“ਪੰਜਾਬ ਨੂੰ ਇਹ ਸੰਤਾਪ ਕਦੇ ਨਹੀਂ ਭੁੱਲ ਸਕਦਾ। ਇਸ ਦੁਖਦਾਈ ਬਟਵਾਰੇ ਦਾ ਜ਼ਿਕਰ ...”
(14 ਅਗਸਤ 2025)
ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੇ ਕੀ ਇਹ ਸੋਚਿਆ ਹੋਣਾ ਹੈ ਕਿ ਕਿੰਨੇ ਹੋਰ ਦੇਸ਼ ਵਾਸੀਆਂ ਨੂੰ ਆਜ਼ਾਦੀ ਪ੍ਰਾਪਤੀ ਦਾ ਖਮਿਆਜ਼ਾ ਵੱਡੇ ਕਤਲੇਆਮ ਅਤੇ ਉਜਾੜੇ ਦੇ ਰੂਪ ਵਿੱਚ ਝੱਲਣਾ ਪਵੇਗਾ? ਸਾਡੇ ਦੇਸ਼ ਅੰਦਰ ਆਜ਼ਾਦੀ ਦਿਵਸ ਹਰੇਕ ਸਾਲ ਪੰਦਰਾਂ ਅਗਸਤ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਆਜ਼ਾਦੀ ਪ੍ਰਾਪਤੀ ਕਰਨ ਲਈ ਜੋ ਇਨਸਾਨੀਅਤ ਦਾ ਨੀਚੇ ਪੱਧਰ ਉੱਪਰ ਜੋ ਲੂੰ ਕੰਡੇ ਖੜ੍ਹੇ ਕਰਨ ਵਾਲਾ ਘਾਣ ਹੋਇਆ, ਉਸ ਬਾਰੇ ਬਹੁਤ ਸਾਰਾ ਲਿਖਿਆ ਗਿਆ ਹੈ ਪਰ ਬਹੁਤਾ ਲਿਖਿਆ ਨਹੀਂ ਜਾ ਸਕਿਆ। ਬਹੁਤਾ ਸ਼ਬਦਾਂ ਵਿੱਚ ਸਮਾ ਸਕਣ ਦੇ ਯੋਗ ਵੀ ਨਹੀਂ। ਬ੍ਰਿਟਿਸ਼ ਸਰਕਾਰ ਨੇ ‘ਲਾਰਡ ਮਾਊਂਟਬੈਟਨ ਪਲਾਨ’, ਜਿਹੜੀ ਕਿ ਦੇਸ਼ ਨੂੰ ਦੋ ਭਾਗਾਂ ਵਿੱਚ ਵੰਡਣ ਦੀ ਤਜਵੀਜ਼ ਸੀ, 3 ਜੂਨ 1947 ਨੂੰ ਅਨਾਊਂਸ ਕਰ ਦਿੱਤੀ। ਦੇਸ਼ ਦੀ ਵੰਡ ਦਾ ਫੈਸਲਾ 1 ਮਾਰਚ 1947 ਨੂੰ ਲਾਰਡ ਮਾਊਂਟਬੈਟਨ ਦੁਆਰਾ ਲਿਆ ਗਿਆ ਸੀ। ਪੰਜਾਬ ਅਤੇ ਬੰਗਾਲ ਨੂੰ ਵੰਡਣ ਲਈ ਸਰ ਰੈਡਕਲਿਫ ਦੀ ਅਗਵਾਈ ਵਿੱਚ ਬਾਊਂਡਰੀ ਕਮਿਸ਼ਨ ਸਥਾਪਤ ਕੀਤਾ ਗਿਆ। ਅੰਗਰੇਜ਼ਾਂ ਜਾਂਦੇ ਜਾਂਦੇ ਦੇਸ਼ ਨੂੰ ਧਰਮ ਦੇ ਨਾਂ ’ਤੇ ਵੰਡਣ ਦੀ ਤਜਵੀਜ਼ ਬਾਰੇ ਕੁਰਸੀਆਂ ਦੇ ਲਾਲਚੀਆਂ ਪਾਸੋਂ ਹਾਮੀ ਲੈ ਕੇ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਦੇਸ਼ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਗਏ, ਜਿਸਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਭੁਗਤਣਾ ਪਿਆ। ਦੋਹੀਂ ਪਾਸੀਂ ਪੰਜਾਬ ਦੇ ਲੋਕਾਂ ਦੀ ਹਾਲਤ ਐਨੀ ਮਾੜੀ ਹੋਈ, ਜੋ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ।
ਇਨ੍ਹਾਂ ਦਿਨਾਂ ਵਿੱਚ ਲੱਖਾਂ ਲੋਕਾਂ ਦਾ ਉਜਾੜਾ ਹੋਇਆ, ਹੱਸਦੇ ਵਸਦੇ ਘਰਾਂ ਨੂੰ ਖਾਲੀ ਹੱਥ ਛੱਡ ਕੇ ਦੂਜੀ ਥਾਂ ਆਉਣਾ ਕੋਈ ਸੌਖਾ ਨਹੀਂ ਸੀ ਪਰ ਕਿੰਨੇ ਵੱਡੇ ਜਿਗਰੇ ਨਾਲ ਫਿਰ ਵੀ ਇਹ ਬੇਕਸੂਰ ਲੋਕ ਆਪਣਿਆਂ ਤੋਂ ਵਿਛੜ ਕੇ, ਕਈ ਕਈ ਪਰਿਵਾਰਕ ਮੈਂਬਰਾਂ ਨੂੰ ਗੁਆ ਕੇ ਅਣਜਾਣ ਥਾਂਵਾਂ ’ਤੇ ਆ ਕੇ ਵਸੇ। ਇਸ ਤਰ੍ਹਾਂ ਪੰਜਾਬ ਦੇ ਦੋਹੀਂ ਪਾਸੀਂ ਲੱਖਾਂ ਲੋਕਾਂ ਦੀ ਦਰਦਨਾਕ ਮੌਤਾਂ ਅਤੇ ਲੱਖਾਂ ਲੋਕਾਂ ਦੇ ਉਜਾੜੇ, ਜਿਨ੍ਹਾਂ ਦੇ ਅੰਕੜੇ ਸਰਕਾਰੀ ਤੌਰ ’ਤੇ ਇਕੱਠੇ ਨਹੀਂ ਹੋ ਸਕੇ ਸਗੋਂ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਅੰਕੜੇ ਭਿੰਨ-ਭਿੰਨ ਹਨ, ਨੇ ਹੱਸਦੇ ਵਸਦੇ ਲੋਕਾਂ ਨੂੰ ਬੇਘਰ ਬਣਾ ਦਿੱਤਾ। ਜ਼ਮੀਨਾਂ, ਘਰ, ਕਾਰੋਬਾਰ ਆਦਿ ਛੱਡ ਕੇ ਦੂਜੀ ਥਾਂ ਜਾ ਕੇ ਰਿਫਊਜ਼ੀ ਕੈਂਪਾਂ ਵਿੱਚ ਰਹਿਣਾ ਬੜੀ ਔਖੀ ਘੜੀ ਸੀ। ਰੇਲ ਗੱਡੀਆਂ ਵਿੱਚ ਆ ਰਹੇ ਦੋਹਾਂ ਪਾਸੇ ਦੇ ਹਜ਼ਾਰਾਂ ਬੇਦੋਸ਼ਿਆਂ ਦੇ ਕਤਲ ਫਿਰਕੂ ਰੰਗਤ ਨੂੰ ਫੈਲਾਉਣ ਕਾਰਨ ਹੋਏ। ਧੀਆਂ-ਭੈਣਾਂ ਦੀ ਇੱਜ਼ਤ ਦਰਿੰਦਗੀ ਨਾਲ ਲੁੱਟੀ ਗਈ, ਬਹੁਤ ਸਾਰੇ ਮਾਪਿਆਂ ਨੇ ਆਪ ਹੀ ਆਪਣੀਆਂ ਧੀਆਂ ਨੂੰ ਇਸ ਹਿਰਦੇ ਵਲੂੰਧਰਨ ਵਾਲੀ ਦਰਿੰਦਗੀ ਨੂੰ ਅੱਖਾਂ ਸਾਹਮਣੇ ਦੇਖਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਆਪ ਮਾਰ ਦੇਣਾ ਠੀਕ ਸਮਝਿਆ। ਇਹ ਕਿਹੋ ਜਿਹਾ ਮੰਜ਼ਰ ਸੀ। ਕੁਰਸੀਆਂ ਉੱਪਰ ਬੈਠਣ ਵਾਲਿਆਂ ਨੂੰ ਕੀ ਪਤਾ ਇਨ੍ਹਾਂ ਪੀੜਿਤ ਪਰਿਵਾਰਾਂ ਦੀਆਂ ਭਾਵਨਾਵਾਂ ਦਾ। ਕਈਆਂ ਧੀਆਂ, ਭੈਣਾਂ ਅਤੇ ਮਾਤਾਵਾਂ ਨੇ ਖੂਹਾਂ, ਨਹਿਰਾਂ ਆਦਿ ਵਿੱਚ ਛਾਲਾਂ ਮਾਰ ਕੇ ਆਪ ਹੀ ਮਾੜੇ ਅਨਸਰਾਂ ਦੇ ਹੱਥ ਆਉਣ ਤੋਂ ਪਹਿਲਾਂ ਹੀ ਮੌਤ ਨੂੰ ਗਲੇ ਲਾਇਆ। ਨਹਿਰਾਂ, ਖੂਹਾਂ ਦਾ ਪਾਣੀ ਖੂਨ ਨਾਲ ਲਾਲ ਹੋ ਗਿਆ ਸੀ। ਦੋਹਾਂ ਪਾਸਿਆਂ ਦੀ ਧਰਤੀ ਲੋਕਾਈ ਦੇ ਖੂਨ ਨਾਲ ਲੱਥੀ ਹੋਈ ਅੱਜ ਵੀ ਉਸ ਘਿਣਾਉਣੇ ਦ੍ਰਿਸ਼ ਨੂੰ ਲਾਹਨਤਾਂ ਪਾ ਰਹੀ ਹੈ।
ਦੋਹਾਂ ਦੇਸ਼ਾਂ ਦੀਆਂ ਕਾਰਜਕਾਰੀ ਸਰਕਾਰਾਂ ਵੀ ਦੰਗਿਆਂ, ਫਸਾਦਾਂ ਆਦਿ ਉੱਪਰ ਕੰਟਰੋਲ ਕਰਨ ਤੋਂ ਅਸਮਰੱਥ ਸਨ। ਉਨ੍ਹਾਂ ਅਭਾਗੇ ਲੋਕਾਂ ਦੀ ਆਪਣੇ ਪਰਿਵਾਰ ਦੇ ਵਿਛੜਿਆਂ ਮੈਂਬਰਾਂ ਨੂੰ ਮਿਲਣ ਦੀ ਤਾਂਘ ਅਜੇ ਵੀ ਤੜਫ ਰਹੀ ਹੈ। ਕਈ ਮੈਂਬਰ, ਜੋ ਦੋਹਾਂ ਦੇਸ਼ਾਂ ਵਿੱਚ ਬਚ ਗਏ, ਉਹ ਕਿਵੇਂ ਜ਼ਿੰਦਗੀ ਨੂੰ ਗੁਜ਼ਾਰ ਰਹੇ ਹਨ, ਉਹ ਤਾਂ ਉਹ ਹੀ ਜਾਣਦੇ ਹਨ। ਕਈ ਮਜਬੂਰੀ ਵੱਸ ਧਰਮ ਪਰਿਵਰਤਨ ਕਰਕੇ ਆਪਣੀਆਂ ਜਾਨਾਂ ਬਚਾ ਕੇ ਉੱਥੋਂ ਦੇ ਹੀ ਬਣ ਕੇ ਰਹਿ ਗਏ ਜਦੋਂ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਖਿੰਡ ਪੁੰਡ ਗਏ। ਆਪਣੇ ਪਿਆਰਿਆਂ ਨੂੰ ਮਿਲਣ ਦੀ ਤਾਂਘ ਜ਼ਰੂਰ ਉਨ੍ਹਾਂ ਅੰਦਰ ਉਬਾਲੇ ਲੈ ਰਹੀ ਹੋਵੇਗੀ। ਉਨ੍ਹਾਂ ਵਿੱਚੋਂ ਬਹੁਤੇ ਇਸ ਸਮੇਂ ਇਸ ਦੁਨੀਆ ਤੋਂ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਹੁਣ ਤਾਂ ਕੋਈ ਵਿਰਲਾ ਹੀ ਬਚਿਆ ਹੋਵੇਗਾ।
ਪੰਜਾਬ ਨੂੰ ਇਹ ਸੰਤਾਪ ਕਦੇ ਨਹੀਂ ਭੁੱਲ ਸਕਦਾ। ਇਸ ਦੁਖਦਾਈ ਬਟਵਾਰੇ ਦਾ ਜ਼ਿਕਰ ਬਹੁਤ ਸਾਰੇ ਸਮਕਾਲੀ ਵਿਦਵਾਨਾਂ ਨੇ ਦਿਲ ਕੰਬਾਊ ਅੱਖੀਂ ਡਿੱਠੇ ਦ੍ਰਿਸ਼ਾਂ ਰਾਹੀਂ ਆਪਣੇ ਸ਼ਬਦਾਂ ਵਿੱਚ ਪ੍ਰਗਟ ਕੀਤਾ ਹੈ। ਔਰਤਾਂ ਨੂੰ ਜਬਰਦਸਤੀ ਧਾੜਵੀ ਅਗਵਾ ਕਰਕੇ ਲੈ ਗਏ, ਉਨ੍ਹਾਂ ਨਾਲ ਧਰਮ ਪਰਿਵਰਤਨ ਕਰਵਾਕੇ ਵਿਆਹ/ਨਿਕਾਹ ਕਰਵਾ ਲਏ। ਇਨਸਾਨੀਅਤ ਦੀ ਥਾਂ ਸ਼ੈਤਾਨੀ ਬਿਰਤੀ ਸਿਰ ਫਿਰਿਆਂ ਵਿੱਚ ਆ ਗਈ ਸੀ। ਲੋਕਾਂ ਦਾ ਆਪਸੀ ਪ੍ਰੇਮ ਪਿਆਰ ਦੋਹਾਂ ਫਿਰਕਿਆਂ ਵਿੱਚ ਵਾਹਵਾ ਸੀ, ਬਹੁਤ ਸਾਰੇ ਲੋਕਾਂ ਨੇ ਇੱਕ ਦੂਜੇ ਦੀ ਆਪਣੇ ਘਰਾਂ ਵਿੱਚ ਸ਼ਰਨ ਦੇ ਕੇ ਰੱਖਿਆ ਕੀਤੀ। ਇਹ ਘਿਨਾਉਣਾ ਮੰਜ਼ਰ ਆਜ਼ਾਦੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਅਤੇ ਬਾਅਦ ਵਿੱਚ ਜਾ ਕੇ ਸ਼ਾਂਤ ਹੋਇਆ। ਪਰ ਮੂਹਰਲੀ ਕਤਾਰ ਦੇ ਪ੍ਰਭਾਵਸ਼ਾਲੀ ਨੇਤਾਵਾਂ ਨੂੰ ਤਾਂ ਆਪਣੀ ਸੱਤਾ ’ਤੇ ਕਾਬਜ਼ ਹੋਣ ਦੀ ਤਾਂਘ ਸੀ, ਉਨ੍ਹਾਂ ਲੋਕਾਂ ਦੀ ਸੁਰੱਖਿਆ ਪ੍ਰਤੀ ਕੋਈ ਅਹਿਮ ਭੂਮਿਕਾ ਨਹੀਂ ਨਿਭਾਈ। ਹੁਣ ਸੋਚੋ, ਪੰਜਾਬੀਆਂ ਲਈ ਇਹ ਕਿਹੋ ਜਿਹੀ ਆਜ਼ਾਦੀ ਸੀ, ਜਿਸ ਲਈ ਉਹ ਪੀੜਿਤ ਪਰਿਵਾਰ ਇਸ ਦਿਨ ਖੁਸ਼ੀ ਦਾ ਇਜ਼ਹਾਰ ਕਰਨ। ਸੱਤ ਦਹਾਕੇ ਬੀਤਣ ਉਪਰੰਤ ਵੀ ਸਰਕਾਰਾਂ ਵਿੱਚ ਸ਼ਰੀਕ ਹੁੰਦੇ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਇਨ੍ਹਾਂ ਰਫਿਊਜੀ ਲੋਕਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਿਆ।
ਉੱਧਰੋਂ ਆਏ ਕਈਆਂ ਪਰਿਵਾਰਾਂ ਨੇ 1984 ਵਿੱਚ ਦੁਬਾਰਾ ਇਹੋ ਦੁਖਦਾਈ ਸੰਤਾਪ ਭਾਰਤ ਅੰਦਰ ਆਪਣਿਆਂ ਤੋਂ ਹੀ ਆਪਣੇ ਪਿੰਡੇ ’ਤੇ ਹੰਢਾਇਆ, ਜਿਸ ਵਿੱਚ ਉਨ੍ਹਾਂ ਦੇ ਘਰਾਂ ਨੂੰ, ਕਾਰੋਬਾਰਾਂ ਨੂੰ ਅੱਗਾਂ ਲਾਕੇ, ਲੁੱਟ ਕੇ ਪ੍ਰਸ਼ਾਸਨ ਦੇ ਸਾਹਮਣੇ ਇਹ ਵਰਤਾਰਾ ਕਰਕੇ ਨਿਰਦੋਸ਼ ਸਿੱਖਾਂ ਨੂੰ ਇਸ ਦੇਸ਼ ਦੇ ਵਸਨੀਕ ਨਾ ਸਮਝਦੇ ਹੋਏ ਸ਼ਰੇਆਮ ਦੰਗੇ ਕੀਤੇ, ਜਿਨ੍ਹਾਂ ਦੇ ਜ਼ਖਮ ਅਜੇ ਤਕ ਅੱਲ੍ਹੇ ਨੇ। ਸਰਕਾਰ ਨੇ ਉਨ੍ਹਾਂ ਪੀੜਿਤਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ। ਉਸ ਸਮੇਂ ਦੇ ਦੋਸ਼ੀ ਨੇਤਾ ਸ਼ਰੇਆਮ ਘੁੰਮ ਰਹੇ ਹਨ। ਪਰ ਦੂਸਰੇ ਪਾਸੇ ਸ਼ਜਾ ਭੁਗਤ ਚੁੱਕੇ ਸਿੱਖ ਨਜ਼ਰਬੰਦੀ ਅਜੇ ਵੀ ਜੇਲ੍ਹਾਂ ਅੰਦਰ ਹੀ ਬੈਠੇ ਹਨ। ਸਰਕਾਰ ਦੀ ਇਹ ਦੋਗਲੀ ਨੀਤੀ ਸਿੱਖਾਂ ਪ੍ਰਤੀ ਕਿਉਂ ਹੈ। ਸਿੱਖਾਂ ਨੇ ਗੁਰੂ ਸਾਹਿਬਾਨ ਵੱਲੋਂ ਪੀੜਿਤ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ, ਧਾਰਨਾ ਨੂੰ ਜਾਰੀ ਰੱਖਦੇ ਹੋਏ ਦੇਸ਼ ਦੇ ਹਰ ਵਰਗ ਦੀ ਬਿਨਾਂ ਭੇਦ ਭਾਵ ਦੇ ਮਦਦ ਕਰਨ ਦੀ ਪਰੰਪਰਾ ਜਾਰੀ ਰੱਖੀ ਹੋਈ ਹੈ। ਦੋਹਰੀ ਮਾਰ ਝੱਲਣ ਵਾਲੇ ਇਹ ਵਾਰ ਵਾਰ ਉੱਜੜੇ ਪਰਿਵਾਰ ਪੰਦਰਾਂ ਅਗਸਤ ਅਤੇ ਜੂਨ ਚੌਰਾਸੀ ਨੂੰ ਨਹੀਂ ਭੁੱਲ ਸਕਦੇ। ਸਰਕਾਰੀ ਅਧਿਕਾਰੀ, ਸਾਡੇ ਨੇਤਾ ਆਜ਼ਾਦੀ ਦਿਵਸ ’ਤੇ ਇਨ੍ਹਾਂ ਦੇ ਪਰਿਵਾਰਾਂ ਦੀਆਂ ਦਿੱਤੀਆਂ ਕੁਰਬਾਨੀਆਂ ਦੀ ਗੱਲ ਕਿਉਂ ਨਹੀਂ ਕਰਦੇ? ਇਨ੍ਹਾਂ ਪਰਿਵਾਰਾਂ ਦੇ ਨਾਸੂਰ ਬਣੇ ਜ਼ਖਮ ਅਜੇ ਵੀ ਕੋਈ ਪਿਛਲੀ ਅਕਹਿ ਯਾਦ ਨੂੰ ਛੂਹਣ ’ਤੇ ਮੁੜ ਜ਼ਖਮ ਬਣ ਜਾਂਦੇ ਹਨ। ਮੈਂ ਇਹ ਉਦੋਂ ਮਹਿਸੂਸ ਕੀਤਾ ਜਦੋਂ ਅਸੀਂ ਕਈ ਅਧਿਆਪਕ ਬੈਠੇ ਕਿਸੇ ਮੁੱਦੇ ’ਤੇ ਸਹਿਜ ਸੁਭਾਅ ਗੱਲ ਕਰ ਰਹੇ ਸੀ। ਮੇਰੇ ਸਾਥੀ ਅਧਿਆਪਕ ਨੇ ਕਿਤੇ ਨਾਲ ਦੇ ਪਿੰਡ ਕਿਸੇ ਸਰਵੇ ਦੌਰਾਨ ਪਿੰਡ ਦੀ ਔਰਤ ਬਾਰੇ ਰਫਿਊਜਨ ਸ਼ਬਦ ਕਹਿ ਕੇ ਗੱਲ ਕੀਤੀ ਤਾਂ ਸਾਡੇ ਵਿੱਚ ਬੈਠੇ ਉਸੇ ਪਿੰਡ ਦੇ ਅਧਿਆਪਕ ਨੇ ਬਹੁਤ ਕਰ ਬੁਰਾ ਮਨਾਇਆ, ਜਿਸ ’ਤੇ ਉਸ ਅਧਿਆਪਕ ਨੇ ਆਪਣੇ ਕਹੇ ਸ਼ਬਦਾਂ ’ਤੇ ਅਫਸੋਸ ਪ੍ਰਗਟ ਕੀਤਾ। ਉਸ ਦਿਨ ਤੋਂ ਮੈਨੂੰ ਵੀ ਉਨ੍ਹਾਂ ਦੀ ਆਜ਼ਾਦੀ ਜਸ਼ਨਾਂ ਸਬੰਧੀ ਮਨ ਦੀ ਭਾਵਨਾ ਬਾਰੇ ਸਮਝ ਆਈ। ਇਸ ਲਈ ਸਾਨੂੰ ਸਾਰਿਆਂ ਨੂੰ ਇਨ੍ਹਾਂ ਪਰਿਵਾਰਾਂ ਪ੍ਰਤੀ ਵੀ ਇਨ੍ਹਾਂ ਦੇ ਦੁਖਾਂਤ ਨੂੰ ਮਨ ਵਿੱਚ ਵਸਾ ਕੇ ਵਿਛੜਿਆਂ ਮੈਂਬਰਾਂ ਨੂੰ ਸਰਧਾਂਜ਼ਲੀ ਦੇਣੀ ਚਾਹੀਦੀ ਹੈ ਤਾਂ ਕਿ ਘੱਟੋ-ਘੱਟ ਉਨ੍ਹਾਂ ਦੇ ਹਿਰਦੇ ਕੁਝ ਸ਼ਾਂਤ ਹੋ ਸਕਣ ਜਿਹੜੇ ਅਜੇ ਜਿਊਂਦੇ ਹਨ। ਹੌਲੀ ਹੌਲੀ ਅਗਲੀਆਂ ਪੀੜ੍ਹੀਆਂ ਦੇ ਮਨਾਂ ਵਿੱਚੋਂ ਇਹ ਦੁਖਾਂਤ ਦੀ ਘਟਨਾ ਸ਼ਾਇਦ ਵਿਸਰਦੀ ਜਾਵੇ। ਉਜਾੜੇ ਤੋਂ ਪ੍ਰਭਾਵਿਤ ਲੋਕ ਅਜੇ ਵੀ ਆਪਣੇ ਵਿਛੜਿਆਂ ਨੂੰ ਮਿਲਣ ਅਤੇ ਘਰਾਂ ਨੂੰ ਦੇਖਣ ਲਈ ਦਿਲੀ ਤਮੰਨਾ ਰੱਖਦੇ ਹਨ। ਸਰਕਾਰ ਨੂੰ ਇਸ ਵੱਲ ਧਿਆਨ ਦਿੰਦੇ ਹੋਏ ਉਨ੍ਹਾਂ ਲਈ ਸੌਖੇ ਪ੍ਰਬੰਧ ਕਰਨੇ ਚਾਹੀਦੇ ਹਨ।
ਇੰਟਰਨੈੱਟ ਜ਼ਰੀਏ ਕਈ ਪਰਿਵਾਰ ਆਪਣੇ ਵਿਛੜੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਕੇ ਸੁੱਖ-ਸਾਂਦ ਪੁੱਛ ਲੈਂਦੇ ਹਨ। ਪੰਜਾਬ ਲਈ ਕੇਂਦਰ ਸਰਕਾਰ ਦੇਸ਼ ਦੀ ਆਜ਼ਾਦੀ ਵਿੱਚ ਸਾਰਿਆਂ ਨਾਲੋਂ ਵੱਧ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਵਿਸਾਰ ਕੇ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ। ਕੇਂਦਰ ਸਰਕਾਰ ਵਿੱਤੀ ਪੈਕੇਜ ਹੋਰਾਂ ਰਾਜਾਂ ਨੂੰ ਵੱਡੇ ਪੱਧਰ ਉੱਪਰ ਬਜਟ ਵਿੱਚ ਦਿੰਦੀ ਹੈ ਪਰ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਦੇਣ ਤੋਂ ਕੰਨੀ ਕਤਰਾ ਜਾਂਦੀ ਹੈ। ਬਾਰਡਰ ਸੂਬਾ ਹੋਣ ਕਾਰਨ ਪੰਜਾਬੀ ਫੌਜੀ ਸਰਹੱਦਾਂ ’ਤੇ ਅਜੇ ਵੀ ਮੂਹਰਲੀ ਕਤਾਰ ਵਿੱਚ ਹੋਣ ਕਾਰਨ ਅਨੇਕਾਂ ਸ਼ਹੀਦੀਆਂ ਦੇ ਰਹੇ ਹਨ। ਪੰਜਾਬ ਬਰੂਦ ਦੀ ਸੁਰੰਗ ਉੱਪਰ ਬੈਠਾ ਆਪਣੇ ਬਲਬੂਤੇ ਉੱਪਰ ਹੀ ਆਪਣੀ ਹੋਂਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਪੰਜਾਬ ਦਾ ਜੋ ਵਿਕਾਸ ਕੇਂਦਰ ਤੋਂ ਵਿਸ਼ੇਸ਼ ਪੈਕੇਜ ਮਿਲਣ ਕਾਰਨ ਹੋਣਾ ਚਾਹੀਦਾ ਸੀ, ਉੰਨਾ ਵਿਕਾਸ ਪੰਜਾਬ ਦਾ ਨਹੀਂ ਹੋਇਆ। ਇਸ ਕਾਰਨ ਹੀ ਇੱਥੋਂ ਦੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਤੇਜ਼ੀ ਨਾਲ ਜਾ ਰਹੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (