“ਹਰਿਆਣੇ ਅਤੇ ਦਿੱਲੀ ਦੇ ਸਥਾਨਕ ਲੋਕਾਂ ਵੱਲੋਂ ਕਿਸਾਨਾਂ ਦਾ ਸਾਥ ਦੇਣਾ ...”
(9 ਦਸੰਬਰ 2020)
ਕੇਂਦਰ ਸਰਕਾਰ ਦੇ ਖੇਤੀ ਸਬੰਧੀ ਬਣਾਏ ਨਵੇਂ ਕਨੂੰਨਾਂ ਦੇ ਖਿਲਾਫ਼ ਪੰਜਾਬ ਦੇ ਮੁਹਾਜ਼ ਤੋਂ ਲਗਭਗ ਦੋ ਮਹੀਨੇ ਤੋਂ ਹੋ ਰਹੇ ਧਰਨੇ-ਪ੍ਰਦਰਸ਼ਨਾਂ ਦਾ ਕੇਂਦਰ ਸਰਕਾਰ ਉੱਪਰ ਕੋਈ ਅਸਰ ਨਾ ਹੋਣ ’ਤੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਜਾ ਕੇ ਰੋਹ ਪ੍ਰਗਟ ਕਰਨ ਦਾ ਫੈਸਲਾ ਲਿਆ। ਇਸ ਦਿੱਲੀ ਕੂਚ ਦੌਰਾਨ ਪੰਜਾਬ ਲੰਬੇ ਸਮੇਂ ਬਾਅਦ ਇੱਕਜੁੱਟ, ਆਪਣੇ ਵਿਰਾਸਤੀ ਜੋਸ਼ ਅਤੇ ਜਜ਼ਬੇ ਦੇ ਅਸਲੀ ਰੂਪ ਵਿੱਚ ਦੇਖਣ ਨੂੰ ਮਿਲਿਆ। ਦਿੱਲੀ ਪਹੁੰਚਣ ਦੇ ਇਸ ਸਫ਼ਰ ਦੇ ਘਟਨਾਕ੍ਰਮ ਅਤੇ ਇਸ ਵਿੱਚ ਆਮ ਲੋਕਾਂ ਦੀ ਵਿਸ਼ਾਲ ਸ਼ਮੂਲੀਅਤ ਨੇ ਜਿੱਥੇ ਇਤਿਹਾਸਕ ਛਾਪ ਛੱਡੀ, ਉੱਥੇ ਇਸ ਵਿੱਚੋਂ ਕੁਝ ਇਤਿਹਾਸਕ ਅਤੇ ਵਿਰਾਸਤੀ ਝਲਕਾਂ ਵੀ ਦੇਖਣ ਨੂੰ ਮਿਲੀਆਂ।
ਸਰਦੀ ਤੇ ਮੀਂਹ ਦਾ ਮੌਸਮ ਅਤੇ ਠੰਢਾ ਬੁਰਜ:
ਕਿਸਾਨਾਂ ਦਾ ਇਹ ਕੂਚ ਵੀ ਸਖ਼ਤ ਸਰਦੀ ਦੇ ਮੌਸਮ ਦੌਰਾਨ ਅਰੰਭ ਹੋਇਆ ਅਤੇ ਦਸਮੇਸ਼ ਪਿਤਾ ਦੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸ਼ਹਾਦਤਾਂ ਦਾ ਸਫ਼ਰ ਵੀ ਕੜਾਕੇ ਦੀ ਠੰਢ ਦੌਰਾਨ ਹੀ ਹੋਇਆ। ਕਿਸਾਨਾਂ ਦੀਆਂ ਸੜਕਾਂ ’ਤੇ ਕੱਟੀਆਂ ਰਾਤਾਂ ਠੰਢੇ ਬੁਰਜ ਦਾ ਕੱਕਰ ਯਾਦ ਕਰਵਾ ਗਈਆਂ ਅਤੇ ਇਨ੍ਹਾਂ ਦੋਹਾਂ ਸਫ਼ਰਾਂ ਨੂੰ ਬਿੱਖੜੇ ਪੈਂਡਿਆਂ ਵਿੱਚੋਂ ਗੁਜ਼ਰਨਾ ਪਿਆ।
ਪਾਣੀ ਦੀਆਂ ਬੁਛਾੜਾਂ ਅਤੇ ਬਰਸਾਤ ਨਾਲ ਸਰਸਾ ਦਾ ਚੜ੍ਹਨਾ:
ਕਿਸਾਨਾਂ ਉੱਪਰ ਹਰਿਆਣਾ ਅਤੇ ਦਿੱਲੀ ਸਰਕਾਰ ਦੀਆਂ ਵਰਸਾਈਆਂ ਪਾਣੀ ਦੀਆਂ ਬੁਛਾੜਾਂ, ਪਰਿਵਾਰ ਵਿਛੋੜੇ ਅਤੇ ਭਾਰੀ ਮੀਂਹ ਨਾਲ ਭਰੀ ਸਰਸਾ ਨਦੀ ਦੀ ਯਾਦ ਤਾਜ਼ਾ ਕਰਵਾ ਗਿਆ।
ਸੜਕਾਂ ਵਿੱਚ ਪੁੱਟੀਆਂ ਖਾਈਆਂ ਅਤੇ ਅਟਕ ਦਰਿਆ:
ਦਿੱਲੀ ਦੇ ਚੁਫੇਰੇ ਦੇ ਸਭ ਰਸਤਿਆਂ ਅਤੇ ਸੜਕਾਂ ਵਿੱਚ ਪੁੱਟੀਆਂ ਦਸ-ਦਸ ਫੁੱਟ ਤਕ ਦੀਆਂ ਖਾਈਆਂ ਨੂੰ ਮਿੰਟੋ-ਮਿੰਟੀ ਪੂਰ ਕੇ, ਪਾਰ ਕਰ ਜਾਣਾ ਅਟਕ ਦਰਿਆ ਦੇ ਉਸ ਮੰਜ਼ਰ ਨੂੰ ਯਾਦ ਕਰਾ ਗਿਆ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਮੂਹਰੇ ਲੱਗ ਕੇ ਦਰਿਆ ਪਾਰ ਕਰਕੇ ਆਪਣੇ ਯੋਧਿਆਂ ਨੂੰ ਲੜਾਈ ਦੌਰਾਨ ਮਦਦ ਪਹੁੰਚਾਈ ਸੀ।
ਸੜਕੀ ਰੁਕਾਵਟਾਂ ਅਤੇ ਕਿਲਿਆਂ ਦੀਆਂ ਫ਼ਸੀਲਾਂ:
ਸਰਕਾਰ ਵੱਲੋਂ ਸੜਕਾਂ ਉੱਪਰ ਭਾਰੇ ਪੱਥਰ, ਕੰਡਿਆਲੀਆਂ ਤਾਰਾਂ, ਸੰਗਲ ਅਤੇ ਭਾਰੀ ਮੋਟਰ ਗੱਡੀਆਂ ਖੜ੍ਹੀਆਂ ਕਰਕੇ ਅੜਿੱਕੇ ਪਾਏ ਗਏ ਸੀ, ਜਿਨ੍ਹਾਂ ਨੂੰ ਹਟਾ ਪਾਉਣਾ ਸਰਕਾਰ ਨੂੰ ਨਾਮੁਮਕਿਨ ਜਾਪ ਰਿਹਾ ਸੀ। ਉਨ੍ਹਾਂ ਅੜਿੱਕਿਆਂ ਨੂੰ ਪੰਜਾਬੀ ਕਿਸਾਨਾਂ ਨੇ ਭਾਰੀ ਮੁਸ਼ੱਕਤ ਨਾਲ ਹਟਾ ਕੇ ਰਸਤੇ ਸਾਫ਼ ਕਰ ਹੀ ਲਏ, ਜੋ ਮੁਲਤਾਨ ਦੇ ਕਿਲ੍ਹੇ ਦੀ ਫ਼ਸੀਲ ਤੋੜਨ ਦੌਰਾਨ ਜਮਜਮਾਂ ਤੋਪ ਦਾ ਪਹੀਆ ਟੁੱਟ ਜਾਣ ਤੇ ਸਿੰਘਾਂ ਦਾ ਇੱਕ ਇੱਕ ਕਰਕੇ ਮੋਢਾ ਦੇ ਕੇ ਤੋਪ ਨੂੰ ਚੱਲਦਾ ਰੱਖਣ ਦਾ ਇਤਿਹਾਸ ਇੱਕ ਵਾਰ ਫੇਰ ਦੁਹਰਾ ਗਿਆ।
ਟਰੈਕਟਰਾਂ ਦੀਆਂ ਸੀਟਾਂ ਅਤੇ ਘੋੜਿਆਂ ਦੀਆਂ ਕਾਠੀਆਂ:
ਦਿੱਲੀ ਕੂਚ ਕਰਦਿਆਂ ਰਾਤਾਂ ਨੂੰ ਅਨੇਕਾਂ ਕਿਸਾਨ ਟਰੈਕਟਰਾਂ ਅਤੇ ਗੱਡੀਆਂ ਦੀਆਂ ਸੀਟਾਂ ਉੱਪਰ, ਟਰਾਲੀਆਂ ਵਿੱਚ ਜਾਂ ਭੁੰਜੇ ਸੜਕਾਂ ’ਤੇ ਸੁੱਤੇ ਦਿਖਾਈ ਦਿੱਤੇ। ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬੀ ਲੋਕ ਘੋੜਿਆਂ ਦੀਆਂ ਕਾਠੀਆਂ ਅਤੇ ਜੰਗਲਾਂ ਵਿੱਚ ਰਹਿ ਕੇ ਹੱਕ ਲੈਣ ਵਾਲੀ ਕੌਮ ਦੇ ਸਮਰੱਥ ਵੰਜਸ਼ ਹਨ।
ਪੁਲਿਸ ਨੂੰ ਲੰਗਰ ਛਕਾਉਣਾ ਅਤੇ ਭਾਈ ਘਨਈਆ ਜੀ:
ਕੇਂਦਰੀ ਹੁਕਮਰਾਨਾਂ ਦੇ ਆਦੇਸ਼ਾਂ ਅਧੀਨ ਲਗਾਏ ਬੈਰੀਕੇਡ ਪਾਰ ਕਰਕੇ ਦਿੱਲੀ ਦੇ ਬਾਰਡਰ ਜਾਂ ਆਪਣੇ ਬਣਾਏ ਆਰਜ਼ੀ ਪੜਾਵਾਂ ’ਤੇ ਪੰਜਾਬੀ ਕਿਸਾਨਾਂ ਨੇ ਅਤੇ ਸਥਾਨਕ ਲੋਕਾਂ ਨੇ ਜਦੋਂ ਲੰਗਰ ਤਿਆਰ ਕੀਤਾ ਤਾਂ ਉਹ ਬਿਨਾਂ ਕਿਸੇ ਭੇਦਭਾਵ ਵਰਤਾਇਆ ਅਤੇ ਅਨੇਕਾਂ ਥਾਵਾਂ ’ਤੇ ਰੋਕਣ, ਡੰਡੇ ਵਰ੍ਹਾਉਣ, ਪਾਣੀ ਸੁੱਟਣ ਅਤੇ ਹੰਝੂ ਗੈਸ ਛੱਡਣ ਵਾਲੀ ਪੁਲਿਸ ਵੀ ਕਿਸਾਨਾਂ ਦੇ ਕੈਂਪਾਂ ਵਿੱਚ ਲੰਗਰ ਖਾਂਦੀ ਜਾਂ ਪਾਣੀ ਪੀਂਦੀ ਦੇਖੀ ਗਈ, ਜੋ ਉਨ੍ਹਾਂ ਵਿੱਚ ਭਾਈ ਘਨ੍ਹਈਆ ਜੀ ਦੀ ਭੇਦਭਾਵ ਰਹਿਤ ਸੇਵਾ ਦੀ ਭਾਵਨਾ ਦੇ ਜਿਊਂਦਾ ਹੋਣ ਦੀ ਗਵਾਹੀ ਦੇ ਰਹੀ ਸੀ।
ਸਥਾਨਕ ਲੋਕਾਂ ਦੀ ਹਮਾਇਤ ਅਤੇ ਹਾਅ ਦਾ ਨਾਅਰਾ:
ਹਰਿਆਣੇ ਅਤੇ ਦਿੱਲੀ ਦੇ ਸਥਾਨਕ ਲੋਕਾਂ ਵੱਲੋਂ ਕਿਸਾਨਾਂ ਦਾ ਸਾਥ ਦੇਣਾ, ਲੰਗਰ ਦਾ ਪ੍ਰਬੰਧ ਕਰਨਾ ਤੇ ਵਰਤਾਉਣਾ, ਫ਼ਲ, ਬਿਸਕੁਟ ਅਤੇ ਕੰਬਲ ਵੰਡਣਾ ਇਹ ਸਾਬਤ ਕਰ ਗਿਆ ਕਿ ਆਮ ਲੋਕ ਅੰਨਦਾਤਾ ਦੀ ਕਦਰ ਕਰਦੇ ਹਨ ਅਤੇ ਉਹ ਹਕੂਮਤ ਦੇ ਉਸ ਨਾਲ ਹੋ ਰਹੇ ਧੱਕੇ ਦੇ ਸਖ਼ਤ ਖਿਲਾਫ਼ ਹਨ। ਇਸ ਦੌਰਾਨ ਸਿੱਖ ਅਤੇ ਮੁਸਲਮਾਨ ਭਰਾ ਇੱਕੋ ਪਰਾਤ ਵਿੱਚ ਆਟਾ ਗੁੰਨ੍ਹਦੇ ਦੇਖੇ ਗਏ ਅਤੇ ਮਸਜਿਦਾਂ ਵਿੱਚ ਵੀ ਖਾਣਾ ਤਿਆਰ ਕਰਕੇ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਹ ਘਟਨਾਕ੍ਰਮ ਨਵਾਬ ਮਲੇਰ ਕੋਟਲਾ ਵੱਲੋਂ ਮੁਗਲ ਹਕੂਮਤ ਦੇ ਜ਼ੁਲਮ ਦੇ ਖਿਲਾਫ਼ ਮਾਰੇ ਗਏ ਹਾਅ ਦਾ ਨਾਅਰੇ ਨੂੰ ਮੁੜ ਜਿੰਦਾ ਕਰ ਗਿਆ।
ਦਿੱਲੀ ਦੀਆਂ ਲੜਕੀਆਂ ਦਾ ਦੁੱਧ ਵਰਤਾਉਣਾ ਅਤੇ ਮੋਤੀ ਰਾਮ ਮਹਿਰਾ:
ਦਿੱਲੀ ਬੈਠੀ ਕੇਂਦਰ ਸਰਕਾਰ ਨਾਲ ਟੱਕਰ ਹੋਣ ਦੇ ਬਾਵਜੂਦ ਦਿੱਲੀ ਵਾਸੀ ਦੋ ਲੜਕੀਆਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਿਸਾਨਾਂ ਲਈ ਗਰਮ ਦੁੱਧ ਦੀ ਸੇਵਾ ਕੀਤੀ ਗਈ। ਹਕੂਮਤ ਨੂੰ ਦਰਕਿਨਾਰ ਕਰਕੇ ਕੀਤੀ ਗਈ ਇਹ ਸੇਵਾ ਮੋਤੀ ਰਾਮ ਮਹਿਰੇ ਵੱਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਖਤਰਾ ਮੁੱਲ ਲੈ ਕੇ ਦੁੱਧ ਪਿਲਾਉਣ ਦੀ ਘਟਨਾ ਦੀ ਮਿਸਾਲ ਦੋਬਾਰਾ ਕਾਇਮ ਕਰ ਗਈ।
ਵਾਟਰ ਕੈਨਨ ’ਤੇ ਸਵਾਰ ਹੋਣਾ ਅਤੇ ਭਾਈ ਬਚਿੱਤਰ ਸਿੰਘ:
ਦੋ ਨੌਜਵਾਨਾਂ ਵੱਲੋਂ ਵੱਖ-ਵੱਖ ਘਟਨਾਵਾਂ ਵਿੱਚ ਪੁਲਿਸ ਦੀ ਪਾਣੀ ਵਰ੍ਹਾਉਣ ਵਾਲੀ ਵਾਟਰ ਕੈਨਨ ’ਤੇ ਸਵਾਰ ਹੋ ਕੇ ਉਸ ਦਾ ਮੂੰਹ ਮੋੜ ਦੇਣਾ, ਮਸਤ ਹਾਥੀ ਨਾਲ ਟੱਕਰ ਲੈਣ ਵਾਲੇ ਭਾਈ ਬਚਿੱਤਰ ਸਿੰਘ ਦੀ ਬਹਾਦਰੀ ਦੀ ਯਾਦ ਤਾਜ਼ਾ ਕਰਵਾ ਗਿਆ।
ਟਰਾਲੀਆਂ ਵਿੱਚ ਹੁੰਦੇ ਨਿਤਨੇਮ ਅਤੇ ਸਰਸਾ ਕੰਢੇ ਆਸਾ ਦੀ ਵਾਰ:
ਅਨੇਕਾਂ ਔਕੜਾਂ ਦੇ ਦਰਮਿਆਨ ਹੁੰਦੇ ਹੋਏ ਵੀ ਬਹੁਤ ਸਾਰੇ ਕਿਸਾਨ ਤਿਰਪਾਲਾਂ ਦੀਆਂ ਛੱਤਾਂ ਵਾਲੀਆਂ ਟਰਾਲੀਆਂ ਵਿੱਚ ਬੈਠੇ ਨਿਤਨੇਮ ਦਾ ਪਾਠ ਕਰਦੇ ਦੇਖੇ ਗਏ ਜਿਸ ਵਿੱਚੋਂ ਸਰਸਾ ਕੰਢੇ ਦਸਮੇਸ਼ ਪਿਤਾ ਵੱਲੋਂ ਦਰਪੇਸ਼ ਕਠਿਨਾਈਆਂ ਦੇ ਬਾਵਜੂਦ ਕਰਵਾਏ ਨਿੱਤਨੇਮ ਅਤੇ ਆਸਾ ਦੀ ਵਾਰ ਦੀ ਝਲਕ ਮਿਲ ਰਹੀ ਸੀ।
ਔਰਤਾਂ ਦੀ ਸਰਗਰਮ ਭੂਮਿਕਾ ਅਤੇ ਮਾਈ ਭਾਗੋ:
ਪੰਜਾਬੀ ਮਾਤਾਵਾਂ-ਭੈਣਾਂ ਦਾ ਇਸ ਲੰਬੇ ਅਤੇ ਔਖੇ ਸਫ਼ਰ ਵਿੱਚ ਵੀ ਕਿਸਾਨਾਂ ਦਾ ਸਾਥ ਦੇਣਾ ਅਤੇ ਅਜਿਹੇ ਠੰਢ ਦੇ ਮੌਸਮ ਵਿੱਚ ਬੱਚਿਆਂ ਸਣੇ ਘਰੋਂ ਬਾਹਰ ਟਰਾਲੀਆਂ ਵਿੱਚ ਰਾਤਾਂ ਦੌਰਾਨ ਵੀ ਡਟੇ ਰਹਿਣਾ ਵੀ ਮਾਈ ਭਾਗੋ ਵਾਲੇ ਜਜ਼ਬੇ ਦੀ ਮਿਸਾਲ ਬਣ ਕੇ ਉੱਭਰਿਆ।
ਇਸ ਕੂਚ ਦੌਰਾਨ ਵਾਪਰੇ ਵਰਤਾਰੇ ਵਿੱਚੋਂ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਮੇਲ ਖਾਂਦੀਆਂ ਅਨੇਕਾਂ ਝਲਕਾਂ ਦੇਖਣ ਨੂੰ ਮਿਲੀਆਂ। ਇਸ ਤੋਂ ਇਲਾਵਾ ਅਨੇਕ ਜਥਿਆਂ ਦੀ ਵਾਗਡੋਰ ਨੌਜਵਾਨਾਂ ਦੇ ਹੱਥ ਹੋਣ ਦੇ ਬਾਵਜੂਦ ਕਿਸੇ ਵੀ ਬੈਰੀਕੇਡ ਤੇ ਹੁੱਲ੍ਹੜਬਾਜ਼ੀ ਜਾਂ ਹਿੰਸਾ ਨਹੀਂ ਹੋਈ। ਸਭ ਨੇ ਗੱਲਬਾਤ, ਸੂਝ, ਸੰਜਮ ਅਤੇ ਜਾਬਤੇ ਦੀ ਵਰਤੋਂ ਅਤੇ ਪਾਲਣਾ ਕੀਤੀ ਜੋ ਵਿਰਾਸਤੀ ਸਿੱਖ ਮਰਿਆਦਾ ਦੀ ਮਿਸਾਲ ਬਣ ਕੇ ਸਾਹਮਣੇ ਆਈ। ਨੌਜਵਾਨ ਕਿਸਾਨਾਂ ਨੇ ਜਿਸ ਜੋਸ਼ ਨਾਲ ਸੜਕੀ ਰੁਕਾਵਟਾਂ ਵਜੋਂ ਵਰਤੇ ਭਾਰੇ ਪੱਥਰਾਂ, ਟਿੱਪਰਾਂ, ਮਿੱਟੀ ਦੇ ਢੇਰਾਂ, ਕੰਟੇਨਰਾਂ ਤੇ ਖਾਈਆਂ ਨੂੰ ਪਾਰ ਕੀਤਾ ਅਤੇ ਪਾਣੀ ਦੀਆਂ ਤੇਜ਼ ਬੁਛਾੜਾਂ ਦਾ ਸਾਹਮਣਾ ਕੀਤਾ। ਇਹ ਉਹਨਾਂ ਉੱਤੇ ਨਸ਼ੇ ਦੇ ਸ਼ਿਕਾਰ ਹੋਣ ਦੇ ਇਲਜ਼ਾਮ ਲਾਉਣ ਵਾਲਿਆਂ ਦੇ ਮੂੰਹ ’ਤੇ ਕਰਾਰੀ ਚਪੇੜ ਮਾਰ ਗਿਆ। ਉਹਨਾਂ ਵੱਲੋਂ ਫੇਸਬੁੱਕ ਲਾਈਵ ਹੋ ਕੇ ਅਤੇ ਵੀਡੀਓ ਬਣਾਕੇ ਵਧੀਆ ਐਂਕਰਿੰਗ ਨਾਲ ਪ੍ਰਸਾਰਤ ਕੀਤੀ ਇਸ ਸੰਘਰਸ਼ ਦੀ ਅਸਲ ਤਸਵੀਰ ਨੇ ਭਾਰਤ ਦੇ ਮੀਡੀਆ ਨੂੰ ਇਸ ਸੰਘਰਸ਼ ਦੀ ਰੰਗਤ ਬਦਲਣ ਦਾ ਮੌਕਾ ਨਹੀਂ ਦਿੱਤਾ। ਉਹਨਾਂ ਵੱਲੋਂ ਅਸਲ ਹਾਲਾਤ ਅਤੇ ਸੱਚਾਈ ਲੋਕਾਂ ਅਤੇ ਦੁਨੀਆਂ ਤਕ ਪਹੁੰਚਾਈ ਗਈ, ਜੋ ਪੰਜਾਬ ਦੇ ਨੌਜਵਾਨ ਦੇ ਭਟਕੇ ਹੋਏ ਹੋਣ ਦੇ ਇਲਜ਼ਾਮ ਨੂੰ ਮੁੱਢੋਂ ਖਾਰਜ ਕਰ ਗਈ। ਕਿਸਾਨਾਂ ਦੇ ਜੋਸ਼, ਆਪਸੀ ਸਹਿਯੋਗ ਅਤੇ ਮਿਲਵਰਤਨ ਨੂੰ ਦੇਖ ਕੇ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਦੇਸ਼ ਦੇ ਅੰਨਦਾਤੇ ਨੂੰ ਉਸਦਾ ਬਣਦਾ ਹੱਕ ਜ਼ਰੂਰ ਮਿਲਕੇ ਰਹੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2455)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































