JagdevSharmaBugra8ਜੇਕਰ ਪਾਣੀ ਤੋਂ ਬਿਨਾਂ ਜੀਵਨ ਸੰਭਵ ਹੀ ਨਹੀਂ ਤਾਂ ਅਸੀਂ ਉਸਦੀ ਸੰਭਾਲ ਪ੍ਰਤੀ ਐਨੇ ਅਵੇਸਲੇ ...
(18 ਅਪਰੈਲ 2026)


ਜਿਹੜੇ ਰਸਤੇ ਅਸੀਂ ਪੰਜਾਬੀ ਚੱਲੇ ਹੋਏ ਹਾਂ
, ਉਸਦੀ ਮੰਜ਼ਿਲ ਸਿਰਫ ਅਤੇ ਸਿਰਫ ਮਾਰੂਥਲ ਹੈਖਾੜੀ ਜੰਗ ਕਾਰਨ ਅਣਕਿਆਸੀ ਗੈਸ ਦੀ ਕਿੱਲਤ ਦੇ ਨਜ਼ਾਰੇ ਤਾਂ ਲੋਕ ਦੇਖ ਹੀ ਰਹੇ ਹਨ, ਕਿਆਸ ਕਰੋ ਜੇ ਕਿਤੇ ਬਾਲਣ ਦੇ ਨਾਲ ਨਾਲ ਪਾਣੀ ਦੀ ਵੀ ਕਮੀ ਹੋ ਜਾਵੇ ਤਾਂ ਜ਼ਿੰਦਗੀ ਕਿਹੋ ਜਿਹੀ ਹੋਵੇਗੀਯਾਦ ਰੱਖਿਓ, ਰਾਜਨੀਤਿਕ ਲੋਕਾਂ ਨੇ ਹੱਥ ਖੜ੍ਹੇ ਕਰਨ ਨੂੰ ਫੋਰ (ਫੋਰ = ਅੱਖ ਝਮਕਣ ਜਿੰਨਾ ਸਮਾਂ। ਜਿਵੇਂ, ਅੱਖ ਦੇ ਫੋਰ ਵਿਚ ... ---- ਸੰਪਾਦਕ) ਨਹੀਂ ਲਾਉਣਾ ਕਿਉਂਕਿ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਉਹਨਾਂ ਦੀ ਪਹਿਲ ਨਹੀਂ ਹੈ

ਦੇਸ਼ 1947 ਵਿੱਚ ਆਜ਼ਾਦ ਹੋਇਆਤਤਕਾਲੀ ਨੇਤਾਵਾਂ ਦੇ ਸਾਹਮਣੇ ਭੁੱਖਮਰੀ ਸਭ ਤੋਂ ਵੱਡੀ ਸਮੱਸਿਆ ਸੀਹਰੀ ਕ੍ਰਾਂਤੀ ਜ਼ਰੀਏ, ਸਾਂਝੇ ਪੰਜਾਬ ਅਤੇ ਪੱਛਮੀ ਉੱਤੇ ਪ੍ਰਦੇਸ਼ ਦੇ ਇਲਾਕਿਆਂ ਦੀ ਨਿਸ਼ਾਨ ਦੇਹੀ ਅਨਾਜ ਦੀ ਪੈਦਾਵਾਰ ਵਧਾਉਣ ਲਈ ਕੀਤੀ ਗਈਭੁੱਖਮਰੀ ਦਾ ਹੱਲ ਤਾਂ ਹੋ ਗਿਆ ਪ੍ਰੰਤੂ ਹਰੀ ਕ੍ਰਾਂਤੀ ਨੇ ਸਾਡੀ ਖੇਤੀ ਨੂੰ ਹਰੇ ਰੰਗ ਦਾ ਅਜਿਹਾ ਜੰਗਾਲ ਲਾਇਆ ਹੈ ਕਿ ਇਹ ਖੁਰਚਿਆਂ ਵੀ ਉੱਤਰ ਨਹੀਂ ਰਿਹਾਦੇਸ਼ ਤਾਂ ਰੱਜ ਕੇ ਖਾਣ ਲੱਗ ਗਿਆ ਪ੍ਰੰਤੂ ਪੰਜਾਬੀ ਕਿਸਾਨ, ਤਥਾ ਕਥਿਤ ਅੰਨ ਦਾਤਾ ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ ਇਕੱਲੇ ਸਿੰਥੈਟਿਕ ਨਸ਼ਿਆਂ ਦੀ ਕੀ ਗੱਲ ਕਰਦੇ ਓ, ਪੰਜਾਬ ਦੀ ਧਰਤੀ ਦਾ ਜ਼ਰਰਾ ਜ਼ਰਰਾ ਨਸ਼ਿਆਂ ’ਤੇ ਲੱਗ ਚੁੱਕਿਆ ਹੈਪੰਛੀਆਂ ਨੇ ਤਾਂ ਹਿਜਰਤ ਕਰਕੇ ਸੁਰੱਖਿਅਤ ਥਾਂਵਾਂ ਲੱਭ ਲਈਆਂ ਹਨ, ਪੰਜਾਬੀ ਕਿੱਥੇ ਜਾਣਸਾਡੀ ਸਰਕਾਰ ਨੇ ਐਨੇ ਟਿਊਬਵੈੱਲ ਕਨੈਕਸ਼ਨ ਦਿੱਤੇ’ ਨੂੰ ਬਾਹਾਂ ਚਾੜ੍ਹ ਕੇ ਪਾਰਟੀ ਦੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ ਪ੍ਰੰਤੂ ਦੂਜੇ ਵੰਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਨਮ ਤੋਂ ਪਹਿਲਾਂ ਹੀ ਕਬਰ ਖੋਦ ਦਿੱਤੀ ਗਈ ਹੈ

ਜਿਸ ਤਰ੍ਹਾਂ ਗਿਰਝਾਂ ਸਹਿਕ ਰਹੇ ਪਸ਼ੂ ਦਾ ਮਾਸ ਨੋਚਣ ਲਈ ਘਾਤ ਲਗਾ ਕੇ ਬੈਠੀਆਂ ਹੁੰਦੀਆਂ ਹਨ, ਠੀਕ ਉਸੇ ਤਰ੍ਹਾਂ ਪੰਜਾਬ ਦਾ ਪਾਣੀ ਝਪਟਣ ਲਈ ਗੁਆਂਢੀ ਰਾਜ ਰੂਪੀ ਗਿਰਝਾਂ ਘਾਤ ਲਾਈ ਬੈਠੀਆਂ ਹਨਪੰਜਾਬੀਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਜੋਗਾ ਵੀ ਪਾਣੀ ਨਹੀਂ ਹੈਅਜਿਹੇ ਵਿੱਚ ਗੁਆਂਢੀ ਰਾਜਾਂ ਨੂੰ ਪਾਣੀ ਦੇਣ ਦਾ ਸਵਾਲ ਕਿੱਥੋਂ ਪੈਦਾ ਹੋ ਜਾਂਦਾ ਹੈਪੁਆੜੇ ਦੀ ਜੜ੍ਹ ਹੈ ਐੱਸ ਵਾਈ ਐੱਲ ਨਹਿਰਰਾਜਨੀਤਿਕ ਲੋਕਾਂ ਨੇ ਆਪਣੇ ਫ਼ਾਇਦਿਆਂ ਨੂੰ ਮੁੱਖ ਰੱਖ ਕੇ ਇਹ ਗੈਰ ਸੰਜੀਦਾ ਫੈਸਲਾ ਲਿਆ ਜਿਸਦਾ ਰੇੜਕਾ ਅੱਜ ਤਕ ਨਹੀਂ ਮੁੱਕਿਆ1981 ਵਿੱਚ ਤਤਕਾਲੀ ਨੇਤਾਵਾਂ ਨੇ ਕਪੂਰੀ ਵਿਖੇ ਅਜਿਹਾ ਟੱਕ ਲਾਇਆ ਕਿ ਟੱਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਹੀ ਵੱਜ ਗਿਆ ਅਤੇ ਨਾਸੂਰ ਬਣ ਗਿਆ

1920 ਵਿੱਚ ਬੀਕਾਨੇਰ ਦੇ ਰਾਜਾ ਗੰਗਾ ਸਿੰਘ ਨੇ ਪੰਜਾਬ ਤੋਂ ਪਾਣੀ ਲਿਆ ਅਤੇ ਪੰਜਾਬ ਤੋਂ ਇੱਕ ਪੱਕੀ ਨਹਿਰ ਦੀ ਬੀਕਾਨੇਰ ਤਕ ਉਸਾਰੀ ਕਾਰਵਾਈਉਸ ਰਾਜੇ ਦੇ ਨਾਂ ’ਤੇ ਇਸ ਨਹਿਰ ਦਾ ਨਾਮ ਵੀ ਗੰਗ ਨਹਿਰ ਰੱਖਿਆ ਗਿਆ ਜੋਕਿ ਅੱਜ ਤਕ ਵੀ ਇਸੇ ਨਾਮ ਨਾਲ ਪ੍ਰਚਲਿਤ ਹੈਰਾਜਸਥਾਨ ਸਰਕਾਰ 1920 ਤੋਂ 1960 ਤਕ ਪੰਜਾਬ ਨੂੰ ਇਸ ਪਾਣੀ ਬਦਲੇ ਰੌਇਲਟੀ ਦਿੰਦੀ ਰਹੀ1960 ਵਿੱਚ ਦੁਬਾਰਾ ਤੋਂ ਲਿਖੇ ਗਏ ਸਮਝੌਤੇ ਵਿੱਚੋਂ ਰੌਇਲਟੀ ਦੀ ਕਲਾਜ਼ ਸ਼ਰਾਰਤ ਪੂਰਨ ਢੰਗ ਨਾਲ ਹਟਾ ਦਿੱਤੀ ਗਈ ਅਤੇ ਪੰਜਾਬ ਨੂੰ ਰੌਇਲਟੀ ਮਿਲਣੀ ਬੰਦ ਹੋ ਗਈਪਾਣੀ ਵੀ ਗਿਆ ਅਤੇ ਪੈਸੇ ਮਿਲਣੇ ਵੀ ਬੰਦਵਾਹ ਨੀ ਸਰਕਾਰੇ! ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਸੇ ਰਾਇਲਟੀ ਦਾ ਬਕਾਇਆ 1.44 ਲੱਖ ਕਰੋੜ ਰੁਪਏ ਮੰਗ ਰਿਹਾ ਹੈਫੈਸਲਾ ਸ਼ਾਇਦ ਅਦਾਲਤ ਕਰੇਇੱਕ ਹੋਰ ਇੰਦਰਾ ਕੈਨਾਲ ਨਾਂ ਦੀ ਨਹਿਰ ਵੀ ਰਾਜਸਥਾਨ ਨੂੰ ਪਾਣੀ ਲੈਕੇ ਜਾਂਦੀ ਹੈਇਹ ਨਹਿਰਾਂ ਹਰੀਕੇ ਪੱਤਣ ਤੋਂ ਸ਼ੁਰੂ ਹੋ ਕੇ 204 ਕਿਲੋਮੀਟਰ ਲੰਬਾਈ ਤੈਅ ਕਰਕੇ ਰਾਜਸਥਾਨ ਨੂੰ 18 ਹਜ਼ਾਰ ਕਿਉਸਕ ਦੇ ਲਗਭਗ ਪਾਣੀ ਪਹੁੰਚਾਉਂਦੀਆਂ ਹਨ

ਇਸੇ ਤਰ੍ਹਾਂ ਪੰਜਾਬ ਵਿੱਚੋਂ ਭਾਖੜਾ ਨਹਿਰ ਦੇ ਰਸਤੇ ਹਰਿਆਣੇ ਨੂੰ ਪਾਣੀ ਵਗ ਰਿਹਾ ਹੈਹਰਿਆਣੇ ਦੀ ਹਾਲੇ ਵੀ ਤਸੱਲੀ ਨਹੀਂਉਹ ਚਾਹੁੰਦੇ ਹਨ ਕਿ ਪੰਜਾਬ ਤਿਹਾਇਆ ਮਰੇ ਤਾਂ ਪਿਆ ਮਰੇਉਹਨਾਂ ਕੋਲ ਆਪਣੇ ਹੱਕ ਵਿੱਚ ਦਲੀਲਾਂ ਦਾ ਘਾਟਾ ਨਹੀਂਪਿਛਲੇ ਸਾਲ 2025 ਵਿੱਚ ਦੋਵੇਂ ਰਾਜਾਂ ਵਿੱਚ ਪਾਣੀ ਨੂੰ ਲੈਕੇ ਕਾਫੀ ਰੌਲਾ ਰਿਹਾ ਸੀਹਰਿਆਣਾ ਸੋਕੇ ਦੀ ਦੁਹਾਈ ਦੇਕੇ ਵਾਧੂ ਪਾਣੀ ਮੰਗ ਰਿਹਾ ਸੀ ਅਤੇ ਪੰਜਾਬ ਡੈਮਾਂ ਵਿੱਚ ਪਾਣੀ ਦੇ ਘਟ ਰਹੇ ਪੱਧਰ ਕਾਰਨ ਵਾਧੂ ਪਾਣੀ ਦੇਣ ਤੋਂ ਇਨਕਾਰੀ ਸੀ

ਸਾਡੇ ਦੇਸ਼ ਵਿੱਚ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਘਟਣ ਵਿੱਚ ਪੰਜਾਬ ਸਭ ਤੋਂ ਮੋਹਰੀ ਹੈਪੰਜਾਬ ਤੋਂ ਬਾਅਦ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਗੁਜਰਾਤ ਪਾਣੀ ਦੀ ਵਰਤੋਂ ਵਿੱਚ ਮੋਹਰੀ ਸੂਬੇ ਹਨ

ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਬੜੀ ਚਿੰਤਾਜਨਕ ਦਰ ਨਾਲ ਹੇਠਾਂ ਜਾ ਰਿਹਾ ਹੈਹਰ ਸਾਲ ਔਸਤਨ 0.49 ਮੀਟਰ (ਲਗਭਗ ਅੱਧਾ ਮੀਟਰ) ਪਾਣੀ ਦੀ ਸਤਹ ਹੇਠਾਂ ਚਲੀ ਜਾਂਦੀ ਹੈਪਿਛਲੇ ਕੁਝ ਸਾਲਾਂ ਦੌਰਾਨ ਇਹ 16-17 ਦੇ ਕੌਮੀ ਪੱਧਰ ਤੋਂ ਥੱਲੇ ਗਿਆ ਹੈਅਜਿਹਾ ਹੋਣ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਖੇਤਾਂ ਦੀ ਸਿੰਜਾਈ ਲਈ ਟਿਊਬਵੈਲਾਂ ਰਾਹੀਂ ਧਰਤੀ ਹੇਠਲੇ ਪਾਣੀ ਦੀ ਬੇਸ਼ੁਮਾਰ ਦੁਰਵਰਤੋਂਝੋਨੇ ਦੀ ਫਸਲ ਨੂੰ ਸਭ ਤੋਂ ਵੱਧ ਪਾਣੀ ਦੀ ਲੋੜ ਪੈਂਦੀ ਹੈਇੱਕ ਕਿਲੋ ਚਾਵਲ ਤਿਆਰ ਕਰਨ ਲਈ ਅੰਦਾਜ਼ਨ 25 ਸੌ ਤੋਂ 5 ਹਜ਼ਾਰ ਲਿਟਰ ਪਾਣੀ ਦੀ ਖਪਤ ਹੁੰਦੀ ਹੈ ਜਦੋਂ ਕਿ ਇੱਕ ਕਿਲੋ ਕਣਕ ਉਗਾਉਣ ਲਈ ਇਹੀ ਮਾਤਰਾ 1300 ਲਿਟਰ ਹੈ ਯਾਨੀ ਕਿ ਤੀਜਾ ਚੌਥਾ ਹਿੱਸਾਸਿੰਜਾਈ ਯੋਗ ਪਾਣੀ ਦੀ ਜ਼ਰੂਰਤ ਪੂਰੀ ਕਰਨ ਲਈ ਕਿਸਾਨ ਟਿਊਬਵੈੱਲ ਦੀ ਵਰਤੋਂ ਕਰਦਾ ਹੈਪੰਜਾਬ ਵਿੱਚ 2024 ਦੇ ਅੰਕੜਿਆਂ ਮੁਤਾਬਿਕ 14 ਲੱਖ ਤੋਂ 15 ਲੱਖ ਦੇ ਕਰੀਬ ਟਿਊਬਵੈੱਲ ਹਨਪੰਜਾਬ ਵਿੱਚ ਖੇਤੀਬਾੜੀ ਲਈ ਬਿਜਲੀ ਮੁਫਤ ਉਪਲਬਧ ਹੈਮੁਫਤ ਬਿਜਲੀ ਨਾਲ ਚੱਲ ਰਹੇ ਐਨੇ ਸਾਰੇ ਟਿਊਬਵੈੱਲਾਂ ਦਾ ਬਹੁਤ ਸਾਰਾ ਪਾਣੀ ਅਜਾਈਂ ਹੀ ਚਲਾ ਜਾਂਦਾ ਹੈਖਰਚੇ ਤੋਂ ਬੇਫਿਕਰ ਲੋਕ ਮੋਟਰ ਬੰਦ ਹੀ ਨਹੀਂ ਕਰਦੇ

ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਘਟਣ ਤੋਂ ਫਿਕਰਮੰਦ ਸਰਕਾਰ ਨੇ ਦੇਸ਼ ਨੂੰ ਵੱਖ ਵੱਖ ਜ਼ੋਨਾ ਵਿੱਚ ਰੱਖਿਆ ਹੋਇਆ ਹੈ ਜ਼ਿਆਦਾ ਮਾੜੀ ਹਾਲਤ ਵਾਲੇ ਜ਼ੋਨਾ ਨੂੰ ਡਾਰਕ ਜ਼ੋਨ ਕਿਹਾ ਜਾਂਦਾ ਹੈ ਪੰਜਾਬ ਵਿੱਚ ਕੁੱਲ 153 ਬਲਾਕ ਹਨ, ਜਿਨ੍ਹਾਂ ਵਿੱਚੋਂ 117 ਯਾਨੀ ਕਿ 79% ਬਲਾਕ ਡਾਰਕ ਜ਼ੋਨ ਵਿੱਚ ਵਰਗੀਕ੍ਰਿਤ ਹਨਕੁੱਲ 23 ਜ਼ਿਲ੍ਹਿਆਂ ਵਿੱਚੋਂ 19 ਡਾਰਕ ਜ਼ੋਨ ਵਿੱਚ ਆਉਂਦੇ ਹਨਸਭ ਤੋਂ ਜ਼ਿਆਦਾ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਬਰਨਾਲਾ, ਬਠਿੰਡਾ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਜਲੰਧਰ, ਮੋਗਾ, ਮੋਹਾਲੀ, ਪਠਾਨਕੋਟ, ਪਟਿਆਲਾ ਅਤੇ ਸੰਗਰੂਰ ਹਨਇਹ ਵਰਗੀਕਰਨ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ 2024 ਵਿੱਚ ਕੀਤਾ ਸੀਸਰਕਾਰਾਂ ਨੂੰ ਪਤਾ ਹੈ ਕਿ ਪਾਣੀ ਦਾ ਪੱਧਰ ਲੋੜੋਂ ਵੱਧ ਹੇਠਾਂ ਜਾਣ ਦਾ ਕਾਰਨ ਇਹ ਟਿਊਬਵੈੱਲ ਹੀ ਹਨਇਸੇ ਦੇ ਮੱਦੇਨਜ਼ਰ ਇਹ ਵਰਗੀਕਰਨ ਕਰਨ ਦੀ ਲੋੜ ਮਹਿਸੂਸ ਕੀਤੀ ਗਈ ਸੀਡਾਰਕ ਜ਼ੋਨ ਵਿਚਲੇ ਇਲਾਕਿਆਂ ਵਿੱਚ ਨਵੇਂ ਬੋਰ ਕਰਨ ਜਾਂ ਬੋਰਾਂ ਨੂੰ ਡੂੰਘੇ ਕਰਨ ਦੀ ਮਨਾਹੀ ਹੈਸਿਰਫ ਪਹਿਲਾ ਬੋਰ ਖਰਾਬ ਹੋ ਜਾਣ ਦੀ ਸੂਰਤ ਵਿੱਚ ਹੀ ਨਵਾਂ ਬੋਰ ਕੀਤਾ ਜਾ ਸਕਦਾ ਹੈ ਬੇਸ਼ਕ ਕਾਨੂੰਨ ਹੈ ਪ੍ਰੰਤੂ ਕੀ ਕਦੇ ਕਿਸੇ ਨੇ ਇਸ ਕਾਨੂੰਨ ਦੀ ਇੰਨਬਿੰਨ ਪਾਲਣਾ ਹੁੰਦੀ ਦੇਖੀ ਹੈਕੌਣ ਬੋਕ ਦੇ ਸਿੰਗਾਂ ਨੂੰ ਹੱਥ ਲਾਵੇਆਪਣੇ ਵੋਟ ਬੈਂਕ ਦਾ ਨੁਕਸਾਨ ਕੌਣ ਕਰੇ?

ਸੁਖ ਦਾ ਸਾਹ ਆਉਂਦਾ ਹੈ ਜਦੋਂ ਭਗਵੰਤ ਮਾਨ ਨੂੰ ਇਹ ਕਹਿੰਦਿਆਂ ਸੁਣੀਂਦਾ ਹੈ ਕਿ 70% ਨਹਿਰੀ ਪਾਣੀ ਖੇਤਾਂ ਤਕ ਪਹੁੰਚਦਾ ਕਰ ਦਿੱਤਾ ਗਿਆ ਹੈਪੰਜਾਬ ਦੀ ਵਰਤਮਾਨ ਸਰਕਾਰ ਦਾ ਤਾਂ ਇਹ ਵੀ ਦਾਅਵਾ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਨਹਿਰਾਂ ਦਾ 100% ਪਾਣੀ ਸਿੰਜਾਈ ਲਈ ਵਰਤਿਆ ਜਾਵੇਗਾਇਸ ਨਾਲ ਧਰਤੀ ਹੇਠਲੇ ਪਾਣੀ ਉੱਪਰ ਨਿਰਭਰਤਾ ਘਟੇਗੀ ਅਤੇ ਗਰਾਊਂਡ ਵਾਟਰ ਦਾ ਪੱਧਰ ਉੱਪਰ ਆਵੇਗਾ ਡਿਜਿਟਲ ਸੰਸਦ ਦੀ ਰਿਪੋਰਟ ਅਨੁਸਾਰ ਧਰਤੀ ਹੇਠਲੇ ਪਾਣੀ ਦੀ ਵਰਤੋਂ, ਜਿਹੜੀ 2009 ਵਿੱਚ 170% ਸੀ, 2023 ਨੂੰ 163.76% ’ਤੇ ਆ ਗਈ ਹੈਅਜਿਹਾ ਨਹਿਰੀ ਪਾਣੀ ਦੀ ਸੁਯੋਗ ਵਰਤੋਂ ਕਾਰਨ ਹੋ ਸਕਿਆ ਹੈਪੰਜਾਬ ਵਾਟਰ ਰੈਗੂਲੇਸ਼ਨ ਅਤੇ ਵਿਕਾਸ ਅਥਾਰਟੀ ਧਰਤੀ ਹੇਠਲੇ ਪਾਣੀ ਨੂੰ ਵਰਤਣ ਲਈ ਲੱਗਣ ਵਾਲੇ ਨਵੇਂ ਬੋਰਾਂ ਨੂੰ ਮਨਜ਼ੂਰੀ ਦੇਣ ਦਾ ਕੰਮ ਕਰਦੀ ਹੈ ਇਨ੍ਹਾਂ ਵਿਆਪਕ ਸੁਧਾਰਾਂ ਦੇ ਬਾਵਜੂਦ ਸਰਕਾਰ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ

ਧਰਤੀ ਹੇਠਲਾ ਪਾਣੀ ਬਚਾਉਣਾ ਹੀ ਨਹੀਂ ਇਸਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਵੀ ਜ਼ਰੂਰੀ ਹੈਪੰਜਾਬ ਦੇ ਕਈ ਇਲਾਕਿਆਂ ਵਿੱਚ ਪੀਣਯੋਗ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਨਿਰਧਾਰਤ ਮਾਤਰਾ ਨਾਲੋਂ ਅਧਿਕ ਪਾਈ ਗਈ ਹੈ, ਜਿਹੜੀ ਕੈਂਸਰ ਜਿਹੀਆਂ ਭਿਆਨਕ ਮਾਰੂ ਦਾ ਕਾਰਨ ਬਣਦੀ ਹੈਪੰਜਾਬ ਦੇ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਪਾਣੀ ਵਿੱਚ ਟੀ ਡੀ ਐੱਸ (ਟੋਟਲ ਡਿਜ਼ਾਲਵਡ ਸੌਲਿਡ) ਦੀ ਪ੍ਰਵਾਨਤ ਮਾਤਰਾ 500 ਮਿਲੀ ਗ੍ਰਾਮ ਪ੍ਰਤੀ ਲੀਟਰ ਨਾਲੋਂ ਕਿਤੇ ਵੱਧ ਪਾਈ ਗਈ ਹੈਇਸਦਾ ਕਾਰਨ ਦੂਸ਼ਿਤ ਸਨਅਤੀ ਪਾਣੀ ਦਾ ਹੇਠਲੇ ਪਾਣੀ ਵਿੱਚ ਘੁਲਣਾ, ਫਸਲਾਂ ਲਈ ਕੀੜੇਮਾਰ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਆਦਿ ਜ਼ਿੰਮੇਵਾਰ ਹਨ

ਹੁਣ ਗੱਲ ਕੀਤੀ ਜਾਵੇ ਕਿ ਵਰਤਮਾਨ ਹਾਲਾਤ ਵਿੱਚ ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾਵੇਜਿਵੇਂ ਅਸੀਂ ਉੱਪਰ ਵਿਚਾਰ ਕਰ ਆਏ ਹਾਂ ਕਿ ਝੋਨੇ ਦੀ ਫਸਲ ਲਈ ਸਭ ਤੋਂ ਵੱਧ ਪਾਣੀ ਦੀ ਖਪਤ ਹੁੰਦੀ ਹੈ, ਇਸ ਲਈ ਫਸਲੀ ਵਿਭਿੰਨਤਾ ਅਪਣਾਉਂਦਿਆਂ ਝੋਨੇ ਕਣਕ ਦੇ ਕੁਚੱਕਰ ਵਿੱਚੋਂ ਨਿੱਕਲੀਏ ਅਤੇ ਅਜਿਹੀਆਂ ਫਸਲਾਂ ਬੀਜੀਏ ਜਿਨ੍ਹਾਂ ਲਈ ਘੱਟ ਪਾਣੀ ਦੀ ਲੋੜ ਪਵੇਸਰਕਾਰ ਨੂੰ ਖੇਤੀ ਨੀਤੀ ਬਣਾਉਂਦਿਆਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬਦਲਵੇਂ ਪ੍ਰਬੰਧਨ ਕਾਰਨ ਕਿਸਾਨ ਦੀ ਆਮਦਨ ਪ੍ਰਭਾਵਤ ਨਾ ਹੋਵੇ

ਨਹਿਰੀ ਪਾਣੀ ਉੱਪਰ ਨਿਰਭਰਤਾ ਵਧਾ ਕੇ ਧਰਤੀ ਹੇਠੋਂ ਪਾਣੀ ਘੱਟ ਤੋਂ ਘੱਟ ਖਿੱਚਿਆ ਜਾਵੇ ਨਦੀਆਂ ਨਾਲਿਆਂ ਮੀਂਹਾਂ ਦੇ ਵਾਧੂ ਪਾਣੀ ਨੂੰ ਉਪਯੋਗ ਵਿੱਚ ਲਿਆਉਂਦਿਆਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕੀਤਾ ਜਾਵੇਵਾਧੂ ਪਾਣੀ ਨੂੰ ਕੁਦਰਤੀ/ਮਸਨੂਈ ਢੰਗ ਨਾਲ ਧਰਤੀ ਥੱਲੇ ਭੇਜਣ ਨੂੰ ਰੀ-ਚਾਰਜ ਆਫ ਗਰਾਊਂਡ ਵਾਟਰ ਕਿਹਾ ਜਾਂਦਾ ਹੈਇਸ ਤਰੀਕੇ ਵਾਧੂ ਪਾਣੀ ਸੰਭਾਲਿਆ ਵੀ ਜਾ ਸਕੇਗਾ ਅਤੇ ਪਾਣੀ ਦਾ ਪੱਧਰ ਉਤਾਂਹ ਵੀ ਆਵੇਗਾ

ਰਸਾਇਣਾਂ ਦੀ ਵਰਤੋਂ ਘੱਟ ਕਰਕੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ” ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਦੀ ਵਾਰ (ਅੰਗ 472) ਵਿੱਚ ਉਚਾਰਿਆ ਇੱਕ ਪਵਿੱਤਰ ਸਲੋਕ ਹੈ, ਜੋ ਪਾਣੀ ਨੂੰ ਜੀਵਨ ਦਾ ਆਧਾਰ ਮੰਨਦਾ ਹੈਭਾਵ ਮਨੁੱਖੀ ਜੀਵਨ, ਪਸ਼ੂ ਪੰਛੀ, ਬਨਸਪਤੀ ਸਾਰੀ ਕਾਇਨਾਤ ਪਾਣੀ ਕਾਰਨ ਹੀ ਜਿਊਂਦੀ ਰਹਿ ਸਕਦੀ ਹੈਮਨੁੱਖੀ ਸਰੀਰ ਨੂੰ ਪੰਜ ਤੱਤਾਂ ਦਾ ਪੁਤਲਾ ਮੰਨਿਆ ਗਿਆ ਹੈ, ਧਰਤੀ, ਜਲ, ਅਗਨੀ, ਵਾਯੂ ਅਤੇ ਅਕਾਸ਼ ਇੱਥੇ ਵੀ ਪਾਣੀ ਮਹੱਤਵਪੂਰਨ ਤੱਤ ਹੈਸਲੋਕੁਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁਰਾਹੀਂ ਵੀ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਪਾਣੀ ਸਾਰੇ ਜੀਵਾਂ ਦਾ ਪਿਤਾ ਹੈ

ਜੇਕਰ ਪਾਣੀ ਤੋਂ ਬਿਨਾਂ ਜੀਵਨ ਸੰਭਵ ਹੀ ਨਹੀਂ ਤਾਂ ਅਸੀਂ ਉਸਦੀ ਸੰਭਾਲ ਪ੍ਰਤੀ ਐਨੇ ਅਵੇਸਲੇ ਕਿਉਂ ਹਾਂ?

ਕਿਸਾਨ ਯੂਨੀਅਨਾਂ ਦੇ ਨੇਤਾਵਾਂ ਦੇ ਘਰੀਂ ਵੀ ਬੱਚੇ ਬਜ਼ੁਰਗ ਅਤੇ ਬਿਮਾਰ ਹਨਆਧੁਨਿਕ ਖੇਤੀ ਕਾਰਨ ਪੌਣ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਸਾਡੇ ਜੀਵਨ ਪ੍ਰਵਾਹ ਉੱਪਰ ਪੈਣ ਵਾਲੇ ਦੁਸ਼ ਪ੍ਰਭਾਵਾਂ ਤੋਂ ਉਹ ਵੀ ਅਨਜਾਣ ਨਹੀਂ ਹਨਇਸ ਲਈ ਇਨ੍ਹਾਂ ਜ਼ਿੰਮੇਵਾਰ ਨੇਤਾਵਾਂ ਨੂੰ ਮੇਰੀ ਸਨਿਮਰ ਬੇਨਤੀ ਹੈ ਕਿ ਵਿਰੋਧ ਖਾਤਰ ਵਿਰੋਧ ਨੂੰ ਤਿਆਗ ਕੇ ਸਕਾਰਾਤਮਿਕ ਪਹੁੰਚ ਅਪਣਾਈਏ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਬਣਦਾ ਯੋਗਦਾਨ ਪਾਈਏ

ਵੇਲਾ ਹੈ, ਪੰਜਾਬੀਓ ਸੰਭਲ ਜਾਓ ਜਾਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਕੁਝ ਖਾ ਮੁਕਾ ਕੇ ਹੀ ਮਰਨ ਦਾ ਇਰਾਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)

About the Author

ਜਗਦੇਵ ਸ਼ਰਮਾ ਬੁਗਰਾ

ਜਗਦੇਵ ਸ਼ਰਮਾ ਬੁਗਰਾ

Retd. Senior Manager, Punjab National Bank.
Phone: (91 - 98727 - 87243)

Email: (jagdevsharma325@gmail.com)

More articles from this author