਵਿੱਚੋਂ ਗੋਰਿਆਂ ਨੇ ਤਿੰਨ ਦੋਮੇਲ ਨਸਲੀ ਬੱਚੀਆਂ ਚੁੱਕ ਲਈਆਂ। ਜਾਣੀ ਦੋ ਸਕੀਆਂ ਦੋਮੇਲ ਨਸਲ ਦੀਆਂ ਭੈਣਾਂ ਤੇ ਇੱਕ ਰਿਸ਼ਤੇ ਵਿੱਚੋਂ ਲੱਗਦੀ ਉਹਨਾਂ ਦੀ ਭੈਣ ਨੂੰ ਵੀ ਚੁੱਕ ਲਿਆ। ਦੋਹਾਂ ਬੱਚੀਆਂ ਦੀ ਮਾਂ ਰੋਂਦੀ ਰਹੀ ਪਰ ਗੋਰਾ ਅੜਬ ਕਿੱਥੋਂ ਮੰਨੇ! ਉਸਦਾ ਕਾਨੂੰਨ ਕਹਿ ਰਿਹਾ ਸੀ ਦੋਮੇਲ ਨਸਲੀ ਬੱਚੇ ਉੱਤੇ ਉਹਨਾਂ ਦਾ ਹੱਕ ਹੈ।

ਖੈਰ ਉਹਨਾਂ ਨੂੰ ਚੁੱਕ ਕੇ ਗੋਰਾ ਕਈ ਹਜ਼ਾਰ ਕਿਲੋਮੀਟਰ ਦੂਰ ਆਸਟਰੇਲੀਆ ਦੇ ਸ਼ਹਿਰ ਪਾਰਥ ਲੈ ਗਿਆ। ਉਸ ਦਿਨ ਮਗਰੋਂ ਇਹ ਤਿੰਨੇ ਭੈਣਾਂ ਕਿਸੇ ਨਾ ਕਿਸੇ ਤਰ੍ਹਾਂ ਗੋਰੇ ਦੀ ਗੁਲਾਮੀ ਵਿੱਚੋਂ ਅਜ਼ਾਦ ਹੋਣਾ ਚਾਹੁੰਦੀਆਂ ਸਨ ਅਤੇ ਕੋਸ਼ਿਸ਼ ਕਰਦੀਆਂ ਰਹੀਆਂ। ਪਰ ਉਹਨਾਂ ਉੱਤੇ ਦਿਨ ਰਾਤ ਨਿਗਰਾਨੀ ਰੱਖੀ ਜਾਂਦੀ ਸੀ। ਇਕ ਦਿਨ ਇਹ ਤਿੰਨੋ ਭੈਣਾਂ ਕਿਸੇ ਤਰ੍ਹਾਂ ਕੈਦ ਵਿੱਚੋਂ ਰਿਹਾ ਹੋ ਕੇ ਦੌੜ ਗਈਆਂ।

ਕਈ ਸੌ ਕਿਲੋਮੀਟਰ ਪੈਦਲ ਤੁਰ ਕੇ ਰਸਤਾ ਤੈਅ ਕੀਤਾ। ਕਿਸੇ ਪਹਾੜੀ ਰਸਤੇ ਵੱਲ ਨੂੰ ਤੂਰ ਪਈਆਂ। ਇਕ ਦਿਨ ਪਾਰਥ ਦੇ ਗੋਰੇ ਦਾ ਆਦਿਵਾਸੀ ਗੁਲਾਮ ਨੌਕਰ ਇਹਨਾਂ ਤਿੰਨਾਂ ਬੱਚੀਆਂ ਦਾ ਖੁਰਾ ਲੱਭਦਾ ਲੱਭਦਾ ਮਗਰ ਪੁਹੰਚਿਆ। ਉਸ ਨੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਤਿੰਨਾਂ ਨੂੰ ਡਰਾਇਆ ਕਿ ਜਿਸ ਰਸਤੇ ਤੇ ਤੁਸੀਂ ਜਾ ਰਹੀਆਂ ਹੋ ਉਹ ਗਲਤ ਰਸਤਾ ਹੈ। ਤੁਸੀਂ ਮੇਰੇ ਨਾਲ ਚੱਲੋ, ਮੈਂ ਸਹੀ ਰਸਤਾ ਦੱਸਦਾ ਹਾਂ। ਅਸਲ ਮਕਸਦ ਉਸਦਾ ਦੁਬਾਰਾ ਉਹਨਾਂ ਬੱਚੀਆਂ ਨੂੰ ਕੈਦ ਕਰਕੇ ਆਪਣੇ ਮਾਲਿਕ ਕੋਲ ਲੈ ਕੇ ਜਾਣਾ ਸੀ। ਉਹਨਾਂ ਤਿੰਨਾਂ ਵਿੱਚੋਂ ਸਕੀਆਂ ਭੈਣਾਂ ਦੀ ਰਿਸ਼ਤੇਦਾਰ ਭੈਣ ਗੁਲਾਮ ਨੌਕਰ ਦਾ ਸੱਚ ਮੰਨ ਗਈ ਤੇ ਉਸ ਨਾਲ ਚਲੇ ਗਈ

ਇਤਿਹਾਸ ਦੱਸਦਾ ਹੈ ਫਿਰ ਉਹ ਮਰ ਗਈ ਸੀ।

ਪਰ ਇਹ ਦੋਨੋਂ ਬੱਚੀਆਂ ਬਹੁਤ ਆਤਮ ਵਿਸ਼ਵਾਸੀ ਸਨ

ਉਹਨਾਂ ਨੂੰ ਭਾਵੇਂ ਪਤਾ ਸੀ ਕਿ ਅਸੀਂ ਗਲਤ ਰਸਤੇ ’ਤੇ ਹੀ ਹਾਂ ਪਰ ਅਸੀਂ ਅਜ਼ਾਦ ਹਾਂ। ਉਹਨਾਂ ਦਾ ਆਤਮ ਵਿਸ਼ਵਾਸ ਆਖਦਾ ਸੀ ਕਿ ਜੇਕਰ ਅਸੀਂ ਅਗਾਂਹ ਵੱਲ ਵਧਾਂਗੀਆਂ ਤਾਂ ਹੀ ਕਿਸੇ ਨਾ ਕਿਸੇ ਤਰ੍ਹਾਂ ਘਰ ਜਾਣ ਦਾ ਰਸਤਾ ਵੀ ਲੱਭ ਲਵਾਂਗੀਆਂ ਇਤਿਹਾਸ ਦੱਸਦਾ ਹੈ ਇਹਨਾਂ ਦੋਹਾਂ ਛੋਟੀਆਂ ਆਦਿਵਾਸੀ ਬੱਚੀਆਂ ਨੇ ਭੁੱਖੀਆਂ ਪਿਆਸੀਆਂ ਰਹਿ ਕੇ ਪਾਰਥ ਤੋਂ 24 ਸੌ ਕਿਲੋਮੀਟਰ ਦਾ ਪੈਦਲ ਰਸਤਾ ਤੈਅ ਕਰਕੇ ਆਪਣੇ ਘਰ ਪੁਹੰਚ ਗਈਆਂਫਿਰ ਵੱਡੀਆਂ ਹੋਈਆਂ ਤਾਂ ਉਹਨਾਂ ਦੇ ਵਿਆਹ ਹੋ ਗਏ ਇੱਕ ਭੈਣ ਦੇ ਬੱਚੇ ਹੋਏ। ਉਸ ਨੂੰ ਦੁਬਾਰਾ ਫਿਰ ਨਿਵਲ ਦੇ ਲੋਕਾਂ ਨੇ ਕੈਦ ਬਣਾ ਕੇ ਲੈ ਗਏ ਅਤੇ ਉਹ ਔਰਤ ਮੁੜ 24 ਸੌ ਕਿਲੋਮੀਟਰ ਪੈਦਲ ਰਸਤਾ ਤੈਅ ਕਰਕੇ ਅੰਗਰੇਜ਼ਾਂ ਦੀ ਗੁਲਾਮੀ ਨੂੰ ਤੋੜ ਕੇ ਦੂਜੀ ਬਾਰ ਆਪਣੇ ਘਰ ਪੁਹੰਚ ਗਈ ਸੀ ਪਰ ਉਹਦੀ ਧੀ ਸਦਾ ਸਦਾ ਲਈ ਉਸ ਤੋਂ ਵਿਛੜ ਗਈ।

ਗੱਲ ਮੁੱਕਦੀ ਹੈ ਕਿ ਮਨੁੱਖ ਦਾ ਆਤਮ ਵਿਸ਼ਵਾਸੀ ਹੋਣਾ ਅਤਿਅੰਤ ਜ਼ਰੂਰੀ ਹੈ।

ਜਦੋਂ ਅਸੀਂ ਕਬੂਲ ਲੈਂਦੇ ਹਾਂ ਕਿ ਅਸੀਂ ਕਮਜ਼ੋਰ ਹਾਂ, ਅਸਮਰਥ ਹਾਂ, ਤਾਂ ਗੁਲਾਮੀ ਦੀ ਜ਼ੰਜੀਰ ਸਾਡੇ ਪੈਰ ਪਈ ਹੀ ਪਈ ਸਮਝੋ। ਅਸੀਂ ਭਾਰਤੀ ਲੋਕ ਅੱਜ ਵੀ ਹਾਥੀ ਵਾਂਗੂੰ ਮਾਨਸਿਕ ਤੌਰ ’ਤੇ ਕਮਜ਼ੋਰ ਹਾਂ ਸਾਨੂੰ ਬਾਰ ਬਾਰ ਗੁਲਾਮੀ ਭੋਗਣੀ ਸੋਹਣੀ ਲੱਗਦੀ ਹੈ। ਸਾਨੂੰ ਸੋਹਣਾ ਲੱਗਦਾ ਕਿ ਅਸੀਂ ਕਿਸੇ ਦੀ ਛਤਰ ਛਾਇਆ ਥੱਲੇ ਜੀਵਨ ਬਤੀਤ ਕਰੀਏ ਵਿਚਾਰੇ ਜਿਹੇ ਬਣ ਕੇ, ਧੌਣਾਂ ਥੱਲੇ ਸੁੱਟ ਕੇ ਸਤਿਕਾਰ ਵਿੱਚ ਜੀ ਜੀ ਕਰਦੇ ਰਹੀਏ।

ਇਸ ਨੂੰ ਛਤਰ ਛਾਇਆ ਨਹੀਂ ਜਨਾਬ! ਗੁਲਾਮੀ ਆਖਦੇ ਹਨ। ਕਿਸੇ ਵੇਲੇ ਅਸੀਂ ਬ੍ਰਾਹਮਣ ਦੀ, ਮਨੂੰ ਦੀ ਜੀ ਹਜ਼ੂਰੀ ਕਰਦੇ ਸੀ। ਫਿਰ ਮੁਗਲਾਂ ਦੀ ਜੀ ਹਜ਼ੂਰੀ, ਫਿਰ ਗੋਰਿਆਂ ਦੀ ਜੀ ਹਜ਼ੂਰੀ।

ਅੱਜ ਅਸੀਂ ਮਹਿੰਗੀਆਂ ਕਾਰਾਂ ਵਿੱਚ ਘੁੰਮਣ ਵਾਲੇ ਤੇ ਮਹਿੰਗੇ ਪੈਂਟ ਕੋਟ ਪਹਿਨਣ ਵਾਲੇ ਕਾਲੇ ਜੈਂਟਲਮੈੱਨ ਮਨੂੰ ਦੀ ਜੀ ਹਜ਼ੂਰੀ ਕਰਦੇ ਹਾਂ। ਅਸੀਂ ਖੜੋਤ ਪਸੰਦ ਲੋਕ ਹਾਂ। ਅਸੀਂ ਕੰਧਾਂ ’ਤੇ ਲਟਕਦੇ ਕਲੰਡਰ ਤਾਂ ਸਾਲ ਬਾਅਦ ਬਦਲ ਦੇਵਾਂਗੇ ਪਰ ਖੁਦ ਨੂੰ ਨਹੀਂ ਬਦਲਾਂਗੇ। ਸਮੇਂ ਦੀ ਘੜੀ ਦੇਖ ਦੇਖ ਰੋਜ਼ ਮੱਰਾ ਦੇ ਕੰਮ ਨਿਬੇੜਦੇ ਰਹਾਂਗੇ ਪਰ ਅਸੀਂ ਸਮੇਂ ਨਾਲ ਚੱਲਣਾ ਨਹੀਂ ਸਿੱਖਾਂਗੇ।

ਪਹਿਲਾਂ ਪਹਿਲ ਅਸੀਂ ਮਨੁੱਖ ਦੀ ਬਲੀ ਦਿੰਦੇ ਸੀ, ਫੇਰ ਜਾਨਵਰਾਂ ਦੀ ਬਲੀ ਦੇਣ ਲੱਗ ਪਏ। ਹੁਣ ਆਪੋ ਆਪਣੀਆਂ ਜ਼ਮੀਰਾਂ ਦੀ, ਆਤਮਵਿਸ਼ਵਾਸ ਦੀ ਬਲੀ ਦੇਣ ਲੱਗ ਪਏ। ਕੀ ਬਦਲਿਆ? ਕੁਝ ਵੀ ਤਾਂ ਨਹੀਂ!

ਹਾਂ, ਅਸੀਂ ਤੁਰ ਜ਼ਰੂਰ ਰਹੇ ਹਾਂ ਪਰ ਸਾਡੇ ਕਾਰੇ ਤੇ ਸਾਡੀ ਸੋਚ ਅੱਜ ਵੀ ਪ੍ਰਾਚੀਨ ਹੈ। ਭਾਵ ਸਾਡੇ ਹਵਨ ਕੁੰਡ ਉਦੋਂ ਤੋਂ ਹੁਣ ਤੀਕ ਮਘਦੇ ਦੇ ਮਘਦੇ ਹੀ ਰਹੇ ਉਨ੍ਹਾਂ ਵਿੱਚ ਜਿੰਨਾ ਜ਼ਿਆਦਾ ਬਦੀ ਨੂੰ ਸੁਆਹਾ ਕੀਤਾ, ਬਦੀ ਸਗੋਂ ਦੂਣੀ ਹੋ ਹੋ ਦੇਵਤਿਆਂ ਦੀ ਧਰਤੀ ’ਤੇ ਜਨਮ ਲੈਂਦੀ ਰਹੀ ਅਤੇ ਅਸੀਂ ਵੀ ਬਦਕਾਰ ਹੁੰਦੇ ਰਹੇ।

ਦਰ ਅਸਲ ਜਨਾਬ! ਸਾਡੀ ਰੂਹ ਉੱਤੇ ਪ੍ਰਚੀਨ ਕਾਲ ਦੇ ਟਿੱਲਿਆਂ ਦੀ ਮਿੱਟੀ, ਧੂੜ ਹਾਲੇ ਵੀ ਜੰਮੀ ਹੋਈ ਹੈ। ਸ਼ੀਸ਼ਾ ਕਿੱਦਾਂ ਦੇਖੀਏ? ਖੁਦ ਨੂੰ ਦੇਖਣ ਲਈ ਸ਼ੀਸ਼ੇ ਦੀ ਧੂੜ ਝਾੜਨੀ ਪਵੇਗੀ। ਅਸੀਂ ਜਿੱਥੋਂ ਤੁਰੇ ਸੀ, ਅੱਜ ਵੀ ਉੱਥੇ ਹੀ ਖੜ੍ਹੇ ਹਾਂ ਭਾਵੇਂ ਸਾਡੇ ਘਰਾਂ ਦੇ ਨਕਸ਼ੇ ਅੱਜ ਬਦਲ ਗਏ ਹਨ, ਖਾਣ ਪੀਣ, ਬੋਲਣ ਚੱਲਣ, ਮਿਲਵਰਤਣ ਅਤੇ ਕਾਰ-ਵਿਹਾਰ ਬਦਲ ਗਏ ਹਨ। ਪਰ ਜੇ ਨਹੀਂ ਬਦਲਿਆ, ਤਾਂ ਉਹ ਹੈ ਸਾਡੀ ਸੋਚ

ਅੱਜ ਵੀ ਸਾਡੇ ਦਿਮਾਗਾਂ ’ਤੇ ਕੋਈ ਕਾਲਾ ਮਨੂੰ ਜਾਂ ਕੋਈ ਟੋਪ ਵਾਲਾ ਗੋਰਾ ਮਨੂੰ ਜਿਹੜਾ 10 Downing Street ਦੇ ਲੱਕੜੀ ਦੇ ਦਰਵਾਜ਼ੇ ਪਿੱਛੇ ਬੈਠ ਕੇ ਗੁਲਾਮੀ ਦੀ ਜੁਗਤ ਘੜ ਦਾ ਸੀ, ਜਿਹੜਾ ਦੂਜੇ ਮੁਲਕਾਂ ਦੀ ਮਾਨਸਿਕਤਾ ਖਰੀਦਣ ਵਿੱਚ ਮਾਹਿਰ ਸੌਦਾਗਰ ਸੀ, ਜਿਹੜਾ ਹੱਥ ਦੀਆਂ ਉਂਗਲਾਂ ਦਾ V (ਵਿਕਟਰੀ) ਦਾ ਨਿਸ਼ਾਨ ਬਣਾ ਕੇ ਖੁਦ ਨੂੰ ਦੁਨੀਆਂ ਦਾ ਜੇਤੂ ਦੱਸਦਾ ਸੀ ਅਤੇ ਗੁਲਾਮ ਕੌਮਾਂ ਦੇ ਮੂੰਹ ’ਤੇ ਆਪਣੇ ਸਿਗਾਰ ਦਾ ਧੂੰਆਂ ਛੱਡ ਕੇ ਗੁਲਾਮਾਂ ਦੀ ਖਿੱਲੀ ਉਡਾਉਂਦਾ ਸੀ।

ਵਿਨਸਟਨ ਚਰਚਿਲ ਸੀ ਉਸਦਾ ਨਾਂ। ਭਾਵੇਂ ਅੱਜ ਅਸੀਂ ਗੋਰੇ ਤੋਂ ਅਜ਼ਾਦ ਹਾਂ ਪਰ ਜੀ ਹਜ਼ੂਰੀ ਦੀ ਆਦਤ ਕੌਣ ਦੂਰ ਕਰੇ? ਕਿੰਨੀ ਤਰਸ ਯੋਗ ਹੈ ਸਾਡੀ ਮਾਨਸਿਕਤਾ ਕਦੇ ਅਸੀਂ ਆਪਣੀ ਆਤਮਾ ਨੂੰ ਕਿਹਾ ਹੀ ਨਹੀਂ ਕਿ ਤੂੰ ਬਹੁਤ ਸਿਆਣੀ ਤੇ ਮਨੋਬਲੀ ਹੈਂ।

ਨਾਲੇ ਅਸੀਂ ਕਹੀਏ ਤਦ ਜੇ ਅਸੀਂ ਅਜ਼ਾਦ ਅਨੁਭਵ ਕਰੀਏ ਅਸੀਂ ਅਜਾਦ ਹੋਣ ਦੇ ਕਦੇ ਖੰਭ ਫਰਫਰਾਏ ਹੀ ਨਹੀਂ ਤੇ ਨਾ ਹੀ ਸਾਡੇ ਪਿੰਜਰੇ ਸਾਡੇ ਮੰਨੋਬਲ ਮੂਹਰੇ ਟੁੱਟੇ ਹਨ।

ਮੰਨਣਾ ਪਵੇਗਾ ਕਿ ਮਨੂੰ ਮਰਿਆ ਨਹੀਂ ਸਗੋਂ ਇੱਥੇ ਭਾਰਤ ਵਿੱਚ ਕਈ ਮਨੂੰ ਜਿਉਂਦੇ ਹਨ ਜੈਂਟਲਮੈਨ ਦਿਖ ਵਾਲੇ, ਪੈਂਟ ਕੋਟ ਤੇ ਫੈਕਟਰੀਆਂ, ਗੱਡੀਆਂ ਅਤੇ ਵੱਡੇ ਵੱਡੇ ਕਾਰੋਬਾਰਾਂ ਦੇ ਮਾਲਕ - ਜਿਹੜੇ ਰੋਜ਼ ਸਾਡੇ ਦਿਮਾਗਾਂ ਵਿੱਚ ਮੇਖਾਂ ਠੋਕ ਠੋਕ ਕੇ ਸਾਨੂੰ ਬੁੱਜ ਤੇ ਸੋਚ ਤੋਂ ਬਾਂਝ ਬਣਾ ਰਹੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2885)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੰਜੂਜੀਤ

ਅੰਜੂਜੀਤ

Germany.
Phone: (49 - 1516 5113297)
Email: (anju.jit@gmx.de)