JasvirSamar7ਸਮਾਗਮ ਵਿੱਚ ਹਾਜ਼ਰੀ ਭਰਦਿਆਂ ਜ਼ਿਹਨ ਅੰਦਰ ਇਹ ਤੁਣਕਾ ਜ਼ਰੂਰ ਵੱਜਿਆਤੇ ਠੀਕ ਹੀ ਵੱਜਿਆ ਕਿ ...
(9 ਮਈ 2018)

 

ਪੰਜਾਬੀ ਭਾਈਚਾਰੇ ਦੇ ਸਿਰ ਉੱਤੇ ਇਹ ਕਲਗੀ ਸਜ ਗਈ ਹੋਈ ਹੈ ਕਿ ਇਹ ਸੰਸਾਰ ਦੇ ਕਿਸੇ ਵੀ ਹੋਰ ਭਾਈਚਾਰੇ ਨਾਲੋਂ ਕਿਤੇ ਵੱਧ ਸਮਾਗਮ-ਰਚਾਈ ਕਰਦਾ ਹੈ। ਹਰ ਪਾਸਿਓਂ ਸੈਮੀਨਾਰਾਂ, ਰੂ-ਬ-ਰੂ, ਗੋਸ਼ਟੀਆਂ, ਵਿਚਾਰ-ਵਟਾਂਦਰੇ, ਇਨਾਮਾਂ-ਸਨਮਾਨਾਂ ਆਦਿ ਦੀਆਂ ਖ਼ਬਰਾਂ ਅੱਖਾਂ ਅੰਦਰ ਉੱਤਰੀ ਜਾਂਦੀਆਂ ਹਨ। ਸੋਸ਼ਲ ਮੀਡੀਆ ਨੇ ਇਸ ਰਫ਼ਤਾਰ ਨੂੰ ਹੋਰ ਅੱਡੀ ਲਾ ਦਿੱਤੀ ਹੈ। ਬਹੁਤ ਘੱਟ ਸਮਾਗਮ ਸੰਜੀਦਗੀ ਦੇ ਓਢਣ ਤੱਕ ਪੁੱਜਦੇ ਹਨ, ਬਾਕੀ ਸਭ ਖੁਸ਼ਨੂਦੀ ਜਾਂ ਇਸ ਦੇ ਨੇੜੇ-ਤੇੜੇ ਪਰਿਕਰਮਾ ਕਰੀ ਜਾਂਦੇ ਹਨ।

ਚਿਰ ਪਹਿਲਾਂ ਹਾਸੇ-ਠੱਠੇ ਵਿਚ ਹੀ ਅਜਿਹੇ ਸਮਾਗਮਾਂ ਦਾ ਕੁਨਾਂ ‘ਸਾਹਿਤਕ ਰੈਲੇ’ ਰੱਖਿਆ ਗਿਆ ਸੀ। ਰੈਲੀ/ਰੈਲੀਆਂ ਤੋਂ ਤਾਂ ਪਾਠਕ ਵਾਕਿਫ਼ ਹੀ ਹਨ ਜਿੱਥੇ ਲੀਡਰਾਂ ਦੇ ਭਾਸ਼ਨ ਹੇਠਲੀ ਉੱਤੇ ਲਿਆਈ ਰੱਖਦੇ ਹਨ। ਸਾਹਿਤ ਸਮਾਗਮਾਂ ਦਾ ਸੰਜੀਦਾ ‘ਗੋਸਟਿ’ ਦੀ ਥਾਂ ‘ਰੈਲੀ’ ਦਾ ਰੂਪ ਅਖ਼ਤਿਆਰ ਕਰ ਜਾਣਾ ਸਾਡੀ ਬੌਧਿਕ ਕੰਗਾਲੀ ਦਾ ਲਖ਼ਾਇਕ ਹੀ ਕਿਹਾ ਸਕਦਾ ਹੈ। ਕਿਸੇ ਕਿਤਾਬ ਬਾਰੇ ਵਿਚਾਰ-ਵਟਾਂਦਰੇ ਦੌਰਾਨ ਬਥੇਰੇ ਸੱਜਣ ‘ਮੈਂ ਕਿਤਾਬ ਤਾਂ ਨਹੀਂ ਪੜ੍ਹੀ ਪਰ ...’ ਕਹਿ ਕੇ ਅਜਿਹੇ ਰੈਲਿਆਂ ਵਿੱਚ ਆਪਣੀ ਹਾਜ਼ਰੀ ਲੁਆਉਂਦੇ ਅਕਸਰ ਦੇਖੇ/ਸੁਣੇ ਹਨ। ਅਜਿਹੇ ਰੈਲੇ-ਭਾਸ਼ਨਾਂ ਵਿੱਚ ਵਧੇਰੇ ਜ਼ੋਰ ‘ਆਪਣੀ ਗੱਲ’ ਉੱਤੇ ਹੀ ਹੁੰਦਾ ਹੈ; ਇਉਂ ਵਿਸ਼ੇ ਤੋਂ ਬਾਹਰਲੀਆਂ ਗੱਲਾਂ ਦੇ ਗਲੋਟੇ ਉਧੜਨ ਲੱਗਦੇ ਹਨ।

ਹਾਲ ਹੀ ਵਿਚ ਦਸਤਾਵੇਜ਼ੀ ਫਿਲਮਸਾਜ਼-ਪੱਤਰਕਾਰ ਦਲਜੀਤ ਅਮੀ ਦੀ ਅਨੁਵਾਦ ਕੀਤੀ ਪੋਥੀ ‘ਨਾਰੀਵਾਦੀ ਨਜ਼ਰੀਆ’ (ਸੀਇੰਗ ਲਾਈਕ ਏ ਫੈਮਿਨਿਸਟ - ਨਿਵੇਦਿਤਾ ਮੈਨਨ) ਦੇ ਸਮਾਗਮ ਇਸ ਪ੍ਰਦੂਸ਼ਣ ਦੀ ਕਾਟ ਕਰਦੇ ਜਾਪੇ। ਚੰਡੀਗੜ੍ਹ, ਪਟਿਆਲਾ, ਘਨੌਰ ਅਤੇ ਫਿ਼ਰੋਜ਼ਪੁਰ ਹੋਏ ਇਨ੍ਹਾਂ ਸਮਾਗਮਾਂ ਦੌਰਾਨ ਕੇਂਦਰੀ ਮੁੱਦੇ ਅਤੇ ਮਸਲੇ ਦਾ ਪੱਲਾ ਘੁੱਟ ਕੇ ਫੜੀ ਰੱਖਿਆ ਗਿਆ। ‘ਲੋਕਾਇਤ’ ਵੱਲੋਂ ਕਰਵਾਏ ਚੰਡੀਗੜ੍ਹ ਵਾਲੇ ਸਮਾਗਮ (ਮਿਊਜ਼ੀਅਮ ਹਾਲ, ਸੈਕਟਰ 10) ਵਿੱਚ ਸਟੇਜ ’ਤੇ ਅਨੁਵਾਦਕ, ਮੂਲ ਲਿਖਾਰੀ ਨਿਵੇਦਿਤਾ ਮੈਨਿਨ ਨਾਲ ਅਮਨਦੀਪ ਕੌਰ ਨੇ ਬਰਾਬਰੀ ’ਤੇ ਖਲੋ ਕੇ ਗੱਲ ਚਲਾਈ। ਪਹਿਲਾਂ ਨਿਵੇਦਿਤਾ ਮੈਨਨ ਵੱਲੋਂ ਕਿਤਾਬ ਦੇ ਇੱਕ ਹਿੱਸੇ ਦਾ ਅੰਗਰੇਜ਼ੀ ਅਤੇ ਫਿਰ ਉਸੇ ਹਿੱਸੇ ਦਾ ਦਲਜੀਤ ਅਮੀ ਵੱਲੋਂ ਸਹਿਜਤਾ ਨਾਲ ਕੀਤੇ ਪਾਠ, ਸਮਾਗਮ ਦੀ ਬੁਨਿਆਦ ਹੋ ਨਿੱਬੜੇ।

ਅਮਨਦੀਪ ਕੌਰ ਸੰਜੀਦਾ ਪਾਠਕ ਤਾਂ ਹੈ ਹੀ, ਵਿਦਿਆਰਥੀ ਕਾਰਕੁਨ ਵੀ ਰਹੀ ਹੈ, ਤੇ ਇਸ ਦਾ ਰੰਗ ਉਹਨੇ ਸਟੇਜ ਉੱਤੇ ਵੀ ਗੂੜ੍ਹਾ ਕਰ ਕੇ ਦਿਖਾਇਆ। ਉਹਦੇ ਸਵਾਲਾਂ ਨੇ ਲੇਖਕ ਨੂੰ ਨਾਰੀਵਾਦੀ ਮੁੱਦਿਆਂ ਅਤੇ ਅਨੁਵਾਦਕ ਨੂੰ ਅਨੁਵਾਦ ਬਾਰੇ ਖੁੱਲ੍ਹ ਕੇ ਗੱਲ ਕਰਨ ਵਾਲਾ ਰਾਹ ਮੋਕਲਾ ਕੀਤਾ। ਇਸ ਗੋਸਟਿ ਦੌਰਾਨ ਨਾਰੀਵਾਦੀ ਨਜ਼ਰੀਏ ਨੇ ਪਰਿਵਾਰ ਤੋਂ ਲੈ ਕੇ ਸੰਸਾਰ ਤੱਕ ਉੱਚੀ ਉਡਾਣ ਭਰੀ। ਇਸ ਚਰਚਾ ਵਿੱਚ ਕਿਸੇ ਨਾਰੀ ਵੱਲੋਂ ਖ਼ੁਦ ਦੇ ਖੰਭਾਂ ਦਾ ਤਾਣ ਲਾ ਕੇ ਭਰੀ ਪਰਵਾਜ਼ ਦੇ ਨਕਸ਼ ਖ਼ੂਬ ਉੱਭਰੇ। ਦਾਅਵਾ ਕੀਤਾ ਜਾ ਸਕਦਾ ਹੈ ਕਿ ਅਜਿਹੀਆਂ ਮਹਿਫ਼ਿਲਾਂ ਦੌਰਾਨ ਸਰੋਤਾ-ਗਣ ਚੋਖੀ ਖੱਟੀ ਕਰ ਕੇ ਉੱਠਦੇ ਹਨ ਅਤੇ ਅਗਲੀ ਵਾਰੀ ਲਈ ਸਵਾਲਾਂ ਦਾ ਬੰਨ੍ਹ-ਸੁਬ ਬਣਨਾ ਸ਼ੁਰੂ ਹੋ ਜਾਂਦਾ ਹੈ। ਗੋਸਟਿ ਦਾ ਸਵਾਲਾਂ ਦੀ ਜੂਨੇ ਪੈ ਜਾਣ ਵਾਲਾ ਅਮਲ, ਬੌਧਿਕ ਕੰਗਾਲੀ ਨਾਲ ਜੂਝ ਰਹੇ ਆਲੇ-ਦੁਆਲੇ ਅੰਦਰ ਰੰਗਾਂ ਦਾ ਮੀਂਹ ਵਰ੍ਹਾ ਸਕਦਾ ਹੈ। ਸਮਾਗਮ ਵਿੱਚ ਹਾਜ਼ਰੀ ਭਰਦਿਆਂ ਜ਼ਿਹਨ ਅੰਦਰ ਇਹ ਤੁਣਕਾ ਜ਼ਰੂਰ ਵੱਜਿਆ, ਤੇ ਠੀਕ ਹੀ ਵੱਜਿਆ ਕਿ ਸਮਾਗਮ ਜਿਹੜੇ ਸਿਰਫ਼ ਮੇਲੇ-ਗੇਲੇ ਤੱਕ ਸੁੰਗੜ ਗਏ ਜਾਂ ਸੁੰਗੇੜ ਦਿੱਤੇ ਜਾਂਦੇ ਹਨ, ਅਜਿਹਾ ਚਿਣਗਾਂ ਛੱਡਦਾ ਮਾਹੌਲ ਵੀ ਸਿਰਜ ਸਕਦੇ ਹਨ।

ਪਟਿਆਲੇ ਪੰਜਾਬੀ ਯੂਨੀਵਰਸਿਟੀ ਵਿੱਚ ਹੋਏ ਸਮਾਗਮ ਦਾ ਰੰਗ ਵੀ ਚੰਡੀਗੜ੍ਹ ਵਰਗਾ ਹੀ ਸੀ। ਉੱਥੇ ਬਹਿਸ ਦੀ ਕਮਾਨ ਡਾਕਟਰ ਸੁਰਜੀਤ ਸਿੰਘ ਨੇ ਸੰਭਾਲੀ। ਇਸ ਸੰਵਾਦ ਦੌਰਾਨ ਬਹਿਸ ਦੇ ਸੂਤਰਧਾਰ, ਲਿਖਾਰੀ ਤੇ ਅਨੁਵਾਦਕ ਨੇ ਮਸਲੇ ਨਾਲ ਜੁੜੇ ‘ਫਿਕਰਾਂ ਦੀ ਬਾਂਹ’ ਫੜੀ ਰੱਖੀ।

ਘਨੌਰ ਦੇ ਯੂਨੀਵਰਸਿਟੀ ਕਾਲਜ ਵਿੱਚ ਸਮਾਗਮ ਦਾ ਰੰਗ ਰਤਾ ਕੁ ਵੱਖਰਾ ਹੋ ਗਿਆ। ਕਾਲਜ ਦੀ ਪੁਲੀਟੀਕਲ ਸਾਇੰਸ ਸੁਸਾਇਟੀ ਦੇ ਕਰਤਿਆਂ-ਧਰਤਿਆਂ ਨੇ ਮੁੱਖ ਭਾਸ਼ਨ ਦੀ ਕਮਾਨ ਵਿਦਿਆਰਥਣ ਸੀਮਾ ਦੇ ਹੱਥ ਸੌਂਪੀ ਅਤੇ ਵਿਦਿਆਰਥੀਆਂ ਦੇ ਤਣੇ ਹੋਏ ਸਵਾਲ ਸਮਾਗਮ ਦਾ ਤਾਣ ਹੋ ਗਏ। ਇਹ ਅਸਲ ਵਿਚ ਨਵੀਂ ਪਨੀਰੀ ਉੱਤੇ ਯਕੀਨ ਰੱਖਣ ਦਾ ਹੀ ਮਸਲਾ ਸੀ ਅਤੇ ਮਰਹੱਲਾ ਵੀ। ਇਸ ਪੋਥੀ ਬਾਰੇ ਚਰਚਾ ਦਾ ਆਰੰਭ ਸਭ ਤੋਂ ਪਹਿਲਾਂ ਫਿਰੋਜ਼ਪੁਰ ਦੇ ਕਾਲਜ ਤੋਂ ਹੋਇਆ ਸੀ ਜਿੱਥੇ ਫਿਲਸਫੀ ਵਿਭਾਗ ਦੇ ਅਧਿਆਪਕ ਅੰਬੁਜ ਸ਼ਰਮਾ ਨੇ ਪੋਥੀ ਦੀ ਲਿਖਾਰੀ, ਅਨੁਵਾਦਕ ਅਤੇ ਪਾੜ੍ਹਿਆਂ ਵਿਚਕਾਰ ਪੁਲ ਉਸਾਰਨ ਦਾ ਕਾਰਜ ਨਿਭਾਇਆ। ਦਰਅਸਲ, ਇਹ ਪੋਥੀ ਮਿੱਟੀ ਫਰੋਲਣ ਵਾਲੀ ਹੈ, ਇਸ ਅੰਦਰਲੇ ਖਿਆਲ ਸੋਚ-ਲੜੀ ਨੂੰ ਜ਼ਰਬ ਦਿੰਦੇ ਹਨ ਅਤੇ ਫਿਰ ਬਹੁਤ ਸਹਿਜ ਨਾਲ ਇਸ ਨੂੰ ਤਰਤੀਬ ਵੀ ਦਿੰਦੇ ਹਨ। ਇਸ ਪੋਥੀ ਵਿਚ ਆਏ ਮੁੱਦੇ, ਇਨ੍ਹਾਂ ਬਾਰੇ ਖਾਸ ਨਜ਼ਰੀਆ ਅਤੇ ਅਨੁਵਾਦ ਬਾਰੇ ਕਈ ਪੱਖਾਂ ਤੋਂ ਗੱਲ ਤੁਰੀ ਹੈ, ਇਨ੍ਹਾਂ ਪੱਖਾਂ ਬਾਰੇ ਗੱਲਾਂ ਕਦੀ ਫੇਰ ਸਹੀ।

*****

(1146)

About the Author

ਜਸਵੀਰ ਸਮਰ

ਜਸਵੀਰ ਸਮਰ

Phone: (91 - 98722 - 69310)
Email: (samar345@gmail.com)