“ਮੈਂ ਸੋਚਣ ਲੱਗ ਪਿਆ ਕਿ ਇਹ ਸਲੈਂਗ ਬਣਿਆ ਕਿਵੇਂ ਹੋਊ? ਇਸਦਾ ਇਤਿਹਾਸ ਕੀ ਹੋਊ ...”
(2 ਅਪਰੈਲ 2026)
ਆਸਟਰੇਲੀਆ, ਇੰਗਲੈਂਡ ਅਤੇ ਭਾਰਤ ਦੇ ਇਤਿਹਾਸ ਦੇ ਰਹੱਸਮਈ ਖਿੱਤੇ ਦੇ ਵਰਕੇ ਫਰੋਲਦਿਆਂ ਮੇਰੇ ਸੰਪਰਕ ਵਿੱਚ ਤਿੰਨ ਅਜੀਬ ਜਿਹੇ ਸ਼ਖਸ ਆਏ ਜਿਨ੍ਹਾਂ ਦਾ ਜੀਵਨ ਖਾਨਾਬਦੋਸ਼ ਹੁੰਦਾ ਹੋਇਆ ਇੱਕ ਦੂਜੇ ਦੇ ਨਾਲ ਮੇਲ ਖਾਂਦਾ ਹੈ। ਅਸਲ ਵਿੱਚ ਮੈਂ ਬੋਲੀ ਦੀਆਂ ਪਰਤਾਂ ਫਰੋਲਦਾ ਹੋਇਆ ਉਪਬੋਲੀ (Slang) ’ਤੇ ਕੇਂਦਰਤ ਸਾਂ। ਉਪਬੋਲੀ ਦੇ ਤਰ੍ਹਾਂ ਤਰ੍ਹਾਂ ਦੇ ਸ਼ਬਦਾਂ ’ਤੇ ਝਾਤ ਮਾਰਦਾ ਹੋਇਆ ਮੈਂ ਅਜਿਹੇ ਸ਼ਬਦਾਂ ਦੇ ਮੱਕੜਜਾਲ਼ ਵਿੱਚ ਫਸ ਗਿਆ ਜਿਹੜੇ ਮੈਨੂੰ ਪ੍ਰਭਾਵਿਤ ਵੀ ਕਰੀ ਜਾਣ ਅਤੇ ਹੈਰਾਨ ਵੀ। ਮਿਸਾਲ ਦੇ ਤੌਰ ’ਤੇ ਆਸਟਰੇਲੀਆ ਦੇ ਸੌ ਡਾਲਰ ਦੇ ਕਰੰਸੀ ਨੋਟ ਨੂੰ ਵਾਟਰ ਮੈਲਨ (ਤਰਬੂਜ਼) ਕਿਹਾ ਜਾਂਦਾ ਹੈ ਕਿਉਂਕਿ ਦੋਹਾਂ ਦਾ ਰੰਗ ਗੂੜ੍ਹਾ ਹਰਾ ਹੈ। ਇਸੇ ਪ੍ਰਕਾਰ ਆਸਟਰੇਲੀਆ ਦੇ ਪੰਜਾਹ ਡਾਲਰ ਦੇ ਕਰੰਸੀ ਨੋਟ ਨੂੰ ਪਾਈਨ ਐਪਲ (Pineapple) ਕਿਹਾ ਜਾਂਦਾ ਹੈ ਕਿਉਂਕਿ ਦੋਹਾਂ ਦਾ ਰੰਗ ਪਲੱਤਣ ਵਿੱਚ ਹੈ। 143 ਦੇ ਅੰਕੜੇ ਦਾ ਮਤਲਬ ਹੈ ਆਈ ਲਵ ਯੂ (I Love You) ਕਿਉਂਕਿ ਇਹ ਤਿੰਨ ਸ਼ਬਦ ਕ੍ਰਮਵਾਰ ਇੱਕ ਅੱਖਰ, ਚਾਰ ਅੱਖਰਾਂ ਅਤੇ ਤਿੰਨ ਅੱਖਰਾਂ ਦੇ ਜੋੜ ਨਾਲ ਬਣਦੇ ਹਨ। ‘I’ਇੱਕ ਅੱਖਰ ਹੈ, ‘love’ ਚਾਰ ਅੱਖਰ ਹਨ ਅਤੇ ‘you’ ਤਿੰਨ ਅੱਖਰ ਹਨ।
ਉਪਬੋਲੀ ਦੀ ਸੂਚੀ ’ਤੇ ਧਿਆਨ ਮਾਰਦੇ ਹੋਏ ਮੇਰੀ ਨਜ਼ਰ ਇੱਕ ਪ੍ਰਗਟਾਵੇ ’ਤੇ ਪਈ ਜਿਹੜਾ ਸੀ- ਬਕਲੀਜ਼ ਚਾਂਸ (Buckly's Chance)। ਇਸਦਾ ਮਤਲਬ ਹੁੰਦਾ ਹੈ ਕੋਈ ਚਾਂਸ ਨਹੀਂ, ਅਸੰਭਵ ਜਾਂ ਬਹੁਤ ਘੱਟ ਸੰਭਵ। ਮੈਂ ਸੋਚਣ ਲੱਗ ਪਿਆ ਕਿ ਇਹ ਸਲੈਂਗ ਬਣਿਆ ਕਿਵੇਂ ਹੋਊ? ਇਸਦਾ ਇਤਿਹਾਸ ਕੀ ਹੋਊ? ਜਦੋਂ ਮੈਂ ਇਸਦੀਆਂ ਪਰਤਾਂ ਫੋਲੀਆਂ ਤਾਂ ਇਸ ਸਲੈਂਗ ਦੇ ਹੋਂਦ ਵਿੱਚ ਆਉਣ ਦੇ ਪਿੱਛੇ ਇੱਕ ਬੜਾ ਰਹੱਸਮਈ ਇਤਿਹਾਸ ਨਜ਼ਰ ਆਇਆ। ਇਹ ਇਤਿਹਾਸ ਇੱਕ ਗੋਰੇ ਵਿਲੀਅਮ ਬਕਲੀ (William Buckley) ਨਾਲ ਜੁੜਿਆ ਹੋਇਆ ਹੈ। ਵਿਲੀਅਮ ਬਕਲੀ 1776 ਵਿੱਚ ਇੰਗਲੈਂਡ ਵਿੱਚ ਚੈਸ਼ਾਇਰ ਦੇ ਮੈਕਲੀਜ਼ਫੀਲਡ (Macclesfield) ਇਲਾਕੇ ਦੇ ਪਿੰਡ ਮਾਰਟਨ (Merton) ਵਿਖੇ ਪੈਦਾ ਹੋਇਆ ਸੀ। ਛੋਟੇ ਹੁੰਦੇ ਨੂੰ ਇਹਨੂੰ ਇਹਦੇ ਨਾਨੇ ਨੇ ਪਾਲਿਆ ਸੀ। ਇਹ ਇੱਕ ਰਾਜ ਮਿਸਤਰੀ ਦੇ ਤੌਰ ’ਤੇ ਕੰਮ ਕਰਨ ਲੱਗਾ। ਇਸਦਾ ਕੱਦ ਛੇ ਫੁੱਟ ਛੇ ਇੰਚ ਸੀ, ਵਾਲ ਆਲੇ ਦੁਆਲੇ ਨੂੰ ਵਧਵੇਂ ਕਾਲੇ ਸਨ, ਛੋਟਾ ਮੱਥਾ ਸੀ, ਵਧਵੇਂ ਭਰਵੱਟੇ ਅੱਖਾਂ ਉੱਪਰ ਨੂੰ ਲਟਕਦੇ ਰਹਿੰਦੇ ਸਨ। ਛੋਟੇ ਆਕਾਰ ਦਾ ਚਪਟਾ ਜਿਹਾ ਨੱਕ ਸੀ ਤੇ ਚਿਹਰੇ ਉੱਤੇ ਮਾਤਾ ਦੇ ਭਾਰੇ ਭਾਰੇ ਦਾਗ ਸਨ। ਦੇਖਣ ਨੂੰ ਇਹ ਨਿਰਾ ਡਾਕੂ ਅਤੇ ਕਾਤਲ ਲਗਦਾ ਸੀ। ਉਸਦੀ ਡਰਾਉਣੀ, ਬੇਢਵੀ ਸ਼ਕਲ ਨੇ ਉਸਨੂੰ 19 ਸਾਲ ਦੀ ਉਮਰ ਵਿੱਚ ਇੰਗਲੈਂਡ ਦੀ ਫੌਜ ਵਿੱਚ ਭਰਤੀ ਹੋਣ ਵਿੱਚ ਮਦਦ ਕੀਤੀ ਕਿਉਂਕਿ ਫੌਜ ਵਿੱਚ ਡਰਾਉਣੀ ਸ਼ਕਲ ਵਾਲੇ ਸ਼ਖਸ਼ਾਂ ਦੀ ਉਦੋਂ ਜ਼ਰੂਰਤ ਸੀ।
1799 ਵਿੱਚ ਫੌਜ ਨੈਪੋਲੀਅਨ ਬੋਨਾਪਾਰਟ ਦੇ ਖਿਲਾਫ ਲੜਨ ਲਈ ਨੀਦਰਲੈਂਡ ਗਈ। ਲੜਾਈ ਦੌਰਾਨ ਬਕਲੀ ਦੀ ਸੱਜੀ ਬਾਂਹ ’ਤੇ ਗੰਭੀਰ ਸੱਟ ਲੱਗ ਗਈ। ਫੌਜ ਵਿੱਚ ਉਹ ਕੁਝ ਮਾੜੇ ਸਿਪਾਹੀਆਂ ਦੀ ਸੰਗਤ ਵਿੱਚ ਵੀ ਪੈ ਗਿਆ। ਉਸਦੇ ਦੱਸਣ ਮੁਤਾਬਿਕ ਉਸ ਨੂੰ ਇੱਕ ਇਸਤਰੀ ਨੇ ਕੱਪੜੇ ਦਾ ਇੱਕ ਥਾਨ ਇੱਕ ਥਾਂ ਤੋਂ ਦੂਜੀ ਥਾਂ ਲਿਜਾ ਕੇ ਕਿਸੇ ਨੂੰ ਦੇਣ ਲਈ ਕਿਹਾ। ਬਾਅਦ ਵਿੱਚ ਪਤਾ ਲੱਗਾ ਕਿ ਉਹ ਥਾਨ ਚੋਰੀ ਦਾ ਸੀ। ਚੋਰੀ ਦੇ ਦੋਸ਼ ਕਰਕੇ ਬਕਲੀ ਨੂੰ 14 ਸਾਲ ਦੀ ਕੈਦ ਹੋ ਗਈ। ਉਸ ਸਮੇਂ ਇੰਗਲੈਂਡ ਦੇ ਅਪਰਾਧੀ ਆਸਟਰੇਲੀਆ ਵਿੱਚ ਸਜ਼ਾ ਕੱਟਣ ਲਈ ਭੇਜੇ ਜਾਂਦੇ ਸਨ। 1803 ਵਿੱਚ ਬਕਲੀ ਨੂੰ ਫੌਜ ਨੇ ਇੱਕ ਪਾਣੀ ਵਾਲੇ ਜਹਾਜ਼ ਵਿੱਚ ਸੁੱਟ ਕੇ ਪੋਰਟ ਫਿਲਿਪ ਬੇਅ (Port Phillip Bay) ਨੂੰ ਭੇਜ ਦਿੱਤਾ। ਇਸ ਬੇਅ (ਖਾੜੀ) ’ਤੇ ਚੰਗੇ ਭੋਜਨ ਤੇ ਤਾਜ਼ੇ ਪਾਣੀ ਦੀ ਘਾਟ ਸੀ। ਕਾਫੀ ਗਿਣਤੀ ਵਿੱਚ ਕੈਦੀ ਇੱਥੇ ਝੌਂਪੜੀਆਂ ਬਣਾ ਕੇ ਰਹਿੰਦੇ ਸਨ। ਕੁਝ ਮਹੀਨਿਆਂ ਦਾ ਘਟੀਆ ਜੀਵਨ ਬਿਤਾ ਕੇ ਕੁਝ ਅਪਰਾਧੀ ਤਸਮਾਨੀਆ ਸੂਬੇ ਨੇੜੇ ਵੈਨ ਡੇਮੀਅਨਜ਼ ਲੈਂਡ (Van Damien's Land) ਵਿਖੇ ਪਹੁੰਚੇ। ਬਕਲੀ ਤੇ ਪੰਜ ਹੋਰ ਕੈਦੀ ਚੁਸਤੀ ਨਾਲ ਬਾਕੀਆਂ ਤੋਂ ਅਲੱਗ ਹੋ ਕੇ ਸਿਡਨੀ ਵੱਲ ਦੇ ਪਾਸੇ ਨੂੰ ਚਲੇ ਗਏ। ਇਨ੍ਹਾਂ ਵਿੱਚੋਂ ਤਿੰਨ ਆਪਣੇ ਅਫਸਰਾਂ ਦੀਆਂ ਗੋਲੀਆਂ ਨਾਲ ਉਸ ਵੇਲੇ ਮਾਰੇ ਗਏ ਜਦੋਂ ਉਹ ਉਹਨਾਂ ਦੇ ਚੁੰਗਲ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਬਕਲੀ ਅਤੇ ਇਸਦੇ ਦੋ ਸਾਥੀਆਂ ਨੇ ਉਸ ਭੋਜਨ ਨਾਲ ਗੁਜ਼ਾਰਾ ਕੀਤਾ, ਜਿਹੜਾ ਉਹ ਨਾਲ ਲਿਆਏ ਸਨ। ਇਸਦੇ ਨਾਲ ਇਨ੍ਹਾਂ ਨੂੰ ਸਮੁੰਦਰੀ ਭੋਜਨ (Sea food) ਵੀ ਪ੍ਰਾਪਤ ਹੋ ਗਿਆ। ਇਨ੍ਹਾਂ ਜਜ਼ੀਰਿਆਂ ਉੱਪਰੋਂ ਜਿੱਧਰ ਨੂੰ ਵੀ ਇਹ ਜਾਣ ਦੀ ਕੋਸ਼ਿਸ਼ ਕਰਦੇ ਸਨ, ਇਨ੍ਹਾਂ ਨੂੰ ਹਮੇਸ਼ਾ ਆਦਿਵਾਸੀਆਂ ਦਾ ਡਰ ਸਤਾਉਂਦਾ ਰਹਿੰਦਾ ਸੀ। ਆਦਿਵਾਸੀ ਇਨ੍ਹਾਂ ਗੋਰਿਆਂ ’ਤੇ ਹਮਲੇ ਕਰਦੇ ਸਨ। ਬਚਣ ਬਚਾਉਣ ਦੀ ਦੌੜ ਵਿੱਚ ਬਕਲੀ ਇਕੱਲਾ ਰਹਿ ਗਿਆ। ਭੋਜਨ ਪਾਣੀ ਠੀਕ ਨਾ ਮਿਲਣ ਕਾਰਨ ਬਿਮਾਰ ਹੋ ਗਿਆ। ਉਹ ਮੁਸ਼ਕਿਲ ਨਾਲ ਮਰਨ ਤੋਂ ਬਚਿਆ। ਫਿਰ ਉਹ ਸਮੁੰਦਰ ਵਿੱਚ ਅੰਤਾਂ ਦੀਆਂ ਮੁਸ਼ਕਿਲਾਂ ਝੱਲਦਾ ਹੋਇਆ ਵਿਕਟੋਰੀਆ ਸੂਬੇ ਦੇ ਨੇੜੇ ਤਿੰਨ ਅਜਿਹੇ ਆਦਿਵਾਸੀਆਂ ਨੂੰ ਮਿਲਿਆ, ਜਿਨ੍ਹਾਂ ਪਾਸ ਵੱਡੇ ਆਕਾਰ ਦੇ ਨੇਜੇ ਸਨ। ਉਹਨਾਂ ਨੇ ਬਕਲੀ ਨੂੰ ਆਪਣੇ ਵਡੇਰਿਆਂ ਦੀ ਰੂਹ ਸਮਝ ਲਿਆ। ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹ ਇੱਕ ਆਦਿਵਾਸੀ ਹੀ ਹੈ। ਆਦਿਵਾਸੀਆਂ ਨੇ ਉਸਦਾ ਨਾਮ ਮੁਰਨਗਰਕ (Murrangurk ਰੱਖ ਦਿੱਤਾ। ਉਹ ਨਾਮ ਕਿਸੇ ਵੇਲੇ ਉਹਨਾਂ ਦੇ ਕਬੀਲੇ ਦੇ ਮੁਖੀ ਦਾ ਹੁੰਦਾ ਸੀ। ਇਸ ਸ਼ਬਦ ਦਾ ਆਦਿਵਾਸੀ ਭਾਸ਼ਾ ਵਿੱਚ ਅਰਥ ਹੁੰਦਾ ਏ: ਉਹ ਵਿਅਕਤੀ ਜਿਹੜਾ ਮਰ ਕੇ ਦੁਬਾਰਾ ਜਿਊਂਦਾ ਹੋ ਜਾਵੇ। ਕਬੀਲੇ ਨੇ ਅੰਤਾਂ ਦੀਆਂ ਖੁਸ਼ੀਆਂ ਮਨਾਈਆਂ, ਸੱਭਿਆਚਾਰਕ ਪ੍ਰੋਗਰਾਮ ਕੀਤਾ, ਇਹ ਜ਼ਾਹਿਰ ਕਰਨ ਲਈ ਕਿ ਕਬੀਲੇ ਦਾ ਮੁਖੀ ਮੁੜ ਜੀਵਤ ਹੋ ਗਿਆ ਹੈ। ਇਸ ਵਾਲਾਰੰਗਾ ਕਬੀਲੇ (Wallaranga Tribe) ਨੇ ਬਕਲੀ ਨੂੰ ਬਹੁਤ ਆਦਰ ਮਾਣ ਸਤਿਕਾਰ ਦਿੱਤਾ। ਇਸਨੇ ਬਕਲੀ ਨੂੰ ਆਪਣੀ ਬੋਲੀ ਵੀ ਸਿਖਾ ਦਿੱਤੀ। ਆਪਣੇ ਰਸਮ ਰਿਵਾਜ਼ ਅਤੇ ਜੀਵਨ ਜਾਚ ਦੇ ਤਰੀਕਿਆਂ ਤੋਂ ਜਾਣੂ ਕਰਵਾ ਦਿੱਤਾ। ਬਕਲੀ ਕਬੀਲੇ ਦੇ ਲੋਕਾਂ ਨਾਲ ਮਿਲ ਕੇ ਮੱਛੀਆਂ ਫੜਦਾ, ਭੋਜਨ ਬਣਾਉਂਦਾ, ਪਹਿਨਣ ਲਈ ਖੱਲਾਂ ਤਿਆਰ ਕਰਵਾਉਂਦਾ ਅਤੇ ਸ਼ਿਕਾਰ ’ਤੇ ਵੀ ਜਾਂਦਾ। ਇੱਥੇ ਰਹਿ ਕੇ ਬਕਲੀ ਨੂੰ ਖਾਣ ਪੀਣ ਦੀ ਪੂਰੀ ਮੌਜ ਲੱਗੀ ਰਹੀ। ਉਸਦੀ ਸਿਹਤ ਵੀ ਸੋਹਣੀ ਬਣ ਗਈ। ਆਦਿ ਵਾਸੀਆਂ ਨਾਲ ਬਕਲੀ 32 ਸਾਲ ਰਿਹਾ। ਇਹ ਲੋਕ ਬਾਰਵਿਨ ਦਰਿਆ (Barwin River) ਦੇ ਨੇੜੇ ਰਹੇ। ਨੇੜੇ ਕਈ ਜਹਾਜ਼ ਹਾਦਸਾ ਗ੍ਰਸਤ ਹੋਏ ਮਿਲ ਜਾਂਦੇ ਸਨ। ਇਨ੍ਹਾਂ ਜਹਾਜ਼ਾਂ ਵਿੱਚੋਂ ਇਹ ਲੋਕ ਕਈ ਪ੍ਰਕਾਰ ਦੇ ਪੁਰਜ਼ੇ, ਕੰਬਲ ਅਤੇ ਹੋਰ ਚੀਜ਼ਾਂ ਕੱਢ ਲਿਆਉਂਦੇ ਸਨ। ਇਸ ਕਬੀਲੇ ਵਿੱਚ ਰਹਿੰਦਿਆਂ ਬਕਲੀ ਦੇ ਹੱਥ ਇੱਕ ਤੀਵੀਂ ਵੀ ਲੱਗ ਗਈ। ਇਹਦੇ ਪਾਸ ਇਕ ਲੜਕੀ ਸੀ। ਇਹ ਤੀਵੀਂ ਬਕਲੀ ਤੋਂ 15 ਸਾਲ ਵੱਡੀ ਵੀ ਸੀ। ਕੁਝ ਦੇਰ ਬਾਅਦ ਇਹ ਤੀਵੀਂ ਇਸਤੋਂ ਖੋਹ ਲਈ ਗਈ। ਇਸਦਾ ਨਾਮ, ਰਸੂਖ ਕਬੀਲੇ ਵਿੱਚ ਫਿਰ ਵੀ ਬਣਿਆ ਰਿਹਾ। ਜਦੋਂ ਕੋਈ ਗੋਰੇ ਲੋਕ ਇਸ ਨੂੰ ਮਿਲਦੇ ਤਾਂ ਇਹ ਉਹਨਾਂ ਨੂੰ ਮਿਲਣ ਤੋਂ ਗੁਰੇਜ਼ ਕਰਦਾ ਕਿਉਂਕਿ ਆਦਿਵਾਸੀ ਗੋਰਿਆਂ ਨੂੰ ਆਪਣਾ ਦੁਸ਼ਮਣ ਸਮਝਦੇ ਸਨ। 1835 ਈਸਵੀ ਵਿੱਚ ਇੱਕ ਗੋਰੇ ਅਪਰਾਧੀਆਂ ਦਾ ਜਹਾਜ਼ ਇਡੈਂਟਡ ਹੈੱਡ (Indented Head) ਪਹੁੰਚਿਆ। ਬਕਲੀ ਨੂੰ ਪਤਾ ਲੱਗਾ ਕਿ ਆਦਿਵਾਸੀ ਇਸ ਜਹਾਜ਼ ਵਿਚਲੇ ਗੋਰਿਆਂ ਦਾ ਕਤਲ ਕਰਕੇ ਉਹਨਾਂ ਨੂੰ ਲੁੱਟਣਾ ਚਾਹੁੰਦੇ ਸਨ। 6 ਜੁਲਾਈ 1835 ਨੂੰ ਬਕਲੀ ਅਤੇ ਇਸਦੇ ਆਦਿਵਾਸੀ ਸਾਥੀ ਕੰਗਾਰੂ ਦੀਆਂ ਖੱਲਾਂ ਪਹਿਨਕੇ, ਮਾਰੂ ਹਥਿਆਰ ਲੈ ਕੇ ਜੌਹਨ ਵੈੱਜ (John Wedge) ਦੀ ਅਗਵਾਈ ਵਿੱਚ ਗੋਰੇ ਅਪਰਾਧੀਆਂ ਦੇ ਕੈਂਪ ਵਿੱਚ ਪਹੁੰਚੇ। ਗੋਰੇ ਅਪਰਾਧੀਆਂ ਦਾ ਨੇਤਾ ਵਿਲੀਅਮ ਟੌਡ ਦੇਖਦਾ ਹੈ ਕਿ ਉਸਨੇ ਬਕਲੀ ਦੀ ਬਾਂਹ ਤੇ ਖੁਣਿਆ ਹੋਇਆ ‘WB’ ਦੇਖ ਲਿਆ ਤੇ ਉਹ ਜਾਣ ਗਿਆ ਕਿ ਇਹ ਤਾਂ ਉਹੀ ਬਕਲੀ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਆਦਿਵਾਸੀਆਂ ਨਾਲ ਰਹਿ ਰਿਹਾ ਹੈ। ਬਕਲੀ ਆਦਿਵਾਸੀ ਭਾਸ਼ਾ ਵੱਧ ਬੋਲਦਾ ਸੀ ਤੇ ਅੰਗਰੇਜ਼ੀ ਥੋੜ੍ਹੀ ਥੋੜ੍ਹੀ। ਇਹ ਉਹੀ ਬਕਲੀ ਸੀ ਜਿਸਦੇ ਬਾਰੇ ਆਮ ਚਰਚਾ ਸੀ ਕਿ ਉਹ ਮਰ ਚੁੱਕਾ ਸੀ। ਕਾਨੂੰਨੀ ਤੌਰ ’ਤੇ ਉਹ ਅਜੇ ਵੀ ਅਪਰਾਧੀ ਸੀ ਤੇ ਉਸ ਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਵੱਡੀ ਗੱਲ ਇਹ ਸੀ ਕਿ ਬਕਲੀ ਨੇ ਆਦਿਵਾਸੀਆਂ ਦਾ ਚਹੇਤਾ ਹੋਣ ਦੇ ਬਾਵਜੂਦ ਵੀ ਆਦਿਵਾਸੀਆਂ ਨੂੰ ਗੋਰਿਆਂ ਦਾ ਕਤਲ ਕਰਨ ਤੋਂ ਰੋਕਿਆ। ਦੋਹਾਂ ਪਾਸਿਆਂ ਨੇ ਦੁਸ਼ਮਣੀ ਮਿਟਾ ਕੇ ਇੱਕ ਦੂਜੇ ਨਾਲ ਦੋਸਤੀ ਦਾ ਹੱਥ ਵਧਾਇਆ ਸੀ।
ਇਸ ਤੋਂ ਬਾਅਦ ਗੋਰੇ ਸਿਆਸੀ ਬੰਦਿਆਂ ਨੇ ਉਸਨੂੰ ਗੋਰਿਆਂ ਅਤੇ ਆਦਿਵਾਸੀਆਂ ਵਿੱਚ ਦੋਭਾਸ਼ੀਏ ਦੀ ਨੌਕਰੀ ਦੇ ਦਿੱਤੀ। ਮੈਲਬੌਰਨ ਵਿੱਚ ਘਰ ਵੀ ਦੇ ਦਿੱਤਾ। ਬਾਅਦ ਵਿੱਚ ਬਕਲੀ ਨੇ ਗੋਰਿਆਂ ਅਤੇ ਆਦਿਵਾਸੀਆਂ ਵਿੱਚ ਨੇੜਤਾ ਲਿਆਉਣ ਲਈ ਬੜੇ ਵਧੀਆ ਕੰਮ ਕੀਤੇ। ਉਹ ਦੋਹਾਂ ਵਿਚਕਾਰ ਇੱਕ ਨਰੋਈ ਕੜੀ ਬਣ ਗਿਆ। ਆਖਰ ਵਿੱਚ 1817 ਵਿੱਚ ਬਕਲੀ ਫਿਰ ਵਾਪਸ ਤਸਮਾਨੀਆ ਨੇੜੇ ਵੈਨ ਡੇਮੀਅਮ ਲੈਂਡ (Van Damiem Land) ਵਿਖੇ ਚਲਾ ਗਿਆ। ਉੱਥੇ 27 ਜੂਨ 1840 ਨੂੰ ਉਸਦਾ ਵਿਆਹ ਜੂਲੀਆ ਹੱਗਿੰਜ਼ (Julia Huggins) ਨਾਲ ਹੋਇਆ। ਉਹ ਕੱਦ ਦੀ ਬਹੁਤ ਛੋਟੀ ਸੀ। ਬਕਲੀ ਬਹੁਤ ਜ਼ਿਆਦਾ ਲੰਬਾ ਸੀ। ਜੂਲੀਆ ਦਾ ਵਿਆਹ ਪਹਿਲਾਂ ਵੀ ਹੋਇਆ ਸੀ ਪਰ ਉਸਦਾ ਪਤੀ ਕਤਲ ਕੀਤਾ ਜਾ ਚੁੱਕਾ ਸੀ। 1856 ਵਿੱਚ ਬਕਲੀ ਸੱਟ ਲੱਗਣ ਨਾਲ ਜ਼ਖਮੀ ਹੋ ਗਿਆ ਤੇ ਉਦੋਂ ਹੀ 76 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ।
ਬਕਲੀ ਦਾ ਜੀਵਨ ਇੰਨਾ ਰਹੱਸਮਈ, ਗਿਰਗਟੀ, ਗੁੱਝਾ, ਦੋ ਪੱਖੀ ਹੈ ਕਿ ਕਿਸੇ ਸਮੇਂ ਯਕੀਨ ਨਹੀਂ ਆਉਂਦਾ ਸੀ ਕਿ ਉਹ ਇੰਗਲੈਂਡ ਤੋਂ ਕੈਦੀ ਦੇ ਤੌਰ ’ਤੇ ਆਸਟਰੇਲੀਆ ਵੱਲ ਨੂੰ ਤੁਰਨ ਤੋਂ ਬਾਅਦ ਜਿਊਂਦਾ ਵੀ ਹੈ ਤੇ 32 ਸਾਲ ਆਦਿਵਾਸੀਆਂ ਵਿੱਚ ਘੁਲ ਮਿਲ ਕੇ ਉਹਨਾਂ ਜਿਹਾ ਜੀਵਨ ਬਸਰ ਕਰਦਾ ਹੈ। ਅੰਤ ਵਿੱਚ ਫਿਰ ਗੋਰੇ ਪ੍ਰਵਾਸੀ ਅਪਰਾਧੀਆਂ ਅਤੇ ਆਸਟਰੇਲੀਆ ਦੇ ਐਬੋਰਿਜਨਲਜ਼ (Aboriginals) ਵਿੱਚ ਸਫਲਤਾ ਨਾਲ ਕੜੀ ਦਾ ਕੰਮ ਕਰਨਾ ਦੁਹਰਾ ਜੀਵਨ ਜਿਊਣ ਦੀ ਹੈਰਾਨੀਜਨਕ ਦਾਸਤਾਨ ਹੈ। ਬਕਲੀ ਦੀ ਕਹਾਣੀ ਇਸ ਧਾਰਨਾ ’ਤੇ ਪੂਰੀ ਉੱਤਰਦੀ ਹੈ ਕਿ ਅਕਸਰ ਦਿਸ ਅਕਸਰ ਧੋਖੇਬਾਜ਼ ਹੁੰਦੀ ਏ (Appearances are usually deceptive). Buckley's chance. ਇਹ ਬਕਲੀ ਦੇ ਭੇਦ ਭਰੇ ਜੀਵਨ ਬਾਰੇ ਹੈ ਇਸਦਾ ਅਰਥ ਹੈ- No Chance.
ਦੂਜਾ ਭੇਦ ਭਰਿਆ ਜੀਵਨ ਜਿਊਣ ਵਾਲਾ ਵਿਅਕਤੀ ਬੱਡ ਸਿੰਘ (Bud Singh) ਸੀ। ਇਸਦਾ ਅਸਲੀ ਨਾਮ ਬੁੱਧ ਸਿੰਘ ਸੀ। ਤੁਸੀਂ ਜਾਣਦੇ ਹੋ ਗੋਰੇ ਅਕਸਰ ਭਾਰਤੀ ਸ਼ਬਦਾਂ ਨੂੰ ਉਸੇ ਤਰ੍ਹਾਂ ਲਿਖਣ ਲੱਗ ਪੈਂਦੇ ਹਨ ਜਿਵੇਂ ਉਹਨਾਂ ਨੂੰ ਬੋਲਦੇ ਸਨ। ਉਹ: ਮੁੰਬਈ’ ਨੂੰ ‘ਬੰਬੇ’, “ਬੰਗਲੌਰੁ’ ਨੂੰ ‘ਬੰਗਲੌਰ’, “ਪਲੱਛੀ’ ਨੂੰ ‘ਪਲਾਸੀ’ ਤੇ ‘ਕਲਕੱਤੇ’ ਨੂੰ ‘ਕੈਲਕਟਾ’ ਕਹਿਣ ਲੱਗ ਪਏ ਸਨ।
ਭਾਰਤੀ, ਖਾਸ ਕਰਕੇ ਪੰਜਾਬੀ, ਆਸਟਰੇਲੀਆ ਵਿੱਚ ਕਾਫੀ ਸਮਾਂ ਪਹਿਲਾਂ ਆਉਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਪੰਜਾਬੀਆਂ ਵਿੱਚ ਇੱਕ ਨਾਮ ਬੱਡ ਸਿੰਘ (Bud Singh) ਹੈ, ਜਿਹੜਾ ਇੱਥੇ 1900 ਈਸਵੀ ਵਿੱਚ ਆਇਆ ਸੀ। ਬੁੱਧ ਸਿੰਘ ਸਿਡਨੀ ਦੇ ਕੈਮਡਨ ਦੇ ਇਲਾਕੇ ਵਿੱਚ ਇੱਕ ਫੇਰੀ ਵਾਲੇ (Hawker) ਦੇ ਤੌਰ ’ਤੇ ਕੰਮ ਕਰਦਾ ਹੁੰਦਾ ਸੀ। ਕੁਝ ਸਾਲ ਇਹ ਕੰਮ ਕਰਨ ਤੋਂ ਬਾਅਦ ਉਸਨੇ ਜਾਰਾਂਡੇਰੀ (Yerrenderie) ਵਿਖੇ ਆਪਣਾ ਜਨਰਲ ਸਟੋਰ ਖੋਲ੍ਹ ਲਿਆ। ਸਖਤ ਮਿਹਨਤ ਕਰਕੇ ਉਹ ਚੰਗਾ ਪੈਸੇ ਵਾਲਾ ਹੋ ਗਿਆ।
ਬੱਡ ਸਿੰਘ ਸਮਾਜਸੇਵਾ ਦੇ ਕੰਮਾਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲੈਂਦਾ sI। ਉਹ ਪ੍ਰਤੀ ਸਾਲ 100 ਪੌਂਡ ਕੈਮਡਨ ਹਸਪਤਾਲ ਨੂੰ ਦਾਨ ਵਜੋਂ ਦਿੰਦਾ ਹੁੰਦਾ ਸੀ। ਇਸ ਦਾਨ ਦੀ ਵਜਾਹ ਨਾਲ ਉਸਨੂੰ ਹਸਪਤਾਲ ਨੇ ਬੋਰਡ ਦਾ ਉਮਰ ਭਰ ਲਈ ਮੈਂਬਰ ਬਣਾ ਲਿਆ ਸੀ। ਨਿਸ਼ਕਾਮ ਸੇਵਾ ਕਰਕੇ ਉਸਦੀ ਮੌਤ ਤੋਂ ਬਾਅਦ ਹਸਪਤਾਲ ਵਿੱਚ ਉਸਦੀ ਯਾਦ ਵਿੱਚ ਇੱਕ ਯਾਦ ਪਲੇਟ (Plaque) ਲਾ ਦਿੱਤੀ ਗਈ ਸੀ। ਕੁਝ ਸਮਾਂ ਬਾਅਦ ਇਸ ਹਸਪਤਾਲ ਵਿੱਚ ਵੱਡੇ ਪੱਧਰ ’ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤਾਂ ਇਸ ਪ੍ਰਕਾਰ ਦੀਆਂ ਸਭ ਪਲੇਟਾਂ ਉਤਾਰਨੀਆਂ ਪਈਆਂ ਸਨ। ਬਾਅਦ ਵਿੱਚ ਸਰਦਾਰ ਬਲਜਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਇਹ ਯਾਦ ਚਿੰਨ੍ਹ ਹਸਪਤਾਲ ਵਿੱਚ ਫਿਰ ਲੁਆ ਲਿਆ ਗਿਆ ਸੀ। ਬਲਜਿੰਦਰ ਸਿੰਘ ਇੱਕ ਅਜਿਹਾ ਵਿਅਕਤੀ ਹੈ, ਜਿਹੜਾ ਆਪਣੇ ਬਾਬੇ ਮਹਿੰਗਾ ਸਿੰਘ (ਸਥਾਨਕ ਨਾਮ ਚਾਰਲੀ ਸਿੰਘ) ਨੂੰ ਲੱਭਣ ਲਈ ਆਸਟਰੇਲੀਆ ਆਇਆ ਸੀ। ਉਸ ਨੂੰ ਆਪਣਾ ਬਾਬਾ ਤਾਂ ਨਹੀਂ ਲੱਭਿਆ ਸੀ ਪ੍ਰੰਤੂ ਉਸਦੀ ਕਬਰ ਜ਼ਰੂਰ ਮਿਲ ਗਈ ਸੀ। ਨਾਲ ਉਸਦੀ ਪ੍ਰਸਿੱਧ ਇਤਿਹਾਸਕਾਰਾਂ ਲਿਨ ਕੈਨਾ (Len Kenna) ਤੇ ਕ੍ਰਿਸਟਲ ਜੋਰਡਨ (Crystal Jordan) ਨਾਲ ਭੇਟ ਵਾਰਤਾ ਹੋ ਗਈ ਸੀ, ਜਿਨ੍ਹਾਂ ਨੇ ਬਲਜਿੰਦਰ ਨੂੰ ਬੱਡ ਸਿੰਘ ਬਾਰੇ ਕਾਫੀ ਕੁਝ ਦੱਸਿਆ ਸੀ। ਲਿੰਨ ਯਕੀਨ ਕਰਦਾ ਹੈ ਕਿ ਬੱਡ ਸਿੰਘ 1926 ਵਿੱਚ ਪੰਜਾਬ ਵਾਪਸ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ ਸੀ। ਕ੍ਰਿਸਟਲ ਜੋਰਡਨ ਲਿਖਦੀ ਹੈ:
“ਬੱਡ ਸਿੰਘ ਆਸਟਰੇਲੀਆ ਤੋਂ ਪੰਜਾਬ ਵਾਪਸ ਜਾਣ ਸਮੇਂ 50 ਸਾਲ ਦੀ ਉਮਰ ਤੋਂ ਥੋੜ੍ਹਾ ਵੱਧ ਸੀ। ਬਿਮਾਰ ਹੋਣ ਕਾਰਨ ਉਸਦੀ ਪੰਜਾਬ ਵਿੱਚ ਹੀ ਮੌਤ ਹੋ ਗਈ ਸੀ। ਉਸਦਾ ਵਾਪਸ ਆਉਣ ਦਾ ਪੱਕਾ ਇਰਾਦਾ ਸੀ। ਜੇ ਇੰਝ ਨਾ ਹੁੰਦਾ ਤਾਂ ਉਸਨੇ ਆਪਣੀ ਜ਼ਮੀਨ ਪੂਰੀ ਤਰ੍ਹਾਂ ਵੇਚ ਕੇ ਜਾਣਾ ਸੀ।”
ਇੱਕ ਗੋਰਾ ਵਿਅਕਤੀ ਨਂਰਮਨ ਡੰਨ ਜੋ ਬੱਡ ਸਿੰਘ ਦੇ ਸਟੋਰ ’ਤੇ ਕਰਿੰਦੇ ਵਜੋਂ ਕੰਮ ਕਰਦਾ ਦੱਸਿਆ ਜਾਂਦਾ ਸੀ, ਉਸਦੇ ਬਾਰੇ ਲਿਖਦਾ ਏ, “ਬੱਡ ਸਿੰਘ ਨੇ 1904 ਈਸਵੀ ਵਿੱਚ ਯਾਰਿਨਡਰੀ (Yerranderie) ਵਿੱਚ ਇੱਕ ਛੋਟਾ ਜਿਹਾ ਸਟੋਰ ਸਥਾਪਿਤ ਕੀਤਾ ਸੀ। ਭਾਵੇਂ ਬੱਡ ਸਿੰਘ ਕੋਰਾ ਅਨਪੜ੍ਹ ਸੀ, ਫਿਰ ਵੀ ਉਸਨੇ ਅੰਕੜੇ ਲਿਖਣੇ ਸਿੱਖ ਲਏ ਸਨ ਤੇ ਦਸਤਖਤ ਕਰਨੇ ਵੀ ਸਿੱਖ ਲਏ। ਦੁਕਾਨ ਠੀਕ ਚਲਦੀ ਰਹੀ। ਉਹ ਮੈਨੂੰ ਹਫਤੇ ਦੇ 12 ਪੌਂਡ ਦਿੰਦਾ ਹੁੰਦਾ ਸੀ। ਸਟੋਰ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਾਰਾ ਸੌਦਾ ਸਾਵੇਂ ਰੇਟ ’ਤੇ ਮਿਲਦਾ ਸੀ। ਸਾਨੂੰ ਦੇਣ ਵਾਲੇ ਸੌਦੇ ਵਿੱਚੋਂ ਉਹ ਧੇਲਾ ਵੀ ਨਹੀਂ ਸੀ ਕਮਾਉਂਦਾ। ਬੱਡ ਮੇਰੇ ਨਾਲ ਬਹੁਤ ਵਧੀਆ ਵਿਵਹਾਰ ਕਰਦਾ ਸੀ। ਵੈਸੇ ਵੀ ਉਹ ਬੜਾ ਚੰਗਾ ਨਿਮਰਤਾ ਵਾਲਾ ਵਿਅਕਤੀ ਸੀ। ਬੱਡ ਬਾਰੇ ਲਿਨ ਕੈਨਾ ਲਿਖਦਾ ਹੈ:
“ਬੱਡ ਸਥਾਨਕ ਜਨਜੀਵਨ ਦਾ ਹਮੇਸ਼ਾ ਹਿੱਸਾ ਬਣ ਕੇ ਆਪਣਾ ਜੀਵਨ ਬਸਰ ਕਰਦਾ ਹੁੰਦਾ ਸੀ। ਉਹ ਰਾਈਫਲ ਕਲੱਬ, ਬਾਈਕ ਰਾਈਡਿੰਗ ਕਲੱਬ ਅਤੇ ਅਥਲੈਟਿਕ ਕਲੱਬ ਦਾ ਮੈਂਬਰ ਹੁੰਦਾ ਸੀ। ਉਸਦਾ ਰੈੱਡ ਕ੍ਰਾਸ ਅਤੇ ਕੈਮਡਨ ਹਸਪਤਾਲ ਨਾਲ ਵੀ ਗੂੜ੍ਹਾ ਰਿਸ਼ਤਾ ਸੀ। ਉਸ ਨੂੰ ਇੱਕ ਵਾਰ ਸਥਾਨਕ ਸੰਗੀਤ ਪ੍ਰਤੀਯੋਗਤਾ ਵਿੱਚ ਜੱਜ ਵੀ ਬਣਾਇਆ ਗਿਆ ਸੀ।”
ਇਤਿਹਾਸ ਵਿੱਚ ਤੀਸਰਾ ਭੇਦ ਭਰਿਆ ਪਾਤਰ ਸ਼ਹੀਦੇ ਮੁਹੱਬਤ ਬੂਟਾ ਸਿੰਘ ਸੀ। ਇਸ ਵਿਅਕਤੀ ਦਾ ਜ਼ਿਕਰ ਕਈ ਪ੍ਰਕਾਰ ਦੀਆਂ ਲਿਖਤਾਂ ਵਿੱਚ ਕੀਤਾ ਗਿਆ ਹੈ। ਨਹਿਰੂ ਦੇ ਸਮੇਂ ਬਾਰੇ ਲਿਖਣ ਵਾਲੇ ਪ੍ਰਸਿੱਧ ਲਿਖਾਰੀ ਐੱਮ. ਓ ਮੱਥਈ (M.O Mathai) ਨੇ ਵੀ ਇਸ ਪੱਤਰ ਦਾ ਜ਼ਿਕਰ ਆਪਣੀ ਪੁਸਤਕ ਨਹਿਰੂ ਸਮੇਂ ਦੀਆਂ ਯਾਦਾਂ ਵਿੱਚ ਕੀਤਾ ਹੈ। ਬੂਟਾ ਸਿੰਘ ਦੀ ਸੰਖੇਪ ਕਹਾਣੀ ਇਸ ਪ੍ਰਕਾਰ ਹੈ ਕਿ ਉਹ ਇੱਕ ਸਾਬਕਾ ਫੌਜੀ ਸੀ। ਉਸਨੇ 47 ਦੀ ਭਾਰਤ ਵੰਡ ਸਮੇਂ ਇੱਕ ਮੁਸਲਿਮ ਲੜਕੀ ਯਨੀਬਾ ਦੀ ਜਾਨ ਬਚਾਈ ਸੀ। ਫਿਰ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਵੰਡ ਕਾਰਨ ਯਨੀਬਾ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਬੂਟਾ ਸਿੰਘ ਉਸਨੂੰ ਮਿਲਣ ਲਈ ਗੈਰ ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਵਿੱਚ ਦਾਖਿਲ ਹੋ ਗਿਆ ਸੀ। ਪ੍ਰੰਤੂ ਯਨੀਬਾ ਨੇ ਆਪਣੇ ਪਰਿਵਾਰ ਦੇ ਦਬਾਅ ਕਾਰਨ ਇਹ ਵਿਆਹ ਤੋੜ ਦਿੱਤਾ ਸੀ। ਇੰਜ ਬੂਟਾ ਸਿੰਘ ਦਾ ਦਿਲ ਟੁੱਟ ਗਿਆ ਸੀ। ਉਸਨੇ 1957 ਵਿੱਚ ਆਪਣੀ ਜੀਵਨ ਲੀਲ੍ਹਾ ਆਪ ਹੀ ਖਤਮ ਕਰ ਲਈ ਸੀ। ਇਹ ਮੌਤ ਉਸਨੇ ਆਪਣੀ ਲੜਕੀ ਸਮੇਤ ਰੇਲਗੱਡੀ ਮੂਰੇ ਕੁੱਦ ਕੇ ਕੀਤੀ ਸੀ। ਲੜਕੀ ਬਚ ਗਈ ਸੀ। ਆਪਣੇ ਖੁਦਕੁਸ਼ੀ ਨੋਟ ਵਿੱਚ ਬੂਟਾ ਸਿੰਘ ਨੇ ਇੱਛਾ ਜ਼ਾਹਿਰ ਕੀਤੀ ਸੀ ਕਿ ਉਸਦਾ ਮ੍ਰਿਤਕ ਸਰੀਰ ਯਨੀਬਾ ਦੇ ਮਾਪਿਆਂ ਦੇ ਪਿੰਡ ਬਾਰਕੀ ਪਾਕਿਸਤਾਨ ਵਿੱਚ ਦਫਨ ਕੀਤਾ ਜਾਵੇ। ਜਦੋਂ ਲਾਹੌਰ ਹਸਪਤਾਲ ਵਿੱਚ ਉਹਦੇ ਸਰੀਰ ਨੂੰ ਬਰਕੀ (ਪਾਕਿਸਤਾਨ) ਪਿੰਡ ਲਿਜਾਇਆ ਗਿਆ ਤਾਂ ਪਿੰਡ ਦੇ ਲੋਕਾਂ ਨੇ ਉਸ ਨੂੰ ਉੱਥੇ ਦਫਨਾਉਣ ਦੀ ਆਗਿਆ ਨਹੀਂ ਦਿੱਤੀ। ਫਿਰ ਉਸ ਨੂੰ ਲਾਹੌਰ ਦੇ ਸਭ ਤੋਂ ਵੱਡੇ ਕਬਰਿਸਤਾਨ ਮਿਆਣੀ ਸਾਹਿਬ ਵਿਖੇ ਦਫਨਾਇਆ ਗਿਆ। 1999 ਵਿੱਚ ਇਸ ਸਮੁੱਚੀ ਘਟਨਾ ’ਤੇ ਇੱਕ ਪੰਜਾਬੀ ਫਿਲਮ ਬਣੀ ਸੀ। ਇਸ ਫਿਲਮ ਦਾ ਨਾਮ ‘ਸ਼ਹੀਦੇ ਮਹੱਬਤ’ ਸੀ। ਇਸ ਵਿੱਚ ਮੁੱਖ ਭੂਮਿਕਾ ਗੁਰਦਾਸ ਮਾਨ ਨੇ ਨਿਭਾਈ ਸੀ। ਇਸ ਘਟਨਾ ਨੇ 2007 ਵਿੱਚ ਕੈਨੇਡਾ ਦੀ ਫਿਲਮ ਵਟਵਾਰਾ ਉੱਤੇ ਵੀ ਅਸਰ ਪਾਇਆ ਸੀ। ਇਸਦੇ ਸੰਵਾਦ ਪੈਟਰੀਸ਼ੀਆ ਫਿੱਨ (Patricia Finn) ਅਤੇ ਵਿਕਟੋਰੀਆ ਸਾਰਿਨ (Sarin) ਲਿਖੇ ਸਨ। ਇਸ ਫਿਲਮ ਵਿੱਚ ਜਿੰਮੀ ਮਿਸਤਰੀ (Jimi Mistry) ਅਤੇ ਕ੍ਰਿਸਟਨ ਕਲੀਕ (Kristin Kreuk) ਨੇ ਕੰਮ ਕੀਤਾ ਸੀ। ਬੂਟਾ ਸਿੰਘ ਦੀ ਇਸ ਘਟਨਾ ਨੇ ਹੋਰ ਵੀ ਕਈ ਲਿਖਾਰੀਆਂ ਅਤੇ ਸਾਹਿਤਕਾਰਾਂ ਨੂੰ ਪ੍ਰਭਾਵਿਤ ਕੀਤਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































