SukhbirSKang7ਪੜ੍ਹਾਈ ਸਾਨੂੰ ਕੰਮ ਜਾਂ ਕਿੱਤੇ ਨੂੰ ਕਰਨ ਦੀ ਯੋਗਤਾ ਦਿੰਦੀ ਹੈ ਜਦਕਿ ਗਿਆਨ ਸਾਨੂੰ ...
(10 ਫਰਵਰੀ 2019)

 

ਹਰ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਪ੍ਰਵਾਹ, ਵਿਕਾਸ ਅਤੇ ਸਫ਼ਲਤਾ ਵਿੱਚ ਉਸਦੀ ਪੜ੍ਹਾਈ, ਵਿੱਦਿਆ ਅਤੇ ਗਿਆਨ ਦਾ ਕਾਫ਼ੀ ਪ੍ਰਭਾਵ ਹੁੰਦਾ ਹੈਪੜ੍ਹਾਈ ਕੀਤੀ ਜਾਂਦੀ ਹੈ, ਵਿੱਦਿਆ ਗ੍ਰਹਿਣ ਕੀਤੀ ਜਾਂਦੀ ਹੈ ਅਤੇ ਗਿਆਨ ਹਾਸਿਲ ਕੀਤਾ ਜਾਂਦਾ ਹੈਪੜ੍ਹਾਈ ਕਰਕੇ ਵਿੱਦਿਆ ਗ੍ਰਹਿਣ ਕੀਤੀ ਜਾਂਦੀ ਹੈ ਭਾਵ ਪੜ੍ਹਾਈ ਵਿੱਦਿਆ ਗ੍ਰਹਿਣ ਕਰਨ ਦਾ ਜ਼ਰੀਆ ਹੈਵਿੱਦਿਆ ਨੂੰ ਅਸੀਂ ਪੜ੍ਹਾਈ ਦੇ ਪੜਾਅ ਜਾਂ ਮੰਜ਼ਿਲ ਦੇ ਤੌਰ ’ਤੇ ਦੇਖ ਸਕਦੇ ਹਾਂਭਾਵੇਂ ਕਿ ਪੜ੍ਹਾਈ, ਵਿੱਦਿਆ ਜਾਂ ਗਿਆਨ ਦੀ ਕੋਈ ਸੀਮਾ ਨਹੀਂ ਹੈ, ਫਿਰ ਵੀ ਪੜ੍ਹਾਈ ਕਿਸੇ ਮੁਕਾਮ ’ਤੇ ਜਾ ਕੇ ਰੁਕ ਸਕਦੀ ਹੈ। ਪਰ ਗਿਆਨ ਨਿਰੰਤਰ ਵਗਦਾ ਪ੍ਰਵਾਹ ਹੈ ਜੋ ਹਰ ਵਿਅਕਤੀ ਨੂੰ ਪਹਿਲੀ ਕਿਲਕਾਰੀ ਤੋਂ ਲੈ ਕੇ ਆਖ਼ਰੀ ਸਾਹ ਤੱਕ ਮਿਲਦਾ ਰਹਿੰਦਾ ਹੈਪੜ੍ਹਾਈ ਅਤੇ ਵਿੱਦਿਆ ਰਸਮੀ ਤੌਰ ’ਤੇ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਗਿਆਨ ਸਾਨੂੰ ਕਿਤੋਂ ਵੀ ਮਿਲ ਸਕਦਾ ਹੈਪੜ੍ਹਨ ਲਈ ਸਾਨੂੰ ਸਕੂਲ, ਕਾਲਜ ਆਦਿ ਵਿੱਚ ਜਾਣਾ ਪੈਂਦਾ ਹੈ ਅਤੇ ਗਿਆਨ ਸਾਨੂੰ ਸੰਗਤ, ਤਜਰਬੇ, ਸਾਹਿਤ, ਰੂਹਾਨੀਅਤ ਆਦਿ ਤੋਂ ਮਿਲਦਾ ਹੈਪੜ੍ਹਾਈ ਸਾਨੂੰ ਕੰਮ ਅਤੇ ਕਮਾਈ ਦੇ ਯੋਗ ਬਣਾਉਂਦੀ ਹੈ ਅਤੇ ਗਿਆਨ ਸਾਨੂੰ ਜਿਊਣਾ ਸਿਖਾਉਂਦਾ ਹੈ ਜਿਸ ਨਾਲ ਵਿਅਕਤੀ ਦੇ ਨਿੱਜੀ, ਪਰਿਵਾਰਕ, ਸਮਾਜਿਕ ਅਤੇ ਰੂਹਾਨੀ ਸਬੰਧ ਅਤੇ ਰਿਸ਼ਤੇ ਨਿੱਖਰਦੇ ਹਨ

ਚੰਗੀ ਪੜ੍ਹਾਈ ਕਰਨ ਲਈ ਸਾਡੇ ਅੰਦਰ ਲਗਨ ਅਤੇ ਚਾਹਤ ਦਾ ਹੋਣਾ ਜ਼ਰੂਰੀ ਹੈ ਅਤੇ ਗਿਆਨ ਹਾਸਿਲ ਕਰਦੇ ਰਹਿਣ ਲਈ ਸਾਡੇ ਮਨ ਅਤੇ ਦਿਮਾਗ ਦੇ ਕਿਵਾੜ ਖੁੱਲ੍ਹੇ ਰੱਖਣਾ ਬਹੁਤ ਜ਼ਰੂਰੀ ਹੈਤਾਂਘ ਤੋਂ ਬਿਨਾਂ ਵਿੱਦਿਆ ਗ੍ਰਹਿਣ ਨਹੀਂ ਕੀਤੀ ਜਾ ਸਕਦੀ ਅਤੇ ਸੌੜੇ ਮਨ ਜਾਂ ਤੰਗ-ਦਿਲੀ ਨਾਲ ਗਿਆਨ ਦੇ ਭੰਡਾਰ ਨਹੀਂ ਭਰੇ ਜਾ ਸਕਦੇਇਸ ਲਈ ਸਾਨੂੰ ਲਗਾਤਾਰ ਸਿੱਖਦੇ ਰਹਿਣ ਦੀ ਭੁੱਖ ਹਮੇਸ਼ਾ ਕਾਇਮ ਰੱਖਣੀ ਚਾਹੀਦੀ ਹੈਪੜ੍ਹਾਈ ਸਾਨੂੰ ਕੰਮ ਜਾਂ ਕਿੱਤੇ ਨੂੰ ਕਰਨ ਦੀ ਯੋਗਤਾ ਦਿੰਦੀ ਹੈ ਜਦਕਿ ਗਿਆਨ ਸਾਨੂੰ ਸਰਵਪੱਖੀ ਜਾਂਚ ਸਿਖਾਉਂਦਾ ਹੈ ਅਤੇ ਅਸੀਂ ਕਹਿ ਸਕਦੇ ਹਾਂ ਕਿ ਜੱਦੀ ਜੀਨਸ ਤੋਂ ਬਾਅਦ ਪੜ੍ਹਾਈ ਦਾ ਢੰਗ, ਵਿੱਦਿਆ ਦਾ ਪੱਧਰ ਅਤੇ ਗਿਆਨ ਦਾ ਖਜ਼ਾਨਾ ਹੀ ਹੈ ਜੋ ਮਨੁੱਖੀ ਬੁੱਧੀ ਦੀ ਸਿਰਜਣਾ ਅਤੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦਾ ਹੈ

ਇੱਥੇ ਇੱਕ ਹੋਰ ਧਿਆਨ ਦੇਣ ਵਾਲੀ ਗੱਲ ਹੈ ਕਿ ਪੜ੍ਹਾਈ ਅਤੇ ਵਿੱਦਿਆ ਸਾਨੂੰ ਮੁੱਲ ਮਿਲਦੀ ਹੈ ਜਦ ਕਿ ਗਿਆਨ ਮੁਫ਼ਤ ਵਿੱਚ ਵੀ ਮਿਲ ਸਕਦਾ ਹੈਅੱਜ ਦੇ ਸਿੱਖਿਆਤੰਤਰ ’ਤੇ ਨਜ਼ਰ ਮਾਰੀਏ ਤਾਂ ਦੇਖਣ ਵਿੱਚ ਆਉਂਦਾ ਹੈ ਕਿ ਸਾਡੇ ਬੱਚੇ ਜਾਣਕਾਰੀਆਂ, ਸੂਚਨਾਵਾਂ ਅਤੇ ਵਿੱਦਿਅਕ ਪੱਧਰ ਤਾਂ ਬਹੁਤ ਇਕੱਤਰ ਕਰ ਲੈਂਦੇ ਹਨ, ਪਰ ਉਹ ਜੀਵਨ-ਜਾਂਚ ਦੇ ਗੂੜ੍ਹ-ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨਇਸਦੇ ਕਈ ਕਾਰਨ ਹਨ ਜਿਵੇਂ ਪੜ੍ਹਾਈ ਦੇ ਅਰੰਭ ਵਿੱਚ ਬੱਚੇ ਨੂੰ ਮੁਹਾਰਨੀ ਬੋਲਣਾ, ਕਲਮ ਫੜਨੀ ਅਤੇ ਫਿਰ ਪੂਰਨਿਆਂ ’ਤੇ ਲਿਖਣਾ ਸਿਖਾਇਆ ਜਾਂਦਾ ਹੈਬੱਚੇ ਦੇ ਪੜ੍ਹਾਈ ਅਤੇ ਲਿਖਾਈ ਦੇ ਢੰਗ ਅਤੇ ਰੀਝ ਉੱਪਰ ਹੀ ਉਸਦੀ ਵਿੱਦਿਆ ਦੇ ਮਹਿਲ ਦੀ ਉਚਾਈ ਤੇ ਘੇਰਾ ਨਿਰਭਰ ਕਰਦਾ ਹੈਇਸੇ ਤਰ੍ਹਾਂ ਬੱਚੇ ਨੂੰ ਸ਼ੁਰੂ ਤੋਂ ਹੀ ਗਿਆਨ ਹਾਸਿਲ ਕਰਨ ਦੀ ਗੁੜ੍ਹਤੀ ਬਹੁਤ ਜ਼ਰੂਰੀ ਹੈਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਪੜ੍ਹਾਈ ਦੇ ਨਾਲ-ਨਾਲ ਸਰਵਪੱਖੀ ਵਿਕਾਸ ਅਤੇ ਗਿਆਨ ਦੀ ਮਹੱਤਤਾ ਬਾਰੇ ਵੀ ਪ੍ਰੇਰਨਾ ਜ਼ਰੂਰ ਦੇਣ ਤਾਂ ਕਿ ਉਹ ਪੜ੍ਹਿਆ-ਲਿਖਿਆ ਹੋਣ ਦੇ ਨਾਲ ਗਿਆਨਵਾਨ ਵੀ ਬਣ ਸਕੇ ਅਤੇ ਕੰਮ ਅਤੇ ਕਮਾਈ ਤੋਂ ਇਲਾਵਾ ਜ਼ਿੰਦਗੀ ਦੇ ਫਲਸਫ਼ੇ ਦੀ ਵੀ ਸੂਝ ਰੱਖਦਾ ਹੋਵੇਉੱਚੀ ਵਿੱਦਿਆ, ਚੰਗਾ ਕੰਮ ਅਤੇ ਖੁੱਲ੍ਹੀ ਕਮਾਈ ਦਾ ਵੀ ਤਾਂ ਹੀ ਫਾਇਦਾ ਹੈ ਜੇਕਰ ਉਸਨੂੰ ਮਾਨਣ ਅਤੇ ਸੰਭਾਲਣ ਦੀ ਜਾਂਚ ਆਉਂਦੀ ਹੋਵੇਇਸ ਲਈ ਬੱਚੇ ਨੂੰ ਛੋਟੀ ਉਮਰ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਚੰਗੀਆਂ ਗੱਲਾਂ ਅਤੇ ਚੰਗੇ ਵਿਚਾਰ ਸੁਣਨ ਅਤੇ ਧਾਰਨ ਕਰਨ ਦੀ ਆਦਤ ਪਾ ਦੇਣੀ ਚਾਹੀਦੀ ਹੈਬਚਪਨ ਤੋਂ ਲੱਗੀ ਇਹ ਚੇਟਕ ਬਾਅਦ ਦੀ ਉਮਰ ਵਿੱਚ ਜ਼ਰੂਰ ਹੀ ਫਲ ਦਿੰਦੀ ਹੈਮਾਪਿਆਂ ਨੂੰ ਬਚਪਨ ਤੋਂ ਹੀ ਬੱਚੇ ਨੂੰ ਜ਼ਿੰਦਗੀ ਦੀਆਂ ਸਚਾਈਆਂ ਅਤੇ ਤੱਥਾਂ ਬਾਰੇ ਦੱਸਦੇ ਰਹਿਣਾ ਚਾਹੀਦਾ ਹੈ

ਅੱਜ ਤੋਂ ਕੁਝ ਅਰਸਾ ਪਹਿਲਾਂ ਤੱਕ ਪਰਿਵਾਰ ਸਾਂਝੇ ਅਤੇ ਵੱਡੇ ਹੁੰਦੇ ਸਨਦਾਦਾ-ਦਾਦੀ ਅਤੇ ਨਾਨਾ-ਨਾਨੀ ਬੱਚਿਆਂ ਨੂੰ ਕਹਾਣੀਆਂ ਸੁਣਾ ਕੇ ਆਪਣੀ ਸਾਰੀ ਉਮਰ ਦਾ ਸ਼ੁੱਧ ਗਿਆਨ ਬੜੇ ਸਾਦੇ ਅਤੇ ਸਰਲ ਢੰਗ ਨਾਲ਼ ਦੇ ਦਿੰਦੇ ਸਨਬੱਚੇ ਦਿਲਚਸਪ ਗੱਲਾਂ, ਦਲੀਲਾਂ ਅਤੇ ਕਥਾਵਾਂ ਰਾਹੀਂ ਬਜ਼ੁਰਗਾਂ ਤੋਂ ਗੁਣ ਗ੍ਰਹਿਣ ਕਰਦੇ ਰਹਿੰਦੇ ਸਨਘਰ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਕੋਲ ਕਾਫ਼ੀ ਵਿਹਲਾ ਸਮਾਂ ਹੁੰਦਾ ਸੀ ਅਤੇ ਇਸੇ ਕਾਰਨ ਬੱਚੇ ਬਜ਼ੁਰਗਾਂ ਨਾਲ ਵਧੇਰੇ ਸਮਾਂ ਬਿਤਾਉਂਦੇ ਸਨਬਜ਼ੁਰਗ ਵੀ ਬੱਚਿਆਂ ਨੂੰ ਆਪਣੇ ਤਜ਼ਰਬਿਆਂ ਅਤੇ ਸੰਗਤ ਤੋਂ ਮਿਲੇ ਗਿਆਨ ਦੀ ਖੁਰਾਕ ਦਿੰਦੇ ਰਹਿੰਦੇ ਸਨਅੱਜ ਪਰਿਵਾਰ ਵੱਖਰੇ ਅਤੇ ਛੋਟੇ ਹੋ ਗਏ ਹਨਛੋਟੇ ਪਰਿਵਾਰਾਂ ਦੇ ਮਾਪਿਆਂ ਦੀ ਜ਼ਿੰਦਗੀ ਵਧੇਰੇ ਰੁਝੇਵਿਆਂ ਭਰੀ ਹੁੰਦੀ ਹੈ ਅਤੇ ਉਹ ਸਦਾ ਸਮੇਂ ਦੀ ਘਾਟ ਦਾ ਸ਼ਿਕਾਰ ਰਹਿੰਦੇ ਹਨਉਹ ਆਪਣੇ ਲਈ ਅਤੇ ਬੱਚਿਆਂ ਲਈ ਸਮਾਂ ਨਹੀਂ ਕੱਢ ਪਾਉਂਦੇ ਅਤੇ ਅਕਸਰ ਅਜਿਹੇ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਣ ਦੀ ਉਮਰ ਉਹਨਾਂ ਦੇ ਧਿਆਨ ਤੋਂ ਵਾਂਝੀ ਰਹਿ ਜਾਂਦੀ ਹੈ ਕਿਉਂਕਿ ਬੱਚਿਆਂ ਦੇ ਸਿੱਖਣ ਦੀ ਅਸਲ ਉਮਰ ਅਤੇ ਸਹੀ ਪਾਲਣ-ਪੋਸ਼ਣ ਦੇਣ ਦੀ ਉਮਰ ਦਾ ਇਹ ਅਰਸਾ ਹੀ ਮਾਪਿਆਂ ਦੇ ਸੰਘਰਸ਼ ਦਾ ਸਮਾਂ ਹੁੰਦਾ ਹੈਫਿਰ ਵੀ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਛੋਟੀ ਉਮਰ ਦੀਆਂ ਜ਼ਰੂਰਤਾਂ ਲਈ ਜ਼ਰੂਰ ਸਮਾਂ ਕੱਢਣਾ ਚਾਹੀਦਾ ਹੈ

ਜੋ ਸ਼ੁੱਧ ਗਿਆਨ ਅਤੇ ਸਹੀ ਸੇਧ ਬੱਚੇ ਨੂੰ ਮਾਪਿਆਂ ਅਤੇ ਦਾਦਾ-ਦਾਦੀ ਤੋਂ ਮਿਲ ਸਕਦਾ ਹੈ ਉਸਦੀ ਆਸ ਰਿਸ਼ਤੇਦਾਰਾਂ, ਆਇਆ ਜਾਂ ਨੌਕਰਾਂ ਤੋਂ ਨਹੀਂ ਕੀਤੀ ਜਾ ਸਕਦੀਮਾਪਿਆਂ ਨੂੰ ਖੁਦ ਸਮਾਂ ਦੇ ਕੇ ਬੱਚਿਆਂ ਵਿੱਚ ਵੱਧ ਤੋਂ ਵੱਧ ਸਿੱਖਣ ਦਾ ਸ਼ੌਕ ਪੈਦਾ ਕਰ ਦੇਣਾ ਚਾਹੀਦਾ ਹੈ ਕਿਉਂਕਿ ਬੱਚੇ ਨੂੰ ਤੁਰਨ ਅਤੇ ਬੋਲਣ ਦੀ ਜਾਚ, ਔਰਤਾਂ ਨੂੰ ਸਬਜ਼ੀ ਕੱਟਣ ਅਤੇ ਰੋਟੀ ਬਣਾਉਣ ਦੀ ਜਾਚ, ਜੱਟ ਨੂੰ ਕਹੀ ਫੜਨ ਅਤੇ ਖੇਤ ਵਾਹੁਣ ਦੀ ਜਾਚ, ਮਿਸਤਰੀ ਜਾਂ ਸੁਨਿਆਰੇ ਨੂੰ ਹੱਥ ਦੀ ਸਫ਼ਾਈ ਦੀ ਜਾਚ, ਬਾਣੀਏ ਨੂੰ ਵਣਜ ਦੀ ਜਾਚ ਅਤੇ ਦੁਕਾਨਦਾਰ ਨੂੰ ਸੌਦੇ ਲਾਉਣ ਅਤੇ ਲਿਫ਼ਾਫੇ ਦਾ ਮੂੰਹ ਬੰਦ ਕਰਨ ਦੀ ਜਾਚ, ਵੈਦ ਨੂੰ ਪੁੜੀ ਬਣਾਉਣ ਦੀ ਜਾਚ, ਨਾਈ ਨੂੰ ਕੈਂਚੀ ਫੜਨ ਦੀ ਜਾਚ, ਸੁਆਣੀ ਨੂੰ ਮੱਝ ਦੀ ਧਾਰ ਕੱਢਣ ਦੀ ਜਾਚ ਆਦਿ ਬਹੁਤ ਸਾਰੀਆਂ ਗੱਲਾਂ ਹਨ ਜੋ ਕਿਸੇ ਸਕੂਲ-ਕਾਲਜ ਵਿੱਚ ਨਹੀਂ ਸਿਖਾਈਆਂ ਜਾਂਦੀਆਂ

ਬਹੁਤ ਸਾਰੇ ਕਾਰੋਬਾਰੀ ਅਤੇ ਵਪਾਰੀ ਘਰਾਣੇ ਇਸੇ ਕਾਰਨ ਫੇਲ੍ਹ ਹੁੰਦੇ ਦੇਖੇ ਗਏ ਹਨ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਈ ਤਾਂ ਬਹੁਤ ਕਰਾਈ ਅਤੇ ਵਿੱਦਿਆ ਤਾਂ ਬਹੁਤ ਉੱਚੀ ਦਿਵਾ ਦਿੱਤੀ, ਪਰ ਉਹਨਾਂ ਨੂੰ ਆਪਣੇ ਘਰੇਲੂ ਕਿੱਤੇ ਜਾਂ ਵਪਾਰ ਦਾ ਗਿਆਨ ਦੇਣ ਤੋਂ ਖੁੰਝ ਗਏਇਸ ਦੇ ਨਤੀਜੇ ਵਜੋਂ ਬੱਚੇ ਘਰੇਲੂ ਕਾਰੋਬਾਰ ਦੀਆਂ ਬਰੀਕੀਆਂ ਤੋਂ ਜਾਣੂ ਨਹੀਂ ਹੋ ਸਕੇ, ਨਾ ਹੀ ਉਹਨਾਂ ਨੂੰ ਘਰ ਦੇ ਪਹਿਲਾਂ ਤੋਂ ਚੱਲਦੇ ਕਾਰੋਬਾਰ ਜਾਂ ਕਿੱਤੇ ਪ੍ਰਤੀ ਲਗਾਓ ਪੈਦਾ ਹੋ ਸਕਿਆਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਨੂੰ ਬੱਚਿਆਂ ਵਿੱਚ ਅਤੇ ਖੁਦ ਵਿੱਚ ਵੀ ਪੜ੍ਹਾਈ ਅਤੇ ਵਿੱਦਿਆ ਦੇ ਨਾਲ ਹੋਰ ਗਿਆਨ ਹਾਸਲ ਦੀ ਜਾਚ, ਸੂਝ ਅਤੇ ਸ਼ੌਕ ਜ਼ਰੂਰ ਪੈਦਾ ਕਰਨਾ ਚਾਹੀਦਾ ਹੈਜੇਕਰ ਅਸੀਂ ਆਪਣੇ ਅਤੇ ਬੱਚਿਆਂ ਅੰਦਰ ਪੜ੍ਹਾਈ ਦਾ ਢੰਗ, ਵਿੱਦਿਆ ਦੀ ਅਹਿਮੀਅਤ ਅਤੇ ਗਿਆਨ ਦੀ ਭੁੱਖ ਪੈਦਾ ਕਰਨ ਵਿੱਚ ਸਫ਼ਲ ਹੋ ਜਾਂਦੇ ਹਾਂ ਤਾਂ ਹੀ ਅਸੀਂ ਅਤੇ ਫਿਰ ਉਹ ਸੂਝਵਾਨ ਬਣ ਸਕਦੇ ਹਨਇਸ ਤੋਂ ਖੁੰਝ ਜਾਣ ’ਤੇ ਸਾਡੀ ਸੁੱਖ, ਸਮਾਂ, ਸਿਹਤ ਤੇ ਰਿਸ਼ਤੇ ਮਾਰ ਕੇ ਕੀਤੀ ਕਮਾਈ ਨਿਹਫਲ ਹੈ

*****

(1480)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੁਖਵੀਰ ਸਿੰਘ ਕੰਗ

ਸੁਖਵੀਰ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 85678 - 72291)