“ਜਦੋਂ ਕੋਈ ਵਿਅਕਤੀ ਇਸ ਦੇਸ਼ ਵਿੱਚ ਪ੍ਰਵਾਸ ਦੇ ਸਾਰੇ ਵਰਤਾਰੇ ਇਮਾਨਦਾਰੀ ਨਾਲ ...”
(6 ਫਰਵਰੀ 2026)
ਆਸਟਰੇਲੀਆ ਜਿਹੇ ਦੇਸ਼ ਵਿੱਚ ਬਹੁਤਾ ਅਮੀਰ ਹੋਣ ਦੀ ਜ਼ਰੂਰਤ ਹੀ ਨਹੀਂ। ਜੇਕਰ ਕਿਸੇ ਦੀ ਆਮਦਨ ਇੱਥੇ ਬਹੁਤੀ ਨਾ ਵੀ ਹੋਵੇ ਤਾਂ ਵੀ ਉਹ ਵਧੀਆ ਭੋਜਨ ਖਾ ਸਕਦਾ ਹੈ, ਵਧੀਆ ਕੱਪੜੇ ਪਹਿਨ ਸਕਦਾ ਹੈ ਤੇ ਠੀਕ ਜਿਹੇ ਮਕਾਨ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਸਕਦਾ ਹੈ। ਇਹ ਤਿੰਨੇ ਸਹੂਲਤਾਂ ਤੇ ਜ਼ਰੂਰਤਾਂ ਮਨੁੱਖ ਦੀ ਉਦੋਂ ਕੁ ਤੋਂ ਆਰਾਮ ਨਾਲ ਪੂਰੀਆਂ ਹੋਣ ਲੱਗ ਪੈਂਦੀਆਂ ਹਨ ਜਦੋਂ ਉਹ ਇੱਥੇ ਪੰਜ ਕੁ ਸਾਲ ਸਧਾਰਨ ਜਿਹੇ ਕੰਮ ਕਰ ਲਵੇ। ਮਨੁੱਖ ਦੇ ਸਾਰੇ ਜੀਵਨ ਕਾਲ ਵਿੱਚ ਜੇ ਕਿਸੇ ਨੂੰ 8-10 ਸਾਲ ਕੰਮ ਕਰਨਾ ਵੀ ਪੈ ਜਾਵੇ ਤਾਂ ਉਹਨੂੰ ਬੋਝ ਨਹੀਂ ਸਮਝਣਾ ਚਾਹੀਦਾ। ਨਾਲੇ ਅਮੀਰ ਬਣਨ ਲਈ ਕੋਈ ਤਾਂ ਲੋਚੇ ਜੇ ਉਹਦੀ ਉਮਰ ਸਵਾ ਕੁ ਸੌ ਸਾਲ ਜਾਂ ਇਸ ਤੋਂ ਉੱਪਰ ਹੋਵੇ। ਮਨੁੱਖ ਦੀ ਉਮਰ ਅਕਸਰ ਮਸਾਂ 80 ਕੁ ਸਾਲ ਹੁੰਦੀ ਹੈ। 68 ਸਾਲ ਦੀ ਉਮਰ ਤੋਂ ਬਾਅਦ ਸਰਕਾਰ ਅਕਸਰ ਬੁਢਾਪਾ ਪੈਨਸ਼ਨ ਦੇਣ ਲੱਗ ਪੈਂਦੀ ਹੈ। ਸਧਾਰਨ ਰਿਹਾਇਸ਼, ਸਧਾਰਨ ਭੋਜਨ ਅਤੇ ਸਧਾਰਨ ਪਹਿਰਾਵੇ ਲਈ ਇਹ ਪੈਨਸ਼ਨ ਕਾਫੀ ਹੈ। ਇਸ ਉਮਰ ਵਿੱਚ ਮਨੁੱਖ ਪੈਨਸ਼ਨ ਲੈਂਦਾ ਲੈਂਦਾ ਇੱਕ ਦੋ ਦਿਨ ਕੰਮ ਵੀ ਕਰ ਸਕਦਾ ਹੈ। ਅਸੀਂ ਸਭ ਜਾਣਦੇ ਹਾਂ ਕਿ ਮਨੁੱਖ 75 ਕੁ ਸਾਲ ਤਕ ਤਾਂ ਆਰਾਮ ਨਾਲ ਕਾਰਜਸ਼ੀਲ ਰਹਿ ਸਕਦਾ ਹੈ। ਜੇ ਉਹ 65 ਤੋਂ ਬਾਅਦ ਬਿਲਕੁਲ ਵਿਹਲਾ ਰਹਿਣ ਲੱਗ ਜਾਵੇ ਤਾਂ ਉਹ ਵਿਹਲਾ ਰਹਿ ਕੇ ਥਕਾਨ ਮਹਿਸੂਸ ਕਰੇਗਾ ਹੀ। ਘਰ ਸੁੱਤੇ ਪਏ ਅਤੇ ਪਾਸੇ ਪਲਟਦੇ ਬੰਦੇ ਦੇ ਮੌਰ, ਬਾਹਾਂ, ਲੱਤਾਂ ਅਤੇ ਪੈਰ ਦੁਖਣ ਲੱਗ ਪੈਂਦੇ ਹਨ। ਚੱਜ ਨਾਲ ਭੋਜਨ ਵੀ ਨਹੀਂ ਪਚਦਾ। ਦਿਨ ਭਰ ਦੇ ਵਿਹਲੇਪਣ ਦੀ ਥਕਾਵਟ ਨੂੰ ਘਟਾਉਣ ਲਈ ਸ਼ਾਮ ਦੀ ਸੈਰ ਕਾਫੀ ਨਹੀਂ। ਰਾਤ ਨੂੰ ਸੁੱਤਾ ਬੰਦਾ ਕਰਵਟਾਂ ਲੈਂਦਾ ਰਹਿੰਦਾ ਹੈ, ਵੱਖ ਲੈ ਲੈ ਕੇ ਪਾਸੇ ਦੁਖਣ ਲੱਗ ਪੈਂਦੇ ਹਨ। ਪੰਜਾਬ ਦੇ ਲੋਕਾਂ ਨੇ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਲੋਕਾਂ ਬਾਰੇ ਇਹ ਗੱਲ ਆਮ ਪ੍ਰਚਲਿਤ ਕੀਤੀ ਹੋਈ ਹੈ ਕਿ ਉਹਨਾਂ ਪਾਸ ਸਮਾਂ ਹੀ ਨਹੀਂ ਹੈ। ਉਹਨਾਂ ਦੀ ਜ਼ਿੰਦਗੀ ਮਸ਼ੀਨ ਬਣ ਜਾਂਦੀ ਹੈ ਉਹ ਦੌੜੇ ਦੌੜੇ ਮਸਾਂ ਕਦੀ ਪੰਜਾਬ ਵਿੱਚ ਗੇੜਾ ਮਾਰਦੇ ਹਨ ਆਦਿ। ਇਸ ਪ੍ਰਕਾਰ ਦੀਆਂ ਧਾਰਨਾਵਾਂ ਲੋਕਾਂ ਨੇ ਐਵੇਂ ਫਜ਼ੂਲ ਬਣਾਈਆਂ ਹੋਈਆਂ ਹਨ। ਇਨ੍ਹਾਂ ਵਿਕਸਿਤ ਦੇਸ਼ਾਂ ਵਿੱਚ ਕਈ ਕੰਮ ਤਾਂ ਵਿਹਲਿਆਂ ਜਿਹੇ ਹੀ ਹਨ। ਸਕਿਉਰਟੀ ਗਾਰਡ ਨੂੰ ਨਾ ਬਹੁਤਾ ਜੋਖਮ ਹੈ ਨਾ ਭਾਰਾ ਕੰਮ ਹੈ, ਵਿਹਲ ਹੀ ਵਿਹਲ ਹੈ। ਖੜ੍ਹੇ ਰਹੋ ਜਾਂ ਕਿਤੇ ਬੈਠ ਕੇ ਅਖਬਾਰ ਪੜ੍ਹੀ ਜਾਓ, ਸੋਸ਼ਲ ਮੀਡੀਆ ਦੇਖੀ ਜਾਓ। ਰੇਲਵੇ ਦੇ ਸੀ.ਐੱਸ.ਏ. ਨੂੰ ਕਿੰਨਾ ਕੁ ਜਸਮਾਨੀ ਕੰਮ ਹੈ? ਗਾਰਡ ਨੂੰ ਵੀ ਕਿੰਨਾ ਕੁ ਜਸਮਾਨੀ ਕੰਮ ਹੈ?
ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੇਸ਼ ਵਿੱਚ ਜਾਂ ਵਿਦੇਸ਼ ਵਿੱਚ ਵੀ ਬਹੁਤ ਹੀ ਇਮਾਨਦਾਰੀ ਨਾਲ, ਸਕੀਮ ਨਾਲ ਅਤੇ ਦੂਰ ਦ੍ਰਿਸ਼ਟੀ ਨਾਲ ਸਧਾਰਨ ਕੰਮ ਕਰਦਾ ਜਾਵੇ। ਇਸ ਕੰਮ ਵਿੱਚ ਠਰ੍ਹੰਮਾ ਹੋਵੇ, ਕਦੀ ਕਦੀ ਸੈਰ ਸਪਾਟਾ ਵੀ ਹੋਵੇ। ਜ਼ਰੂਰੀ ਨਹੀਂ ਕਿ ਸੈਰ ਸਪਾਟਾ ਮਹਿੰਗਾ ਹੋਵੇ। ਅਸੀਂ ਜਾਣਦੇ ਹਾਂ ਆਸਟਰੇਲੀਆ ਇੱਕ ਜੰਜੀਰੇ ਦੇ ਰੂਪ ਵਿੱਚ ਮਹਾਂਦੀਪ ਹੈ। ਇਹਦੇ ਅੰਦਰ ਅੰਦਰ ਵੀ ਅੰਤਾਂ ਦੀਆਂ ਸੈਰ ਸਪਾਟਾ ਕਰਨ ਵਾਲੀਆਂ ਥਾਂਵਾਂ ਹਨ। ਸਾਰਾ ਆਸਟਰੇਲੀਆ ਰੇਲ ਗੱਡੀ ਰਾਹੀਂ ਵੀ ਘੁੰਮਿਆ ਜਾ ਸਕਦਾ ਹੈ। ਮਨੁੱਖ ਨੂੰ ਹਵਾਈ ਉਡਾਣਾਂ ਦਾ ਮਾੜਾ ਮੋਟਾ ਤਜਰਬਾ ਤਾਂ ਜ਼ਰੂਰ ਹੋਣਾ ਚਾਹੀਦਾ ਹੈ। ਸੇਵਾ ਮੁਕਤ ਸੈਲਾਨੀਆਂ ਨੂੰ ਤਾਂ ਇੱਥੇ ਕਿਰਾਇਆਂ ਵਿੱਚ ਕੁਝ ਛੋਟਾਂ ਵੀ ਹੁੰਦੀਆਂ ਹਨ। ਜੇ ਮਨੁੱਖ ਪਲਾਨਿੰਗ ਨਾਲ ਚਲਦਾ ਹੈ ਤਾਂ ਉਹ ਸਮੁੰਦਰੀ ਸਫਰਦੇ ਵੀ ਕਦੀ ਕਦਾਈਂ ਨਜ਼ਾਰੇ ਲੈ ਸਕਦਾ ਹੈ। ਇੱਥੇ ਧੱਕਾ ਮੁੱਕੀ ਕਿਤੇ ਹੈ ਹੀ ਨਹੀਂ। ਸਭ ਪਾਸੇ ਸ਼ਾਂਤੀ ਦਾ ਆਲਮ ਪਸਰਿਆ ਹੋਇਆ ਹੈ। ਪੰਜਾਬੀਆਂ ਲਈ ਤਾਂ ਇੱਕ ਹੋਰ ਵੀ ਬਹੁਤ ਵੱਡੀ ਸਹੂਲਤ ਹੈ। ਥਾਂ ਥਾਂ ਗੁਰੂ ਘਰ ਹਨ। ਯਾਤਰੀ ਨਤਮਸਤਕ ਹੋਵੇ ਅਤੇ ਲੰਗਰ ਦਾ ਅਨੰਦ ਮਾਣੇ। ਕਈ ਥਾਂਈਂ ਰਿਹਾਇਸ਼ ਵੀ ਮਿਲ ਜਾਂਦੀ ਏ।
ਜਦੋਂ ਕੋਈ ਵਿਅਕਤੀ ਇਸ ਦੇਸ਼ ਵਿੱਚ ਪ੍ਰਵਾਸ ਦੇ ਸਾਰੇ ਵਰਤਾਰੇ ਇਮਾਨਦਾਰੀ ਨਾਲ ਤੈਅ ਕਰਕੇ ਆਉਂਦਾ ਹੈ ਤਾਂ ਉਸ ਨੂੰ ਆਉਂਦੇ ਸਾਰ ਸਰਕਾਰ ਕੁਝ ਆਰਥਿਕ ਮਦਦ ਕਰਨ ਲੱਗ ਪੈਂਦੀ ਹੈ। ਪੱਕੇ ਪਰਵਾਸੀਆਂ ਦੇ ਬੱਚੇ ਇੱਥੋਂ ਦੇ ਸਕੂਲਾਂ ਵਿੱਚ ਮੁਫਤ ਪੜ੍ਹਦੇ ਹਨ। ਘੱਟ ਆਮਦਨ ਵਾਲਿਆਂ ਨੂੰ ਸਰਕਾਰ ਘੱਟ ਕਿਰਾਏ ਵਾਲੇ ਘਰ ਵੀ ਦੇ ਦਿੰਦੀ ਹੈ। ਸਿਫਾਰਿਸ਼ਾਂ ਕਰਨ ਜਾਂ ਕਰਵਾਉਣ ਦੀ ਬਹੁਤੀ ਜ਼ਰੂਰਤ ਨਹੀਂ ਪੈਂਦੀ। ਸਿਆਸੀ ਬੰਦਿਆਂ ਨੂੰ ਤੁਸੀਂ ਜਦੋਂ ਮਰਜ਼ੀ ਸਿੱਧੇ ਜਾ ਕੇ ਮਿਲ ਲਓ। ਐੱਮ. ਪੀ. ਤੁਹਾਡੀ ਮਦਦ ਲਈ ਤਤਪਰ ਰਹਿੰਦੇ ਹਨ। ਜਿਨ੍ਹਾਂ ਲੋਕਾਂ ਨੂੰ ਕੰਮ ਨਹੀਂ ਮਿਲਦਾ, ਉਹ ਜੌਬ ਫਾਈਂਡ ਕੇਂਦਰਾਂ ਵਿੱਚ ਜਾ ਕੇ ਜ਼ਾਬਤਾ ਪੂਰਾ ਕਰ ਆਉਂਦੇ ਹਨ। ਅਖਬਾਰਾਂ ਫੋਲਕੇ ਅਤੇ ਕੰਪਿਊਟਰਾਂ ’ਤੇ ਬੈਠ ਕੇ ਕਹਿ ਦਿੰਦੇ ਹਨ ਕਿ ਅਜੇ ਤਕ ਕੋਈ ਚੰਗੀ ਜੌਬ ਨਹੀਂ ਮਿਲੀ। ਉੱਥੇ ਚਾਹ ਪਾਣੀ ਮੁਫਤ ਮਿਲਦਾ ਹੈ।
ਬਾਕੀ ਰਹੀ ਗੱਲ ਘਰ ਬੰਨ੍ਹਣ ਦੀ, ਘਰ ਸ਼ੁਰੂ ਕਰਨ ਲਈ ਇੱਥੇ ਬੜੀਆਂ ਸਹੂਲਤਾਂ ਹਨ। ਸਭ ਤੋਂ ਪਹਿਲੀ ਸਹੂਲਤ ਹੈ ਗਰਾਜ ਸੇਲਾਂ ਦੀ। ਹਰ ਇਲਾਕੇ ਵਿੱਚ ਸਨਿੱਚਰਵਾਰ ਨੂੰ ਗਰਾਜ ਸੇਲਾਂ ਲਗਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਸੇਲਾਂ ਵਿੱਚ ਕਈ ਚੀਜ਼ਾਂ ਬਹੁਤ ਸੋਹਣੀ ਹਾਲਤ ਵਿੱਚ ਕੌਡੀਆਂ ਦੇ ਭਾਅ ਮਿਲ ਜਾਂਦੀਆਂ ਹਨ। 500 ਡਾਲਰ ਦੀ ਚੀਜ਼ 40-50 ਡਾਲਰਾਂ ਦੀ ਮਿਲ ਜਾਂਦੀ ਹੈ। ਕਈ ਚੀਜ਼ਾਂ ਹੋਰ ਵੀ ਸਸਤੀਆਂ ਮਿਲ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਲੀਅਰੈਂਸ ਸੇਲਾਂ ਹਨ। ਗੋਰੇ ਕ੍ਰਿਸਮਸ ਦੇ ਮੋਹਰੇ ਅਕਸਰ ਦੁਕਾਨਾਂ ਦਾ ਸਮਾਨ ਸਸਤੇ ਭਾਅ ’ਤੇ ਕੱਢ ਕੇ ਨਵੇਂ ਸਾਲ ਤੋਂ ਨਵਾਂ ਸਮਾਨ ਪਾਉਂਦੇ ਹਨ। ਇਨ੍ਹਾਂ ਦਿਨਾਂ ਵਿੱਚ ਜਿੰਨਾ ਮਰਜ਼ੀ ਵਧੀਆ ਸਮਾਨ ਸਸਤੀਆਂ ਕੀਮਤਾਂ ’ਤੇ ਖਰੀਦ ਲਵੋ। ਮਰੇ ਬੰਦੇ ’ਤੇ ਸੇਲਸ (deceased sales) ਵੀ ਲਗਦੀਆਂ ਹਨ। ਕਦੀ ਵਿਅਕਤੀ ਛੜੇ ਛੜਾਂਗ ਹੀ ਮਰ ਜਾਂਦੇ ਹਨ। ਭਾਵ ਇਹ ਕਿ ਉਹਨਾਂ ਦਾ ਪਰਿਵਾਰ ਨਹੀਂ ਹੁੰਦਾ। ਮਰਨ ਤੋਂ ਬਾਅਦ ਉਹਨਾਂ ਦਾ ਸਮਾਨ ਸਸਤੀ ਸੇਲ ’ਤੇ ਲਾ ਦਿੱਤਾ ਜਾਂਦਾ ਹੈ।
ਸਿਡਨੀ ਜਿਹੇ ਸ਼ਹਿਰਾਂ ਵਿੱਚ ਗੋਰਿਆਂ ਦੇ ਸਮਾਜ ਸੇਵੀ ਸੰਸਥਾਨ ਵੀ ਬੜੀ ਇਮਾਨਦਾਰੀ ਨਾਲ ਚੱਲ ਰਹੇ ਹਨ। ਮਿਸਾਲ ਦੇ ਤੌਰ ’ਤੇ ਸਾਲਵੇਸ਼ਨ ਆਰਮੀ ਹੈ ਤੇ ਵਿਨਸੈਂਟ ਦਾ ਪਾਲ ਹੈ। ਨਵਾਂ ਪਰਵਾਸੀ ਆਉਂਦੇ ਸਾਰ ਇਨ੍ਹਾਂ ਨੂੰ ਫੋਨ ਮਾਰੇ। ਇਹ ਤੁਹਾਡੀ ਮਦਦ ਲਈ ਇਕਦਮ ਆ ਪਹੁੰਚਦੇ ਹਨ। ਇਹ ਤੁਹਾਡਾ ਪਾਸਪੋਰਟ ਦੇਖਦੇ ਹਨ ਤੇ ਝੱਟ 100 ਡਾਲਰ ਦਾ ਕਿਸੇ ਸਟੋਰ ਦੇ ਨਾਮ ਚੈੱਕ ਕੱਟ ਦਿੰਦੇ ਹਨ। ਤੁਸੀਂ ਉਸ ਸਟੋਰ ’ਤੇ ਜਾਓ ਅਤੇ 100 ਡਾਲਰ ਦੇ ਸਮਾਨ ਦੀ ਟਰਾਲੀ ਭਰ ਕੇ ਲੈ ਆਉ। ਇਹ ਸੰਸਥਾਨ ਨਵੇਂ ਪਰਵਾਸੀ ਨੂੰ ਰਸੋਈ ਦੇ ਬਰਤਨ, ਕੁਝ ਫਰਨੀਚਰ, ਗੱਦੇ, ਕੰਬਲ, ਚਾਦਰ ਆਦਿ ਵੀ ਦੇ ਜਾਂਦੇ ਹਨ। ਭਾਵੇਂ ਇਹ ਸਮਾਨ ਕੁਝ ਪੁਰਾਣਾ ਹੁੰਦਾ ਹੈ, ਫਿਰ ਵੀ ਕੰਮ ਚਲਾਉਣ ਲਈ ਬੜਾ ਵਧੀਆ ਧੋਤਾ ਹੋਇਆ ਹੁੰਦਾ ਹੈ। ਇੱਥੋਂ ਤਕ ਇਹ ਸੰਸਥਾਨ ਪਰਵਾਸੀ ਨੂੰ ਇਹ ਵੀ ਹਦਾਇਤ ਕਰਦੇ ਹਨ ਕਿ ਉਹ ਇਨ੍ਹਾਂ ਦੇ ਸਟੋਰ ਤੋਂ ਜਾ ਕੇ ਦੋ ਪੈਂਟਾਂ, ਦੋ ਕਮੀਜਾਂ, ਦੋ ਜੋੜੇ ਜੁੱਤੀਆਂ, ਟੋਪੀਆਂ ਆਦਿ ਲੈ ਆਵੇ। ਇਵੇਂ ਹੀ ਇਹ ਸਾਰਾ ਕੁਝ ਆਪਣੀ ਘਰਵਾਲੀ ਤੇ ਬੱਚਿਆਂ ਲਈ ਲੈ ਆਵੇ। ਜੇ ਪਰਵਾਸੀ ਮਹੀਨੇ ਕੁ ਬਾਅਦ ਫਿਰ ਫੋਨ ਕਰਕੇ ਕਹੇ ਕਿ ਬੱਚਾ ਛੋਟਾ ਹੈ, ਠੰਢ ਬਹੁਤ ਹੈ, ਬੈੱਡ ਵਾਸਤੇ ਕੁਝ ਗਰਮ ਗਦੈਲੇ ਚਾਹੀਦੇ ਹਨ, ਇਹ ਸੰਸਥਾਨ ਇਹ ਵੀ ਸਭ ਆ ਕੇ ਦੇ ਜਾਂਦੇ ਹਨ। ਕਈ ਪਰਵਾਸੀ ਆਪਣੇ ਦੇਸ਼ਾਂ ਵਿੱਚੋਂ ਕੰਮ ਦੇ ਥੱਕੇ ਹਾਰੇ ਆਉਂਦੇ ਹਨ ਤੇ ਆ ਕੇ ਛੇ ਕੁ ਮਹੀਨੇ ਸਰਕਾਰ ਅਤੇ ਇਨ੍ਹਾਂ ਸੰਸਥਾਵਾਂ ਦੇ ਸਿਰ ’ਤੇ ਹੀ ਰੋਟੀਆਂ ਖਾਂਦੇ ਰਹਿੰਦੇ ਹਨ। ਕੁਝ ਚਿਰ ਆਰਾਮ ਕਰਨ ਤੋਂ ਬਾਅਦ ਫਿਰ ਕਿਸੇ ਕੰਮ ਕਿੱਤੇ ਵੱਲ ਨੂੰ ਵਧਦੇ ਹਨ। ਜੋ ਪਰਵਾਸੀ ਇਨ੍ਹਾਂ ਵਿਕਸਿਤ ਦੇਸ਼ਾਂ ਵਿੱਚ ਆ ਕੇ ਦੁਖੀ ਹਨ, ਉਹ ਬੇਵਕੂਫ ਹਨ। ਮਨੁੱਖ ਨੂੰ ਆਪਣੀ ਲਾਲਸਾ ਅਤੇ ਤਮ੍ਹਾਂ ਘਟਾਉਣੀ ਆਉਣੀ ਲਾਜ਼ਮੀ ਹੈ। ਜਿਹੜੇ ਪਰਵਾਸੀ ਪੰਜਾਬ ਵਿੱਚ ਵੱਡੀਆਂ ਕੋਠੀਆਂ ਬਣਾ ਕੇ ਪੈਸਾ ਖਰਾਬ ਕਰਕੇ ਆਪਣਾ ਰੋਹਬ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਵੀ ਬਹੁਤੇ ਸਿਆਣੇ ਨਹੀਂ ਜਾਪਦੇ।
ਪੰਜਾਬ ਵਿੱਚ ਜਾਇਦਾਦ ਅਤੇ ਅਮੀਰੀ ਤਿੰਨ ਵੱਡੇ ਕੰਮ ਆਇਆ ਕਰਦੀ ਸੀ। (1) ਪੜ੍ਹਾਈ ਲਈ ਪੈਸੇ (2) ਵੱਢੀ ਦੇ ਕੇ ਨੌਕਰੀ ਲੱਭਣ ਲਈ ਪੈਸੇ (3) ਵਿਆਹ ਜਾਂ ਵਿਆਹ ਲਈ ਰਿਸ਼ਤਾ ਲੱਭਣ ਲਈ ਜਾਇਦਾਦ ਦਾ ਰੋਹਬ। ਜੱਟਾਂ ਵਿੱਚ ਚੰਗਾ ਵਿਆਹ ਉਹਦਾ ਹੁੰਦਾ ਸੀ ਜਿਸਦੇ ਕੋਲ ਸਰਦੀ ਪੁੱਜਦੀ ਜ਼ਮੀਨ ਹੋਵੇ ਤੇ ਚੰਗਾ ਘਰ ਹੋਵੇ। ਪੜ੍ਹਾਈ ’ਤੇ ਟਾਵੇਂ ਟਾਵੇਂ ਜੱਟ ਹੀ ਪੈਸੇ ਲਾਉਂਦੇ ਸਨ। ਹਾਂ, ਬਾਹਰ ਪਹੁੰਚਣ ਲਈ ਅੰਤਾਂ ਦਾ ਖਰਚ ਕਰਨ ਲਈ ਵੀ ਤਿਆਰ ਹੋ ਜਾਇਆ ਕਰਦੇ ਸਨ। ਨੌਕਰੀ ਲੈਣ ਲਈ ਵੱਢੀ ਦੇਣ ’ਤੇ ਜ਼ਰੂਰ ਕਈਆਂ ਨੇ ਕੁਝ ਖਰਚਾ ਕੀਤਾ ਹੋਊ। ਜਿਹੜਾ ਬੰਦਾ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਜਿਹੇ ਦੇਸ਼ ਵਿੱਚ ਆ ਗਿਆ, ਉਹਨੂੰ ਇਹ ਸਭ ਕੁਝ ਤੋਂ ਮੁਕਤੀ ਮਿਲ ਜਾਂਦੀ ਹੈ। ਪੜ੍ਹਾਈ ਮੁਫਤ ਹੈ ਜਾਂ ਹੈਕਸ (HECS) ਰਾਹੀਂ ਹੈ, ਨੌਕਰੀ ਵੱਢੀ ਤੋਂ ਬਗੈਰ ਮਿਲਦੀ ਹੈ। ਵਿਆਹ ਦਾ ਤਾਂ ਪਤਾ ਹੀ ਨਹੀਂ ਲਗਦਾ ਕੋਈ ਕਦੋਂ ਕਰਵਾ ਕੇ ਆ ਜਾਵੇ। ਮਾਪੇ ਸੋਚਦੇ ਰਹਿੰਦੇ ਹਨ ਕਿ ਪੰਜਾਬ ਵਿੱਚ ਵੱਡੀ ਸਾਰੀ ਕੋਠੀ ਪਾ ਲਈਏ, ਜਾ ਕੇ ਭਾਰਾ ਵਿਆਹ ਕਰਵਾਵਾਂਗੇ, ਮੁੰਦੀਆਂ ਛੱਲੇ ਪੁਆਵਾਂਗੇ, ਗਾਣੇ ਵਾਲੀ ਸੱਦਾਂਗੇ, 500 ਬੰਦੇ ਬਰਾਤ ਆਊ ਪਰ ਹੁੰਦਾ ਕੀ ਏ ਕਿ ਇੱਧਰ ਸਿਡਨੀ, ਵੈਨਕੂਵਰ, ਲੰਡਨ, ਲਾਸ ਏਂਜਲਸ ਵਿੱਚ ਮਾਪਿਆਂ ਨੂੰ ਉਦੋਂ ਪਤਾ ਲਗਦਾ ਏ ਜਦੋਂ ਬੱਚੇ ਆਪਣਾ ਵਰ ਆਪ ਲੱਭ ਕੇ ਵਿਆਹ ਕਰਵਾ ਕੇ ਘਰ ਆ ਵੜਦੇ ਹਨ। ਮਾਪਿਆਂ ਦੇ ਸੁਪਨੇ ਧਰੇ ਧਰਾਏ ਰਹਿ ਜਾਂਦੇ ਹਨ। ਤੁਸੀਂ ਦੱਸੋ ਬੰਦਾ ਕਾਹਦੇ ਲਈ ਜ਼ਿਆਦਾ ਕੰਮ ਕਰੇ ਤੇ ਕਾਹਦੇ ਲਈ ਧਨ ਜੋੜੇ? ਬੱਚਿਆਂ ਦੀ ਪੜ੍ਹਾਈ ਤਕਰੀਬਨ ਮੁਫਤ ਜਿਹੀ ਹੈ। ਨੌਕਰੀ ਪ੍ਰਤਿਭਾ ਜਾਂ ਹੁਨਰ ਦੇ ਅਧਾਰ ’ਤੇ ਮਿਲਣੀ ਹੈ, ਵੱਢੀ ਚੱਲਣੀ ਨਹੀਂ। ਵਿਆਹ ’ਤੇ ਵੀ ਸਧਾਰਨ ਖਰਚਾ ਹੀ ਹੋਣਾ ਹੈ। ਤੁਹਾਡਾ ਮਰ ਮਰ ਕੇ 4-5 ਮਿਲੀਅਨ ਡਾਲਰ ਦਾ ਬਣਾਇਆ ਘਰ ਕੀ ਕਰੂ? ਤੁਸੀਂ 12-14 ਲੱਖ ਦੇ ਘਰ ਵਿੱਚ ਰਹਿ ਕੇ ਵੀ ਵਧੀਆ ਗੁਜ਼ਾਰਾ ਕਰ ਸਕਦੇ ਹੋ। 80 ਕੁ ਸਾਲ ਤਕ ਪਹੁੰਚ ਕੇ ਬੰਦੇ ਦੀ ਭੜੀਂ ਬੋਲ ਜਾਂਦੀ ਹੈ।
ਜੇ ਮੇਰੀ ਉਮਰ 125 ਸਾਲ ਜਾਂ ਇਸ ਤੋਂ ਉੱਪਰ ਹੋਵੇ ਤਾਂ ਮੈਂ 20 ਕੁ ਸਾਲ ਜ਼ਰੂਰ ਦੌੜ ਦੌੜ ਕੇ ਕੰਮ ਕਰਾਂਗਾ ਤਾਂ ਕਿ ਆਖਰੀ 50 ਸਾਲ ਮਜ਼ੇ ਦੇ ਕੱਟ ਸਕਾਂ। 80 ਸਾਲ ਦੀ ਉਮਰ ਭੋਗਣ ਲਈ ਮੈਨੂੰ ਵੱਧ ਕੰਮ ਕਰਨ ਦੀ ਕੀ ਜ਼ਰੂਰਤ ਹੈ? ਬੱਚੇ ਇੱਥੇ ਆਪਣੇ ਜੋਗੀ ਕਮਾਈ ਕਰਨ ਦੇ ਆਪ ਹੀ ਸਮਰੱਥ ਹਨ। ਆਸਟਰੇਲੀਆ ਤਾਂ ਅਜਿਹਾ ਮਹਾਂਦੀਪ ਹੈ ਜਿੱਥੇ ਦੁਨੀਆਂ ਦੇ ਦੋ ਵੱਡੇ ਯੁੱਧ ਵੀ ਨਹੀਂ ਪਹੁੰਚੇ ਸਨ। ਕਰੋਨਾ ਵੀ ਮਸਾਂ ਥੱਕ ਟੁੱਟ ਕੇ ਇੱਥੇ ਪਹੁੰਚ ਕੇ ਖਤਮ ਹੀ ਹੋ ਗਿਆ ਸੀ। ਇੱਥੇ ਸੁਨਾਮੀ ਵੀ ਕਦੀ ਘੱਟ ਹੀ ਆਉਂਦੀ ਹੈ। ਭੁਚਾਲ ਪੱਖੋਂ ਵੀ ਇਹ ਦੇਸ਼ ਕੁਝ ਸੁਰੱਖਿਤ ਹੀ ਨਜ਼ਰ ਆਉਂਦਾ ਰਿਹਾ ਏ। ਢਾਈ ਕਰੋੜ ਦੇ ਕਰੀਬ ਅਬਾਦੀ ਹੈ, ਅੰਦਰੋਂ ਸਾਰਾ ਖਾਲੀ ਪਿਆ ਹੈ। ਸਿਰਫ 5% ਜ਼ਮੀਨ ਹੀ ਅਬਾਦੀ ਦੇ ਨਿਰਵਾਹ ਲਈ ਕਾਫੀ ਹੈ। ਅਪਰਾਧ ਦਰ ਨਾ ਮਾਤਰ ਹੈ। ਦਿਹਾਤ ਵਿੱਚ ਤਾਂ ਅਪਰਾਧ ਹੈ ਹੀ ਨਹੀਂ। ਕੱਛਾਂ ਬਜਾਓ, ਬੀਚਾਂ ’ਤੇ ਖੜ੍ਹਕੇ ਨਜ਼ਾਰੇ ਲਵੋ, ਫੈਰੀ ਅਤੇ ਸਮੁੰਦਰ ਦੀਆਂ ਸੈਰਾਂ ਕਰੋ, ਕਦੀ ਕਦਾਈਂ ਕੋਈ ਲੋਕਲ ਹਵਾਈ ਯਾਤਰਾ ਕਰ ਲਿਆ ਕਰੋ। ਕਈ ਵਾਰ ਜੈੱਟ ਸਟਾਰ ਦੀ ਹਵਾਈ ਟਿਕਟ ਚੰਦ ਛਿਲੜਾਂ ਦੀ ਲੱਗੀ ਹੁੰਦੀ ਹੈ। ਰੇਲ ਗੱਡੀਆਂ ਖਾਲੀ ਚਲਦੀਆਂ ਹਨ, ਚੌੜੇ ਹੋ ਕੇ ਬੈਠੋ। ਲੰਬੇ ਲੰਬੇ ਸਫਰ ਕਰੋ, ਕਦੀ ਐਡੀਲੇਡ, ਕਦੀ ਪਰਥ, ਕਦੀ ਡਾਰਵਿਨ ਤੇ ਕਦੀ ਬ੍ਰਿਸਬੇਨ ਦੇ ਨਜ਼ਾਰੇ ਦੇਖੋ। ਜੇਕਰ ਇੰਜ ਨਹੀਂ ਕਰੋਗੇ ਤਾਂ ਵਿਹਲੇ ਸੌਂ ਸੌਂ ਕੇ ਤੇ ਉੱਸਲਵੱਟੇ ਲੈ ਲੈ ਕੇ ਥੱਕ ਜਾਓਗੇ।
ਵਿਹਲੇ ਰਹਿ ਰਹਿ ਕੇ ਨਾ ਮਰੋ, ਮਾੜਾ ਮੋਟਾ ਚਲਦੇ ਫਿਰਦੇ ਰਹੋ। ਮੁਫਤ ਬੱਸਾਂ ਵਿੱਚ ਪਿਕਨਿਕ ’ਤੇ ਜ਼ਰੂਰ ਜਾਇਆ ਕਰੋ। ਰੇਲ ਦੇ ਮੁਫਤ ਵਾਊਚਰਾਂ ਦਾ ਜ਼ਰੂਰ ਲਾਭ ਲਓ, ਢਾਈ ਡਾਲਰ ਖਰਚ ਕਰਕੇ ਸਾਰਾ ਦਿਨ ਰੇਲ-ਫੈਰੀ ਅਤੇ ਬੱਸਾਂ ਉੱਤੇ ਘੁੰਮੀ ਜਾਇਆ ਕਰੋ। ਵਲੰਟੀਅਰ ਬਣਕੇ ਕੋਈ ਕੰਮ ਕਰੀ ਜਾਓ। ਸੱਭਿਆਚਾਰਕ ਪ੍ਰੋਗਰਾਮਾਂ ਦਾ ਅਨੰਦ ਮਾਣੋ, ਖੇਡਾਂ ਦੇਖੋ, ਤਿਓਹਾਰਾਂ ਨੂੰ ਵੱਧ ਚੜ੍ਹਕੇ ਮਨਾਓ, ਮੇਲਿਆਂ ਵਿੱਚ ਜਾਓ, ਗੁਰੂਘਰ ਜ਼ਰੂਰ ਜਾਓ। ਦੂਜੇ ਦੇਸ਼ਾਂ ਦੇ ਲੋਕਾਂ ਨਾਲ ਗੱਪਾਂ ਮਾਰੋ, ਹੈਲੋ ਹਾਏ ਕਰਦੇ ਰਹੋ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































