“ਇੱਕ ਮੈਂ ਹੀ ਕਿਉਂ, ਮੇਰੇ ਵਰਗੇ ਹੋਰ ਹਜ਼ਾਰਾਂ ਲੋਕਾਂ ਨੇ ਇਸ ਤਰ੍ਹਾਂ ਦੀਆਂ ਕਈ ...”
(17 ਜੁਲਾਈ 2026)
ਪਿਛਲੇ ਕੁਝ ਦਿਨਾਂ ਤੋਂ ਸਤਲੁਜ ਫਿਲਮ ਨੂੰ ਲੈ ਕੇ ਪੰਜਾਬ ਦਾ ਮਾਹੌਲ ਤਣਾਅਪੂਰਨ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਅਣਪਛਾਤੇ ਕਹਿ ਕੇ ਲਾਵਾਰਸਾਂ ਵਾਂਗ ਸਾੜ ਦਿੱਤੇ ਗਏ ਹਜ਼ਾਰਾਂ ਨਿਰਦੋਸ਼ ਸਿੱਖ ਨੌਜੁਆਨਾਂ ਦੀਆਂ ਗੁੰਮਨਾਮੀ ਵਿੱਚ ਬਲਦੀਆਂ ਚਿਖਾਵਾਂ ਦਾ ਸੇਕ ਅੱਜ ਸਾਰੇ ਪੰਜਾਬ ਦੇ ਪਿੰਡੇ ਨੂੰ ਲੂਹ ਰਿਹਾ ਜਾਪਦਾ ਹੈ। ਇੱਕ ਪਾਸੇ ਸਿੱਖ ਕੌਮ ਦੇ ਜਜ਼ਬਾਤ 40-45 ਸਾਲ ਪਿਛਲੇ ਕਾਲੇ ਦੌਰ ਨੂੰ ਚੇਤੇ ਕਰ ਕੇ ਨਵੇਂ ਸਿਰਿਉਂ ਉੱਚੜ ਗਏ ਹਨ ਦੂਜੇ ਪਾਸੇ ਨਾਮ ਨਿਹਾਦ ਰਾਸ਼ਟਰਵਾਦੀਆਂ ਦਾ ਉਹ ਧੜਾ ਹੈ ਜਿਹੜਾ ਚਾਹੁੰਦਾ ਹੈ ਕਿ ਅਸੀਂ ਸਿੱਖਾਂ ਨੂੰ ਇਨਸਾਫ ਵੀ ਹਾਸਲ ਨਹੀਂ ਕਰਨ ਦੇਣਾ ਤੇ ਆਪਣਾ ਦੁਖੜਾ ਵੀ ਰੋਣ ਨਹੀਂ ਦੇਣਾ। ਹਾਲਾਂਕਿ ਇਸ ਫਿਲਮ ਵਿੱਚ ਕਿਸੇ ਵੀ ਤਰ੍ਹਾਂ ਨਾ ਤਾਂ ਕਿਸੇ ਫਿਰਕੇ ਦੇ ਖਿਲਾਫ ਕੋਈ ਗੱਲ ਕੀਤੀ ਗਈ ਹੈ ਤੇ ਨਾ ਹੀ ਕੋਈ ਭੜਕਾਉਣ ਵਾਲੀ ਸੋਚ ਦਰਸਾਈ ਗਈ ਹੈ।
ਮੁੱਖ ਤੌਰ ’ਤੇ ਇਸ ਫਿਲਮ ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਤੇ ਕੇਂਦ੍ਰਿਤ ਕਰਦਿਆਂ ਰਾਜ ਸੱਤਾ ਦੇ ਘਟੀਆ ਕਿਰਦਾਰ ਦਾ ਬਖੂਬੀ ਚਿਤਰਣ ਕੀਤਾ ਗਿਆ ਹੈ। ਇੱਕ ਪਾਸੇ ਜਿੱਥੇ ਇਸ ਵਿੱਚ ਮਨੁੱਖੀ ਹੱਕਾਂ ਦੇ ਵਾਹਦ ਅਲੰਬਰਦਾਰ ਬਣ ਕੇ ਨਿੱਤਰੇ ਭਾਈ ਖਾਲੜਾ ਜੀ ਦਾ ਸਚਾਈ ਪ੍ਰਤੀ ਆਪਾ ਵਾਰੂ ਸਮਰਪਣ ਪਰਗਟ ਹੁੰਦਾ ਹੈ ਤੇ ਦੂਜੇ ਪਾਸੇ ਇਸ ਸਚਾਈ ਤੋਂ ਸਾਫ ਮੁਨਕਰ ਹੁੰਦਿਆਂ ਸਮੁੱਚੇ ਰਾਜਤੰਤਰ ਵੱਲੋਂ ਉਸਦੇ ਪੁਰਜ਼ੋਰ ਵਿਰੋਧ ਨੂੰ ਬੜੀ ਬੇਬਾਕੀ ਨਾਲ ਦਰਸਾਇਆ ਗਿਆ ਹੈ। ਭਾਵੇਂ ਕਿ ਫਿਲਮ ਵਿੱਚ ਦਰਸਾਏ ਗਏ ਹਕੂਮਤੀ ਜਬਰ ਅਤੇ ਧੱਕੇ ਦੇ ਸਾਰੇ ਤੱਥ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਪ੍ਰਵਾਨ ਕੀਤੇ ਜਾ ਚੁੱਕੇ ਹਨ ਪਰ ਇਸਦੇ ਬਾਵਜੂਦ ਹਿੰਦੂਤਵਾ ਦਾ ਝੰਡਾ ਚੁੱਕੀ ਫਿਰਦੀਆਂ ਅਖੌਤੀ ਧਿਰਾਂ ਦੇ ਢਿੱਡ ਵਿੱਚ ਵੱਡੇ ਸੂਲ ਉੱਠ ਰਹੇ ਹਨ। ਇਹ ਲੋਕ ਦੇਸ਼ ਨੂੰ ਦਰਪੇਸ਼ ਹੋਰ ਸਾਰੇ ਮਸਲਿਆਂ ਨੂੰ ਅੱਖੋਂ ਪਰੋਖੇ ਕਰ ਕੇ ਕੇਵਲ ਇਸ ਫਿਲਮ ਨੂੰ ਬੈਨ ਕਰਵਾਉਣ ਨੂੰ ਹੀ ਵੱਡੀ ਰਾਸ਼ਟਰਭਗਤੀ ਸਾਬਤ ਕਰਨ ਲਈ ਜੁਟੇ ਹੋਏ ਹਨ। ਇਸਦਾ ਕਾਰਨ ਹੈ ਕਿ ਇਸ ਫਿਲਮ ਨੇ ਸਾਰੇ ਸੰਸਾਰ ਨੂੰ ਵਿਖਾ ਦਿੱਤਾ ਹੈ ਕਿ ਅਖੌਤੀ ਰਾਸ਼ਟਰਵਾਦ ਦਾ ਸੌੜਾ ਨਜ਼ਰੀਆ ਘੱਟ ਗਿਣਤੀਆਂ ਲਈ ਕਿੰਨਾ ਘਾਤਕ ਹੈ। ਇਹ ਨਜ਼ਰੀਆ ਆਪਣੇ ਹੀ ਨਾਗਰਿਕਾਂ ਦੇ ਬੇਕਿਰਕ ਕਤਲੇਆਮ ਨੂੰ ਕਿਵੇਂ ਬੇਸ਼ਰਮੀ ਨਾਲ ਜਾਇਜ਼ ਠਹਿਰਾ ਸਕਦਾ ਹੈ। ਦੇਸ਼ ਦੀ ਅਖੰਡਤਾ ਦੀ ਆੜ ਲੈ ਕੇ ਕਿਵੇਂ ਬੇਕਸੂਰ ਬੰਦਿਆਂ ਨੂੰ ਜਾਨਵਰਾਂ ਵਾਂਗ ਕੋਹਿਆ ਜਾ ਸਕਦਾ ਹੈ।
ਫਿਲਮ ਨੇ ਲੋਕਤੰਤਰ ਦੇ ਉਸ ਕਾਲੇ ਪੱਖ ਨੂੰ ਵੀ ਛੋਹਿਆ ਹੈ ਜਿਸ ਵਿੱਚ 10 ਫੀਸਦੀ ਵੋਟਾਂ ਦੇ ਆਸਰੇ ਚੁਣਿਆ ਹੋਇਆ ਨੇਤਾ ਵੀ ਰੱਬ ਦਾ ਸ਼ਰੀਕ ਬਣ ਕੇ ਜ਼ੁਲਮ ਦੀ ਚੱਕੀ ਚਲਾ ਸਕਦਾ ਹੈ। ਕਿਵੇਂ ਦੇਸ਼ ਦੀ ਕ੍ਰੀਮੀ ਲੇਅਰ ਆਖੀ ਜਾਣ ਵਾਲੀ ਬਿਊਰੋਕ੍ਰੇਸੀ ਇਸ ਚਲਦੀ ਜ਼ੁਲਮੀ ਚੱਕੀ ਨੂੰ ਦੇਖ ਕੇ ਵੀ ਕਬੂਤਰ ਵਾਂਗ ਅੱਖਾਂ ਮੀਟ ਸਕਦੀ ਹੈ। ਕਿਵੇਂ ਇਨਸਾਫ ਦਾ ਮੰਦਰ ਸਦਵਾ ਕੇ ਆਪਣੀ ਹਉਮੈਂ ਨੂੰ ਪੱਠੇ ਪਾਉਣ ਵਾਲੀਆਂ ਅਦਾਲਤਾਂ ਆਪਣੇ ਹੀ ਦੇਸ਼ ਵਾਸੀਆਂ ਉੱਤੇ ਹੋ ਰਹੇ ਨੰਗੇ ਚਿੱਟੇ ਜ਼ੁਲਮਾਂ ਬਾਰੇ ਸੁਣਵਾਈ ਤੋਂ ਇਨਕਾਰ ਕਰ ਸਕਦੀਆਂ ਹਨ। ਜਨ ਸਧਾਰਨ ਦੇ ਹੱਕਾਂ ਦੀ ਪਹਿਰੇਦਾਰੀ ਲਈ ਥਾਪੇ ਗਏ ਪੁਲਿਸ ਤੰਤਰ ਲਈ ਇਨਾਮਾਂ ਇਕਰਾਮਾਂ (ਸਨਮਾਨਾਂ) ਅਤੇ ਮੈਡਲਾਂ ਦਾ ਰਾਹ ਕਿਵੇਂ ਬੇਕਸੂਰਾਂ ਦੇ ਬਲਦੇ ਸਿਵਿਆਂ ਵਿੱਚੋਂ ਦੀ ਲੰਘਦਾ ਹੈ।
ਫਿਲਮ ਨੇ ਮੇਰੇ ਵਰਗੇ ਹਜ਼ਾਰਾਂ ਉਨ੍ਹਾਂ ਲੋਕਾਂ ਦੇ ਮਨਾਂ ਵਿੱਚ ਦੱਬੇ ਰੋਹ ਨੂੰ ਵੀ ਦੁਬਾਰਾ ਚੰਗਿਆੜੀ ਦਿਖਾਈ ਹੈ ਜਿਨ੍ਹਾਂ ਨੇ ਹੱਕ ਹਲਾਲ ਦੀ ਕਿਰਤ ਕਰਦਿਆਂ ਅਕਾਰਣ ਹੀ ਪੁਲਿਸ ਦੀਆਂ ਗਾਲ੍ਹਾਂ ਅਤੇ ਧਮਕੀਆਂ ਦਾ ਸਾਹਮਣਾ ਕੀਤਾ ਹੈ। ਮੈਂ ਕਦੇ ਉਹ ਦਿਨ ਨਹੀਂ ਭੁੱਲ ਸਕਦਾ ਜਦੋਂ ਸਾਨੂੰ ਸਿੱਖੀ ਸਰੂਪ ਵਾਲੇ ਦੋਸਤਾਂ ਨੂੰ ਜਗਰਾਓਂ ਦੇ ਨੇੜੇ ਰਾਹ ਪੁੱਛਦੇ ਹੋਏ ਘੇਰ ਕੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਨਾ ਸਿਰਫ ਗਾਲ੍ਹਾਂ ਕੱਢੀਆਂ ਗਈਆਂ ਬਲਕਿ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਆਉਣ ਦਾ ਸੁਣ ਕੇ ਸਾਡੇ ਕੇਂਦਰੀ ਸਥਾਨ ਬਾਰੇ ਵੀ ਅਜਿਹੇ ਅਪਸ਼ਬਦ ਬੋਲੇ ਜਿਨ੍ਹਾਂ ਨੂੰ ਸੁਣ ਕੇ ਕਿਸੇ ਵੀ ਅਣਖ ਵਾਲੇ ਨੌਜਵਾਨ ਦਾ ਖੂਨ ਖੌਲ ਸਕਦਾ ਸੀ। ਅੱਜ ਵੀ ਉਹ ਮੰਜ਼ਰ ਮੇਰੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਜਦੋਂ ਮੇਰੇ ਆਟੋ ਦੇ ਪਿੱਛੇ ਬੈਠੀ ਸਵਾਰੀ ਦੀ ਵਿਦੇਸ਼ੀ ਛਤਰੀ ਨੂੰ ਹਥਿਆਰ ਸਮਝ ਕੇ ਸੀਆਈਏ ਸਟਾਫ ਦੀ ਟੀਮ ਨੇ ਘੇਰਾ ਪਾ ਲਿਆ ਤੇ ਬਾਅਦ ਵਿੱਚ ਖਿਸਿਆਨੀ ਬਿੱਲੀ ਵਾਂਗ ਸਾਨੂੰ ਹੀ ਗਾਲ੍ਹਾਂ ਕੱਢਦੇ ਅਤੇ ਘੂਰੀਆਂ ਵੱਟਦੇ ਹੋਏ ਸ਼ੂਟ ਵੱਟ ਗਏ। ਮੈਂ ਤਾਉਮਰ ਨਹੀਂ ਭੁੱਲ ਸਕਦਾ ਉਹ ਦਿਨ ਜਦੋਂ ਬੇਅੰਤ ਸਿੰਘ ਨੇ ਪਟਿਆਲਾ ਰੇਲਵੇ ਸਟੇਸ਼ਨ ਦੇ ਕੋਲ ਬਣੇ ਪੁਲ ਦਾ ਉਦਘਾਟਨ ਕਰਨ ਆਉਣਾ ਸੀ ਤੇ ਸਾਨੂੰ ਆਟੋ ਰਿਕਸ਼ੇ ਵਾਲਿਆਂ ਨੂੰ ਤਿੰਨ ਦਿਨ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਵੱਲ ਨਹੀਂ ਸੀ ਜਾਣ ਦਿੱਤਾ ਗਿਆ। ਉਨ੍ਹਾਂ ਦਿਨਾਂ ਵਿੱਚ ਕਈ ਹਮਾਤੜ ਵੀਰਾਂ ਨੂੰ ਰੋਟੀ ਖਾਣ ਵੱਲੋਂ ਵੀ ਆਤੁਰ ਹੋਣਾ ਪੈ ਗਿਆ ਸੀ।
ਇੱਕ ਮੈਂ ਹੀ ਕਿਉਂ, ਮੇਰੇ ਵਰਗੇ ਹੋਰ ਹਜ਼ਾਰਾਂ ਲੋਕਾਂ ਨੇ ਇਸ ਤਰ੍ਹਾਂ ਦੀਆਂ ਕਈ ਬੇਇਨਸਾਫੀਆਂ ਝੱਲੀਆਂ ਹੋਣਗੀਆਂ ਜਿਨ੍ਹਾਂ ਦਾ ਜ਼ਿਕਰ ਕਰਨ ਤੋਂ ਉਹ ਅੱਜ ਵੀ ਡਰਦੇ ਹੋਣਗੇ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੀ ਕੌਮ ਨੂੰ ਇਹ ਅਹਿਸਾਸ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਸੀ ਕਿ ਤੁਸੀਂ ਤਾਂ ਇਸ ਦੇਸ਼ ਵਿੱਚ ਦੋਇਮ ਦਰਜ਼ੇ ਦੇ ਨਾਗਰਿਕ ਹੋ। ਤੁਹਾਡੀ ਕਿਸੇ ਪੀੜ, ਕਿਸੇ ਦੁਸ਼ਵਾਰੀ, ਕਿਸੇ ਸੰਤਾਪ ਨਾਲ ਇਸ ਦੇਸ਼ ਨੂੰ ਕੋਈ ਸਰੋਕਾਰ ਨਹੀਂ ਹੈ।
ਇਹੀ ਕਾਰਨ ਹੈ ਕਿ ਇੰਨੇ ਲੰਬੇ ਅਰਸੇ ਪਿੱਛੋਂ ਵੀ ਬਹੁਗਿਣਤੀ ਲੋਕਾਂ ਨੂੰ ਸਾਡੀ ਪੀੜ ਵਿੱਚੋਂ ਸੁਆਦ ਆਉਂਦਾ ਹੈ। 1984 ਵਿਚਲੀਆਂ ਸਿੱਖਾਂ ਦੀਆਂ ਦੁਖਾਵੀਆਂ ਚੀਕਾਂ ਵਿੱਚੋਂ ਸਕੂਨ ਮਹਿਸੂਸ ਕਰਨ ਵਾਲੇ ਲੋਕ ਅੱਜ ਵੀ ਸਾਨੂੰ 84 ਯਾਦ ਕਰਵਾਉਣ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ। ਅੱਜ ਵੀ ਇਸ ਦੇਸ਼ ਦੇ ਰਾਜਤੰਤਰ ਵੱਲੋਂ ਬੇਗੁਨਾਹ ਸਿੱਖਾਂ ਦੇ ਕਾਤਲ ਅਫਸਰਾਂ ਦੇ ਅਸਲੀ ਨਾਮ ਨਸ਼ਰ ਕਰਨ ਤੋਂ ਰੋਕਿਆ ਜਾ ਰਿਹਾ ਹੈ। ਸਾਫ ਜ਼ਾਹਰ ਹੁੰਦਾ ਹੈ ਕਿ ਅੱਜ ਵੀ ਉਨ੍ਹਾਂ ਨੂੰ ਸਰਕਾਰੀ ਪੁਸ਼ਤ ਪਨਾਹੀ ਓਵੇਂ ਹੀ ਹਾਸਲ ਹੈ ਜਿਵੇਂ ਉਸ ਕਾਲੇ ਦੌਰ ਵਿੱਚ ਸੀ। ਜਦੋਂ ਤਕ ਇਸ ਮੁਲਕ ਉੱਤੇ ਕਾਬਜ਼ ਲੋਕਾਂ ਦੀ ਸੋਚ ਨਹੀਂ ਬਦਲਦੀ ਕਿਸੇ ਵੀ ਘੱਟ ਗਿਣਤੀ ਕੌਮ ਲਈ ਇਸ ਦੇਸ਼ ਵਿੱਚ ਇਨਸਾਫ ਹਾਸਲ ਕਰਨਾ ਬਹੁਤ ਮੁਸ਼ਕਿਲ ਹੈ। ਪਰ ਇਹ ਹੋਛੇ ਰਾਜਨੇਤਾ ਕੁਝ ਵੀ ਕਰ ਲੈਣ ਜਸਵੰਤ ਸਿੰਘ ਖਾਲੜਾ ਵਰਗਿਆਂ ਸਿੱਖਾਂ ਦੇ ਜਬ੍ਹੇ ਤੋਂ ਸਦਕੇ ਜਾਣਾ ਪਵੇਗਾ ਜਿਹੜੇ ਬਾਰ ਬਾਰ ਇਹ ਸਾਬਤ ਕਰਨ ਲਈ ਬਜ਼ਿੱਦ ਹਨ ਕਿ ਭਾਵੇਂ ਸਾਨੂੰ ਆਪਣੇ ਲਹੂ ਦੇ ਦੀਵੇ ਹੀ ਕਿਉਂ ਨਾ ਬਾਲਣੇ ਪੈ ਜਾਣ ਪਰ ਅਸੀਂ ਇਨਸਾਫ ਦਾ ਸੂਰਜ ਅਸਤ ਨਹੀਂ ਹੋਣ ਦੇਵਾਂਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)






















































































































