“ਉੱਪਰੋਂ ਦੇਖਣ ਨੂੰ ਆਪਾਂ ਭਾਵੇਂ ਜਿੰਨੇ ਮਰਜ਼ੀ ਸਿਆਣੇ, ਸੁਹਿਰਦ, ਸਚਿਆਰੇ, ਸੋਝੀਵਾਨ ...”
(5 ਅਕਤੂਬਰ 2026)
ਜਦੋਂ ਕੁ ਮੈਂ ਪੰਜਾਬ ਤੋਂ ਸਿਡਨੀ ਵਲ ਨੂੰ ਤੁਰਿਆ ਸੀ ਉਦੋਂ ਤਕ ਮੇਰੇ ਬਹੁਤ ਸਾਰੇ ਵਿਦਿਆਰਥੀ ਪਟਵਾਰੀ, ਵਕੀਲ, ਬੈਂਕ ਮੁਲਾਜ਼ਮ, ਸਕੂਲ ਅਧਿਆਪਕ, ਫੌਜ ਵਿੱਚ ਕਮਿਸ਼ਨਡ ਅਫਸਰ, ਡਾਕਖਾਨਾ ਕਰਮਚਾਰੀ ਤੇ ਇੱਥੋਂ ਤਕ ਕਿ ਤਹਿਸੀਲਦਾਰ ਅਤੇ ਜੱਜ ਦੇ ਰੀਡਰ ਵੀ ਬਣ ਚੁੱਕੇ ਸਨ। ਇਸਦਾ ਕਾਰਨ ਇਹ ਸੀ ਕਿ ਮੈਂ 26 ਸਾਲ ਕਾਲਜਾਂ ਵਿੱਚ ਅੰਗਰੇਜ਼ੀ ਪੜ੍ਹਾ ਕੇ ਇੱਧਰ ਨੂੰ ਸਾਢੇ ਕੁ ਛਿਆਲੀ ਸਾਲ ਦੀ ਉਮਰ ਵਿੱਚ ਆਇਆ ਸਾਂ। ਮੇਰਾ ਇੱਕ ਵਿਦਿਆਰਥੀ ਮੇਰੇ ਹੀ ਸ਼ਹਿਰ ਵਿੱਚ ਪਟਵਾਰੀ ਲੱਗਾ ਹੋਇਆ ਹੁੰਦਾ ਸੀ। ਲੋਕਾਂ ਵਿੱਚ ਉਸਦੀ ਬੜੀ ਮੰਗ ਸੀ। ਕਦੇ ਕਦੇ ਉਸਨੇ ਮੈਨੂੰ ਆਪਣੇ ਦਫਤਰ ਬਿਠਾ ਲੈਣਾ।
“ਸਰ ਜੀ, ਤੁਸੀਂ ਤਾਂ ਕਦੇ ਦਰਸ਼ਨ ਹੀ ਨਹੀਂ ਦਿੰਦੇ। ਸੇਵਾ ਦਾ ਮੌਕਾ ਤਾਂ ਕੀ ਦੇਣਾ?”
“ਜੋਗਿੰਦਰ, ਪਟਵਾਰੀਆਂ ਪਾਸ ਬਹੁਤੇ ਉਹ ਲੋਕ ਆਇਆ ਕਰਦੇ ਹਨ ਜਿਨ੍ਹਾਂ ਨੂੰ ਜ਼ਮੀਨ ਦੇ ਲੈਣ ਦੇਣ ਨਾਲ ਸੰਬੰਧਤ ਕੋਈ ਕੰਮ ਹੋਵੇ। ਮੈਂ ਅਧਿਆਪਕ ਹਾਂ। ਸਾਡੇ ਜਿਹੇ ਮੁਲਾਜ਼ਮ ਪਾਸ ਜ਼ਮੀਨਾਂ ਜਾਇਦਾਦਾਂ ਲੈਣ ਜੋਗੇ ਪੈਸੇ ਉਦੋਂ ਹੁੰਦੇ ਹਨ ਜਦੋਂ ਅਸੀਂ ਨੌਕਰੀ ਤੋਂ ਸੇਵਾ ਮੁਕਤੀ ਦੇ ਨੇੜੇ ਪਹੁੰਚਦੇ ਹਾਂ।”
“ਸਰ ਜੀ, ਐਵੇਂ ਅਧਿਆਪਕ ਅਧਿਆਪਕ ਕਰੀ ਜਾਂਦੇ ਹੋ, ਤੁਸੀਂ ਪ੍ਰੋਫੈਸਰ ਹੋ। ਹੁਣ ਪ੍ਰੋਫੈਸਰਾਂ ਦੇ ਤਨਖਾਹ ਦੇ ਸਕੇਲ ਵੀ ਚੰਗੇ ਹਨ। ਮੈਡਮ ਹੋਰੀਂ ਵੀ ਅਧਿਆਪਕ ਹਨ। ਸਾਡੇ ਜਿਹੇ ਸ਼ਾਗਿਰਦ ਤੁਹਾਡੇ ਕੰਮ ਕਰਵਾਉਣ ਲਈ ਬੈਠੇ ਹਨ। ਸਾਡਾ ਫਾਇਦਾ ਲੈ ਲਓ। ਜ਼ਮੀਨ ਦਾ ਟੋਟਾ ਲੈ ਕੇ ਰੱਖ ਲਓ। ਅਰਾਮ ਨਾਲ ਹੌਲੀ ਹੌਲੀ ਘਰ ਬਣਾਉਂਦੇ ਰਿਹੋ।”
“ਬੱਲਿਆ, ਤੇਰੀ ਬੜੀ ਮਿਹਰਬਾਨੀ। ਹੋਰ ਕੰਮਕਾਰ ਕਿਵੇਂ ਚੱਲ ਰਿਹਾ ਏ।”
“ਪਟਵਾਰੀ ਦਾ ਕੰਮਕਾਰ? ਉਹ ਵੀ ਸ਼ਹਿਰ ਦੇ ਪਟਵਾਰੀ ਦਾ? ਆਉ ਦਫਤਰ ਦਾ ਪਿਛਲਾ ਕਮਰਾ ਦਿਖਾਵਾਂ? ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਅਤੇ ਦੇਸੀ, ਘਰ ਦੀ ਅੱਵਲ ਦਰਜੇ ਦੀ ਕੱਢੀ ਦੀਆਂ ਕੈਨੀਆਂ ਨਾਲ ਭਰਿਆ ਪਿਆ ਏ। ਲਾਓਗੇ ਘੁੱਟ ਕੁ?”
“ਜੋਗਿੰਦਰ, ਮੈਂ ਨਹੀਂ ਪੀਂਦਾ।”
“ਸਰ, ਸੱਚੀਂ? ... ਥੋੜ੍ਹੀ ਜਿਹੀ? ਸਵਾਦ ਹੀ ਦੇਖ ਲਓ। ਕਈ ਬਰਾਂਡ ਹਨ।”
“ਨਹੀਂ ਜੋਗਿੰਦਰ, ਬਿਲਕੁਲ ਨਹੀਂ। ਤੂੰ ਤਾਂ ਹੁਣ ਵੀ ਲਾਈਓ ਲਗਦੀ ਏ?”
“ਸਰ, ਥੋੜ੍ਹੀ ਜਿਹੀ ਤਾਂ ਹਰ ਵੇਲੇ ਲਾ ਕੇ ਹੀ ਰੱਖੀਦੀ ਏ। ਜ਼ਿਮੀਦਾਰ ਮੱਲੋਮੱਲੀ ਗਲ ਪਾ ਜਾਂਦੇ ਹਨ। ਕਈਆਂ ਨੇ ਤਾਂ ਕੰਮ ਵੀ ਸਾਲ ਛੇ ਮਹੀਨੇ ਬਾਅਦ ਕਰਵਾਉਣਾ ਹੁੰਦਾ ਏ। ਬੱਸ ਜਦੋਂ ਕੁ ਪੂਰ ਕੱਢਦੇ ਹਨ ਉਦੋਂ ਕੁ ਤਾਂ ਆਪਣੇ ਅਫਸਰਾਂ ਨੂੰ ਜ਼ਰੂਰ ਪੂਜਦੇ ਹੀ ਹਨ। ਸਰ, ਪਟਵਾਰੀਆਂ ਦੇ ਸਿਰ ’ਤੇ ਹੀ ਤਾਂ ਸ਼ਹਿਰ ਦਾ ਸਾਰਾ ਕੰਮ ਕਾਜ ਚਲਦਾ ਏ। ਤੁਸੀਂ ਜਾਣਦੇ ਹੀ ਹੋ, ਪਟਵਾਰੀ ਤਾਂ ਕਿਸਾਨ ਦਾ ਸਭ ਤੋਂ ਚਹੇਤਾ ਅਫਸਰ ਏ।”
“ਸੋ ਤਾਂ ਹੈ।”
“ਸਰ, ... ਪਿੱਛੇ ਜਿਹੇ ਪੰਚਾਇਤਾਂ ਵਾਲਾ ਮੰਤਰੀ ਆਇਆ ਸੀ। ਲੋਕਲ ਬਾਡੀਜ਼ ਵਾਲਾ। ਅਸੀਂ ਸਮਝਦੇ ਸੀ ਕਿ ਅਕਾਲੀ ਏ, ਸਿਆਣਾ ਤੇ ਸਚਿਆਰਾ ਤੇ ਧਾਰਮਿਕ ਹੋਊ। ਰੈੱਸਟ ਹਾਊਸ ਵਿੱਚ ਠਹਿਰਾਇਆ ਗਿਆ ਸੀ। ਆਉ ਭਗਤ ਲਈ ਤਹਿਸੀਲਦਾਰ ਸਾਹਿਬ ਚੌਵੀ ਘੰਟੇ ਹਾਜ਼ਰ ਸਨ। ਐੱਸ.ਡੀ.ਐੱਮ. ਸ਼ਾਹਿਬ ਵੀ ਦੋ ਤਿੰਨ ਚੱਕਰ ਮਾਰ ਗਏ ਸਨ। ਮੈਂ ਸ਼ਹਿਰ ਦੇ ਪੰਜਾਂ ਹੀ ਪਟਵਾਰੀਆਂ ਵਿੱਚੋਂ ਸੀਨੀਅਰ ਹਾਂ। ਮੈਨੂੰ ਤਹਿਸੀਲਦਾਰ ਮੱਲ੍ਹੀ ਸਾਹਿਬ ਨੇ ਇਸ਼ਾਰਾ ਕਰ ਦਿੱਤਾ। ਮੈਂ ਫੱਟ ਸਮਝ ਗਿਆ। ਵਧੀਆ ਸ਼ਰਾਬ ਦੇ ਨਾਲ ਨਾਲ ਉਸਦਾ ਇਸ਼ਾਰਾ ਵਧੀਆ ਮੀਟ, ਚਿਕਨ ਵੱਲ ਵੀ ਸੀ। ... ਬੱਸ ਫਿਰ ਕੀ ਸੀ। ਅਸੀਂ ਪੰਜ ਪਟਵਾਰੀ ਡਟ ਗਏ ਟਹਿਲ ਸੇਵਾ ਵਿੱਚ। ਲਿਜਾ ਕੇ ਰੱਖ ਦਿੱਤੀਆਂ ਡੇਢ ਦਰਜਨ ਬੋਤਲਾਂ। ਅਸੀਂ ਸੇਵਾ ਕਰਨ ਲਈ ਪੱਬਾਂ ਭਾਰ ਹੋਏ ਰਹੇ। ਮੀਟ ਵੀ ਭਰ ਭਰ ਪਲੇਟਾਂ ਵਰਤਦਾ ਰਿਹਾ। ਆਖਰ ਵਿੱਚ ਹੈਰਾਨੀ ਉਦੋਂ ਹੋਈ ਜਦੋਂ ਮੈਂ ਮੀਟ ਦਾ ਡੱਕੋ ਡੱਕ ਭਰਿਆ ਡੌਂਗਾ ਲਿਜਾ ਕੇ ਮੇਜ਼ ’ਤੇ ਰੱਖਿਆ। ਮੰਤਰੀ ਜੀ ਇੰਨੇ ਸ਼ਰਾਬੀ ਹੋਏ ਪਏ ਸਨ ਕਿ ਉਨ੍ਹਾਂ ਨੇ ਡੌਂਗਾ ਹੀ ਮੂੰਹ ਨੂੰ ਲਾ ਲਿਆ। ਡੀਕ ਲਾ ਕੇ ਸਾਰੀ ਤਰੀ ਪੀ ਗਏ। ਦੂਜੇ ਦਿਨ ਮੰਤਰੀ ਜੀ ਦੇ ਜਾਣ ਬਾਅਦ ਦੇਖਿਆ ਕਿ ਸਾਰੀ ਸੱਬ ਡਿਵੀਜ਼ਨ ਦੇ ਕੰਮ ਕਾਜ ਬਾਰੇ ਮੰਤਰੀ ਜੀ ਦੀ ਰਿਪੋਰਟ ਅੱਵਲ ਦਰਜੇ ਦੀ ਸੀ। ਨਾ ਉਹ ਕਿਸੇ ਦਫਤਰ ਵਿੱਚ ਗਿਆ, ਨਾ ਕਿਸੇ ਨਾਲ ਕੋਈ ਕੰਮਕਾਜੀ ਮਿਲਣੀ ਕੀਤੀ। ਸਵੇਰੇ ਉੱਠ ਕੇ ਤਾਂ ਇੱਕ ਹੋਰ ਨਵੀਂ ਗੱਲ ਸੁਣਨ ਵਿੱਚ ਆ ਗਈ। ਮੰਤਰੀ ਜੀ ਆਏ ਸਨ ਆਪਣੀ ਰਿਸ਼ਤੇਦਾਰੀ ਵਿੱਚ ਕਿਸੇ ਕੁੜੀ ਲਈ ਰਿਸ਼ਤਾ ਦੇਖਣ। ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਉਹ ਸਵੇਰੇ ਭਾਰਟਾ ਗਣੇਸ਼ਪੁਰੀਆਂ ਦੇ ਭੁਪਿੰਦਰ ਸਿਹੁੰ ਦੇ ਘਰ ਨੂੰ ਗਏ। ਉਨ੍ਹਾਂ ਦਾ ਲੜਕਾ ਪਿੱਛੇ ਜਿਹੇ, ਪਬਲਿਕ ਹੈਲਥ ਮਹਿਮਕਮੇ ਵਿੱਚ ਐੱਸ.ਡੀ.ਓ. ਲੱਗਾ ਸੀ। ਪੂਰੀ ਜਾਣਕਾਰੀ ਉਦੋਂ ਮਿਲੀ ਜਦੋਂ ਦੋ ਕੁ ਮਹੀਨਿਆਂ ਬਾਅਦ ਵਿਆਹ ਰੱਖ ਲਿਆ ਗਿਆ। ਵਿਆਹ ਸਮੇਂ ਤਾਂ ਅਸੀਂ ਪਟਵਾਰੀਆਂ ਨੇ ਸ਼ਰਾਬ ਦੀਆਂ ਨਦੀਆਂ ਬਹਾ ਦਿੱਤੀਆਂ। ਕੁੜੀ ਵਾਲਿਆਂ ਸਮੁੰਦਰ ਬਹਾਇਆ, ਅਸੀਂ ਨਦੀਆਂ ਬਹਾਈਆਂ। ਸਰ ਜੀ, ਇਵੇਂ ਦਾ ਮਹਿਕਮਾ ਏ ਆਪਣਾ।”
“ਕੋਈ ਹੋਰ ਗੱਲਬਾਤ?”
“ਸਰ ਜੀ, ਗੱਲਾਂਬਾਤਾਂ? ਸਾਡੇ ਮਹਿਕਮੇ ਵਿੱਚੋਂ ਤਾਂ ਤੁਸੀਂ ਭਾਵੇਂ ਗੱਲਾਂ ਦੇ ਗੱਡੇ ਭਰ ਲਓ। ਪਿੱਛੇ ਜਿਹੇ ਡੀ. ਸੀ. ਸਾਹਿਬ ਸੱਬ ਡਿਵੀਜ਼ਨ ਵਿੱਚ ਆਏ। ਸਾਲ ਵਿੱਚ ਦੋ ਕੁ ਵਾਰ ਤਾਂ ਗੇੜਾ ਰੱਖ ਹੀ ਲੈਂਦੇ ਨੇ। ਸਾਡੇ ਬਲਾਕ ਦੇ ਲੋਕਾਂ ਦੀਆਂ ਤਕਲੀਫਾਂ ਸੁਣਨ ਲਈ ਖੁੱਲ੍ਹਾ ਦਰਬਾਰ ਰੱਖਿਆ। ਲੋਕ ਕਾਫੀ ਗਿਣਤੀ ਵਿੱਚ ਹਾਜ਼ਰ ਹੋਏ। ਅਸੀਂ ਪੰਜ ਪਟਵਾਰੀ ਤਿੰਨ ਚਾਰ ਦਿਨ ਆਉ ਭਗਤ ਦਾ ਪ੍ਰਬੰਧ ਕਰਨ ਵਿੱਚ ਜੁਟੇ ਰਹੇ। ਤਹਿਸੀਲਦਾਰ ਮੱਲ੍ਹੀ ਸਾਹਿਬ ਤੇ ਦੋ ਨਾਇਬ ਤਹਿਸੀਲਦਾਰਾਂ ਹੁਸਨ ਲਾਲ ਤੇ ਰਾਮ ਖਿਲਾਵਨ ਨੇ ਤਿੰਨ ਦਿਨ ਸਾਡੀ ਰੇਲ ਬਣਾਈ ਰੱਖੀ। ਬਲਾਕ ਸੰਮਤੀ ਦਾ ਚੇਅਰਮੈਨ ਛਿੰਦੀ ਤੇ ਸਾਰੇ ਮੈਂਬਰ ਵੀ ਡੀ. ਸੀ. ਸਾਹਿਬ ਨੂੰ ਮਿਲਣ ਲਈ ਪੱਬਾਂ ਭਾਰ ਸਨ। ਸਾਡੇ ਸ਼ਹਿਰ ਵਿੱਚ ਇੱਕ ਡੀ. ਸੀ. ਸਾਹਿਬ ਦਾ ਦੂਰ ਦਾ ਰਿਸ਼ਤੇਦਾਰ ਰਾਮ ਰੱਖਾ ਰਹਿੰਦਾ ਏ। ਉਹ ਅਨੁਸੂਚਿਤ ਜਾਤੀ ਦਾ ਹੈ। ਲੋਕਾਂ ਨੇ ਉਹਦੇ ਘਰ ਹੀ ਦਬੀੜਾਂ ਲਗਾ ਛੱਡੀਆਂ। ਇੱਥੋਂ ਤਕ ਕਿ ਲਾਲਿਆਂ ਦੇ ਲੜਕੀਆਂ ਦੇ ਕਾਲਜ ਆਦਰਸ਼ ਮਹਿਲਾ ਵਿਦਿਆਲਿਆ ਦਾ ਪ੍ਰਧਾਨ ਸਖੀ ਚੰਦ ਕਾਲਜ ਦੀ ਕਨਵੋਕੇਸ਼ਨ ਦੀ ਡੀ. ਸੀ. ਤੋਂ ਪ੍ਰਧਾਨਗੀ ਕਰਵਾ ਕੇ ਕੁਝ ਪੈਸੇ ਲੈਣਾ ਚਾਹੁੰਦਾ ਸੀ। ਡੀ. ਸੀ. ਸਾਹਿਬ ਆ ਪਹੁੰਚੇ। ਐੱਸ. ਡੀ. ਐੱਮ. ਸਾਹਿਬ ਖੁਸ਼ ਆਮਦੀਦ ਕਹਿਣ ਲਈ ਮੌਜੂਦ ਹੀ ਸਨ। ਪ੍ਰਸ਼ੰਸਾ ਦੇ ਪੁਲ ਬੰਨ੍ਹੇ ਗਏ। ਫਿਰ ਮੁਸ਼ਕਲਾਂ ਸੁਣਨ ਲਈ ਦਰਬਾਰ ਸ਼ੁਰੂ ਹੋਇਆ। ਪਹਿਲਾਂ ਬਲਾਕ ਸੰਮਤੀ ਦੇ ਚੇਅਰਮੈਨ ਛਿੰਦੀ ਨੇ ਕੁਝ ਸ਼ਬਦ ਬੋਲ ਕੇ ਆਪਣੇ ਨੰਬਰ ਬਣਾਏ। ਅੰਤ ਵਿੱਚ ਡੀ. ਸੀ. ਸਾਹਿਬ ਨੇ ਤਾਂ ਸਭ ਨੂੰ ਮੁਖਾਤਿਬ ਹੋਣਾ ਹੀ ਸੀ। ਜਦੋਂ ਡੀ. ਸੀ. ਸਾਹਿਬ ਬੋਲਣ ਤੋਂ ਬਾਅਦ ਆਪਣੀ ਸੀਟ ’ਤੇ ਜਾ ਬਿਰਾਜੇ ਤਾਂ 10 ਕੁ ਬੰਦਿਆਂ ਨੇ ਆਪਣੀਆਂ ਤਕਲੀਫਾਂ ਵੀ ਬਿਆਨ ਕੀਤੀਆਂ। ਤਕਲੀਫਾਂ ਬਿਆਨ ਕਰਨ ਵਾਲਿਆਂ ਦੀ ਵੀ ਮੱਲ੍ਹੀ ਸਾਹਿਬ ਨੇ ਪਹਿਲਾਂ ਹੀ ਸਕਰੀਨਿੰਗ ਕੀਤੀ ਹੋਈ ਸੀ। ਉਹ ਤਕਲੀਫਾਂ ਪੇਸ਼ ਕੀਤੀਆਂ ਗਈਆਂ ਜਿਹੜੀਆਂ ਬਹੁਤੀਆਂ ਗੰਭੀਰ ਨਹੀਂ ਸਨ। ਡੀ. ਸੀ. ਸਾਹਿਬ ਨੇ ਇਹ ਤਕਲੀਫਾਂ ਅੱਗੇ ਐੱਸ. ਡੀ. ਐੱਮ. ਸ਼ਾਹਿਬ ਨੂੰ ਰੈਫਰ ਕਰ ਦਿੱਤੀਆਂ। ਨਾਲੇ ਡੀ. ਸੀ. ਸਾਹਿਬ ਨੇ ਲੋਕਾਂ ਨੂੰ ਇਹ ਯਕੀਨ ਦਿਵਾਇਆ ਕਿ ਮਸਲੇ ਚੰਦ ਦਿਨਾਂ ਵਿੱਚ ਹੀ ਨਿਪਟਾ ਦਿੱਤੇ ਜਾਣਗੇ।”
“ਇਸਦਾ ਮਤਲਬ ਇਹ ਕਿ ਪ੍ਰੋਗਰਾਮ ਬਹੁਤ ਸੋਹਣਾ ਰਿਹਾ?”
“ਠੀਕ ਰਿਹਾ ਪਰ ਅਸਲੀ ਗੱਲ ਤਾਂ ਸੁਣੋ।”
“ਉਹ ਕੀ?”
“ਖੁੱਲ੍ਹੇ ਦਰਬਾਰ ਵਿੱਚ ਮੋਹਰਿਓਂ ਤੀਜੀ ਲਾਈਨ ਵਿੱਚ ਇੱਕ ਰੋਹਬ ਦਾਅਬ ਵਾਲਾ ਪੇਂਡੂ ਮੋਹਤਬਾਰ ਬੈਠਾ ਸੀ। ਪੱਗ ਦਾ ਤੁਰ੍ਹਲਾ ਉਹਦੇ ਸਿਰ ’ਤੇ ਗਿੱਧਾ ਪਾ ਰਿਹਾ ਸੀ। ਉਸਦੇ ਨਾਲ ਬੈਠਾ ਇੱਕ ਨਸ਼ੇ ਦਾ ਮਾਰਿਆ ਦਾਂਦੂ ਜਿਹਾ ਮਾੜਕੂ ਬੰਦਾ ਇਵੇਂ ਲੱਗ ਰਿਹਾ ਸੀ ਜਿਵੇਂ ਬੋਤੇ ਕੋਲ ਬੱਕਰੀ ਬੱਝੀ ਹੋਵੇ। ਉਸ ਮੋਹਤਬਾਰ ਨੇ ਆਪਣਾ ਹੱਥ ਵਿੱਚ ਫੜਿਆ ਹੋਇਆ ਖੂੰਡਾ ਉੱਪਰ ਨੂੰ ਖੜ੍ਹਾ ਕੀਤਾ ਹੋਇਆ ਸੀ। ਖੂੰਡਾ ਸੰਮਾਂ ਵਾਲਾ ਹੋਣ ਕਰਕੇ ਬਹੁਤ ਸੁੰਦਰ ਲੱਗ ਰਿਹਾ ਸੀ। ਡੀ. ਸੀ. ਸਾਹਿਬ ਨੇ ਉਸ ਮੁਹਤਬਾਰ ਨੂੰ ਉਸਦਾ ਨਾਮ ਪੁੱਛਿਆ। ਉਹ ਕਹਿੰਦਾ, ਉਸਦਾ ਨਾਮ ਸ਼ਿਵਮੰਗਲ ਸਿੰਘ ਏ। ਫਿਰ ਡੀ. ਸੀ. ਸਾਹਿਬ ਨੇ ਉਸਨੂੰ ਬੜੇ ਆਦਰ ਸਤਿਕਾਰ ਨਾਲ ਆਪਣੇ ਪਾਸ ਬੁਲਾ ਲਿਆ। ਜਦੋਂ ਬੰਦਾ ਉੱਠ ਕੇ ਡੀ. ਸੀ. ਸਾਹਿਬ ਪਾਸ ਚਲਾ ਗਿਆ ਤਾਂ ਡੀ. ਸੀ. ਨੇ ਇਹ ਖੂੰਡਾ ਉਸ ਕੋਲ਼ੋਂ ਫੜ ਕੇ ਆਪਣੇ ਹੱਥ ਵਿੱਚ ਫੜ ਲਿਆ। ਖੂੰਡਾ ਡੀ. ਸੀ. ਸਾਹਿਬ ਨੂੰ ਬਹੁਤ ਪ੍ਰਭਾਵਿਤ ਕਰ ਰਿਹਾ ਸੀ। ਲੋਕ ਸੋਚ ਰਹੇ ਸਨ ਕਿ ਡੀ. ਸੀ. ਸਾਹਿਬ ਉਸ ਮੁਹਤਬਾਰ ਨੂੰ ਕਹਿਣਗੇ ਕਿ ਖੂੰਡਾ ਸਿੱਧਾ ਖੜ੍ਹਾ ਕਰਕੇ ਅਫਸਰਾਂ ਮੋਹਰੇ ਨਹੀਂ ਬੈਠੀਦਾ। ਇਸਨੂੰ ਹੇਠਾਂ ਜ਼ਮੀਨ ’ਤੇ ਲੰਮਾ ਪਾ ਕੇ ਰੱਖੀਦਾ ਹੈ। ਪਰ ਇਸ ਪ੍ਰਕਾਰ ਦਾ ਕੁਝ ਨਾ ਹੋਇਆ। ਡੀ. ਸੀ. ਸਾਹਿਬ ਤੇ ਉਸ ਮੁਹਤਬਾਰ ਵਿਚਕਾਰ ਹੋਰ ਗੱਲਬਾਤ ਇਵੇਂ ਹੋਈ।
“ਸਰਦਾਰ ਜੀ, ਇਹ ਖੂੰਡਾ ਤੁਸੀਂ ਕਿੱਥੋਂ ਲਿਆ?”
“ਮਾਈ ਬਾਪ, ਇਸ ਪ੍ਰਕਾਰ ਦੇ ਖੂੰਡੇ ਇਲਾਕੇ ਵਿੱਚ ਸਿਰਫ ਇੱਕ ਆਦਮੀ ਹੀ ਬਣਾਉਂਦਾ ਏ। ਕੋਟ ਫਤੂਹੀ ਵਲ ਨੂੰ ਪਿੰਡ ਪੈਂਦਾ ਏ ਬਸੰਤਕੋਟ। ਉੱਥੇ ਇੱਕ ਤਰਖਾਣ ਏ ਸਾਧੂ ਰਾਮ। ਉਹ ਤਿਆਰ ਕਰਦਾ ਏ ਇਸ ਪ੍ਰਕਾਰ ਦੇ ਖੂੰਡੇ।”
“ਇਸਦੀ ਕੀਮਤ ਕੀ ਏ?”
“ਸਾਹਿਬ ਜੀ, ਇਹ ਹੁਣ ਤੋਂ ਤਿੰਨ ਕੁ ਮਹੀਨੇ ਪਹਿਲਾਂ ਮੈਂ ਤਿੰਨ ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਇਸ ਉੱਪਰ ਪਿੱਤਲ ਮੜ੍ਹੀ ਹੋਈ ਏ। ਮੁੱਠੇ ਨੂੰ ਖਾਸੀ ਚਾਂਦੀ ਵੀ ਲੱਗੀ ਹੋਈ ਏ।”
ਡੀ. ਸੀ. ਸਾਹਿਬ ਨੇ ਫਿਰ ਤਹਿਸੀਲਦਾਰ ਮੱਲ੍ਹੀ ਵੱਲ ਦੇਖਿਆ ਤੇ ਕਿਹਾ, “ਇਸ ਪ੍ਰਕਾਰ ਦੇ ਦਸ ਖੂੰਡੇ ਮੈਨੂੰ ਚਾਹੀਦੇ ਹਨ।”
ਮੱਲ੍ਹੀ ਸਾਹਿਬ, ਜਿਹਨੇ ਮੁੱਛਾਂ ਨੂੰ ਵੱਟ ਚਾੜ੍ਹ ਕੇ ਲੜਾਕੇ ਜਹਾਜ਼ ਦੀ ਤੂਈ ਜਿਹਾ ਬਣਾਇਆ ਹੋਇਆ ਸੀ, ਨੇ ਬੜੀ ਨਿਮਰਤਾ ਤੇ ਆਦਰ ਨਾਲ ਕਿਹਾ, “ਜੀ ਸਾਹਿਬ, ਹਫਤੇ ਵਿੱਚ ਹੀ ਪੁੱਜਦੇ ਕਰ ਦਿਆਂਗੇ।”
“ਪੈਸੇ?” ਮੈਥੋਂ ਜੋਗਿੰਦਰ ਨੂੰ ਪੁੱਛ ਹੋ ਗਿਆ।
“ਸਰ, ਕਿਹੜੀ ਦੁਨੀਆ ਵਿੱਚ ਰਹਿੰਦੇ ਹੋ? ਕਦੇ ਮੰਤਰੀ ਤੇ ਡੀ. ਸੀ. ਜਿਹੇ ਉੱਚੇ ਵਿਅਕਤੀ ਵੀ ਪੈਸੇ ਦਿੰਦੇ ਹੁੰਦੇ ਨੇ? ਕਦੇ ਵੀ ਨਹੀਂ। ਉਨ੍ਹਾਂ ਨੂੰ ਤਾਂ ਪੈਸੇ ਪੁੱਛਣਾ ਵੀ ਗੁਨਾਹ ਹੈ ਤੇ ਬਿਪਤਾ ਮੁੱਲ ਲੈਣਾ ਹੈ। ਸਾਡਾ ਸਾਰਾ ਦਾਰੋਮਦਾਰ ਉਨ੍ਹਾਂ ਦੇ ਸਿਰਾਂ ’ਤੇ ਹੀ ਚਲਦਾ ਏ। ਪੈਸੇ ਅਸੀਂ ਪਟਵਾਰੀਆਂ ਨੇ ਇਕੱਠੇ ਕਰਨੇ ਹੁੰਦੇ ਹਨ। ਸਾਡੇ ਸਾਇਲ ਅੰਤਾਂ ਦੇ ਹਨ। ਇੱਥੇ ਤਕੜੇ ਦਾ ਸੱਤੀਂ ਬੀਹੀਂ ਸੌ ਹੈ। ਇੱਥੇ ਹੀ ਬੱਸ ਨਹੀਂ ...।”
“ਅਜੇ ਹੋਰ ਕੁਝ ਵੀ ਏ?”
“ਹਾਂ, ਬਿਲਕੁਲ ਹੈ। ਉਹ ਇਹ ਕਿ ਇਹ ਖੂੰਡੇ ਲੈਣ ਤੋਂ ਦੋ ਕੁ ਮਹੀਨੇ ਬਾਅਦ ਫਿਰ ਡੀ. ਸੀ. ਸਾਹਿਬ ਦਾ ਸੁਨੇਹਾ ਮੱਲ੍ਹੀ ਸਾਹਿਬ ਨੂੰ ਆ ਗਿਆ। ... ਸ਼ਾਬਾਸ਼, ਮੱਲ੍ਹੀ ਸਾਹਿਬ! ਖੂੰਡਾ ਤਾਂ ਸੱਚਮੁੱਚ ਹੀ ਬਹੁਤ ਕਮਾਲ ਦਾ ਏ। ਹੋਰ ਜ਼ਰੂਰਤ ਪੈ ਗਈ।”
“ਸਾਹਿਬ, ਹੋਰ ਕਿੰਨੇ ਚਾਹੀਦੇ ਹਨ?”
“ਉਸਤੋਂ 60 ਖੂੰਡੇ ਹੋਰ ਬਣਵਾਓ ਤੇ ਭੇਜ ਦਿਓ ਜਾਂ ਆਪ ਆ ਕੇ ਦੇ ਜਾਵੋ।”
ਤਹਿਸੀਲਦਾਰ ਸਾਹਿਬ ਨੇ ਉਸੇ ਸਰਦਾਰ ਨੂੰ ਫਿਰ ਸੁਨੇਹਾ ਭੇਜਿਆ। ਉਹ ਕਹਿੰਦਾ ਕਿ ਹੁਣ ਇਸਦੀ ਕੀਮਤ 3500 ਰੁਪਏ ਹੈ। ਤਹਿਸੀਲਦਾਰ ਸਾਹਿਬ ਨੂੰ ਖਰੀਦਣੇ ਤਾਂ ਪੈਣੇ ਹੀ ਸਨ। ਪਟਵਾਰੀਆਂ ਨੇ ਮਿਲ ਕੇ ਫਿਰ ਆਪਣੇ ਸਾਇਲਾਂ ਤੋਂ ਵੱਢੀ ਦੇ ਰੂਪ ਵਿੱਚ ਪੈਸੇ ਇਕੱਠੇ ਕੀਤੇ। ਥੋੜ੍ਹੀ ਬਹੁਤ ਖੂੰਡਾ ਬਣਾਉਣ ਵਾਲੇ ਨਾਲ ਇਹ ਕਹਿ ਕੇ ਸੌਦੇਬਾਜ਼ੀ ਕਰਕੇ ਰਿਆਇਤ ਕਰਵਾਈ ਕਿ ਮਾਲ ਡੀ. ਸੀ. ਸਾਹਿਬ ਨੂੰ ਜਾਣਾ ਹੈ। ਇਸ ਪ੍ਰਕਾਰ 60 ਖੂੰਡੇ 3200 ਰੁਪਏ ਪ੍ਰਤੀ ਖੂੰਡੇ ਦੇ ਹਿਸਾਬ ਨਾਲ ਬਣਵਾਏ ਗਏ ਤੇ ਡੀ. ਸੀ. ਸਾਹਿਬ ਪਾਸ ਪਹੁੰਚਦੇ ਕਰ ਦਿੱਤੇ।”
“ਜੋਗਿੰਦਰ, ਫਿਰ ਤਾਂ ਤੁਸੀਂ ਲੋਕਾਂ ਦੇ ਅਜੀਬ ਅਜੀਬ ਕੰਮ ਵੀ ਕਰਦੇ ਹੋ?”
“ਬਿਲਕੁਲ ਸਰ! ਤੁਸੀਂ ਇਮਾਨਦਾਰ ਮਹਿਕਮੇ ਵਿੱਚ ਕੰਮ ਕਰਦੇ ਹੋ, ਅਸੀਂ ਅਤਿ ਭ੍ਰਿਸ਼ਟਾਚਾਰੀ ਹਾਂ। ਇਹ ਹੈ ਆਪਣਾ ਦੇਸ਼ ਮਹਾਨ। ਇੱਥੇ ਲੋਕਤੰਤਰ ਅਤੇ ਅਜ਼ਾਦੀ ਹੋਣ ਦੇ ਬਾਵਜੂਦ ਵੀ ਚਾਕਰੀ ਜ਼ੋਰਾਂ ’ਤੇ ਹੈ। ਸਾਨੂੰ ਬਾਂਦਰਾਂ ਨੂੰ ਮੱਕੀ ਦੀਆਂ ਖਿੱਲਾਂ ਮਿਲ ਜਾਂਦੀਆਂ ਹਨ; ਅਸੀਂ ਨਾ ਖਾਂਦੇ ਥੱਕਦੇ ਹਾਂ ਤੇ ਨਾ ਹੀ ਕਿਸੇ ਨੂੰ ਖਵਾਉਂਦੇ ਥੱਕਦੇ ਹਾਂ। ਉੱਪਰੋਂ ਦੇਖਣ ਨੂੰ ਆਪਾਂ ਭਾਵੇਂ ਜਿੰਨੇ ਮਰਜ਼ੀ ਸਿਆਣੇ, ਸੁਹਿਰਦ, ਸਚਿਆਰੇ, ਸੋਝੀਵਾਨ ਦਿਸਣ ਦੀ ਕੋਸ਼ਿਸ਼ ਕਰੀਏ ਪ੍ਰੰਤੂ ਅੰਦਰੋਂ ਅਸੀਂ ਪੂਰੇ ਦੰਭੀ, ਦੁਸ਼ਟ ਤੇ ਦਗੇਬਾਜ਼ ਹਾਂ। ਬੇਈਮਾਨੀ ਤੇ ਭ੍ਰਿਸ਼ਟਾਚਾਰ ਥੱਲਿਓਂ ਉੱਪਰ ਨੂੰ ਨਹੀਂ ਜਾਂਦੇ, ਇਹ ... ਇਹ ਉੱਪਰੋਂ ਥੱਲੇ ਨੂੰ ਆਉਂਦੇ ਹਨ। ਤੁਸੀਂ ਦੇਖਦੇ ਹੀ ਹੋ ਕਿ ਅੱਧੇ ਕੁ ਮੰਤਰੀ ਘੁਟਾਲਿਆਂ ਵਿੱਚ ਫਸੇ ਰਹਿੰਦੇ ਹਨ। ਲੋਕ ਫਿਰ ਵੀ ਉਨ੍ਹਾਂ ਦਾ ਫੁੱਲਾਂ ਦੇ ਹਾਰਾਂ ਨਾਲ ਖੈਰ ਮਕਦਮ ਕਰਦੇ ਹਨ। ਭ੍ਰਿਸ਼ਟਾਚਾਰੀ ਸਿੱਧ ਹੋ ਕੇ ਮੰਤਰੀ ਜੇਲ੍ਹਾਂ ਵਿੱਚ ਵੀ ਬੈਠੇ ਹਨ। ਫਿਰ ਵੀ ਜਦੋਂ ਉਹ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਮਿਲਣ ਲਈ ਲੋਕਾਂ ਦੀਆਂ ਭੀੜਾਂ ਲੱਗ ਜਾਂਦੀਆਂ ਹਨ। ... ਸਰ ਜੀ, ਇਹ ਹੈ ਸਾਡਾ ਦੇਸ਼ ਮਹਾਨ। ਗਿਰਝਾਂ ਗਾਲ੍ਹੜ ਦੇਵਣ ਦਾਦ, ਉੱਲੂ ਗਾਉਣ ਬਸੰਤ ਬਹਾਰ।”
“ਚੰਗਾ ਜੋਗਿੰਦਰ, ਤੇਰੀਆਂ ਗੱਲਾਂ ਬੜੀਆਂ ਦਿਲਚਸਪ ਹਨ। ਮੈਂ ਹੁਣ ਚੱਲਦਾਂ ... ਫਿਰ ਕਦੇ ਮਿਲਾਂਗੇ।”
“ਚੰਗਾ ਸਰ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)


























































































































