“ਐਨੀ ਗੱਲ ਦੀ ਦੇਰ ਸੀ ਕਿ ਮੇਰਾ ਫੁੱਫੜ ਨੁਮਾ ਮਾਮਾ ਮੈਨੂੰ ਬੁੱਕਲ ਵਿੱਚ ਲੈਕੇ ...”
(17 ਸਤੰਬਰ 2025)
1972 ਵਿੱਚ ਮੈਂ ਉਮੀਦ ਤੋਂ ਵੱਧ ਅੰਕਾਂ ਨਾਲ ਦਸਵੀਂ ਪਾਸ ਕੀਤੀ। ਅੱਗੇ ਪੜ੍ਹਨ ਲਈ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਦਾਖਲਾ ਲੈ ਲਿਆ ਅਤੇ ਨਾਨ ਮੈਡੀਕਲ ਦੇ ਵਿਸ਼ੇ ਰੱਖ ਲਏ। ਮੇਰੇ ਪਿੰਡੋਂ ਕਾਲਜ ਕੋਈ 24 ਕਿਲੋਮੀਟਰ ਦੂਰ ਪੈਂਦਾ ਸੀ ਅਤੇ ਪਿੰਡੋ ਪਿੰਡੀ ਹੋ ਕੇ ਜਾਣ ਲੱਗਿਆਂ 20 ਕਿਲੋਮੀਟਰ ਦੇ ਕਰੀਬ। ਹੁਣ ਸਾ ਗਈ ਹਰ ਰੋਜ਼ ਕਾਲਜ ਆਉਣ ਜਾਣ ਦੀ। ਸਾਈਕਲ ਤੇ ਹਰ ਰੋਜ਼ 40-45 ਕਿਲੋਮੀਟਰ ਆਉਣਾ ਜਾਣਾ ਮੁਸ਼ਕਿਲ ਸੀ ਅਤੇ ਹੋਸਟਲ ਵਿੱਚ ਰਹਿ ਕੇ ਪੜ੍ਹਾਈ ਕਰਨੀ ਪਰਿਵਾਰ ਲਈ ਵਿੱਤੋਂ ਬਾਹਰੀ ਗੱਲ ਸੀ। ਮੇਰੇ ਨਾਨਕੇ ਸੰਗਰੂਰ ਤੋਂ ਕੋਈ ਚਾਰ ਕੁ ਕਿਲੋਮੀਟਰ ਦੂਰ ਸਨ ਅਤੇ ਮੇਰੇ ਮਾਮਾ ਜੀ ਸੰਗਰੂਰ ਵਿਖੇ ਹੀ ਸਰਕਾਰੀ ਮੁਲਾਜ਼ਮ ਸਨ। ਮੇਰੇ ਮਾਮਾ ਜੀ ਨੇ ਇਸ ਔਖੇ ਵੇਲੇ ਸਾਡੇ ਪਰਿਵਾਰ ਦੀ ਬਾਂਹ ਫੜੀ ਅਤੇ ਕਿਹਾ ਕਿ ਜਿੰਨਾ ਚਿਰ ਦੋਹਤਾ ਕਾਲਜ ਪੜ੍ਹੇਗਾ, ਇਹ ਸਾਡੇ ਕੋਲ ਹੀ ਰਹੇਗਾ। ਮੇਰੇ ਮਾਪਿਆਂ ਦੇ ਸਿਰੋਂ ਮਣਾਂ ਮੂੰਹੀਂ ਭਾਰ ਉੱਤਰ ਗਿਆ ਸੀ।
ਮੇਰਾ ਮੇਰੇ ਨਾਨਕੇ ਪਿੰਡ ਤੋਂ ਕਾਲਜ ਆਉਂਦਾ ਜਾਣਾ ਸ਼ੁਰੂ ਹੋ ਗਿਆ। ਪੰਜਾਬੀ ਪੇਂਡੂ ਭਾਈਚਾਰੇ ਦੀ ਇੱਕ ਵਿਲੱਖਣਤਾ ਹੈ ਕਿ ਇੱਥੇ ਹਰ ਕੋਈ ਹਰ ਕਿਸੇ ਦਾ ਕੁਛ ਨਾ ਕੁਛ ਲੱਗਦਾ ਹੁੰਦਾ ਹੈ। ਮੈਂ ਵੀ ਪੇਂਡੂ ਹੀ ਸੀ ਅਤੇ ਪਿੰਡਾਂ ਦੀ ਇਸ ਰਿਵਾਇਤ ਤੋਂ ਭਲੀ ਭਾਂਤ ਜਾਣੂੰ ਸੀ। ਮੇਰੇ ਨਾਨਕੇ ਪਿੰਡ ਦਾ ਹਰ ਬੰਦਾ ਅਤੇ ਹਰ ਔਰਤ ਮੇਰਾ ਨਾਨਾ ਨਾਨੀ, ਮਾਮਾ ਮਾਮੀ ਜਾਂ ਫਿਰ ਵੀਰਾ ਭੈਣ ਅਤੇ ਭਾਬੀ ਹੀ ਲੱਗਣਾ ਸੀ। ਬਿਨਾਂ ਕਿਸੇ ਜਾਤ ਧਰਮ ਦੇ ਮੈਂ ਸਾਹਮਣੇ ਵਾਲੇ ਨਾਲ ਉਸਦੀ ਉਮਰ ਦੇ ਹਿਸਾਬ ਰਿਸ਼ਤਾ ਬਣਾ ਲੈਂਦਾ। ਇਥੋਂ ਤੱਕ ਕਿ ਮੇਰੇ ਨਾਨਕਿਆਂ ਦੇ ਘਰ ਦੇ ਸਾਹਮਣੇ, ਇੱਕ ਖੁੱਲ੍ਹੇ ਜਿਹੇ ਚਗਾਨ ਵਿੱਚ ਇੱਕ ਗੱਡੀਆਂ ਵਾਲਾ ਰਾਜਪੂਤ ਪਰਿਵਾਰ ਬੈਠਾ ਸੀ। ਕਾਫੀ ਚਿਰ ਤੋਂ ਇੱਥੇ ਬੈਠੇ ਹੋਣ ਕਾਰਨ ਉਹਨਾਂ ਦੇ ਬੱਚੇ ਮੇਰੇ ਨਾਨੇ ਨੂੰ ਬਾਬਾ ਅਤੇ ਮੇਰੇ ਮਾਮਾ ਮਾਮੀ ਨੂੰ ਚਾਚਾ ਚਾਚੀ ਕਿਹਾ ਕਰਦੇ ਸਨ। ਭਾਈਚਾਰਾ ਨਿਭਾਉਂਦਿਆਂ ਮੈਂ ਵੀ ਉਸ ਪਰਿਵਾਰ ਦੇ ਮੋਢੀ ਨੂੰ ਮਾਮਾ ਅਤੇ ਉਸਦੇ ਘਰ ਵਾਲੀ ਨੂੰ ਮਾਮੀ ਕਹਿ ਕੇ ਹੀ ਬੁਲਾਇਆ ਕਰਦਾ ਸਾਂ। ਮਾਮੇ ਨਾਨੇ ਨਾਲ 'ਜੀ' ਲਾਉਣ ਦਾ ਰਿਵਾਜ਼ ਪਿੰਡਾਂ ਵਿੱਚ ਘੱਟ ਹੀ ਹੁੰਦਾ ਸੀ।
ਨਾਨਕੇ ਪਿੰਡ ਦੇ ਜਿੰਮੀਦਾਰ ਪਰਿਵਾਰ ਦੇ ਇੱਕ ਆਦਮੀ ਦਾ ਰਿਸ਼ਤਾ ਮੇਰੇ ਪਿਤਾ ਜੀ ਨੇ ਮੇਰੇ ਪਿੰਡ ਕਰਵਾ ਦਿੱਤਾ ਸੀ। ਉਪਰੋਕਤ ਰਿਵਾਇਤ ਮੁਤਾਬਿਕ ਜਿੰਮੀਦਾਰਾਂ ਦੀ ਉਹ ਲੜਕੀ, ਜਿਹੜੀ ਮੇਰੇ ਨਾਨਕੇ ਪਿੰਡ ਵਿਆਹੀ ਗਈ, ਨੂੰ ਮੈਂ ਭੂਆ ਕਿਹਾ ਕਰਦਾ ਅਤੇ ਉਸਦੇ ਘਰ ਵਾਲੇ ਨੂੰ ਮਾਮਾ। ਇਸ ਜਿੰਮੀਦਾਰ ਪਰਿਵਾਰ ਦਾ ਘਰ ਮੇਰੇ ਨਾਨਕੇ ਪਰਿਵਾਰ ਦੇ ਨੇੜੇ ਹੀ ਸੀ ਇਸ ਲਈ ਮੇਰੀ ਉਸ ਨਾਲ ਰੋਜ਼ ਵਾਂਗ ਹੀ ਮੁਲਾਕਾਤ ਹੋ ਜਾਂਦੀ ਸੀ। ਜਦੋਂ ਵੀ ਮੈਂ ਉਸ ਵਿਅਕਤੀ ਨੂੰ ਮਾਮਾ ਕਹਿਣਾ, ਉਸਨੇ ਚਿੜ ਜਾਣਾ ਅਤੇ ਮੈਨੂੰ ਟੋਕਦਿਆਂ ਕਹਿਣਾ ਕਿ ਮੈਂ ਉਸਨੂੰ ਮਾਮਾ ਨਹੀਂ, ਫੁੱਫੜ ਕਹਿ ਕੇ ਬੁਲਾਇਆ ਕਰਾਂ। ਮੇਰੇ ਪੁੱਛਣ ’ਤੇ ਉਸਨੇ ਕਹਿਣਾ ਕਿ ਫਲਾਣੀ ਕੌਰ ਯਾਨੀਕਿ ਉਸਦੇ ਘਰ ਵਾਲੀ ਮੇਰੀ ਕੀ ਲੱਗਦੀ ਹੈ। ਮੈਂ ਨਿਸੰਗ ਹੋਕੇ ਕਹਿਣਾ, “ਭੂਆ।”
“ਫਿਰ ਇਸ ਹਿਸਾਬ ਮੈਂ ਤੇਰਾ ਫੁੱਫੜ ਲੱਗਿਆ ਕਿ ਨਾ?" ਉਸਦਾ ਜਵਾਬ ਹੁੰਦਾ। ਹੁਣ ਮੇਰੀ ਵਾਰੀ ਹੁੰਦੀ, ਵਾਰ ਕਰਨ ਦੀ, “ਮੇਰਾ ਮਾਮਾ ਤੁਹਾਡਾ ਕੀ ਲੱਗਦਾ ਹੈ?
“ਭਾਈ।” ਉਸਨੇ ਝੱਟ ਕਹਿਣਾ। "ਫਿਰ ਉਸ ਹਿਸਾਬ ਤੁਸੀਂ ਵੀ ਮੇਰੇ ਮਾਮਾ ਲੱਗੇ।"
ਹਾਸੇ ਠੱਠੇ ਵਿੱਚ ਕੀਤੀ ਸਾਡੀ ਗੱਲ ਕਿਸੇ ਸਿਰੇ ਨਾ ਲੱਗਦੀ ਅਤੇ ਉਸ ਵਿਅਲਤੀ ਨੂੰ ਖਿਝਾਉਣ ਖਾਤਰ ਮੈਂ ਹਮੇਸ਼ਾ ਕਹਿਣਾ, “ਹੋਰ ਸੁਣਾ, ਮਾਮਾ! ਕੀ ਹਾਲ ਹੈ?"
ਫੁੱਫੜ ਕਮ ਮਾਮੇ ਦੇ ਘਰ ਅੱਗੇ ਸੱਥ ਨੁਮਾ ਧਰਮਸ਼ਾਲਾ ਸੀ। ਪਿੰਡ ਦੇ ਨਿਆਣੇ ਸਿਆਣੇ ਆਪਣਾ ਵਿਹਲਾ ਸਮਾਂ ਉਥੇੱ ਬੈਠ ਕੇ ਗੱਪਾਂ ਮਾਰਦੇ ਜਾਂ ਫਿਰ ਤਾਸ਼ ਖੇਡਦੇ। ਵਿਹਲੇ ਸਮੇਂ ਮੈਂ ਵੀ ਉੱਥੇ ਜਾ ਬੈਠਦਾ। ਇੱਕ ਦਿਨ ਮੇਰਾ ਇਹ ਮਾਮਾ ਵੀ ਸੱਥ ਵਿਚ ਬੈਠਾ ਸੀ ਅਤੇ ਮੈਂ ਉਸਨੂੰ ਸੰਬੋਧਨ ਹੁੰਦਿਆਂ ਫਿਰ ਕਿਹਾ, “ਹੋਰ ਸੁਣਾ, ਮਾਮੇ! ਕੀ ਹਾਲ ਐ?”
“ਮੈਂ ਤੇਰਾ ਫੁੱਫੜ ਆਂ, ਮਾਮਾ ਨਹੀਂ।” ਉਸਦਾ ਵਤੀਰਾ ਉਹੀ ਬਾਹਾਂ, ਉਹੀ ਕੁਹਾੜੀ। ਉਸਦੀ ਸੂਈ ਫੁੱਫੜ ਤੋਂ ਅੱਗੇ ਨਹੀਂ ਸੀ ਸਰਕਦੀ ਅਤੇ ਮੈਂ ਫੁੱਫੜ ਕਹਿਣ ਤੋਂ ਇਨਕਾਰੀ ਸਾਂ। ਸਾਡੀ ਨੋਕ ਝੋਕ ਵਿੱਚ ਸੱਥ ਵਿੱਚ ਬੈਠੇ ਨਿਆਣੇ ਸਿਆਣੇ ਵੀ ਦਿਲਚਸਪੀ ਲੈਣ ਲੱਗੇ। ਮੈਂ ਸਾਰਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ, “ਦੇਖੋ ਜੀ, ਮੈਂ ਇਸ ਗੱਲੋਂ ਮੁਨਕਰ ਨਹੀਂ ਕਿ ਇਹ ਸਾਡੇ ਪਿੰਡ ਨਹੀਂ ਵਿਆਹਿਆ ਹੋਇਆ ਅਤੇ ਇਹ ਵੀ ਝੂਠ ਨਹੀਂ ਕਿ ਇਹ ਮੇਰੇ ਨਾਨਕਿਆਂ ਤੋਂ ਹੈ। ਜਿੱਥੋਂ ਤੱਕ ਮੇਰੇ ਨਾਨਕੇ ਪਿੰਡ ਦਾ ਤੁਅਲਕ ਹੈ, ਇਹ ਮੇਰਾ ਮਾਮਾ ਹੀ ਰਹੇਗਾ ਅਤੇ ਜਦੋਂ ਕਦੇ ਇਹ ਮੇਰੇ ਪਿੰਡ ਯਾਨੀਕਿ ਆਪਦੇ ਸਹੁਰੇ ਪਿੰਡ ਜਾਏਗਾ, ਮੈਂ ਇਸਨੂੰ ਫੁੱਫੜ ਕਹਿ ਦਿਆਂਗਾ। ਹਾਂ! ਦੂਜੀ ਗੱਲ, ਇਸਦੇ ਘਰੋਂ, ਮੇਰੀ ਭੂਆ, ਭੂਆ ਹੀ ਰਹੇਗੀ ਕਿਉਕਿ ਮੇਰੇ ਪਿੰਡ ਦੀ ਧੀ ਨੂੰ ਮੈਂ ਮਾਮੀ ਕਦੇ ਵੀ ਨਹੀਂ ਕਹਾਂਗਾ, ਨਾ ਐਥੇ ਨਾ ਉੱਥੇ।”
ਮੇਰੀ ਗੱਲ ਨਾਲ ਸਹਿਮਤ ਹੁੰਦਿਆਂ ਪਰ੍ਹੇ ਵਿੱਚ ਬੈਠੇ ਸਾਰਿਆਂ ਨੇ ਇੱਕ ਸੁਰ ਹੁੰਦਿਆਂ ਮੇਰੀ ਹਾਂ ਵਿੱਚ ਹਾਂ ਮਿਲਾਈ।
“ਭਾਈ, ਭਾਣਜਾ ਕਹਿੰਦਾ ਤਾਂ ਠੀਕ ਹੈ, ਸੋਲਾਂ ਆਨੇ ਸੱਚ।” ਐਨੀ ਗੱਲ ਦੀ ਦੇਰ ਸੀ ਕਿ ਮੇਰਾ ਫੁੱਫੜ ਨੁਮਾ ਮਾਮਾ ਮੈਨੂੰ ਬੁੱਕਲ ਵਿੱਚ ਲੈਕੇ ਕਹਿਣ ਲੱਗਿਆ, “ਲੈ ਬਈ ਭਾਣਜੇ! ਅੱਜ ਤੂੰ ਜਿੱਤਿਆ ਅਤੇ ਮੈਂ ਹਾਰਿਆ। ਅੱਜ ਤੋਂ ਤੂੰ ਮੇਰਾ ਪੱਕਾ ਭਾਣਜਾ ਅਤੇ ਮੈਂ ਤੇਰਾ ਪੱਕਾ ਮਾਮਾ।" ਰੱਬ ਉਸਦੀ ਲੰਬੀ ਉਮਰ ਕਰੇ! ਇਹ ਅਨੋਖਾ ਰਿਸ਼ਤਾ ਅਸੀਂ ਅੱਜ ਵੀ ਨਿਭਾ ਰਹੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (