“ਸਭ ਤੋਂ ਵੱਡੀ ਗੱਲ, ਬੱਚਿਆਂ ਨੂੰ ਬਚਪਨ ਜਿਊਣ ਦਿਓ। ਕਦੇ ਉਨ੍ਹਾਂ ਨਾਲ ...”
(6 ਨਵੰਬਰ 2026)
ਬਚਪਨ ਜ਼ਿੰਦਗੀ ਦਾ ਉਹ ਸੁਨਹਿਰੀ ਦੌਰ ਹੁੰਦਾ ਹੈ, ਜਿੱਥੇ ਨਿੱਕੀਆਂ-ਨਿੱਕੀਆਂ ਗੱਲਾਂ ਵਿੱਚੋਂ ਵੱਡੀਆਂ ਖੁਸ਼ੀਆਂ ਲੱਭੀਆਂ ਜਾਂਦੀਆਂ ਹਨ। ਉਸ ਉਮਰ ਵਿੱਚ ਮਹਿੰਗੇ ਤੋਹਫਿਆਂ ਦੀ ਨਹੀਂ, ਸਗੋਂ ਛੋਟੀਆਂ-ਛੋਟੀਆਂ ਸੱਧਰਾਂ ਪੂਰੀਆਂ ਹੋਣ ਦੀ ਉਡੀਕ ਹੁੰਦੀ ਸੀ। ਨਿੱਕੇ ਨਿੱਕੇ ਚਾਅ ਅਤੇ ਸੱਧਰਾਂ ਕਿਸੇ ਵੀ ਬਚਪਨ ਦਾ ਅਨਮੋਲ ਖਜ਼ਾਨਾ ਹੁੰਦੇ ਹਨ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਉਹ ਘਰ ਅੰਦਰਲੀ ਹਰ ਖੁਸ਼ੀ ਨੂੰ ਮਾਣਦਾ ਹੋਇਆ ਵੱਡਾ ਹੁੰਦਾ ਹੈ। ਘਰ ਵਿਚਲੇ ਖੁਸ਼ੀ ਦੇ ਮਾਹੌਲ ਵਿੱਚ ਪਲਦਾ ਹੋਇਆ ਜਿੱਥੇ ਬੱਚਾ ਮਾਨਸਿਕ ਅਤੇ ਸਰੀਰਕ ਤੌਰ ’ਤੇ ਮਜ਼ਬੂਤ ਹੁੰਦਾ ਹੈ, ਉੱਥੇ ਹੀ ਉਹ ਆਪਣੇ ਪਿਛੋਕੜ ਅਤੇ ਸੱਭਿਆਚਾਰ ਨਾਲ ਵੀ ਮਜ਼ਬੂਤ ਸਾਂਝ ਬਣਾਉਂਦਾ ਹੈ। ਜਦੋਂ ਬੱਚਾ ਘਰ ਵਿੱਚ ਆਉਣ ਵਾਲੀ ਹਰ ਖੁਸ਼ੀ ਦੀ ਚਾਅ ਨਾਲ ਉਡੀਕ ਕਰਦਾ ਹੈ ਤੇ ਮਾਪਿਆਂ ਵੱਲੋਂ ਘਰ ਦੀਆਂ ਖੁਸ਼ੀਆਂ ਨੇਪਰੇ ਚਾੜ੍ਹਨ ਦੀਆਂ ਕੋਸ਼ਿਸ਼ਾਂ ਨੂੰ ਦੇਖਦਾ ਹੈ ਤਾਂ ਉਸ ਵਿੱਚ ਆਪਣਿਆਂ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਵੀ ਪ੍ਰਫੁੱਲਿਤ ਹੁੰਦੀ ਹੈ। ਇਸ ਤਰ੍ਹਾਂ ਦੇ ਮਾਹੌਲ ਵਿੱਚ ਰਹਿ ਕੇ ਬੱਚਾ ਤੰਦਰੁਸਤ ਸੋਚ ਦਾ ਧਾਰਨੀ ਬਣਦਾ ਹੈ।
ਜੇ ਅੱਜ ਦੇ ਬਚਪਨ ਵੱਲ ਝਾਤ ਮਾਰੀਏ ਤਾਂ ਇੰਝ ਲਗਦਾ ਹੈ ਜਿਵੇਂ ਬੱਚਿਆਂ ਦੀ ਜ਼ਿੰਦਗੀ ਵਿੱਚੋਂ ਚਾਅ, ਉਤਸ਼ਾਹ, ਖੁਸ਼ੀਆਂ ਅਤੇ ਮਾਸੂਮੀਅਤ ਹੌਲੀ-ਹੌਲੀ ਅਲੋਪ ਹੁੰਦੀਆਂ ਜਾ ਰਹੀਆਂ ਹਨ। ਇਹ ਸਿਰਫ ਬਦਲਦੇ ਸਮੇਂ ਦੀ ਤਸਵੀਰ ਨਹੀਂ, ਸਗੋਂ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਵੀ ਹੈ। ਇੱਕ ਸਮਾਂ ਉਹ ਵੀ ਸੀ ਜਦੋਂ ਬੱਚਿਆਂ ਨੂੰ ਹਰ ਆਉਣ ਵਾਲੇ ਤਿਉਹਾਰ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸੀ। ਦੁਸਹਿਰੇ ਦੇ ਆਉਣ ਤੋਂ ਪਹਿਲਾਂ ਉਹ ਮਾਂ ਨੂੰ ਜੌਂ ਬੀਜਦੇ ਦੇਖਦੇ, ਰੋਜ਼ ਜੌਂਆਂ ਨੂੰ ਵਧਦੇ ਦੇਖ ਕੇ ਖੁਸ਼ ਹੁੰਦੇ, ਦੁਸਹਿਰੇ ਵਾਲੇ ਦਿਨ ਰੀਤੀ ਰਿਵਾਜ਼ ਮੁਤਾਬਿਕ ਉਨ੍ਹਾਂ ਨੂੰ ਵਿਸਰਜਨ ਕਰਨ, ਦੁਸਹਿਰੇ ਦੇ ਮੇਲੇ ’ਤੇ ਜਾਣ ਦਾ ਇੱਕ ਵੱਖਰਾ ਹੀ ਚਾਅ ਹੁੰਦਾ ਸੀ। ਦਿਵਾਲੀ ਆਉਣ ਤੋਂ ਕਈ ਦਿਨ ਪਹਿਲਾਂ ਹੀ ਬੱਚੇ ਘਰ ਦੀ ਸਫਾਈ ਵਿੱਚ ਹੱਥ ਵਟਾਉਂਦੇ, ਆਪਣੇ ਹੱਥੀਂ ਮਿੱਟੀ ਦੇ ਦੀਵੇ ਰੰਗਦੇ ਅਤੇ ਬਜ਼ਾਰ ਵਿੱਚੋਂ ਪਟਾਕੇ ਲਿਆਉਣ ਦੀ ਜ਼ਿਦ ਕਰਦੇ ਸਨ। ਲੋਹੜੀ ਵੇਲੇ ਰਿਓੜੀਆਂ, ਗੱਚਕ, ਮੂੰਗਫਲੀ ਅਤੇ ਭੁੱਗੇ ਦਾ ਆਪਣਾ ਹੀ ਚਾਅ ਹੁੰਦਾ ਸੀ। ਬੱਚੇ ਘਰ-ਘਰ ਜਾ ਕੇ ਲੋਹੜੀ ਮੰਗਦੇ, ਗੀਤ ਗਾਉਂਦੇ ਅਤੇ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਸਨ। ਵਿਸਾਖੀ ਆਉਣ ’ਤੇ ਮੇਲੇ ਜਾਣ ਦੀ ਉਡੀਕ, ਨਵੇਂ ਕੱਪੜਿਆਂ ਦੀ ਖੁਸ਼ੀ ਅਤੇ ਝੂਟੇ ਲੈਣ ਦਾ ਉਤਸ਼ਾਹ ਕਈ ਦਿਨ ਪਹਿਲਾਂ ਹੀ ਮਨ ਵਿੱਚ ਲੱਡੂ ਭੰਨਣ ਲਾ ਦਿੰਦਾ ਸੀ।
ਤੀਆਂ ਦੇ ਮੌਕੇ ਪੀਂਘਾਂ ਝੂਟਣੀਆਂ, ਮਹਿੰਦੀ ਲਵਾਉਣੀ ਅਤੇ ਗਿੱਧੇ ਦੀਆਂ ਬੋਲੀਆਂ ਪਾਉਣੀਆਂ ਵੀ ਬਚਪਨ ਦੀਆਂ ਅਭੁੱਲ ਯਾਦਾਂ ਦਾ ਹਿੱਸਾ ਸਨ। ਸਿਰਫ ਤਿਉਹਾਰ ਹੀ ਨਹੀਂ, ਘਰ ਦੀ ਨਿੱਕੀ ਤੋਂ ਨਿੱਕੀ ਖੁਸ਼ੀ ਵੀ ਬੱਚਿਆਂ ਲਈ ਕਿਸੇ ਵੱਡੇ ਜਸ਼ਨ ਤੋਂ ਘੱਟ ਨਹੀਂ ਹੁੰਦੀ ਸੀ। ਘਰ ਵਿੱਚ ਕੋਈ ਰਿਸ਼ਤੇਦਾਰ ਆਉਣਾ ਹੁੰਦਾ ਤਾਂ ਬੱਚੇ ਕਈ ਦਿਨ ਪਹਿਲਾਂ ਹੀ ਉਨ੍ਹਾਂ ਦੀ ਉਡੀਕ ਕਰਨ ਲੱਗ ਪੈਂਦੇ ਸਨ। ਨਾਨਕੇ ਜਾਣ ਦਾ ਸੁਨੇਹਾ ਮਿਲਦਿਆਂ ਹੀ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਸੀ। ਨਵੇਂ ਸਕੂਲ ਬੈਗ, ਨਵੀਂਆਂ ਕਿਤਾਬਾਂ, ਰੰਗਦਾਰ ਪੈਨਸਿਲਾਂ ਅਤੇ ਨਵੀਂਆਂ ਜੁੱਤੀਆਂ ਦਾ ਆਪਣਾ ਹੀ ਅਨੰਦ ਹੁੰਦਾ ਸੀ। ਐਤਵਾਰ ਨੂੰ ਪਿਤਾ ਜੀ ਨਾਲ ਬਜ਼ਾਰ ਜਾਣਾ, ਗਰਮੀਆਂ ਦੀਆਂ ਛੁੱਟੀਆਂ ਵਿੱਚ ਪਿੰਡ ਜਾਣਾ, ਖੇਤਾਂ ਵਿੱਚ ਘੁੰਮਣਾ, ਟਿਊਬਵੈੱਲ ’ਤੇ ਨਹਾਉਣਾ ਅਤੇ ਦੋਸਤਾਂ ਨਾਲ ਗਲੀਆਂ ਵਿੱਚ ਖੇਡਣਾ ਬੱਚਿਆਂ ਲਈ ਜ਼ਿੰਦਗੀ ਦੇ ਅਨਮੋਲ ਪਲ ਹੁੰਦੇ ਸਨ।
ਘਰ ਵਿੱਚ ਕੋਈ ਮਿੱਠੀ ਚੀਜ਼ ਬਣਨੀ ਹੁੰਦੀ ਤਾਂ ਰਸੋਈ ਦੇ ਗੇੜੇ ਮਾਰਨੇ ਅਤੇ ਮਾਂ ਤੋਂ ਪਹਿਲਾ ਹਿੱਸਾ ਲੈਣ ਦੀ ਜ਼ਿਦ ਕਰਨੀ ਵੀ ਕਿੰਨਾ ਵੱਡਾ ਚਾਅ ਹੁੰਦਾ ਸੀ। ਘਰ ਜਾਂ ਗੁਆਂਢ ਵਿੱਚ ਕਿਸੇ ਦੇ ਵਿਆਹ ਦਾ ਚਾਅ ਜਾਂ ਹੋਰ ਸਮਾਗਮ ਦਾ ਚਾਅ ਕਈ ਦਿਨ ਪਹਿਲਾਂ ਹੀ ਚੜ੍ਹਿਆ ਰਹਿੰਦਾ ਸੀ। ਇਸ ਨਾਲ ਬੱਚੇ ਭਾਈਚਾਰਕ ਸਾਂਝ ਵਾਲੇ ਮਾਹੌਲ ਵਿੱਚ ਵੱਡੇ ਹੁੰਦੇ ਸਨ ਤੇ ਇਹ ਸਭ ਕੁਝ ਉਨ੍ਹਾਂ ਦੀਆਂ ਉਮਰ ਭਰ ਦੀਆਂ ਯਾਦਾਂ ਦੀ ਕਮਾਈ ਦੀ ਦੌਲਤ ਬਣ ਜਾਂਦੀਆਂ ਸਨ। ਉਸ ਸਮੇਂ ਬੱਚਿਆਂ ਕੋਲ ਸਾਧਨ ਘੱਟ ਸਨ ਪਰ ਖੁਸ਼ੀਆਂ ਬੇਸ਼ੁਮਾਰ ਸਨ। ਇੱਕ ਨਵੀਂ ਗੁੱਡੀ, ਲੱਕੜ ਦੀ ਗੱਡੀ, ਗੁਲੇਲ, ਪਤੰਗ ਜਾਂ ਰੰਗਦਾਰ ਗੁਬਾਰਾ ਮਿਲ ਜਾਣਾ ਹੀ ਉਨ੍ਹਾਂ ਲਈ ਵੱਡੀ ਪ੍ਰਾਪਤੀ ਹੁੰਦੀ ਸੀ। ਕਿਸੇ ਦੋਸਤ ਕੋਲੋਂ ਨਵੀਂ ਖੇਡ ਸਿੱਖਣੀ ਜਾਂ ਮੀਂਹ ਪੈਣ ’ਤੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਪਾਣੀ ਵਿੱਚ ਤਾਰਨੀਆਂ ਵੀ ਮਨ ਨੂੰ ਅਥਾਹ ਖੁਸ਼ੀ ਦਿੰਦੀਆਂ ਸਨ। ਬੱਚੇ ਖੁਸ਼ੀ ਨੂੰ ਖਰੀਦਦੇ ਨਹੀਂ ਸਨ, ਸਗੋਂ ਆਪਣੇ ਆਲੇ-ਦੁਆਲੇ ਦੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਵਿੱਚੋਂ ਲੱਭ ਲੈਂਦੇ ਸਨ।0
ਪਰ ਅੱਜ ਦੇ ਬਚਪਨ ਦੀ ਤਸਵੀਰ ਕਾਫੀ ਬਦਲ ਗਈ ਹੈ। ਅੱਜ ਬੱਚਿਆਂ ਕੋਲ ਖਿਡੌਣਿਆਂ ਦੀ ਕੋਈ ਘਾਟ ਨਹੀਂ, ਪਰ ਖੇਡਣ ਦਾ ਚਾਅ ਘਟਦਾ ਜਾ ਰਿਹਾ ਹੈ। ਮੋਬਾਇਲ, ਟੈਬਲਟ, ਵੀਡੀਓ ਗੇਮਾਂ ਅਤੇ ਸੋਸ਼ਲ ਮੀਡੀਆ ਨੇ ਉਨ੍ਹਾਂ ਦੇ ਮਨੋਰੰਜਨ ਦੇ ਢੰਗ ਬਦਲ ਦਿੱਤੇ ਹਨ। ਤਿਉਹਾਰ ਆਉਂਦੇ ਹਨ ਪਰ ਉਨ੍ਹਾਂ ਦੀ ਉਡੀਕ ਕਰਨ ਵਾਲੀਆਂ ਭਾਵਨਾਵਾਂ ਪਹਿਲਾਂ ਵਰਗੀਆਂ ਨਹੀਂ ਰਹੀਆਂ। ਦਿਵਾਲੀ ’ਤੇ ਦੀਵੇ ਬਣਾਉਣ ਜਾਂ ਘਰ ਸਜਾਉਣ ਦੀ ਥਾਂ ਕਈ ਬੱਚਿਆਂ ਦੀ ਦਿਲਚਸਪੀ ਮਹਿੰਗੇ ਤੋਹਫਿਆਂ ਅਤੇ ਨਵੇਂ ਗੈਜ਼ੇਟਸ ਤਕ ਸੀਮਿਤ ਹੋ ਗਈ ਹੈ। ਜਨਮ ਦਿਨ ਮਨਾਉਣ ਦਾ ਮਤਲਬ ਵੀ ਹੁਣ ਕਈ ਵਾਰ ਵੱਡੀ ਪਾਰਟੀ, ਮਹਿੰਗਾ ਕੇਕ ਅਤੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਪਾਉਣਾ ਬਣ ਕੇ ਰਹਿ ਗਿਆ ਹੈ। ਇਸ ਬਦਲਾਅ ਪਿੱਛੇ ਕਈ ਕਾਰਨ ਹਨ। ਸਭ ਤੋਂ ਪਹਿਲਾਂ ਮਾਪਿਆਂ ਦੀ ਬਦਲਦੀ ਜੀਵਨਸ਼ੈਲੀ ਅਤੇ ਬੱਚਿਆਂ ਦੀ ਪਰਵਰਿਸ਼ ਦਾ ਢੰਗ ਹੈ। ਮਾਪੇ ਆਪਣੀਆਂ ਜ਼ਿੰਮੇਵਾਰੀਆਂ ਅਤੇ ਕੰਮਾਂ ਵਿੱਚ ਇੰਨੇ ਰੁੱਝ ਗਏ ਹਨ ਕਿ ਬੱਚਿਆਂ ਨਾਲ ਬੈਠ ਕੇ ਗੱਲਾਂ ਕਰਨ, ਉਨ੍ਹਾਂ ਨਾਲ ਨਿੱਕੀਆਂ ਨਿੱਕੀਆਂ ਖੁਸ਼ੀਆਂ ਸਾਂਝੀਆਂ ਕਰਨ ਅਤੇ ਉਨ੍ਹਾਂ ਦੇ ਮਨ ਦੀਆਂ ਸੱਧਰਾਂ ਜਾਣਨ ਲਈ ਸਮਾਂ ਹੀ ਨਹੀਂ ਕੱਢ ਪਾਉਂਦੇ।
ਦੂਜਾ ਕਾਰਨ ਬੱਚਿਆਂ ਉੱਤੇ ਪੜ੍ਹਾਈ ਅਤੇ ਮੁਕਾਬਲੇਬਾਜ਼ੀ ਦਾ ਵਧਦਾ ਦਬਾਅ ਹੈ। ਸਕੂਲ, ਟਿਊਸ਼ਨ, ਹੋਮਵਰਕ, ਟੈੱਸਟ ਅਤੇ ਵੱਖ-ਵੱਖ ਗਤੀਵਿਧੀਆਂ ਨੇ ਬੱਚਿਆਂ ਦੇ ਦਿਨ ਦਾ ਵੱਡਾ ਹਿੱਸਾ ਘੇਰ ਲਿਆ ਹੈ। ਉਨ੍ਹਾਂ ਕੋਲ ਆਪਣੀ ਮਰਜ਼ੀ ਨਾਲ ਖੇਡਣ, ਸੁਪਨੇ ਦੇਖਣ ਅਤੇ ਵਿਹਲੇ ਬੈਠ ਕੇ ਕੁਦਰਤ ਨੂੰ ਮਾਣਨ ਦਾ ਸਮਾਂ ਹੀ ਨਹੀਂ ਬਚਦਾ। ਇਸ ਤੋਂ ਇਲਾਵਾ ਹਰ ਚੀਜ਼ ਅਸਾਨੀ ਨਾਲ ਮਿਲ ਜਾਣ ਕਾਰਨ ਵੀ ਉਡੀਕ ਕਰਨ ਅਤੇ ਚਾਅ ਪਾਲਣ ਦੀ ਭਾਵਨਾ ਘਟ ਰਹੀ ਹੈ। ਪਹਿਲਾਂ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਬੱਚਿਆਂ ਨੂੰ ਉਡੀਕ ਕਰਨੀ ਪੈਂਦੀ ਸੀ। ਉਸ ਉਡੀਕ ਵਿੱਚ ਹੀ ਇੱਕ ਅਨੋਖਾ ਅਨੰਦ ਹੁੰਦਾ ਸੀ। ਅੱਜ ਬੱਚੇ ਨੇ ਹੁਣ ਮੰਗ ਕੀਤੀ ਅਤੇ ਚੀਜ਼ ਤੁਰੰਤ ਸਾਹਮਣੇ ਹਾਜ਼ਰ। ਜਦੋਂ ਹਰ ਇੱਛਾ ਤੁਰੰਤ ਪੂਰੀ ਹੋਣ ਲੱਗੇ ਤਾਂ ਉਸ ਨੂੰ ਪ੍ਰਾਪਤ ਕਰਨ ਦਾ ਉਤਸ਼ਾਹ ਵੀ ਘਟਣ ਲਗਦਾ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ਨੇ ਤੁਲਨਾ ਦੀ ਪ੍ਰਵਿਰਤੀ ਵਧਾ ਦਿੱਤੀ ਹੈ। ਦੂਜਿਆਂ ਦੇ ਮਹਿੰਗੇ ਖਿਡੌਣੇ, ਜਨਮਦਿਨ ਦੀਆਂ ਸ਼ਾਨਦਾਰ ਪਾਰਟੀਆਂ, ਵਿਦੇਸ਼ੀ ਸੈਰਾਂ ਅਤੇ ਆਲੀਸ਼ਾਨ ਜੀਵਨ ਦੇਖ ਕੇ ਬੱਚੇ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਘੱਟ ਸਮਝਣ ਲੱਗ ਪੈਂਦੇ ਹਨ।
ਮਨੋਵਿਗਿਆਨਕ ਪੱਖੋਂ ਵੀ ਇਹ ਵਰਤਾਰਾ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਰੱਖਦਾ ਹੈ। ਬਚਪਨ ਵਿੱਚ ਖੁਸ਼ੀ ਮਹਿਸੂਸ ਕਰਨਾ, ਉਤਸੁਕ ਹੋਣਾ, ਕਿਸੇ ਚੀਜ਼ ਦੀ ਉਡੀਕ ਕਰਨਾ ਅਤੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨਾ ਬੱਚੇ ਦੇ ਭਾਵਨਾਤਮਕ ਵਿਕਾਸ ਲਈ ਬਹੁਤ ਜ਼ਰੂਰੀ ਹੈ। ਬੱਚਿਆਂ ਦੀ ਜ਼ਿੰਦਗੀ ਲਗਾਤਾਰ ਦਬਾਅ, ਸਕਰੀਨ ਅਤੇ ਤੈਅ ਕੀਤੇ ਹੋਏ ਰੁਟੀਨ ਵਿੱਚ ਬੱਝ ਜਾਂਦੀ ਹੈ ਤਾਂ ਉਨ੍ਹਾਂ ਦੀ ਸੁਭਾਵਿਕ ਇੱਛਾ ਅਤੇ ਜਗਿਆਸਾ, ਰਚਨਾਤਮਕਤਾ ਅਤੇ ਸਮਾਜਿਕ ਮੇਲ-ਮਿਲਾਪ ਪ੍ਰਭਾਵਿਤ ਹੋ ਰਹੇ ਹਨ। ਹਰ ਵੇਲੇ ਪ੍ਰਾਪਤੀਆਂ ਅਤੇ ਅੰਕਾਂ ਦੀ ਦੌੜ ਵਿੱਚ ਲੱਗੇ ਰਹਿਣ ਨਾਲ ਬੱਚੇ ਛੋਟੀਆਂ ਪ੍ਰਾਪਤੀਆਂ ਦਾ ਅਨੰਦ ਮਾਣਨਾ ਵੀ ਭੁੱਲ ਰਹੇ ਹਨ। ਇਹ ਜ਼ਰੂਰੀ ਨਹੀਂ ਕਿ ਹਰ ਬੱਚਾ ਇਸ ਸਥਿਤੀ ਵਿੱਚੋਂ ਲੰਘ ਰਿਹਾ ਹੋਵੇ, ਪਰ ਬੱਚਿਆਂ ਵਿੱਚ ਖੁਸ਼ੀ ਪ੍ਰਤੀ ਉਦਾਸੀਨਤਾ, ਇਕੱਲਾਪਨ ਅਤੇ ਲਗਾਤਾਰ ਚਿੜਚਿੜਾਪਣ ਵਰਗੇ ਸੰਕੇਤਾਂ ਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ। ਇਸ ਸਥਿਤੀ ਨੂੰ ਬਦਲਣ ਵਿੱਚ ਮਾਪਿਆਂ ਦੀ ਭੂਮਿਕਾ ਸਭ ਤੋਂ ਅਹਿਮ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਿਰਫ ਚੰਗੇ ਨੰਬਰ ਲੈਣ ਅਤੇ ਮੁਕਾਬਲੇ ਵਿੱਚ ਅੱਗੇ ਨਿਕਲਣ ਦੀ ਸਿੱਖਿਆ ਹੀ ਨਾ ਦੇਣ, ਸਗੋਂ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਊਣ ਦੀ ਕਲਾ ਵੀ ਸਿਖਾਉਣ। ਬੱਚਿਆਂ ਨਾਲ ਬੈਠ ਕੇ ਤਿਉਹਾਰਾਂ ਦੀਆਂ ਤਿਆਰੀਆਂ ਕਰਨ, ਉਨ੍ਹਾਂ ਨੂੰ ਦੀਵੇ ਸਜਾਉਣ, ਰੰਗੋਲੀ ਬਣਾਉਣ, ਪਕਵਾਨ ਤਿਆਰ ਕਰਨ ਅਤੇ ਘਰ ਦੀਆਂ ਨਿੱਕੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਦੇਣ। ਕਦੇ ਬਿਨਾਂ ਕਿਸੇ ਖਾਸ ਕਾਰਨ ਦੇ ਬੱਚਿਆਂ ਨੂੰ ਪਾਰਕ ਲੈ ਜਾਣਾ, ਉਨ੍ਹਾਂ ਨਾਲ ਖੇਡਣਾ, ਕਹਾਣੀਆਂ ਸੁਣਾਉਣਾ ਅਤੇ ਪਰਿਵਾਰਕ ਸੈਰ-ਸਪਾਟੇ ਕਰਨਾ ਵੀ ਉਨ੍ਹਾਂ ਦੇ ਮਨ ਵਿੱਚ ਖੁਸ਼ੀਆਂ ਦੇ ਬੀਜ ਬੀਜ ਸਕਦਾ ਹੈ।
ਮਾਪੇ ਬੱਚਿਆਂ ਨੂੰ ਹਰ ਆਉਣ ਵਾਲੇ ਵਧੀਆ ਦਿਨ ਲਈ ਕਈ ਦਿਨ ਪਹਿਲਾਂ ਹੀ ਦਿਲਚਸਪ ਤਰੀਕੇ ਨਾਲ ਗੱਲਾਂਬਾਤਾਂ ਰਾਹੀਂ ਬੱਚਿਆਂ ਵਿੱਚ ਜਗਿਆਸਾ ਪੈਦਾ ਕਰਨ ਤਾਂ ਜੋ ਬੱਚੇ ਉਸ ਦਿਨ ਤਿਉਹਾਰ ਨੂੰ ਉਤਸੁਕਤਾ ਨਾਲ ਉਡੀਕਣ। ਬੱਚਿਆਂ ਦੀ ਹਰ ਜ਼ਿਦ ਤੁਰੰਤ ਪੂਰੀ ਕਰਨ ਦੀ ਬਜਾਏ ਉਨ੍ਹਾਂ ਨੂੰ ਉਡੀਕ ਕਰਨ ਅਤੇ ਕਿਸੇ ਚੀਜ਼ ਦੀ ਕਦਰ ਕਰਨੀ ਸਿਖਾਈ ਜਾਵੇ। ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਜਾਵੇ ਕਿ ਖੁਸ਼ੀ ਮਹਿੰਗੀਆਂ ਵਸਤਾਂ ਵਿੱਚ ਨਹੀਂ, ਸਗੋਂ ਆਪਣੇ ਪਿਆਰਿਆਂ ਨਾਲ ਬਿਤਾਏ ਸਮੇਂ ਵਿੱਚ ਵਸਦੀ ਹੈ। ਸਭ ਤੋਂ ਵੱਡੀ ਗੱਲ, ਬੱਚਿਆਂ ਨੂੰ ਬਚਪਨ ਜਿਊਣ ਦਿਓ। ਕਦੇ ਉਨ੍ਹਾਂ ਨਾਲ ਖੁਦ ਬੱਚੇ ਬਣ ਕੇ ਵੀ ਸਮਾਂ ਬਿਤਾਓ। ਉਨ੍ਹਾਂ ਨੂੰ ਹਰ ਵੇਲੇ ਭਵਿੱਖ ਦੀ ਚਿੰਤਾ ਵਿੱਚ ਨਾ ਪਾਓ। ਉਨ੍ਹਾਂ ਨੂੰ ਮਿੱਟੀ ਵਿੱਚ ਖੇਡਣ ਦਿਓ, ਮੀਂਹ ਵਿੱਚ ਕਾਗਜ਼ ਦੀਆਂ ਕਿਸ਼ਤੀਆਂ ਤਾਰਨ ਦਿਓ, ਦੋਸਤਾਂ ਨਾਲ ਹੱਸਣ-ਖੇਡਣ ਦਿਓ ਅਤੇ ਨਿੱਕੀਆਂ-ਨਿੱਕੀਆਂ ਗੱਲਾਂ ਵਿੱਚੋਂ ਖੁਸ਼ੀ ਲੱਭਣ ਦਿਓ, ਇਸ ਸਭ ਦਾ ਹਿੱਸਾ ਬਣ ਕੇ ਮਾਪਿਆਂ ਨੂੰ ਆਪਣੇ ਬਚਪਨ ਨੂੰ ਵੀ ਜਿਊਣਾ ਚਾਹੀਦਾ ਹੈ। ਬਚਪਨ ਮੁੜ ਕੇ ਨਹੀਂ ਆਉਂਦਾ। ਜੇਕਰ ਅਸੀਂ ਅੱਜ ਉਨ੍ਹਾਂ ਦੇ ਬਚਪਨ ਵਿੱਚੋਂ ਚਾਅ ਅਤੇ ਸੱਧਰਾਂ ਖੋਹ ਲਏ ਤਾਂ ਕੱਲ੍ਹ ਉਨ੍ਹਾਂ ਕੋਲ ਯਾਦਾਂ ਦੇ ਨਾਂ ’ਤੇ ਸਿਰਫ ਕਿਤਾਬਾਂ, ਪ੍ਰੀਖਿਆਵਾਂ ਅਤੇ ਸਕਰੀਨਾਂ ਹੀ ਰਹਿ ਜਾਣਗੀਆਂ। ਬੱਚਿਆਂ ਨੂੰ ਸਿਰਫ ਸਫਲ ਇਨਸਾਨ ਬਣਾਉਣਾ ਹੀ ਮਾਪਿਆਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਉਨ੍ਹਾਂ ਨੂੰ ਖੁਸ਼ ਰਹਿਣਾ ਅਤੇ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਖੁਸ਼ੀਆਂ ਮਾਣਨਾ ਸਿਖਾਉਣਾ ਵੀ ਸਮੇਂ ਦੀ ਲੋੜ ਅਤੇ ਬਹੁਤ ਵੱਡੀ ਜ਼ਰੂਰਤ ਹੈ। ਜਿਸ ਬਚਪਨ ਵਿੱਚ ਚਾਅ ਨਹੀਂ, ਉਸ ਬਚਪਨ ਦੀਆਂ ਯਾਦਾਂ ਵਿੱਚ ਰੰਗ ਕਿੱਥੋਂ ਆਉਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































