“ਪਰ ਸਾਡੇ ਡੇਰਿਆਂ, ਠਾਠਾਂ ਅਤੇ ਟਕਸਾਲਾਂ ਦਾ ਮਨੋਰਥ ਕੇਵਲ ਅਖੰਡ ਪਾਠ ਦੀਆਂ ...”
(12 ਮਈ 2026)
ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੋਧੀ ਬਿੱਲ ਕਾਨੂੰਨ ਦਾ ਦਰਜ਼ਾ ਇਖਤਿਆਰ ਕਰ ਗਿਆ ਹੈ। ਇਸ ਕਾਨੂੰਨ ਦੀ ਕਾਨੂੰਨੀ ਵੈਧਤਾ, ਇਸ ਨੂੰ ਅਮਲ ਵਿੱਚ ਲਿਆਉਣ ਦੇ ਢੰਗ ਤਰੀਕਿਆਂ ਅਤੇ ਇਸਦੇ ਦੂਰਗਾਮੀ ਪ੍ਰਭਾਵਾਂ ਬਾਰੇ ਅੱਡੋ ਅੱਡ ਨਜ਼ਰੀਏ ਨਾਲ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ। ਚਰਚਾਵਾਂ ਦੇ ਇਸ ਦੌਰ ਵਿੱਚ ਬਹੁਤੇ ਸਿੱਖ ਚਿੰਤਕ ਗੁਰੂ ਗ੍ਰੰਥ ਸਾਹਿਬ ਦੇ ਲਈ ਜਾਗਤ ਜੋਤਿ ਜਾਂ ਲਿਵਿੰਗ ਗੁਰੂ ਹੋਣ ਦੀਆਂ ਦਲੀਲਾਂ ਦੇ ਰਹੇ ਹਨ। ਕਹਿਣ ਅਤੇ ਸੁਣਨ ਵਿੱਚ ਇਹ ਦਲੀਲਾਂ ਬੜੀਆਂ ਹੀ ਸ਼ਰਧਾਵਾਚਕ ਲਗਦੀਆਂ ਹਨ ਪਰ ਜਿਉਂ ਹੀ ਅਸੀਂ ਇਨ੍ਹਾਂ ਦੀ ਪੜਚੋਲ ਕਰਨ ਦਾ ਜਤਨ ਕਰਦੇ ਹਾਂ ਤਾਂ ਇਨ੍ਹਾਂ ਦਲੀਲਾਂ ਦਾ ਪੇਤਲਾਪਨ ਉੱਘੜਨ ਲੱਗ ਪੈਂਦਾ ਹੈ। ਡੁੰਘਾਈ ਨਾਲ ਦੇਖਿਆ ਜਾਵੇ ਤਾਂ ਸਿੱਖ ਕੌਮ ਅਜੇ ਤਕ ਇਸ ਵਿਚਾਰਧਾਰਕ ਪੱਖ ’ਤੇ ਵੀ ਸਪਸ਼ਟ ਨਹੀਂ ਹੋ ਸਕੀ ਕਿ ਕੀ ਧੁਰ ਕੀ ਬਾਣੀ ਦੇ ਇਸ ਸੰਗ੍ਰਹਿ ਨੂੰ ਭੌਤਿਕ ਰੂਪ ਵਿੱਚ (ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ) ਦੇਹ ਦੇ ਪੱਧਰ ’ਤੇ ਗੁਰੂ ਮੰਨੀਏ ਜਾਂ ਸ਼ਬਦ (ਗਿਆਨ) ਗੁਰੂ ਦੇ ਪੱਧਰ ’ਤੇ? ਇਹੀ ਵਜਾਹ ਹੈ ਕਿ ਸਾਡੇ ਵਿਦਵਾਨਾਂ ਵੱਲੋਂ ਘੜੇ ਗਏ ਸਾਰੇ ਮਾਪਦੰਡ ਸਿਰਫ ਇਸ ਸਰੂਪ ਦੀ ਭੌਤਿਕ ਬੇਅਦਬੀ ਤਕ ਹੀ ਸੀਮਿਤ ਰਹਿ ਜਾਂਦੇ ਹਨ। ਬੇਅਦਬੀ ਦੇ ਇਸ ਸਤਹੀ ਬਿਰਤਾਂਤ ਦੀ ਪੜਚੋਲ ਕਰਨ ਤੋਂ ਪਹਿਲਾਂ ਮੈਨੂੰ ਚੜ੍ਹਦੀ ਉਮਰ ਦੇ ਦੌਰ ਵਿੱਚ ਪੜ੍ਹੀ ਇੱਕ ਅਜਿਹੀ ਵਾਰਤਾ ਯਾਦ ਆ ਰਹੀ ਹੈ ਜਿਸਨੇ ਉਸ ਸਮੇਂ ਮੇਰੇ ਮਨ ਨੂੰ ਚੰਗੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਸੰਖੇਪ ਵਿੱਚ ਉਸ ਵਾਰਤਾ ਦਾ ਸਾਰ ਇਉਂ ਸੀ ਕਿ ਵਿਦੇਸ਼ ਯਾਤਰਾ ’ਤੇ ਗਏ ਕਿਸੇ ਉੱਘੇ ਸਿੱਖ ਵਿਦਵਾਨ ਨੂੰ ਕਿਸੇ ਇਸਾਈ ਸੱਜਣ ਨੇ ਬਾਈਬਲ ਦੀ ਇੱਕ ਕਾਪੀ ਭੇਟਾ ਕਰਨੀ ਚਾਹੀ। ਜਦੋਂ ਉਸਨੇ ਨਿਮਰਤਾ ਪੂਰਵਕ ਉਸਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਦੂਜਾ ਸੱਜਣ ਕਹਿਣ ਲੱਗਾ ਕਿ ਮੈਂ ਤੁਹਾਡੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਆਪਣੇ ਅਕੀਦੇ ਦੇ ਪੱਕੇ ਹੋਣ ਕਾਰਨ ਇਸ ਨੂੰ ਨਹੀਂ ਪੜ੍ਹਨਾ ਪਰ ਫਿਰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਇਸ ਨੂੰ ਆਪਣੀ ਨਿੱਜੀ ਲਾਇਬਰੇਰੀ ਵਿੱਚ ਥਾਂ ਜ਼ਰੂਰ ਦੇ ਦਿਉ। ਉਸ ਸਿੱਖ ਵਿਦਵਾਨ ਨੇ ਹੈਰਾਨ ਹੋ ਕੇ ਮੋੜਵਾਂ ਸਵਾਲ ਕੀਤਾ ਕਿ ਮੇਰੇ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕੀ ਹਾਸਲ ਹੋ ਜਾਵੇਗਾ। ਉਹ ਸੱਜਣ ਕਹਿਣ ਲੱਗਾ ਕਿ ਮੈਂ ਇਹ ਆਸ ਰੱਖਦਾ ਹਾਂ ਕਿ ਤੁਹਾਡੇ ਸੰਸਾਰ ਤੋਂ ਵਿਦਾ ਹੋਣ ਪਿੱਛੋਂ ਜਦੋਂ ਤੁਹਾਡਾ ਕੋਈ ਨਾ ਕੋਈ ਪੁੱਤ ਪੋਤਰਾ ਤੁਹਾਡੀ ਲਾਇਬਰੇਰੀ ਵਿੱਚ ਇਸ ਨੂੰ ਵੇਖੇਗਾ ਤਾਂ ਉਸਦੇ ਮਨ ਵਿੱਚ ਇਸਦੇ ਪ੍ਰਤੀ ਜਿਗਿਆਸਾ ਜ਼ਰੂਰ ਪੈਦਾ ਹੋਵੇਗੀ। ਸ਼ਾਇਦ ਤੁਹਾਡੀ ਲਾਇਬਰੇਰੀ ਵਿੱਚ ਮੌਜੂਦ ਹੋਣ ਕਰ ਕੇ ਉਹ ਇਸਨੂੰ ਪੜ੍ਹ ਵੀ ਲਵੇ। ਜੇਕਰ ਦੇਰ ਸਵੇਰ ਵੀ ਅਜਿਹਾ ਹੋ ਗਿਆ ਤਾਂ ਮੈਂ ਸਮਝਦਾ ਹਾਂ ਕਿ ਮੇਰਾ ਆਪਣੇ ਧਰਮ ਦੇ ਪਰਚਾਰ ਦਾ ਮਕਸਦ ਪੂਰਾ ਹੋ ਜਾਵੇਗਾ।
ਇਹ ਵਾਰਤਾ ਜਿੱਥੇ ਉਸ ਇਸਾਈ ਸੱਜਣ ਅੰਦਰ ਆਪਣੇ ਧਰਮ ਦੇ ਵਿਸਥਾਰ ਦੀ ਤਾਂਘ ਦਾ ਸਿਖਰ ਦਰਸਾਉਂਦੀ ਮਹਿਸੂਸ ਹੁੰਦੀ ਹੈ, ਉੱਥੇ ਹੀ ਸਾਨੂੰ ਇਹ ਵੀ ਦ੍ਰਿੜ੍ਹ ਕਰਵਾਉਂਦੀ ਹੈ ਕਿ ਕਿਸੇ ਵੀ ਧਰਮ ਦੀ ਬੁਨਿਆਦ ਉਸਦੇ ਧਾਰਮਿਕ ਸਾਹਿਤ ਦੇ ਪੜ੍ਹਨ ਪੜ੍ਹਾਉਣ ਦੇ ਅਧਾਰ ’ਤੇ ਟਿਕੀ ਹੋਈ ਹੈ। ਉਸ ਸੱਜਣ ਦੇ ਵਿਚਾਰ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਪਰ ਇਹ ਜ਼ਰੂਰ ਮੰਨਣਾ ਪਵੇਗਾ ਕਿ ਉਨ੍ਹਾਂ ਦਾ ਆਪਣੇ ਧਰਮ ਦੇ ਪਰਚਾਰ ਪ੍ਰਤੀ ਇਹ ਨਜ਼ਰੀਆ ਸੱਚਮੁੱਚ ਹੀ ਨਵੇਕਲਾ ਹੈ। ਅੱਜ ਜਦੋਂ ਅਸੀਂ ਸਿੱਖੀ ਦੀ ਜਨਮ ਭੋਏਂ ਪੰਜਾਬ ਵਿੱਚ ਇਸਾਈਅਤ ਦੀ ਵਧਦੀ ਚੜ੍ਹਤ ਵੱਲ ਝਾਤੀ ਮਾਰਦੇ ਹਾਂ ਤਾਂ ਉਪਰੋਕਤ ਵਾਰਤਾ ਵਾਲੀ ਸਚਾਈ ਪ੍ਰਤੱਖ ਦਿਸਣ ਲੱਗ ਪੈਂਦੀ ਹੈ। ਸ਼ੁਰੂ ਸ਼ੁਰੂ ਵਿੱਚ ਭਾਵੇਂ ਇਨ੍ਹਾਂ ਦਾ ਪ੍ਰਭਾਵ ਸਮਾਜ ਦੇ ਕੁਝ ਕੁ ਆਰਥਿਕ ਪੱਖੋਂ ਕਮਜ਼ੋਰ ਤਬਕਿਆਂ ਤਕ ਹੀ ਸੀਮਿਤ ਸੀ ਪਰ ਹੁਣ ਤਾਂ ਚੰਗੇ ਚੰਗੇ ਸਿੱਖੀ ਸਰੂਪ ਅਤੇ ਨਾਂਵਾਂ ਦੇ ਧਾਰਨੀ ਵੀ ਬੇਝਿਜਕ ਹੋ ਕੇ ਇਸਾਈ ਅਖਵਾਉਣ ਵਿੱਚ ਮਾਣ ਮਹਿਸੂਸ ਕਰ ਰਹੇ ਹਨ। ਅਜਿਹੇ ਹਾਲਾਤ ਕਾਇਮ ਹੋਣ ਪਿੱਛੇ ਅਸੀਂ ਆਪਣੀਆਂ ਨਲਾਇਕੀਆਂ ਅਤੇ ਅਵੇਸਲੇਪਨ ਦਾ ਬਚਾ ਕਰਨ ਲਈ ਭਾਵੇਂ ਹਜ਼ਾਰਾਂ ਦਲੀਲਾਂ ਘੜ ਲਈਏ ਪਰ ਇਸਾਈ ਭਾਈਚਾਰੇ ਦੀ ਦੂਰਦਰਸ਼ਤਾ ਅਤੇ ਸਹਿਜ ਮਤੇ ਜਤਨਸ਼ੀਲ ਰਹਿਣ ਵਾਲੀ ਭਾਵਨਾ ਦਾ ਲੋਹਾ ਤਾਂ ਸਾਨੂੰ ਮੰਨਣਾ ਹੀ ਪਵੇਗਾ। ਇਸ ਪਰਿਪੇਖ ਵਿੱਚ ਝਾਤੀ ਮਾਰਦਿਆਂ ਸ਼ੁਰੂਆਤ ਵਿੱਚ ਭਾਵੇਂ ਕੁਝ ਕੁ ਰੋਲ ਮਾਇਕੀ ਲਾਲਚਾਂ ਦਾ ਵੀ ਦਿਸ ਪੈਂਦਾ ਹੈ ਪਰ ਜਦੋਂ ਅਜੋਕੇ ਸਮੇਂ ਵਿੱਚ ਸਰਦੇ ਪੁੱਜਦੇ ਸਿੱਖ ਵੀ ਇਸ ਵਹਿਣ ਵਿੱਚ ਵਹਿ ਤੁਰੇ ਹਨ ਤਾਂ ਇਹ ਕਹਿਣਾ ਹੀ ਪਵੇਗਾ ਕਿ ਸਿੱਖ ਸਮਾਜ ਨੂੰ ਆਪਣੇ ਗਲਾਵੇਂ ਵਿੱਚ ਝਾਤ ਮਾਰਨ ਦੀ ਲੋੜ ਹੈ।
ਜੇਕਰ ਚੋਣਵੀਆਂ ਸਿੱਖ ਸੰਸਥਾਵਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਨੇ ਤਾਂ ਕਦੇ ਆਪਣੇ ਕੋਲ ਮੁਹਈਆ ਗੋਲਕ ਦੇ ਅਥਾਹ ਸਰੋਤਾਂ ਨੂੰ ਸੋਨੇ ਅਤੇ ਸੰਗਮਰਮਰ ਤੋਂ ਬਿਨਾਂ ਕਿਸੇ ਕੌਮੀ ਕਾਰਜ ਲਈ ਵਰਤਣ ਬਾਰੇ ਸੋਚਿਆ ਹੀ ਨਹੀਂ, ਨਾ ਹੀ ਇਨ੍ਹਾਂ ਦੇ ਨਾਮ ਨਿਹਾਦ ਚੌਧਰੀਆਂ ਨੂੰ ਕਿਸੇ ਲੱਥੀ ਚੜ੍ਹੀ ਦਾ ਕੋਈ ਫਿਕਰ ਹੈ।
ਇਸ ਸੰਦਰਭ ਵਿੱਚ ਵਿਚਾਰ ਕਰਨ ਵੇਲੇ ਸਿੱਖੀ ਪ੍ਰਚਾਰ ਦਾ ਦਮ ਭਰਦੀਆਂ ਸੰਸਥਾਵਾਂ ਦੀ ਬੌਧਿਕ ਸਮਰੱਥਾ ਦਾ ਜ਼ਿਕਰ ਵੀ ਲਾਜ਼ਮੀ ਹੋਣਾ ਚਾਹੀਦਾ ਹੈ। ਸਿੱਖ ਕੌਮ ਨੂੰ ਜਿਸ ਕਰਮਕਾਂਡੀ ਸੰਪਰਦਾਈ ਸੋਚ ਵਿੱਚੋਂ ਕੱਢਣ ਲਈ ਗੁਰੂ ਸਾਹਿਬਾਨ ਨੇ ਆਪਣਾ ਪੂਰਾ ਤਾਣ ਲਾ ਦਿੱਤਾ, ਉਹ ਸਿੱਖ ਮਾਨਸਿਕਤਾ ’ਤੇ ਦੁਬਾਰਾ ਭਾਰੂ ਹੋ ਚੁੱਕੀ ਹੈ। ਇਹ ਕਹਿ ਦੇਣਾ ਵੀ ਕੁਥਾਵੇਂ ਨਹੀਂ ਹੋਵੇਗਾ ਕਿ ਸਿੱਖ ਕੌਮ ਪਿਛਲਖੁਰੀ ਮੋੜਾ ਖਾ ਚੁੱਕੀ ਹੈ। ਇੱਕ ਪਾਸੇ ਜਿੱਥੇ ਸੰਸਾਰ ਦੀਆਂ ਦੂਜੀਆਂ ਕੌਮਾਂ ਆਪਣੇ ਧਰਮ ਦੇ ਸਿਧਾਂਤਾਂ ਨੂੰ ਪ੍ਰਚਾਰਨ ਲਈ ਆਧੁਨਿਕ ਜੁਗ ਦੇ ਵੱਧ ਤੋਂ ਵੱਧ ਸਾਧਨਾਂ ਦੀ ਵਰਤੋਂ ਕਰਨ ਲਈ ਤਤਪਰ ਦਿਸਦੀਆਂ ਹਨ, ਉੱਥੇ ਦੂਜੇ ਪਾਸੇ ਜਦੋਂ ਬੇਅਦਬੀ ਦੇ ਨਾਂ ’ਤੇ ਅਖੌਤੀ ਸਤਿਕਾਰ ਕਮੇਟੀਆਂ ਦੀਆਂ ਬੁਰਛਾਗਰਦੀਆਂ ਨਸ਼ਰ ਹੁੰਦੀਆਂ ਦੇਖਦੇ ਹਾਂ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਮੱਧਕਾਲੀ ਸੋਚ ਵਿੱਚ ਜੀ ਰਹੇ ਇਹ ਲੋਕ ਗੁਰੂ ਦੀ ਬਾਣੀ ਨੂੰ ਕੀਮਤੀ ਰੁਮਾਲਿਆਂ ਵਿੱਚ ਲਪੇਟ ਕੇ ਕੇਵਲ ਕੁਝ ਚੋਣਵੇਂ ਬੰਦਿਆਂ ਜਾਂ ਜਥਿਆਂ ਵਾਸਤੇ ਹੀ ਰਾਖਵਾਂ ਰੱਖਣਾ ਚਾਹੁੰਦੇ ਹਨ। ਨਿੱਜੀ ਤੌਰ ’ਤੇ ਆਪਣੇ ਘਰ ਵਿੱਚ ਬਾਣੀ ਦੀਆਂ ਪੋਥੀਆਂ ਰੱਖਣ ਦੀ ਗੱਲ ਤਾਂ ਦੂਰ ਰਹਿ ਗਈ, ਆਮ ਬੰਦਾ ਤਾਂ ਇਸਨੂੰ ਛੂਹ ਵੀ ਲਵੇਗਾ ਤਾਂ ਬੇਅਦਬੀ ਹੋ ਜਾਵੇਗੀ। ਬੇਅਦਬੀ ਦੇ ਇਸ ਕੰਸੈਪਟ ਦੇ ਆਸਰੇ ਕੁਝ ਅਨਸਰ ਪਾਠ ਅਧਿਐਨ ਦੀ ਭਾਵਨਾ ਅਧੀਨ ਗੁਰਬਾਣੀ ਦੇ ਸਰੂਪ ਜਾਂ ਪੋਥੀਆਂ ਨੂੰ ਸੁਸ਼ੋਭਿਤ ਕਰੀ ਬੈਠੇ ਸਧਾਰਨ ਲੋਕਾਂ ਦੇ ਘਰਾਂ ਵਿੱਚੋਂ ਇਨ੍ਹਾਂ ਨੂੰ ਚੁਕਾਉਣ ਲਈ ਤਤਪਰ ਹੀ ਰਹਿੰਦੇ ਹਨ। ਇਨ੍ਹਾਂ ਦੇ ਆਪੂੰ ਘੜੇ ਮਾਪਦੰਡਾਂ ਮੁਤਾਬਿਕ ਜੇਕਰ ਕਿਸੇ ਦੇ ਘਰ ਵਿੱਚ ਆਂਡੇ ਜਾਂ ਮਾਸ ਦੀ ਵਰਤੋਂ ਹੁੰਦੀ ਹੈ ਤਾਂ ਉਸਨੂੰ ਗੁਰੂ ਸਾਹਿਬ ਦੇ ਸਰੂਪ ਜਾਂ ਪੋਥੀਆਂ ਰੱਖਣ ਦਾ ਅਧਿਕਾਰ ਨਹੀਂ ਹੈ। ਇਹ ਹਠਧਰਮੀ ਅਨਸਰ ਇਸ ਤੱਥ ਨੂੰ ਵੀ ਨਹੀਂ ਸਮਝਦੇ ਕਿ ਜੇਕਰ ਘਰ ਦਾ ਕੋਈ ਇੱਕ ਜੀਅ ਗੁਰਬਾਣੀ ਦਾ ਪ੍ਰੇਮੀ-ਅਭਿਆਸੀ ਹੈ ਤਾਂ ਦੂਜਾ ਉਸ ਤੋਂ ਉਲਟ ਰੁਚੀ ਵਾਲਾ ਵੀ ਹੋ ਸਕਦਾ ਹੈ। ਇਸ ਹੂੜਮੱਤ ਨੇ ਆਮ ਸਿੱਖਾਂ ਦੇ ਮਨਾਂ ਵਿੱਚ ਬੇਅਦਬੀ ਦੇ ਨਾਂ ’ਤੇ ਗੁਰਬਾਣੀ ਦੀਆਂ ਪੋਥੀਆਂ ਅਤੇ ਰਸਾਲਿਆਂ ਪ੍ਰਤੀ ਅਜਿਹਾ ਵਹਿਮ ਕੁੱਟ ਕੁੱਟ ਕੇ ਭਰ ਦਿੱਤਾ ਹੈ ਕਿ ਗਿਆਨ ਗੁਰੂ ਦੇ ਵਾਰਸ ਹੋਣ ਦਾ ਦਾਅਵਾ ਕਰਨ ਵਾਲੇ ਇਨ੍ਹਾਂ ਨੂੰ ਪੜ੍ਹਨ ਤੋਂ ਹੀ ਤ੍ਰਹਿਣ ਲੱਗ ਪਏ ਹਨ। ਆਮ ਸਿੱਖ ਆਪਣੇ ਘਰ ਵਿੱਚ ਬਾਣੀ ਦੀਆਂ ਪੋਥੀਆਂ ਰੱਖਣ ਵੱਲੋਂ ਇਸ ਲਈ ਇਨਕਾਰੀ ਹੈ ਕਿਉਂਕਿ ਉਸਨੂੰ ਇਨ੍ਹਾਂ ਦੀ ਬੇਅਦਬੀ ਦੇ ਪਾਪ ਦਾ ਡਰ ਸਤਾਉਂਦਾ ਰਹਿੰਦਾ ਹੈ। ਇਸ ਤੋਂ ਵੱਧ ਉਸਨੂੰ ਲਗਦਾ ਹੈ ਕਿ ਕਦੇ ਗ਼ਲਤੀ ਨਾਲ ਵੀ ਗੁਰਬਾਣੀ ਦੀ ਪੋਥੀ, ਸੈਂਚੀ ਜਾਂ ਗੁਟਕੇ ਦਾ ਸਫ਼ਾ ਫਟ ਜਾਣ ਕਾਰਨ ਤੁਰਤ ਬਰਛਿਆਂ ਭਾਲਿਆਂ ਵਾਲੇ ਉਸਦੇ ਬੂਹੇ ਅੱਗੇ ਖੜ੍ਹੇ ਹੋ ਕੇ ਖਰੂਦ ਮਚਾਉਣ ਲੱਗ ਪੈਣਗੇ। ਇਸ ਨਾਲੋਂ ਤਾਂ ਇਨ੍ਹਾਂ ਨੂੰ ਘਰ ਵਿੱਚ ਨਾ ਰੱਖਣਾ ਹੀ ਭਲਾ ਹੈ। ਇਹ ਤੱਥ ਚਿੱਟੇ ਦਿਨ ਵਾਂਗ ਸਪਸ਼ਟ ਹੈ ਕਿ ਇਸ ਪੇਤਲੇ ਕੰਸੈਪਟ ਨੂੰ ਧਾਰਨ ਕਰਕੇ ਸਿੱਖਾਂ ਨੇ ਹਾਸਲ ਥੋੜ੍ਹਾ ਕੀਤਾ ਹੈ ਤੇ ਗਵਾਇਆ ਬਹੁਤਾ ਹੈ। ਹੁਣ ਤਾਂ ਅਜੋਕੇ ਪਾਸ ਹੋਏ ਕਾਨੂੰਨ ਨੇ ਵੀ ਬੇਅਦਬੀ ਕਰਨ ਵਾਲੇ ਦੇ ਨਾਲ ਨਾਲ ਜਿਨ੍ਹਾਂ ਦੇ ਘਰ ਵਿੱਚ ਇਹ ਘਟਨਾ ਹੋਈ, ਉਨ੍ਹਾਂ ਨੂੰ ਵੀ ਬਰਾਬਰ ਸਜ਼ਾ ਦਾ ਭਾਗੀ ਮੰਨ ਲਿਆ ਹੈ। ਇਸਦੇ ਦੂਰਗਾਮੀ ਪ੍ਰਭਾਵ ਸਾਨੂੰ ਉਦੋਂ ਸਮਝ ਆਉਣਗੇ ਜਦੋਂ ਸਾਡੇ ਘਰਾਂ ਵਿੱਚੋਂ ਗੁਰਬਾਣੀ ਪੋਥੀਆਂ ਚੁਕਵਾਉਣ ਤੋਂ ਬਾਅਦ ਹੌਲੀ ਹੌਲੀ ਸਾਡੇ ਧਰਮ ਅਸਥਾਨਾਂ ਵਿੱਚੋਂ ਸ਼ਬਦ ਗੁਰੂ ਦੀ ਕਸਵੱਟੀ ਤੋਂ ਹੀਣੇ ਅਨਮਤੀ ਰਚਨਾਵਾਂ ਵਾਲੇ ਗ੍ਰੰਥ ਸਥਾਪਤ ਕਰ ਦਿੱਤੇ ਜਾਣਗੇ।
ਇਸ ਕੁਲਹਿਣੀ ਸੋਚ ਨੇ ਸਿੱਖ ਦੇ ਨਿੱਤ ਦਿਹਾੜੇ ਦੇ ਜੀਵਨ ਵਿੱਚ ਅਗਵਾਈ ਦੇਣ ਵਾਲੀ ਬਾਣੀ ਨੂੰ ਵੇਲੇ ਕੁਵੇਲੇ ਦੇ ਰਸਮੀ ਕਰਮਕਾਂਡ ਦੀ ਤਰ੍ਹਾਂ ਸਥਾਪਤ ਕਰ ਦਿੱਤਾ ਹੈ। ਇਸਨੂੰ ਗ੍ਰੰਥੀ, ਪਾਠੀ, ਪੁਜਾਰੀ ਹੀ ਲੈ ਕੇ ਆਏਗਾ, ਉਹੀ ਪੜ੍ਹੇਗਾ, ਭੇਟਾ ਲਵੇਗਾ ਤੇ ਵਾਪਸ ਲੈ ਜਾਵੇਗਾ। ਫਲਸਰੂਪ ਜਿਹੜੇ ਹਾਲਾਤ ਪੈਦਾ ਹੋ ਗਏ ਹਨ, ਉਨ੍ਹਾਂ ਨੂੰ ਦੇਖ ਕੇ ਕਲੇਜਾ ਮੂੰਹ ਨੂੰ ਆਉਂਦਾ ਹੈ। ਅੱਜ ਬਹੁਤਾਤ ਸਿੱਖ ਘਰਾਂ ਵਿੱਚ ਸ਼ਰਾਬ ਦੀ ਬੋਤਲ ਤਾਂ ਮਿਲ ਜਾਵੇਗੀ ਪਰ ਗੁਰਬਾਣੀ ਦੀ ਪੋਥੀ ਜਾਂ ਸੈਂਚੀ ਮਿਲਣੀ ਮੁਸ਼ਕਿਲ ਹੋ ਜਾਂਦੀ ਹੈ। ਗੁਰਬਾਣੀ ਤੋਂ ਬਿਨਾਂ ਗੁਰਮਤਿ ਸਾਹਿਤ ਵੀ ਸਿੱਖ ਜੀਵਨ ਜਾਚ ਦਾ ਅਧਾਰ ਸੀ ਪਰ ਇਸ ਅਖੌਤੀ ਬੇਅਦਬੀ ਦੇ ਕੰਸੈਪਟ ਤੋਂ ਡਰਦੇ ਸਿੱਖ ਇਸਨੂੰ ਵੀ ਬੇਦਾਵਾ ਦੇ ਗਏ। ਸਿੱਟੇ ਵਜੋਂ ਸਿੱਖ ਜਾਂ ਤਾਂ ਨਸ਼ਿਆਂ ਜੋਗੇ ਰਹਿ ਗਏ ਜਾਂ ਅੱਖਾਂ ਕੰਨ ਬੰਦ ਕਰਕੇ ਡੇਰੇਦਾਰਾਂ ਦੇ ਮਗਰ ਭੱਜਣ ਜੋਗੇ। ਕੀ ਇਹ ਗੁਰੂ ਦੀ, ਗੁਰਮਤਿ ਸਿਧਾਂਤ ਦੀ ਅਸਲ ਬੇਅਦਬੀ ਨਹੀਂ ਹੈ?
ਇਹ ਠੀਕ ਹੈ ਕਿ ਕੁਝ ਲੋਕ ਫਿਰਕੂ ਕਸ਼ੀਦਗੀ ਪੈਦਾ ਕਰਨ ਲਈ ਜਾਣ ਬੁੱਝ ਕੇ ਗੁਰਦੁਆਰਿਆਂ ਵਿੱਚ ਵੜ ਕੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜਨ, ਰੁਮਾਲੇ ਛੇੜਨ ਅਤੇ ਹੋਰ ਸਮਾਨ ਖਿੰਡਾਉਣ ਦੀਆਂ ਕੋਝੀਆਂ ਹਰਕਤਾਂ ਕਰਨ ਲਈ ਜਤਨਸ਼ੀਲ ਰਹਿੰਦੇ ਹਨ। ਇਨ੍ਹਾਂ ਦੀਆਂ ਕੋਝੀਆਂ ਹਰਕਤਾਂ ਨਾਲ ਕਰੜੇ ਹੱਥੀਂ ਸਿੱਝਣ ਦੀ ਲੋੜ ਹੈ। ਇਨ੍ਹਾਂ ਘਟਨਾਵਾਂ ਵਿੱਚ ਵਾਧਾ ਹੋਣ ਦਾ ਕਾਰਨ ਪ੍ਰਸ਼ਾਸਨਿਕ ਢਿੱਲ ਮੱਠ ਦੇ ਨਾਲ ਨਾਲ ਸਰਕਾਰਾਂ ਵੱਲੋਂ ਅਸਿੱਧੇ ਰੂਪ ਵਿੱਚ ਕੀਤੀ ਜਾਣ ਵਾਲੀ ਦੇਹਧਾਰੀ ਗੁਰੂ ਡੰਮ ਦੀ ਪੁਸ਼ਤ ਪਨਾਹੀ ਵੀ ਸ਼ਾਮਲ ਹੈ। ਪਰ ਕੀ ਇਸਦਾ ਇਹ ਮਤਲਬ ਬਣਦਾ ਹੈ ਕਿ ਅਸੀਂ ਇਨ੍ਹਾਂ ਹਰਕਤਾਂ ਤੋਂ ਡਰ ਕੇ ਆਮ ਸਿੱਖਾਂ ਨੂੰ ਗੁਰਬਾਣੀ ਪੜ੍ਹਨ, ਸਮਝਣ ਤੋਂ ਵਿਰਵਾ ਹੀ ਕਰ ਦੇਈਏ? ਇਹ ਸੱਚ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਸ਼ਬਦ ਗੁਰੂ ਦੇ ਪੱਤਰੇ ਪਾੜੇ ਜਾਣ ਦੀਆਂ ਹਰਕਤਾਂ ਸਾਡਾ ਦਿਲ ਵਲੂੰਧਰ ਦਿੰਦੀਆਂ ਹਨ ਤੇ ਅਸੀਂ ਇਸਦੇ ਲਈ ਸਖਤ ਕਾਨੂੰਨੀ ਸਜ਼ਾਵਾਂ ਚਾਹੁੰਦੇ ਹਾਂ। ਪਰ ਜਦੋਂ ਇਸੇ ਜਾਗਤ ਜੋਤਿ (ਲਿਵਿੰਗ ਗੁਰੂ) ਦੀ ਹਜ਼ੂਰੀ ਵਿੱਚ ਅਸੀਂ ਇੱਕ ਦੂਜੇ ਵੱਲ ਤਲਵਾਰਾਂ ਉਲਾਰਦੇ ਹੋਏ ਪੱਗੋ ਹੱਥੀ ਹੁੰਦੇ ਹਾਂ ਤਾਂ ਕੀ ਇਸ ਹਰਕਤ ਨੂੰ ਵੀ ਬੇਅਦਬੀ ਦੀ ਪਰਿਭਾਸ਼ਾ ਵਿੱਚ ਸ਼ਾਮਲ ਕਰ ਕੇ ਕਾਨੂੰਨੀ ਸਜ਼ਾਵਾਂ ਦੇ ਭਾਗੀਦਾਰ ਬਣਨ ਲਈ ਸਹਿਮਤ ਹਾਂ?
ਹੁਣ ਇਸ ਮਸਲੇ ਨੂੰ ਇੱਕ ਹੋਰ ਵੱਖਰੇ ਨੁਕਤੇ ਤੋਂ ਵੀ ਵਿਚਾਰ ਲੈਂਦੇ ਹਾਂ। ਅੱਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰਫ ਭੌਤਿਕ ਰੂਪ ਤਕ ਸੀਮਿਤ ਨਹੀਂ ਹੈ। ਹੱਥ ਵਿੱਚ ਫੜੇ ਹੋਏ ਛੋਟੇ ਜਿਹੇ ਮੋਬਾਇਲ ਤੋਂ ਲੈਕੇ ਟੈਬ, ਪੀ ਸੀ ਅਤੇ ਲੈਪਟਾਪ ਵਿੱਚ ਵੀ ਇਸਨੂੰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਕੀ ਇਹ ਸੰਭਵ ਹੈ ਕਿ ਜਿਸ ਘਰ ਵਿੱਚ ਇਨ੍ਹਾਂ ਸੰਪਰਦਾਈ ਮਾਪਦੰਡਾਂ ਮੁਤਾਬਿਕ ਜੀਵਨ ਸ਼ੈਲੀ ਨਹੀਂ ਹੋਵੇਗੀ, ਉਸਦੇ ਵਸਨੀਕਾਂ ਨੂੰ ਇਨ੍ਹਾਂ ਸਾਧਨਾਂ ਰਾਹੀਂ ਵੀ ਬਾਣੀ ਪੜ੍ਹਨ, ਵਿਚਾਰਨ ਦੀ ਮਨਾਹੀ ਕਰ ਦਿੱਤੀ ਜਾਵੇਗੀ? ਕੀ ਅਜਿਹਾ ਹੋ ਵੀ ਸਕਦਾ ਹੈ? ਅਸੀਂ ਕਦੋਂ ਅਕਲ ਨੂੰ ਹੱਥ ਮਾਰ ਕੇ ਸਮੇਂ ਦੇ ਹਾਣੀ ਬਣ ਕੇ ਜਿਊਣਾ ਸਿੱਖਾਂਗੇ? ਜੇਕਰ ਅਸੀਂ ਅਜੋਕੇ ਸਿੱਖ ਗੁਰਬਾਣੀ ਦੇ ਰਚਣਹਾਰ ਗੁਰੂ ਸਾਹਿਬਾਨ ਦੀ ਭਾਵਨਾ ਨੂੰ ਸਮਝਣ ਦਾ ਜਤਨ ਕਰੀਏ ਤਾਂ ਇਹ ਨੁਕਤਾ ਵੀ ਜ਼ਰੂਰ ਹੀ ਸਮਝ ਆ ਜਾਵੇਗਾ ਕਿ ਉਨ੍ਹਾਂ ਦਾ ਮਨੋਰਥ:
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਸੂਹੀ ਮਹਲਾ 5, ਅੰਕ 747)
ਅਤੇ
ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ॥
ਵਾਲਾ ਹੈ ਪਰ ਸਾਡੇ ਡੇਰਿਆਂ, ਠਾਠਾਂ ਅਤੇ ਟਕਸਾਲਾਂ ਦਾ ਮਨੋਰਥ ਕੇਵਲ ਅਖੰਡ ਪਾਠ ਦੀਆਂ ਫੈਕਟਰੀਆਂ ਖੋਲ੍ਹਣਾ ਹੀ ਪ੍ਰਤੀਤ ਹੁੰਦਾ ਹੈ।
ਸਿੱਖ ਦਾ ਜੀਵਨ ਹੀ ਗੁਰਬਾਣੀ ਹੈ। ਕਿਸੇ ਵੀ ਕਿਸਮ ਦੇ ਭਰਮ ਤੋਂ ਉੱਠ ਕੇ ਆਪ ਬਾਣੀ ਪੜ੍ਹੀਏ, ਵਿਚਾਰੀਏ ਅਤੇ ਹੋਰਾਂ ਨੂੰ ਵੀ ਇਸ ਨਾਲ ਜੋੜੀਏ। ਗਲਤੀਆਂ ਹੋ ਜਾਣੀਆਂ ਗੁਨਾਹ ਨਹੀਂ ਹੈ, ਗਲਤੀਆਂ ਦੇ ਡਰੋਂ ਗੁਰੂ ਵੱਲ ਕੰਡ ਕਰ ਲੈਣਾ ਗੁਨਾਹ ਹੈ। ਸੋਮੇ ਨਾਲੋਂ ਟੁੱਟ ਕੇ ਹਰਿਆਵਲ ਕਾਇਮ ਨਹੀਂ ਰਹਿ ਸਕਦੀ। ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਵੀ ਸਾਡਾ ਧਿਆਨ ਮੰਗਦੇ ਹਨ ਜੀ:
ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ॥
ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈਂ ਤਨਿ ਭੰਗੁ॥
ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ॥
ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ॥
(ਗੁਰੂ ਗ੍ਰੰਥ ਸਾਹਿਬ ਅੰਕ 1412)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)














































































































