KuldipSAutoChalak7“ਮਕਾਨ ਖੁਰਦ ਬੁਰਦ ਹੋ ਚੁੱਕਾ ਸੀ ਅਤੇ ਹਜੂਮ ਵਿੱਚ ਸ਼ਾਮਲ ਰਹੇ ਅਨਸਰ ਅਜੇ ਵੀ ...”
(31 ਅਕਤੂਬਰ 2026)


ਦਹਾਕਿਆਂ ਬੱਧੀ ਸ਼ਾਂਤ
, ਸਹਿਜ ਅਤੇ ਸਰਲ ਵਿਚਰਦੀ ਕੁਦਰਤ ਦੇ ਨਿਜ਼ਾਮ ਨੂੰ ਜਦੋਂ ਰੱਬੀ ਕਹਿਰ ਦਾ ਹੁਕਮ ਨਾਜ਼ਲ ਹੁੰਦਾ ਹੈ ਤਾਂ ਅਚਨਚੇਤ ਇਹ ਕਦੇ ਹੜ੍ਹਾਂ ਦਾ ਰੂਪ ਧਾਰ ਲੈਂਦੀ ਹੈ ਅਤੇ ਕਦੇ ਜ਼ਲਜ਼ਲਿਆਂ ਦੇ ਰਾਹੀਂ ਧਰਤੀ ਨੂੰ ਕਾਂਬਾ ਛੇੜ ਦਿੰਦੀ ਹੈ। ਕਦੇ ਇਹ ਭੁਚਾਲ਼ ਬਣ ਹੇਠਲੀ ਉੱਤੇ ਕਰ ਛੱਡਦੀ ਹੈ ਅਤੇ ਕਦੇ ਅਸਮਾਨੀ ਆਫਤ ਬਣ ਕੇ ਡੋਬੂ ਪਾ ਦਿੰਦੀ ਹੈ। ਕੁਦਰਤ ਦੀਆਂ ਇਹ ਅਥਾਹ ਸ਼ਕਤੀਆਂ ਤਾਂ ਪਲਾਂ ਛਿਣਾਂ ਵਿੱਚ ਹੀ ਆਪਣੀ ਹੋਂਦ ਦਾ ਝਲਕਾਰਾ ਵਿਖਾ ਕੇ ਮੁੜ ਕਾਦਰ ਦੀ ਗੋਦ ਵਿੱਚ ਜਾ ਬਿਰਾਜਦੀਆਂ ਹਨ ਪਰ ਇਨ੍ਹਾਂ ਦੇ ਰੋਹੀਲੇ ਵਰਤਾਰੇ ਆਪਣੇ ਪਿੱਛੇ ਛੱਡ ਜਾਂਦੇ ਨੇ ਤਬਾਹੀ ਦੇ ਅਜਿਹੇ ਡਰਾਉਣੇ ਮੰਜ਼ਰ ਜਿਨ੍ਹਾਂ ਦੀ ਲਪੇਟ ਵਿੱਚ ਆਏ ਹਾਰੇ ਹੁੱਟੇ ਅਤੇ ਹੀਣੇ ਲੋਕਾਂ ਨੂੰ ਵਕਤ ਦਾ ਬੇਰਹਿਮ ਪਹੀਆ ਦਹਾਕਿਆਂ ਬੱਧੀ ਸਾਵੀਂ ਜ਼ਿੰਦਗੀ ਜਿਊਣ ਤੋਂ ਮਹਿਰੂਮ ਕਰ ਦਿੰਦਾ ਹੈ। ਦੂਜੇ ਪਾਸੇ ਇਨ੍ਹਾਂ ਵਰਤਾਰਿਆਂ ਵਿੱਚੋਂ ਮਹਿਫੂਜ਼ ਬਚ ਗਈਆਂ ਕੁਝ ਅਵਾਜ਼ਾਂ ਉਹ ਵੀ ਹੁੰਦੀਆਂ ਹਨ ਜਿਹੜੀਆਂ ਇਹ ਮਿਹਣਾ ਦੇਣ ਲੱਗ ਪੈਂਦੀਆਂ ਹਨ ਕਿ ਇਸ ਦੁਖਾਂਤ ਨੂੰ ਸਹੇੜਨ ਲਈ ਇਨ੍ਹਾਂ ਦੁਖਿਆਰਿਆਂ ਦੇ ਸ਼ੈਤਾਨੀ ਦਿਮਾਗ ਦਾ ਹੀ ਹੱਥ ਹੈ।

ਸਿੱਖ ਕੌਮ ਲਈ ਨਵੰਬਰ 1984 ਇੱਕ ਅਜਿਹਾ ਹੀ ਦੁਖਾਂਤ ਹੈ ਜਿਸਨੂੰ ਅਸੀਂ ਖੁਦ ਹੱਡੀਂ ਹੰਢਾਇਆ ਹੈ ਅਤੇ ਇਨ੍ਹਾਂ ਮਿਹਣਿਆਂ ਦਾ ਸ਼ਿਕਾਰ ਵੀ ਬਣੇ ਹਾਂ। ਬੜੀ ਸੋਹਣੀ ਲੰਘਦੀ ਸਾਡੀ ਜ਼ਿੰਦਗੀ ਰੂਪ ਗੱਡੀ ਨੂੰ ਹਾਲਾਤ ਨੇ ਅਜਿਹਾ ਲੀਹੋਂ ਲਾਹਿਆ ਕਿ ਹਰ ਗੁਜ਼ਰਦੇ ਵਰ੍ਹੇ ਦੇ ਲਹਿੰਦੇ ਪਹਿਰ ਚੜ੍ਹਨ ਵਾਲੇ ਨਵੰਬਰ ਦਾ ਪਲੇਠਾ ਦਿਹਾੜਾ ਸਾਡੇ ਚੇਤੇ ਵਿੱਚ ਵਸੇ ਜ਼ਖਮਾਂ ਨੂੰ ਉਚੇੜ ਕੇ ਰੱਖ ਦਿੰਦਾ ਹੈ। ਉਹ ਜ਼ਖਮ, ਜਿਹੜੇ ਕਈਆਂ ਸਾਲਾਂ ਤਕ ਸਾਡੀ ਜ਼ਿੰਦਗੀ ਵਿੱਚ ਨਾਸੂਰ ਬਣ ਕੇ ਰਿਸਦੇ ਰਹੇ, ਜਿਹੜੇ ਵਿਹੁਲੀਆਂ ਸੂਲਾਂ ਬਣ ਸਾਡੀ ਮਾਨਸਿਕਤਾ ਨੂੰ ਚੋਭਾਂ ਮਾਰਦੇ ਰਹੇ।

’47 ਦੇ ਉਜਾੜੇ ਦੇ ਝੰਭੇ ਸਾਡੇ ਦਾਦਕੇ ਟੱਬਰ ਨੇ ਲੰਮੇ ਸੰਘਰਸ਼ ਪਿੱਛੋਂ ਘੁੱਗ ਵਸਦੀ ਦਿੱਲੀ ਵਿੱਚ ਮਸਾਂ ਪੈਰ ਟਿਕਾਉਣ ਜੋਗੀ ਥਾਂ ਬਣਾਈ ਸੀ। ਅਜੇ ਵੰਡ ਦੇ ਜ਼ਖਮਾਂ ਨੂੰ ਅੰਗੂਰ ਆਇਆ ਹੀ ਸੀ ਕਿ ਐਮਰਜੈਂਸੀ ਦੇ ਦੌਰ ਵਿੱਚ ਸਾਡੇ ਵਾਲਾ ਮਕਾਨ ਸਰਕਾਰੀ ਤਾਨਾਸ਼ਾਹੀ ਦੀ ਭੇਟ ਚੜ੍ਹ ਗਿਆ। ਨਵੇਂ ਸਿਰਿਉਂ ਉੱਜੜ ਕੇ ਇੱਕ ਦੁਰੇਡੀ ਨੁੱਕਰੇ ਮਸਾਂ ਸਿਰ ਲੁਕੋਣ ਜੋਗੀ ਥਾਂ ਦੇ ਮਾਲਕ ਬਣ ਸਕੇ। ਜਦੋਂ ਵਰ੍ਹਿਆਂ ਤਕ ਰਿਕਸ਼ਿਆਂ, ਟਾਂਗਿਆਂ ਦੀ ਕਰੜੀ ਮੁਸ਼ੱਕਤ ਨਾਲ ਹੱਡ ਗਾਲ਼ਦੇ ਸਾਡੇ ਭਾਪਾਜੀ ਇੱਕ ਆਟੋ ਰਿਕਸ਼ਾ ਖਰੀਦ ਕੇ ਆਪਣੇ ਬਾਲਾਂ ਨੂੰ ਇੱਜ਼ਤ ਦੀ ਰੋਟੀ ਖਵਾਉਣ ਜੋਗੇ ਹੋ ਗਏ ਤਾਂ ਉਨ੍ਹਾਂ ਦੇ ਮਨ ਵਿੱਚ ਚਾਅ ਉੱਠਿਆ ਕਿ ਮੈਂ ਆਪਣੇ ਬੱਚਿਆਂ ਨੂੰ ਵਧੀਆ ਤਾਲੀਮ ਦਿਵਾਉਣੀ ਹੈ। ਸਾਡੇ ਘਰੋਂ 12-13 ਕਿਲੋਮੀਟਰ ਦੂਰ ਪੈਂਦੇ ਖਾਲਸਾ ਸਕੂਲ ਵਿੱਚ ਸਾਡਾ ਦਾਖਲਾ ਕਰਵਾਇਆ ਗਿਆ ਤਾਂ ਕਿ ਅਸੀਂ ਸਲੱਮ ਬਸਤੀ ਦੇ ਮਾਹੌਲ ਤੋਂ ਅਛੋਹ ਰਹਿ ਕੇ ਸੋਹਣੀ ਵਿੱਦਿਆ ਹਾਸਲ ਕਰਕੇ ਕਿਸੇ ਉੱਚੇ ਮੁਕਾਮ ’ਤੇ ਅੱਪੜ ਸਕੀਏ। ਸੱਤਵੀਂ ਅਤੇ ਨੌਂਵੀਂ ਜਮਾਤ ਵਿੱਚ ਪੜ੍ਹਨ ਵਾਲੇ ਅਸੀਂ ਦੋਵੇਂ ਭਰਾ ਸਕੂਲ ਜਾਣ ਆਉਣ ਵੇਲੇ ਘੰਟਾ ਘੰਟਾ ਸਵੇਰੇ ਸ਼ਾਮ ਡੀ ਟੀ ਸੀ ਦੀਆਂ ਬੱਸਾਂ ਵਿੱਚ ਧੱਕੇ ਖਾਂਦੇ ਵੀ ਖੁਸ਼ ਰਹਿੰਦੇ ਸਾਂ। ਮਾਪਿਆਂ ਦੀ ਵੀ ਭੁੰਜੇ ਅੱਡੀ ਨਹੀਂ ਸੀ ਲਗਦੀ, ਸ਼ਾਇਦ ਸਾਡੇ ਬੱਚੇ ਪੜ੍ਹ ਲਿਖ ਕੇ ਕੁਝ ਬਣ ਜਾਣ ਅਤੇ ਇਨ੍ਹਾਂ ਨੂੰ ਸਾਡੇ ਵਰਗੀਆਂ ਦੁਸ਼ਵਾਰੀਆਂ ਨਾ ਝੱਲਣੀਆਂ ਪੈਣ। ਮੰਮੀ ਨੇ ਤਾਂ ਸਾਰਾ ਦਿਨ ਸਿਲਾਈ ਮਸ਼ੀਨ ਚਲਾ ਚਲਾ ਕੇ ਅੱਖਾਂ ਚੁੰਨ੍ਹੀਆਂ ਕੀਤੀਆਂ ਪਈਆਂ ਸਨ।

31 ਅਕਤੂਬਰ ’84 ਦਾ ਦਿਨ ਸਾਡੇ ਵਾਸਤੇ ਤਾਂ ਆਮ ਵਰਗਾ ਹੀ ਦਿਨ ਸੀ। ਅਜੇ ਲੰਘੇ ਕੱਲ੍ਹ ਹੀ ਮੇਰੇ ਪੰਦਰ੍ਹਵੇਂ ਵਰ੍ਹੇ ਦੀ ਦਹਿਲੀਜ਼ ਤੇ ਚੜ੍ਹਨ ਦੀਆਂ ਖੁਸ਼ੀਆਂ ਮਨਾਈਆਂ ਗਈਆਂ ਸਨ। ਸਭ ਆਪੋ ਆਪਣੇ ਰੁਜ਼ਾਨਾ ਕੰਮਾਂਕਾਰਾਂ ਵਿੱਚ ਮਸ਼ਗੂਲ (ਵਿਅਸਤ, ਮਸਰੂਫ) ਸਨ। ਸ਼ਾਮ ਪੈਂਦਿਆਂ ਪੈਂਦਿਆਂ ਖਬਰ ਆਈ ਕਿ ਇੰਦਰਾ ਗਾਂਧੀ ਮਾਰ ਦਿੱਤੀ ਗਈ ਹੈ। ਅਸੀਂ ਸਾਰੇ ਆਪਣੇ ਘਰ ਵਿੱਚ ਨਿਸ਼ਚਿੰਤ ਬੈਠੇ ਹੋਏ ਸਾਂ। ਅਸੀਂ ਥੋੜ੍ਹਾ ਮਾਰਿਆ ਸੀ ਉਸਨੂੰ। ਸਾਡੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਆਉਣ ਵਾਲੇ ਦਿਨ ਸਾਡੀ ਜ਼ਿੰਦਗੀ ਵਿੱਚ ਅਜਿਹੀਆਂ ਸੂਲਾਂ ਬੀਜ ਦੇਣਗੇ ਜਿਨ੍ਹਾਂ ਦੀ ਚੋਭ ਸਾਨੂੰ ਸਾਰੀ ਉਮਰ ਸੁਖ ਦਾ ਸਾਹ ਨਹੀਂ ਲੈਣ ਦੇਵੇਗੀ।

ਇੱਕ ਨਵੰਬਰ ਨੂੰ ਭਾਪਾਜੀ ਕੰਮ ’ਤੇ ਨਹੀਂ ਗਏ ਕਿਉਂਕਿ ਇਹ ਸੋਆਂ ਉਡਣ ਲੱਗ ਪਈਆਂ ਸਨ ਕਿ ਕੁਝ ਥਾਂਵਾਂ ’ਤੇ ਸਿੱਖ ਕਿਰਤੀਆਂ-ਕਾਮਿਆਂ ਉੱਤੇ ਕਾਤਲ ਭੀੜਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਹਾਲਾਤ ਵਿਗੜਦੇ ਦੇਖ ਕੇ ਸਾਡੇ ਗੁਆਂਢੀ ਨੇ ਸਾਨੂੰ ਹੌਸਲਾ ਦੇ ਕੇ ਪਹਿਲੀ ਰਾਤ ਆਪਣੀ ਛੱਤ ’ਤੇ ਲੁਕੋ ਲਿਆ। ਦੋ ਨਵੰਬਰ ਨੂੰ ਮਾਹੌਲ ਵਿੱਚ ਕੁਝ ਠੰਢ ਠੰਢੀਰ ਜਾਪਣ ਲੱਗ ਪਿਆ ਤਾਂ ਉਸਨੇ ਤੁਫਾਨ ਲੰਘ ਗਿਆ ਜਾਣ ਕੇ ਸਾਨੂੰ ਆਪਣੇ ਘਰ ਭੇਜ ਦਿੱਤਾ। ਇੰਨੇ ਵਿੱਚ ਹੀ ਪਤਾ ਨਹੀਂ ਕਿਸਦੀ ਸੂਹ ’ਤੇ ਇੱਕ ਹਜੂਮ ਹਰਲ ਹਰਲ ਕਰਦਾ ਸਾਡੇ ਘਰ ’ਤੇ ਹਮਲਾਵਰ ਆ ਹੋਇਆ। ਉਨ੍ਹਾਂ ਦੀਆਂ ਅੱਖਾਂ ਉੱਤੇ ਤਾਂ ਜਿਵੇਂ ਖੂਨ ਸਵਾਰ ਸੀ। ਪਰ ਕੁਝ ਆਂਢੀ ਗੁਆਂਢੀ ਤੁਰੰਤ ਹਿੰਮਤ ਕਰਕੇ ਬਚਾ ਲਈ ਨਿੱਤਰ ਪਏ ਤੇ ਸਾਡੀਆਂ ਜਾਨਾਂ ਬਚ ਗਈਆਂ। ਜਾਨਾਂ ਤਾਂ ਬਚ ਗਈਆਂ ਪਰ ਜਾਨ ਤੋਂ ਪਿਆਰੇ ਕੇਸ ਕਤਲ ਕਰ ਦਿੱਤੇ ਗਏ। ਹਜੂਮ ਆਪਣਾ ਕਾਰਾ ਕਰਕੇ ਮੁੜ ਫਿਰ ਆਉਣ ਦੇ ਲਲਕਾਰੇ ਮਾਰਦਾ ਮੁੜ ਗਿਆ ਪਰ ਸਾਨੂੰ ਆਪਣਾ ਆਪਾ ਬੜਾ ਹੀਣਾ ਜਿਹਾ ਲੱਗਣ ਲੱਗ ਪਿਆ। ਸਰੀਰ ਤਾਂ ਭਾਵੇਂ ਫੱਟੜ ਨਹੀਂ ਸਨ ਹੋਏ ਪਰ ਜਿਹੜੇ ਫੱਟ ਅੰਦਰਲੇ ਨੂੰ ਵੱਜੇ ਸਨ ਉਨ੍ਹਾਂ ਨੂੰ ਤਾਬ ਆਉਣੀ ਔਖੀ ਹੋ ਗਈ ਸੀ। ਆਲੇ ਦੁਆਲੇ ਫਿਰਦੇ ਹਾਣੀ ਵੀ ਸਾਡੇ ਮੂੰਹ ਮੁਹਾਂਦਰੇ ਵੱਲ ਦੇਖ ਮੁਸਕੜੀਏਂ ਹੱਸਦੇ ਲਗਦੇ ਸਨ। ਇਹ ਰਾਤ, ਜਿਹੜੀ ਅਸੀਂ ਨੇੜੇ ਪੈਂਦੀ ਪੁਲਿਸ ਚੌਂਕੀ ਵਿੱਚ ਗੁਜ਼ਾਰੀ, ਸਾਡੇ ਲਈ ਬੜੀ ਕਹਿਰ ਭਰੀ ਸੀ। ਮਸਾਂ ਹੀ ਲੰਘੀ ਰਾਤ ਸੀ। ਪੁਲਿਸ ਵਾਲੇ ਵੀ ਸਾਡੀ ਸੁਰੱਖਿਆ ਦੀ ਜ਼ਾਮਨੀ ਦੇਣ ਦੀ ਥਾਂ ਧਮਕੀਆਂ ਹੀ ਦਿੰਦੇ ਰਹੇ।

ਅਗਲੇ ਦਿਨ ਭਾਪਾਜੀ ਨੇ ਆਪਣੇ ਮਕਾਨ ਨੂੰ ਜੰਦਰਾ ਲਾ ਕੇ ਸਿੱਖ ਬਹੁਗਿਣਤੀ ਵਾਲੇ ਏਰੀਏ ਸੁਭਾਸ਼ ਨਗਰ ਵਿੱਚ ਕਿਸੇ ਦੋਸਤ ਦਾ ਮਕਾਨ ਕਿਰਾਏ ’ਤੇ ਲੈ ਲਿਆ। ਢਿੱਡ ਤਾਂ ਖਾਣ ਨੂੰ ਮੰਗਣੋ ਹਟਦਾ ਨਹੀਂ, ਸੋ ਉਨ੍ਹਾਂ ਨੇ ਇੱਕ ਅੱਧੇ ਦਿਨ ਬਾਅਦ ਹਿੰਮਤ ਕਰਕੇ ਫਿਰ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। ਤਿੰਨ ਤਰੀਕ ਤੋਂ ਬਾਅਦ ਓਪਰੇ ਤੌਰ ’ਤੇ ਅਮਨ ਅਮਾਨ ਤਾਂ ਹੋ ਗਿਆ ਸੀ ਪਰ ਵੇਲੇ ਦੇ ਸਰਕਾਰੀ ਤੰਤਰ ਨੇ ਅਜਿਹਾ ਜ਼ਹਿਰੀਲਾ ਮਾਹੌਲ ਸਿਰਜ ਦਿੱਤਾ ਕਿ ਕੋਈ ਵੀ ਵਿਅਕਤੀ ਸਿੱਖ ਜਾਪਦੇ ਕਿਸੇ ਡਰਾਈਵਰ ਦੇ ਆਟੋ ਰਿਕਸ਼ਾ ਵਿੱਚ ਸਫਰ ਕਰਨ ਦੇ ਲਈ ਰਾਜ਼ੀ ਨਹੀਂ ਸੀ। ਭਾਪਾਜੀ ਦੇ ਸਿਰ ਤੇ ਕੇਸ ਭਾਵੇਂ ਨਹੀਂ ਸਨ ਪਰ ਸਾਰੀ ਉਮਰ ਬੰਨ੍ਹੀ ਜਾਂਦੀ ਰਹੀ ਪੱਗ ਦੇ ਨਿਸ਼ਾਨ ਅਜੇ ਵੀ ਮੱਥੇ ’ਤੇ ਪ੍ਰਤੱਖ ਦਿਸਦੇ ਸਨ। ਹੁਣ ਉਨ੍ਹਾਂ ਲਈ ਟੱਬਰ ਦਾ ਢਿੱਡ ਭਰਨ ਲਈ ਦੋ ਡੰਗ ਦੀ ਰੋਟੀ ਕਮਾਉਣੀ ਵੀ ਔਖੀ ਹੋ ਗਈ ਸੀ। ਅਜਿਹੇ ਹਾਲਾਤ ਵਿੱਚ ਉਨ੍ਹਾਂ ਨੇ ਮਾਹੌਲ ਸੁਖਾਵਾਂ ਹੋਣ ਦੀ ਆਸ ਵਿੱਚ ਕੁਝ ਦਿਨ ਲਈ ਸਾਡੇ ਨਾਨਕੇ ਪਟਿਆਲੇ ਆਉਣ ਦਾ ਫੈਸਲਾ ਕਰ ਲਿਆ।

ਜਨਵਰੀ 1985 ਦੇ ਅੱਧ ਵਿੱਚ ਉਨ੍ਹਾਂ ਨੇ ਦਿੱਲੀ ਜਾ ਕੇ ਇੱਕ ਵਾਰ ਮਾਹੌਲ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਪਰ ਨਿਰਾਸ ਹੋ ਕੇ ਹੀ ਮੁੜ ਆਏ। ਮਕਾਨ ਖੁਰਦ ਬੁਰਦ ਹੋ ਚੁੱਕਾ ਸੀ ਤੇ ਹਜੂਮ ਵਿੱਚ ਸ਼ਾਮਲ ਰਹੇ ਅਨਸਰ ਅਜੇ ਵੀ ਧਮਕੀਆਂ ’ਤੇ ਉਤਾਰੂ ਸਨ। ਇਸ ਤੋਂ ਬਾਅਦ ਉਨ੍ਹਾਂ ਲਈ ਇੱਕ ਨਵੀਂ ਥਾਵੇਂ ਅਬਾਦ ਹੋਣ ਅਤੇ ਰੋਜ਼ੀ ਰੋਟੀ ਦਾ ਹੀਲਾ ਲੱਭਣ ਦੀ ਜੰਗ ਸ਼ੁਰੂ ਹੋ ਗਈ।

ਪੰਜਾਬ ਆ ਕੇ ਕਿਹੜਾ ਸਾਡੇ ਲਈ ਰੈੱਡ ਕਾਰਪੇਟ ਵਿਛੇ ਹੋਏ ਸਨ। ਸ਼ੁਰੂਆਤੀ ਦਿਨਾਂ ਵਿੱਚ ਭਾਵੇਂ ਥੋੜ੍ਹੀ ਬਹੁਤ ਹਮਦਰਦੀ ਦੀ ਲਹਿਰ ਸੀ ਪਰ ਛੇਤੀ ਹੀ ਰੰਗ ਬਰੰਗੀਆਂ ਫਬਤੀਆਂ ਸਾਡੇ ਕੰਨੀਂ ਪੈਣੀਆਂ ਸ਼ੁਰੂ ਹੋ ਗਈਆਂ। ਸਾਡੇ ਲਈ ਇੱਥੋਂ ਦੇ ਸਕੂਲ ਦਾ ਮਾਹੌਲ ਵੀ ਵੱਖਰਾ ਅਤੇ ਹਾਣੀ ਵੀ ਵੱਖਰੇ ਸਨ। ਦੂਜੇ ਪਾਸੇ ਭਾਪਾ ਜੀ ਦੀਆਂ ਦੁਸ਼ਵਾਰੀਆਂ ਵੀ ਵਧ ਗਈਆਂ ਸਨ। ਪੱਚੀ ਹਜ਼ਾਰ ਦੇ ਬੈਂਕ ਲੋਨ ਨਾਲ ਆਟੋ ਤਾਂ ਖਰੀਦ ਲਿਆ ਪਰ ਹਰ ਮਹੀਨੇ ਕਿਸ਼ਤ ਕਿਵੇਂ ਭਰਨ? ਚੜ੍ਹਦੇ ਮਹੀਨੇ ਮਕਾਨ ਦਾ ਕਿਰਾਇਆ ਵੀ ਤਾਂ ਉਨ੍ਹਾਂ ਦੇ ਸਿਰ ਆ ਜਾਂਦਾ ਸੀ। ਕਿੱਥੇ ਦਿੱਲੀ ਵਰਗੇ ਮਹਾਂਨਗਰ ਦੀ ਕਮਾਈ ਅਤੇ ਕਿੱਥੇ ਨਿੱਕੇ ਜਿਹੇ ਪਿੰਡ ਵਰਗਾ ਜਾਪਦਾ ਪਟਿਆਲਾ ਸ਼ਹਿਰ। ਇੱਥੇ ਗਿਣਤੀ ਦੇ ਪੱਚੀ ਤੀਹ ਆਟੋ ਰਿਕਸ਼ਿਆਂ ਜੋਗਾ ਹੀ ਕਾਰੋਬਾਰ ਸੀ ਪਰ ਜਦੋਂ ਬਾਹਰਲੇ ਸੂਬਿਆਂ ਤੋਂ ਉੱਜੜ ਕੇ ਆਏ ਦਸ ਕੁ ਹੋਰ ਬੰਦਿਆਂ ਨੇ ਇਸ ਕਿੱਤੇ ਵਿੱਚ ਪੈਰ ਧਰ ਲਿਆ ਤਾਂ ਹਿਰਖ ਦੇ ਮਾਰੇ ਪੁਰਾਣਿਆਂ ਨੇ ਇੱਕ ਨਫਰਤੀ ਅਵਾਜ਼ ‘ਪੰਗਾ ਪੀੜਤ’ ਘੜ ਕੇ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ। ਢਾਈ-ਤਿੰਨ ਸਾਲ ਦੇ ਲੰਮੇ ਸੰਘਰਸ਼ ਤੋਂ ਬਾਅਦ ਭਾਪਾਜੀ ਨੇ ਜ਼ਿੰਦਗੀ ਤੋਂ ਹਾਰ ਮੰਨ ਲਈ ਅਤੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇੱਥੇ ਉਨ੍ਹਾਂ ਦੇ ਅੰਦਰ ਭਰੇ ਹੋਏ ਦੁੱਖ ਦੀ ਪੀੜ ਨੂੰ ਕੌਣ ਜਾਣਦਾ ਸੀ?

ਇੱਥੋਂ ਹੀ ਸਤਾਰਾਂ ਸਾਲ ਦੀ ਉਮਰੇ ਅਣ-ਦਾੜ੍ਹੀਏ ਮੁੰਡੇ ਦੇ ਰੂਪ ਵਿੱਚ ਮੇਰਾ ਸਫਰ ਸ਼ੁਰੂ ਹੋ ਗਿਆ ਆਟੋ ਰਿਕਸ਼ਾ ਚਲਾਉਣ ਦਾ। ਨਾ ਕਿਸੇ ਪਿੰਡ, ਥਾਂ ਬਾਰੇ ਵਾਕਫੀਅਤ, ਨਾ ਕਿਸੇ ਗਲੀ ਮੁਹੱਲੇ ਦਾ ਪਤਾ। ਕਦੇ ਨਾਲ ਦੇ ਕਿਸੇ ਡਰਾਈਵਰ ਨੂੰ ਹਮਦਰਦੀ ਜਾਗ ਪੈਣੀ ਤਾਂ ਉਸਨੇ ਸ਼ਾਮ ਦੀ ਰੋਟੀ ਜੋਗਾ ਕੋਈ ਗੇੜਾ ਲਵਾ ਦੇਣਾ ਨਹੀਂ ਤਾਂ ਕਈ ਵਾਰ ਸਵੇਰ ਤੋਂ ਬਹਿ ਕੇ ਸ਼ਾਮ ਤਕ ਖਾਲੀ ਹੱਥ ਘਰ ਮੁੜ ਆਉਣਾ। ਮੰਮੀ ਦੀ ਸਿਲਾਈ ਮਸ਼ੀਨ ਨਾਲ ਹੀ ਘਰ ਦਾ ਤੋਰੀ ਫੁਲਕਾ ਚੱਲ ਰਿਹਾ ਸੀ। ਅਜਿਹੀ ਸੂਰਤ ਵਿੱਚ ਮੈਂ ਬੈਂਕ ਦੀ ਕਿਸ਼ਤ ਕਿੱਥੋਂ ਭਰਦਾ। ਲੋਨ ਅਫਸਰ ਨੇ ਵੀ ਜਿਵੇਂ ਹਰ ਦੂਜੇ ਹਫਤੇ ਆ ਕੇ ਮੈਨੂੰ ਦਬਕੇ ਮਾਰਨ ਅਤੇ ਸਾਥੀਆਂ ਦੇ ਸਾਹਮਣੇ ਜਿੱਚ ਕਰਨ ਦੀ ਡਿਊਟੀ ਤਨਦੇਹੀ ਨਾਲ ਨਿਭਾਉਣ ਦਾ ਤਹੱਈਆ ਕੀਤਾ ਹੋਇਆ ਸੀ। ਸਿਰਫ ਇੱਕ ਡਰਾਈਵਰ ਵੀਰ ਮੇਰਾ ਹਮਦਰਦ ਬਣ ਕੇ ਬਹੁੜਿਆ ਜਿਹੜਾ ਮੇਰੇ ਨਾਲੋਂ 15-16 ਸਾਲ ਵੱਡਾ ਸੀ। ਆਇਆ ਤਾਂ ਉਹ ਵੀ ਦਿੱਲੀ ਤੋਂ ਹੀ ਸੀ ਪਰ ਸੁੱਖੀਂ ਸਾਂਦੀ। ਆਰਥਿਕ ਤੌਰ ’ਤੇ ਵੀ ਉਸਦੀ ਪੁਜ਼ੀਸ਼ਨ ਠੀਕਠਾਕ ਸੀ। ਉਸਨੇ ਮੇਰੇ ਡਾਵਾਂਡੋਲ ਹੁੰਦੇ ਮਨ ਨੂੰ ਸੰਭਾਲਿਆ ਤੇ ਮੈਨੂੰ ਗੁਰੂ ਦੀ ਓਟ ਲੈਣ ਲਈ ਪ੍ਰੇਰਿਤ ਕੀਤਾ। ਉਸਦੀ ਪ੍ਰੇਰਨਾ ਨੇ ਨਾ ਸਿਰਫ ਮੈਨੂੰ ਆਪਣੇ ਹਾਲਾਤ ਨਾਲ ਜੂਝਣ ਦੀ ਦ੍ਰਿੜ੍ਹਤਾ ਬਖਸ਼ੀ ਬਲਕਿ ਆਪਣੀ ਜ਼ਮੀਰ ਸਿਰ ਚੜ੍ਹੇ ਇੱਕ ਵੱਡੇ ਮਿਹਣੇ ਨੂੰ ਵੀ ਲਾਹੁਣ ਦਾ ਸਬੱਬ ਬਣਾ ਦਿੱਤਾ।

ਆਉ ਹੁਣ ਮੁੜ ਪੈਂਦੇ ਹਾਂ ਉਸ ਮਿਹਣੇ ਵਾਲੀ ਗੱਲ ਵੱਲ ਜਿਸਨੇ ਸਾਡੇ ਜਿਊਣ ਦੇ ਨਜ਼ਰੀਏ ਨੂੰ ਬਦਲ ਦਿੱਤਾ। ਇਸਨੂੰ ਸਮਝਣ ਲਈ ਸਾਨੂੰ ਉਸੇ ਪਲ ਵੱਲ ਮੁੜਨਾ ਪਵੇਗਾ ਜਦੋਂ ਕਾਤਲ ਦੰਗਈਆਂ ਦੇ ਟੋਲੇ ਨੇ ਸਾਡੇ ਕੇਸ ਕਤਲ ਕਰ ਦਿੱਤੇ ਸਨ। ਸਾਰੀ ਉਮਰ ਕੇਸਾਂ ਨੂੰ ਗੁਰੂ ਦੀ ਦਾਤ ਸਮਝ ਕੇ ਸੰਭਾਲਦਾ ਰਿਹਾ ਸਾਡਾ ਪਰਿਵਾਰ ਜਦੋਂ ਇਨ੍ਹਾਂ ਦੀ ਬੇਪੱਤੀ ’ਤੇ ਰੋ ਰਿਹਾ ਸੀ ਤਾਂ ਇੱਕ ਗੁਆਂਢੀ ਨੇ ਆਪਣੀ ਸਮਝ ਦੇ ਮੁਤਾਬਿਕ ਟਿੱਪਣੀ ਕਰ ਦਿੱਤੀ,

“ਤੁਮ ਕਿਉਂ ਰੋ ਰਹੇ ਓ? ਪਹਿਲਾਂ ਕੌਨ ਸੇ ਤੁਮ ਸਿੱਖ ਹੋ, ਤੁਮ ਤੋਂ ਰਾਧਾਸੁਆਮੀ ਹੋ।”

ਇਹੀ ਸੀ ਉਹ ਪਲ ਜਿਸਨੇ ਸਾਡੇ ਮਨ ਵਿੱਚ ਤਰਥੱਲੀ ਮਚਾ ਦਿੱਤੀ ਤੇ ਇਸ ਸਧਾਰਨ ਜਿਹੀ ਟਿੱਪਣੀ ਨੂੰ ਸਾਡੀ ਜ਼ਮੀਰ ਲਈ ਮਿਹਣੇ ਵਰਗਾ ਬਣਾ ਦਿੱਤਾ। ਮਿਹਣਾ, ਆਪਣੇ ਮੁੱਢ ਤੋਂ ਟੁੱਟਣ ਦਾ, ਆਪਣੇ ਗੁਰੂ ਤੋਂ ਬੇਮੁੱਖ ਹੋਣ ਦਾ, ਗੁਰੂ ਸ਼ਬਦ ਦਾ ਆਸਰਾ ਛੱਡ ਕੇ ਦੇਹਧਾਰੀਆਂ ਦਾ ਆਸਰਾ ਤੱਕਣ ਦਾ।

ਹੁਣ ਦਿੱਲੀ ਵੱਲ ਮੁੜੇ ਹੀ ਹਾਂ ਤਾਂ ਉਸ ਮਿਹਣੇ ਦਾ ਜ਼ਿਕਰ ਵੀ ਕਰ ਲਈਏ ਜਿਸਨੇ ਮੇਰੇ ਅੱਲ੍ਹੜ ਮਨ ਵਿੱਚ ਸਦਾ ਲਈ ਆਪਣੀ ਜਨਮ ਭੋਏਂ ਲਈ ਬੇਗਾਨਗੀ ਦਾ ਅਹਿਸਾਸ ਭਰ ਦਿੱਤਾ। ਜਦੋਂ ਮੈਂ ਕੇਸਾਂ ਤੋਂ ਹੀਣੇ ਰੂਪ ਵਿੱਚ ਆਪਣੇ ਮੰਮੀ ਨਾਲ ਸੁਭਾਸ਼ ਨਗਰ ਦੀ ਡਿਸਪੈਂਸਰੀ ਤੋਂ ਵਾਪਸ ਆ ਰਿਹਾ ਸਾਂ ਤਾਂ ਉੱਥੋਂ ਹੀ ਨਿਕਲ ਕੇ ਆਈ ਇੱਕ ਪੰਜਾਬਣ ਬੀਬੀ ਮੰਮੀ ਨਾਲ ਗੱਲਾਂ ਲੱਗ ਪਈ। ਜਦੋਂ ਉਸਨੂੰ ਇਹ ਪਤਾ ਲੱਗਾ ਕਿ ਅਸੀਂ ਦੰਗਾਕਾਰੀ ਹਜੂਮ ਦਾ ਸ਼ਿਕਾਰ ਹੋਏ ਸਿੱਖ ਪਰਿਵਾਰ ਹਾਂ ਤਾਂ ਹਮਦਰਦੀ ਦੀ ਥਾਵੇਂ ਸਗੋਂ ਵਿਸ ਘੋਲਣ ਲੱਗ ਪਈ, ਅਖੇ ਤੁਸੀਂ ਸਿੱਖੜੇ ਤਾਂ ਹੈ ਹੀ ਇਸੇ ਲਾਇਕ ਓ। ਤੁਸੀਂ ਸਾਡੇ ਮੁਲਕ ਦੀ ਇੱਡੀ ਵੱਡੀ ਲੀਡਰ ਮਾਰ ਦਿੱਤੀ, ਤੁਹਾਡੇ ਨਾਲ ਤਾਂ ਜੋ ਹੋਇਆ ਉਹ ਥੋੜ੍ਹਾ ਹੈ। ਉਹਨੂੰ ਕਿਵੇਂ ਸਮਝਾਉਂਦੇ ਕਿ ਅਸੀਂ ਇੰਦਰਾ ਗਾਂਧੀ ਨੂੰ ਨਹੀਂ ਸੀ ਮਾਰਿਆ।

ਉਸਦੇ ਇਹ ਬੋਲ ਪ੍ਰਤੀਕ ਸਨ ਉਨ੍ਹਾਂ ਵਿਹੁਲੀਆਂ ਸੂਲਾਂ ਦੇ ਜਿਹੜੀਆਂ ਸਾਡੇ ਰਾਜਨੀਤਕਾਂ ਵੱਲੋਂ ਆਪਣੇ ਸੌੜੇ ਮੁਫਾਦ ਲਈ ਸਦੀਆਂ ਤੋਂ ਮਾਂ ਜਾਏ ਭਰਾਵਾਂ ਵਾਂਗ ਵਿਚਰਦੇ ਰਹੇ ਹਮਸਾਇਆਂ ਦੀ ਮਾਨਸਿਕਤਾ ਵਿੱਚ ਬੀਜ ਦਿੱਤੀਆਂ ਸਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਕੁਲਦੀਪ ਸਿੰਘ ਆਟੋ ਚਾਲਕ

ਕੁਲਦੀਪ ਸਿੰਘ ਆਟੋ ਚਾਲਕ

Patiala, Punjab, India.
Whatsapp (91 - 90412 - 63401)
Email: (kul455psingh@gmail.com)