SurinderMand7ਇੱਕ ਘੰਟੇ ਦੇ ਅੰਦਰ ਹੀ ਅਮ੍ਰਿਤਸਰ ਤੋਂ ਐੱਸ. ਪੀ. ਵਿਰਦੀ, ਜੋ ਬਾਅਦ ਵਿੱਚ ਪੰਜਾਬ ਦਾ...
(18 ਸਤੰਬਰ 2026)

 

“ਪੁਲਿਸ ਨੇ ਸਾਡੇ ਪਿੰਡ ਦੀ ਗਰੀਬ ਜਨਾਨੀ ਮੂੰਹ ਕਾਲਾ ਕਰਕੇ ਸਵੇਰ ਦੀ ਭਿੱਖੀਵਿੰਡ ਥਾਣੇ ਸਾਹਮਣੇ ਸੜਕ ਉੱਤੇ ਖਲ੍ਹਾਰੀ ਹੋਈ ਹੈ। ਸਾਡੀ ਇੱਜ਼ਤ ਤਾਂ ਮਿੱਟੀ ਵਿੱਚ ਮਿਲ ਗਈਸਾਨੂੰ ਲੋਕਾਂ ਨੇ ਧਾਡੇ ਕੋਲ ਘੱਲਿਆ ਬਈ ਉਹੀ ਕਾਲਜ ਵਾਲੇ ਮੁੰਡੇ ਈ ਕੁਛ ਕਰ ਸਕਦੇ ਹੁਣ ਤਾਂ ...!” ਇਹ ਸ਼ਬਦ ਸਨ ਭਿੱਖੀਵਿੰਡ ਨੇੜਲੇ ਪਿੰਡ ‘ਮਾੜੀ ਗੌੜ ਸਿੰਘ’ ਤੋਂ ਆਏ ਬੰਦਿਆਂ ਦੇ, ਜਿਹੜੇ ਸਾਨੂੰ ਲੱਭਦੇ ਲੁਭਾਉਂਦੇ ਪੱਟੀ ਆਏ ਸਨ। ਉਨ੍ਹਾਂ ਦੱਸਿਆ ਕਿ ਭਿੱਖੀਵਿੰਡ ਵਾਲੇ ਸ਼ਰਮੇ ਥਾਣੇਦਾਰ ਦੀ ਉੱਤੋਂ ਤਕ ਪਹੁੰਚ ਹੈ, ਵੱਡਾ ਗੁੰਡਾ ਅਜੀਤ ਪੂਹਲਾ ਨਿਹੰਗ ਇਹਦਾ ਜੋਟੀਦਾਰ ਹੈ, ਬੜਾ ਜ਼ਾਲਮ ਥਾਣੇਦਾਰ ਹੈ ਤੇ ਇਹ ਕਿਸੇ ਦੀ ਨਹੀਂ ਸੁਣਦਾ, ਸਾਡੇ ਪਿੰਡ ਦੀ ਤਾਂ ਪੱਗ ਹੀ ਲਾਹ ਦਿੱਤੀ ਇਸਨੇ।

1982 ਦੇ ਅਖੀਰਲੇ ਦਿਨਾਂ ਵਿੱਚ ਪੁਲੀਸ ਦਾ ਡੰਗ ਬੜਾ ਤਿੱਖਾ ਸੀ, ਇਖਤਿਆਰ ਸਨ, ਦਹਿਸ਼ਤ ਸੀ। ਮੇਰੀ ਉਮਰ ਉਦੋਂ 22 ਸਾਲ ਸੀ। ਸਾਡੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸ ਐੱਫ ਆਈ) ਦਾ ਮੈਂ ਉਦੋਂ ਅਮ੍ਰਿਤਸਰ ਜ਼ਿਲ੍ਹੇ ਦਾ ਸਕੱਤਰ ਸਾਂ (ਮਗਰੋਂ ਪੰਜਾਬ ਦਾ ਸਕੱਤਰ ਅਤੇ ਪ੍ਰਧਾਨ ਵੀ ਰਿਹਾ ਹਾਂ), ਸਾਡਾ ਪੁਲੀਸ ਵਧੀਕੀਆਂ ਦੇ ਖਿਲਾਫ ਆਮ ਹੀ ਸੰਘਰਸ਼ ਚਲਦਾ ਰਹਿੰਦਾ ਸੀ। ਪੱਟੀ ਤਰਨ ਤਾਰਨ ਵਿੱਚ ਅਸੀਂ ਨਿੱਕੇ ਵੱਡੇ ਕਈ ਘੋਲ ਅਤੇ ਲੜੇ ਜਿੱਤੇ ਸਨ, ਤਾਂ ਹੀ ਉਸ ਦਿਨ ਭਿੱਖੀਵਿੰਡੋਂ ਬੰਦੇ ਸਾਡੇ ਕੋਲ ਆਏ ਸਨ।

ਦਿਆਲ ਪੁਰੇ ਦਾ ਕਰਮ ਸਿੰਘ ਹੁੰਦਲ, ਜਿਹੜਾ ਮੇਰੇ ਤੋਂ ਪਹਿਲਾਂ ਜ਼ਿਲ੍ਹਾ ਸਕੱਤਰ ਸੀ, ਮਾੜੀ ਕੰਬੋਕੇ ਪਿੰਡ ਵਾਲਾ ਨੌਜਵਾਨ ਸਭਾ ਦਾ ਆਗੂ ਸਵਿੰਦਰ ਸਿੰਘ ਸੰਧੂ ਅਤੇ ਮੈਂ, ਤੁਰੰਤ ਭਿੱਖੀਵਿੰਡ ਗਏ। ਸਾਡੇ ਉੱਥੇ ਜਾਣ ਦੀ ਭਿਣਕ ਸ਼ਰਮੇ ਥਾਣੇਦਾਰ ਨੂੰ ਲੱਗ ਗਈ ਸੀ ਤੇ ਉਹ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਜਨਾਨੀ ਦਾ ਮੂੰਹ ਧਵਾ ਕੇ ਪਿੰਡ ਛੱਡ ਆਇਆ ਸੀ।

ਅਸੀਂ ਜਾ ਕੇ ਭਿੱਖੀਵਿੰਡ ਦੀ ਆਲ ਪਾਰਟੀ ਮੀਟਿੰਗ ਸੱਦ ਲਈਕਾਂਗਰਸ, ਅਕਾਲੀ, ਕਾਮਰੇਡ ਆਏ, ਵਿਚਾਰ ਚਰਚਾ ਹੋਈ। ਸਭ ਨੇ ਕਿਹਾ ਕਿ ਥਾਣੇਦਾਰ ਬੜਾ ਭੂਤਰਿਆ ਹੋਇਆ ਹੈ ਤੇ ਇਸਨੇ ਇਹ ਮੂੰਹ ਕਾਲਾ ਕਰਨ ਵਾਲੀ ਬੜੀ ਮਾੜੀ ਹਰਕਤ ਕੀਤੀ ਹੈ। ਇਹ ਨਿੱਕੇ ਮੋਟੇ ਕੇਸ ਵਿੱਚ ਬੰਦੇ ਨੂੰ ਫੜਨ ਗਿਆ ਸੀ ਤੇ ਬੰਦਾ ਡਰਦਾ ਭੱਜ ਗਿਆਇਹ ਉਸਦੀ ਜਨਾਨੀ ਫੜ ਲਿਆਇਆ। ਜਨਾਨੀ ਬੇਜ਼ਤੀ ਦੀ ਮਾਰੀ ਰੋਂਦੀ ਰਹੀ ਥਾਣੇ ਅੱਗੇ ਖਲੋਤੀ।

ਮੀਟਿੰਗ ਵਿੱਚ ਬਹੁਤੇ ਥਾਣੇਦਾਰ ਤੋਂ ਮੁਆਫੀ ਮੰਗਵਾਉਣ ਦੇ ਹੱਕ ਵਿੱਚ ਸਨ। ਅਸੀਂ ਰਾਏ ਦਿੱਤੀ ਕਿ ਜਿਵੇਂ ਇਹਦੀਆਂ ਕਰਤੂਤਾਂ ਦੀ ਤੁਸੀਂ ਲੰਮੀ ਕਹਾਣੀ ਸੁਣਾਈ, ਇਹ ਸੁਧਰਨ ਵਾਲੀ ਜਿਣਸ ਨਹੀਂ, ਇਸ ਥਾਣੇਦਾਰ ਨੂੰ ਇੱਥੋਂ ਭਜਾਉਣ ਤਕ ਮੋਰਚਾ ਲਾਈਏ। ਸਾਡੀ ਗੱਲ ਮੰਨ ਲਈ ਗਈ।

ਥਾਣਾ ਭਿੱਖੀਵਿੰਡ ਅਮ੍ਰਿਤਸਰ ਰੋਡ ਉੱਤੇ ਹੈ। ਅਸੀਂ ਥਾਣੇ ਦੇ ਗੇਟ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਪੱਕਾ ਤੰਬੂ ਗੱਡ ਦਿੱਤਾ। ਲਾਊਡ ਸਪੀਕਰ ਲਾ ਲਿਆ। ਪਿੰਡਾਂ ਵਿੱਚ ਸੁਨੇਹੇ ਭੇਜ ਦਿੱਤੇ ਗਏ। ਬਹੁਤ ਲੋਕ ਇਕੱਠੇ ਹੋ ਗਏ। ਅਸੀਂ ਸਪੀਕਰ ’ਤੇ ਐਲਾਨ ਕਰ ਦਿੱਤਾ ਕਿ “ਥਾਣੇਦਾਰ ਨੇ ਸਾਡੀ ਇਲਾਕੇ ਦੀ ਪੱਗ ਨੂੰ ਹੱਥ ਪਾਇਆ ਹੈ, ਅਸੀਂ ਇਸਨੂੰ ਇਸ ਥਾਣੇ ਵਿੱਚ ਨਹੀਂ ਰਹਿਣ ਦੇਣਾ। ਇਹ ਖੁਦ ਹੀ ਬੋਰੀਆ ਬਿਸਤਰਾ ਗੋਲ ਕਰਕੇ ਨਿਕਲ ਜਾਵੇ।”

ਪਰ ਥਾਣੇਦਾਰ ਇੰਜ ਨਿਕਲਣ ਵਾਲਾ ਨਹੀਂ ਸੀ। ਥਾਣੇ ਸਾਹਮਣੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਹੋ ਗਿਆ। ਭਰ ਸਰਦੀ ਦੇ ਦਿਨ ਸਨ। ਰੋਜ਼ ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਵਜੇ ਤਕ ਸਪੀਕਰ ਉੱਤੇ ਭਾਸ਼ਣ ਹੁੰਦੇ, ਨਾਅਰੇ ਲੱਗਦੇ। ਸੈਂਕੜੇ ਲੋਕ ਪਿੰਡਾਂ ਤੋਂ ਆਉਂਦੇ। ਪਹਿਲੇ ਦਿਨ ਧਰਨੇ ਉੱਤੇ ਬੈਠਣ ਵਾਲੇ ਜਥੇ ਦੀ ਅਗਵਾਈ ਅਕਾਲੀ ਆਗੂ ਜਥੇਦਾਰ ਨਿਰੰਜਨ ਸਿੰਘ ਪੱਟੀ ਅਕਾਲੀ ਐੱਮ. ਐੱਲ. ਏ ਨੂੰ ਸੌਂਪੀ ਗਈ। ਉਨ੍ਹਾਂ ਪਹਿਲਾਂ ਪੱਟੀ ਇੱਕ ਮੋਰਚੇ ਵਿੱਚ ਵੀ ਸਾਡਾ ਸਾਥ ਦਿੱਤਾ ਸੀ। ਦੂਜੇ ਦਿਨ ਕਾਂਗਰਸ ਦੇ ਸੁਹਿਰਦ ਸਥਾਨਕ ਆਗੂ ਗੁਰਚਰਨ ਸਿੰਘ ਨੇ ਧਰਨੇ ਦੀ ਅਗਵਾਈ ਕੀਤੀ। ਗੁਰਚਰਨ ਸਿੰਘ ਬਾਅਦ ਵਿੱਚ ਫਿਰੋਜ਼ਪੁਰ ਵੱਲੋਂ ਐੱਮ. ਐੱਲ. ਏ ਵੀ ਬਣਿਆ ਸੀ। ਤੀਜੇ ਦਿਨ ਸੀ.ਪੀ. ਆਈ ਆਗੂ ਨੰਦ ਦੀ ਅਗਵਾਈ ਵਿੱਚ ਧਰਨਾ ਲੱਗਾ। ਜਲੰਧਰ ਨਵਾਂ ਜ਼ਮਾਨਾ ਅਖਬਾਰ ਤੋਂ ਜਤਿੰਦਰ ਪੰਨੂੰ ਨੇ ਵੀ ਆ ਕੇ ਸਾਡਾ ਹੌਸਲਾ ਵਧਾਇਆ। ਚੌਥੇ ਦਿਨ ਸੀ.ਪੀ.ਐੱਮ ਆਗੂ ਜਰਨੈਲ ਸਿੰਘ ਦਿਆਲਪੁਰਾ ਦੀ ਅਗਵਾਈ ਵਿੱਚ ਧਰਨਾ ਚੱਲਿਆ। ਅਸੀਂ (ਕਰਮ ਸਿੰਘ, ਸਵਿੰਦਰ ਸੰਧੂ ਅਤੇ ਮੈਂ) ਤਾਂ ਖੈਰ ਸਾਰਾ ਦਿਨ ਰੋਜ਼ ਉੱਥੇ ਹੀ ਹੁੰਦੇ ਸਾਂ। ਮਾਮਲਾ ਅੜ ਗਿਆ ਤੇ ਗੰਭੀਰ ਹੁੰਦਾ ਜਾਂਦਾ ਸੀ। ਸਾਡਾ ਸਾਰਾ ਜ਼ੋਰ ਮੋਰਚੇ ਨੂੰ ਪੁਰਅਮਨ ਰੱਖਣ ਉੱਤੇ ਸੀ ਜਦਕਿ ਪੁਲੀਸ ਹਿੰਸਕ ਸ਼ਰਾਰਤ ਕਰਾਉਣ ਦੇ ਤਰੀਕੇ ਲੱਭਦੀ ਸੀ ਤਾਂ ਕਿ ਮੋਰਚਾ ਕੁਚਲਣ ਦਾ ਬਹਾਨਾ ਬਣ ਜਾਵੇ

ਮੋਰਚੇ ਦੇ ਪੰਜਵੇਂ ਦਿਨ ਸ਼ਰਮੇ ਥਾਣੇਦਾਰ ਨੇ ਗੁੰਡੇ ਨਿਹੰਗ ਅਜੀਤ ਪੂਹਲੇ ਨੂੰ ਸਾਡੇ ਤੰਬੂ ਉਖਾੜਨ ਲਈ ਲਿਆਂਦਾ। ਅਸੀਂ ਧਰਨੇ ਨੂੰ ਸੰਬੋਧਨ ਕਰ ਰਹੇ ਸਾਂ। ਰੌਲਾ ਪੈ ਗਿਆ ਕਿ ਅਜੀਤ ਪੂਹਲਾ ਨਿਹੰਗ ਦੋ ਟਰੱਕ ਭਰ ਕੇ ਬੰਦੂਕਾਂ ਵਾਲੇ ਨਿਹੰਗਾਂ ਨਾਲ ਆ ਰਿਹਾ ਧਰਨਾ ਖਦੇੜਨਉਹਨੇ ਪਹਿਲਾਂ ਵੀ ਅਜਿਹੇ ਕਈ ਕੰਮ ਕੀਤੇ ਸਨ। ਅੱਧੇ ਘੰਟੇ ਬਾਅਦ ਦੋ ਟਰੱਕ ਭਰੇ ਬੰਦੂਕਾਂ ਵਾਲੇ ਨਿਹੰਗਾਂ ਦੇ ਸਾਡੇ ਦੁਆਲੇ ਆ ਖਲੋਤੇ। ਪੂਹਲੇ ਦੇ ਨਿਹੰਗ ਸਾਨੂੰ ਇਵੇਂ ਘੂਰਨ ਲੱਗੇ ਜਿਵੇਂ ਖਾ ਜਾਣਾ ਹੁੰਦਾ। ਅਸੀਂ ਲੋਕਾਂ ਨੂੰ ਕਿਹਾ ਕਿ “ਭੜਕਣਾ ਨਹੀਂ, ਘਬਰਾਉਣਾ ਨਹੀਂ, ਇਹ ਤੁਹਾਡੇ ਹੌਸਲੇ ਅਤੇ ਸਿਆਣਪ ਦਾ ਇਮਤਿਹਾਨ ਹੈ। ਤੁਸੀਂ ਗੁਰੂ ਗੋਬਿੰਦ ਸਿੰਘ ਦੇ, ਚਮਕੌਰ ਦੀ ਗੜ੍ਹੀ ਵਾਲੇ ਅਜੀਤ ਜੁਝਾਰ ਅਤੇ ਸਰਹੰਦ ਦੀਆਂ ਨੀਹਾਂ ਵਿੱਚ ਖਲੋਤੇ ਛੋਟੇ ਸਾਹਿਬਜ਼ਾਦਿਆਂ ਦੇ ਵਾਰਿਸ ਹੋ। ਅਸੀਂ ਸਚਾਈ ਲਈ ਜ਼ੁਲਮ ਖਿਲਾਫ ਲੜ ਰਹੇ ਹਾਂ ...

ਨਿਹੰਗ ਸਾਡੇ ਭਾਸ਼ਣ ਸੁਣਨ ਲੱਗ ਪਏਉਹ ਸ਼ਾਂਤ ਜਿਹੇ ਹੋ ਗਏ ਤੇ ਉਨ੍ਹਾਂ ਨੇ ਵਾਪਸੀ ਲਈ ਚਾਲੇ ਪਾ ਦਿੱਤੇ। ਲੋਕਾਂ ਜੈਕਾਰੇ ਛੱਡੇ।

ਥਾਣੇਦਾਰ ਹਤਾਸ਼ ਹੋ ਗਿਆ। ਉਸਨੇ ਆਖਰੀ ਦਾਅ ਖੇਡਿਆ। ਅਗਲੇ ਦਿਨ ਚਾਰ ਕੁ ਵਜੇ ਧਰਨੇ ਵਿੱਚ ਸੰਬੋਧਨਾਂ ਤੋਂ ਬਾਅਦ ਜਦੋਂ ਲੋਕ ਖਿੰਡ-ਪੁੰਡ ਰਹੇ ਸਨ ਤਾਂ ਕਰਮ ਸਿੰਘ ਤੇ ਮੈਂ ਜ਼ਰਾ ਕੁ ਲਾਗੇ ਕਿਸੇ ਵੱਲ ਸਲਾਹ ਮਸ਼ਵਰਾ ਕਰਨ ਗਏ। 10 ਕੁ ਮਿੰਟਾਂ ਵਿੱਚ ਹੀ ਮਗਰ ਮੁੰਡਾ ਭੱਜਾ ਆਇਆਕਹਿੰਦਾ, “ਪੁਲਿਸ ਨੇ ਹਮਲਾ ਕਰ ਦਿੱਤਾ, ਤੰਬੂ ਪੁੱਟ ਘੱਤਿਆ, ਬੜਾ ਲਾਠੀਚਾਰਜ ਕਰਤਾ, ਬੰਦੇ ਜ਼ਖਮੀ ਹੋ ਗਏ। ਸੁਰਜੀਤ, ਸੁੱਖੇ, ਪਰਗਟ, ਗੁਰਮੇਲ ਘੀਟੇ, ਜਰਨੈਲ ਸਹੁੰ, ਨੰਦ ਹੋਰਾਂ ਕਈ ਜਣਿਆਂ ਨੂੰ ਪੁਲਿਸ ਫੜ ਕੇ ਲੈ ਗਈ

ਅਸੀਂ ਦੋਵੇਂ ਜਾ ਕੇ ਭਿੱਖੀਵਿੰਡ ਚੌਂਕ ਵਿੱਚ ਇੱਕ ਬੈਂਚ ਉੱਪਰ ਚੜ੍ਹਕੇ ਚੁੱਪਚਾਪ ਖਲੋ ਗਏ। ਥਾਣਾ ਚੌਂਕ ਤੋਂ ਡੇਢ ਕੁ ਸੌ ਗਜ਼ ਹੈ। ਲੋਕ ਸਾਡੇ ਆਲੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਅੱਡੇ ਦੇ ਸਭ ਲੋਕ ਸਾਡੇ ਦੁਆਲੇ ਇਕੱਠੇ ਹੋ ਗਏ। ਦੋ ਹਜ਼ਾਰ ਦੇ ਕਰੀਬ ਲੋਕ ਬੇਹੱਦ ਰੋਸ ਵਿੱਚ ਸਨ।

ਅਸੀਂ ਜੋਸ਼ੀਲੇ ਭਾਸ਼ਣ ਦੇ ਕੇ ਲੋਕਾਂ ਦਾ ਹੌਸਲਾ ਬੰਨ੍ਹਾਇਆ ਅਤੇ ਆਖਿਆ ਕਿ ਹੁਣ ਆਪਾਂ ਥਾਣੇ ਅੱਗੇ ਜਾਣਾ, ਤਿਆਰ ਓ? ਲੋਕਾਂ ਨੇ ਹਾਂ ਵਿੱਚ ਹਾਂ ਮਿਲਾਈ। ਅਸਾਂ ਕਿਹਾ ਕਿ ਇੱਕ ਸ਼ਰਤ ਆ ਕਿ ਜੋ ਅਸੀਂ ਆਖਾਂਗੇ ਉਹੀ ਕਰਨਾ, ਕਿਸੇ ਨੇ ਮਰਜ਼ੀ ਨਹੀਂ ਕਰਨੀ। ਲੋਕਾਂ ਨੇ ਹਾਮੀ ਭਰ ਦਿੱਤੀਅਸੀਂ ਦੋ ਹਜ਼ਾਰ ਲੋਕਾਂ ਨਾਲ ਅਨੁਸ਼ਾਸਿਤ ਨਾਅਰੇ ਮਾਰਦੇ ਜਦੋਂ ਥਾਣੇ ਵੱਲ ਤੁਰੇ ਤਾਂ ਪੁਲੀਸ ਦੇਖ ਕੇ ਅੰਦਰ ਵੜ ਗਈ ਤੇ ਅੰਦਰੋਂ ਦਰਵਾਜ਼ੇ ਬੰਦ ਕਰ ਲਏ। ਗ੍ਰਿਫਤਾਰ ਮੁੰਡੇ ਅੰਦਰੋਂ ਨਾਅਰੇ ਮਾਰ ਰਹੇ ਸਨ ਤੇ ਲੋਕ ਬਾਹਰੋਂ। ਅਸੀਂ ਥਾਣੇ ਅੱਗੇ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਸੀਂ ਅਣਮਿਥੇ ਸਮੇਂ ਲਈ ਥਾਣੇ ਦਾ ਘਿਰਾਉ ਸ਼ੁਰੂ ਕਰ ਦਿੱਤਾ ਹੈ ਜੋ ਸਾਰੀ ਰਾਤ ਵੀ ਚੱਲੇਗਾ। ਨੇੜਲੇ ਗੁਰਦੁਆਰਿਆਂ ਤੋਂ ਲੰਗਰ, ਦਰੀਆਂ ਬਿਸਤਰੇ ਆ ਜਾਣਗੇ। ਇਸਨੂੰ ਸ਼ਾਂਤਮਈ ਰੱਖਣਾ ਤੁਹਾਡੀ ਸਭ ਦੀ ਜ਼ਿੰਮੇਵਾਰੀ ਹੈ। ਵੇਖਿਓ ਕੋਈ ਥਾਣੇ ਵੱਲ ਇੱਟ ਵੱਟਾ ਨਾ ਚਲਾਵੇ। ਲੋਕਾਂ ਸਹਿਮਤੀ ਦਿੱਤੀ ਅਤੇ ਸਾਡੇ ਹੱਕ ਵਿੱਚ ਨਾਅਰੇ ਲਾਏ। ਹਨੇਰਾ ਹੋ ਰਿਹਾ ਸੀ ਤੇ ਲੋਕਾਂ ਦੀ ਭੀੜ ਵਧਦੀ ਜਾ ਰਹੀ ਸੀ।

ਪੁਲੀਸ ਨੂੰ ਅਮ੍ਰਿਤਸਰ ਤਕ ਭਾਜੜਾਂ ਪੈ ਗਈਆਂ। ਜੋਸ਼ੀਲੀਆਂ ਤਕਰੀਰਾਂ ਜਾਰੀ ਸਨ। ਲੋਕਾਂ ਬੇਮਿਸਾਲ ਏਕਤਾ ਅਤੇ ਅਨੁਸ਼ਾਸਨ ਰੱਖਿਆ। ਇੱਕ ਘੰਟੇ ਦੇ ਅੰਦਰ ਹੀ ਅਮ੍ਰਿਤਸਰ ਤੋਂ ਐੱਸ. ਪੀ. ਵਿਰਦੀ, ਜੋ ਬਾਅਦ ਵਿੱਚ ਪੰਜਾਬ ਦਾ ਡੀ.ਜੀ.ਪੀ ਵੀ ਰਿਹਾ, ਉਹ ਆ ਗਿਆ। ਸਾਨੂੰ ਕਹਿੰਦਾ, ਅੰਦਰ ਆ ਜਾਓ ਮੇਰੇ ਨਾਲ, ਗੱਲ ਕਰਦੇ ਹਾਂਅਸੀਂ ਸਲਾਹ ਕੀਤੀ ਕਿ ਇੱਕ ਜਣਾ ਹੀ ਅੰਦਰ ਜਾਈਏ, ਇੱਕ ਬਾਹਰ ਰਹੀਏ, ਪੁਲੀਸ ਦੀ ਨੀਤ ਦਾ ਕੀ ਭਰੋਸਾ। ਸੋ ਕਰਮ ਸਿੰਘ ਅੰਦਰ ਗਿਆ, ਮੈਂ ਬਾਹਰ ਮੋਰਚਾ ਸੰਭਾਲਿਆ। ਐੱਸ. ਪੀ ਵਿਰਦੀ ਨੇ ਅੰਦਰੋਂ ਆ ਕੇ ਕਿਹਾ ਕਿ ਮੈਂ ਥਾਣੇਦਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ, ਡਿਊਟੀ ਤੋਂ ਫਾਰਗ ਕਰ ਦਿੱਤਾ ਹੈ। ਲਾਠੀਚਾਰਜ ਅਤੇ ਔਰਤ ਨਾਲ ਵਧੀਕੀ ਵਗੈਰਾ ਦੀ ਜਾਂਚ ਕਰਕੇ ਸਖਤ ਐਕਸ਼ਨ ਲਿਆ ਜਾਵੇਗਾ। ਮੁੰਡੇ ਰਿਹਾ ਕਰ ਦਿੱਤੇ ਹਨ। ਲੋਕਾਂ ਜਿੱਤ ਦੇ ਜੈਕਾਰੇ ਛੱਡੇ। ਥਾਣੇਦਾਰ ਐੱਸ.ਪੀ ਦੇ ਨਾਲ ਹੀ ਥਾਣਿਉਂ ਨਿਕਲ ਗਿਆ।

ਇਸ ਉਪਰੰਤ ਇੱਕ ਦੋ ਦਿਨਾਂ ਬਾਅਦ ਅਸੀਂ ਭਿੱਖੀਵਿੰਡ ਜਿੱਤ ਰੈਲੀ ਕੀਤੀ। ਉਸ ਵਿੱਚ ਪਿੰਡਾਂ ਤੋਂ ਇੰਜ ਆਪ ਮੁਹਾਰੇ ਹਜ਼ਾਰਾਂ ਲੋਕ ਆਏ ਜਿਵੇਂ ਕਿਤੇ ਮੇਲੇ ਜਾਂਦੇ ਨੇ। ਅਮ੍ਰਿਤਸਰ ਦਰਬਾਰ ਸਾਹਿਬ ਤੋਂ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਅਗਵਾਈ ਵਿੱਚ ਅਕਾਲੀਆਂ ਦਾ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ। ਸਾਡੀ ਜਿੱਤ ਰੈਲੀ ਨੂੰ ਸੰਤ ਲੰਗੋਵਾਲ ਨੇ ਵਧਾਈ ਸੰਦੇਸ਼ ਭੇਜਿਆ ਜੋ ਵੱਡੇ ਅਕਾਲੀ ਲੀਡਰ ਸ. ਮੇਜਰ ਸਿੰਘ ਉਬੋਕੇ ਨੇ ਰੈਲੀ ਵਿੱਚ ਪੜ੍ਹ ਕੇ ਸੁਣਾਇਆ। ਲੰਗੋਵਾਲ ਨੇ ਕਿਹਾ ਕਿ ਤੁਸੀਂ ਇਤਿਹਾਸਕ ਘੋਲ ਲੜਿਆ, ਜਿੱਤਿਆ ਅਤੇ ਲੋਕਾਂ ਨੂੰ ਰਸਤਾ ਵਿਖਾਇਆ ਹੈ।

ਜਿੱਤ ਰੈਲੀ ਵਿੱਚ ਕਈ ਲੀਡਰ ਬੋਲੇ। ਜਦੋਂ ਅਸੀਂ ਬੋਲਣ ਲਈ ਖੜ੍ਹੇ ਹੋਏ ਤਾਂ ਲੋਕਾਂ ਸਾਡਾ ਨਾਮ ਲੈ ਲੈ ਕੇ ਜ਼ਿੰਦਾਬਾਦ ਦੇ ਨਾਅਰੇ ਲਾਏ। ਮੇਜਰ ਸਿੰਘ ਉੱਬੋਕੇ ਜੋ (ਮਗਰੋਂ ਐੱਮ. ਐੱਲ. ਏ, ਮੰਤਰੀ, ਐੱਮ. ਪੀ ਵੀ ਰਹੇ) ਮੇਰੇ ਸਕੇ ਮਾਸੜ ਜੀ ਵੀ ਸਨ, ਨੇ ਮੇਰੇ ਕੰਨ ਵਿੱਚ ਹੌਲੀ ਜਿਹੀ ਆਖਿਆ, “ਬੱਚੂ, ਤੂੰ ਤੇ ਬਣ ਗਿਆਂ ਪੂਰਾ ਲੀਡਰ।” ਭਾਵੇਂ ਕਿ ਲੀਡਰ ਵਾਲਾ ਕੌੜਾ ਸਵਾਦ ਵੀ ਮੈਂ ਮਗਰੋਂ ਬਥੇਰਾ ਚੱਖਿਆ, ਪਰ ਫਿਰ ਵੀ ਮੇਰਾ ਅੱਜ ਵੀ ਖਿਆਲ ਹੈ ਕਿ ਲੋਕਾਂ ਨੂੰ ਆਪਣੇ ਜਾਇਜ਼ ਸੰਘਰਸ਼ ਇਵੇਂ ਸਾਂਝਿਆਂ ਲੜਨੇ ਚਾਹੀਦੇ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਸੁਰਿੰਦਰ ਮੰਡ

ਡਾ. ਸੁਰਿੰਦਰ ਮੰਡ

Phone: (91 - 94173 - 24543)
Email: (surindermand@gmail.com)

More articles from this author