“ਹੜ੍ਹਾਂ ਦੀ ਮੁਸੀਬਤ ਤੋਂ ਬਾਅਦ ਭਿਆਨਕ ਬਿਮਾਰੀਆਂ ਨਾਲ ਨਜਿੱਠਣ ਲਈ ਸਰਕਾਰਾਂ ਨੂੰ”
(4 ਸਤੰਬਰ 2025)
ਦਰੱਖਤਾਂ ਦੀ ਕਟਾਈ, ਜੰਗਲਾਂ ਦਾ ਖਾਤਮਾ, ਵਧਦੀਆਂ ਗੱਡੀਆਂ ਤੋਂ ਨਿਕਲਣ ਵਾਲੀਆਂ ਗੈਸਾਂ ਅਤੇ ਗਰਮਾਇਸ਼, ਸ਼ਹਿਰਾਂ ਦੇ ਫੈਲਾਅ ਕਾਰਨ ਵਾਹੀਯੋਗ ਜ਼ਮੀਨਾਂ ਦਾ ਸੁੰਗੜਨਾ, ਪਿੰਡਾਂ ਵਿੱਚ ਟੋਭਿਆਂ ਉੱਤੇ ਕਬਜ਼ੇ ਜਾਂ ਪੱਕੇ ਕੀਤੇ ਜਾਣਾ, ਨਹਿਰਾਂ ਦੇ ਪੱਕੇ ਕੀਤੇ ਜਾਣ ਕਰਕੇ ਅਤੇ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਕੁਦਰਤ ਨਾਲ ਖਿਲਵਾੜ ਕਰਨਾ ਮਨੁੱਖ ਉੱਤੇ ਹੀ ਭਾਰੂ ਪੈਂਦਾ ਜਾ ਰਿਹਾ ਹੈ। ਪਹਾੜਾਂ ਵਿੱਚ ਪਹਿਲਾਂ ਦਸ-ਬਾਰਾਂ ਹਜ਼ਾਰ ਫੁੱਟ ਦੀ ਉਚਾਈ ਤੋਂ ਕਦੇ ਕਦਾਈਂ ਬੱਦਲ ਫ਼ਟਣ ਦੀ ਕੋਈ ਕੋਈ ਘਟਨਾ ਵਾਪਰਦੀ ਸੀ ਪਰ ਹੁਣ ਤਾਂ ਤਿੰਨ ਚਾਰ ਹਜ਼ਾਰ ਫੁੱਟ ਦੀ ਉਚਾਈ ਤੋਂ ਹੀ ਆਏ ਦਿਨ ਬੱਦਲ ਫ਼ਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਹੜ੍ਹ ਦੇਖਦੇ ਦੇਖਦੇ ਪਿੰਡਾਂ ਦੇ ਪਿੰਡ ਰੁੜ੍ਹਾ ਕੇ ਲੈ ਜਾਂਦੇ ਹਨ। ਭੂ ਖਿਸਕਣ ਕਾਰਨ ਵੱਡੇ ਵੱਡੇ ਦਿਉਆਂ ਵਰਗੇ ਪਹਾੜ ਧਰਤੀ ਵਿੱਚ ਸਮਾ ਰਹੇ ਹਨ। ਇਹ ਸਭ ਸ਼ਾਇਦ ਆਲਮੀ ਤਪਸ਼ ਕਾਰਨ ਹੀ ਵਾਪਰ ਰਿਹਾ ਹੈ ਕਿਉਂਕਿ ਪਹਾੜਾਂ ਵਿੱਚ ਸੈਲਾਨੀਆਂ ਵੱਲੋਂ ਗਰਮੀਆਂ ਸ਼ੁਰੂ ਹੁੰਦੇ ਹੀ ਕਈ ਕਈ ਕਿਲੋਮੀਟਰ ਤਕ ਵਾਹਨਾਂ ਦੀਆਂ ਲੱਗੀਆਂ ਕਤਾਰਾਂ ਵਿੱਚੋਂ ਨਿਕਲਣ ਵਾਲੇ ਜ਼ਹਿਰੀਲੀਆਂ ਗੈਸਾਂ ਵਾਲੇ ਧੂੰਏਂ ਵੀ ਸ਼ਾਇਦ ਭੂ ਖਿਸਕਣ ਅਤੇ ਬੱਦਲ ਫ਼ਟਣ ਵਰਗੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੋ ਸਕਦੇ ਹਨ।
ਇਸ ਸਮੇਂ ਪੰਜਾਬ ਵਿੱਚ ਬਹੁਤ ਮੁਸ਼ਕਿਲ ਦਾ ਦੌਰ ਚੱਲ ਰਿਹਾ ਹੈ। ਉਂਝ ਤਾਂ ਪੰਜਾਬੀਆਂ ਬਾਰੇ ਕਹਾਵਤ ਹੈ ਕਿ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਨਵੀਂਆਂ ਮੁਹਿੰਮਾਂ।’ ਕਦੇ ਗੁਆਂਢੀ ਮੁਲਕਾਂ ਵੱਲੋਂ ਸਰਹੱਦੀ ਹਮਲੇ, ਕਦੇ ਸੋਕੇ, ਕਦੇ ਗੜੇਮਾਰੀ ਅਤੇ ਕਦੇ ਹੜ੍ਹ। ਪੰਜਾਬੀ ਵੱਡੀਆਂ ਤੋਂ ਵੱਡੀਆਂ ਔਕੜਾਂ ਦਾ ਡਟ ਕੇ ਖਿੜੇ ਮੱਥੇ ਮੁਕਾਬਲਾ ਕਰਦੇ ਹਨ ਤੇ ਆਪਣੇ ਘਰਾਂ ਵਿੱਚ ਸੱਤ ਸੱਤ ਫੁੱਟ ਭਰੇ ਪਾਣੀ ਦੀਆਂ ਛੱਤਾਂ ’ਤੇ ਬੈਠੇ ਡੁੱਬੀਆਂ ਫ਼ਸਲਾਂ ਵੱਲ ਤਕ ਕੇ ਵੀ, “ਤੇਰਾ ਕੀਆ ਮੀਠਾ ਲਾਗੈ” ਮੁੱਖੋਂ ਉਚਾਰਦੇ ਨਜ਼ਰ ਆਉਂਦੇ ਹਨ ਤੇ ‘ਵਾਹਿਗੁਰੂ ਦੇ ਭਾਣੇ’ ਵਿੱਚ ਰਹਿੰਦੇ ਹਨ। ਹਰ ਸਾਲ ਨਹਿਰਾਂ ਵਿੱਚ ਪਾੜ ਪੈ ਕੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਹਜ਼ਾਰਾਂ ਏਕੜ ਫ਼ਸਲਾਂ ਤਬਾਹ ਹੋਣਾ ਤਾਂ ਆਮ ਜਿਹੀ ਗੱਲ ਹੋ ਗਈ ਹੈ। ਪਾੜਾਂ ਨੂੰ ਪੂਰਨ ਲਈ ਆਮ ਤੌਰ ’ਤੇ ਪਿੰਡਾਂ ਦੇ ਲੋਕ ਆਪ ਜੱਦੋਜਹਿਦ ਕਰਦੇ ਨਜ਼ਰ ਆਉਂਦੇ ਹਨ। ਇਸ ਸਾਲ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਕਾਰਨ ਸਥਿਤੀ ਗੰਭੀਰ ਬਣ ਗਈ। ਅੱਜ ਮੁਸ਼ਕਿਲ ਦੀ ਘੜੀ ਇਸ ਲਈ ਹੈ ਕਿਉਂਕਿ ਪੰਜਾਬ ਦੇ ਜਿੰਨੇ ਵੀ ਇਲਾਕੇ ਦਰਿਆਵਾਂ ਦੇ ਨਾਲ ਲੱਗ ਰਹੇ ਹਨ, ਸਾਰੇ ਹੀ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਹਨ। ਪੰਜਾਬ ਦੇ 1500 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਉਣ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਨ। ਇਹ ਨਹੀਂ ਕਿ ਇਹ ਹੜ੍ਹ ਅਚਾਨਕ ਹੀ ਆ ਗਏ ਹਨ, ਇਹ ਪਿਛਲੇ ਕਈ ਦਿਨਾਂ ਤੋਂ ਪਤਾ ਲੱਗ ਰਿਹਾ ਸੀ ਕਿ ਪਾਣੀ ਦਾ ਪੱਧਰ ਵਧ ਰਿਹਾ ਹੈ। ਹਿਮਾਚਲ ਵਿੱਚ ਬਾਰਿਸ਼ਾਂ ਆਈਆਂ ਹੋਈਆਂ ਸਨ ਤੇ ਪਾਣੀ ਅੱਗੇ ਵਧ ਰਿਹਾ ਸੀ। ਜੇ ਉਦੋਂ ਤੋਂ ਹੀ ਪਾਣੀ ਥੋੜ੍ਹਾ ਥੋੜ੍ਹਾ ਕਰਕੇ ਛੱਡਿਆ ਜਾਂਦਾ ਤਾਂ ਹੜ੍ਹਾਂ ਦੀ ਸਥਿਤੀ ਐਨੀ ਭਿਆਨਕ ਨਹੀਂ ਹੋਣੀ ਸੀ ਤੇ ਅੱਜ ਤਸਵੀਰ ਕੁਝ ਹੋਰ ਹੋਣੀ ਸੀ। ਨਾਲ ਦੀ ਨਾਲ ਵਗਦਾ ਪਾਣੀ ਐਨੀ ਤਬਾਹੀ ਨਹੀਂ ਮਚਾ ਸਕਦਾ ਸੀ। ਉੱਪਰੋਂ ਇੱਕ ਦਮ ਆਏ ਭਾਰੀ ਮੀਂਹ ਅਤੇ ਪਿੱਛੋਂ ਯਕਦਮ ਛੱਡੇ ਪਾਣੀ ਨਾਲ ਆਉਣ ਵਾਲੇ ਹੜ੍ਹਾਂ ਨਾਲ ਪੰਜਾਬ ਦੇ ਕਈ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਖ਼ਾਸ ਤੌਰ ਉੱਤੇ ਪਠਾਨਕੋਟ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਹਨ। ਮਾਧੋਪੁਰ ਹੈੱਡਵਰਕਸ ਅਤੇ ਬਿਰਾਜ ਡੈਮ ਦੇ ਫਲੱਡ ਗੇਟ ਟੁੱਟਣ ਕਾਰਨ ਹੋਰ ਵੀ ਵੱਧ ਨੁਕਸਾਨ ਹੋਇਆ ਹੈ। ਸਮੇਂ ਸਿਰ ਰੱਖ-ਰਖਾਅ (ਮੇਂਟੀਨੈਂਸ) ਕਰਮਚਾਰੀਆਂ ਵੱਲੋਂ ਸਹੀ ਨਿਰੀਖਣ ਕੀਤਾ ਹੁੰਦਾ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਪੰਜਾਬ ਦੇ ਲੋਕਾਂ ਦਾ ਹੜ੍ਹਾਂ ਨਾਲ ਪ੍ਰਭਾਵਿਤ ਹੋਣਾ ਕੁਦਰਤੀ ਘੱਟ ਅਤੇ ਗਲਤੀਆਂ ਦਾ ਨਤੀਜਾ ਵੱਧ ਲਗਦਾ ਹੈ।
ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਲੋਕਾਂ ਦੇ ਘਰ ਡੁੱਬ ਗਏ ਹਨ, ਡੰਗਰ ਮਰ ਰਹੇ ਹਨ। ਜਿਹੜੇ ਬਚ ਵੀ ਗਏ ਹਨ, ਉਹਨਾਂ ਦੇ ਖਾਣ ਲਈ ਚਾਰਾ ਨਹੀਂ ਹੈ। ਲੋਕਾਂ ਦੀਆਂ ਘਰੇਲੂ ਵਸਤਾਂ ਤੋਂ ਲੈਕੇ ਮਸ਼ੀਨਰੀਆਂ ਤਕ ਤਬਾਹ ਹੋ ਗਈਆਂ ਹਨ। ਆਪਣੇ ਘਰ ਰਾਜਿਆਂ ਵਰਗਾ ਜੀਵਨ ਬਤੀਤ ਕਰਦੇ ਸਾਡੇ ਪਿੰਡਾਂ ਦੇ ਮਿਹਨਤੀ ਅਤੇ ਅਣਖੀ ਲੋਕ ਅੱਜ ਰੋਟੀ ਤੋਂ ਵੀ ਮੁਹਤਾਜ ਹੋ ਗਏ ਹਨ ਅਤੇ ਉਨ੍ਹਾਂ ਦਾ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਚੁੱਕਿਆ ਹੈ। ਹੱਸਦੇ ਵਸਦੇ ਘਰ ਵਿੱਚ ਜੇ ਇੱਕ ਦੋ ਚੀਜ਼ਾਂ ਖਰਾਬ ਹੋ ਜਾਣ ਤਾਂ ਆਮ ਵਿਅਕਤੀ ਨੂੰ ਉਹਨਾਂ ਦੀ ਜਗ੍ਹਾ ਨਵੀਂਆਂ ਲੈਣ ਬਾਰੇ ਸੌ ਵਾਰ ਸੋਚਣਾ ਪੈਂਦਾ ਹੈ, ਇੱਥੇ ਤਾਂ ਭਰੇ ਭਰਾਏ ਘਰ, ਉਹਨਾਂ ਵਿੱਚ ਪਈ ਇੱਕ ਇੱਕ ਵਸਤ, ਕਮਾਈ ਦਾ ਸਰੋਤ ਫ਼ਸਲ ਆਦਿ ਸਭ ਕੁਝ ਤਬਾਹ ਹੋ ਗਿਆ ਹੈ। ਕਈ ਵਾਰ ਕੁਝ ਦਿਆਲੂ ਲੋਕ ਲੱਖਾਂ ਦੀ ਰਾਸ਼ੀ ਹੜ੍ਹ ਪੀੜਿਤਾਂ ਦੀ ਮਦਦ ਲਈ ਬਣੀਆਂ ਸੰਸਥਾਵਾਂ ਨੂੰ ਦਾਨ ਵਿੱਚ ਦੇ ਦਿੰਦੇ ਹਨ ਪ੍ਰੰਤੂ ਅਜਿਹੇ ਲੋਕਾਂ ਨੂੰ ਮੇਰਾ ਨਿੱਜੀ ਸੁਝਾਅ ਹੈ ਕਿ ਜੇ ਉਹ ਇੱਕ ਇੱਕ ਪਿੰਡ ਦੇ ਘਰਾਂ ਦੇ ਮੁੜ ਵਸੇਬੇ ਲਈ ਆਪ ਸਿੱਧੇ ਤੌਰ ’ਤੇ ਯਤਨਸ਼ੀਲ ਹੋ ਕੇ ਲੋਕਾਂ ਦੀ ਮਦਦ ਕਰਨ ਤਾਂ ਇਹ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋਵੇਗੀ।
ਸਿਆਸੀ ਪਾਰਟੀਆਂ ਦੇ ਆਗੂ ਵੀ ਵੱਖ-ਵੱਖ ਥਾਂਵਾਂ ਦਾ ਦੌਰਾ ਕਰ ਰਹੇ ਹਨ ਅਤੇ ਪੀੜਿਤਾਂ ਕੋਲ ਆਪਣੇ ਸਮਰਥਕਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਵੀ ਦਿਵਾ ਰਹੇ ਹਨ। ਇਸ ਤੋਂ ਇਲਾਵਾ ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਰਾਹਤ ਕਾਰਜ ਸ਼ੁਰੂ ਕੀਤੇ ਹਨ। ਨੇੜੇ ਤੇੜੇ ਦੇ ਪਿੰਡਾਂ ਵਾਲਿਆਂ ਵੱਲੋਂ ਵੀ ਲੰਗਰ ਦੇ ਨਾਲ ਨਾਲ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਪਰ ਸੋਸ਼ਲ ਮੀਡੀਆ ਤੇ ਜਾਂ ਖ਼ਬਰਾਂ ਵਿੱਚ ਅਜੇ ਵੀ ਰੂਹ ਕੰਬਾਊ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ।
ਮਹਿਜ਼ ਕੁਝ ਕੁ ਸਮਾਂ ਪਹਿਲਾਂ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਮੁਖੀਆਂ ਨਾਲ ਪਾਣੀ ਦੀ ਇੱਕ ਬੂੰਦ ਵੀ ਨਾ ਦੇਣ ਪਿੱਛੇ ਵਿਵਾਦ ਚੱਲ ਰਹੇ ਸਨ ਤੇ ਉਨ੍ਹਾਂ ਵੱਲੋਂ ਜ਼ਬਰਦਸਤੀ ਪਾਣੀ ਲੈਣ ਸੰਬੰਧੀ ਕਈ ਕਾਨੂੰਨਾਂ ਦੇ ਹਵਾਲੇ ਦਿੱਤੇ ਜਾ ਰਹੇ ਸਨ। ਅੱਜ ਉਹ ਜ਼ਬਰਦਸਤੀ ਪਾਣੀ ਮੰਗਣ ਵਾਲੇ ਲੋਕ ਵਾਧੂ ਪਾਣੀਆਂ ਦਾ ਦਰਦ ਕਿਉਂ ਨਹੀਂ ਵੰਡਾ ਰਹੇ। ਜੇ ਕਿਤੇ ਉਦੋਂ ਹੀ ਵਿਵਾਦਾਂ ਦੀ ਥਾਂ ਆਉਣ ਵਾਲੀ ਭਿਆਨਕ ਸਥਿਤੀ ਨਾਲ ਨਜਿੱਠਣ ਦੇ ਵਿਚਾਰ ਵਟਾਂਦਰੇ ਕੀਤੇ ਜਾਂਦੇ ਤਾਂ ਸਾਡੇ ਭਾਰਤ ਦੀ ਸੁਚੱਜੀ ਰਾਜਨੀਤਕ ਰੂਪ ਰੇਖਾ ਦੇਖਣ ਨੂੰ ਮਿਲਦੀ।
ਹੜ੍ਹਾਂ ਤੋਂ ਬਾਅਦ ਪ੍ਰਭਾਵਿਤ ਲੋਕਾਂ ਦੀਆਂ ਰਹਿਣ ਦੀਆਂ ਸਥਿਤੀਆਂ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਭੋਜਨ ਦੀ ਉਪਲਬਧਤਾ ਵਰਗੀਆਂ ਜ਼ਰੂਰੀ ਸੇਵਾਵਾਂ ਦੇ ਵਿਘਨ ਦੇ ਨਾਲ ਸਿਹਤ ਸਬੰਧੀ ਕਈ ਚੁਣੌਤੀਆਂ ਹਨ। ਕੀ ਇਸ ਸਭ ਲਈ ਸੂਬੇ ਦੀ ਸਰਕਾਰ ਤਿਆਰ ਹੈ ਕਿਉਂਕਿ ਹੜ੍ਹਾਂ ਦੇ ਬੁਰੇ ਪ੍ਰਭਾਵ ਮਨੁੱਖਾਂ ਲਈ ਨਵੀਂਆਂ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਹਨ। ਹੜ੍ਹਾਂ ਦੀ ਮਾਰ ਹੇਠ ਆ ਕੇ ਮਰੇ ਹੋਏ ਜਾਨਵਰਾਂ ਦੀਆਂ ਗਲੀਆਂ ਸੜੀਆਂ ਦੇਹਾਂ ਵਿੱਚੋਂ ਬਦਬੂ ਆਉਣ ਲਗਦੀ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਕੀਟਾਣੂਆਂ ਦਾ ਪੈਦਾ ਹੋਣਾ ਸੁਭਾਵਿਕ ਜਿਹੀ ਗੱਲ ਹੈ। ਮਲੇਰੀਆ, ਹੈਜ਼ਾ ਅਤੇ ਕਈ ਤਰ੍ਹਾਂ ਦੇ ਚਮੜੀ ਰੋਗ ਪੈਦਾ ਹੋਣ ਵਰਗੀਆਂ ਬਿਮਾਰੀਆਂ ਇਸ ਅਚਨਚੇਤ ਮੌਸਮੀ ਤਬਦੀਲੀਆਂ ਕਾਰਨ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਹੜ੍ਹ ਅਕਸਰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ ਕਿਉਂਕਿ ਮਲ ਅਤੇ ਹੋਰ ਨੁਕਸਾਨਦੇਹ ਜਰਾਸੀਮ ਪਾਣੀ ਦੇ ਸਰੋਤਾਂ ਨੂੰ ਦੂਸ਼ਿਤ ਕਰਦੇ ਹਨ। ਇਸ ਗੰਦਗੀ ਦੇ ਨਤੀਜੇ ਵਜੋਂ ਬਿਮਾਰੀਆਂ ਫੈਲਦੀਆਂ ਹਨ। ਹੜ੍ਹਾਂ ਦੀ ਮੁਸੀਬਤ ਤੋਂ ਬਾਅਦ ਭਿਆਨਕ ਬਿਮਾਰੀਆਂ ਨਾਲ ਨਜਿੱਠਣ ਲਈ ਸਰਕਾਰਾਂ ਨੂੰ ਪਹਿਲਾਂ ਹੀ ਕਮਰਕੱਸੇ ਕਰ ਲੈਣੇ ਚਾਹੀਦੇ ਹਨ ਤਾਂ ਜੋ ਹੁਣ ਹੋਰ ਕੀਮਤੀ ਜਾਨਾਂ ਅਜਾਈਂ ਨਾ ਜਾਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (