SukhbirSKang7ਜੀਵਨ ਦੇ ਕਿਰਦਾਰ ਦੇ ਦੂਸਰੇ ਪੱਖ ਨੂੰ ਉਹ ਆਪਣੀ ਸੂਝਸਿਆਣਪਲੋੜ ਅਤੇ ਪਹੁੰਚ ਮੁਤਾਬਕ ...
(19 ਜੂਨ 2018)

 

ਦੁਨੀਆਂ ਵਿੱਚ ਪੈਦਾ ਹੋਣ ਵਾਲਾ ਹਰ ਵਿਅਕਤੀ ਧਰਤੀ ਉੱਪਰ ਚੱਲ ਰਹੇ ਮਨੁੱਖੀ ਜ਼ਿੰਦਗੀ ਇਸ ਨਾਟਕ ਵਿੱਚ ਆਪਣਾ ਕਿਰਦਾਰ ਨਿਭਾਅ ਕੇ ਤੁਰ ਜਾਂਦਾ ਹੈਇਸ ਕਿਰਦਾਰ ਦੀ ਰੂਪ-ਰੇਖਾ ਤਾਂ ਉਹ ਆਪ ਨਿਯਤ ਨਹੀਂ ਕਰਦਾ ਹੈ ਪਰ ਉਸ ਰੂਪ-ਰੇਖਾ ਵਿਚ ਰੰਗ ਭਰਨੇ ਅਤੇ ਰੂਹ ਫੂਕਣਾ ਉਸਦੇ ਹੱਥ ਵਿੱਚ ਹੁੰਦਾ ਹੈਉਸਦੀ ਜ਼ਿੰਦਗੀ ਦਾ ਪਹਿਲਾ ਪੱਖ ਉਸ ਦੇ ਵੱਸ ਵਿੱਚ ਨਹੀਂ ਹੁੰਦਾ ਕਿ ਉਹ ਕਿਸ ਭੂਗੋਲਿਕ ਸਥਿਤੀ ਜਾਂ ਖਿੱਤੇ ਵਿੱਚ ਪੈਦਾ ਹੁੰਦਾ ਹੈ ਅਤੇ ਉਹ ਕਿਸ ਦੇਸ਼, ਕੌਮ, ਧਰਮ, ਕੁਲ ਜਾਂ ਪਰਿਵਾਰ ਵਿੱਚ ਜਨਮ ਲੈਂਦਾ ਹੈ ਜੀਵਨ ਦੇ ਕਿਰਦਾਰ ਦੇ ਦੂਸਰੇ ਪੱਖ ਨੂੰ ਉਹ ਆਪਣੀ ਸੂਝ, ਸਿਆਣਪ, ਲੋੜ ਅਤੇ ਪਹੁੰਚ ਮੁਤਾਬਕ ਢਾਲ ਸਕਦਾ ਹੈ ਅਤੇ ਇਹ ਪੱਖ ਕਾਫੀ ਹੱਦ ਤੱਕ ਉਸਦੇ ਵੱਸ ਵਿੱਚ ਹੁੰਦਾ ਹੈਸੋਹਣਾ ਜਾਂ ਕੋਝਾ ਹੋਣਾ ਤਾਂ ਸਾਡੇ ਵੱਸ ਵਿੱਚ ਨਹੀਂ ਹੈ ਪਰ ਉਸੇ ਰੂਪ ਨੂੰ ਸੂਝ ਨਾਲ ਨਿਖਾਰ ਕੇ ਅਤੇ ਗੁਣਾਂ ਨਾਲ ਸ਼ਿੰਗਾਰ ਲੈਣਾ ਯਕੀਨਨ ਸਾਡੇ ਹੱਥਾਂ ਵਿੱਚ ਹੀ ਹੁੰਦਾ ਹੈਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਸੀਂ ਆਪਣੇ ਜਿਉਣ-ਢੰਗ ਨੂੰ ਵਿਚਾਰ ਕੇ, ਸੁਧਾਰ ਕੇ ਜਾਂ ਬਦਲ ਕੇ ਜਿੱਥੇ ਆਪਣੀ ਜ਼ਿੰਦਗੀ ਨੂੰ ਸੁਖਾਲ਼ੀ ਬਣਾ ਸਕਦੇ ਹਾਂ ਉੱਥੇ ਆਪਣੇ ਪਰਿਵਾਰ, ਦੋਸਤਾਂ, ਰਿਸ਼ਤੇਦਾਰਾਂ ਅਤੇ ਸਮਾਜ ਨਾਲ ਸੰਬੰਧ ਵੀ ਵਧੇਰੇ ਸੁਖਾਵੇਂ ਬਣਾ ਕੇ ਰੱਖ ਸਕਦੇ ਹਾਂਇਹ ਕੋਈ ਬਹੁਤਾ ਔਖਾ ਕੰਮ ਵੀ ਨਹੀਂ ਹੈਇਸ ਵਾਸਤੇ ਸਾਨੂੰ ਖਾਸ ਯੋਗਤਾ ਜਾਂ ਸਿਖਲਾਈ ਦੀ ਵੀ ਲੋੜ ਨਹੀਂ ਹੈ ਅਤੇ ਅਸੀਂ ਉਮਰ ਦੇ ਕਿਸੇ ਵੀ ਪੜਾਅ ਵਿੱਚ ਇਹ ਕਦਮ ਚੁੱਕ ਸਕਦੇ ਹਾਂਅਸੀਂ ਆਪਣੀ ਸੋਚ, ਲੋੜ, ਪਹੁੰਚ ਅਤੇ ਪੱਧਰ ਮੁਤਾਬਕ ਆਪਣਾ ਜਿਉਣ-ਢੰਗ ਕਿਸੇ ਪਾਸੇ ਵੀ ਮਰਜ਼ੀ ਨਾਲ ਮੋੜ ਜਾਂ ਢਾਲ਼ ਸਕਦੇ ਹਾਂ

ਸਾਡੇ ਜਿਉਣ-ਢੰਗ ਦੇ ਦੋ ਪੱਖ ਹੁੰਦੇ ਹਨ, ਪਹਿਲਾ ਨਿੱਜੀ ਅਤੇ ਦੂਸਰਾ ਸਮਾਜਿਕਇਹ ਦੋਨੋਂ ਨਾਲ ਨਾਲ ਚਲਦੇ ਹਨ ਅਤੇ ਇੱਕ ਦੂਸਰੇ ’ਤੇ ਅਸਰ ਵੀ ਪਾਉਂਦੇ ਹਨਇਕ ਚੰਗਾ ਨਿੱਜੀ ਜੀਵਨ ਤਾਂ ਚੰਗੀ ਸਮਾਜਿਕ ਸਾਖ਼ ਨੂੰ ਸਿਰਜ ਸਕਦਾ ਹੈ ਪਰ ਚੰਗਾ ਸਮਾਜਿਕ ਰੁਤਬਾ ਸਫ਼ਲ ਨਿੱਜੀ ਜ਼ਿੰਦਗੀ ਦਾ ਸਬੂਤ ਨਹੀਂ ਬਣ ਸਕਦਾ, ਇਸ ਕਰਕੇ ਸਾਨੂੰ ਆਪਣੇ ਨਿੱਜੀ ਜਿਉਣ-ਢੰਗ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈਅਰੰਭ ਵਿਚ ਪਰਿਵਾਰ, ਸਮਾਜ ਅਤੇ ਸਿੱਖਿਆ ਸਾਡੇ ਜੀਵਨ ਤੇ ਪ੍ਰਭਾਵ ਪਾਉਂਦੇ ਹਨ ਫਿਰ ਅਸੀਂ ਇਸ ਛਤਰ-ਛਾਇਆ ਵਿੱਚੋਂ ਨਿਕਲ ਕੇ ਕੰਮਕਾਰ ਵਿੱਚ ਪੈ ਕੇ ਆਪਣੇ ਫੈਸਲੇ ਖੁਦ ਲੈਣਾ ਆਰੰਭ ਕਰਦੇ ਹਾਂ ਅਤੇ ਆਪਣੇ ਕਿੱਤੇ ਅਤੇ ਵਿਆਹ ਵਿੱਚੋਂ ਉਪਜੇ ਨਵੇਂ ਸਬੰਧਾਂ ਦੇ ਪ੍ਰਭਾਵ ਨਾਲ ਆਪਣਾ ਇਕ ਸੁਤੰਤਰ ਜਿਉਣ ਢੰਗ ਅਪਣਾਉਂਦੇ ਹਾਂਜੀਵਨ ਦੇ ਇਸ ਚੁਰਾਹੇ ’ਤੇ ਸਾਨੂੰ ਆਪਣੀ ਸੂਝ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ ਅਤੇ ਇੱਥੇ ਜੇਕਰ ਸਾਨੂੰ ਜੀਵਨ-ਸਾਥੀ ਅਤੇ ਪਰਿਵਾਰ ਵੱਲੋਂ ਸਹੀ ਸੇਧ ਤੇ ਸਹਿਯੋਗ ਮਿਲ ਜਾਵੇ ਤਾਂ ਸਾਡੀ ਜ਼ਿੰਦਗੀ ਦੀ ਮੁਹਾਰ ਸਹੀ ਦਿਸ਼ਾ ਵੱਲ ਅਸਾਨੀ ਨਾਲ ਮੁੜ ਸਕਦੀ ਹੈ

ਸਾਡੇ ਮਨੁੱਖੀ ਜੀਵਨ ਅਤੇ ਸਮਾਜ ਨੂੰ ਦਰਪੇਸ਼, ਆਰਥਿਕ, ਵਿਹਾਰਕ ਘਰੇਲੂ ਜਾਂ ਨਿੱਜੀ ਸਮੱਸਿਆਵਾਂ ਵਿੱਚੋਂ ਬਹੁਤੀਆਂ ਸਾਡੇ ਗਲਤ ਅਤੇ ਬੇਮੇਲ ਜਿਉਣ ਢੰਗ ਦਾ ਨਤੀਜਾ ਹੀ ਹੁੰਦੀਆਂ ਹਨਇਸ ਕਰਕੇ ਸਾਡਾ ਜਿਉਣ ਢੰਗ ਖਾਸ ਧਿਆਨ ਦੀ ਮੰਗ ਕਰਦਾ ਹੈਸਾਡੇ ਜਿਉਣ ਢੰਗ ਦਾ ਕੇਂਦਰ ਬਿੰਦੂ ਸੂਝ, ਯੋਗਤਾ, ਇੱਜ਼ਤ, ਕਮਾਈ, ਸੰਤੁਲਨ, ਸੰਜਮ, ਜੁਗਤ ਵਰਗੇ ਤੱਤ ਹੋਣੇ ਚਾਹੀਦੇ ਹਨ ਨਾ ਕਿ ਹੋਛਾਪਨ, ਝੂਠ, ਫਰੇਬ, ਗੈਰ ਜ਼ਿੰਮੇਵਾਰੀ, ਬੇਈਮਾਨੀ ਆਦਿਸਾਨੂੰ ਆਪਣੀ ਯੋਗਤਾ ਅਨੁਸਾਰ ਵਿਹਾਰ ਕਰਨਾ ਚਾਹੀਦਾ ਹੈਆਪਣੀ ਸਾਖ਼ ਅਤੇ ਇੱਜ਼ਤ ਬਣਾਈ ਰੱਖਣ ਲਈ ਭਰੋਸੇਯੋਗਤਾ, ਸਦਾਚਾਰ ਅਤੇ ਨੈਤਿਕ ਕਦਰਾਂ ਕੀਮਤਾਂ ’ਤੇ ਪਹਿਰਾ ਦੇਣਾ ਚਾਹੀਦਾ ਹੈਸਾਨੂੰ ਗੁੱਸੇ, ਖੁਸ਼ੀ ਅਤੇ ਗਮੀ ਵੇਲੇ ਆਪਣਾ ਤਵਾਜ਼ਨ ਬਣਾਈ ਰੱਖਣਾ ਚਾਹੀਦਾ ਹੈਹਰ ਦੁੱਖ ਜਾਂ ਸੁਖ ਵੇਲੇ ਹੌਸਲੇ ਤੇ ਸਬਰ ਦਾ ਸੰਤੁਲਨ ਬਰਕਰਾਰ ਹੋਣਾ ਚਾਹੀਦਾ ਹੈਸਾਨੂੰ ਆਪਣੇ ਧਾਰਮਿਕ ਅਤੇ ਅਧਿਆਤਮਕ ਵਿਚਾਰ ਅਤੇ ਵਿਸ਼ਵਾਸ ਸਪਸ਼ਟ ਰੱਖਣੇ ਚਾਹੀਦੇ ਹਨ ਤਾਂ ਕਿ ਭਟਕਣਾ ਅਤੇ ਡਾਵਾਂਡੋਲਤਾ ਤੋਂ ਬਚਿਆ ਜਾ ਸਕੇ

ਸਾਨੂੰ ਪਿਆਰ ਨਾਲ ਕੰਮ ਕਰਨ ਅਤੇ ਕੰਮ ਨੂੰ ਪਿਆਰ ਕਰਨ ਦਾ ਸਲੀਕਾ ਸਿੱਖ ਅਤੇ ਅਪਣਾ ਲੈਣਾ ਚਾਹੀਦਾ ਹੈਸਾਨੂੰ ਆਪਣੇ ਸਬੰਧਾਂ ਅਤੇ ਰਿਸ਼ਤਿਆਂ ਪ੍ਰਤੀ ਜ਼ਿੰਮੇਵਾਰ ਅਤੇ ਇਮਾਨਦਾਰ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਪਰ ਕਿਸੇ ਤੋਂ ਲੋੜ ਤੋਂ ਵੱਧ ਉਮੀਦ ਨਹੀਂ ਰੱਖਣੀ ਚਾਹੀਦੀਇਸ ਨਾਲ ਕਿਸੇ ਤੋਂ ਨਿਰਾਸ਼ਾ ਨਹੀਂ ਹੁੰਦੀਆਪਣੇ ਵੱਧ ਤੋਂ ਵੱਧ ਕੰਮ ਖੁਦ ਕਰਨ ਦੀ ਆਦਤ ਪਾਉਣੀ ਚਾਹੀਦੀ ਹੈਇਸ ਨਾਲ ਗਲਤ ਕੰਮ ਹੋਣ ਦੇ ਪਛਤਾਵੇ ਅਤੇ ਨੁਕਸਾਨ ਤੋਂ ਬਚਾਅ ਰਹਿੰਦਾ ਹੈਆਪਣੇ ਮਾਪਿਆਂ ਪ੍ਰਤੀ ਫਰਜ਼ਾਂ ਅਤੇ ਪਤਨੀ ਤੇ ਬੱਚਿਆਂ ਦੇ ਹੱਕਾਂ ਵਿੱਚ ਸੰਤੁਲਨ ਬਣਾਈ ਰੱਖਣ ਨਾਲ ਪਰਿਵਾਰਕ ਮਹੌਲ ਸੁਖਾਵਾਂ ਬਣਿਆ ਰਹਿੰਦਾ ਹੈ, ਜੋ ਹੱਲਾ-ਸ਼ੇਰੀ ਦਾ ਕੰਮ ਕਰਦਾ ਹੈਸਾਨੂੰ ਸੱਚਾਈ, ਈਮਾਨਦਾਰੀ ਅਤੇ ਵਫ਼ਾਦਾਰੀ ਦੇ ਧਾਰਨੀ ਬਣਨਾ ਚਾਹੀਦਾ ਹੈ ਇਸ ਨਾਲ ਬੋਲੇ ਹੋਏ ਝੂਠ ਨੂੰ ਯਾਦ ਰੱਖਣ ਦੇ ਬੋਝ ਅਤੇ ਕੁਕਰਮ, ਚੋਰੀ ਅਤੇ ਪਾਪ ਤੋਂ ਪੈਦਾ ਹੋਣ ਵਾਲੀ ਆਤਮ-ਗਿਲਾਨੀ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨ ਤੋਂ ਪੈਦਾ ਹੋਇਆ ਝੋਰਾ ਸਾਨੂੰ ਬਹੁਤ ਵਿਆਕੁਲ ਕਰਦਾ ਹੈਸਾਨੂੰ ਦੂਸਰਿਆਂ ਦੇ ਸਫ਼ਲ ਅਤੇ ਅਸਫ਼ਲ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈਸੁਚੱਜੀ ਜੀਵਨ ਜਾਂਚ ਦੇ ਗੁਣ ਗ੍ਰਹਿਣ ਕਰਨੇ ਚਾਹੀਦੇ ਹਨ ਅਤੇ ਔਗੁਣਾਂ ਦਾ ਤਿਆਗ ਕਰਦੇ ਰਹਿਣਾ ਚਹੀਦਾ ਹੈਸਾਨੂੰ ਨਿੰਦਾ, ਚੁਗਲੀ ਅਤੇ ਈਰਖਾ ਕਰਨ ਤੋਂ ਬਚਣਾ ਚਾਹੀਦਾ ਹੈ ਵੱਧ ਤੋਂ ਵੱਧ ਸਮਾਂ ਆਪਣੇ ਖੁਦ ਦੇ ਸੁਧਾਰ ’ਤੇ ਲਾਉਣਾ ਚਾਹੀਦਾ ਹੈਭਾਵਨਾ, ਗੁੱਸੇ ਜਾਂ ਖੁਸ਼ੀ ਦੇ ਵਹਿਣ ਵਿਚ ਵਹਿ ਕੇ ਅਹਿਮ ਫੈਸਲੇ ਨਹੀਂ ਲੈਣੇ ਚਾਹੀਦੇ

ਆਪਣੀ ਜ਼ਿੰਦਗੀ ਨਾਲ ਸਬੰਧਤ ਸਿੱਖਿਆ, ਕਿੱਤਾ, ਵਿਆਹ ਅਤੇ ਬੱਚਿਆਂ ਬਾਰੇ ਜ਼ਰੂਰੀ ਫੈਸਲੇ ਸਮੇਂ ਨਾਲ ਕਰ ਲੈਣੇ ਚਾਹੀਦੇ ਹਨ ਤਾਂ ਕਿ ਕੁਵੇਲੇ ਦੀਆਂ ਟੱਕਰਾਂ ਤੋਂ ਬਚਿਆ ਜਾ ਸਕੇਸਾਨੂੰ ਲਾਲਚ ਦੇ ਦਾਇਰੇ ਅਤੇ ਸਬਰ ਦੀਆਂ ਹੱਦਾਂ ਦਾ ਸਹੀ ਗਿਆਨ ਹੋਣਾ ਵੀ ਜ਼ਰੂਰੀ ਹੈ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਵੀ ਕੁਝ ਪਲ ਆਪਣੇ ਮਨ ਨਾਲ ਬਿਤਾਉਣੇ ਚਾਹੀਦੇ ਹਨਸਬਰ, ਸਕੂਨ, ਸੰਤੋਖ, ਸ਼ਾਂਤੀ, ਧੀਰਜ, ਸੰਜਮ ਆਦਿ ਬਾਰੇ ਵਿਚਾਰ ਕਰਦੇ ਰਹਿਣਾ ਚਾਹੀਦਾ ਹੈਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਅਡੋਲ, ਸੰਤੁਸ਼ਟ ਅਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋਪੁਰਾਣੀਆਂ ਚੰਗੀਆਂ ਯਾਦਾਂ ਅਤੇ ਪੁਰਾਣੇ ਦੋਸਤਾਂ ਨਾਲ ਰਾਬਤਾ ਜਰੂਰ ਰੱਖੋਬਚਪਨ ਦੀਆਂ ਗਲਤੀਆਂ, ਕਮੀਆਂ ਅਤੇ ਕੌੜੀਆਂ ਯਾਦਾਂ ’ਤੇ ਨਾ ਝੂਰਦੇ ਰਹੋਦੁੱਖ-ਸੁਖ, ਅਮੀਰੀ-ਗਰੀਬੀ ਅਤੇ ਚੰਗੇ-ਮਾੜੇ ਸਮੇਂ ਵਿੱਚ ਨਾ ਤਾਂ ਬਹੁਤੇ ਖੰਭ ਖਿਲਾਰੋ ਅਤੇ ਨਾ ਹੀ ਢੇਰੀ ਢਾਹੋਗਰੀਬੀ, ਦੁੱਖ ਅਤੇ ਮਾੜੇ ਸਮੇਂ ਤੋਂ ਵੀ ਸਾਨੂੰ ਬਹੁਤ ਸਬਕ ਅਤੇ ਅਨੁਭਵ ਮਿਲਦੇ ਹਨ ਜੋ ਸਾਨੂੰ ਤਾਕਤ ਦਿੰਦੇ ਹਨ, ਜਿਸ ਤੋਂ ਸਾਨੂੰ ਸੁਖਾਵੇਂ ਸਮੇਂ ਨੂੰ ਮਾਨਣ ਦਾ ਸਲੀਕਾ ਹਾਸਲ ਹੁੰਦਾ ਹੈ

ਸਾਡੇ ਜਿਉਣ ਢੰਗ ਦਾ ਆਰਥਿਕ ਪੱਖ ਸਭ ਤੋਂ ਮਹੱਤਵਪੂਰਨ ਹੈ ਅਤੇ ਖਾਸ ਖਿਆਲ ਦੀ ਮੰਗ ਕਰਦਾ ਹੈਸਾਨੂੰ ਆਪਣੀ ਆਮਦਨ ਅਨੁਸਾਰ ਹੀ ਆਪਣੇ ਖਰਚਿਆਂ ਦਾ ਦਾਇਰਾ ਤੈਅ ਕਰਨਾ ਚਾਹੀਦਾ ਹੈਦਿਖਾਵੇ, ਰੀਸ, ਹੁੱਬ ਅਤੇ ਫੋਕੇ, ਹੋਛੇਪਨ ਖਾਤਰ ਵਿਤੋਂ ਵਧ ਕੇ ਖਰਚ ਨਹੀਂ ਕਰਨਾ ਚਾਹੀਦਾਆਪਣੀ ਕਮਾਈ, ਸੰਪਤੀ ਅਤੇ ਪਹੁੰਚ ਤੋਂ ਵਧ ਕੇ ਕੀਤਾ ਗਿਆ ਖਰਚ ਜੀ ਦਾ ਜੰਜਾਲ਼ ਬਣ ਜਾਂਦਾ ਹੈਸਾਡਾ ਖਾਣ-ਪੀਣ, ਪਹਿਨਣ, ਜਸ਼ਨ, ਸਮਾਗਮ ਅਤੇ ਸਹੂਲਤ ਜਿੰਨਾ ਚਿਰ ਸਾਡੀ ਆਮਦਨ ਦੀ ਚਾਦਰ ਹੇਠ ਢਕੇ ਹੋਏ ਹਨ, ਉੰਨੀ ਦੇਰ ਹੀ ਅਸੀਂ ਸੁਖਾਲ਼ੇ ਰਹਿ ਸਕਦੇ ਹਾਂਇਕ ਵਾਰੀ ਉੱਖੜੇ ਪੈਰ ਫਿਰ ਥੱਲੇ ਨਹੀਂ ਲੱਗਦੇਜੇਕਰ ਕਿਤੇ ਟਿਕਦੇ ਵੀ ਹਨ ਤਾਂ ਬਹੁਤ ਸਾਰੀਆਂ ਬਲੀਆਂ ਦੇਣੀਆਂ ਪੈਂਦੀਆਂ ਹਨਇਸ ਵਰਤਾਰੇ ਤੋਂ ਬਚੇ ਰਹਿਣ ਵਿੱਚ ਹੀ ਸਾਡੀ ਭਲਾਈ ਹੈ

ਸਾਨੂੰ ਮਾੜੀ ਸੰਗਤ ਅਤੇ ਮਾੜੇ ਪ੍ਰਭਾਵਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈਸੁਚੱਜੀਆਂ ਅਤੇ ਚੰਗੀਆਂ ਆਦਤਾਂ ਨੂੰ ਧਾਰਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਤਾਂ ਕਿ ਸਾਡਾ ਜਿਉਣ ਢੰਗ ਸਹੀ ਲੀਹ ਉੱਪਰ ਚੱਲਦਾ ਰਹੇ

*****

(1198)

About the Author

ਸੁਖਵੀਰ ਸਿੰਘ ਕੰਗ

ਸੁਖਵੀਰ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 85678 - 72291)

More articles from this author