“ਇਹ ਲੋਕ ਇਨਸਾਨੀਅਤ ਦਾ ਘਾਣ ਕਰ ਰਹੇ ਹਨ। ਪ੍ਰਾਈਵੇਟ ਹਸਪਤਾਲਾਂ ਵਿੱਚ ਤਾਂ ...”
(15 ਅਕਤੂਬਰ 2026)
ਤਾਜ਼ਾ ਖਬਰ ਅਨੁਸਾਰ ਦਵਾਈਆਂ ਨਾਲ ਸਬੰਧਤ ਦੋ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ 2700 ਰੁਪਏ ਕੈਂਸਰ ਦੀ ਦਵਾਈ ਦੀ ਐੱਮਆਰਪੀ 27000 ਰੁਪਏ ਹੋਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਇਸ ਨੂੰ ਕੈਂਸਰ ਮਰੀਜ਼ਾਂ ਨਾਲ ਹੋ ਰਹੀ ‘ਡਕੈਤੀ’ ਦੱਸਿਆ ਹੈ। ਮੈਂ ਸੱਚਮੁੱਚ ਇਹ ਵਰਤਾਰਾ ਅੱਖੀਂ ਦੇਖ ਚੁੱਕਾ ਹਾਂ। ਮੈਂ ਪੀ.ਜੀ.ਆਈ. ਚੰਡੀਗੜ੍ਹ ਤੋਂ ਆਪਣੀ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਵਾ ਰਿਹਾ ਹਾਂ। ਇਸਦੇ ਟੈੱਸਟ, ਦਵਾਈਆਂ, ਇੰਜੈਕਸ਼ਨ, ਥਰੈਪੀਆਂ ਆਦਿ ਮਹਿੰਗੀਆਂ ਹਨ। ਮੇਰੀ ਇਸ ਵਾਰ ਡੋਟਾਨੋਕ ਪੈੱਟ ਸੀਟੀ ਰਿਪੋਰਟ ਦੇਖਣ ’ਤੇ ਡਾਕਟਰ ਨੇ ਪਹਿਲਾਂ ਲੱਗ ਰਹੇ ਮਹੀਨਾਵਾਰ ਇੰਜ਼ੈਕਸ਼ਨ ਨੂੰ ਜਾਰੀ ਰੱਖਣ ਲਈ ਕਿਹਾ। ਮੇਰੇ ਨਾਲ ਆਏ ਦੋਸਤ ਮਾਸਟਰ ਗੁਰਮੇਲ ਸਿੰਘ ਨੂੰ ਮਾਰਕੀਟ ਵਿੱਚੋਂ ਇੱਕ ਵਿਸ਼ੇਸ਼ ਕੰਪਨੀ ਦਾ ਇੰਜੈਕਸ਼ਨ, ਜੋ ਕਿ ਕਰੀਬ ਸਾਢੇ ਅਠਾਰਾਂ ਹਜ਼ਾਰ ਦਾ ਮਿਲਦਾ ਹੈ, ਲਿਆਉਣ ਲਈ ਕਿਹਾ। ਗੁਰਮੇਲ ਸਿੰਘ ਅੰਦਾਜ਼ੇ ਨਾਲ ਦੱਸੀ ਦੁਕਾਨ ਦੇ ਨਾਲ ਦੀ ਦੁਕਾਨ ਤੋਂ 11000 ਰੁਪਏ ਦਾ 23000 ਰੁਪਏ ਡਿਸਕਾਊਂਟ ਵਾਲੇ ਬਿੱਲ ਨਾਲ ਹੋਰ ਕੰਪਨੀ ਦਾ ਲੈ ਆਇਆ। ਡਾਕਟਰ ਸਾਹਬ ਨੂੰ ਦਿਖਾਉਣ ’ਤੇ ਉਨ੍ਹਾਂ ਨੈੱਟ ’ਤੇ ਖੋਜ ਕਰਕੇ ਇਹ ਇੰਜੈਕਸ਼ਨ ਵਾਪਸ ਕਰਕੇ ਪਹਿਲੀ ਕੰਪਨੀ ਵਾਲਾ ਲਿਆਉਣ ਨੂੰ ਕਿਹਾ ਤਾਂ ਮੈਂ ਵੀ ਗੁਰਮੇਲ ਸਿੰਘ ਦੇ ਨਾਲ ਚਲਾ ਗਿਆ। ਦੁਕਾਨ ’ਤੇ ਜਾ ਇਹ ਇੰਜੈਕਸ਼ਨ ਬਦਲ ਕੇ ਦੂਜੀ ਕੰਪਨੀ ਦਾ ਦੇਣ ਲਈ ਕਿਹਾ ਤਾਂ ਉਨ੍ਹਾਂ ਉਸ ਕੰਪਨੀ ਦਾ ਵੀਹ ਹਜ਼ਾਰ ਤੋਂ ਕੁਝ ਉੱਪਰ ਹੀ ਰੇਟ ਦੱਸਿਆ। ਇਸ ਦੁਕਾਨਦਾਰ ਨੇ ਮੈਨੂੰ ਵੀ ਇੱਕ ਵਾਰ ਵੀਹ ਹਜ਼ਾਰ ਤੋਂ ਘੱਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਮੈਂ ਲਾਗਲੀ ਦੁਕਾਨ ਤੋਂ ਸਾਢੇ ਅਠਾਰਾਂ ਹਜ਼ਾਰ ਦਾ ਲਿਆ ਸੀ ਕਿਉਂਕਿ ਮੇਰੇ ਕੋਲ ਉਨ੍ਹਾਂ ਦੀ ਦੁਕਾਨ ਦਾ ਪਿਛਲਾ ਬਿੱਲ ਇਸ ਰੇਟ ਦਾ ਸੀ। ਮੈਂ ਉਸੇ ਦੁਕਾਨ ’ਤੇ ਜਾ ਕੇ ਅਜੇ ਇੰਜੈਕਸ਼ਨ ਕਢਵਾ ਰਿਹਾ ਸੀ ਕਿ ਉਦੋਂ ਹੀ ਗੁਰਮੇਲ ਸਿੰਘ ਦਾ ਫੋਨ ਆ ਗਿਆ ਕਿ ਉਸੇ ਰੇਟ ’ਤੇ ਮੰਨ ਗਏ ਹਨ; ਜਦੋਂ ਕਿ ਮੈਨੂੰ ਕਹਿ ਰਹੇ ਸੀ ਕਿ ਰੇਟ ਹੁਣ ਵਧ ਗਏ ਹਨ, ਹੁਣ ਨਹੀਂ ਮਿਲਣਾ ਉਸ ਰੇਟ ’ਤੇ। ਮੈਂ ਵਾਪਸ ਆ ਕੇ ਦੁਕਾਨਦਾਰ ਨੂੰ ਬਾਕੀ ਪੈਸੇ ਪੇ ਕਰ ਦਿੱਤੇ ਅਤੇ ਪਹਿਲੇ ਬਿੱਲ ਦੀ ਰਾਸ਼ੀ ਪੁੱਛੀ ਤਾਂ ਉਸਨੇ ਕਰਾਸ ਕਰਕੇ ਪਹਿਲਾ ਬਿੱਲ ਹੀ ਮੈਨੂੰ ਵਾਪਸ ਦੇ ਦਿੱਤਾ ਜੋ ਮੈਂ ਸਬੂਤ ਵਜੋਂ ਰੱਖਣਾ ਚਾਹੁੰਦਾ ਹੀ ਸੀ। ਪਹਿਲੇ ਬਿੱਲ ਵਿੱਚ ਐਡਾ ਵੱਡਾ ਡਿਸਕਾਊਂਟ ਅਤੇ ਖੜ੍ਹੇ ਪੈਰ ਦੋ ਹਜ਼ਾਰ ਦੇ ਕਰੀਬ ਰੇਟ ਦੂਜੀ ਕੰਪਨੀ ਦਾ ਘਟਾਉਣ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਨ੍ਹਾਂ ਦਾ ਮਾਰਜਨ ਤਾਂ ਫਿਰ ਵੀ ਕਾਫੀ ਹੋਵੇਗਾ। ਆਮ ਬੰਦਾ ਇਸ ਤਰ੍ਹਾਂ ਰੇਟ ਘੱਟ ਕਰਨ ਨੂੰ ਨਹੀਂ ਕਹਿੰਦਾ।
ਇਸੇ ਤਰ੍ਹਾਂ ਹੀ ਪਹਿਲਾਂ ਵੀ ਇੱਕ ਵਾਰ ਇਹੀ ਇੰਜੈਕਸ਼ਨ, ਜੋ ਲੱਗ ਰਿਹਾ ਹੈ, ਮਾਰਕੀਟ ਵਿੱਚ ਉਸ ਸਮੇਂ ਸਤਾਰਾਂ-ਅਠਾਰਾਂ ਹਜ਼ਾਰ ਦੇ ਵਿੱਚ ਰੇਟ ਸੀ ਪਰ ਉਸ ਸਮੇਂ ਉਸੇ ਕੰਪਨੀ ਦਾ ਬਾਈ ਹਜ਼ਾਰ ਰੇਟ ਦੱਸਿਆ ਗਿਆ ਸੀ। ਮੈਂ ਅਗਲੀ ਦੁਕਾਨ ’ਤੇ ਪੁੱਛਿਆ ਤਾਂ ਉਸਨੇ ਹੋਰ ਕੰਪਨੀ ਦਾ ਉਹੀ ਇੰਜੈਕਸ਼ਨ, ਜਿਸ ਉੱਪਰ ਰੇਟ ਚੁਤਾਲੀ ਹਜ਼ਾਰ ਤੋਂ ਵੱਧ ਪ੍ਰਿੰਟ ਸੀ ਪਰ 9500 ਰੁਪਏ ਵਿੱਚ ਦੇ ਦਿੱਤਾ। ਉਸ ਸਮੇਂ ਡਾਕਟਰ ਨੂੰ ਦਿਖਾ ਉਹੀ ਇੰਜੈਕਸ਼ਨ ਲਵਾ ਲਿਆ ਜੋ ਨਰਸ ਦੇ ਦੱਸਣ ਮੁਤਾਬਿਕ ਦਵਾਈ ਗਾੜ੍ਹੀ ਹੋਣ ਕਾਰਨ ਜਲਦੀ ਲਾਉਣਾ ਪੈਂਦਾ ਹੈ, ਕਈ ਵਾਰੀ ਦਿੱਕਤ ਆ ਜਾਂਦੀ ਹੈ। ਮੈਂ ਰੇਟ ਵਿੱਚ ਐਨਾ ਵੱਡਾ ਫਰਕ ਹੋਣ ਕਾਰਨ ਦੁਬਿਧਾ ਵਿੱਚ ਰਿਹਾ ਕਿ ਐਨੀ ਘੱਟ ਕੀਮਤ ’ਤੇ ਪਿਛਲੇ ਛੇ ਸਾਲਾਂ ਤੋਂ ਇਹ ਇੰਜੈਕਸ਼ਨ ਨਹੀਂ ਮਿਲਿਆ, ਹੋ ਸਕਦਾ ਦਵਾਈ ਦਾ ਮਿਆਰ ਸਹੀ ਨਹੀਂ ਹੋਣਾ। ਇੱਕ ਵਾਰੀ ਪਹਿਲਾਂ ਵੀ ਮੇਰੇ ਮਹੀਨਾਵਾਰ ਲੱਗਣ ਵਾਲੇ ਇੰਜੈਕਸ਼ਨ ਨੂੰ, ਜੋ ਕਿ ਹਫਤੇ ਬਾਅਦ ਆਉਣਾ ਬਣਦਾ ਸੀ, ਡਾਕਟਰ ਸਾਹਬ ਨੇ ਮੇਰੇ ਪਹਿਲਾਂ ਹੀ ਦੋ ਗੇੜੇ ਪੀ.ਜੀ.ਆਈ. ਦੇ ਲੱਗਣ ਕਾਰਨ ਉਨ੍ਹਾਂ ਐਤਕੀਂ ਲੋਕਲ ਹਸਪਤਾਲ ਤੋਂ ਹੀ ਟੀਕਾ ਲਵਾਉਣ ਲਈ ਕਹਿ ਦਿੱਤਾ ਪਰ ਇਹ ਟੀਕਾ ਨਾਭੇ ਤਾਂ ਮਿਲਣਾ ਨਹੀਂ ਸੀ, ਮੈਂ ਪਟਿਆਲਾ ਹਸਪਤਾਲ ਰੈਫਰ ਕਰਵਾ ਲਿਆ।
ਪਟਿਆਲੇ ਇਹ ਟੀਕਾ ਉਂਝ ਨਾ ਮਿਲਿਆ। ਇੱਕ ਕੈਮਿਸਟ ਨਾਲ ਮੰਗਵਾਉਣ ਦੀ ਮੇਰੇ ਦੋਸਤ ਗੁਰਮੇਲ ਸਿੰਘ ਪਟਿਆਲਾ ਨੇ ਗੱਲ ਕਰ ਲਈ। ਟੀਕਾ ਆਉਣ ਦਾ ਕਨਫਰਮ ਕਰਕੇ ਮੈਂ ਪਟਿਆਲੇ ਚਲਾ ਗਿਆ। ਜਦੋਂ ਟੀਕੇ ਦੀ ਪੇਮੈਂਟ ਕੀਤੀ ਤਾਂ ਕੈਮਿਸਟ ਨੇ 17000 ਰੁਪਏ ਦਾ, ਜੋ ਉਸ ਸਮੇਂ ਚੰਡੀਗੜ੍ਹੋਂ ਮਿਲਦਾ ਸੀ, ਉਸਦਾ 19500 ਰੁਪਏ ਦਾ ਬਿੱਲ ਦੇ ਦਿੱਤਾ। ਕੰਪਨੀ ਉਹੀ ਸੀ। ਮੈਂ ਮਜਬੂਰ ਸੀ, ਪੇਮੈਂਟ ਕਰ ਦਿੱਤੀ। ਪਰ ਮੈਂ ਇਸ ਵੱਡੇ ਅੰਤਰ ਬਾਰੇ ਸੋਚ ਰਿਹਾਂ ਕਿ ਗਰੀਬ ਲੋਕਾਂ ਲਈ ਇੰਨਾ ਮਹਿੰਗਾ ਇਲਾਜ ਕਰਾਉਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਰੇਟ ਵਿੱਚ ਇਸ ਵੱਡੇ ਫਰਕ ਤੋਂ ਇਲਾਵਾ ਕਮਿਸ਼ਨ ਵੀ ਤਾਂ ਵੱਖਰਾ ਹੋਵੇਗਾ। ਮਨਮਰਜ਼ੀ ਦੇ ਰੇਟ ਮਰੀਜ਼ਾਂ ਦੀ ਮਜਬੂਰੀ ਕਾਰਨ ਲੈਣੇ, ਇਨ੍ਹਾਂ ਲੋਕਾਂ ਦੇ ਦਿਨਾਂ ਵਿੱਚ ਅਮੀਰ ਬਣਨ ਦੇ ਰਸਤੇ ਖੁੱਲ੍ਹੇ ਹੋਏ ਹਨ। ਜ਼ਿੰਦਗੀ ਦੇ ਅਖੀਰੀ ਸਮੇਂ ਵਿੱਚ ਇਨ੍ਹਾਂ ਦੀ ਜ਼ਮੀਰ ਜ਼ਰੂਰ ਫਿੱਟ ਲਾਹਨਤਾਂ ਦੇਵੇਗੀ ਜਦੋਂ ਇਹ ਸਾਰਾ ਪੈਸਾ ਛੱਡ ਕੇ ਖਾਲੀ ਹੱਥ ਜਾਣਾ ਪਵੇਗਾ।
ਇਹ ਲੋਕ ਇਨਸਾਨੀਅਤ ਦਾ ਘਾਣ ਕਰ ਰਹੇ ਹਨ। ਪ੍ਰਾਈਵੇਟ ਹਸਪਤਾਲਾਂ ਵਿੱਚ ਤਾਂ ਆਮ ਮਰੀਜ਼ਾਂ ਲਈ ਇਲਾਜ ਕਰਾਉਣਾ ਹੋਰ ਵੀ ਔਖਾ ਹੈ। ਡਾਕਟਰ ਸਾਹਬ ਨੇ ਇੱਕ ਇੰਜੈਕਸ਼ਨ ਨੈੱਟ ਉੱਪਰ ਦੇਖ ਕੇ ਮੈਨੂੰ ਪੁੱਛਿਆ ਕਿ ਇਹ ਮਹਿੰਗਾ ਹੈ, ਕੋਈ ਦਿੱਕਤ ਤਾਂ ਨਹੀਂ। ਮੈਂ ਉਨ੍ਹਾਂ ਨੂੰ ਕਹਿ ਦਿੱਤਾ ਕੋਈ ਗੱਲ ਨਹੀਂ। ਡਾਕਟਰ ਸਾਹਬ ਦਾ ਮਰੀਜ਼ਾਂ ਪ੍ਰਤੀ ਹਮੇਸ਼ਾ ਹਮਦਰਦੀ ਭਰਿਆ ਵਤੀਰਾ ਹੁੰਦਾ ਹੈ ਕਿ ਘੱਟੋ ਘੱਟ ਖਰਚੇ ਨਾਲ ਵਧੀਆ ਇਲਾਜ ਹੋ ਸਕੇ। ਮੈਂ ਇੰਜੈਕਸ਼ਨ ਲੈ ਆਇਆ। ਜਦੋਂ ਬਿੱਲ ਦੇਖਿਆ ਤਾਂ ਉਹ ਕੋਈ ਛੇ ਗੁਣਾ ਵੱਧ ਐੱਮ.ਆਰ.ਪੀ. ਪ੍ਰਿੰਟ ਵਾਲਾ ਸੀ, ਜਿਸ ਨੂੰ ਦੇਖ ਕੇ ਮੈਨੂੰ ਵੀ ਸ਼ੱਕ ਹੋਇਆ ਕਿ ਕਿਤੇ ਹੋਰ ਕੰਪਨੀ ਦਾ ਨਾ ਹੋਵੇ ਪਰ ਤਸੱਲੀ ਹੋਣ ’ਤੇ ਮੈਂ ਆ ਗਿਆ ਜੋ ਕਿ ਠੀਕ ਹੀ ਸੀ। ਡਾਕਟਰ ਸਾਹਬ ਨੇ ਜਦੋਂ ਰੇਟ ਪੁੱਛਿਆ ਤਾਂ ਮੇਰੇ ਦੱਸਣ ਤੇ ਡਾਕਟਰ ਸਾਹਬ ਹੈਰਾਨ ਹੋ ਗਏ। ਉਹ ਆਪਣੇ ਜੂਨੀਅਰ ਡਾਕਟਰ ਨੂੰ ਕਹਿ ਰਹੇ ਸੀ ਕਿ ਉਹ ਤਾਂ ਇਹ ਇੰਜੈਕਸ਼ਨ ਮਹਿੰਗਾ ਹੋਣ ਕਾਰਨ ਸਾਰੇ ਮਰੀਜ਼ਾਂ ਨੂੰ ਨਹੀਂ ਲਿਖ ਰਹੇ, ਹੁਣ ਅੱਗੇ ਤੋਂ ਇਹ ਇਸ ਸਮੱਸਿਆ ਵਾਲੇ ਨੂੰ ਜ਼ਰੂਰ ਲਿਖ ਦਿਆ ਕਰੋ। ਭਲਮਾਣਸੀ ਹੈ ਇਹੋ ਜਿਹੇ ਕੈਮਿਸਟਾਂ ਦੀ ਜਿਹੜੇ ਫਿਰ ਵੀ ਆਪਣਾ ਬਣਦਾ ਕਮਿਸ਼ਨ ਲੈ ਕੇ ਮਰੀਜ਼ਾਂ ਉੱਪਰ ਤਰਸ ਕਰਦੇ ਹਨ।
ਮੈਂ ਆਪ ਪੀ.ਜੀ.ਆਈ. ਦਾ ਪੰਜ ਹਜ਼ਾਰ ਦਾ ਟੈੱਸਟ ਬਾਹਰੋਂ ਪ੍ਰਾਈਵੇਟ ਲੈਬਾਂ ਵਿੱਚ ਚਾਰ ਗੁਣਾ ਤੋਂ ਵੱਧ ਰੇਟ ਉੱਪਰ ਸ਼ੁਰੂ ਵਿੱਚ ਕਰਵਾਏ ਜੋ ਕਿ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਵੱਲੋਂ ਲਿਖੇ ਗਏ ਸੀ। ਪਰ ਹੁਣ ਪਿਛਲੇ ਸਾਲ 2025 ਵਿੱਚ ਇਹੀ ਟੈੱਸਟ ਪੀ.ਜੀ.ਆਈ. ਦਵਾਈ ਨਾ ਹੋਣ ਕਾਰਨ ਮੈਨੂੰ ਬਾਹਰੋਂ ਫਿਰ ਕਰਵਾਉਣੇ ਪੈ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਦਵਾਈ ਖਰੀਦਦੇ ਸਮੇਂ ਪੂਰੀ ਪਰਖ ਕਰ ਕੇ ਲਵੋ।
ਸਰਕਾਰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਐਨੀਆਂ ਜ਼ਿਆਦਾ ਕੀਮਤਾਂ ਪ੍ਰਿੰਟ ਕਰਨ ਦੀ ਆਗਿਆ ਕਿਉਂ ਦੇ ਰਹੀ ਹੈ ਜਦੋਂ ਕਿ ਭੋਲੇ ਭਾਲੇ ਮਰੀਜ਼ਾਂ ਦੀ ਅੰਨ੍ਹੀ ਲੁੱਟ ਇਸ ਕਰਕੇ ਹੀ ਹੋ ਰਹੀ ਹੈ। ਕੋਈ ਮਰੀਜ਼ ਦਵਾਈਆਂ ਦੇ ਰੇਟਾਂ ਬਾਰੇ ਪੜਤਾਲ ਕਿਵੇਂ ਕਰੇ। ਸੋ ਸਰਕਾਰ ਨੂੰ ਸਖਤੀ ਨਾਲ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਉੱਪਰ ਕੰਟਰੋਲ ਕਰਕੇ ਉਨ੍ਹਾਂ ਦੀ ਆਈ ਲਾਗਤ ਨਾਲੋਂ ਕਿੰਨਾ ਵੱਧ ਰੇਟ ਪ੍ਰਿੰਟ ਕਰਨ, ਇਹ ਤੈਅ ਕਰਨ ਲਈ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਹਨ। ਜਿਹੜੀ ਕੰਪਨੀ ਇਸਦਾ ਉਲੰਘਣਾ ਕਰਦੀ ਹੈ, ਉਸਦੀ ਮਾਨਤਾ/ਲਾਇਸੰਸ ਕੈਂਸਲ ਕਰ ਦੇਣਾ ਚਾਹੀਦਾ ਹੈ। ਰਾਜ ਸਰਕਾਰ ਨੂੰ ਵੀ ਇਸ ਵਿਸ਼ੇ ਵੱਲ ਨੂੰ ਗੰਭੀਰਤਾ ਨਾਲ ਲੈ ਕੇ ਦਵਾਈਆਂ ਅਤੇ ਹੋਰ ਡਾਕਟਰੀ ਸ਼ਾਜੋ-ਸਮਾਨ ਦੇ ਰੇਟਾਂ ਉੱਪਰ ਨਿਯੰਤਰਨ ਕਰਨ ਲਈ ਕਦਮ ਉਠਾਉਣੇ ਚਾਹੀਦੇ ਹਨ, ਤਾਂ ਜੋ ਲੋਕਾਂ ਦੀ ਲੁੱਟ ਨਾ ਹੋਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































