“ਦਿਲਚਸਪ ਗੱਲ ਹੈ, ਇੱਕ ਵਾਰੀ ਭਾਜੀ ਗੁਰਸ਼ਰਨ ਰਾਤ ਨੂੰ ਨਾਟਕ ਖੇਡ ਕੇ ...”
(21 ਨਵੰਬਰ 2020)
ਘਰ ਮਨੁੱਖ ਦੀ ਪਹਿਲੀ ਰੀਝ। ਘਰ ਉਮੰਗਾਂ ਸਧਰਾਂ ਦੀ ਪੂਰਤੀ। ਘਰ ਮਨੁੱਖ ਦੀ ਮੰਜ਼ਿਲ ਦਾ ਪਹਿਲਾ ਕਦਮ। ਘਰ ਬੰਦੇ ਦੀ ਪੂੰਜੀ ਦਾ ਬਾਹਰੀ ਖਜ਼ਾਨਾ। ਘਰ ਮਾਣ ਸਨਮਾਨ ਦਾ ਪ੍ਰਤੀਕ। ਘਰ ਸਿਰ ਢਕਣ ਦੀ ਬੇਫਿਕਰੀ ਦਾ ਹੌਸਲਾ। ਘਰ ਪਰਿਵਾਰ ਦਾ ਆਗ਼ਾਜ਼। ਘਰ ਮਨੁੱਖੀ ਮਿਨਹਤ ਦੀ ਸੁੱਚੀ ਬਰਕਤ। ਘਰ ਬੰਦੇ ਦੀ ਪਹਿਚਾਣ ਦਾ ਸਿਰਨਾਵਾਂ।
ਮਨੁੱਖ ਦੀ ਵਿਆਹ ਬੰਧਨ ਤੋਂ ਬਾਅਦ ਇੱਕੋ ਖਾਹਿਸ਼ ਹੁੰਦੀ ਹੈ ਕਿ ਉਸ ਦਾ ਆਪਣਾ ਇੱਕ ਘਰ ਹੋਵੇ। ਵਿਆਹ ਦੀ ਖੁਸ਼ੀ ਥੋੜ੍ਹੀ ਜਿਹੀ ਠੰਢੀ ਪੈਣ ਤੋਂ ਮਗਰੋਂ ਜਦੋਂ ਸਾਂਝੇ ਘਰਾਂ ਵਿੱਚ ਇਹ ਘਰ ਦੀ ਸੋਚ ਪ੍ਰਬਲ ਹੁੰਦੀ ਹੈ, ਉਦੋਂ ਇੱਕ ਘਰ ਵਿੱਚੋਂ ਇੱਕ ਹੋਰ ਘਰ ਜਨਮ ਲੈਂਦਾ ਹੈ। ਮੇਰੇ ਨਾਲ ਵੀ ਇਸ ਤਰ੍ਹਾਂ ਦਾ ਵਰਤਾਰਾ ਮੇਰੇ ਲਈ ਘਰ ਬਣਾਉਣ ਲਈ ਜਾਗ ਬਣਿਆ।
ਸਰਦਾ ਪੁਰਦਾ ਘਰ ਸੀ ਪਰ ਲਾਣਾ ਵੱਡਾ ਸੀ। ਵੱਡੇ ਭਰਾ ਨੇ ਆਪਣਾ ਘਰ ਬਣਾ ਲਿਆ ਸੀ। ਹਰ ਜੋੜੇ ਵਾਂਗ ਅਸੀਂ ਵੀ ਆਪਣਾ ਘਰ ਬਣਾਉਣ ਦੀ ਵਿਉਂਤ ਲਈ ਘੁਸਰ ਮੁਸਰ ਸ਼ੁਰੂ ਕਰ ਦਿੱਤੀ। ਆਖਰ ਇਹ ਹਿੱਲਜੁਲ ਪ੍ਰਵਾਨ ਚੜ੍ਹੀ। ਅਸੀਂ ਦੋਵੇਂ ਜੀਅ ਸਰਕਾਰੀ ਚੰਗੀਆਂ ਨੌਕਰੀਆਂ ’ਤੇ ਸਾਂ। ਘਰ ਵਲੋਂ ਵੀ ਮਦਦ ਸੀ। ਅਸੀਂ ਹੌਲੀ ਹੌਲੀ ਘਰ ਬਣਾਉਣਾ ਸ਼ੁਰੂ ਕੀਤਾ। ਜਿਵੇਂ ਆਮ ਮੱਧ ਸ਼੍ਰੇਣੀ ਦੇ ਲੋਕ ਜੁਗਾੜ ਫਿੱਟ ਕਰਦੇ ਹਨ, ਅਸੀਂ ਵੀ ਔਖੇ ਸੌਖੇ ਹੋ ਕੇ ਕੰਧਾਂ ਖੜ੍ਹੀਆਂ ਕਰਕੇ ਲੈਂਟਰ ਪਾ ਲਿਆ। ਹੁਣ ਤਾਂ ਘਰਾਂ ਲਈ ਬੈਂਕਾਂ ਤੋਂ ਝੱਟ ਕਰਜ਼ਾ ਮਿਲ ਜਾਂਦਾ ਹੈ ਪਰ ਸਾਡੇ ਵੇਲੇ ਇਹ ਰਿਵਾਜ਼ ਨਹੀਂ ਸੀ। ਫੇਰ ਛੇ ਕੁ ਮਹੀਨਿਆਂ ਬਾਅਦ ਪਲੱਸਤਰ ਕਰਾ ਲਿਆ। ਧੀਮੀ ਗਤੀ ਦੇ ਸਮਾਚਾਰ ਵਾਂਗ ਛੇ ਕੁ ਮਹੀਨੇ ਹੋਰ ਠਹਿਰ ਕੇ ਫਰਸ਼ ਪੁਆ ਲਏ। ਇਸ ਤਰ੍ਹਾਂ ਦੋ ਕੁ ਸਾਲ ਵਿੱਚ ਅਸੀਂ ਘਰ ਨੂੰ ਲੱਕੜ ਦੇ ਕੰਮ ’ਤੇ ਲੈ ਆਏ। ਜਿਵੇਂ ਇਹ ਆਮ ਹੀ ਹੈ ਕਿ ਔਰਤਾਂ ਨੂੰ ਘਰ ਵਿੱਚ ਸਭ ਤੋਂ ਜ਼ਿਆਦਾ ਰਸੋਈ ਪਿਆਰੀ ਹੁੰਦੀ ਹੈ। ਮੇਰੀ ਘਰਵਾਲੀ ਨੂੰ ਵੀ ਆਪਣੀ ਰਸੋਈ ਦਾ ਜ਼ਿਆਦਾ ਖਿਆਲ ਸੀ। ਆਮ ਲੇਡੀ ਟੀਚਰਾਂ ਵਾਂਗ ਉਸ ਦੀ ਵੀ ਸੋਚ ਸੀ ਕਿ ਉਸ ਦੀ ਰਸੋਈ ਕਿਸੇ ਨਾਲੋਂ ਘੱਟ ਨਾ ਹੋਵੇ।
ਮੇਰੇ ਜ਼ਿਆਦਾ ਦੋਸਤ ਪੜ੍ਹਨ ਲਿਖਣ ਵਾਲੇ ਸਨ। ਜਿਨ੍ਹਾਂ ਵਿੱਚ ਸਕੂਲ ਟੀਚਰ, ਪ੍ਰੋਫੈਸਰ, ਵਕੀਲ ਤੇ ਲੇਖਕ ਦੋਸਤ ਸਨ। ਮੈਂ ਡਰਾਇੰਗ ਰੂਮ ਵਿੱਚ ਇੱਕ ਕਿਤਾਬਾਂ ਲਈ ਵੱਖਰੀ ਸ਼ੈਲਫ ਬਣਾਉਣਾ ਚਾਹੁੰਦਾ ਸਾਂ ਤਾਂ ਕਿ ਮੇਰੀਆਂ ਸਾਲਾਂ ਬੱਧੀ ਖਰੀਦੀਆਂ ਕਿਤਾਬਾਂ ਦੀ ਸਾਂਭ ਸੰਭਾਲ ਵੀ ਹੋ ਸਕੇ, ਆਏ ਗਏ ਮਹਿਮਾਨ ’ਤੇ ਵੀ ਚੰਗਾ ਪ੍ਰਭਾਵ ਪਵੇ। ਇਸ ਲਈ ਮੈਂ ਉਚੇਚ ਕਰਕੇ ਮਹਿਮਾਨ ਕਮਰੇ ਵਿੱਚ ਕਿਤਾਬਾਂ ਲਈ ਪਹਿਲੀ ਨਜ਼ਰੇ ਚੰਗੇ ਲੱਗਣ ਵਾਲੇ ਸ਼ੈਲਫ ਬਣਵਾਏ। ਇਹ ਮੇਰੇ ਮਨ ਦੀ ਸੰਤੁਸ਼ਟੀ ਵੀ ਸੀ। ਕਿਤਾਬਾਂ ਮੇਰੀਆਂ ਦੋਸਤ ਹਨ। ਕਿਤਾਬਾਂ ਨੂੰ ਮੈਂ ਰੱਜ ਕੇ ਪਿਆਰ ਕਰਦਾ ਹਾਂ। ਕਿਤਾਬਾਂ ਮੇਰੇ ਲਈ ਰਾਹ-ਦਸੇਰਾ ਹਨ। ਕਿਤਾਬਾਂ ਮੇਰੀ ਹੋਂਦ ਹਨ, ਮੇਰੀ ਪਛਾਣ ਹਨ। ਮੈਂ ਅੱਜ ਜੋ ਵੀ ਹਾਂ, ਕਿਤਾਬਾਂ ਕਰਕੇ ਹਾਂ। ਜਿਸ ਬੰਦੇ ਦਾ ਜਿਊਣ ਕਿਤਾਬਾਂ ਹੋਣ ਉਨ੍ਹਾਂ ਦੀ ਸਾਂਭ-ਸੰਭਾਲ ਲਈ ਉਚੇਚ ਜ਼ਰੂਰੀ ਹੋ ਜਾਂਦਾ ਹੈ। ਮੇਰਾ ਇਹ ਕਰਮ ਕਿਤਾਬਾਂ ਪ੍ਰਤੀ ਨਿਸ਼ਠਾ ਸੀ। ਕਿਤਾਬਾਂ ਮੇਰਾ ਰੁਜ਼ਗਾਰ ਵੀ ਬਣੀਆਂ ਤੇ ਘਰ ਦਾ ਸ਼ਿੰਗਾਰ ਵੀ।
ਇਸ ਨਵੇਂ ਘਰ ਦੇ ਮੂਹਰੇ ਸਾਡੇ ਜੱਦੀ ਘਰ ਦੀ ਨਿੰਮ ਹੈ ਜਿਸ ਨੂੰ ਸਾਰੇ ਘਰ ਦੀ ਪਛਾਣ ਦੀ ਸਵੀਕ੍ਰਿਤੀ ਮਿਲੀ ਹੋਈ ਹੈ। ਆਂਢ-ਗੁਵਾਂਢ ਵਿੱਚ ਇਸ ਨਿੰਮ ਦਾ ਆਪਣਾ ਹੀ ਮਾਣ ਸਨਮਾਨ ਹੈ। ਫਿਰ ਵੀ ਆਪਣੇ ਘਰ ਨੂੰ ਨਵੀਂ ਦਿੱਖ ਦੇਣ ਲਈ ਫੁੱਲ, ਬੂਟੇ, ਵੇਲਾਂ ਜੁਟਾਉਣ ਦੇ ਆਹਰ ਵਿੱਚ ਮੈਂ ਜੁਟ ਗਿਆ। ਮੇਰਾ ਜਿਵੇਂ ਕਿਤਾਬਾਂ ਪ੍ਰਤੀ ਮੋਹ ਹੈ ਉਸੇ ਤਰ੍ਹਾਂ ਫੁੱਲ ਬੂਟਿਆ ਨਾਲ ਵੀ ਮੇਰਾ ਤੇਹ ਹੈ। ਫੁੱਲ ਬੂਟੇ ਵੀ ਮੈਂ ਜਿਉਂਦੀ ਜਾਗਦੀ ਜ਼ਿੰਦਗੀ ਦਾ ਹਿੱਸਾ ਮੰਨਦਾ ਹਾਂ। ਫੁੱਲਾਂ ਨਾਲ ਗੱਲਾਂ ਕਰਨਾ ਮੈਂਨੂੰ ਚੰਗਾ ਲੱਗਦਾ ਹੈ। ਫੁੱਲ ਹੁੰਗਾਰਾ ਭਰਦੇ ਹਨ। ਮਨ ਦਾ ਸਕੂਨ ਬਣਦੇ ਹਨ। ਜ਼ਿੰਦਗੀ ਦੀ ਵਚਿੱਤਰਤਾ ਰੰਗਾਂ ਦੀ ਬੌਦਲਤ ਹੈ। ਫੁੱਲ ਜ਼ਿੰਦਗੀ ਵਿੱਚ ਰੰਗ ਭਰਦੇ ਹਨ। ਬੇਰੰਗੀ ਜ਼ਿੰਦਗੀ ਬੇਮਾਇਨੀ ਹੈ। ਜ਼ਿੰਦਗੀ ਦੀ ਖੂਬਸੂਰਤੀ ਰੰਗਾਂ ਦੀ ਲੀਲਾ ਹੈ। ਫੁੱਲ ਪਿਆਰ ਦੇ ਰੂੰਗੇ ਵਿੱਚ ਮਿਲੀ ਬਰਕਤ ਹੈ। ਰੰਗਾਂ ਵਿੱਚ ਵਸਣਾ ਫੁੱਲਾਂ ਦੇ ਜਲੌਅ ਦੀ ਆਰਤੀ ਹੈ।
ਰੰਗਹੀਣ ਬੰਦਾ ਕਾਲਖ ਦੀ ਨਿਆਈ ਹੈ। ਕਾਇਆਨਾਤ ਦੀ ਮਹਿਮਾ ਫੁੱਲਾਂ ਦੀ ਬਖਸ਼ਿਸ਼ ਦਾ ਸਰਮਾਇਆ। ਚਾਨਣ ਰੰਗਾਂ ਦਾ ਪੁਰਾਗਾ। ਰੋਸ਼ਨੀਆਂ ਦੀ ਮਿਕਨਾਤੀਸੀ ਖਿੱਚ ਰੰਗਾਂ ਦੀ ਖੇਡ ਹੈ। ਮਨੁੱਖ ਦੇ ਆਸੇ ਪਾਸੇ ਖਿੰਡਿਆ ਇਹ ਰੰਗਾਂ ਦਾ ਕ੍ਰਿਸ਼ਮਾ ਕੁਦਰਤ ਦੀ ਸਵੱਲੀ ਨਜ਼ਰ ਹੈ। ਸੂਰਜ ਦੀਆਂ ਕਿਰਨਾਂ ਦੇ ਲਟਬੌਰੇ ਰੰਗ ਮਨੁੱਖੀ ਰੂਹ ਦਾ ਖੇੜਾ।
ਸਮੁੱਚਾ ਜੀਵਨ ਹੀ ਰੰਗਾਂ ਦੀ ਖੇਡ ਹੈ। ਇਹ ਰੰਗ ਮੇਰੇ ਅੰਦਰ ਵੀ ਕਿਤੇ ਵਸੇ ਹੋਏ ਹਨ। ਇਸੇ ਕਰਕੇ ਫੁੱਲਾਂ ਨਾਲ ਮੇਰੀ ਅਟੁੱਟ ਸਾਂਝ ਹੈ। ਫੁੱਲਾਂ ਤੋਂ ਬਗੈਰ ਘਰ ਮੈਂਨੂੰ ਪੱਥਰਾਂ ਦਾ ਤਾਬੂਤ ਲੱਗਦਾ ਹੈ। ਮੈਂ ਘਰ ਨੂੰ ਸਜਾਉਣ ਲਈ ਪਹਿਲਾਂ ਕਾਫੀ ਗਮਲੇ ਖਰੀਦੇ। ਫਿਰ ਨਰਸਰੀਆਂ ਤੋਂ ਭਾਲ ਭਾਲ ਕੇ ਕੁਝ ਦੋਸਤਾਂ ਮਿੱਤਰਾਂ ਦੇ ਘਰਾਂ ਵਿੱਚੋਂ ਕਲਮਾਂ ਦੇ ਰੂਪ ਵਿੱਚ ਬੂਟੇ ਲਿਆ ਕੇ ਗਮਲਿਆਂ ਵਿੱਚ ਲਾਏ। ਮੌਸਮੀ ਫੁੱਲਾਂ ਲਈ ਵੱਖਰੀਆਂ ਕਿਆਰੀਆਂ ਤਿਆਰ ਕੀਤੀਆਂ। ਵਿਹੜੇ ਦੀ ਖੂਬਸੂਰਤੀ ਲਈ ਰੰਗ ਬਰੰਗੀਆਂ ਬੁਗਨਵੇਲੀਆ ਕੰਧਾਂ ’ਤੇ ਚੜ੍ਹਾਈਆਂ। ਕਮਰਿਆਂ ਦੀ ਦਿੱਖ ਨੂੰ ਹਰਿਆ ਭਰਿਆ ਬਣਾਉਣ ਲਈ ਕਰਟਨ-ਵੇਲ ਤੋਂ ਕੰਮ ਲਿਆ। ਮੇਰੇ ਇੱਕ ਲੇਖਕ ਮਿੱਤਰ ਨੇ ਕਈ ਬੂਟਿਆਂ ਤੇ ਵੇਲਾਂ ਦੇ ਨਾਂ ਉਨ੍ਹਾਂ ਲੇਖਕਾਂ ਤੇ ਲੇਖਕਾਵਾਂ ਦੇ ਨਾਂ ’ਤੇ ਰੱਖੇ ਜਿਨ੍ਹਾਂ ਦਾ ਮੇਰੇ ’ਤੇ ਜ਼ਿਆਦਾ ਪ੍ਰਭਾਵ ਜਾਂ ਨੇੜਤਾ ਸੀ।
ਘਰ ਉੱਤੇ ਭਾਵੇਂ ਮੈਂ ਬਹੁਤੇ ਪੈਸੇ ਨਹੀਂ ਸਨ ਖਰਚੇ ਤੇ ਨਾ ਹੀ ਮੇਰੇ ਹਿੱਸੇ ਵਾਲਾ ਘਰ ਬਹੁਤਾ ਵੱਡਾ ਸੀ ਪਰ ਹੋਰ ਘਰਾਂ ਨਾਲੋਂ ਵਿਲੱਖਣ ਜ਼ਰੂਰ ਸੀ। ਨਿੱਕੀਆਂ ਨਿੱਕੀਆਂ ਸਹੂਲਤਾਂ ਇਸ ਘਰ ਦਾ ਹਿੱਸਾ ਸਨ। ਦੋਸਤ ਮਿੱਤਰ ਆਉਂਦੇ, ਠਹਿਰਦੇ, ਸੌਖ ਮਹਿਸੂਸ ਕਰਦੇ। ਬਹੁਤੀ ਵਾਰੀ ਸਾਹਿਤ ਸਭਾ ਦੀ ਮੀਟਿੰਗ ਦਾ ਗੁਣਾ ਵੀ ਮੇਰੇ ਘਰ ’ਤੇ ਪੈਂਦਾ। ਮੈਂਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਨ੍ਹਾਂ ਲੇਖਕਾਂ ਦੇ ਨਾਂ ’ਤੇ ਵੇਲਾਂ, ਬੂਟਿਆਂ ਦੇ ਨਾਂ ਸਨ, ਉਨ੍ਹਾਂ ਵਿੱਚੋਂ ਬਹੁਤਿਆ ਨੇ ਇਸ ਘਰ ਫੇਰੀ ਪਾਈ। ਦਿਲਚਸਪ ਗੱਲ ਹੈ, ਇੱਕ ਵਾਰੀ ਭਾਜੀ ਗੁਰਸ਼ਰਨ ਰਾਤ ਨੂੰ ਨਾਟਕ ਖੇਡ ਕੇ ਮੇਰੇ ਘਰ ਠਹਿਰੇ। ਉਨ੍ਹਾਂ ਨੂੰ ਉਹ ਬੂਟਾ ਵਿਖਾਇਆ ਜਿਹੜਾ ਉਨ੍ਹਾਂ ਦੇ ਨਾਂ ’ਤੇ ਸੀ। ਉਹ ਬੜਾ ਹੱਸੇ! ਇਹ ਕੈਕਟਸ ਦਾ ਬੂਟਾ ਸੀ, ਜਿਸ ਨੂੰ ਸੂਰਜ ਛਿਪਣ ਤੋਂ ਬਾਅਦ ਚਿੱਟੇ ਫੁੱਲ ਖਿੜਦੇ ਹਨ। ਕੈਕਟਸ ਚਿੱਟੇ ਫੁੱਲਾਂ ਨਾਲ ਰਾਤ ਨੂੰ ਖਿੜ ਕੇ ਆਪਣੀ ਆਭਾ ਦੇ ਪੂਰੇ ਜੋਬਨ ’ਤੇ ਸੀ। ਹਨੇਰੇ ਵਿੱਚ ਚਾਨਣ ਵੰਡਣ ਵਾਲਾ ਵਣਜਾਰਾ ਕੋਲ ਖੜ੍ਹਾ ਸੀ। ਇਹ ਫੁੱਲਾਂ ਦੇ ਨਾਵਾਂ ਦੀ ਸਵੀਕ੍ਰਿਤੀ ਮੇਰਾ ਲਈ ਵੱਡਾ ਹਾਸਲ ਸੀ।
ਇਹ ਕਿਤਾਬਾਂ, ਫੁੱਲਾਂ, ਦੋਸਤ ਮਿੱਤਰਾਂ ਨਾਲ ਭਰਿਆ ਘਰ ਕਦੇ ਕਦੇ ਆਂਏ ਲੱਗਦਾ ਅਜੇ ਊਣਾ ਹੈ। ਇੱਕ ਖੋਹ ਜਿਹੀ ਪੈਂਦੀ ਜਿਵੇਂ ਇਹ ਘਰ ਅਜੇ ਵੀ ਮੇਰੇ ਹਾਣ ਦਾ ਨਹੀਂ ਬਣਿਆ। ਸਮਾਂ ਪੈਣ ’ਤੇ ਮੈਂਨੂੰ ਇਹ ਸਾਰਾ ਕੁਝ ਫਿੱਕਾ ਫਿੱਕਾ ਲੱਗਣ ਪਿਆ। ਫੁੱਲ, ਕਿਤਾਬਾਂ, ਦੋਸਤ, ਭਾਵੇਂ ਇਹ ਸਾਰੀਆਂ ਚੀਜ਼ਾਂ ਮੇਰੀ ਹੋਂਦ ਨਾਲ ਜੁੜੀਆਂ ਹੋਈਆਂ ਹਨ ਪਰ ਹੁਣ ਇਨ੍ਹਾਂ ਚੀਜ਼ਾਂ ਨਾਲ ਮੋਹ ਦੇ ਰਿਸ਼ਤੇ ਵਿੱਚ ਉਹ ਚਾਅ ਜਿਹਾ ਨਹੀਂ ਸੀ ਰਿਹਾ ਜਿਹੜਾ ਆਮ ਕਰਕੇ ਹੋਣਾ ਚਾਹੀਦਾ ਸੀ। ਇਹ ਸਭ ਵਸਤਾਂ ਘਰ ਲਈ ਇੱਕ ਰਸਮੀ ਵਰਤਾਰਾ ਬਣ ਕੇ ਰਹਿ ਗਈਆਂ ਲੱਗਦੀਆਂ। ਫੁੱਲ, ਕਿਤਾਬਾਂ ਘਰ ਦੇ ਖਲਾਅ ਨੂੰ ਤਾਂ ਭਰਦੇ ਸਨ ਪਰ ਘਰ ਪੂਰਤੀ ਦਾ ਹਾਸਲ ਖੁਸਦਾ ਮਹਿਸੂਸ ਹੁੰਦਾ ਸੀ। ਸਭ ਕੁਝ ਹੁੰਦਿਆਂ ਸੁੰਦਿਆਂ ਵੀ ਘਰ ਇੱਕ ਆਦਰਸ਼ ਘਰ ਦੀ ਪ੍ਰੀਭਾਸ਼ਾ ਤੋਂ ਊਣਾ ਲੱਗਦਾ।
ਸਾਡੇ ਵਿਆਹ ਨੂੰ ਦਸ ਸਾਲ ਹੋ ਗਏ ਸਨ। ਇਨ੍ਹਾਂ ਦਿਨਾਂ ਵਿੱਚ ਹੀ ਸਾਨੂੰ ਪ੍ਹੜਾਈ ਦੀਆਂ ਡਿਗਰੀਆਂ ਦਾ ਫੌਬੀਆ ਹੋ ਗਿਆ ਸੀ। ਪਤਨੀ ਨੇ ਪਹਿਲਾਂ ਮੈਥ ਆਨਰਜ਼ ਕੀਤਾ ਫਿਰ ਐੱਮ ਏ ਪੁਲੀਟਿਕਸ ਸਾਇੰਸ, ਫਿਰ ਐੱਮ ਕਾਮ ਕੀਤੀ। ਮੈਂ ਵੀ ਨਾਲ ਨਾਲ ਪੈਰ ਵਿੱਚ ਪੈਰ ਧਰਦਾ ਰਿਹਾ। ਇਹ ਸਾਰਾ ਕੁਝ ਵਿਹਲ ਦੇ ਖਲਾਅ ਨੂੰ ਭਰਨ ਦਾ ਇੱਕ ਬਹਾਨਾ ਸੀ। ਇਨ੍ਹਾਂ ਦਿਨਾਂ ਵਿੱਚ ਸਾਡੇ ਘਰ ਪਹਿਲੇ ਬੱਚੇ ਨੇ ਜਨਮ ਲਿਆ। ਘਰ ਦਾ ਸਾਰਾ ਮਾਹੌਲ ਹੀ ਬਦਲ ਗਿਆ। ਇਸ ਨੰਨ੍ਹੀ ਪਰੀ ਦੇ ਆਉਣ ਨਾਲ ਸਾਰਾ ਘਰ ਭਰਿਆ ਭਰਿਆ ਲੱਗਣ ਲੱਗ ਪਿਆ। ਬੱਚੇ ਦੇ ਆਉਣ ਨਾਲ ਘਰ ਵਿੱਚ ਇੱਕ ਖਾਸ ਤਰ੍ਹਾਂ ਦਾ ਹੁਲਾਸ ਪੈਦਾ ਹੋ ਗਿਆ। ਮੈਂਨੂੰ ਘਰ ਦੀ ਹਰ ਚੀਜ਼ ਪਿਆਰੀ ਲੱਗਣ ਲੱਗ ਪਈ। ਬੱਚੇ ਦੀ ਕਿਲਕਾਰੀ ਘਰ ਦੇ ਸੰਨਾਟੇ ਨੂੰ ਤੋੜਦੀ ਹੈ। ਚੁੱਪ ਦਾ ਆਲਮ ਘਰ ਵਿੱਚ ਪਸਰਿਆ ਘੁਣ ਹੈ, ਜੋ ਹੌਲੀ ਹੌਲੀ ਹਰ ਚੀਜ਼ ਨੂੰ ਖਾ ਜਾਂਦੀ ਹੈ। ਪੈਸਾ ਬਜ਼ਾਰੀ ਵਸਤਾਂ ਤਾਂ ਖਰੀਦ ਸਕਦਾ ਹੈ, ਜੋ ਸਜਾਵਟ ਤਾਂ ਪਰਦਾਨ ਕਰਦੀਆਂ ਹਨ ਪਰ ਘਰ ਨਾਲ ਰੂਹ ਦੇ ਰਿਸ਼ਤੇ ਦੀ ਤੰਦ ਜੋ ਆਪ ਮੁਹਾਰੀ ਜੁੜਦੀ ਹੈ, ਉਹ ਤੁਹਾਡੇ ਖੂਨ ਦਾ ਇੱਕ ਹਿੱਸਾ ਹੁੰਦਾ ਹੈ। ਬੱਚੇ ਉਹ ਫੁੱਲ ਹਨ ਜੋ ਘਰ ਨੂੰ ਸਥਾਈ ਪਿਆਰ ਅਰਪਣ ਕਰਦੇ ਹਨ। ਬੰਦਾ ਬੱਚਿਆਂ ਵਿੱਚ ਆਪਣੀ ਪਛਾਣ ਵੇਖਦਾ ਹੈ। ਆਪਣੇ ਭਵਿੱਖ ਦਾ ਸੁਨਹਿਰੀ ਸੁਪਨਾ ਵੀ। ਫੁੱਲ, ਕਿਤਾਬਾਂ ਹੱਥਾਂ ਦੀ ਸਿਰਜੀ ਦੌਲਤ ਹੈ ਤੇ ਬੱਚੇ ਕੁਦਰਤ ਦੀ ਬਖਸ਼ੀ ਅਨਮੋਲ ਅਸੀਸ। ਬੱਚਾ ਬੰਦੇ ਦੀ ਹੋਰ ਜਿਉਣ ਦੀ ਆਸ। ਬੱਚਾ ਮਨੁੱਖ ਦੀ ਕੁਦਰਤ ਨਾਲ ਪੀਡੀ ਸਾਂਝ ਦੀ ਸਿਰਜਣਾ। ਘਰ ਦੀ ਹਰ ਚੀਜ਼ ਵਿੱਚੋਂ ਧੜਕਣ ਉਗਮਦੀ ਹੈ। ਬੱਚੇ ਦੇ ਹਾਸੇ ਨਾਲ ਫੁੱਲ ਹੋਰ ਸੁਹਣੇ ਲੱਗਣ ਲੱਗਦੇ ਹਨ। ਫੁੱਲ ਹੁੰਗਾਰਾ ਭਰਦੇ ਹਨ। ਬੱਚੇ ਦੇ ਬੋਲਾਂ ਨਾਲ ਕਿਤਾਬਾਂ ਬੋਲਣ ਲੱਗਦੀਆਂ ਹਨ। ਘਰ, ਘਰ ਲੱਗਣ ਲੱਗਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2425)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)