“ਸਾਡੀ ਇਸ ਬਹਿਸਬਾਜ਼ੀ ਵਿੱਚ ਇੱਕ ਦੋ ਕਮੇਟੀ ਮੈਂਬਰ ਹੋਰ ਆ ਗਏ ਤੇ ਉਨ੍ਹਾਂ ਨੇ ...”
(20 ਅਪਰੈਲ 2026)
ਆਮ ਤੌਰ ’ਤੇ ਸਿੱਖ ਸਮਾਜ ਵਿੱਚ ਇਹ ਧਾਰਨਾ ਪ੍ਰਚਲਤ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧ ਲਈ ਪੜ੍ਹੇ ਲਿਖੇ ਲੋਕ ਅੱਗੇ ਆਉਣੇ ਚਾਹੀਦੇ ਹਨ। ਇਸ ਤਰੀਕੇ ਨਾਲ ਹੀ ਪ੍ਰਬੰਧ ਵਿੱਚ ਸੁਧਾਰ ਹੋ ਕੇ ਸਿੱਖੀ ਦਾ ਪ੍ਰਚਾਰ ਹੋ ਸਕਦਾ ਹੈ। ਚੌਧਰ ਦੀਆਂ ਲੜਾਈਆਂ ਮੁੱਕ ਜਾਣ ਨਾਲ ਕੌਮ ਦੀ ਤਕਦੀਰ ਬਦਲ ਸਕਦੀ ਹੈ। ਮੈਂ ਵੀ ਬੜੇ ਚਿਰ ਇਸ ਗ਼ਲਤਫਹਿਮੀ ਦਾ ਸ਼ਿਕਾਰ ਰਿਹਾ ਹਾਂ। ਪਰ ਹਾਲ ਹੀ ਵਿੱਚ ਹੋਏ ਇੱਕ ਨਿੱਜੀ ਤਜਰਬੇ ਨੇ ਮੇਰੇ ਇਸ ਮੁਗ਼ਾਲਤੇ ਨੂੰ ਦੂਰ ਕਰ ਦਿੱਤਾ।
ਸਾਰੀ ਵਾਰਤਾ ਦੱਸਣ ਤੋਂ ਪਹਿਲਾਂ ਮੈਂ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਆਟੋ ਰਿਕਸ਼ੇ ਦੀ ਕਮਾਈ ਵਿੱਚੋਂ ਬੜੀ ਮੁਸ਼ਕਿਲ ਨਾਲ ਇੱਕ ਪੈਂਹਠ ਕੁ ਗਜ਼ ਦਾ ਮਕਾਨ ਬਣਾਉਣ ਵਿੱਚ ਸਫਲ ਹੋ ਸਕਿਆ ਹਾਂ। 2005 ਵਿੱਚ ਜਦੋਂ ਅਸੀਂ ਇਸ ਕਲੌਨੀ ਵਿੱਚ ਆਏ ਤਾਂ ਸਾਡੇ ਸਾਹਮਣੇ ਇੱਕ ਛੋਟਾ ਜਿਹਾ ਗੁਰਦੁਆਰਾ ਸੀ। ਇਸਦਾ ਮੁੱਖ ਦਰਵਾਜ਼ਾ ਦੂਜੀ ਗਲੀ ਵਿੱਚ ਸੀ ਤੇ ਸਾਡੀ ਗਲੀ ਵਾਲੇ ਪਾਸੇ ਇਸਦੇ ਅੱਗੇ ਇੱਕ ਛੋਟਾ ਜਿਹਾ ਮਕਾਨ ਸੀ। ਸਮੇਂ ਦੇ ਵਹਾਅ ਨਾਲ ਉਸ ਮਕਾਨ ਦੇ ਮਾਲਕ ਉਹ ਮਕਾਨ ਗੁਰਦੁਆਰਾ ਕਮੇਟੀ ਨੂੰ ਦੇ ਕੇ ਕਿਸੇ ਹੋਰ ਥਾਵੇਂ ਚਲੇ ਗਏ। ਉਦੋਂ ਵਾਲੀ ਕਮੇਟੀ ਨੇ ਉਸ ਮਕਾਨ ਨੂੰ ਢਾਹ ਕੇ ਗੁਰਦੁਆਰੇ ਦੀ ਮੇਨ ਐਂਟਰੀ ਸਾਡੀ ਗਲੀ ਵੱਲ ਕਰ ਲਈ।
ਸ਼ੁਰੂਆਤ ਵਿੱਚ ਸਭ ਕੁਝ ਠੀਕਠਾਕ ਚਲਦਾ ਰਿਹਾ। ਇਸ ਦਰਮਿਆਨ ਕਿਸੇ ਬਹੁਤੇ ਸਿਆਣੇ ਕਮੇਟੀ ਮੈਂਬਰ ਨੇ ਗੁਰਬਾਣੀ ਦੇ ਪ੍ਰਚਾਰ ਦੀ ਦੁਹਾਈ ਦੇ ਕੇ ਬਾਹਰਲੇ ਪਾਸੇ ਵੱਡੇ ਸਪੀਕਰ ਲਾਉਣ ਦੀ ਸਲਾਹ ਦੇ ਦਿੱਤੀ। ਇਨ੍ਹਾਂ ਸਪੀਕਰਾਂ ਦੇ ਲੱਗਣ ਤੋਂ ਥੋੜ੍ਹੇ ਜਿਹੇ ਸਮੇਂ ਬਾਅਦ ਪੁਰਾਣੀ ਐਂਟਰੀ ਵਾਲੀ ਗਲੀ ਵਿੱਚੋਂ ਇਨ੍ਹਾਂ ਦੀ ਉੱਚੀ ਅਵਾਜ਼ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਉਸ ਗਲੀ ਵਿੱਚ ਸਾਰੇ ਕੋਠੀਆਂ ਵਾਲੇ ਸਰਦੇ ਪੁੱਜਦੇ ਲੋਕ ਹਨ। ਕਿਸੇ ਸੱਜਣ ਵੱਲੋਂ ਪੁਲੀਸ ਵਿੱਚ ਸ਼ਿਕਾਇਤ ਕਰਨ ਤੋਂ ਬਾਅਦ ਉਨ੍ਹਾਂ ਦੀ ਫਟਾਫਟ ਸੁਣਵਾਈ ਹੋ ਗਈ ਤੇ ਉਸ ਪਾਸੇ ਦੇ ਸਪੀਕਰ ਬੰਦ ਕਰ ਦਿੱਤੇ ਗਏ। ਵੈਸੇ ਇਹ ਗੱਲ ਵੀ ਬੜੀ ਸੁਆਦਲੀ ਹੈ ਕਿ ਹੁਣ ਤਕ ਇੱਥੇ ਜ਼ਿਆਦਾਤਰ ਕਮੇਟੀ ਮੈਂਬਰ ਵੀ ਰਿਟਾਇਰਡ ਪੁਲਿਸ ਮੁਲਾਜ਼ਮ ਹੀ ਬਣਦੇ ਆਏ ਹਨ। ਇਨ੍ਹਾਂ ਵਿੱਚੋਂ ਵੀ ਬਹੁਤੇ ਬੰਦੇ ਉਹ ਹੁੰਦੇ ਹਨ ਜਿਨ੍ਹਾਂ ਨੇ ਰਿਟਾਇਰ ਹੋਣ ਤੋਂ ਕੁਝ ਸਮਾਂ ਪਹਿਲਾਂ ਅਜੇ ਦਾੜ੍ਹੀਆਂ ਵਧਾਉਣੀਆਂ ਸ਼ੁਰੂ ਹੀ ਕੀਤੀਆਂ ਹੁੰਦੀਆਂ ਹਨ। ਇਹ ਵਿਚਾਰੇ ਭੋਲੇ ਵੀ ਇੰਨੇ ਹੁੰਦੇ ਹਨ ਕਿ ਹਰ ਸਾਲ ਕਮੇਟੀ ਦੀ ਚੋਣ ਵੇਲੇ ਚਲਦੇ ਸਪੀਕਰ ਵਿੱਚ ਹੀ ਗਾਲੋ ਗਾਲੀ ਹੋ ਜਾਂਦੇ ਹਨ।
ਖ਼ੈਰ! ਹੁਣ ਥੋੜ੍ਹੀ ਜਿਹੀ ਗੱਲ ਮੈਂ ਆਪਣੀ ਗਲੀ ਦੀ ਕਰਦਾ ਹਾਂ। ਇਸ ਪਾਸੇ ਸਾਰੇ 20X30 ਦੇ ਛੋਟੇ ਛੋਟੇ ਮਕਾਨ ਹਨ। ਇੱਧਰ ਅਸੀਂ ਸਾਰੇ ਹੀ ਛੋਟੇ ਮੋਟੇ ਕੰਮਕਾਰ ਕਰਨ ਵਾਲੇ ਦਿਹਾੜੀਦਾਰ ਹਾਂ। ਆਮ ਤੌਰ ’ਤੇ ਸਾਡੇ ਵਾਲੇ ਪਾਸੇ ਦਿਨ ਵਿੱਚ ਸਾਰੇ ਆਪੋ ਆਪਣੇ ਕੰਮਾਂ ’ਤੇ ਗਏ ਹੁੰਦੇ ਹਨ। ਸ਼ਾਮ ਨੂੰ ਚੋਖਾ ਹਨੇਰਾ ਪਏ ’ਤੇ ਇਨ੍ਹਾਂ ਨੇ ਥੱਕ ਹਾਰ ਕੇ ਆਉਣਾ ਹੁੰਦਾ ਹੈ। ਉਸ ਵੇਲੇ ਇਨ੍ਹਾਂ ਕੋਲ ਕਿਸੇ ਗੱਲ ਦਾ ਵਿਰੋਧ ਕਰਨ ਦੀ ਸੱਤਿਆ ਹੀ ਕਿੱਥੇ ਬਚੀ ਹੁੰਦੀ ਹੈ। ਸੋ ਸਾਡੇ ਵਾਲੇ ਪਾਸਿਓਂ ਕਿਸੇ ਨੇ ਕਦੇ ਇਨ੍ਹਾਂ ਕੰਨ ਪਾੜਵੇਂ ਸਪੀਕਰਾਂ ਖਿਲਾਫ ਕੋਈ ਅਵਾਜ਼ ਚੁੱਕੀ ਹੀ ਨਹੀਂ। ਜਦੋਂ ਮੇਰੇ ਆਪਣੇ ਬੱਚੇ ਉੱਪਰਲੀਆਂ ਜਮਾਤਾਂ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਇਨ੍ਹਾਂ ਸਪੀਕਰਾਂ ਰਾਹੀਂ ਆਪਣੀ ਪੜ੍ਹਾਈ ਵਿੱਚ ਪੈਂਦੇ ਖਲਲ ਬਾਰੇ ਸਾਡੇ ਨਾਲ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ। ਹਮਾਤੜ ਸਾਥੀ ਹੋਣ ਕਰਕੇ ਸਾਡੇ ਕੋਲ ਮਹਿੰਗੀਆਂ ਟਿਊਸ਼ਨਾਂ ਜਾਂ ਕੋਚਿੰਗ ਦਿਵਾਉਣ ਦੀ ਸਮਰੱਥਾ ਤਾਂ ਹੈ ਨਹੀਂ ਸੀ ਤੇ ਸੈਲਫ ਸਟੱਡੀ ਵਿੱਚ ਇਹ ਵੇਲੇ ਕੁਵੇਲੇ ਵੱਜਣ ਵਾਲੇ ਸਪੀਕਰ ਰੱਜਵਾਂ ਵਿਘਨ ਪਾਉਂਦੇ ਰਹਿੰਦੇ ਸਨ। ਮੈਂ ਬੱਚਿਆਂ ਨੂੰ ਆ ਰਹੀ ਇਸ ਪਰੇਸ਼ਾਨੀ ਬਾਰੇ ਆਂਢ ਗੁਆਂਢ ਨੂੰ ਰਲ ਕੇ ਪ੍ਰਬੰਧਕਾਂ ਨਾਲ ਗੱਲ ਕਰਨ ਦੀ ਬੇਨਤੀ ਕੀਤੀ ਪਰ ਸਾਰੇ ਹੀ ਮੇਰੇ ਵਾਂਗ ਦੜ ਵੱਟ ਜ਼ਮਾਨਾ ਕੱਟ ਰਹੇ ਸਨ, ਕੋਈ ਨਾਲ ਤੁਰਨ ਨੂੰ ਤਿਆਰ ਨਾ ਹੋਇਆ। ਆਖਰਕਾਰ ਮੈਂ ਖੁਦ ਹੀ ਦਿਲ ਤਕੜਾ ਕਰ ਕੇ ਕਮੇਟੀ ਕੋਲ ਪਹੁੰਚ ਗਿਆ। ਉਨ੍ਹਾਂ ਵੱਲੋਂ ਜਿਹੜਾ ਪ੍ਰਤੀਕਰਮ ਸੁਣਨ ਨੂੰ ਮਿਲਿਆ, ਉਹ ਇਹ ਸੀ, “ਨਾ ਇੱਥੇ ਇਕੱਲਾ ਤੇਰਾ ਈ ਢਿੱਡ ਦੁਖਦਾ ਏ, ਹੋਰ ਬੰਦੇ ਨਹੀਂ ਹੈਗੇ? ਹੋਰ ਤਾਂ ਕਿਸੇ ਨੇ ਇਤਰਾਜ਼ ਨਹੀਂ ਕੀਤਾ।”
ਇੱਕ ਵਾਰ ਤਾਂ ਮੈਂ ਨਿੰਮੋਝੂਣਾ ਜਿਹਾ ਹੋ ਕੇ ਆ ਗਿਆ ਪਰ ਫਿਰ ਹਠ ਕਰਕੇ ਹਰ ਮਹੀਨੇ ਉਗਰਾਹੀ ਵਾਸਤੇ ਆਉਂਦੇ ਵੱਖਰੇ ਵੱਖਰੇ ਮੈਂਬਰਾਂ ਅੱਗੇ ਹੱਥ ਜੋੜਨੇ ਸ਼ੁਰੂ ਕਰ ਦਿੱਤੇ। ਉਹ ਵੀ ਛੇਤੀ ਕੀਤੇ ਤਾਂ ਸਹਿਮਤ ਹੋਣ ਲਈ ਤਿਆਰ ਨਹੀਂ ਸਨ ਪਰ ਹਰ ਵਾਰ ਦੀ ਮੇਰੀ ਇੱਕੋ ਮੁਹਾਰਨੀ ਨੇ ਕੁਝ ਕੁ ਬੰਦਿਆਂ ਨੂੰ ਸ਼ਰਮਸਾਰ ਕਰਨਾ ਸ਼ੁਰੂ ਕਰ ਦਿੱਤਾ। ਥੋੜ੍ਹੇ ਚਿਰ ਲਈ ਸਾਡੇ ਪਾਸੇ ਦਾ ਇੱਕ ਸਪੀਕਰ ਬੰਦ ਕਰ ਦਿੱਤਾ ਗਿਆ। ਪਰ ਜਿਵੇਂ ਕਿ ਦੇਖਣ ਵਿੱਚ ਆਉਂਦਾ ਹੈ, ਹਰ ਗੁਰਦੁਆਰੇ ਵਿੱਚ ਵੱਖੋ ਵੱਖਰੇ ਧੜੇ ਬਣੇ ਹੁੰਦੇ ਹਨ, ਜਿਹੜੇ ਆਪੋ ਆਪਣੀ ਚੌਧਰ ਚਮਕਾਉਣ ਲਈ ਜਤਨਸ਼ੀਲ ਰਹਿੰਦੇ ਹਨ। ਕਿਸੇ ਦਾ ਵਿਆਹ ਹੈ, ਕਿਸੇ ਦਾ ਭੋਗ ਹੈ, ਕਿਸੇ ਨੇ ਅਖੰਡ ਪਾਠ ਕਰਵਾਇਆ ਹੈ, ਬੀਬੀਆਂ ਦੀ ਸੋਸਾਇਟੀ ਨੇ ਹਫਤਾਵਾਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ, ਸਾਰਿਆਂ ਨੂੰ ਬਾਹਰਲੇ ਸਪੀਕਰ ਤੋਂ ਬਿਨਾਂ ਆਪਣਾ ਪ੍ਰੋਗਰਾਮ ਫਿੱਕਾ ਜਿਹਾ ਲਗਦਾ ਹੈ। ਇਸ ਕਰਕੇ ਉਨ੍ਹਾਂ ਸਾਰਿਆਂ ਦੀ ਫਰਮਾਇਸ਼ ’ਤੇ ਕਿਸੇ ਨੇ ਚੁੱਪ ਕਰਕੇ ਦੁਬਾਰਾ ਦੋਵੇਂ ਸਪੀਕਰ ਚਲਾ ਦਿੱਤੇ। ਜ਼ਾਹਰ ਜਿਹੀ ਗੱਲ ਹੈ ਕਿ ਕਿਸੇ ਨੂੰ ਨਾਲ ਵਸਦੇ ਘਰਾਂ ਦੀ ਪਰੇਸ਼ਾਨੀ ਨਾਲ ਕੋਈ ਸਰੋਕਾਰ ਨਹੀਂ। ਬਲਕਿ ਬਾਰ ਬਾਰ ਕਹਿਣ ’ਤੇ ਇਹ ਜ਼ਰੂਰ ਸੁਣਨ ਨੂੰ ਮਿਲ ਗਿਆ ਕਿ ਜੇਕਰ ਜ਼ਿਆਦਾ ਔਖੇ ਹੋ ਤਾਂ ਕਿਤੇ ਹੋਰ ਚਲੇ ਜਾਓ। ਕਿੱਥੇ ਜਾਂਦੇ? ਮਸਾਂ ਤਾਂ ਮਕਾਨ ਬਣਾਇਆ ਸੀ।
ਅਜਿਹੇ ਮਾਹੌਲ ਵਿੱਚ ਬੱਚੇ ਤਾਂ ਔਖੇ ਸੌਖੇ ਹੋ ਕੇ ਪੜ੍ਹਾਈ ਕਰਦੇ ਰਹੇ ਪਰ ਮੈਂ ਢੀਠ ਬਣ ਕੇ ਹਰ ਮਹੀਨੇ ਕਮੇਟੀ ਮੈਂਬਰਾਂ ਨੂੰ ਸ਼ਰਮਿੰਦਾ ਕਰਨਾ ਨਾ ਛੱਡਿਆ। ਇਸਦੇ ਬਦਲੇ ਵਿੱਚ ਮੈਨੂੰ ਰੰਗ ਬਰੰਗੇ ਵਿਸ਼ੇਸ਼ਣਾਂ ਦਾ ਛਾਂਦਾ ਵੀ ਮਿਲਦਾ ਰਿਹਾ। ਇਨ੍ਹਾਂ ਵੱਲੋਂ ਬਖਸ਼ੇ ਵੰਨ ਸੁਵੰਨੇ ਲਕਬਾਂ ਨੂੰ ਸੁਣ ਕੇ ਕਈ ਵਾਰ ਤਾਂ ਮੈਨੂੰ ਆਪਣੇ ਸਿੱਖ ਹੋਣ ’ਤੇ ਸ਼ੱਕ ਹੋਣ ਲੱਗ ਪੈਂਦਾ ਤੇ ਕਦੇ ਇਨ੍ਹਾਂ ’ਤੇ। ਨਾ ਇਹ ਲੋਕ ਸਪੀਕਰਾਂ ਵਾਲੇ ਅਖੌਤੀ ਪ੍ਰਚਾਰ ਦੀਆਂ ਦਲੀਲਾਂ ਦੇਣੋ ਹਟੇ ਤੇ ਨਾ ਹੀ ਮੈਂ ਹਾਰ ਮੰਨੀ। ਹੁਣ ਪਿਛਲੇ ਲੰਮੇ ਸਮੇਂ ਤੋਂ ਅਸੀਂ ਪਤੀ ਪਤਨੀ ਨੇ ਇਹੀ ਰੁਟੀਨ ਬਣਾ ਲਈ ਹੈ ਕਿ ਜਦੋਂ ਇਨ੍ਹਾਂ ਦਾ ਕੰਨ ਪਾੜਵਾਂ ਪ੍ਰਚਾਰ ਚਾਲੂ ਹੁੰਦਾ ਹੈ ਤਾਂ ਅਸੀਂ ਸੈਰ ਦੇ ਬਹਾਨੇ ਦੂਰ ਨਿਕਲ ਜਾਂਦੇ ਹਾਂ।
ਪਿਛਲੇ ਦਿਨੀਂ ਫੇਰ ਪ੍ਰਧਾਨਗੀ ਦੀ ਚੋਣ ਹੋਈ। ਸ਼ਾਇਦ ਪਹਿਲੀ ਵਾਰ ਕੋਈ ਪ੍ਰਧਾਨ ਜੀ ਪੁਲੀਸ ਬੈਕ ਗਰਾਊਂਡ ਤੋਂ ਬਿਨਾਂ ਵਾਲੇ ਚੁਣੇ ਗਏ। (ਮੈਂ ਪਿਛਲੇ ਲੰਮੇ ਸਮੇਂ ਤੋਂ ਡਿਸਕ ਦੀ ਤਕਲੀਫ ਕਾਰਨ ਗੁਰਦੁਆਰੇ ਨਹੀਂ ਜਾਂਦਾ) ਮੇਰੇ ਇੱਕ ਸੁਹਿਰਦ ਸੱਜਣ ਨੇ ਮੈਨੂੰ ਦੱਸਿਆ ਕਿ ਨਵੇਂ ਪ੍ਰਧਾਨ ਸਾਹਿਬ ਬੜੇ ਨਿੱਘੇ ਸੁਭਾਅ ਦੇ ਹਨ, ਪੜ੍ਹੇ ਲਿਖੇ ਹਨ। ਤੁਸੀਂ ਇੱਕ ਵਾਰੀ ਉਨ੍ਹਾਂ ਨਾਲ ਗੱਲ ਕਰੋ, ਉਹ ਤੁਹਾਡੀ ਪਰੇਸ਼ਾਨੀ ਨੂੰ ਜ਼ਰੂਰ ਸੁਣਨਗੇ।
ਇਸ ਤੋਂ ਪਹਿਲਾਂ ਕਿ ਮੈਂ ਨਵੇਂ ਪ੍ਰਧਾਨ ਜੀ ਨਾਲ ਮੁਲਾਕਾਤ ਕਰਨ ਦਾ ਮਨ ਬਣਾਉਂਦਾ, ਕੁਝ ਹੋਰ ਹੀ ਭਾਣਾ ਵਾਪਰ ਗਿਆ। ਵਿਸਾਖੀ ਤੋਂ ਪਹਿਲੇ ਦਿਨ ਕਮੇਟੀ ਨੇ ਪਹਿਲਾਂ ਚਲਦੇ ਸਪੀਕਰਾਂ ਦੇ ਨਾਲ ਹੀ ਬੜੇ ਵੱਡੇ ਵੱਡੇ ਵੂਫਰ ਵਾਲੇ ਬਕਸੇ ਵੀ ਮੰਗਵਾ ਕੇ ਫਿੱਟ ਕਰਵਾ ਦਿੱਤੇ। ਸ਼ੋਰ ਇੰਨਾ ਜ਼ਿਆਦਾ ਸੀ ਕਿ ਘਰ ਦੇ ਅੰਦਰ ਬਹਿ ਕੇ ਆਪਸ ਵਿੱਚ ਗੱਲਬਾਤ ਕਰਨੀ ਵੀ ਔਖੀ ਹੋ ਗਈ। ਬਾਹਰ ਨਿਕਲਿਆ ਤਾਂ ਸਾਹਮਣੇ ਪ੍ਰਧਾਨ ਹੋਰੀਂ ਦਿਸ ਪਏ। ਮੈਂ ਬੜੀ ਹਲੀਮੀ ਨਾਲ ਬੇਨਤੀ ਕੀਤੀ ਕਿ ਥੋੜ੍ਹੀ ਜਿਹੀ ਅਵਾਜ਼ ਘੱਟ ਕਰਵਾ ਦਿਉ। ਉਨ੍ਹਾਂ ਨੇ ਮੇਰੀ ਗੱਲ ਨੂੰ ਭੁੰਜੇ ਵੀ ਨਹੀਂ ਪੈਣ ਦਿੱਤਾ ਤੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੁਹਾਨੂੰ ਲੋਕਾਂ ਨੂੰ ਤਾਂ ਗੁਰਬਾਣੀ ਸੁਣਨੀ ਵੀ ਨਹੀਂ ਸੁਖਾਉਂਦੀ। ਉਨ੍ਹਾਂ ਦੀ ਗੱਲ ਦੇ ਜਵਾਬ ਵਿੱਚ ਮੈਂ ਸਿਰਫ ਇੰਨਾ ਹੀ ਪੁੱਛਿਆ ਕਿ ਸਰਦਾਰ ਜੀ, ਇਹ ਦੱਸੋ ਕਿ ਤੁਹਾਨੂੰ ਇੰਨੇ ਰੌਲੇ ਵਿੱਚ ਇੱਕ ਪੰਕਤੀ ਵੀ ਪੱਲੇ ਪੈ ਰਹੀ ਹੈ? ਬੱਸ, ਜਿਵੇਂ ਬਲਦੀ ਅੱਗ ਵਿੱਚ ਘਿਓ ਪੈ ਗਿਆ। ਗੁੱਸੇ ਵਿੱਚ ਪਤਾ ਨਹੀਂ ਉਨ੍ਹਾਂ ਨੇ ਕੀ ਕੀ ਬੋਲਣਾ ਸ਼ੁਰੂ ਕਰ ਦਿੱਤਾ, ਸਪੀਕਰ ਦੇ ਰੌਲੇ ਵਿੱਚ ਮੇਰੇ ਪੱਲੇ ਕੁਝ ਵੀ ਨਹੀਂ ਪਿਆ। ਸਾਡੀ ਇਸ ਬਹਿਸਬਾਜ਼ੀ ਵਿੱਚ ਇੱਕ ਦੋ ਕਮੇਟੀ ਮੈਂਬਰ ਹੋਰ ਆ ਗਏ ਤੇ ਉਨ੍ਹਾਂ ਨੇ ਝੱਟ ਅੰਦਰ ਜਾ ਕੇ ਬਾਹਰਲਾ ਸਪੀਕਰ ਬੰਦ ਕਰ ਦਿੱਤਾ ਪਰ ਵਿਸਾਖੀ ਵਾਲਾ ਅਗਲਾ ਦਿਨ ਸਾਡੇ ਲਈ ਘਰ ਬਹਿ ਕੇ ਕੱਟਣਾ ਦੁੱਭਰ ਹੋ ਗਿਆ। ਅਜੇ ਵੀ ਪਤਾ ਨਹੀਂ ਹੈ ਕਿ ਉਨ੍ਹਾਂ ਦਾ ਇਹ ਗੁੱਸਾ ਸਾਡੇ ਕੰਨਾਂ ਉੱਤੇ ਕਿੰਨੇ ਦਿਨ ਕਹਿਰ ਢਾਵੇਗਾ। ਇਹ ਹੈ ਪੜ੍ਹੇ ਲਿਖੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਪ੍ਰਚਾਰ ਢੰਗ ਦਾ ਲਾਈਵ ਡੈਮੋ। ਮੈਂ ਇਸ ਘਟਨਾ ਨੂੰ ਆਧਾਰ ਬਣਾ ਕੇ ਸਾਰੇ ਪ੍ਰਬੰਧਕਾਂ ਨੂੰ ਇੱਕੋ ਰੱਸੇ ਨਹੀਂ ਬੰਨ੍ਹਣਾ ਚਾਹੁੰਦਾ ਪਰ ਦਾਲ਼ ਦੇ ਇੱਕੋ ਦਾਣੇ ਨੂੰ ਟੋਹ ਕੇ ਸੁਆਣੀਆਂ ਹਾਂਡੀ ਦੇ ਕੱਚੀ ਪੱਕੀ ਹੋਣ ਦਾ ਅੰਦਾਜ਼ਾ ਲਾ ਲੈਂਦੀਆਂ ਹਨ।
ਸਟੇਜਾਂ ’ਤੇ ਚੜ੍ਹ ਕੇ ਸਿੱਖੀ ਦੇ ਠੇਕੇਦਾਰ ਨਿੱਤ ਸਿੱਖਾਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਲੈਕਚਰ ਦਿੰਦੇ ਰਹਿੰਦੇ ਹਨ, ਦੂਜੇ ਪਾਸੇ ਧਰਮ ਦੀ ਆੜ ਵਿੱਚ ਸਧਾਰਨ ਸਿੱਖਾਂ ਨਾਲ ਲਗਾਤਾਰ ਇਸ ਤਰ੍ਹਾਂ ਦੀਆਂ ਵਧੀਕੀਆਂ ਅਤੇ ਧੱਕੇਸ਼ਾਹੀਆਂ ਇਹੀ ਲਾਣਾ ਕਰਦਾ ਹੈ। ਮੈਂ ਬੇਅਦਬੀਆਂ ਦੇ ਖ਼ਿਲਾਫ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਨ ਵਾਲਿਆਂ ਨੂੰ ਵੀ ਪੁੱਛਣਾ ਚਾਹੁੰਦਾ ਹਾਂ ਕਿ ਧਰਮ ਦੇ ਠੇਕੇਦਾਰਾਂ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਹੀ ਤਾਂ ਕਿਤੇ ਇਨ੍ਹਾਂ ਘਟਨਾਵਾਂ ਦੀਆਂ ਜ਼ਿੰਮੇਵਾਰ ਨਹੀਂ ਬਣ ਰਹੀਆਂ? ਸਾਨੂੰ ਆਪਣੇ ਅੰਦਰ ਵੀ ਝਾਤੀ ਮਾਰਨ ਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































