“ਜ਼ਮੀਨੀ ਸੱਚ ਇਹੀ ਹੈ ਕਿ ਹਥਿਆਰਾਂ ਦੀ ਮੰਡੀ ਦੇ ਸਭ ਤੋਂ ਵੱਡੇ ਨਿਰਮਾਤਾ ...”
(26 ਜੂਨ 2026)
ਅਮਰੀਕਾ ਅਤੇ ਇਰਾਨ ਦਰਮਿਆਨ ਜੰਗ ਰੁਕਣ ਦੀ ਖਬਰ ਨਾਲ ਇਜ਼ਰਾਈਲ ਨੂੰ ਛੱਡ ਕੇ ਬਾਕੀ ਸਾਰੀ ਦੁਨੀਆਂ ਨੇ ਸੁਖ ਦਾ ਸਾਹ ਲਿਆ, ਕਿਉਂਕਿ ਇਸ ਜੰਗ ਨੇ ਸਾਰੇ ਸੰਸਾਰ ਵਿੱਚ ਗੈਸ, ਤੇਲ ਦੀ ਘਾਟ ਅਤੇ ਮਹਿੰਗਾਈ ਦੇ ਵਧਣ ਦੇ ਭਿਆਨਕ ਹਾਲਾਤ ਪੈਦਾ ਕਰ ਦਿੱਤੇ ਸਨ। ਡੌਨਲਡ ਟਰੰਪ ਅਤੇ ਇਰਾਨ ਦੇ ਰਾਸ਼ਟਰਪਤੀ ਨੇ 14 ਨੁਕਾਤੀ ‘ਮੈਮੋਰੈਂਡਮ ਔਫ ਅੰਡਰਸਟੈਂਡਿੰਗ’ ਉੱਤੇ ਦਸਤਖਤ ਕਰ ਦਿੱਤੇ ਹਨ, ਜੋ ਦੋ ਮਹੀਨਿਆਂ ਵਿੱਚ ਮੱਦਾਂ ਲਾਗੂ ਹੋਣ ਉਪਰੰਤ ਸਮਝੌਤੇ ਦਾ ਰੂਪ ਲਵੇਗਾ ਤੇ ਯੂ. ਐੱਨ. ਓ ਦੀ ਸੁਰੱਖਿਆ ਪ੍ਰੀਸ਼ਦ ਦੀ ਕਾਰਵਾਈ ਦਾ ਹਿੱਸਾ ਵੀ ਬਣੇਗਾ।
ਇਜ਼ਰਾਈਲ ਨੇ ਸਮਝੌਤੇ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਅਤੇ ਲੈਬਨਾਨ ਉੱਤੇ ਹਮਲੇ ਜਾਰੀ ਰੱਖੇ ਹਨ। ਇਜ਼ਰਾਈਲ ਸੋਚਦਾ ਹੈ ਕਿ ਅਮਰੀਕਾ ਨੂੰ ਨਾਲ ਲੈ ਕੇ ਇਰਾਨ ਨੂੰ ਬਰਬਾਦ ਕਰਨ ਦਾ ਮਸਾਂ ਹੱਥ ਆਇਆ ਮੌਕਾ ਖੁੰਝ ਗਿਆ। ਇਰਾਨ ਦੇ ਤਿੱਖੇ ਤੇਵਰਾਂ ਦੀ ਬਦੌਲਤ ਲੈਬਨਾਨ ਉੱਤੇ ਬੰਬਾਰੀ ਕੁਛ ਕੁ ਰੋਕਣ ਦੀ ਖਬਰ ਵੀ ਹੈ। ਇਜ਼ਰਾਈਲ ਇਸ ਸ਼ਾਂਤੀ ਸਮਝੌਤੇ ਵਿੱਚ ਖਲਲ ਪਾਉਣ ਲਈ ਹਰ ਹੀਲਾ ਵਰਤੇਗਾ। ਖਬਰ ਆਈ ਹੈ ਕਿ ਇਜ਼ਰਾਈਲ ਨੇ ਗਾਜ਼ਾ ਉੱਤੇ ਹਮਲਾ ਕਰ ਦਿੱਤਾ ਹੈ। ਉਹ ਤਾਂ ਇਸ ਜੰਗ ਦੇ ਓਹਲੇ ਲੈਬਨਾਨ ਦੇ ਅੰਦਰ 30 ਕਿਲੋਮੀਟਰ ‘ਲਿਤਾਨੀ’ ਦਰਿਆ ਤਕ ਕਬਜ਼ਾਏ ਇਲਾਕੇ ਦੇ ਬਰਾਬਰ ਪੈਂਦੇ 25 ਕਿਲੋਮੀਟਰ ਸਮੁੰਦਰ ਤਕ ਵੀ ਕਬਜ਼ੇ ਦਾ ਹੱਕ ਜਤਾ ਚੁੱਕਾ ਹੈ, ਜਿਸ ਵਿੱਚ ਲੈਬਨਾਨ ਦੇ ਦੋ ਵੱਡੇ ਗੈਸ ਫੀਲਡ ਵੀ ਹਨ। ਇੱਕ ਗੈਸ ਫੀਲਡ ਫਲਸਤੀਨੀਆਂ ਦੇ ਸਮੁੰਦਰ ਦੇ ਉਸ ਹਿੱਸੇ ਵਿੱਚ ਵੀ ਹੈ, ਜੋ ਇਜ਼ਰਾਇਲੀ ਕਬਜ਼ੇ ਹੇਠ ਲਏ ਗਏ ਗਾਜ਼ਾ ਦੇ ਇਲਾਕੇ ਦੇ ਬਰਾਬਰ ਪੈਂਦਾ ਹੈ।
ਇਰਾਨੀ ਲੋਕਾਂ ਦੀ ਕੌਮੀ ਇਕਮੁੱਠਤਾ, ਦਲੇਰੀ, ਫੌਜੀ ਤਾਕਤ ਅਤੇ ਰਾਜਨੀਤਕ ਸਿਆਣਪ ਕਾਰਨ ਅਮਰੀਕਾ ਨੂੰ ਪਿੱਛੇ ਹਟ ਕੇ ਸਮਝੌਤਾ ਕਰਨਾ ਪਿਆ ਹੈ। ਅਮਰੀਕਾ ਵੱਲੋਂ ਇਰਾਨ ਦੀ ਨਾਕਾਬੰਦੀ ਤੁਰੰਤ ਹਟਾਉਣਾ, ਇਰਾਨ ਤੋਂ ਪਾਬੰਦੀਆਂ ਹਟਾਉਣੀਆਂ, ਫਰੀਜ਼ ਕੀਤੇ 24 ਅਰਬ ਡਾਲਰ ਵਾਪਸ ਦੇਣੇ, 300 ਬਿਲੀਅਨ ਡਾਲਰ ਇਰਾਨ ਦੀ ਮੁੜ-ਉਸਾਰੀ ਲਈ ਦੇਣਾ, ਹੌਰਮੁਜ਼ ਉੱਤੇ ਇਰਾਨੀ ਕੰਟਰੋਲ ਮੰਨਣਾ, ਇਰਾਨ ਨੂੰ ਕੌਮਾਂਤਰੀ ਨਿਯਮਾਂ ਤਹਿਤ ਸ਼ਾਂਤਮਈ ਮਕਸਦ ਲਈ ਪ੍ਰਮਾਣੂ ਵਿਕਾਸ ਦਾ ਹੱਕ ਦੇਣਾ, ਮੈਮੋਰੈਂਡਮ ਦੇ ਅਹਿਮ ਨੁਕਤੇ ਹਨ।
ਜੰਗ ਕਾਰਨ ਬੰਦ ਕੀਤਾ ‘ਹੌਰਮੁਜ਼’ ਇਰਾਨ ਖੋਲ੍ਹ ਦੇਵੇਗਾ ਅਤੇ ‘ਪ੍ਰਮਾਣੂ ਬੰਬ ਨਹੀਂ ਬਣਾਵੇਗਾ।’ ਸਮਝੌਤੇ ਅੰਦਰਲੀਆਂ ਇਨ੍ਹਾਂ ਦੋਵਾਂ ਗੱਲਾਂ ਨੂੰ ਟਰੰਪ ਆਪਣੀ ਜਿੱਤ ਵਜੋਂ ਪ੍ਰਚਾਰਨਾ ਚਾਹੇਗਾ, ਜਦਕਿ ਬੰਬ ਨਾ ਬਣਾਉਣਾ ਤਾਂ ਇਰਾਨ ਦੀ ਆਇਤੁਲਾ ਖੁਮੈਨੀ ਵੱਲੋਂ ਸੁਝਾਈ ਨੀਤੀ ਹੈ ਜੋ ਪ੍ਰਮਾਣੂ ਬੰਬ ਨੂੰ ਇਸਲਾਮ ਵਿਰੋਧੀ ਮੰਨਦਾ ਸੀ।
ਇਨ੍ਹਾਂ ਨੁਕਤਿਆਂ ਉੱਤੇ ਜਨੇਵਾ ਵਿੱਚ ਅਮਰੀਕਾ ਅਤੇ ਇਰਾਨ ਦਰਮਿਆਨ 21 ਜੂਨ ਨੂੰ ਚੱਲ ਰਹੀ ਗੱਲਬਾਤ ਤਲਖੀ ਅਤੇ ਕਈ ਉਤਰਾਵਾਂ ਚੜ੍ਹਾਵਾਂ ਵਿੱਚੋਂ ਲੰਘੀ ਅਤੇ ਆਖਰ ਫੈਸਲਾ ਕੀਤਾ ਕਿ ਡੀਲ ਸਿਰੇ ਚੜ੍ਹਾਉਣ ਲਈ ਹਾਈ ਲੈਵਲ ਕਮੇਟੀ ਬਣੇਗੀ, 60 ਦਿਨਾਂ ਦਾ ਰੋਡ ਮੈਪ ਬਣੇਗਾ, ਨਿਊਕਲੀਅਰ ਮੁੱਦੇ ਨੂੰ ਨਜਿੱਠਣ ਲਈ ਵਰਕਿੰਗ ਗਰੁੱਪ ਬਣੇਗਾ। ਅਮਰੀਕੀ ਉਪ-ਰਾਸ਼ਟਰਪਤੀ ਜੇ. ਡੀ. ਵੈਂਸ ਨੇ ਦੱਸਿਆ ਕਿ ਤਕਨੀਕੀ ਟੀਮਾਂ ਵੀ ਕੰਮ ਕਰਨਗੀਆਂ।
ਡੌਨਲਡ ਟਰੰਪ ਅਤੇ ਇਰਾਨੀ ਵਫਦ ਦੇ ਮੁਖੀ ਸੰਸਦ ਸਪੀਕਰ ਮੁਹੰਮਦ ਕਾਲੀਬਾਫ, ਦੋਵਾਂ ਦਾ ਬਿਆਨ ਹੈ ਕਿ ਅਮਰੀਕਾ ਵੱਲੋਂ ਇਰਾਨ ਦੇ ਫਰੀਜ਼ ਕੀਤੇ 12 ਅਰਬ ਡਾਲਰ ਵਾਪਸ ਮਿਲ ਰਹੇ ਹਨ। ਇਰਾਨ ਦੇ ਤੇਲ ਅਤੇ ਪੈਟਰੋਲੀਅਮ ਪਦਾਰਥ ਵੇਚਣ ਉੱਤੇ ਲਾਈ ਰੋਕ 60 ਦਿਨਾਂ ਲਈ ਹਟਾਉਣ ਦਾ ਪੱਤਰ ਅਮਰੀਕਾ ਨੇ ਜਾਰੀ ਕਰ ਦਿੱਤਾ ਹੈ। ਹੌਰਮੁਜ਼ ਇਰਾਨੀ ਨਿਗਰਾਨੀ ਵਿੱਚ ਖੁੱਲ੍ਹ ਗਿਆ ਹੈ। ਲੈਬਨਾਨ ਉੱਤੇ ਇਜ਼ਰਾਈਲ ਦੇ ਹਮਲੇ ਰੁਕਵਾਉਣ ਦੀ ਜ਼ਿੰਮੇਵਾਰੀ ਲੈਣ ਵਰਗੀ ਗੱਲ ਵੀ ਟਰੰਪ ਨੇ ਮੰਨੀ ਹੈ। ਵਾਰਤਾ ਸਫਲ ਰਹੀ, ਭਾਵੇਂ ਕਿ ਇਰਾਨ ਦੇ ਵਫਦ ਨੇ ਅਮਰੀਕੀਆਂ ਨਾਲ ਹੱਥ ਮਿਲਾਉਣ ਅਤੇ ਫੋਟੋ ਖਿਚਵਾਉਣ ਤੋਂ ਇਨਕਾਰ ਕੀਤਾ, ਕਿਉਂਕਿ ਸ਼ਾਇਦ ਅਜੇ ਜ਼ਖਮ ਅੱਲ੍ਹੇ ਹਨ।
ਇਸ ਸਮੇਂ ਸਭ ਤੋਂ ਬੁਰੀ ਫਲਸਤੀਨੀਆਂ ਨਾਲ ਹੋ ਰਹੀ ਹੈ, ਜਿਸ ਬਾਰੇ ਕੋਈ ਚਰਚਾ ਨਹੀਂ। ਉਨ੍ਹਾਂ ਦੇ ਸਾਰੇ ਮੁਲਕ ਉੱਤੇ ਅਮਰੀਕਾ ਦੀ ਸ਼ਹਿ ਨਾਲ ਇਜ਼ਰਾਈਲ ਨੇ ਕਬਜ਼ਾ ਕਰ ਲਿਆ ਹੈ ਤੇ ਜ਼ੁਲਮ ਢਾਹ ਰਿਹਾ ਹੈ। ਆਪਣੇ ਉੱਤੇ ਹੋਏ ‘ਹਮਲੇ’ ਦਾ ਬਹਾਨਾ ਬਣਾ ਕੇ 2023 ਤੋਂ ਲੈ ਕੇ ਹੁਣ ਤਕ 73 ਹਜ਼ਾਰ ਤੋਂ ਵੱਧ ਫਲਸਤੀਨੀ ਮਾਰ ਦਿੱਤੇ ਅਤੇ ਪੌਣੇ ਦੋ ਲੱਖ ਜ਼ਖਮੀ ਕੀਤੇ ਹਨ। ਘਰ ਢਾਹ ਦਿੱਤੇ। ਫਲਸਤੀਨੀਆਂ ਦੀ ਜਾਨ ਦੀ ਕੋਈ ਕੀਮਤ ਨਹੀਂ ਰਹੀ। ਉਨ੍ਹਾਂ ਦੀ ਪੀੜ ਹੁਣ ਕਿਸੇ ਨੂੰ ਵੀ ਨਹੀਂ ਮਹਿਸੂਸ ਹੁੰਦੀ। ਦੂਜੀ ਸੰਸਾਰ ਜੰਗ (1939-1945) ਸ਼ੁਰੂ ਹੋਣ ਤੋਂ ਪਹਿਲਾਂ ਵਰਗੇ ਹਾਲਾਤ ਬਣ ਰਹੇ ਹਨ।
ਅਮਰੀਕਾ ਵੱਲੋਂ ਯੂ ਏ ਈ, ਬਹਿਰੀਨ, ਮੋਰੌਕੋ, ਸੂਡਾਨ ਦੀ ਮਦਦ ਨਾਲ 15 ਸਤੰਬਰ 2020 ਨੂੰ ਇਜ਼ਰਾਈਲ ਨਾਲ ਕਰਵਾਇਆ ਗਿਆ ‘ਇਬਰਾਹੀਮ ਸਮਝੌਤਾ’ ਨੇਤਨਯਾਹੂ ਦੇ ਮਨਸੂਬੇ ‘ਗਰੇਟਰ ਇਜ਼ਰਾਈਲ’ ਦੀ ਵਿਚਾਰਧਾਰਕ ਬੁਨਿਆਦ ਰੱਖਣ ਵਰਗਾ ਸੀ। ਇਬਰਾਹੀਮ ਨੂੰ ਇਸਲਾਮ, ਯਹੂਦੀ ਅਤੇ ਇਸਾਈ ਮੱਤ ਦਾ 4 ਹਜ਼ਾਰ ਸਾਲ ਪਹਿਲਾਂ ਦੱਖਣੀ ਇਰਾਕ ਵਿੱਚ ਜਨਮਿਆ ਸਾਂਝਾ ਵਡੇਰਾ ਮੰਨਿਆ ਜਾਂਦਾ। ਪਿਛਲੇ ਦਿਨੀਂ ਤਾਂ ਟਰੰਪ ਨੇ ਧਮਕੀ ਵੀ ਦਿੱਤੀ ਸੀ ਕਿ ਇਸ ਖਿੱਤੇ ਦੇ ਮੁਲਕਾਂ ਨੇ ਸਾਡੇ ਨਾਲ ਚੱਲਣਾ ਹੈ ਤਾਂ ‘ਇਬਰਾਹੀਮ ਸਮਝੌਤਾ’ ਤਾਂ ਮੰਨਣਾ ਹੀ ਹੋਵੇਗਾ।
ਇਰਾਨ ਵਿੱਚ ਹਰ ਪੱਖੋਂ ਅਸਫਲ ਹੋਣ ਉਪਰੰਤ ਡੀਲ ਕਰਕੇ ਇੱਥੋਂ ਸਿੱਧੀ ਜੰਗ ਵੱਲੋਂ ਫਿਲਹਾਲ ਪਾਸਾ ਵੱਟਣਾ ਤਾਂ ਅਮਰੀਕਾ ਦੀ ਆਰਜ਼ੀ ਮਜਬੂਰੀ ਹੈ, ਲੇਕਿਨ ਜੇ ਜ਼ਰਾ ਗਹੁ ਨਾਲ ਵੇਖੀਏ ਤਾਂ ਕਈ ਪਾਸਿਉਂ ਕਿਸੇ ਵੱਡੀ ਜੰਗ ਵਰਗੀ ਗਹਿਰ ਚੜ੍ਹੀ ਆਉਂਦੀ ਜਾਪਦੀ ਹੈ, ਜਿਸ ਵਿੱਚ ਅਮਰੀਕੀ/ਸਾਮਰਾਜੀ ਗ਼ਲਬੇ ਅਤੇ ਲੁੱਟ ਦੇ ਮਨਸੂਬੇ ਦਿਸਦੇ ਹਨ।
ਯਾਦ ਰੱਖੋ ਕਿ ਡੌਨਲਡ ਟਰੰਪ ਨੇ ਚੋਣਾਂ ਵਿੱਚ ‘ਮੇਕ ਅਮੈਰਿਕਾ ਗਰੇਟ ਅਗੇਨ’ ਦਾ ਨਾਹਰਾ ਦੇ ਕੇ ਚੋਣ ਜਿੱਤੀ ਸੀ। ਟਰੰਪ ਨੇ ਕਈ ਵਾਰ ਕਿਹਾ ਕਿ ਉਸਨੇ ਵੈਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਬੰਦੀ ਬਣਾ ਕੇ ਉਨ੍ਹਾਂ ਦੇ ਬਹੁਤ ਵੱਡੇ ਤੇਲ ਭੰਡਾਰਾਂ ਉੱਤੇ ਅਮਰੀਕੀ ਕਬਜ਼ਾ ਸਥਾਪਤ ਕਰ ਦਿੱਤਾ ਹੈ; ਯੂਰੋਪੀਅਨ ਮੁਲਕ ਗਰੀਨਲੈਂਡ ਨੂੰ ਅਮਰੀਕਾ ਨਾਲ ਰਲਾਉਣਾ ਹੈ; ਕੈਨੇਡਾ ਨੂੰ ਆਖਿਆ ਕਿ ਤੁਹਾਨੂੰ ਅਮਰੀਕਾ ਦਾ ਇਕਵੰਜਵਾਂ ਸੂਬਾ ਬਣਾਇਆ ਜਾ ਸਕਦਾ; ਮੈਕਸੀਕੋ ਅਤੇ ਕੋਲੰਬੀਆ ਨੂੰ ਅਮਰੀਕਾ ਪੱਖੀ ਸਰਕਾਰਾਂ ਬਣਾਉਣ ਦਾ ਇਸ਼ਾਰਾ ਦੇ ਦਿੱਤਾ; ਕਿਊਬਾ ਵਿੱਚ ਆਪਣੇ ਪੱਖੀ ਸਰਕਾਰ ਬਣਾਉਣ ਦਾ ਐਲਾਨ ਵਾਰ-ਵਾਰ ਕੀਤਾ ਜਾ ਰਿਹਾ ਹੈ, ਇਸ ਸਭ ਤੋਂ ਅਮਰੀਕਾ ਦੇ ਲਾਤੀਨੀ, ਉੱਤਰੀ ਅਮਰੀਕਾ ਵਿੱਚ ਕਬਜ਼ੇ ਵਾਲੇ ਹਮਲਾਵਰ ਤੇਵਰ ਸਾਫ ਦਿਸਦੇ ਹਨ। ਸਾਰੀ ਦੁਨੀਆਂ ਉੱਤੇ ਟਰੰਪ ਵੱਲੋਂ ਆਪਹੁਦਰੇ ਢੰਗ ਨਾਲ ਟੈਰਿਫ ਬੰਬ ਸੁੱਟਣਾ ਵੀ ਤਾਂ ਹਮਲੇ ਵਰਗਾ ਹੀ ਸੀ।
ਇਸ ਤੋਂ ਪਹਿਲਾਂ ਵੀ ਦੁਨੀਆਂ ਨੇ ਦੇਖਿਆ ਹੈ ਕਿ ਸੋਵੀਅਤ ਰੂਸ ਨੂੰ 15 ਦੇਸ਼ਾਂ ਵਿੱਚ ਖਿੰਡਾਉਣ ਦੀਆਂ ਸਾਜ਼ਿਸ਼ਾਂ ਕਾਮਯਾਬ ਹੋਣ ਮਗਰੋਂ ਵੀ ‘ਨਾਟੋ’ ਦੇਸ਼ ਢੈਲੇ ਨਹੀਂ ਸਨ ਪਏ। ਰੂਸ ਨੂੰ ਹੋਰ ਘੇਰਨ ਲਈ ਇਸ ਨਾਲੋਂ ਟੁੱਟੇ ਮੁਲਕਾਂ ਨੂੰ ਨਾਟੋ ਦੇ ਮੈਂਬਰ ਬਣਾਉਣ ਦੀ ਨੀਤੀ ਅਪਣਾਈ। ਜਦੋਂ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਰਾਹੀਂ ਯੁਕਰੇਨ ਨੂੰ ਨਾਟੋ ਮੈਂਬਰ ਬਣਾ ਕੇ ਰੂਸ ਦੇ ਬਿਲਕੁਲ ਬਰੂਹੀਂ ਬੈਠਣ ਲੱਗੇ ਤਾਂ ਰੂਸ ਕੋਲ ਦੋ ਹੀ ਬਦਲ ਸਨ ਕਿ ਉਹ ਜਾਂ ਤਾਂ ਇਕੱਲੇ ਯੁਕਰੇਨ ਨਾਲ ਹੁਣ ਲੜ ਲਵੇ ਜਾਂ ਫਿਰ ਕੁਝ ਸਾਲਾਂ ਬਾਅਦ ਨਾਟੋ ਦੇ 33 ਦੇਸ਼ਾਂ ਨਾਲ ਯੁੱਧ ਕਰੇ। ਇਸੇ ਦਾ ਨਤੀਜਾ ਮੌਜੂਦਾ ਰੂਸ-ਯੁਕਰੇਨ ਜੰਗ ਦੇ ਰੂਪ ਵਿੱਚ ਨਿਕਲਿਆ। ਅੱਜ ਯੁਕਰੇਨ ਨੂੰ 32 ਨਾਟੋ ਦੇਸ਼ਾਂ ਦੀ ਮਦਦ ਨਾਲ ਰੂਸ ਨੂੰ ਕਮਜ਼ੋਰ ਕਰਨ ਲਈ ਲੜਾਇਆ ਜਾ ਰਿਹਾ ਹੈ। ਹਾਲਾਤ ਇਵੇਂ ਰਹੇ ਤਾਂ ਇਸ ਜੰਗ ਦੇ ਬਹੁਤ ਭਿਆਨਕ ਰੂਪ ਲੈਣ ਦੀ ਸੰਭਾਵਨਾ ਹੈ।
ਸੰਨ 1949 ਤੋਂ ਲੈ ਕੇ 1973 ਤਕ ਤਾਇਵਾਨ ਹੀ ਚੀਨ ਸਰਕਾਰ ਦੀ ਯੂ ਐੱਨ ਓ ਵਿੱਚ ਪ੍ਰਤੀਨਿਧਤਾ ਕਰਦਾ ਸੀ। ਹੁਣ ਇਹ ਖੁਦਮੁਖਤਾਰ ਖੇਤਰ ਹੈ। ਤਾਇਵਾਨ ਦਾ ਨਾਮ ‘ਰਿਪਬਲਿਕ ਔਫ ਚਾਈਨਾ’ ਹੈ। ਅਮਰੀਕਾ ਇਸ ਨੂੰ ਲਗਾਤਾਰ ਚੀਨ ਵਿਰੁੱਧ ਉਕਸਾ ਰਿਹਾ ਹੈ ਕਿ ਉਹ ਆਪਣੇ ਆਪ ਨੂੰ ਆਜ਼ਾਦ ਦੇਸ਼ ਐਲਾਨ ਕਰ ਦੇਵੇ ਅਤੇ ਅਮਰੀਕਾ ਦਾ ਜੋਟੀਦਾਰ ਬਣੇ। ਤਾਇਵਾਨ ਅਮਰੀਕਾ ਤੋਂ ਹਥਿਆਰ ਖਰੀਦਦਾ ਹੈ। ਇਹ ਨੀਤੀ ਕਿਸੇ ਵੱਡੇ ਫੌਜੀ ਟਕਰਾਅ ਦੀਆਂ ਸੰਭਾਵਨਾਵਾਂ ਵਾਲੀ ਹੈ। ਉੱਤਰੀ ਕੋਰੀਆ ਨਾਲ ਅਮਰੀਕਾ ਦੀ 1950 ਵਿੱਚ ਸ਼ੁਰੂ ਹੋ ਕੇ ਤਿੰਨ ਸਾਲ ਜੰਗ ਚੱਲੀ। ਅਜੇ ਤਕ ਉਸ ਉੱਤੇ ਸਖਤ ਅਮਰੀਕੀ ਪਾਬੰਦੀਆਂ ਅਤੇ ਤਣਾਅ ਬਰਕਰਾਰ ਹੈ।
ਅਫਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਮੌਜੂਦਾ ਜੰਗੀ ਟਕਰਾਅ ਅਤੇ ਕੱਟੜ ਅੱਤਵਾਦ ਵਾਲਾ ਮਾਹੌਲ ਮੁੱਖ ਰੂਪ ਵਿੱਚ ਅਮਰੀਕਾ ਨਾਲ ਦੋਸਤੀ ਦਾ ਨਤੀਜਾ ਹੈ। ਇਹ ਸਬਕ ਸਾਡੀ ਭਾਰਤ ਸਰਕਾਰ ਲਈ ਕੀਮਤੀ ਹੈ, ਜਿਸਨੂੰ ਅਮਰੀਕੀ ਇਜ਼ਰਾਇਲੀ ਦੋਸਤੀ ਦਾ ਨਵਾਂ ਨਵਾਂ ਚਾਅ ਹੈ।
ਸਾਡੇ ਚਾਅ ਦੇ ਬਾਵਜੂਦ ਭਾਰਤੀਆਂ ਵੱਲੋਂ ਚਲਾਏ ਜਾ ਰਹੇ ਤਿੰਨ ਜਹਾਜ਼ਾਂ ਉੱਤੇ ਅਮਰੀਕਾ ਨੇ ਹਮਲਾ ਕਰਕੇ ਤਿੰਨ ਚਾਲਕ ਮਾਰ ਦਿੱਤੇ, ਜਹਾਜ਼ ਡੁਬੋ ਦਿੱਤਾ, ਭਾਰਤ ਉੱਤੇ ਇਕਪਾਸੜ ਹੋਰ ਟੈਰਿਫ ਵੀ ਲਾਏ। ਜਿਵੇਂ ਅਮਰੀਕਾ ਇਰਾਨ ਤੋਂ ਮਿਲੀ ਹਾਰ ਦੀ ਖਿਝ ਸਾਡੇ ’ਤੇ ਕੱਢ ਰਿਹਾ ਹੋਵੇ ਕਿ ਇਨ੍ਹਾਂ ਨੇ ਕਿਹੜਾ ਅੱਗੋਂ ਬੋਲਣਾ!
ਸਭ ਦੇ ਮਨ ਵਿੱਚ ਇਹ ਸਵਾਲ ਹੈ ਕਿ ਕੀ ਇਰਾਨ ਵਾਲਾ ਤਜਰਬਾ ਨਾਕਾਮ ਰਹਿਣ ਉਪਰੰਤ ਅਮਰੀਕਾ ਦੇ ਹਮਲਾਵਰ ਰੁਖ ਵਿੱਚ ਕੋਈ ਹਾਂ-ਪੱਖੀ ਬਦਲਾਅ ਆਵੇਗਾ? ਕਿਉਂਕਿ ਅਮਰੀਕਾ ਨੇ ਪਹਿਲਾਂ ਵਾਲੇ ਨਾਕਾਮ ਤਜਰਬਿਆਂ (ਵੀਅਤਨਾਮ, ਇਰਾਕ, ਅਫਗਾਨਿਸਤਾਨ) ਤੋਂ ਤਾਂ ਕੋਈ ਸਬਕ ਨਹੀਂ ਸਿੱਖਿਆ।
ਜ਼ਮੀਨੀ ਸੱਚ ਇਹੀ ਹੈ ਕਿ ਹਥਿਆਰਾਂ ਦੀ ਮੰਡੀ ਦੇ ਸਭ ਤੋਂ ਵੱਡੇ ਨਿਰਮਾਤਾ ਅਤੇ ਵਪਾਰੀ ਅਮਰੀਕਾ ਦਾ ਹਿਤ ਤਾਂ ਇਹੀ ਹੈ ਕਿ ਝਗੜੇ ਸੁਲਗਦੇ, ਮੱਚਦੇ ਰਹਿਣ ਅਤੇ ਦੁਨੀਆਂ ਦੇ ਮੁਲਕਾਂ ਦੀ ਹਥਿਆਰ ਖਰੀਦਣ ਦੀ ਲੋੜ ਬਣੀ ਰਹੇ, ਨਾਲੇ ਗਾਹਕ ਵੀ ਮੈਥੋਂ ਦਹਿਸ਼ਤ ਦੇ ਮਾਰੇ ਮੇਰੀ ਦੁਕਾਨ ਉੱਤੇ ਹੀ ਆਉਣ। ਹਮੇਸ਼ਾ ਦੇਖਿਆ ਗਿਆ ਕਿ ਕਿਸੇ ’ਤੇ ਹਮਲਾ ਕਰਕੇ ਸਫਲ ਹੋਣ ਉੱਤੇ ਅਮਰੀਕੀ ਲੋਕ ਲੀਡਰ ਉੱਤੇ ਖੁਸ਼ ਹੁੰਦੇ ਹਨ। ਜਦਕਿ ਇਰਾਨ ਵਾਂਗ ਹਮਲਾਵਰ ਕਾਰਵਾਈ ਨਾਕਾਮ ਰਹੇ ਤਾਂ ਆਗੂ ਦਾ ਸਮਰਥਨ ਘਟਦਾ ਹੈ। ਜੇ ਅਜਿਹਾ ਹੈ ਤਾਂ ਫਿਰ ਕਿਸੇ ਅਸਾਨ ਸ਼ਿਕਾਰ (ਦੇਸ਼) ਵੱਲ ਮੂੰਹ ਕਰਕੇ ਭਰਪਾਈ ਕਰਨ ਵਾਲੀ ਨੀਤੀ ਚਲਦੀ ਰਹੇਗੀ।
ਦੇਖੋ ਕਿਵੇਂ ਦੂਜੀ ਸੰਸਾਰ ਜੰਗ ਤੋਂ ਬਾਅਦ ਆਪਸ ਵਿੱਚ ਲੜਦੇ ਰਹੇ ਸਾਰੇ ਤਕੜੇ ਪੂੰਜੀਵਾਦੀ ਸਾਮਰਾਜੀ ਮੁਲਕ ਸਭ ਕੁਝ ਭੁਲਾ ਕੇ ਫਿਰ ਇੱਕ ਢਾਣੀ ਵਾਂਗ ਇਕੱਠੇ ਹੋ ਗਏ ਹਨ। ਮਕਸਦ ਮਾੜੇ ਦੇਸ਼ਾਂ ਉੱਤੇ ਗਲਬਾ ਅਤੇ ਆਰਥਿਕ ਲੁੱਟ ਹੈ। ਆਪਣੇ ਤੋਂ ਸਿਵਾ ਇਹ ਕਿਸੇ ਦੇ ਜਾਨ-ਮਾਲ, ਜਜ਼ਬਾਤ ਦੀ ਕੋਈ ਕੀਮਤ ਨਹੀਂ ਸਮਝਦੇ। ਇਨ੍ਹਾਂ ਤੋਂ ਰਹਿਮ ਅਤੇ ਸਮਝਦਾਰੀ ਦੀ ਉਮੀਦ ਨਹੀਂ। ਇਹ ਸਿਰਫ ਜ਼ੋਰ ਦੀ ਭਾਸ਼ਾ ਸਮਝਦੇ ਹਨ। ਬਾਕੀ ਸਾਰੇ ਦੇਸ਼ਾਂ ਲਈ ਇਹ ਗੰਭੀਰ ਵਿਚਾਰ ਦਾ ਮੁੱਦਾ ਹੈ। ਅਮਨ ਚੈਨ ਖਤਰੇ ਵਿੱਚ ਹੈ। ਭਾਰਤ ਸਰਕਾਰ ਨੂੰ ਆਪਣੀ ਵਿਦੇਸ਼ ਅਤੇ ਸਮਾਜਿਕ ਨੀਤੀ ਉੱਤੇ ਬੇਲਿਹਾਜ਼ੀ ਸਵੈਪੜਚੋਲ ਦੀ ਲੋੜ ਹੈ। ਗਵਾਂਢੀ ਅਤੇ ਆਪਸੀ ਭਾਈਚਾਰੇ ਦੀ ਕੀਮਤ ਸਮਝੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































