KrishanPartap7ਮੈਂ ਪ੍ਰਿੰਸੀਪਲ ਨੂੰ ਫੋਨ ਕਰ ਕੇ ਸਾਰੀ ਗੱਲ ਦੱਸ ਦਿੱਤੀ ਅਤੇ ਨਾਲ ਹੀ ਅਗਲੇ ਦਿਨ ਦਾ ...
(12 ਮਈ 2018)

 

ਮੈਨੂੰ ਭਾਸ਼ਣ ਦੇਣ ਦਾ ਕੋਈ ਬਹੁਤਾ ਸ਼ੌਕ ਨਹੀਂ ਹੈ ਕਿਉਂਕਿ ਇਹ ਮੇਰੇ ਵੱਸ ਦਾ ਰੋਗ ਹੀ ਨਹੀਂ ਹੈਜਦ ਕਦੇ ਅਜਿਹਾ ਮੌਕਾ ਆ ਵੀ ਜਾਂਦਾ ਹੈ ਤਾਂ ਮੇਰੇ ਦਿਲ ਦੇ ਨਾਲ ਨਾਲ ਲੱਤਾਂ ਵੀ ਕੰਬਣ ਲੱਗ ਪੈਂਦੀਆਂ ਹਨਇੱਕ ਦਿਨ ਅਜਿਹਾ ਮੌਕਾ ਆ ਹੀ ਗਿਆਮੇਰੇ ਹਾਜ਼ਰੀ ਲਾਉਂਦੇ ਸਾਰ ਹੀ ਸਾਡੀ ਪ੍ਰਿੰਸੀਪਲ ਨੇ ਮੈਨੂੰ ਹੁਕਮ ਕਰ ਦਿੱਤਾ ਕਿ ਤੂੰ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਕੁਝ ਚੰਗੀਆਂ ਗੱਲਾਂ ਦੱਸਣੀਆਂ ਹਨਮੈਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਿਆ ਤੇ ਵਾਰ-ਵਾਰ ਇਸ ਤਰ੍ਹਾਂ ਨਾ ਕਰਨ ਦੀ ਬੇਨਤੀ ਕਰਨ ਲੱਗ ਪਿਆਪ੍ਰਿੰਸੀਪਲ ਨੇ ਮੇਰੀ ਮਾਨਸਿਕ ਹਾਲਤ ਵੇਖ ਕੇ ਆਖ ਦਿੱਤਾ, “ਤੂੰ ਭਾਵੇਂ ਕੁਝ ਨਾ ਬੋਲੀਂਬੱਸ, ਬੱਚਿਆਂ ਦੇ ਸਾਮਹਣੇ ਹੱਸ ਕੇ ਹੀ ਮੁੜ ਆਵੀਂਇੰਨਾ ਕੰਮ ਤਾਂ ਕਰ ਹੀ ਸਕਦਾ ਹੈਂ?”

ਮੈਨੂੰ ਪਤਾ ਲੱਗ ਗਿਆ ਕਿ ਭਾਸ਼ਣ ਦੇਣ ਦੀ ਬਲਾਅ ਅੱਜ ਮੇਰੇ ਗਲੋਂ ਨਹੀਂ ਲੱਥਣੀਪ੍ਰਰਾਥਨਾ ਚੱਲਦੇ ਵੇਲੇ ਮੈਂ ਇਹ ਹੀ ਸੋਚਦਾ ਰਿਹਾ ਕਿ ਮੈਂ ਕੀ-ਕੀ ਬੋਲ ਸਕਦਾ ਹਾਂਮੈਂ ਕਿਸੇ ਕਿਤਾਬ ਵਿੱਚ ਪੜ੍ਹਿਆ ਸੀ ਕਿ ਅਸਲ ਵਿਦਿਆਰਥੀ ਅਤੇ ਖੋਜਕਰਤਾ ਉਹ ਹੀ ਹੁੰਦਾ ਹੈ ਜਿਸ ਦੇ ਮਨ ਵਿੱਚ ਹਮੇਸ਼ਾ ਸਵਾਲ ਉਪਜਦੇ ਰਹਿੰਦੇ ਹਨਉਸ ਕਿਤਾਬ ਮੁਤਾਬਿਕ ਮਨ ਵਿੱਚ ਸਵਾਲ ਉੱਠਣੇ ਕੋਈ ਛੋਟੀ ਗੱਲ ਨਹੀਂ ਹੁੰਦੀ ਹੈਅਜਿਹੇ ਦਿਮਾਗ ਵਾਲਾ ਵਿਅਕਤੀ ਸਧਾਰਨ ਨਹੀਂ ਹੁੰਦਾ ਹੈਜਦ ਕੋਈ ਵੀ ਸਵਾਲ ਉੱਠੇਗਾ ਤਾਂ ਉਸ ਦਾ ਦੇਰ ਸਵੇਰ ਸਹੀ ਜਵਾਬ ਜ਼ਰੂਰ ਹੀ ਮਿਲੇਗਾਚਾਹੇ ਉਸ ਸਵਾਲ ’ਤੇ ਹੱਸਣ ਵਾਲੀ ਸਾਰੀ ਦੁਨੀਆ ਵੀ ਹੋ ਸਕਦੀ ਹੈ ਪਰ ਰੋਸ਼ਨ ਦਿਮਾਗ ਉਸ ਦਾ ਜਵਾਬ ਲੱਭਣ ਵਿੱਚ ਜੁਟ ਜਾਂਦੇ ਹਨਕਈ ਵਾਰ ਸਵਾਲ ਕਰਨ ਵਾਲਾ ਵਿਅਕਤੀ ਹੀ ਉਸ ਸਮੱਸਿਆ ਦੇ ਹੱਲ ਲਈ ਦਿਨ-ਰਾਤ ਇੱਕ ਕਰ ਦਿੰਦਾ ਹੈ

ਉਸ ਕਿਤਾਬ ਮੁਤਾਬਿਕ ਜੇਕਰ ਨੱਕ ਉੱਤੇ ਸੇਬ ਵੱਜਣ ਕਾਰਨ ਨਿਊਟਨ ਦੇ ਦਿਮਾਗ ਵਿੱਚ ਜੇ ਇਹ ਸਵਾਲ ਨਾ ਉੱਠਦਾ ਕਿ ਇਹ ਸੇਬ ਹੇਠਾਂ ਵੱਲ ਨੂੰ ਹੀ ਕਿਉਂ ਡਿੱਗਿਆ, ਉੱਪਰ ਵੱਲ ਨੂੰ ਕਿਉਂ ਨਹੀਂ ਗਿਆ, ਜੇ ਸਟੀਫਨਸਨ ਭਾਫ ਦੁਆਰਾ ਵਾਰ ਵਾਰ ਉੱਪਰ ਚੁੱਕੇ ਜਾਂਦੇ ਪਤੀਲੇ ਦੇ ਢੱਕਣ ਬਾਰੇ ਨਾ ਸੋਚਦਾ ਤਾਂ ਦੁਨੀਆ ਨੇ ਅੱਜ ਤੱਕ ਅੱਧੀ ਤਰੱਕੀ ਹੀ ਕਰ ਸਕਣੀ ਸੀਜੋ ਵੀ ਤਰੱਕੀ ਅਸੀਂ ਕੀਤੀ ਹੈ ਉਸ ਵਿੱਚ ਸਵਾਲਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ

ਮੇਰੀ ਵਾਰੀ ਆਉਣ ’ਤੇ ਮੈਂ ਕੰਬਦੀ ਜ਼ੁਬਾਨ ਨਾਲ ਵਿਦਿਆਰਥੀਆਂ ਨੂੰ ਸਵਾਲ ਦਰ ਸਵਾਲ ਕਰਨ ਬਾਰੇ ਆਖਿਆਮੇਰੇ ਤੋਂ ਚੱਜ ਨਾਲ ਬੋਲਿਆ ਨਹੀਂ ਸੀ ਗਿਆ ਪਰ ਮੈਂ ਵਿਸ਼ੇ ਦੀ ਕਦੇ ਲੱਤ ਤੇ ਕਦੇ ਬਾਂਹ ਫੜ ਕੇ ਆਪਣੀ ਗੱਲ ਪੂਰੀ ਜ਼ਰੂਰ ਕਰ ਦਿੱਤੀ

ਆਮ ਤੌਰ ’ਤੇ ਅਧਿਆਪਕਾਂ ਦੀਆਂ ਗੱਲਾਂ ਦਾ ਅਸਰ ਵਿਦਿਆਰਥੀਆਂ ਉੱਪਰ ਬਹੁਤ ਜ਼ਿਆਦਾ ਹੁੰਦਾ ਹੈ ਪਰ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਦੁਆਰਾ ਕੀਤੀ ਗਈ ਗੱਲ ਤਾਂ ਵਿਦਿਆਰਥੀਆਂ ਨੇ ਆਈ-ਗਈ ਹੀ ਕਰ ਦਿੱਤੀ ਸੀਮੈਂ ਅਜਿਹਾ ਸਭ ਕੁਝ ਹੋਣ ਦਾ ਕਾਰਨ ਵੀ ਲੱਭਣ ਦਾ ਜਤਨ ਕੀਤਾਮੈਨੂੰ ਇਸ ਸਭ ਦਾ ਇੱਕ ਹੀ ਕਾਰਨ ਮਿਲਿਆ ਸੀ ਕਿ ਮੈਂ ਚੰਗਾ ਬੁਲਾਰਾ ਨਹੀਂ ਹਾਂਜੇ ਮੈਂ ਆਪਣੀ ਗੱਲ ਵਧੀਆ ਢੰਗ ਨਾਲ ਸਭ ਅੱਗੇ ਰੱਖਣੀ ਚਾਹੁੰਦਾ ਹਾਂ ਤਾਂ ਮੈਨੂੰ ਆਪਣੀ ਸਟੇਜ ਉੱਤੇ ਖੜ੍ਹ ਕੇ ਬੋਲਣ ਵਾਲੀ ਝਿਜਕ ਦੂਰ ਕਰਨੀ ਪਵੇਗੀ

ਥੋੜ੍ਹੇ ਦਿਨਾਂ ਬਾਅਦ ਮੈਂ ਇਸ ਗੱਲ ਨੂੰ ਮੂਲੋਂ ਹੀ ਭੁੱਲ ਗਿਆ ਸਾਂਇੱਕ ਦਿਨ ਜਦ ਮੈਂ ਜਮਾਤ ਵਿੱਚ ਵੜਿਆ ਹੀ ਸਾਂ ਤਾਂ ਪੜ੍ਹਾਈ ਵਿੱਚ ਬੜੀ ਹੀ ਕਮਜ਼ੋਰ ਸਮਝੀ ਜਾਣ ਵਾਲੀ ਲੜਕੀ ਮੇਰੇ ਅੱਗੇ ਕਿਤਾਬ ਲੈ ਕੇ ਆ ਗਈ ਅਤੇ ਅੰਗਰੇਜ਼ੀ ਦੇ ਸ਼ਬਦਾਂ ਦੇ ਸਹੀ ਉਚਾਰਨ ਬਾਰੇ ਪੁੱਛਣ ਲੱਗ ਪਈਉਸ ਦੁਆਰਾ ਪੁੱਛੇ ਗਏ ਦੋ ਸ਼ਬਦਾਂ ਦਾ ਮੈਂ ਸਹੀ ਉਚਾਰਨ ਸਮਝਾ ਦਿੱਤਾਪੀਰੀਅਡ ਦੇ ਅੱਧ ਤੱਕ ਉਹ ਫਿਰ ਉੱਠ ਖੜ੍ਹੀ ਤੇ ਮੇਰੇ ਸਾਹਮਣੇ ਕਿਤਾਬ ਕਰਦੀ ਹੋਏ ਫਿਰ ਉਹਨਾਂ ਦੋ ਸ਼ਬਦਾਂ ਦਾ ਹੀ ਸਹੀ ਉਚਾਰਣ ਪੁੱਛਿਆਮੈਂ ਫਿਰ ਉਸ ਨੂੰ ਸਮਝਾ ਦਿੱਤਾ

ਫਿਰ ਤਾਂ ਉਸ ਦਾ ਹਰ ਰੋਜ਼ ਦਾ ਹੀ ਇਹ ਕੰਮ ਹੋ ਗਿਆਮੇਰੇ ਜਮਾਤ ਵਿੱਚ ਵੜਨ ਤੋਂ ਪਹਿਲਾਂ ਹੀ ਉਹ ਕਿਤਾਬ ਲੈ ਕੇ ਅੱਗੇ ਖੜ੍ਹੀ ਹੁੰਦੀਮੈਂ ਉਸ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਾ ਰਹਿੰਦਾਹੌਲੀ-ਹੌਲੀ ਉਹ ਇੱਕ ਪੀਰੀਅਡ ਵਿੱਚ ਦਸ-ਪੰਦਰਾਂ ਵਾਰ ਉੱਠ ਕੇ ਮੇਰੇ ਕੋਲ ਆਉਣ ਲੱਗ ਪਈਉਹ ਸ਼ਬਦਾਂ ਦੇ ਉਚਾਰਨ ਦੇ ਨਾਲ-ਨਾਲ ਕਈ ਪ੍ਰਸ਼ਨ ਵੀ ਵਾਰ-ਵਾਰ ਪੁੱਛਣ ਲੱਗ ਪਈ ਪਰ ਮੈਨੂੰ ਕਦੇ ਵੀ ਉਸ ਉੱਤੇ ਗੁੱਸਾ ਨਹੀਂ ਆਇਆ

ਮੈਂ ਇੱਕ ਗੱਲ ਨੋਟ ਕੀਤੀ ਕਿ ਜਮਾਤ ਵਿਚਲੀ ਬਿਲਕੁਲ ਹੀ ਸਧਾਰਨ ਜਿਹੀ ਲੜਕੀ ਮੈਨੂੰ ਬਿਨਾਂ ਝਿਜਕ ਪ੍ਰਸ਼ਨ ਪੁੱਛਣ ਲੱਗ ਪਈ ਸੀ ਭਾਵੇਂ ਕਿ ਉਸ ਦੇ ਚਿਹਰੇ ਅਤੇ ਪਾਈ ਹੋਈ ਵਰਦੀ ਤੋਂ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਦਾ ਅੰਦਾਜ਼ਾ ਮੈਂ ਲਾ ਲਿਆ ਸੀ ਪਰ ਮੈਂ ਸਦਾ ਹੀ ਉਸਦੇ ਪ੍ਰਸ਼ਨਾਂ ਦੇ ਉੱਤਰ ਦਿੰਦਾ ਰਿਹਾ

ਮੈਂ ਆਪਣੇ ਸਾਥੀ ਅਧਿਆਪਕਾਂ ਨੂੰ ਵੀ ਉਸ ਲੜਕੀ ਦੀ ਜਗਿਆਸਾ ਬਾਰੇ ਦੱਸਿਆਫਿਰ ਸਭ ਨੇ ਉਸ ਉੱਤੇ ਘੋਖਵੀਂ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀਸਭ ਨੇ ਵੇਖਿਆ ਕਿ ਉਹ ਲੜਕੀ ਸਕੂਲ ਵੜਦੇਸਾਰ ਸਾਹਮਣੇ ਟੱਕਰਣ ਵਾਲੇ ਹਰ ਅਧਿਆਪਕ ਦੇ ਕੋਲ ਖੜ੍ਹ ਕੇ ਬੜੇ ਹੀ ਆਦਰ ਅਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਬੁਲਾਉਂਦੀ ਹੈ ਅਤੇ ਹਰ ਪੀਰੀਅਡ ਵਿੱਚ ਉਸ ਵਿਸ਼ੇ ਨਾਲ ਸੰਬੰਧਤ ਸਵਾਲ ਦਰ ਸਵਾਲ ਕਰਦੀ ਹੀ ਰਹਿੰਦੀ ਹੈ

ਇੱਕ ਦਿਨ ਮਹਿਕਮੇ ਨੇ ਚਿੱਠੀ ਜਾਰੀ ਕਰ ਦਿੱਤੀ ਕਿ ਵਿਦਿਆਰਥੀਆਂ ਦਾ ਅੰਗਰੇਜ਼ੀ ਦੇ ਸ਼ਬਦਾਂ ਦਾ ਮੁਕਾਬਲਾ ਕਰਵਾਇਆ ਜਾਣਾ ਹੈਪ੍ਰਿੰਸੀਪਲ ਦੇ ਹੁਕਮ ਮੁਤਾਬਕ ਮੈਂ ਸਭ ਜਮਾਤਾਂ ਵਿੱਚ ਜਾ ਕੇ ਇਸ ਦੀ ਸੂਚਨਾ ਦੇ ਦਿੱਤੀਜਦ ਉਸ ਜਮਾਤ ਵਿੱਚ ਮੇਰਾ ਪੀਰੀਅਡ ਆਇਆ ਤਾਂ ਉਹ ਲੜਕੀ ਆਪਣੇ ਹੱਥ ਵਿੱਚ ਕਾਪੀ ਫੜੀ ਮੇਰੇ ਅੱਗੇ ਖੜ੍ਹੀ ਸੀਉਹ ਬੜੇ ਹੀ ਭੋਲੇਪਨ ਨਾਲ ਬੋਲੀ, “ਸਰ, ਮੈਂ ਮੁਕਾਬਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈਮੈਂ ਦੋ ਸੌ ਸ਼ਬਦ ਆਪਣੇ ਆਪ ਲਿਖ ਵੀ ਲਏ ਹਨ” ਉਸ ਦੇ ਇਹਨਾਂ ਸ਼ਬਦਾਂ ਵਿੱਚ ਇੰਨਾ ਜ਼ਿਆਦਾ ਸਵੈ-ਵਿਸ਼ਵਾਸ ਸੀ ਕਿ ਮੈਂ ਉਸ ਨੂੰ ਆਪਣੇ ਕਲਾਵੇ ਵਿੱਚ ਲੈਣੋਂ ਅਤੇ ਸ਼ਾਬਾਸ਼ ਦੇਣੋਂ ਨਾ ਰਹਿ ਸਕਿਆ

ਉਸ ਵਿਦਿਆਰਥਣ ਨੇ ਮੇਰੇ ਮਨ ਨੂੰ ਅੱਚਵੀ ਹੀ ਲਗਾ ਦਿੱਤੀ ਸੀਮੈਨੂੰ ਹਰ ਪਲ ਆਪਣੀ ਧੀ ਵਰਗੀ ਉਹ ਬੱਚੀ ਯਾਦ ਆਉਣ ਲੱਗ ਪਈਉਸਦੀ ਜਗਿਆਸਾ ਵੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਜੇਕਰ ਉਸ ਉੱਤੇ ਮੇਰੇ ਦੁਆਰਾ ਕੀਤੇ ਗਏ ਭਾਸ਼ਣ ਦਾ ਅਸਰ ਹੋਇਆ ਹੈ ਤਾਂ ਮੇਰੇ ਲਈ ਇਹ ਬੜੀ ਹੀ ਵੱਡੀ ਪ੍ਰਾਪਤੀ ਹੈ ਪਰ ਜੇਕਰ ਉਹ ਆਪਣੇ ਆਪ ਹੀ ਇਹ ਸਵਾਲ ਪੁੱਛਣ ਲੱਗ ਪਈ ਹੈ ਤਾਂ ਉਸ ਤੋਂ ਵੱਡਾ ਵਿਦਿਆਰਥੀ ਹੋਰ ਕੋਈ ਨਹੀਂ

ਮੈਂ ਉਸ ਬੱਚੀ ਨੂੰ ਸਕੂਲ ਦੇ ਸਭ ਵਿਦਿਆਰਥੀਆਂ ਦੇ ਅੱਗੇ ਲਿਆਉਣਾ ਚਾਹੁੰਦਾ ਸਾਂ ਪਰ ਮੇਰੇ ਸਟੇਜ ਉੱਤੇ ਚੜ੍ਹ ਕੇ ਬੋਲਣ ਦੀ ਝਿਜਕ ਮੇਰਾ ਪਿੱਛਾ ਨਹੀਂ ਛੱਡ ਰਹੀ ਸੀਸਕੂਲ ਤੋਂ ਘਰ ਤੱਕ ਉਹ ਬੱਚੀ ਹੀ ਮੇਰੀਆਂ ਅੱਖਾਂ ਅੱਗੇ ਘੁੰਮਦੀ ਰਹੀ ਸੀਅਚਾਨਕ ਮੈਨੂੰ ਪਤਾ ਨਹੀਂ ਕੀ ਹੋਇਆ ਕਿ ਮੈਂ ਪ੍ਰਿੰਸੀਪਲ ਨੂੰ ਫੋਨ ਕਰ ਕੇ ਸਾਰੀ ਗੱਲ ਦੱਸ ਦਿੱਤੀ ਅਤੇ ਨਾਲ ਹੀ ਅਗਲੇ ਦਿਨ ਦਾ ਸਾਰਾ ਪ੍ਰੋਗਰਾਮ ਵੀ ਤੈਅ ਕਰ ਲਿਆਉਹਨਾਂ ਨੇ ਮੈਨੂੰ ਬੜਾ ਹੀ ਉਤਸ਼ਾਹਿਤ ਕੀਤਾ

ਅਗਲੇ ਦਿਨ ਦੀ ਸਵੇਰ ਦੀ ਸਭਾ ਵਿੱਚ ਮੈਂ ਡਰਦਿਆਂ-ਡਰਦਿਆਂ ਭਾਵੁਕ ਅਤੇ ਪ੍ਰਭਾਵਸ਼ਾਲੀ ਭਾਸ਼ਣ ਕੀਤਾ ਅਤੇ ਉਸ ਲੜਕੀ ਨੂੰ ਇਨਾਮ ਵੀ ਦਿਵਾਇਆਆਪਣਾ ਨਾਮ ਸੁਣ ਕੇ ਸਟੇਜ ਵੱਲ ਆਉਂਦੇ ਹੋਏ ਜਦ ਉਸ ਲੜਕੀ ਨੇ ਸਾਰੇ ਅਧਿਆਪਕਾਂ ਨੂੰ ਹੱਥ ਜੋੜ ਕੇ ਬੁਲਾਇਆ ਤਾਂ ਮੈਨੂੰ ਲੱਗਾ ਕਿ ਵਾਕਿਆ ਹੀ ਮੇਰੀ ਚੋਣ ਸਹੀ ਹੈਇਹ ਤਾਂ ਵਕਤ ਹੀ ਦੱਸੇਗਾ ਕਿ ਅਸੀਂ ਉਸ ਵਿਦਿਆਰਥਣ ਦੇ ਸਵਾਲਾਂ ਦੀ ਜਗਿਆਸਾ ਨੂੰ ਕਿੰਨਾ ਕੁ ਸ਼ਾਂਤ ਕਰ ਸਕਦੇ ਹਾਂ ਪਰ ਉਸ ਜਿੰਨਾ ਸਿੱਖਣ ਦਾ ਜਜ਼ਬਾ ਮੈਂ ਅਜੇ ਤੱਕ ਕਿਸੇ ਵੀ ਵਿਦਿਆਰਥੀ ਵਿੱਚ ਨਹੀਂ ਵੇਖਿਆ

*****

(1149)

About the Author

ਕ੍ਰਿਸ਼ਨ ਪ੍ਰਤਾਪ

ਕ੍ਰਿਸ਼ਨ ਪ੍ਰਤਾਪ

Patiala, Punjab, India.
Phone: (91 - 94174 - 37682)
Email: (kpchugawan@gmail.com)