“ਹਰ ਅੱਧੇ ਘੰਟੇ ਬਾਅਦ ਇਹ ਖ਼ਬਰ ਉਸ ਚੈਨਲ ਦੀਆਂ ਮੁੱਖ ਖ਼ਬਰਾਂ ਵਿੱਚ ਘੁੰਮਣ ਲੱਗ ਪਈ ...”
(9 ਫਰਬਰੀ 2018)
ਮੈਨੂੰ ਇੱਕ ਸਕੂਲ ਅਧਿਆਪਕ ਵਜੋਂ ਪੜ੍ਹਾਉਂਦਿਆਂ ਸਤਾਰਾਂ ਸਾਲ ਹੋ ਗਏ ਹਨ। ਹੁਣ ਮੈਂ ਸਿੱਖਿਆ ਮਹਿਕਮੇ ਦੀਆਂ ਸਾਰੀਆਂ ਖੂਬੀਆਂ ਅਤੇ ਕਮੀਆਂ ਨੂੰ ਉਂਗਲਾਂ ਉੱਤੇ ਗਿਣ ਸਕਦਾ ਹਾਂ। ਇੰਨਾ ਕੁ ਤਾਂ ਮੈਂ ਦਾਅਵੇ ਨਾਲ ਆਖ ਸਕਦਾ ਹਾਂ ਕਿ ਸਿੱਖਿਆ ਵਿਭਾਗ ਬਹੁਤ ਜ਼ਿਆਦਾ ਈਮਾਨਦਾਰ ਅਤੇ ਮਿਹਨਤੀ ਵਿਅਕਤੀਆਂ ਨਾਲ ਭਰਿਆ ਪਿਆ ਹੈ। ਭਾਵੇਂ ਕਿ ਕੁਝ ਕੁ ਕਾਲੀਆਂ ਭੇਡਾਂ ਵੀ ਇਸ ਮਹਿਕਮੇ ਵਿੱਚ ਮੌਜੂਦ ਹਨ ਪਰ ਇਹ ਤਾਂ ਦੁਨੀਆ ਦੇ ਲਗਭਗ ਹਰ ਖੇਤਰ ਵਿੱਚ ਹੀ ਹੁੰਦੀਆਂ ਹਨ।
ਸਿੱਖਿਆ ਮਹਿਕਮੇ ਦਾ ਪ੍ਰਿੰਟ ਮੀਡੀਏ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਕਿਸੇ ਵੀ ਅਖ਼ਬਾਰ ਦੇ ਲੋਕਲ ਕੀ, ਬਾਕੀ ਦੇ ਪੰਨਿਆਂ ਵਿੱਚ ਵੀ ਜ਼ਿਆਦਾਤਰ ਖ਼ਬਰਾਂ ਸਿੱਖਿਆ ਮਹਿਕਮੇ ਨਾਲ ਸਬੰਧਤ ਹੀ ਹੁੰਦੀਆਂ ਹਨ। ਜਿੱਥੇ ਵਿਦਿਆਰਥੀਆਂ ਨੂੰ ਅਖ਼ਬਾਰਾਂ ਨਾਲ ਜੋੜਣ ਵਿੱਚ ਅਧਿਆਪਕ ਵਰਗ ਨੇ ਸ਼ਲਾਘਯੋਗ ਰੋਲ ਅਦਾ ਕੀਤਾ ਹੈ ਉੱਥੇ ਹੀ ਮੀਡੀਏ ਨੇ ਸਿੱਖਿਆ ਵਿਭਾਗ ਨੂੰ ਬਚਾਉਣ ਵਿੱਚ ਬੜੀ ਹੀ ਸਾਰਥਿਕ ਭੂਮਿਕਾ ਨਿਭਾਈ ਹੈ। ਪਿਛਲੇ ਕੁਝ ਕੁ ਸਮੇਂ ਤੋਂ ਦੋਵਾਂ ਵਰਗਾਂ ਵਿੱਚ ਤਕਰਾਰ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿਸ ਕਾਰਨ ਦੋਵਾਂ ਵਿਚਕਾਰ ਸ਼ਬਦੀ ਜੰਗ ਚੱਲ ਪੈਂਦੀ ਹੈ।
ਜਿਸ ਤਰ੍ਹਾਂ ਸਿੱਖਿਆ ਮਹਿਕਮੇ ਵਿੱਚ ਕੁਝ ਕੁ ਮਾੜੇ ਬੰਦਿਆਂ ਦੀ ਹੋਂਦ ਕਾਰਨ ਮਹਿਕਮੇ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ ਉਸੇ ਤਰ੍ਹਾਂ ਪੱਤਰਕਾਰੀ ਵਿੱਚ ਵੀ ਕੁਝ ਗਲਤ ਅਨਸਰ ਘੁਸਪੈਠ ਕਰ ਚੁੱਕੇ ਹਨ। ਅਜਿਹੇ ਵਿਅਕਤੀਆਂ ਨੇ ਮੀਡੀਏ ਦੀ ਵਿਸ਼ਵਾਸਯੋਗਤਾ ਨੂੰ ਖੋਰਾ ਲਗਾਇਆ ਹੈ।
ਮੇਰੇ ਪੁਰਾਣੇ ਸਕੂਲ ਵਿੱਚ ਵਾਪਰੀ ਇੱਕ ਘਟਨਾ ਮੈਨੂੰ ਬੜਾ ਹੀ ਪ੍ਰੇਸ਼ਾਨ ਕਰਦੀ ਰਹਿੰਦੀ ਹੈ। ਉਸ ਸਕੂਲ ਵਿੱਚ ਵੀਹ ਪੋਸਟਾਂ ਖਾਲੀ ਸਨ। ਬਾਕੀ ਸਟਾਫ ਜਿਵੇਂ-ਕਿਵੇਂ ਕਰ ਕੇ ਡੰਗ ਟਪਾ ਰਿਹਾ ਸੀ। ਇੱਕ ਦਿਨ ਸਕੂਲ ਦੇ ਟੈਲੀਫੋਨ ਦੀ ਤਾਰ ਟੁੱਟ ਗਈ, ਜਿਸ ਕਾਰਨ ਸਕੂਲ ਦੀ ਇੰਟਰਨੈੱਟ ’ਤੇ ਆਉਣ-ਜਾਣ ਵਾਲੀ ਡਾਕ ਦਾ ਸਾਰਾ ਕੰਮ ਰੁਕ ਗਿਆ। ਦਫ਼ਤਰ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗ ਪਈਆਂ ਸਨ। ਤੀਜੇ ਕੁ ਦਿਨ ਟੈਲੀਫੋਨ ਐਕਸਚੇਂਜ ਦਾ ਇੱਕ ਕਰਮਚਾਰੀ ਨਵੀਂ ਤਾਰ ਪਾਉਣ ਲਈ ਆ ਗਿਆ। ਤਾਰ ਜੋੜਣ ਲਈ ਪੌੜੀ ਦੀ ਜ਼ਰੂਰਤ ਸੀ। ਇੱਕ ਅਧਿਆਪਕ ਨੇ ਨੇੜਲੇ ਘਰਾਂ ਦੇ ਦੋਂਹ ਵਿਦਿਆਰਥੀਆਂ ਨੂੰ ਪੌੜੀ ਲੈ ਕੇ ਆਉਣ ਲਈ ਆਖ ਦਿੱਤਾ।
ਮਾੜੀ ਕਿਸਮਤ ਨੂੰ ਜਦ ਉਹ ਦੋਵੇਂ ਵਿਦਿਆਰਥੀ ਪੌੜੀ ਲੈ ਕੇ ਆ ਰਹੇ ਸਨ ਤਾਂ ਇੱਕ ਟੀ.ਵੀ. ਚੈਨਲ ਦੇ ਪੱਤਰਕਾਰ ਨੇ ਉਹਨਾਂ ਦੀ ਮੂਵੀ ਬਣਾ ਲਈ ਅਤੇ ਉਹਨਾਂ ਦੇ ਬਿਆਨ ਵੀ ਰਿਕਾਰਡ ਕਰ ਲਏ। ਉਸ ਤੋਂ ਬਾਅਦ ਉਹ ਸਕੂਲ ਵਿੱਚ ਆ ਕੇ ਪ੍ਰਿੰਸੀਪਲ ਨੂੰ ਇਸ ਬਾਰੇ ਸਵਾਲ ਕਰਨ ਲੱਗ ਪਿਆ। ਪੱਤਰਕਾਰ ਕੈਮਰੇ ਵਿੱਚ ਪ੍ਰਿੰਸੀਪਲ, ਸਬੰਧਤ ਅਧਿਆਪਕ ਅਤੇ ਉੱਥੇ ਮੌਜੂਦ ਹੋਰ ਵਿਦਿਆਰਥੀਆਂ ਦੇ ਬਿਆਨ ਰਿਕਾਰਡ ਕਰ ਕੇ ਚਲਾ ਗਿਆ ਸੀ। ਕੁਝ ਕੁ ਪਲਾਂ ਵਿੱਚ ਹੀ ਇਹ ਗੱਲ ਦਾ ਸਾਰੇ ਸਟਾਫ ਨੂੰ ਪਤਾ ਲੱਗ ਗਿਆ। ਸਾਰੇ ਜਣੇ ਇਕੱਠੇ ਹੋਏ ਤੇ ਇਸ ਮੁਸੀਬਤ ਦਾ ਹੱਲ ਸੋਚਣ ਲੱਗ ਪਏ। ਪੱਤਰਕਾਰ ਦੇ ਹੱਥ ਵਿੱਚ ਫੜੇ ਹੋਏ ਮਾਈਕ ਉੱਤੇ ਉਸ ਦੇ ਚੈਨਲ ਦਾ ਨਾਮ ਲਿਖਿਆ ਹੋਣ ਕਾਰਨ ਉਸ ਦਾ ਸਾਰਾ ਪਤਾ ਟਿਕਾਣਾ ਸਾਨੂੰ ਪਤਾ ਲੱਗ ਗਿਆ। ਉਸ ਪੱਤਰਕਾਰ ਦੇ ਕਿਸੇ ਲਿਹਾਜੀ ਸੱਜਣ ਨੂੰ ਵਿੱਚ ਪਾ ਕੇ ਅਸੀਂ ਉਸ ਨੂੰ ਫਿਰ ਤੋਂ ਸਕੂਲ ਆਉਣ ਲਈ ਮਨਾ ਲਿਆ। ਪੱਤਰਕਾਰ ਇੱਕ ਸ਼ਰਤ ’ਤੇ ਖ਼ਬਰ ਨਾ ਚਲਾਉਣ ਲਈ ਰਾਜ਼ੀ ਹੋਇਆ। ਉਸ ਦੀ ਮੰਗ ਹੀ ਇੰਨੀ ਵੱਡੀ ਸੀ ਸਭ ਦੇ ਮੂੰਹ ਹੀ ਅੱਡੇ ਰਹਿ ਗਏ ਸਨ। ਉਸ ਨੇ ਇੱਕ ਲੱਖ ਰੁਪਏ ਦੀ ਮੰਗ ਕੀਤੀ ਸੀ। ਇਹ ਸ਼ਰਤ ਮੰਨਣੀ ਸਾਨੂੰ ਕਿਸੇ ਨੂੰ ਵੀ ਮਨਜ਼ੂਰ ਨਹੀਂ ਸੀ। ਘਟਦਾ ਘਟਾਉਂਦਾ ਉਹ ਪੱਚੀ ਹਜ਼ਾਰ ਰੁਪਏ ਲੈਣ ਦੀ ਜ਼ਿਦ ’ਤੇ ਅੜ ਗਿਆ।
ਸਾਰਾ ਸਟਾਫ ਉਸ ਨੂੰ ਸਮਝਾ ਰਿਹਾ ਸੀ ਕਿ ਜਦ ਸਕੂਲ ਵਿੱਚ ਵੀਹ ਪੋਸਟਾਂ ਖਾਲੀ ਪਈਆਂ ਹਨ ਤੇ ਇੱਕ ਸੇਵਾ-ਮੁਕਤ ਲੈਕਚਰਾਰ ਪਿਛਲੇ ਚਾਰ-ਪੰਜ ਸਾਲਾਂ ਤੋਂ ਬਿਨਾਂ ਤਨਖਾਹ ਲਏ ਪੜ੍ਹਾ ਰਿਹਾ ਹੈ ਤਾਂ ਉਹ ਇਹਨਾਂ ਸਭ ਗੱਲਾਂ ਨੂੰ ਲੋਕਾਂ ਅੱਗੇ ਕਿਉਂ ਨਹੀਂ ਲਿਆ ਰਿਹਾ ਹੈ? ਪਰ ਉਸ ਨੂੰ ਇਸ ਸਭ ਨਾਲ ਕੋਈ ਵੀ ਮਤਲਬ ਨਹੀਂ ਸੀ। ਅੰਤ, ਸਾਰੇ ਸਟਾਫ ਨੇ ਫੈਸਲਾ ਕਰ ਲਿਆ ਕਿ ਭਾਵੇਂ ਕੁਝ ਵੀ ਹੋ ਜਾਵੇ, ਆਪਾਂ ਇਸ ਨੂੰ ਪੈਸੇ ਨਹੀਂ ਦੇਣੇ। ਸ਼ਾਮ ਤੱਕ ਉਹ ਸੁਨੇਹੇ ਭੇਜਦਾ ਰਿਹਾ ਕਿ ਖ਼ਬਰ ਨੂੰ ਪ੍ਰਸਾਰਿਤ ਹੋਣ ਤੋਂ ਰੋਕਣਾ ਹੈ ਤਾਂ ਪੈਸੇ ਦੇ ਜਾਓ।
ਆਪਣੀ ਵਾਹ ਨਾ ਚੱਲਦੀ ਵੇਖ ਕੇ ਉਹ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਖੂਬ ਮਸਾਲੇ ਲਾ ਕੇ ਵਿਦਿਆਰਥੀਆਂ ਤੋਂ ਪੌੜੀ ਚੁਕਵਾਉਣ ਦੀ ਘਟਨਾ ਨੂੰ ਸਨਸਨੀਖੇਜ਼ ਬਣਾ ਕੇ ਆਪਣੇ ਚੈਨਲ ਉੱਤੇ ਚਲਾਉਣਾ ਸ਼ੁਰੂ ਕਰ ਦਿੱਤਾ। ਹਰ ਅੱਧੇ ਘੰਟੇ ਬਾਅਦ ਇਹ ਖ਼ਬਰ ਉਸ ਚੈਨਲ ਦੀਆਂ ਮੁੱਖ ਖ਼ਬਰਾਂ ਵਿੱਚ ਘੁੰਮਣ ਲੱਗ ਪਈ।
ਸਾਡੀ ਸਭ ਦੀ ਘਬਰਾਹਟ ਤਾਂ ਵਧਣੀ ਹੀ ਵਧਣੀ ਸੀ। ਸਾਡੇ ਸ਼ੁਭਚਿੰਤਕ ਅਤੇ ਜ਼ਿਲ੍ਹੇ ਦੇ ਬਾਕੀ ਅਧਿਆਪਕ ਵੀ ਬੇਚੈਨ ਹੋ ਗਏ। ਉਹ ਸਾਨੂੰ ਫੋਨ ਕਰ ਕਰ ਕੇ ਆਪਣੀ ਚਿੰਤਾ ਅਤੇ ਹਮਦਰਦੀ ਜ਼ਾਹਿਰ ਕਰ ਰਹੇ ਸਨ।
ਸਾਰੇ ਸਟਾਫ ਨੂੰ ਸਬਕ ਸਿਖਾਉਣ ਦੀ ਜ਼ਿਦ ਵਿੱਚ ਅਗਲੇ ਦਿਨ ਉਹ ਪੱਤਰਕਾਰ ਤਤਕਾਲੀ ਸਿੱਖਿਆ ਮੰਤਰੀ ਕੋਲ ਪੁੱਜ ਗਿਆ ਤੇ ਇਸ ਬਾਬਤ ਪੁੱਛਣ ਲੱਗ ਪਿਆ। ਵੈਸੇ ਤਾਂ ਆਮ ਅਜਿਹਾ ਨਹੀਂ ਹੁੰਦਾ ਪਰ ਸਿੱਖਿਆ ਮੰਤਰੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਉਸ ਨੇ ਹੱਸ ਕੇ ਆਖ ਦਿੱਤਾ, “ਮੈਂ ਤਾਂ ਖ਼ੁਦ ਸਰਕਾਰੀ ਸਕੂਲਾਂ ਵਿੱਚ ਪੜ੍ਹਿਆ ਹਾਂ। ਅਸੀਂ ਤਾਂ ਇਸ ਤੋਂ ਵੀ ਵੱਡੇ-ਵੱਡੇ ਕੰਮ ਕਰਦੇ ਰਹੇ ਹਾਂ। ਪੌੜੀ ਚੁਕਵਾਉਣਾ ਤਾਂ ਬੜਾ ਹੀ ਨਿੱਕਾ ਜਿਹਾ ਕੰਮ ਹੈ। ਆਓ, ਆਪਾਂ ਹੋਰ ਵੱਡੀਆਂ ਗੱਲਾਂ ਵੱਲ ਧਿਆਨ ਦੇਈਏ।” ਪੱਤਰਕਾਰ ਨੇ ਸਿੱਖਿਆ ਮੰਤਰੀ ਨੂੰ ਹੋਰ ਵੀ ਸਵਾਲ ਕਰਨੇ ਚਾਹੇ ਪਰ ਉਸ ਨੇ ਸਾਰੇ ਸਵਾਲ ਹੱਸ ਕੇ ਟਾਲ ਦਿੱਤੇ।
ਜਿੱਥੇ ਸਿੱਖਿਆ ਮੰਤਰੀ ਦਾ ਇਹ ਬਿਆਨ ਸਾਡੇ ਲਈ ਰਾਹਤ ਭਰਿਆ ਸੀ, ਉੱਥੇ ਉਸ ਪੱਤਰਕਾਰ ਲਈ ਬੜਾ ਦੁਖਦਾਈ ਸੀ। ਉਹ ਹੋਰ ਵੀ ਚਿੜ੍ਹ ਗਿਆ ਤੇ ਆਪਣੀ ਅਗਲੀ ਖ਼ਬਰ ਵਿੱਚ ਉਹ ਸਿੱਖਿਆ ਮੰਤਰੀ ਨੂੰ ਵੀ ਭੰਡਣ ਲੱਗ ਪਿਆ। ਉਹ ਵਾਰ ਵਾਰ ਇਹ ਆਖ ਰਿਹਾ ਸੀ ਕਿ ਜੇਕਰ ਇਹਨਾਂ ਅਧਿਆਪਕਾਂ ਜਾਂ ਸਿੱਖਿਆ ਮੰਤਰੀ ਦੇ ਆਪਣੇ ਬੱਚੇ ਨੂੰ ਅਜਿਹਾ ਕਰਨਾ ਪੈ ਜਾਂਦਾ ਤਾਂ ਕੀ ਫਿਰ ਵੀ ਇਹਨਾਂ ਦਾ ਰਵੱਈਆ ਇਹ ਹੀ ਹੋਣਾ ਸੀ? ਫਿਰ ਆਪ ਹੀ ਜਵਾਬ ਦੇ ਦਿੰਦਾ ਸੀ ਕਿ ਇਹਨਾਂ ਸਭ ਦੇ ਆਪਣੇ ਬੱਚੇ ਤਾਂ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਹਨ। ਇਹ ਗਰੀਬ ਲੋਕਾਂ ਦੇ ਬੱਚਿਆਂ ਦੇ ਦਰਦ ਨੂੰ ਕੀ ਸਮਝ ਸਕਦੇ ਹਨ।
ਬਾਤ ਦਾ ਬਤੰਗੜ ਬਣਾਉਣ ਵਾਲੇ ਉਸ ਪੱਤਰਕਾਰ ਦਾ ਜਦ ਦੋ ਤਿੰਨ ਦਿਨ ਵਿੱਚ ਕੁਝ ਵੀ ਨਾ ਵੱਟਿਆ ਗਿਆ ਤਾਂ ਉਹ ਚੁੱਪ ਕਰਕੇ ਬੈਠ ਗਿਆ। ਸਮੁੱਚੇ ਅਧਿਆਪਕ ਵਰਗ ਨੇ ਵੀ ਸੁੱਖ ਦਾ ਸਾਹ ਲਿਆ।
ਅੱਜ ਮੈਂ ਸੋਚਦਾ ਹਾਂ ਕਿ ਜੇਕਰ ਸਿੱਖਿਆ ਮੰਤਰੀ ਉਸ ਵਕਤ ਸਿਆਣਪ ਤੋਂ ਕੰਮ ਨਾ ਲੈਂਦਾ ਅਤੇ ਐਵੇਂ ਆਪਣੇ ਨੰਬਰ ਬਣਾਉਣ ਦਾ ਮਾਰਾ ਕੋਈ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੰਦਾ ਤਾਂ ਸਾਨੂੰ ਕਿੰਨੀ ਮਾਨਸਿਕ ਤਕਲੀਫ ਅਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਣਾ ਸੀ। ਸਕੂਲ ਦੇ ਦੋ ਵਿਦਿਆਰਥੀਆਂ ਦੁਆਰਾ ਪੌੜੀ ਚੁੱਕਣ ਨਾਲ ਤਾਂ ਸਿਰਫ ਉਹਨਾਂ ਦੋਵਾਂ ਦੀ ਕੁਝ ਮਿੰਟਾਂ ਦੀ ਪੜ੍ਹਾਈ ਹੀ ਖ਼ਰਾਬ ਹੋਈ ਸੀ ਪਰ ‘ਦੋਸ਼ੀ’ ਅਧਿਆਪਕਾਂ ਉੱਤੇ ਕਾਰਵਾਈ ਕਰਨ ਨਾਲ ਸਕੂਲ ਦੇ ਸਮੁੱਚੇ ਵਿਦਿਆਰਥੀਆਂ ਨੇ ਮਹੀਨਿਆਂ ਬੱਧੀ ਅਧਿਆਪਕਾਂ ਤੋਂ ਵਾਂਝੇ ਹੋ ਜਾਣਾ ਸੀ।
ਭਾਵੇਂ ਉਸ ਬਲੈਕਮੇਲਰ ਨੂੰ ਪੱਤਰਕਾਰ ਆਖਣਾ ਹੀ ਸਮੁੱਚੀ ਪੱਤਰਕਾਰਤਾ ਦੀ ਤੌਹੀਨ ਹੈ ਪਰ ਉਸ ਦਾ ਇਹ ਸਵਾਲ ਬੜਾ ਹੀ ਵਾਜਬ ਸੀ ਕਿ ਸਰਕਾਰੀ ਅਧਿਆਪਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਪੜ੍ਹਾ ਰਹੇ? ਮੇਰੇ ਵੱਲੋਂ ਸਿਰਫ ਇਹ ਹੀ ਜਵਾਬ ਹੈ ਕਿ ਜਿਸ ਦਿਨ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਲੈਣ ਵਾਲੇ ਹਰ ਵਿਅਕਤੀ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਕਾਨੂੰਨ ਬਣ ਗਿਆ, ਉਸ ਦਿਨ ਤੋਂ ਬਾਅਦ ਸਰਕਾਰੀ ਸਕੂਲਾਂ ਦੀਆਂ ਸਭ ਸਮੱਸਿਆਵਾਂ ਆਪਣੇ-ਆਪ ਹੀ ਹੱਲ ਹੋ ਜਾਣਗੀਆਂ। ਕੀ ਨਿੱਜੀ ਸਕੂਲਾਂ ਦਾ ਮਾਫ਼ੀਆ ਅਜਿਹਾ ਕਾਨੂੰਨ ਬਣਨ ਦੇਵੇਗਾ?
*****
(1005)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)