“ਜਿੰਨਾ ਕੁ ਦਾਅ ਵੱਡੀ ਦਾ ਲੱਗਾ, ਉਹ ਲਾ ਗਈ। ਛੋਟਾ ਸਾਰੇ ਪਾਸਿਉਂ ...”
(20 ਜਨਵਰੀ 2021)
ਜੈਤੋ ਵਾਲੇ ਅਜੈਬ ਦੇ ਮੁੰਡੇ ਦਾ ਵਿਆਹ ਸੀ। ਕੁੜੀ ਵਾਲਿਆਂ ਕਨੇਡਾ ਤੋਂ ਆ ਕੇ ਜੂਬਾ ਸਿਟੀ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਕੇ ਵਿਆਹ ਕਰਨਾ ਸੀ। ਵਿਆਹ ਤੋਂ ਦੋ ਦਿਨ ਪਹਿਲਾਂ ਲੇਡੀਜ਼ ਸੰਗੀਤ ਰੱਖਿਆ ਹੋਇਆ ਸੀ। ਮੇਰਾ ਭਰਾ ਗੁਰਬੀਰ ਕਿਉਂਕਿ ਜੈਤੋ ਅਜੈਬ ਦੇ ਸਕਿਆਂ ਦੇ ਵਿਆਹਿਆ ਹੋਇਆ ਹੈ, ਇਸ ਕਰਕੇ ਸਾਨੂੰ ਸਾਰਿਆਂ ਨੂੰ ਵੀ ਸੱਦਿਆ ਹੋਇਆ ਸੀ।
ਅਜੈਬ ਦਾ ਤੇ ਉਸ ਦੇ ਭਰਾ ਦਾ ਸੌਗੀ ਦਾ ਫਾਰਮ ਹੈ। ਦੋਵੇਂ ਭਰਾ ਫਾਰਮ ਹਾਊਸ ਵਿੱਚ ਹੀ ਰਹਿੰਦੇ ਹਨ। ਚੰਗੇ ਘਰ ਬਣੇ ਹੋਏ ਹਨ। ਆਸੇ ਪਾਸੇ ਦੀ ਦਿੱਖ ਤੋਂ ਘਰਾਂ ਦਾ ਕਾਫੀ ਖੁੱਲ੍ਹਾ ਡੁੱਲ੍ਹਾ ਮਾਹੌਲ ਲੱਗਦਾ ਸੀ। ਔਰਤਾਂ ਇੱਕ ਖੁੱਲ੍ਹੇ ਹਾਲ ਵਿੱਚ ਗਿੱਧਾ ਪਾ ਰਹੀਆਂ ਸਨ। ਆਦਮੀ ਬਾਹਰ ਬੈਠੇ ਦਾਰੂ ਪੀ ਰਹੇ ਸਨ। ਵਿਆਹ ਵਾਲਾ ਮੁੰਡਾ ਸਭ ਦੀ ਸੇਵਾ ਕਰ ਰਿਹਾ ਸੀ।
ਗੱਲਾਂ ਗੱਲਾਂ ਵਿੱਚ ਪਤਾ ਲੱਗਿਆ ਕਿ ਅਜੈਬ ਕਈ ਦਿਨਾਂ ਤੋਂ ਸਵੇਰ ਤੋਂ ਹੀ ਸ਼ਰਾਬ ਪੀਣ ਲੱਗ ਜਾਂਦਾ ਸੀ। ਹੁਣ ਵੀ ਸ਼ਰਾਬੀ ਹੋਇਆ ਬੈਠਾ ਸੀ। ਉਹਦਾ ਬਾਪੂ ਉਸ ਨੂੰ ਹੋਰ ਪੀਣ ਤੋਂ ਵਰਜ ਰਿਹਾ ਸੀ। ਅਜੈਬ ਆਖ ਰਿਹਾ ਸੀ, “ਮੈਂ ਤਾਂ ਪੀ ਕੇ ਮਰ ਜਾਣਾ, ਸਾਲੇ ਨੇ ਜਿਊਣ ਜੋਗਾ ਨਹੀਂ ਛੱਡਿਆ। ਏਦੂੰ ਤਾਂ ਕੰਜਰ ਇੰਡੀਆ ਹੀ ਚੰਗਾ ਸੀ, ਆਪੇ ਬਲਦਾਂ ਦੀਆਂ ਪੂਛਾਂ ਮਰੋੜਦਾ ਫਿਰਦਾ।” ਅਸੀਂ ਸਾਰੇ ਚੁੱਪ ਹੋ ਗਏ ਸਾਂ।
ਮੈਂ ਅਜੈਬ ਦੇ ਬਾਪੂ ਨੂੰ ਪੁੱਛਿਆ, “ਸੁੱਖ ਤਾਂ ਹੈ?”
“ਊ ਤਾਂ, ਸੁੱਖ ਈ ਐ, ਸ਼ਇਦ ਤੈਨੂੰ ਪਤਾ ਨਹੀਂ, ਦੋਹਾਂ ਮੁੰਡਿਆਂ ਦਾ ’ਕੱਠਾ ਵਿਆਹ ਰੱਖਿਆ ਸੀ। ਛੋਟਾ ਕਾਲ਼ੀ ਲਈ ਫਿਰਦੈ, ਉਹ ਵੀ ਆਪਣੀ ਉਮਰ ਤੋਂ ਵੱਡੀ। ਕਈ ਦਿਨਾਂ ਤੋਂ ਘਰੇ ਨਹੀਂ ਵੜਿਆ, ਕਾਲੀ ਨਾਲ ਹੀ ਅਪਾਰਮੈਂਟ ਵਿੱਚ ਰਹਿੰਦਾ। ਪਰਸੋਂ ਵਿਆਉਣ ਜਾਣਾ ਹੈ। ਮੈਂ ਆਖਿਆ, ਚੱਲ ਵੱਡਾ ਵਿਆਹ ਲੈ ਆਈਐ, ਛੋਟੇ ਦੀ ਉਨ੍ਹਾਂ ਕੋਲੋਂ ਮੁਆਫੀ ਮੰਗ ਲੈਨੇ ਆਂ। ਇਹ ਕਹਿੰਦਾ, ਮੈਂ ਕਿਹੜੇ ਮੂੰਹ ਨਾਲ ਜਵਾਬ ਦੇਵਾਂ?”
ਜਦੋਂ ਮੈਂ ਇੰਡੀਆ ਤੋਂ ਅਮਰੀਕਾ ਆਉਣ ਲੱਗਿਆ ਤਾਂ ਮੇਰੇ ਕਈ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੇ ਮੇਰੇ ਨਾਲ ਆਪਣੇ ਕੁੜੀਆਂ ਮੁੰਡਿਆਂ ਦੇ ਰਿਸ਼ਤੇ ਬਾਰੇ ਗੱਲ ਕੀਤੀ ਸੀ। ਮੈਂ ਹਾਮੀ ਵੀ ਭਰੀ ਸੀ। ਇੱਥੇ ਮੇਰੇ ਕਾਫੀ ਸਕੇ-ਸਬੰਧੀ ਰਹਿੰਦੇ ਸਨ। ਉਨ੍ਹਾਂ ਦੇ ਅੱਗੇ ਕਈ ਹੋਰ ਦੋਸਤ ਮਿੱਤਰ ਸਨ। ਪਰ ਇੱਥੇ ਆ ਕੇ ਪਤਾ ਲੱਗਿਆ, ਇੱਥੇ ਤਾਂ ਕਹਾਣੀ ਹੀ ਕੁਝ ਹੋਰ ਹੈ। ਬਹੁਤੇ ਕੁੜੀਆਂ ਮੁੰਡੇ ਆਪਣੇ ਮਾਪਿਆਂ ਤੋਂ ਬਾਹਰੀ ਹੋਏ ਫਿਰਦੇ ਹਨ। ਮਾਪੇ ਕੁਝ ਹੋਰ ਸੋਚਦੇ ਹਨ, ਬੱਚੇ ਕੁਝ ਹੋਰ। ਬੱਚੇ ਆਪਣੇ ਫੈਸਲੇ ਆਪ ਲੈਣ ਲੱਗ ਪਏ ਹਨ। ਭਾਵੇਂ ਫੈਸਲੇ ਲੈਣ ਵਾਲੀ ਗੱਲ ਚੰਗੀ ਲਗਦੀ ਹੈ, ਪਰ ਵਿਆਹ ਦੇ ਮਾਮਲੇ ਵਿੱਚ ਮਾਪੇ ਸਮਝੌਤਾ ਕਰਨ ਨੂੰ ਤਿਆਰ ਨਹੀਂ। ਬੱਚੇ ਜਿਸ ਸੱਭਿਆਚਾਰ ਵਿੱਚ ਰਹਿ ਰਹੇ ਹਨ, ਉਸ ਮਾਹੌਲ ਨੂੰ ਅਪਣਾ ਰਹੇ ਹਨ।
ਮੇਰੇ ਕਾਲਜ ਦੇ ਦਿਨਾਂ ਦਾ ਮਿੱਤਰ ਕੁਲਵੰਤ ਬਰਾੜ ਫਰਿਜ਼ਨੋ ਰਹਿੰਦਾ ਹੈ। ਉਸ ਕੋਲ ਕਈ ਸਬ-ਵੇ ਸਟੋਰ ਹਨ। ਇੱਕ ਹੋਰ ਜਲੰਧਰੋਂ ਗਿਆ ਪਰਿਵਾਰ ਕਾਫ਼ੀ ਸਮੇਂ ਤੋਂ ਫਰਿਜ਼ਨੋ ਹੀ ਰਹਿ ਰਿਹਾ ਸੀ। ਉਨ੍ਹਾਂ ਦੀ ਕੁੜੀ ਬਰਾੜ ਦੇ ਸਟੋਰ ’ਤੇ ਕੰਮ ਕਰਦੀ ਸੀ। ਸੁਹਣੀ ਸੁਨੱਖੀ, ਲੰਮੀ-ਲੰਝੀ। ਪਿਛਲੇ ਸਾਲ ਹੀ ਮੁਹਾਲੀ ਦੇ ਇੱਕ ਇੰਜਨੀਅਰ ਮੁੰਡੇ ਨਾਲ ਮੰਗਣੀ ਕਰਾ ਕੇ ਆਈ ਸੀ। ਮਾਪੇ ਵਿਆਹ ਲਈ ਇੰਡੀਆ ਜਾਣ ਦੀ ਤਿਆਰੀ ਕਰੀ ਬੈਠੇ ਸਨ। ਕੁੜੀ ਵਿਹਰੀ ਬੈਠੀ ਸੀ, ਕਹਿੰਦੀ, ਮੈਂ ਇੰਡੀਆ ਨਹੀਂ ਜਾਣਾ। ਘਰਦਿਆਂ ਨੇ ਬਥੇਰਾ ਸਮਝਾਇਆ, ਪਰ ਕੁੜੀ ਨਾ ਮੰਨੀ। ਪਤਾ ਉਦੋਂ ਲੱਗਾ, ਜਦੋਂ ਕੁੜੀ ਕਿਸੇ ਮਕਸੀਕਣ ਮੁੰਡੇ ਨਾਲ ਵਿਆਹ ਕਰਾ ਕੇ ਘਰਦਿਆਂ ਤੋਂ ਪਾਸੇ ਰਹਿਣ ਲੱਗ ਪਈ। ਘਰਦੇ ਨਮੋਸ਼ੀ ਦੇ ਮਾਰੇ ਫਰਿਜ਼ਨੋ ਛੱਡ ਕੇ ਸਿਆਟਲ ਰਹਿਣ ਲੱਗ ਪਏ।
ਮੇਰਾ ਛੋਟਾ ਭਰਾ ਪ੍ਰੀਤ ਕਾਫੀ ਸਮੇਂ ਤੋਂ ਅਮਰੀਕਾ ਰਹਿ ਰਿਹਾ ਹੈ। ਉਸ ਦਾ ਚੰਗਾ ਕਾਰੋਬਾਰ ਹੈ। ਉਸ ਦਾ ਇੱਕ ਦੋਸਤ ਕਿੰਦਰ ਹੈ, ਜਿਸ ਨੂੰ ਸਾਰੇ ਉਹਦੇ ਛੋਟੇ ਨਾਂ ਨਾਲ ਕਿੰਦਾ ਆਖ ਕੇ ਬੁਲਾਉਂਦੇ ਹਨ। ਸਾਡੇ ਸ਼ਹਿਰ ਕੋਟ ਕਪੂਰੇ ਦੇ ਲਾਗਲੇ ਪਿੰਡ ਦਾ ਰਹਿਣ ਵਾਲਾ ਹੈ। ਬੜਾ ਬੀਬਾ ਮੰਡਾ ਹੈ, ਰੱਜ ਕੇ ਕਮਾਊ। ਪਹਿਲਾਂ ਕਈ ਵਰ੍ਹੇ ਉਹ ਅਰਬ ਦੇਸ਼ਾਂ ਵਿੱਚ ਕੰਮ ਕਰਦਾ ਰਿਹਾ। ਪਿਰ ਹੋਰ ਲੋਕਾਂ ਵਾਂਗ ਹੀ ਉਹ ਔਖੇ ਸੌਖੇ ਢੰਗ ਨਾਲ ਅਮਰੀਕਾ ਪਹੁੰਚ ਗਿਆ ਸੀ। ਪੱਕੇ ਹੋਣ ਦੇ ਜੁਗਾੜ ਵਿੱਚ ਇੱਕ ਨਾਲ ਟਰਾਲਾ ਚਲਾਉਂਦੇ ਦੋਸਤ ਨੇ ਆਪਣੇ ਇੱਕ ਹੋਰ ਦੋਸਤ, ਟਰੱਕ ਕੰਪਨੀ ਦੇ ਮਾਲਕ ਦੀ ਕੁੜੀ ਨਾਲ ਵਿਆਹ ਕਰਾ ਦਿੱਤਾ। ਕੁੜੀ ਪੱਕੀ ਸੀ, ਪਰ ਤਲਾਕਸ਼ੁਦਾ ਸੀ। ਅਮਰੀਕਾ ਵਿੱਚ ਪੱਕੇ ਹੋਣ ਲਈ ਬੰਦਾ ਸਭ ਕੁਝ ਮਨਜ਼ੂਰ ਕਰ ਲੈਂਦਾ ਹੈ।
ਕਿੰਦਾ ਖੁਸ਼ ਸੀ। ਉਸ ਦੇ ਅਮਰੀਕਾ ਵਿੱਚ ਪੈਰ ਲੱਗ ਗਏ ਸਨ। ਕਿੰਦੇ ਨੇ ਨਵਾਂ ਘਰ ਖਰੀਦਿਆ। ਸਭ ਨੂੰ ਸੱਦਿਆ। ਰੱਜ ਕੇ ਖੁਸ਼ੀ ਮਨਾਈ। ਪਰ ਥੋੜ੍ਹੇ ਚਿਰ ਬਾਅਦ ਹੀ ਘਰ ਦੀ ਗੱਡੀ ਲੀਹ ਤੋਂ ਪਾਸੇ ਸਰਕਣ ਲੱਗ ਪਈ। ਜਿਵੇਂ ਜਿਵੇਂ ਦਿਨ ਬੀਤਦੇ ਗਏ, ਕਿੰਦਰ ਆਖਦਾ, ਘਰਵਾਲੀ ਦੇ ਸੁਭਾਅ ਵਿੱਚ ਕਾਫੀ ਤਬਦੀਲੀ ਆ ਗਈ ਹੈ। ਉਸ ਨੇ ਆਪਣਾ ਅਮਰੀਕਾ ਵਾਲਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ। ਮੈਂ ਟਰੱਕ ਦਾ ਗੇੜਾ ਲਾਉਣ ਗਿਆ ਅੱਠੀ ਦਿਨੀਂ ਘਰ ਮੁੜਦਾਂ, ਉਹ ਮਗਰੋਂ ਅੱਠ ਦਿਨ ਘਰ ਨਹੀਂ ਵੜਦੀ। ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ।
ਇਨ੍ਹੀਂ ਦਿਨੀਂ ਉਨ੍ਹਾਂ ਦੇ ਘਰ ਵਿੱਚ ਬੇਟੀ ਨੇ ਜਨਮ ਲਿਆ। ਕਿੰਦਰ ਬੱਚੀ ਖਾਤਰ ਹਰ ਸਮਝੌਤਾ ਕਰਦਾ, ਪਰ ਉਹਦੇ ਲਈ ਸਮਝੌਤਾ ਰਾਜਨੀਤੀ ਦੀ ਖੇਡ ਬਣ ਗਿਆ। ਜਿਵੇਂ ਰਾਜਨੀਤਿਕ ਬੰਦੇ ਦਾ ਕੋਈ ਇਤਬਾਰ ਨਹੀਂ ਹੁੰਦਾ, ਉਵੇਂ ਅਮਰੀਕਾ ਵਿੱਚ ਲੀਹੋਂ ਲੱਥੇ ਬੱਚਿਆਂ ਦਾ ਕੋਈ ਵੀ ਇਮਾਨ ਨਹੀਂ ਹੁੰਦਾ। ਉਨ੍ਹਾਂ ਨੂੰ ਆਪਣਾ ਨਿੱਜ ਪਿਆਰਾ ਹੁੰਦਾ ਹੈ। ਫੈਸਲੇ ਲੈਣ ਲੱਗਿਆਂ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਮਾਪੇ ਆਖਰ ਬੱਚਿਆਂ ਅੱਗੇ ਹਥਿਆਰ ਸੁੱਟ ਦਿੰਦੇ ਹਨ। ਆਮ ਹੀ ਸਾਊ ਤੇ ਇੱਜ਼ਤਦਾਰ ਬੰਦੇ ਘਰ ਦੀ ਇੱਜ਼ਤ ਬਾਹਰ ਖਿਲਰਨ ਦੇ ਡਰੋਂ ਆਪਣੇ ਆਪ ਵਿੱਚ ਅੰਦਰੋਂ ਵੀ ਟੁੱਟਦੇ ਹਨ ਤੇ ਬਾਹਰੋਂ ਵੀ। ਲੋਕਾਂ ਦੀ ਝੱਖ ਵੱਖਰੀ ਸਹਿਣੀ ਪੈਂਦੀ ਹੈ।
ਇੱਕ ਦਿਨ ਘਰ ਛੱਡ ਕੇ ਕਿੰਦਰ ਦੀ ਘਰਵਾਲੀ ਕਿਸੇ ਹੋਰ ਨਾਲ ਰਹਿਣ ਲੱਗ ਪਈ। ਕਿੰਦਰ ਨੇ ਕੁੜੀ ਇੰਡੀਆ ਆਪਣੇ ਮਾਂ ਪਿਉ ਕੋਲ ਭੇਜ ਦਿੱਤੀ। ਘਰਵਾਲੀ ਨੇ ਕੇਸ ਕਰ ਦਿੱਤਾ ਕਿ ਕੁੜੀ ਮੇਰੇ ’ਤੇ ਨਿਰਭਰ ਹੈ। ਅਮਰੀਕਾ ਅੰਬੈਸੀ ਰਾਹੀਂ ਪੁਲਿਸ ਨੇ ਕੁੜੀ ਨੂੰ ਇੰਡੀਆ ਤੋਂ ਲਿਆ ਕੇ ਮਾਂ ਦੇ ਸਪੁਰਦ ਕਰ ਦਿੱਤਾ। ਕਿੰਦਰ ਦੀ ਸਾਰੀ ਕਮਾਈ ਵਕੀਲ ਲੈ ਜਾਇਆ ਕਰੇ। ਜਿਹੜਾ ਕਮਾਵੇ, ਉਹ ਵਕੀਲ ਦੀ ਝੌਲੀ ਵਿੱਚ। ਉੱਧਰੋਂ ਘਰਵਾਲੀ ਘਰ ਤੇ ਹੋਰ ਜਾਇਦਾਦ ਦਾ ਅੱਧ ਵੱਖਰਾ ਮੰਗੇ। ਕਿੰਦਰ ਆਖਦਾ, ਘਰ ਵੀ ਗਵਾ ਲਿਆ, ਬੱਚਾ ਵੀ ਗਵਾ ਲਿਆ, ਘਰਵਾਲੀ ਵੀ ਗਵਾ ਲਈ, ਅੱਧੀ ਉਮਰ ਵੀ ਗਵਾ ਲਈ, ਕੋਲ ਬਚੀ ਖੱਜਲ-ਖਆਰੀ। ਨਾ ਹੁਣ ਇੰਡੀਆ ਜਾਣ ਜੋਗਾ ਅਤੇ ਨਾ ਹੀ ਇੱਥੇ ਰਹਿਣ ਨੂੰ ਜੀਅ ਕਰਦਾ।
ਜਦੋਂ ਮੈਂ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਦਾ ਤਾਂ ਦਿਲ ਕੰਬ ਉੱਠਦਾ। ਮੈਂ ਵੀ ਆਪਣੀਆਂ ਦੋਹਾਂ ਬੇਟੀਆਂ ਨੂੰ ਸਕੂਲ ਦਾਖਲ ਕਰਵਾ ਦਿੱਤਾ ਸੀ। ਮੇਰੇ ਛੋਟੇ ਭਰਾ ਦੀ ਪਤਨੀ ਬੱਚਿਆਂ ਨੂੰ ਸਕੂਲ ਛੱਡ ਆਉਂਦੀ ਅਤੇ ਆਪ ਹੀ ਸਕੂਲ ਬੰਦ ਹੁੰਦਿਆਂ ਲੈ ਕੇ ਆ ਜਾਂਦੀ।
ਮੈਂ ਪਿਛਲਝਾਤ ਮਾਰਦਾ, ਜਦੋਂ ਮੈਂ ਇੰਡੀਆ ਸੀ। ਮੇਰੇ ਸਾਰੇ ਦੋਸਤ ਮਿੱਤਰ ਆਖਦੇ, ਚੱਲ ਯਾਰ, ਇੰਡੀਆ ਵਿੱਚ ਬੱਚਿਆਂ ਦਾ ਕੋਈ ਭਵਿੱਖ ਨਹੀਂ, ਅਮਰੀਕਾ ਜਾ ਕੇ ਬੱਚਿਆਂ ਦੀ ਜ਼ਿੰਦਗੀ ਬਣ ਜਾਊ। ਹੁਣ ਮੈਂ ਇੱਥੇ ਬੈਠਾ ਕਦੇ ਕਦੇ ਸੋਚਦਾ, ਆਪਣੀ ਤਾਂ ਚੰਗੀ ਭਲੀ ਗਵਾ ਆਏ ਹਾਂ, ਬੱਚਿਆਂ ਦੀ ਜ਼ਿੰਦਗੀ ਪਤਾ ਨਹੀਂ ਕੀ ਬਣੂੰ। ਇੰਡੀਆ ਵਿੱਚ ਅਸੀਂ ਦੋਵੇਂ ਸਰਕਾਰੀ ਨੌਕਰੀ ਵਿੱਚ ਸਾਂ। ਖੇਤੀਬਾੜੀ ਵਾਲਾ ਪਰਿਵਾਰ ਸੀ ਪਰ ਇੱਥੇ ਆ ਕੇ ਸਾਰਾ ਕੁਝ ਬਦਲ ਗਿਆ ਸੀ। ਜ਼ਿੰਦਗੀ ਨੂੰ ਦੁਬਾਰਾ ਜ਼ੀਰੋ ਤੋਂ ਸ਼ੁਰੂ ਕਰਨਾ ਪੈ ਰਿਹਾ ਸੀ।
“ਆਹ ਕਿਹੜੇ ਸਿਆਪੇ ਨੂੰ ਫੜੇ ਆਂ?” ਪਤਨੀ ਆਖਦੀ, “ਆਪਾਂ ਵੀ ਟੁੱਟ ਜਾਣੈ, ਤੇ ਬੱਚਿਆਂ ਨੇ ਵੀ ਹੱਥੋਂ ਗਵਾਚ ਜਾਣਾ ਹੈ।” ਉਹ ਰੋਜ਼ ਨਵੇਂ ਨਵੇਂ ਸਵਾਲ ਖੜ੍ਹੇ ਕਰਦੀ, ਜਿਨ੍ਹਾਂ ਦਾ ਮੇਰੇ ਕੋਲ ਕੋਈ ਉੱਤਰ ਨਾ ਹੁੰਦਾ। ਭਾਵੇਂ ਮੈਂ ਉੱਤਰ ਦੇਣ ਦੀ ਕੋਸ਼ਿਸ਼ ਕਰਦਾ ਵੀ, ਪਰ ਅੰਦਰੋਂ ਮੈਂ ਵੀ ਘਬਰਾ ਜਾਂਦਾ। ਪਤਨੀ ਆਖਦੀ, “ਆਹ ਤਿਲ ਤਿਲ ਟੁੱਟਣ ਨਾਲੋਂ ਤਾਂ ਚੰਗਾ ਕੋਈ ਫੈਸਲਾ ਲੈ ਲਈਏ।” ਆਖਰ ਫੈਸਲਾ ਵੀ ਉਹਨੇ ਹੀ ਕੀਤਾ। ਛੇ ਮਹੀਨਿਆਂ ਬਾਅਦ ਉਹ ਬੇਟੀਆਂ ਨੂੰ ਲੈ ਕੇ ਜਹਾਜ਼ ਫੜ ਇੰਡੀਆ ਪਰਤ ਗਈ। ਮੈਂ ਅਜੇ ਹੋਰ ਜ਼ਿੰਦਗੀ ਦਾ ਥਹੁ ਪਾਉਣ ਲਈ ਢੀਠ ਜਿਹਾ ਹੋ ਅਟਕਿਆ ਰਿਹਾ।
ਇੱਕ ਦਿਨ ਸਾਡੇ ਘਰਾਂ ’ਚੋਂ ਲੱਗਦੇ, ਚਾਚੇ ਦੇ ਮੁੰਡੇ ਕਰਨੈਲ ਦਾ ਫੋਨ ਆਇਆ, “ਤੂੰ ਤਿਆਰ ਹੋ ਜਾ, ਮੈਂ ਤੈਨੂੰ ਹੁਣੇ ਆ ਕੇ ਚੁੱਕਦਾਂ, ਆਪਾਂ ਬੇਕਰਜ਼ਫੀਲਡ ਚੱਲਣੈ।” ਮੈਂ ਵਿਹਲਾ ਸੀ, ਸੋਚਿਆ ਚੱਲ ਘੁੰਮ ਫਿਰ ਆਉਨੇ ਆਂ। ਕਰਨੈਲ ਦੀ ਆਦਤ ਹੈ, ਉਹ ਪਹਿਲਾਂ ਕੋਈ ਗੱਲ ਨਹੀਂ ਦੱਸਦਾ, ਜਿੰਨਾ ਚਿਰ ਗੱਲ ਦੱਸਣ ਦੀ ਜ਼ਰੂਰਤ ਨਹੀਂ ਸਮਝਦਾ। ਮੈਂਨੂੰ ਇੰਨਾ ਤਾਂ ਪਤਾ ਸੀ ਕਿ ਬੇਕਰਜ਼ਫੀਲਡ ਕਰਨੈਲ ਦੇ ਮਾਮੇ ਦੇ ਪੁੱਤ ਰਹਿੰਦੇ ਹਨ, ਜੋ ਬਹੁਤ ਪੁਰਾਣੇ ਅਮਰੀਕਾ ਆਏ ਹੋਏ ਹਨ। ਉਹ ਚੰਗੇ ਧਨਾਢ ਕਿਸਾਨ ਹਨ। ਉੱਥੇ ਜਾ ਕੇ ਪਤਾ ਲੱਗਾ ਇੱਕ ਮਾਮੇ ਦੇ ਪੁੱਤ ਦੇ ਦੋ ਪੁੱਤਾਂ ਵਿੱਚ ਪੈਲੀ ਵੰਡਣ ਦਾ ਰੌਲ਼ਾ ਹੈ। ਕਰਨੈਲ ਨੂੰ ਮਸਲੇ ਦਾ ਕੋਈ ਹੱਲ ਕੱਢਣ ਲਈ ਉਨ੍ਹਾਂ ਸੱਦਿਆ ਸੀ।
ਕਰਨੈਲ ਨੇ ਆਪਣੇ ਮਾਮੇ ਦੇ ਵੱਡੇ ਮੁੰਡੇ ਗੁਰਦੀਪ ਨੂੰ ਪੁੱਛਿਆ, “ਛੋਟਾ ਕਿੱਥੇ ਐ?” ਉਸ ਆਖਿਆ, “ਉਹ ਤਾਂ ਖੇਤ ਹੀ ਹੋਊਗਾ, ਉਹ ਹੁਣ ਤਾਂ ਘਰੇ ਘੱਟ ਹੀ ਵੜਦੈ।”
ਅਸੀਂ ਗੱਡੀ ਲੈ ਕੇ ਖੇਤ ਚਲੇ ਗਏ। ਉਹ ਦੂਰ ਇੱਕ ਵੱਡੇ ਟਰੈਕਟਰ ਨਾਲ ਡਿਸਕਾਂ ਪਾ ਕੇ ਪੈਲੀ ਵਾਹ ਰਿਹਾ ਸੀ। ਫਾਰਮ ਵੱਡਾ ਸੀ। ਅਸੀਂ ਦੂਰ ਖੜ੍ਹੇ ਉਸ ਨੂੰ ਇਸ਼ਾਰੇ ਕਰਦੇ ਰਹੇ। ਉਹ ਆਪਣੇ ਧਿਆਨ ਵਿੱਚ ਖੁੱਭਾ ਸਾਡੇ ਵਲੋਂ ਬੇਖ਼ਬਰ ਸੀ। ਆਖਰ ਕਾਫ਼ੀ ਚਿਰ ਉਡੀਕਣ ਬਾਅਦ ਉਹ ਸਾਡੇ ਕੋਲ ਆਇਆ। ਰਸਮੀ ਦੁਆ ਸਲਾਮ ਕੀਤੀ। ਕਰਨੈਲ ਨੇ ਉਸ ਨੂੰ ਘਰੇ ਨਾਲ ਚੱਲਣ ਲਈ ਕਿਹਾ। ਉਹ ਨਾ ਮੰਨਿਆ। ਬਹੁਤਾ ਜ਼ੋਰ ਦੇਣ ’ਤੇ ਆਖਰ ‘ਤੁਸੀਂ ਚਲੋ, ਮੈਂ ਆਉਨੈ।’ ਕਹਿ ਕੇ ਉਹ ਫਿਰ ਆਪਣੇ ਕੰਮ ਵੰਨੀ ਹੋ ਤੁਰਿਆ।
ਮੈਂ ਉਸ ਨੂੰ ਪਹਿਲੀ ਵਾਰ ਵੇਖਿਆ ਸੀ। ਉਹ ਮੈਂਨੂੰ ਜੱਟਾਂ ਦਾ ਮੁੰਡਾ ਹੀ ਨਾ ਲੱਗਿਆ। ਸਿਰ ’ਤੇ ਮੈਲੀ ਜਿਹੀ ਵੱਡੀ ਕੈਪ, ਭੈੜੀ ਜਿਹੀ ਜੀਨ, ਉਸ ਤੋਂ ਵੀ ਭੈੜੀ ਟੀ ਸ਼ਰਟ, ਮਿੱਟੀ ਘੱਟੇ ਨਾਲ ਲੱਥ-ਪੱਥ। ਉਹ ਮੈਂਨੂੰ ਇੱਕ ਮਾੜਚੂ ਜਿਹਾ ਬੀਮਾਰ ਬੰਦਾ ਲੱਗਿਆ। ਗੁਰਦੀਪ ਨੇ ਦੱਸਿਆ, “ਡਰੱਗ ਬਹੁਤ ਖਾਣ ਲੱਗ ਪਿਆ ਹੈ। ਇੱਥੇ ਹੀ ਖਾ ਪੀ ਕੇ ਟਰਾਲੇ ਵਿੱਚ ਸੌ ਜਾਂਦਾ।”
ਮੈਂ ਕਰਨੈਲ ਨੂੰ ਪੁੱਛਿਆ, ਇਹਦੀ ਇਸ ਤਰ੍ਹਾਂ ਦੀ ਹਾਲਤ ਕਿਉਂ ਹੈ? ਕਰਨੈਲ ਨੇ ਦੱਸਿਆ, “ਸਾਡਾ ਮਾਮਾ ਅਣਪੜ੍ਹ ਸੀ। ਇਹ ਪਿਉ ਪੁੱਤ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਰਹੇ। ਛੋਟੀ ਨੂੰਹ ਕੰਪਿਊਟਰ ਸਾਇੰਸ ਦੀ ਡਿਗਰੀ ਹੋਲਡਰ ਚੰਡੀਗੜ੍ਹ ਦੀ ਸੀ। ਸਾਰਾ ਲੈਣ ਦੇਣ ਨੂੰਹ ਦੇ ਹੱਥ ਵਿੱਚ ਸੀ। ਉਹ ਚੈੱਕ ਆਪਣੇ ਨਾਂ ਕੱਟਦੀ ਰਹੀ। ਜਦੋਂ ਪੂਰਾ ਮਾਂਜਾ ਲਾ ’ਤਾ, ਇਹਨੂੰ ਛੱਡ ਕੇ ਆਪਣੇ ਕਿਸੇ ਪੁਰਾਣੇ ਕਲਾਸਫੈਲੋ ਨਾਲ ਭੱਜ ’ਗੀ। ਹੁਣ ਖੇਤਾਂ ਦੀਆਂ ਕਿਸ਼ਤਾਂ ਟੁੱਟੀਆਂ ਪਈਆਂ, ਕਾਫੀ ਲੈਣ-ਦੇਣ ਖੜ੍ਹਾ। ਜਿੰਨਾ ਕੁ ਦਾਅ ਵੱਡੀ ਦਾ ਲੱਗਾ, ਉਹ ਲਾ ਗਈ। ਛੋਟਾ ਸਾਰੇ ਪਾਸਿਉਂ ਠੱਗਿਆ ਗਿਆ। ਇਹ ਡਰੱਗ ਲੈਣ ਲੱਗ ਪਿਆ। ਹੁਣ ਘਰ ਵਿੱਚ ਕਲੇਸ਼ ਵੰਡ ਵੰਡਾਈ ਦਾ ਪੈ ਗਿਆ।”
ਮੈਂ ਸੋਚਿਆ, ਜਿਸ ਘਰ ਨੂੰ ਨਾ ਫਰੋਲੀਏ, ਉਹੀ ਚੰਗਾ। ਮੈਂ ਵੇਖਿਆ, ਟੱਬਰਾਂ ਦੇ ਟੱਬਰ ਜਿਹੜੇ ਸੁਹਣੇ ਸੁਪਨੇ ਸਿਰਜ ਕੇ ਅਮਰੀਕਾ ਦੀ ਧਰਤੀ ’ਤੇ ਆਏ ਸੀ, ਪਰਿਵਾਰਾਂ ਦੀ ਟੁੱਟ-ਭੱਜ ਦੀ ਅੱਗ ਵਿੱਚ ਝੁਲਸ ਰਹੇ ਹਨ। ਘਰ ਦੀ ਖਿਲਰੀ ਇੱਜ਼ਤ ਦਾ ਧੂੰਆਂ ਘਰ ਦੀ ਚਾਰ ਦੀਵਾਰੀ ਅੰਦਰ ਹੀ ਦੱਬਣ ਦਾ ਸੰਤਾਪ ਭੁਗਤ ਰਹੇ ਹਨ। ਕਈ ਕਈ ਦਹਾਕਿਆਂ ਦੀ ਮਿਹਨਤ ਨਾਲ ਬਣਾਏ ਘਰ-ਬਾਰ ਨਵੀਂ ਪੀੜ੍ਹੀ ਦੀ ਬੇਰੁਖੀ ਦੇ ਹੱਥੋਂ ਤਿੜਕ ਰਹੇ ਹਨ।
ਅਸਲ ਵਿੱਚ ਅਸੀਂ ਜਿਹੜੇ ਲੋਕ ਉਮਰ ਦਾ ਅੱਧ ਟਪਾ ਕੇ ਪਰਾਏ ਦੇਸ਼ਾਂ ਵਿੱਚ ਵਸੇਬਾ ਕਰਦੇ ਹਾਂ, ਆਪਣੀ ਜੜ੍ਹ ਨਾਲ ਬੱਝੇ ਰਹਿੰਦੇ ਹਾਂ। ਅਸੀਂ ਆਪਣੇ ਸੱਭਿਆਚਾਰ, ਆਪਣੀਆਂ ਮਾਣਤਾਵਾਂ, ਮਰਿਯਾਦਾ ਨੂੰ ਦੂਸਰੇ ਲੋਕਾਂ ਨਾਲੋਂ ਉੱਤਮ ਹੋਣ ਦਾ ਭਰਮ ਪਾਲੀ ਬੈਠੇ ਹਾਂ। ਇਹ ਭੁਲੇਖਾ ਹੀ ਸਾਡਾ ਖਹਿੜਾ ਨਹੀਂ ਛੱਡ ਰਿਹਾ। ਬੱਚਿਆਂ ਦੀ ਜੜ੍ਹ ਆਪਣੇ ਰੀਤੀ ਰਿਵਾਜ਼ਾਂ ਨਾਲ ਨਹੀਂ ਜੁੜ ਰਹੀ। ਉਹ ਜਿਸ ਸੱਭਿਆਚਾਰ ਵਿੱਚ ਪਲ ਰਹੇ ਹਨ ਉਸ ਦੀ ਖੁੱਲ੍ਹ ਉਨ੍ਹਾਂ ਨੂੰ ਸੁਖਾਵੀਂ ਲਗਦੀ ਹੈ। ਹਰ ਇੱਕ ਦਾ ਆਪਣੇ ਆਪ ’ਤੇ ਨਿਰਭਰ ਹੋਣਾ ਵੀ ਨਿੱਜੀ ਫੈਸਲੇ ਲੈਣ ਵਿੱਚ ਸਹਾਈ ਹੁੰਦਾ ਹੈ।
ਕਦੇ ਕਦੇ ਮੈਂ ਸੋਚਦਾਂ, ਮੇਰੀ ਬੀਵੀ ਨੇ ਫੈਸਲਾ ਠੀਕ ਕੀਤਾ ਜਾਂ ਗਲਤ, ਜੋ ਬੱਚਿਆਂ ਨੂੰ ਲੈ ਕੇ ਵਾਪਸ ਚਲੀ ਗਈ। ਮੈਂ ਇਸ ਨਿਰਨੇ ’ਤੇ ਅਜੇ ਤਕ ਫੈਸਲਾ ਨਹੀਂ ਕਰ ਸਕਿਆ, ਪਰ ਡਰ ਜ਼ਰੂਰ ਲੱਗਦਾ ਹੈ ਕਿ ਕਿਤੇ ਮੇਰੇ ਘਰ ਦੀ ਕਹਾਣੀ ਵੀ ਇਨ੍ਹਾਂ ਕਹਾਣੀਆਂ ਵਿੱਚ ਸ਼ਾਮਲ ਨਾ ਹੋ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2535)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)