“ਸੈਕਟਰ 17 ਤੇ ਸੈਕਟਰ 22 ਪਿੰਡ ਰੁੜਕੀ ਪੜਾਓ ਤੇ ਕਾਲੀਬੜ ਉਜਾੜ ਕੇ ਬਣੇ ਸਨ। ਸੈਕਟਰ 17 ...”
(23 ਜਨਵਰੀ 2026)
ਸਿਡਨੀ ਦੀ ਇੱਕ ਸੀਨੀਅਰ ਸਿਟੀਜ਼ਨਜ਼ ਦੀ ਸੱਥ ਵਿੱਚ 83 ਸਾਲ ਅਤੇ 85 ਸਾਲ ਦੇ ਦੋ ਬਜ਼ੁਰਗ ਆਉਂਦੇ ਹੁੰਦੇ ਸਨ। ਇੱਕ ਦਾ ਨਾਮ ਰਾਮ ਸਿੰਘ ਸੀ ਤੇ ਦੂਜੇ ਦਾ ਨਾਮ ਰਲਾ ਸਿੰਘ। ਸ਼ਾਇਦ ਇਨ੍ਹਾਂ ਦੇ ਪੋਤੇ, ਪੋਤੀਆਂ ਜਾਂ ਦਹੋਤੇ, ਦੋਹਤੀਆਂ ਇਨ੍ਹਾਂ ਨੂੰ ਸੱਥ ਵਿੱਚ ਛੱਡ ਜਾਇਆ ਕਰਦੇ ਸਨ। ਸੱਥ ਸਿਰਫ ਐਤਵਾਰ ਵਾਲੇ ਦਿਨ ਹੀ ਲਗਦੀ ਹੁੰਦੀ ਸੀ। ਬਜ਼ੁਰਗ ਪਹਿਲਾਂ ਨੇੜੇ ਪੈਂਦੇ ਗੁਰੂ ਘਰ ਵਿੱਚ ਮੱਥਾ ਟੇਕਿਆ ਕਰਦੇ ਸਨ। ਫਿਰ ਲੰਗਰ ਛਕ ਕੇ ਸੱਥ ਵੱਲ ਦੇ ਪਾਸੇ ਨੂੰ ਆ ਜਾਇਆ ਕਰਦੇ ਸਨ। ਸੱਥ ਵਿੱਚ ਹਲਕਾ ਫੁਲਕਾ ਸੱਭਿਆਚਾਰਕ ਪ੍ਰੋਗਰਾਮ ਹੋਇਆ ਕਰਦਾ ਸੀ। ਬਹੁਤੇ ਹਾਜ਼ਰ ਬਜ਼ੁਰਗ ਕੁਝ ਨਾ ਕੁਝ ਸੁਣਾਇਆ ਕਰਦੇ ਸਨ। ਕੋਈ ਕਵਿਤਾ ਸੁਣਾਉਂਦਾ ਸੀ, ਕੋਈ ਛੋਟੀ ਮੋਟੀ ਕਹਾਣੀ ਸੁਣਾਉਂਦਾ ਸੀ, ਕੋਈ ਇੱਕ ਦੋ ਚੁਟਕਲੇ ਸੁਣਾ ਦਿਆ ਕਰਦੇ ਸੀ, ਕੋਈ ਇਤਿਹਾਸ ਨਾਲ ਸੰਬੰਧਿਤ ਕੋਈ ਗੱਲ ਕਰਦਾ ਸੀ ਤੇ ਕੋਈ ਆਪਣੀ ਹੱਡਬੀਤੀ ਸੁਣਾ ਦਿਆ ਕਰਦਾ ਸੀ। ਸੱਥ ਖਤਮ ਹੋਣ ਤੋਂ ਬਾਅਦ ਗਰੁੱਪ ਫੋਟੋ ਹੁੰਦੀ ਸੀ। ਮੈਂ ਇਸ ਸੱਥ ਵਿੱਚ ਬਤੌਰ ਪੱਤਰਕਾਰ ਜਾਂ ਸੀਨੀਅਰ ਸਿਟੀਜ਼ਨ ਜਾਇਆ ਕਰਦਾ ਸਾਂ। ਮੈਂ ਇਹ ਫੋਟੋ ਅਤੇ ਸੱਥ ਦੀ ਰਿਪੋਰਟ ਆਪਣੀ ਅਖਬਾਰ ਵਿੱਚ ਲਾ ਦਿਆ ਕਰਦਾ ਸਾਂ।
ਰਾਮ ਸਿੰਘ ਅਤੇ ਰਲਾ ਸਿੰਘ ਹਮਉਮਰ ਤਾਂ ਸਨ ਹੀ। ਉਹਨਾਂ ਦੇ ਘਰਾਂ ਦੇ ਹਾਲਾਤ ਵੀ ਤਕਰੀਬਨ ਮਿਲਦੇ ਜੁਲਦੇ ਹੀ ਸਨ। ਇੱਕ ਸ਼ਾਇਦ ਆਪਣੇ ਲੜਕੇ ਦੇ ਪਰਿਵਾਰ ਨਾਲ ਰਹਿੰਦਾ ਸੀ ਤੇ ਦੂਜਾ ਆਪਣੀ ਲੜਕੀ ਦੇ ਪਰਿਵਾਰ ਨਾਲ। ਦੋਨੇ ਬਜ਼ੁਰਗ ਪੁਰਾਣੇ ਦਸਵੀਂ ਪਾਸ ਲਗਦੇ ਸਨ। ਸ਼ਾਇਦ ਇਸ ਤੋਂ ਵੱਧ ਵੀ ਮਾੜੇ ਮੋਟੇ ਹੋਣ। ਇੱਕ ਦਿਨ ਸੱਥ ਵਿੱਚ ਰਾਮ ਸਿੰਘ ਨੇ ਆਪਣੇ ਪਿੰਡ ਮਹਿਲਾਂ ਮਾਜਰੀ ਨਾਲ ਸੰਬੰਧਿਤ ਇੱਕ ਘਟਨਾ ਸੁਣਾਈ। ਘਟਨਾ ਭਾਰੀ ਹੜ੍ਹਾਂ ਨਾਲ ਸੰਬੰਧਤ ਸੀ। ਇਹ ਹੜ੍ਹ ਦੋ ਕੁ ਮਹੀਨੇ ਪਹਿਲਾਂ ਹੀ ਪੰਜਾਬ ਵਿੱਚ ਆਏ ਸਨ। ਸੂਬੇ ਦੇ ਹੇਠਲੇ ਜ਼ਿਲ੍ਹਿਆਂ ਵਿੱਚ ਦੋਹਾਂ ਦਰਿਆਵਾਂ ਸਤਲੁਜ ਅਤੇ ਬਿਆਸ ਦਾ ਪਾਣੀ ਦੂਰ ਦੂਰ ਤਕ ਫੈਲ ਗਿਆ ਸੀ ਅਤੇ ਜਾਨੀ ਅਤੇ ਮਾਲੀ ਨੁਕਸਾਨ ਕਾਫੀ ਹੋਇਆ ਸੀ।
ਰਾਮ ਸਿੰਘ ਹੌਲੀ ਹੌਲੀ ਸਟੇਜ ਤਕ ਪਹੁੰਚਿਆ ਤੇ ਆਪਣੇ ਪਿੰਡ ਦੇ ਹੜ੍ਹਾਂ ਬਾਰੇ ਬੋਲਣ ਲੱਗ ਪਿਆ। ਕਹਿੰਦਾ, “ਪਹਿਲਾਂ ਇੱਕ ਦਿਨ ਮੀਂਹ ਦਾ ਛਰਾਟਾ ਪਿਆ ਤੇ ਲੋਕਾਂ ਨੇ ਅੰਤਾਂ ਦੀ ਤਪਸ਼ ਤੋਂ ਰਾਹਤ ਮਹਿਸੂਸ ਕੀਤੀ। ਇਹ ਛਰਾਟਾ ਬਾਸਮਤੀ ਦੀ ਫਸਲ ਲਈ ਬੜਾ ਸੁਖਾਵਾਂ ਅਤੇ ਲਾਹੇਮੰਦ ਸੀ। ਇਹ ਰਾਤ ਕਿਸਾਨ ਇਹ ਸੋਚ ਕੇ ਬੜੇ ਹੀ ਆਰਾਮ ਨਾਲ ਸੁੱਤੇ ਕਿ ਮੀਂਹ ਦੀ ਇਸ ਸਲ੍ਹਾਬ ਕਾਰਨ ਖੇਤਾਂ ਨੂੰ ਬੜੇ ਹੀ ਆਰਾਮ ਨਾਲ ਵਾਹਿਆ ਜਾ ਸਕੇਗਾ ਅਤੇ ਇਨ੍ਹਾਂ ਝੋਨਾ ਵੱਢੇ ਖੇਤਾਂ ਵਿੱਚ ਕਣਕ ਦੀ ਬਿਜਾਈ ਕਰ ਦਿੱਤੀ ਜਾਵੇਗੀ। ਝੋਨਾ ਬਾਸਮਤੀ ਤੋਂ ਪਹਿਲਾਂ ਵੱਢ ਲਿਆ ਜਾਂਦਾ ਸੀ ਤੇ ਇਨ੍ਹਾਂ ਖੇਤਾਂ ਵਿੱਚ ਕਿਸਾਨ ਅਕਸਰ ਪਛੇਤੀ ਕਣਕ ਬੀਜਿਆ ਕਰਦੇ ਸਨ। ਪਿੰਡ ਦੇ ਉੱਚੇ ਹਿੱਸੇ ਵਿੱਚ ਅਜੇ ਲੋਕ ਸੁੱਤੇ ਹੀ ਪਏ ਸਨ ਕਿ ਪਿੰਡ ਦੇ ਕੁਝ ਨੀਵੇਂ ਹਿੱਸਿਆਂ ਵਿੱਚ ਲੋਕਾਂ ਨੇ ਮਹਿਸੂਸ ਕੀਤਾ ਜਿਵੇਂ ਪਾਣੀ ਉਹਨਾਂ ਦੇ ਮੰਜਿਆਂ ਉੱਪਰ ਬਿਸਤਰਿਆਂ ਨੂੰ ਛੂਹ ਰਿਹਾ ਹੋਵੇ। ਜ਼ਿਆਦਾ ਮੀਂਹ ਉੱਪਰਲੇ ਇਲਾਕਿਆਂ ਵਿੱਚ ਪਿਆ ਸੀ, ਹੇਠਾਂ ਅਜੇ ਥੋੜ੍ਹਾ ਸਮਾਂ ਪਹਿਲਾਂ ਮੀਂਹ ਸ਼ੁਰੂ ਹੋਇਆ ਸੀ। ਪਾਣੀ ਇੰਨੀ ਤੇਜ਼ੀ ਨਾਲ ਉੱਚਾ ਉੱਠਦਾ ਜਾ ਰਿਹਾ ਸੀ ਕਿ ਲੋਕਾਂ ਨੇ ਜਾਗ ਖੁੱਲ੍ਹਦੇ ਸਾਰ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ: “ਹੜ੍ਹ ਓਏ! ਹੜ੍ਹ ਓਏ! ਦੌੜੋ! ਦੌੜੋ! ਮਰ ਗਏ ਓ ਲੋਕੋ! ਡੁੱਬ ਗਏ ਓ ਲੋਕੋ!’
ਬਚਨਾ ਪਿੰਡ ਦੇ ਨੀਵੇਂ ਪਾਸੇ ਰਹਿੰਦਾ ਸੀ। ਇੱਕ ਮੱਧ ਵਰਗੀ ਕਿਸਾਨ ਸੀ। ਉਸਦਾ ਘਰ ਅੱਧਾ ਪੱਕਾ ਸੀ ਅਤੇ ਅੱਧਾ ਕੱਚਾ ਸੀ। ਉਸਦੇ ਨਾਲ ਲਗਦਾ ਮਾਰ ਖੁੰਡਿਆਂ ਦੇ ਭੂਰੇ ਹੋਰਾਂ ਦਾ ਘਰ ਨਵਾਂ ਬਣਿਆ ਹੋਇਆ ਸੀ ਤੇ ਪੂਰਾ ਮਜ਼ਬੂਤ ਸੀ। ਭੂਰੇ ਹੋਰਾਂ ਦੀ ਆਦਤ ਵੈਸੇ ਵੀ ਲੋਕਾਂ ਨੂੰ ਤੰਗ ਕਰਨ ਦੀ ਹੁੰਦੀ ਸੀ। ਲੋਕਾਂ ਦੀਆਂ ਚੀਜ਼ਾਂ ਚੋਰੀ ਵੀ ਕਰ ਲਿਆ ਕਰਦੇ ਸਨ। ਇੱਕ ਵਾਰ ਭੂਰੇ ਹੋਰੀਂ ਬਚਨੇ ਦੇ ਤੰਗੜ ਚੋਰੀ ਕਰਕੇ ਲੈ ਗਏ ਸਨ। ਪੰਚਾਇਤ ਦਾ ਇਕੱਠ ਹੋਇਆ ਸੀ ਤੇ ਤੰਗੜ ਮੁਸ਼ਕਿਲ ਨਾਲ ਲੱਭੇ ਸਨ। ਭੂਰੇ ਹੁਰੀਂ ਇੱਕ ਵਾਰ ਖੂਨੀਆਂ ਦੇ ਟੱਬਰ ਦੇ ਖੇਤਾਂ ਵਿੱਚੋਂ 30-40 ਹਲਵਾ ਕੱਦੂ ਤੋੜ ਲਿਆਏ ਸਨ। ਇਸ ਪ੍ਰਕਾਰ ਦੇ ਕੱਦੂ ਲੰਮਾ ਸਮਾਂ ਸੰਭਾਲੇ ਜਾ ਸਕਦੇ ਹੁੰਦੇ ਸਨ। ਜਦੋਂ ਝੋਨਾ ਲਾਉਣ ਦਾ ਸਮਾਂ ਆਉਂਦਾ ਹੁੰਦਾ ਸੀ, ਉਦੋਂ ਬਰਸਾਤਾਂ ਵਿੱਚ ਲਾਵਿਆਂ ਲਈ ਸਬਜ਼ੀ ਬਰਸਾਤ ਵਿੱਚ ਅੰਤਾਂ ਦੀ ਮਹਿੰਗੀ ਮਿਲਦੀ ਸੀ ਜਾਂ ਔਖੀ ਮਿਲਦੀ ਹੁੰਦੀ ਸੀ। ਲੋਕ ਉਦੋਂ ਆਪਣੀ ਪੜਛੱਤੀ ਉੱਪਰੋਂ ਕੱਦੂ ਚੁੱਕ ਕੇ, ਵਿੱਚ ਮੇਥੇ ਪਾ ਕੇ ਕਰਾਰੇ ਜਿਹੇ ਬਣਾ ਕੇ ਲਾਵਿਆਂ ਦੀ ਰੋਟੀ ਦਾ ਡੰਗ ਸਾਰ ਲਿਆ ਕਰਦੇ ਸਨ। ਲੋਕਾਂ ਨੂੰ 10-15 ਲਾਵੇ ਲੱਭਣੇ ਪੈਂਦੇ ਹੁੰਦੇ ਸਨ। ਇਹ ਲਾਵੇ ਆਪਣੇ ਮਿਹਨਤਾਨੇ ਦੇ ਨਾਲ ਦੋ ਡੰਗ ਦੀ ਰੋਟੀ ਵੀ ਮੰਗਿਆ ਕਰਦੇ ਸਨ। ਲਾਵਿਆਂ ਨੂੰ ਕੱਦੂ ਦੀ ਸਬਜ਼ੀ ਨਾਲ ਲੱਸੀ ਦਾ ਬਾਲਟਾ ਤੇ ਉਹਨਾਂ ਨਾਲ ਅੰਬ ਦਾ ਅਚਾਰ। ਸਸਤਾ, ਸਵਾਦ ਤੇ ਸੌਖਾ ਭੋਜਨ। ਭੁੱਖ ਵਿੱਚ ਛੋਲੇ ਵੀ ਬਦਾਮ। ਕਿਸਾਨ ਵੀ ਖੁਸ਼ ਤੇ ਲਾਵੇ ਵੀ ਖੁਸ਼। ਲਾਵੇ ਉਸ ਸਮੇਂ ਪਿੰਡ ਦੇ ਆਦਿਧਰਮੀ ਹੀ ਹੋਇਆ ਕਰਦੇ ਸਨ। ਯੂ. ਪੀ ਤੇ ਬਿਹਾਰ ਦੇ ਭਈਏ ਘੱਟ ਹੁੰਦੇ ਸਨ।
ਹੜ੍ਹਾਂ ਦਾ ਪਾਣੀ ਆਉਣ ਨਾਲ ਬਚਨਾ ਬਹੁਤ ਡਰ ਗਿਆ। ਜਿੰਨਾ ਹੋ ਸਕਿਆ ਉਸਨੇ ਕਾਹਲੀ ਕਾਹਲੀ ਸਮਾਨ ਆਪਣੀ ਰੇਹੜੀ ’ਤੇ ਲੱਦ ਲਿਆ। ਉਸਨੇ ਬਲਦ ਪਹਿਲਾਂ ਹੀ ਉੱਚੀ ਥਾਂ ’ਤੇ ਬੰਨ੍ਹੇ ਹੋਏ ਸਨ। ਮਸਲਾ ਇੱਕ ਵੱਡੀ ਲੋਹੇ ਦੀ ਪੇਟੀ ਦਾ ਸੀ। ਬਚਨੇ ਅਤੇ ਉਸਦੀ ਘਰਵਾਲੀ ਨੇ ਵੱਡੀ ਲੋਹੇ ਦੀ ਪੇਟੀ ਪੱਠੇ ਕੁਤਰਨ ਵਾਲੀ ਗੇੜੀ ਨਾਲ ਸੰਗਲ ਲਗਾ ਕੇ ਬੰਨ੍ਹ ਦਿੱਤੀ। ਬਚਨੇ ਨੂੰ ਉਮੀਦ ਸੀ ਕਿ ਘਰਾਂ ਵਿੱਚ ਵੜਿਆ ਪਾਣੀ ਦੋ ਤਿੰਨ ਦਿਨ ਵਿੱਚ ਉੱਤਰ ਜਾਵੇਗਾ ਤੇ ਉਹ ਆਪਣੀ ਬਹੁਮੁੱਲੀ ਪੇਟੀ ਆ ਕੇ ਸੰਭਾਲ ਲੈਣਗੇ। ਘਰ ਨੇੜੇ ਦੀ ਸੜਕ ਉੱਪਰ ਨੂੰ ਅਰਧ ਪਹਾੜੀ ਇਲਾਕੇ ਵੱਲ ਨੂੰ ਜਾਂਦੀ ਸੀ। ਅੱਗੇ ਇਹ ਸੜਕ ਬਚਨੇ ਦੇ ਸਹੁਰੇ ਪਿੰਡ ਨੂੰ ਚਲੀ ਜਾਂਦੀ ਸੀ। ਬਚਨੇ ਦਾ ਸਹੁਰਾ ਪਿੰਡ ਉੱਪਰ ਉੱਚੀ ਥਾਂ ’ਤੇ ਸੁਰੱਖਿਅਤ ਸੀ।
ਜਿਸ ਸਮੇਂ ਬਚਨੇ ਅਤੇ ਉਸਦੀ ਘਰਵਾਲੀ ਨੇ ਪੇਟੀ ਨੂੰ ਜੰਦਰੇ ਨਾਲ ਚਾਰਾ ਕੁਤਰਣ ਵਾਲੀ ਮਸ਼ੀਨ ਨਾਲ ਬੰਨ੍ਹਿਆ, ਉਸ ਸਮੇਂ ਭੂਰੇ ਹੋਰੀਂ ਉਹਨਾਂ ਨੂੰ ਆਪਣੇ ਅਹਾਤੇ ਵਿੱਚੋਂ ਇੱਕ ਵਿਰਲ ਰਾਹੀਂ ਦੇਖ ਰਹੇ ਸਨ। ਭੂਰੇ ਹੋਰੀਂ ਸੋਚਦੇ ਸਨ ਕਿ ਪਾਣੀ ਦਾ ਪਹਿਲਾ ਉਛਾਲਾ ਥੋੜ੍ਹੇ ਚਿਰ ਲਈ ਹੈ, ਇਸ ਲਈ ਬਚਨੇ ਦੇ ਘਰ ਅੰਦਰ ਵੜ ਕੇ ਸੰਗਲ ਵੱਢ ਕੇ ਪੇਟੀ ਨੂੰ ਕਾਬੂ ਕਰ ਲਿਆ ਜਾਵੇ। ਉਹਨਾਂ ਨੇ ਲੋਹਾ ਕੱਟਣ ਵਾਲੇ ਔਜ਼ਾਰ ਆਪਣੇ ਘਰ ਦੇ ਪਿਛਵਾੜਿਓਂ ਚੁੱਕੇ ਤੇ ਬਚਨੇ ਦੇ ਵਾੜੇ ਵਿੱਚ ਜਾ ਵੜੇ। ਉਹ ਇੱਕ ਦੂਜੇ ਨੂੰ ਹੱਲਾਸ਼ੇਰੀ ਦੇ ਕੇ ਸੰਗਲ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉੱਪਰੋਂ ਪਾਣੀ ਦੀ ਇੱਕ ਵੱਡੀ ਛੱਲ ਆਈ ਤੇ ਦੋਹਾਂ ਭਰਾਵਾਂ ਨੂੰ ਹੜ੍ਹਾ ਕੇ ਲੈ ਗਈ। ਪਾਣੀ ਇੰਨਾ ਆਇਆ ਕਿ ਪਿੰਡ ਦਾ ਨੀਵਾਂ ਪਾਸਾ ਪਾਣੀ ਨਾਲ ਭਰ ਗਿਆ। ਪਿੰਡ ਦਾ ਉੱਚਾ ਪਾਸਾ ਪੂਰਾ ਸੁਰੱਖਿਅਤ ਸੀ। ਪਿੰਡ ਦੇ ਨੀਵੇਂ ਪਾਸੇ ਬੈਠੇ ਗੱਡੀਆਂ ਵਾਲੇ ਵੀ ਜਾਨੀ ਨੁਕਸਾਨ ਤੋਂ ਤਾਂ ਬਚ ਗਏ ਸਨ ਪਰ ਉਹਨਾਂ ਦੀਆਂ ਚੀਜ਼ਾਂ ਵਸਤਾਂ ਹੜ੍ਹ ਗਈਆਂ ਸਨ। ਜਦੋਂ ਚਾਰ ਪੰਜ ਦਿਨਾਂ ਬਾਅਦ ਵਰਖਾ ਘਟੀ ਤਾਂ ਹੜ੍ਹ ਉੱਤਰ ਗਏ। ਸਮਾਜ ਸੇਵੀ ਸੰਸਥਾਵਾਂ ਰਾਹਤ ਦਾ ਸਮਾਨ ਲੈ ਕੇ ਪਹੁੰਚ ਗਈਆਂ। ਲੋਕਾਂ ਨੇ ਤੇ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੇ ਦੇਖਿਆ ਕਿ ਭੂਰੇ ਹੋਰਾਂ ਦੀਆਂ ਲਾਸ਼ਾਂ ਪਾਣੀ ਉੱਪਰ ਤੈਰ ਰਹੀਆਂ ਸਨ। ਪੁਲਿਸ ਨੇ ਆ ਕੇ ਇਨ੍ਹਾਂ ਲਾਸ਼ਾਂ ਨੂੰ ਬਾਹਰ ਕਢਵਾਇਆ ਤੇ ਇਨ੍ਹਾਂ ਦਾ ਦਾਹ ਸੰਸਕਾਰ ਕਰਵਾਇਆ।
ਹੜ੍ਹ ਠੱਲ੍ਹਣ ਤੋਂ ਬਾਅਦ ਬਚਨਾਂ ਅਤੇ ਉਸਦੀ ਘਰਵਾਲੀ ਆਪਣਾ ਘਰ ਦੇਖਣ ਆਏ। ਉਹਨਾਂ ਨੂੰ ਬਹੁਤਾ ਫਿਕਰ ਆਪਣੀ ਪੇਟੀ ਦਾ ਸੀ, ਜਿਸ ਵਿੱਚ ਉਸਨੇ ਆਪਣੇ ਗਹਿਣੇ ਅਤੇ ਪੈਸੇ ਮੋਟੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਪਾ ਕੇ ਸੰਭਾਲੇ ਹੋਏ ਸਨ। ਸਰਕਾਰ ਦੀ ਨੋਟਬੰਦੀ ਪਾਲਸੀ ਤੋਂ ਬਾਅਦ ਉਹ ਆਪਣੇ ਪੈਸੇ ਘਰ ਹੀ ਰੱਖਦੇ ਹਨ। ਨੋਟਬੰਦੀ ਨੇ ਲੋਕਾਂ ਨੂੰ ਇਨਾ ਖੱਜਲ਼ ਖੁਆਰ ਕੀਤਾ ਸੀ ਕਿ ਲੋਕਾਂ ਦੇ ਮਨਾਂ ਵਿੱਚ ਬੈਂਕਾਂ ਵੀ ਸ਼ੱਕੀ ਬਣ ਗਈਆਂ ਸਨ। ਜਦੋਂ ਉਹ ਆਪਣੇ ਘਰ ਵਾਲੀ ਥਾਂ ’ਤੇ ਪਹੁੰਚੇ ਤਾਂ ਉਹਨਾਂ ਨੂੰ ਆਪਣੀ ਪੇਟੀ ਨਜ਼ਰ ਨਾ ਆਈ। ਉਹਨਾਂ ਨੂੰ ਪੂਰਾ ਯਕੀਨ ਸੀ ਕਿ ਗੁਆਂਢੀ ਭੂਰੇ ਹੋਰੀਂ ਕੋਈ ਕਾਰਾ ਕੀਤਾ ਹੋਊ ਪਰ ਹੈਰਾਨੀ ਇਹ ਸੀ ਕਿ ਉਹ ਤਾਂ ਖੁਦ ਹੀ ਹੜ੍ਹ ਵਿੱਚ ਰੁੜ੍ਹ ਗਏ ਸਨ। ਕੋਈ ਹੋਰ ਬੰਦਾ ਦੂਰੋਂ ਆ ਕੇ ਚੋਰੀ ਕਰਦਾ, ਇਹ ਸੰਭਵ ਨਹੀਂ ਸੀ। ਪੇਟੀ ਕਿੱਧਰ ਗਈ, ਇਹ ਬਚਨੇ ਵਾਸਤੇ ਬਿਲਕੁਲ ਬੁਝਾਰਤ ਬਣ ਗਈ। ਕੁਝ ਦਿਨਾਂ ਬਾਅਦ ਸਰਪੰਚ ਪਾਸ ਖ਼ਬਰ ਪੁੱਜੀ ਕਿ ਪੇਟੀ ਰਾਮ ਗਲੋਲੀਆਂ ਦੇ ਘਰ ਦੇ ਪਿਛਵਾੜੇ ਥੋੜ੍ਹੇ ਡੂੰਗੇ ਪਾਣੀ ਵਿੱਚ ਪਈ ਹੈ। ਸਰਪੰਚ ਨੇ ਹੁਸ਼ਿਆਰੀ ਵਰਤ ਕੇ ਆਪਣੇ ਲੜਕੇ ਨੂੰ ਨਾਲ ਲੈ ਕੇ ਪੇਟੀ ਖਿੱਚ ਕੇ ਕਾਬੂ ਕਰ ਲਈ। ਦੋ ਤਿੰਨ ਰਾਹਗੀਰਾਂ ਨੇ ਸਰਪੰਚ ਨਾਲ ਸਤਿ ਸ਼੍ਰੀ ਅਕਾਲ ਸਾਂਝੀ ਵੀ ਕੀਤੀ ਪਰ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਸਰਪੰਚ ਛੱਪੜ ਵਿੱਚ ਬਾਸਮਤੀ ਦੀ ਪਰਾਲੀ ਭਿਉਂ ਰਿਹਾ ਸੀ ਜਾਂ ਪੇਟੀ ਕੱਢ ਰਿਹਾ ਸੀ। ਪਰਾਲੀ ਦੀਆਂ ਬੇੜਾਂ ਵੱਟ ਕੇ ਪਛੇਤੀ ਕਣਕ ਦੀਆਂ ਭਰੀਆਂ ਬੰਨ੍ਹਣੀਆਂ ਸਨ। ਸਰਪੰਚ ਨੇ ਪੇਟੀ ਚੁਕਾ ਕੇ ਟਰੈਕਟਰ ਦੀ ਟਰਾਲੀ ’ਤੇ ਲੱਦੀ, ਉਪਰ ਪਰਾਲੀ ਪਾਈ ਤੇ ਆਪਣੀ ਹਵੇਲੀ ਵੱਲ ਲੈ ਗਿਆ। ਕੁਝ ਚੀਜ਼ਾਂ ਦੂਰੋਂ ਹੜ੍ਹ ਕੇ ਪਿੰਡ ਦੇ ਛੱਪੜ ਵਿੱਚ ਪਹੁੰਚ ਗਈਆਂ ਸਨ। ਇਨ੍ਹਾਂ ਵਿੱਚ ਟਾਹਲੀ ਦੀ ਕਾਲੀ ਸਿਆਹ ਲੱਕੜੀ ਦਾ ਇੱਕ ਮੋਛਾ ਸੀ, ਜਿਹੜਾ ਜ਼ਿਆਦਾ ਭਾਰਾ ਹੋਣ ਕਰਕੇ ਅਤੇ ਅੱਕਾਂ ਵਿੱਚ ਫਸਣ ਕਰਕੇ ਪਾਣੀ ਉੱਪਰ ਨਹੀਂ ਤੈਰਿਆ ਸੀ। ਸਰਪੰਚ ਨੇ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ ਇਹ ਵੀ ਚੁੱਕਿਆ ਤੇ ਟਰਾਲੀ ’ਤੇ ਲੱਦ ਪਰਾਲੀ ਹੇਠ ਛੁਪਾ ਲਿਆ। ਜੋ ਰਾਹਤ ਸਰਕਾਰ ਨੇ ਪਿੰਡ ਵਾਸਤੇ ਭੇਜੀ ਸੀ, ਉਹ ਵੀ ਪੰਚਾਇਤ ਨੇ ਬੜੀ ਘੱਟ ਮਾਤਰਾ ਵਿੱਚ ਹੜ੍ਹ ਪੀੜਿਤਾਂ ਤਕ ਪਹੁੰਚਾਈ।
ਪਤਾ ਲੱਗਾ ਕਿ ਗੱਡੀਆਂ ਵਾਲਿਆਂ ਦਾ ਕੁਝ ਸਮਾਨ ਵੀ ਪੰਚਾਇਤ ਦੇ ਹੱਥ ਲੱਗ ਗਿਆ ਸੀ। ਇਹਦੇ ਵਿੱਚੋਂ ਵੀ ਮਸਾਂ ਅੱਧਾ ਕੁ ਸਮਾਨ ਉਹਨਾਂ ਨੂੰ ਵਾਪਸ ਕੀਤਾ। ਪੰਚਾਇਤ ਇਵੇਂ ਅਕਸਰ ਹੀ ਕਰਦੀ ਆਈ ਸੀ। ਪਿਛਲੇ ਸਾਲ ਕਣਕ ਦੀ ਫਸਲ ਭਾਰੀ ਵਰਖਾ ਨਾਲ ਤਬਾਹ ਹੋ ਗਈ ਸੀ। ਸਰਕਾਰ ਨੇ ਪਿੰਡਾਂ ਲਈ ਖਰਾਬੇ ਦੇ ਪੈਸੇ ਭੇਜੇ ਸਨ। ਇਹ ਪੈਸੇ ਵੀ ਚੰਦ ਚਲਦੇ ਪੁਰਜ਼ੇ ਬੰਦੇ ਲੈ ਗਏ ਸਨ। ਗਰੀਬ ਲੋਕ ਇਨ੍ਹਾਂ ਤੋਂ ਰਹਿ ਹੀ ਗਏ ਸਨ। ਜਿੰਨੀ ਵਾਰੀ ਵੀ ਪਿੰਡ ’ਤੇ ਭਾਰੀ ਪਈ ਪੰਚਾਇਤ ਆਪਣੀ ਮੀਟਿੰਗ ਬੁਲਾ ਕੇ ਇਸ ’ਤੇ ਵਿਚਾਰ ਕਰਦੀ ਰਹੀ। ਪੰਚਾਇਤ ਮੈਂਬਰ ਅਕਸਰ ਆਪਣਾ ਅਤੇ ਆਪਣੇ ਖਾਸ ਖਾਸ ਬੰਦਿਆਂ ਦਾ ਪੇਟ ਪਾਲਦੇ ਰਹੇ। ਗਰੀਬ ਜਨਤਾ ਉਵੇਂ ਦੀ ਉਵੇਂ ਰਹਿੰਦੀ ਰਹੀ, ਬਲਕਿ ਗਰੀਬ ਲੋਕ ਹੋਰ ਗਰੀਬ ਹੁੰਦੇ ਗਏ। ਆਖਰਕਾਰ ਸਧਾਰਨ ਲੋਕ ਆਪਣੀਆਂ ਜੱਦੀ ਜਾਇਦਾਦਾਂ ਕੌਡੀਆਂ ਦੇ ਭਾਅ ਵੇਚ ਕੇ, ਟਰੈਵਲ ਏਜੈਂਟਾਂ ਦੇ ਹੱਥੇ ਚੜ੍ਹ ਕੇ ਬਾਹਰ ਨੂੰ ਦੌੜਨ ਲੱਗ ਪਏ। ਕਰਜ਼ਾਈ ਕਿਸਾਨ ਆਤਮ ਹੱਤਿਆਵਾਂ ਕਰਦੇ ਰਹੇ। ਰਹਿੰਦਾ ਖੂੰਹਦਾ ਦੀਵਾਲਾ ਨਸ਼ਿਆਂ ਨੇ ਕੱਢ ਦਿੱਤਾ। ਨੇਤਾ ਖੁਦ ਨਸ਼ਿਆਂ ਦਾ ਧੰਦਾ ਕਰਦੇ ਰਹੇ। ਸਰਕਾਰਾਂ ਦੀ ਹੜ੍ਹ ਨੀਤੀ ਬਾਰੇ ਸੁਣ ਲਓ। ਨਾ ਕਦੀ ਡੈਮਾਂ ਨੂੰ ਚੱਜ ਨਾਲ ਮੁਰੰਮਤ ਕਰਵਾਇਆ ਜਾਂਦਾ ਅਤੇ ਨਾ ਹੀ ਦਰਿਆਵਾਂ ਦੇ ਮੱਧ ਵਿੱਚੋਂ ਰੇਤ ਚੁੱਕ ਕੇ ਉਹਨਾਂ ਨੂੰ ਡੂੰਘਾ ਕੀਤਾ ਜਾਂਦਾ ਏ। ਦਰਿਆਵਾਂ ਦਾ ਮੱਧ ਆਲੇ ਦੁਆਲੇ ਦੇ ਖੇਤਾਂ ਤੋਂ ਉੱਚਾ ਹੋ ਗਿਆ। ਚੋਰੀ ਛਿਪੇ ਟਿੱਪਰ ਦੌੜੇ ਦੌੜੇ ਆਉਂਦੇ ਹਨ ਤੇ ਦਰਿਆਵਾਂ ਦੇ ਕੰਢਿਆਂ ਤੋਂ ਮਾਈਨਿੰਗ ਕਰਕੇ ਦੌੜ ਜਾਂਦੇ ਹਨ। ਗਿਰਝਾਂ ਗਾਲੜ ਦੇਵਣ ਦਾਦ, ਉੱਲੂ ਗਾਉਣ ਬਸੰਤ ਬਹਾਰ।
“ਬਾਈ ਜੀ, ਭਾਖੜਾ ਡੈਮ ਬਾਰੇ ਕੁਝ”ਸੱ ਥ ਵਿੱਚ ਬੈਠੇ ਸੇਵਾ ਮੁਕਤ ਬੈਂਕ ਮੈਨੇਜਰ ਧਨੋਆ ਸਾਹਿਬ ਨੇ ਰਾਮ ਸਿੰਘ ਨੂੰ ਸਵਾਲ ਪੁੱਛ ਲਿਆ।
“ਕਹਿੰਦੇ, ਬਣਵਾਇਆ ਤਾਂ ਅਮਰੀਕਾ ਦੇ ਇੱਕ ਇੰਜਨੀਅਰ ਨੇ ਸੀ। ਨਾਮ ਮੈਨੂੰ ਭੁੱਲ ਗਿਆ।”
“ਬਾਈ ਜੀ, ਉਹਦਾ ਨਾਮ ਸਲੋਕਮ ਸੀ।”
“ਤੁਸੀਂ ਠੀਕ ਫਰਮਾਇਆ। ਉਸਨੇ ਡੈਮ ਦੀ ਮਨਿਆਦ 100 ਸਾਲ ਕਹੀ ਸੀ। 100 ਸਾਲ ਹੋਣ ਵਾਲੇ ਹਨ। ਇਹ ਡੈਮ ਸਰ ਛੋਟੂ ਰਾਮ ਦੇ ਦਿਮਾਗ ਦੀ ਉਪਜ ਸੀ। ਸੁਣਿਆ ਹੈ ਸਭ ਤੋਂ ਪਹਿਲਾਂ ਉਸਨੇ ਬਿਲਾਸਪੁਰ ਦੇ ਰਾਜੇ ਨਾਲ 1944 ਵਿੱਚ ਡੈਮ ਬਾਰੇ ਇਕਰਾਰਨਾਮੇ ’ਤੇ ਦਸਤਖਤ ਕੀਤੇ ਤੇ ਕਰਵਾਏ ਸਨ। ਡੈਮ 1948 ਵਿੱਚ ਬਣਨਾ ਸ਼ੁਰੂ ਹੋ ਗਿਆ ਸੀ। ਕਹਿੰਦੇ, ਨਹਿਰੂ ਨੇ ਕੰਕਰੀਟ ਦੀ ਪਹਿਲੀ ਬਾਲਟੀ ਦਰਿਆ ਵਿੱਚ ਡੈਮ ਵਾਲੀ ਥਾਂ ’ਤੇ ਸੁੱਟ ਕੇ ਇਸ ਨੂੰ ਸ਼ੁਰੂ ਕਰਵਾਇਆ ਸੀ। ਡੈਮ 1963 ਤਕ ਬਣ ਕੇ ਪੂਰਾ ਹੋ ਗਿਆ ਸੀ। ਸਰਕਾਰ ਨੂੰ ਡੈਮ ਦੀ ਮੁਰੰਮਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਏ। ਜਦੋਂ ਹੜ੍ਹ ਆਉਂਦੇ ਹਨ ਤਾਂ ਸਰਕਾਰਾਂ ਮਾੜੀਆਂ ਮਾੜੀਆਂ ਜਾਗਦੀਆਂ ਹਨ। ਨੇੜੇ ਆਈ ਜੰਝ, ਵਿੰਨ੍ਹੋ ਕੁੜੀ ਦੇ ਕੰਨ। ਲੋਕ ਡੁੱਬਣੇ ਸ਼ੁਰੂ ਹੋ ਜਾਂਦੇ ਹਨ ਤੇ ਸਰਕਾਰ ਹੈਲੀਕਾਪਟਰ ’ਤੇ ਬੈਠ ਕੇ ਪਾਣੀ ਦੀਆਂ ਛੱਲ੍ਹਾਂ ਦੇ ਨਜ਼ਾਰੇ ਦੇਖ ਕੇ ਮਗਰਮੱਛ ਦੇ ਹੰਝੂ ਵਹਾਉਣ ਲੱਗ ਪੈਂਦੀ ਏ। ਤੁਸੀਂ ਸਾਰੇ ਤਾਂ ਬਹੁਤ ਪੜ੍ਹੇ ਲਿਖੇ ਹੋ। ਵੱਡੀਆਂ ਵੱਡੀਆਂ ਨੌਕਰੀਆਂ ਤੋਂ ਸੇਵਾ ਮੁਕਤ ਹੋ ਕੇ ਇਸ ਦੇਸ਼ ਵਿੱਚ ਆਪਣੇ ਬੱਚਿਆਂ ਪਾਸ ਆਏ ਹੋਏ ਹੋ। ਸੁਣਿਆ ਹੈ, ਡੈਮ ਨੂੰ ਮੁਰੰਮਤ ਕਰਨ ਵਾਲਾ ਵੀ ਕੋਈ ਪ੍ਰੋਜੈਕਟ ਹੁੰਦਾ ਏ। ਮੈਨੂੰ ਨਾਮ ਯਾਦ ਨਹੀਂ ਆ ਰਿਹਾ...।”
“ਬਾਈ ਜੀ, ਉਹ ਡਰਿੱਪ (DRIPਧ੍ਰੀਫ) ਹੁੰਦਾ ਏ।” ਦਰਸ਼ਕਾਂ ਵਿੱਚ ਬੈਠੇ ਇੱਕ ਸਰਦਾਰ ਜੀ ਬੋਲੇ। ਉਹ ਕਿਸੇ ਡੈਮ ਤੋਂ ਹੀ ਸੇਵਾ ਮੁਕਤ ਹੋਏ ਸਨ।
“ਇਸ ਦਾ ਕੀ ਭਾਵ?” ਇੱਕ ਹੋਰ ਬੋਲ ਪਿਆ ਹੈ।
“ਡਰਿੱਪ ਦਾ ਪੂਰਾ ਮਤਲਬ ਏ- The Dam Rehabilitation and Improvement Project.” ਉਹੀ ਸਰਦਾਰ ਜੀ ਫਿਰ ਬੋਲ ਪਏ।
ਰਾਮ ਸਿੰਘ ਨੇ ਇੱਕਦਮ ਹੁੰਗਾਰਾ ਭਰ ਦਿੱਤਾ, “ਹਾਂ, ਹਾਂ, ਇਹੀ ਹੁੰਦਾ ਏ। ਇਸਦਾ ਕੰਮ ਡੈਮ ਦੀ ਸਮੇਂ ਸਮੇਂ ਤੇ ਦੇਖਭਾਲ ਕਰਨੀ ਹੁੰਦਾ ਏ। ਡੈਮ ਵਿੱਚੋਂ ਗਾਰ ਕੱਢਣੀ ਹੁੰਦਾ ਏ। ਇਹ ਵੀ ਤਾਂ ਹੀ ਕੰਮ ਕਰੂ ਜੇ ਇਹਨੂੰ ਕੋਈ ਸਰਕਾਰ ਵਿੱਚੋਂ ਕਹੂ। ਜੇ ਫੱਟਾ ਸਾਹ ਦੇਊ ਤਾਂਹੀ ਬਾਜ਼ੀਗਰ ਛਾਲ ਮਾਰੂ।”
ਇੰਨਾ ਕੁਝ ਕਹਿ ਕੇ ਰਾਮ ਸਿੰਘ ਮਾਈਕ ਤੋਂ ਪਰੇ ਹੋਣ ਹੀ ਲੱਗਾ ਸੀ ਤਾਂ ਸੱਥ ਵਿੱਚੋਂ ਸੂਬੇਦਾਰ ਵਰਿਆਮ ਸਿੰਘ ਬੋਲ ਪਿਆ, “ਬਾਈ ਜੀ, ਜੇ ਪੇਟੀ ਲੋਕਾਂ ਦੇ ਸਾਹਮਣੇ ਵੀ ਆ ਜਾਂਦੀ ਫਿਰ ਉਹਦੇ ਮਾਲਕ ਦੀ ਸ਼ਨਾਖਤ ਕਿਵੇਂ ਹੁੰਦੀ? ਪੰਚਾਇਤ ਕਿਵੇਂ ਫੈਸਲਾ ਕਰਦੀ ਕਿ ਪੇਟੀ ਕਿਸ ਨੂੰ ਦਿੱਤੀ ਜਾਵੇ?”
“ਸੂਬੇਦਾਰਾ ਫੈਸਲੇ ਕਰਨੇ ਬਹੁਤ ਔਖੇ ਨਹੀਂ ਹੁੰਦੇ। ਨੀਤ ਸਾਫ ਹੋਣੀ ਚਾਹੀਦੀ ਏ। ਸਾਰਾ ਮਸਲਾ ਵੋਟਾਂ ਲੈਣ ਦਾ ਹੀ ਹੁੰਦਾ ਏ। ਵੋਟਾਂ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ? ਨੇਤਾ ਦੱਸਦੇ ਕਸਤੂਰੀ ਹਨ, ਵੇਚਦੇ ਹਿੰਗ ਹਨ, ਉੱਦਾਂ ਪਾਣੀ ਨੂੰ ‘ਪਿਤਾ’ ਕਹੀ ਜਾਣਗੇ। ਆਪਣੇ ਸਵਾਰਥ ਲਈ ਬਨਾਉਟੀ ਹੜ੍ਹ ਛੱਡ ਕੇ ਤਬਾਹੀ ਦੇ ਮੰਜ਼ਰ ਖੜ੍ਹੇ ਕਰ ਦੇਣਗੇ।”
“ਬਾਈ ਜੀ, ਮੰਨ ਲਓ, ਤੁਸੀਂ ਸਰਪੰਚ ਹੁੰਦੇ, ਤੁਸੀਂ ਪੇਟੀ ਦੇ ਮਾਲਕ ਦੀ ਸ਼ਨਾਖਤ ਕਿਵੇਂ ਕਰਦੇ? ਕੀ ਸ਼ਨਾਖਤ ਨਾ ਹੋਣ ਦੀ ਸੂਰਤ ਵਿੱਚ ਪੇਟੀ ਮਾਲਖਾਨੇ ਜਮ੍ਹਾਂ ਕਰਵਾ ਦਿੰਦੇ?” ਸੂਬੇਦਾਰ ਫਿਰ ਬੋਲ ਪਿਆ।
“ਸੂਬੇਦਾਰਾ, ਕਿਉਂ ਬੱਚਿਆਂ ਵਾਲੀਆਂ ਗੱਲਾਂ ਕਰਦੇ ਹੋ? ਜੇ ਮੈਂ ਸਰਪੰਚ ਹੁੰਦਾ ਤਾਂ ਮੈਂ ਦੇਖਦਾ ਕਿ ਕੌਣ ਕੌਣ ਆਪਣੇ ਆਪ ਨੂੰ ਮਾਲਕ ਕਹਿੰਦਾ ਏ। ਫਿਰ ਮੈਂ ਕਹਿੰਦਾ, ਜਿਹੜਾ ਬੰਦਾ ਪੇਟੀ ਵਿੱਚ ਸਮਾਨ ਵਿੱਚੋਂ ਅੱਧਾ ਪਚੱਧਾ ਸਮਾਨ ਦਾ ਨਾਮ ਵੀ ਦੱਸ ਦੇਵੇ। ਪੇਟੀ ਉਹਦੀ ਹੋਣੀ ਸੀ। ਇੰਜ ਕਰਨ ਨਾਲ ਝੂਠ-ਸੱਚ ਦੀ ਇੱਕਦਮ ਪਰਖ ਹੋ ਜਾਣੀ ਸੀ। ਦਿਲ ਚੰਗਾ ਤਾਂ ਕਟੋਰੇ ਵਿੱਚ ਗੰਗਾ।”
“ਗੱਲ ਬਾਈ ਜੀ ਠੀਕ ਏ, ਚਾਹੀਦਾ ਇਵੇਂ ਹੀ ਸੀ। ਬਾਈ ਫਿਰ ਵੀ ਪੂਰਾ ਹੰਢਿਆ ਬੰਦਾ ਏ” ਕਈਆਂ ਨੇ ਬਾਈ ਦਾ ਪੱਖ ਲੈ ਕੇ ਸੂਬੇਦਾਰ ਨੂੰ ਚੁੱਪ ਕਰਾ ਦਿੱਤਾ।
ਇੰਨੇ ਚਿਰ ਨੂੰ ਰਲਾ ਸਿੰਘ ਵੀ ਬੋਲ ਪਿਆ, “ਸਕੱਤਰ ਸਾਹਿਬ, ਮੈਨੂੰ ਵੀ ਆਪਣੇ ਪਿੰਡ ਦੀ ਇੱਕ ਪੁਰਾਣੀ ਘਟਨਾ ਯਾਦ ਆ ਗਈ। ਕੀ ਮੈਂ ਵੀ ਆਪਣੀ ਗੱਲ ਕਰ ਲਵਾਂ?”
“ਕਿਉਂ ਨਹੀਂ, ਬਾਈ ਜੀ, ਤੁਸੀਂ ਤਾਂ ਹੁਣ 85 ਟੱਪ ਗਏ ਲਗਦੇ ਹੋ। ਤੁਹਾਨੂੰ ਤਾਂ ਪੁਰਾਣੀਆਂ ਬਥੇਰੀਆਂ ਗੱਲਾਂ ਯਾਦ ਹੋਣਗੀਆਂ। ਹੋ ਜਾਵੇ ਫਿਰ ਕੋਈ ਕਰਾਰੀ ਕਰਾਰੀ ਪੁਰਾਣੀ ਯਾਦਗਾਰ ਸਾਂਝੀ।” ਸਕੱਤਰ ਨੇ ਸਭ ਨੂੰ ਬਾਈ ਰਲਾ ਸਿੰਘ ਦੀ ਗੱਲ ਸੁਣਨ ਲਈ ਤਿਆਰ ਕਰ ਲਿਆ, “ਕੀ ਬੈਠੇ ਬੈਠੇ ਹੀ ਬੋਲੋਗੇ ਜਾਂ ਉੱਠ ਕੇ ਮੋਹਰੇ ਆਉਗੇ?”
“ਜੋਰਾ ਸਿਹਾਂ, ਮੈਥੋਂ ਮਾਈਕ ਮੋਹਰੇ ਨਹੀਂ ਖੜ੍ਹ ਹੋਣਾ। ਮੈਂ ਮੋਹਰੇ ਆ ਕੇ ਕੁਰਸੀ ’ਤੇ ਬੈਠ ਜਾਂਦਾ ਹਾਂ। ਤੁਸੀਂ ਮਾਈਕ ਮੇਰੇ ਮੋਹਰੇ ਸੈੱਟ ਕਰ ਦਿਓ। ਮੈਂ ਬੈਠਾ ਬੈਠਾ ਹੀ ਬੋਲਾਂਗਾ।”
“ਬਹੁਤ ਅੱਛਾ, ਬਾਈ ਜੀ, ਆ ਜਾਓ।”
ਰਲਾ ਸਿੰਘ ਸੋਟੀ ਨਾਲ ਤੁਰਦਾ ਮੋਹਰੇ ਨੂੰ ਆ ਗਿਆ ਤੇ ਆ ਕੇ ਮਾਈਕ ਦੇ ਮੋਹਰੇ ਕੁਰਸੀ ’ਤੇ ਬੈਠ ਗਿਆ। ਕਹਿਣ ਲੱਗਾ, “ਵੀਰੋ ਤੇ ਭੈਣੋ, ਮੈਨੂੰ ਸ. ਰਾਮ ਸਿੰਘ ਦੇ ਪਿੰਡ ਮਹਿਲਾਂ ਮਾਜਰੀ ਤੋਂ ਆਪਣਾ ਪਿੰਡ ਮੈਹਲੇ ਮਾਜਰਾ ਯਾਦ ਆ ਗਿਆ। ਮੈਂ ਪੁਆਧ ਦੇ ਉਸ ਇਲਾਕੇ ਤੋਂ ਹਾਂ ਜਿੱਥੇ ਚੰਡੀਗੜ੍ਹ ਸ਼ਹਿਰ ਵਸਿਆ ਹੋਇਆ ਏ। ਇਹ ਖੂਬਸੂਰਤ ਸ਼ਹਿਰ 1950 ਵਿੱਚ 28 ਪਿੰਡ ਉਜਾੜ ਕੇ ਬਣਿਆ ਸੀ। ਅੱਜ ਦੀ ਪੀ.ਜੀ.ਆਈ ਦੀ ਥਾਂ ’ਤੇ ਵਸਦਾ ਰਸਦਾ ਪਿੰਡ ਸ਼ਹਿਜਾਦਪੁਰ ਹੁੰਦਾ ਸੀ। ਸਭ ਤੋਂ ਪਹਿਲਾਂ 19 ਸੈਕਟਰ ਦੀ ਥਾਂ ’ਤੇ ਵਸਿਆ ਹੋਇਆ ਪਿੰਡ ਨਗਲਾ ਉਜਾੜ ਕੇ ਇੱਥੇ ਚੰਡੀਗੜ੍ਹ ਦੀ ਪਲਾਨਿੰਗ ਕਰਨ ਵਾਲੇ ਫਰਾਂਸੀਸੀ ਕਾਰੀਗਰ ਕਾਰਬੂਜੀਏ ਨੇ ਆਪਣਾ ਦਫਤਰ ਬਣਾਇਆ ਸੀ। ਇੱਥੇ ਹੀ 1952 ਵਿੱਚ ਪਹਿਲਾਂ ਬੱਸ ਅੱਡਾ ਤੇ ਪਹਿਲਾ ਡਾਕਖਾਨਾ ਬਣਿਆ ਸੀ। ਕਾਰਬੂਜੀਏ ਨੂੰ ਬੱਸ ਅੱਡੇ ਤੇ ਡਾਕਖਾਨੇ ਦੀ ਆਪ ਵੀ ਬਹੁਤ ਜ਼ਰੂਰਤ ਹੋਇਆ ਕਰਦੀ ਸੀ। ਉਦੋਂ ਇਸ ਪ੍ਰਕਾਰ ਦੀਆਂ ਸੇਵਾਵਾਂ ਅਤਿ ਜ਼ਰੂਰੀ ਸੇਵਾਵਾਂ ਵਿੱਚੋਂ ਹੁੰਦੀਆਂ ਸਨ। ਸੈਕਟਰ 17 ਤੇ ਸੈਕਟਰ 22 ਪਿੰਡ ਰੁੜਕੀ ਪੜਾਓ ਤੇ ਕਾਲੀਬੜ ਉਜਾੜ ਕੇ ਬਣੇ ਸਨ। ਸੈਕਟਰ 17 ਵਿੱਚ ਨੀਲਮ ਸਿਨਮਾ ਦੀ ਥਾਂ ’ਤੇ ਇੱਕ ਕਿਸਾਨ ਬਸਤਾ ਸਿੰਘ ਦੇ ਖੇਤ ਹੋਇਆ ਕਰਦੇ ਸਨ। ਸੁਖਨਾ ਝੀਲ ਦੀ ਥਾਂ ’ਤੇ ਭੰਗੀ ਮਾਜਰਾ ਹੁੰਦਾ ਸੀ ਤੇ ਇੱਥੇ ਦਾ ਵਰਿਆਮੇ ਦਾ ਛੱਪੜ ਬੜਾ ਮਸ਼ਹੂਰ ਹੁੰਦਾ ਸੀ। ਹੁਣ ਸੈਕਟਰ 2 ਤੇ 3 ਦੀ ਥਾਂ ’ਤੇ ਪਿੰਡ ਮੈਹਲੇ ਮਾਜਰਾ ਹੁੰਦਾ ਸੀ। ਹੁਣ ਇੱਥੇ ਸਕੱਤਰੇਤ ਏ ਤੇ ਵੱਡੇ ਵੱਡੇ ਰਾਜਨੇਤਾਵਾਂ ਦੀਆਂ ਰਿਹਾਇਸ਼ਾਂ ਹਨ। ਕੇਂਦਰ ਵਿੱਚ ਨਹਿਰੂ ਦੀ ਸਰਕਾਰ ਸੀ ਤੇ ਪੰਜਾਬ ਵਿੱਚ ਕੈਰੋਂ ਦੀ।...
ਜਦੋਂ ਇਹ ਪਿੰਡ ਉਜਾੜੇ ਗਏ ਉਦੋਂ ਨਾ ਤਾਂ ਸਰਕਾਰ ਨੇ ਕੋਈ ਰਸਤਿਆਂ ਦਾ, ਨਾ ਛੱਪੜਾਂ ਦੀਆਂ ਥਾਂਵਾਂ ਦਾ ਤੇ ਨਾ ਹੀ ਸ਼ਾਮਲਾਟਾਂ ਦਾ ਕੋਈ ਮੁਆਵਜ਼ਾ ਦਿੱਤਾ। ਲੋਕਾਂ ਨੂੰ ਘਰਾਂ ਦੀਆਂ ਕੀਮਤਾਂ ਵੀ ਮਾੜੀਆਂ ਮੋਟੀਆਂ ਹੀ ਦਿੱਤੀਆਂ ਗਈਆਂ। ਸਭ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ। ਸਾਨੂੰ ਨਾਲ ਲਗਦੇ ਮਨੀਮਾਜਰੇ ਦੇ ਨੇੜੇ ਨਿੱਕੇ ਨਿੱਕੇ ਜ਼ਮੀਨ ਦੇ ਪਲਾਟ ਦੇ ਦਿੱਤੇ। ਸਾਡੀ ਜ਼ਮੀਨ ਭੰਗ ਦੇ ਭਾਅ ਅਕਵਾਇਰ ਕਰ ਲਈ। ਅੱਜ ਇਸ ਥਾਂ ’ਤੇ ਮੁੱਖ ਮੰਤਰੀ ਤੇ ਹੋਰ ਰਾਜਨੇਤਾਵਾਂ ਦੀਆਂ ਰਿਹਾਇਸ਼ਾਂ ਅਤੇ ਨਿਆਂ ਦੇਣ ਦਾ ਵੱਡਾ ਅਦਾਰਾ ਸਕੱਤਰੇਤ ਹੈ। ਇਸਨੂੰ ਮਜ਼ਾਕ ਨਾ ਕਿਹਾ ਜਾਵੇ ਹੋਰ ਕੀ ਕਿਹਾ ਜਾਵੇ? ਮੈਨੂੰ ਉੱਠ ਕੇ ਤੁਹਾਡੇ ਸਾਹਮਣੇ ਇਸ ਲਈ ਆਉਣਾ ਪਿਆ ਕਿਉਂਕਿ ਮੇਰਾ ਸਾਥੀ ਰਾਮ ਸਿੰਘ ਵੀ ਪੰਜਾਬ ਦੇ ਇਸੇ ਪ੍ਰਕਾਰ ਦੇ ਨਾਮ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਏ। ਜਦੋਂ ਉਸਨੇ ਆਪਣੇ ਪਿੰਡ ਦਾ ਨਾਮ ਮਹਿਲਾਂ ਮਾਜਰੀ ਦੱਸਿਆ ਤਾਂ ਮੇਰੇ ਮਨ ਵਿੱਚ ਵੀ ਇਕਦਮ ਖਿਆਲ ਆ ਗਿਆ ਕਿ ਮੈਂ ਵੀ ਦੇਸ਼ ਦੇ ਰਾਜਨੇਤਾਵਾਂ ਦੇ ਪੋਲ ਖੋਲ੍ਹਾਂ। ਸਾਨੂੰ ਸਿਰਫ 1952 ਵਿੱਚ ਹੀ ਨਹੀਂ ਉਜਾੜਿਆ, ਸਾਡੇ ਨਾਲ 1966 ਵਿੱਚ ਵੀ ਬਹੁਤ ਬੁਰੀ ਹੋਈ। ਜਿੱਥੇ ਸਾਨੂੰ ਅਬਾਦ ਕੀਤਾ ਗਿਆ ਸੀ ਉਹ ਥਾਂ 1966 ਵਿੱਚ ਹਰਿਆਣਾ ਬਣਨ ਨਾਲ ਹਰਿਆਣੇ ਵਿੱਚ ਆ ਗਿਆ। ਫਿਰ ਸਾਨੂੰ ਉਜਾੜ ਕੇ ਉਸ ਪਾਸੇ ਪਲਾਟ ਦਿੱਤੇ, ਜਿੱਧਰ ਪੰਜਾਬ ਦਾ ਇਲਾਕਾ ਸੀ। ਇਸ ਪ੍ਰਕਾਰ ਅਸੀਂ ਜੀਵਨ ਵਿੱਚ ਉੱਜੜਦੇ ਪੁੱਜੜਦੇ ਹੀ ਰਹੇ। ਸਿਆਸੀ ਲੋਕ ਸਾਨੂੰ ਮੋਹਰਾ ਬਣਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹੇ ਤੇ ਅਸੀਂ ਆਖਰਕਾਰ ਘੁੰਮਦੇ ਘੁੰਮਦੇ ਸਿਡਨੀ ਪਹੁੰਚ ਗਏ ਹਾਂ। ਜੋ ਵਾਅਦੇ ਨਹਿਰੂ ਤੇ ਗਾਂਧੀ ਨੇ ਸਾਡੇ ਨਾਲ ਸਨ 47 ਵਿੱਚ ਕੀਤੇ, ਉਹ ਵੀ ਪੂਰੇ ਨਾ ਕੀਤੇ ਗਏ। ਇੰਨਾ ਕੁਝ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ ...।”
ਸੂਬੇਦਾਰ ਨੇ ਰਲਾ ਸਿੰਘ ਨੂੰ ਵੀ ਸਵਾਲ ਕਰ ਦਿੱਤਾ, “ਬਾਈ ਜੀ, ਤੁਸੀਂ ਤਾਂ ਫਿਰ ਸਾਰੀ ਜ਼ਿੰਦਗੀ ਚੰਡੀਗੜ੍ਹ ਹੀ ਰਹੇ ਹੋਵੋਗੇ। ਸ਼ਹਿਰ ਦੇ ਵਸਣ ਵੇਲੇ ਦੀ ਕੋਈ ਹੋਰ ਗੱਲ ਵੀ ਸੁਣਾ ਜਾਓ।”
ਰਲਾ ਸਿੰਘ ਉੱਠਦਾ ਉੱਠਦਾ ਫਿਰ ਬੈਠ ਗਿਆ ਤੇ ਕਹਿਣ ਲੱਗਾ, “ਜਿੱਥੇ ਪੰਜਾਬ ਯੂਨੀਵਰਸਿਟੀ ਏ, ਉੱਥੇ ਪਿੰਡ ਕਾਂਜੀ ਮਾਜਰਾ ਹੁੰਦਾ ਸੀ। ਜੇ ਤੁਸੀਂ ਹੁਣ ਵੀ 19 ਸੈਕਟਰ ਦੇ ਟੈਕਸੀ ਸਟੈਂਡ ਤੇ ਜਾਓ ਤਾਂ ਦੇਖੋਗੇ ਕਿ ਡਰਾਈਵਰਾਂ ਨੇ ਅਜੇ ਤਕ ਵੀ ਉਸਦਾ ਨਾਮ ਨਾਗਲਾ ਟੈਕਸੀ ਸਟੈਂਡ ਹੀ ਰੱਖਿਆ ਹੋਇਆ ਏ। ਜਿੱਥੇ 36 ਸੈਕਟਰ ਵਾਲਾ ਲੜਕੀਆਂ ਦਾ ਡੀ.ਏ.ਵੀ ਕਾਲਜ ਏ ਉੱਥੇ ਅਜਮੇਰ ਸਿੰਘ ਦੀ ਜ਼ਮੀਨ ਹੁੰਦੀ ਸੀ ਤੇ ਕਾਬਲ ਸਿੰਘ ਦਾ ਅੰਬਾਂ ਦਾ ਬਾਗ ਹੁੰਦਾ ਸੀ। ਟ੍ਰਿਬਿਊਨ ਦੇ ਦਫਤਰ ਵਾਲੇ ਥਾਂ ’ਤੇ ਪਿੰਡ ਕਾਂਥਲਾ ਹੁੰਦਾ ਸੀ। ਅਲਾਂਟੇ ਮਾਲ ਵਾਲੀ ਥਾਂ ’ਤੇ ਪਿੰਡ ਜੈਪੁਰਾ ਸੀ। ਇੱਥੋਂ ਦੇ ਤਿੰਨ ਹਲਟ ਬੜੇ ਮਸ਼ਹੂਰ ਹੋਇਆ ਕਰਦੇ ਸਨ। ਸੈਣੀ ਮਾਜਰਾ ਦੀ ਥਾਂ ’ਤੇ ਸੈਕਟਰ 25 ਏ। ਅਜੇ ਕੱਲ੍ਹ ਦੀਆਂ ਤਾਂ ਗੱਲਾਂ ਹਨ।”
“1952 ਵਿੱਚ ਤੁਹਾਡੀ ਉਮਰ ਕਿੰਨੀ ਸੀ, ਬਾਈ ਜੀ?”
“ਤਕਰੀਬਨ 15 ਸਾਲ। ਅਸੀਂ ਤਾਂ ਢਿੱਲੋਂ ਥੀਏਟਰ ਵਾਲੀ ਥਾਂ ’ਤੇ ਮੱਝਾਂ ਚਾਰਦੇ ਹੁੰਦੇ ਸੀ। ਮਨੀ ਮਾਜਰੇ ਦੇ ਜੱਗਰ ਬੜੇ ਮਸ਼ਹੂਰ ਹੁੰਦੇ ਸਨ। ਨੀਲਮ ਥੀਏਟਰ ਵਾਲੀ ਥਾਂ ’ਤੇ ਬਸਤਾ ਸਿਹੁੰ ਦੇ ਖੇਤਾਂ ਪਾਸ ਡੇਅਰੀ ਹੁੰਦੀ ਸੀ। ਮੈਂ ਉੱਥੇ ਮੱਝ ਦਾ ਦੁੱਧ ਵੇਚਣ ਜਾਂਦਾ ਹੁੰਦਾ ਸੀ। ਸ਼ੁਕਰ ਹੈ ਰੱਬ ਦਾ, ਲੀਡਰਾਂ ਨੇ ਸਾਨੂੰ ਉਜਾੜਨ ਦੀ ਕੋਈ ਕਸਰ ਨਹੀਂ ਛੱਡੀ। ਰੱਬ ਨੇ ਸਾਡਾ ਵਾਸਾ ਹੁਣ ਸਿਡਨੀ ਵਿੱਚ ਕਰ ਦਿੱਤਾ। ਉਸ ਦੇਸ਼ ਵਿੱਚ ਉਜਾੜੇ ਤਾਂ ਹੁੰਦੇ ਹੀ ਰਹਿੰਦੇ ਹਨ ਪਰ ਸਰਕਾਰਾਂ ਵਸੇਬੇ ਚੱਜ ਨਾਲ ਨਹੀਂ ਕਰਦੀਆਂ।”
“ਬਾਈ ਜੀ, ਬਹੁਤ ਖੂਬ।”
ਰਲਾ ਸਿੰਘ ਉੱਠ ਕੇ ਹੌਲੀ ਹੌਲੀ ਆਪਣੀ ਸੀਟ ’ਤੇ ਜਾ ਬੈਠਾ।
ਫਿਰ ਸਟੇਜ ਚਾਲਕ ਸੱਥ ਨੂੰ ਮੁਖਾਤਿਬ ਹੋਇਆ, “ਅੱਜ ਦੀ ਸੱਥ ਵਿੱਚ ਤੁਸੀਂ ਦੋਂਹ ਬਜ਼ੁਰਗਾਂ ਦੇ ਵਿਚਾਰ ਸੁਣੇ ਹਨ। ਦੋਹਾਂ ਬਜ਼ੁਰਗਾਂ ਨੇ ਭਾਰਤ ਦੇ ਸਿਆਸੀ ਘੜੰਮ ਚੌਧਰੀਆਂ ਦੀਆਂ ਕੋਝੀਆਂ ਚਾਲਾਂ ’ਤੇ ਬੜਾ ਸੋਹਣਾ ਚਾਨਣਾ ਪਾਇਆ ਹੈ। ਇਨ੍ਹਾਂ ਦੋਵਾਂ ਦਾ ਅਤੇ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਮਹਿਫਿਲ ਖਤਮ ਕਰਦਾ ਹਾਂ।”
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































