“ਜੇਕਰ ਤੁਸੀਂ ਅਜਿਹੇ ਕਿਸੇ ਫਰਾਡ ਦਾ ਨਿਸ਼ਾਨਾ ਬਣ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ...”
(25 ਜਨਵਰੀ 2026)
ਸਾਡੀ ਵਰਤਮਾਨ ਬੈਂਕਿੰਗ ਪ੍ਰਣਾਲੀ ਕਾਫੀ ਮੱਥਾ ਪਚੀ ਤੋਂ ਬਾਅਦ ਹੋਂਦ ਵਿੱਚ ਆਈ ਹੋਵੇਗੀ। ਪ੍ਰੰਤੂ ਪਿਛਲੇ ਕੁਛ ਸਮੇਂ ਤੋਂ ਜਦੋਂ ਤੋਂ ਬੈਂਕ ਖਾਤਿਆਂ ਵਿੱਚ ਫਰਾਡ ਹੋਣ ਲੱਗੇ ਹਨ, ਉਦੋਂ ਤੋਂ ਖਾਤਾਧਾਰਕ ਦੀ ਵਿਸ਼ਵਾਸਯੋਗਤਾ ਨੂੰ ਖੋਰਾ ਜ਼ਰੂਰ ਲੱਗਣ ਲੱਗਿਆ ਹੈ। ਜਿਓਂ ਜਿਓਂ ਬੈਂਕਾਂ ਵਿੱਚ ਜਾਂ ਕਹਿ ਲਓ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਸੂਚਨਾ ਟੈਕਨਾਲੋਜੀ ਦੀ ਵਰਤੋਂ ਵਧੀ ਹੈ ਉਦੋਂ ਤੋਂ ਹੀ ਫਰਾਡ ਕਰਨ ਵਾਲਿਆਂ ਨੇ ਫਰਾਡ ਦੇ ਨਵੇਂ ਨਵੇਂ ਤਰੀਕੇ ਇਜਾਦ ਕਰ ਲਏ ਹਨ। ਜਿਵੇਂ ਅਸੀਂ ਜ਼ਿਆਦਾਤਰ ਬੈਂਕਿੰਗ ਕੰਮਾਂ ਲਈ ਬੈਂਕ ਨਹੀਂ ਜਾਂਦੇ ਉਹ ਕੰਮ ਘਰ ਬੈਠੇ ਹੀ ਡਿਜਿਟਲ ਤਰੀਕੇ ਨਾਲ ਕਰ ਲੈਂਦੇ ਹਾਂ, ਉਸੇ ਤਰ੍ਹਾਂ ਇਹ ਲੋਕ ਵੀ ਫਰਾਡ ਕਰਨ ਵਾਸਤੇ ਬੈਂਕ ਨਹੀਂ ਜਾਂਦੇ ਸਗੋਂ ਤੁਹਾਡੀ ਜੇਬ ਨੂੰ ਬਿਨਾਂ ਹੱਥ ਲਾਇਆਂ ਹੀ ਬਿਨਾਂ ਕੈਂਚੀ ਦੇ ਤੁਹਾਡੀ ਜੇਬ ਕੱਟ ਲੈਂਦੇ ਹਨ। ਜੇਬ ਵੀ ਅਜਿਹੀ ਕੱਟਦੇ ਹਨ ਕਿ ਖਾਤਾਧਾਰਕ ਦੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਮਿੰਟਾਂ ਸਕਿੰਟਾਂ ਵਿੱਚ ਸਾਫ ਕਰ ਦਿੰਦੇ ਹਨ ਅਤੇ ਬੰਦਾ ਹੱਥ ਮਲਦਾ ਰਹਿ ਜਾਂਦਾ ਹੈ। ਆਉ ਦੇਖੀਏ ਕਿ ਇਹ ਲੋਕ ਕਿਹੜੇ ਕਿਹੜੇ ਢੰਗ ਤਰੀਕੇ ਅਪਣਾਉਂਦੇ ਹਨ ਅਤੇ ਆਮ ਵਿਅਕਤੀ ਕਿਵੇਂ ਆਪਣੇ ਆਪ ਨੂੰ ਇਨ੍ਹਾਂ ਦੇ ਚੁੰਗਲ ਤੋਂ ਬਚਾ ਸਕਦਾ ਹੈ।
ਬੈਂਕ ਧੋਖਾਧੜੀ ਵਾਸਤੇ ਇਹ ਠੱਗ ਲੋਕ ਕਈ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਹਨ। ਤਕਨਾਲੋਜੀ ਦੀ ਤਰੱਕੀ ਦੇ ਨਾਲ ਜਿਓਂ ਜਿਓਂ ਇਨ੍ਹਾਂ ਢੰਗ ਤਰੀਕਿਆਂ ਉੱਪਰ ਰੋਕ ਲਾਉਣ ਦੇ ਤਰੀਕੇ ਇਜਾਦ ਕੀਤੇ ਜਾਂਦੇ ਹਨ, ਇਹ ਲੋਕ ਉਸ ਤੋਂ ਵੀ ਅੱਗੇ ਜਾਕੇ ਠੱਗੀ ਮਾਰਨ ਦਾ ਨਵਾਂ ਤਰੀਕਾ ਲੱਭ ਲੈਂਦੇ ਹਨ। ਜੇਕਰ ਆਈ ਕਿਊ ਦੇ ਹਿਸਾਬ ਵਰਗੀਕਰਨ ਕਰਨਾ ਹੋਵੇ ਤਾਂ ਬੈਂਕ ਦਾ ਆਈ ਟੀ ਡਿਪਾਰਟਮੇਂਟ ਦੂਸਰੇ ਨੰਬਰ ’ਤੇ, ਬੈਂਕ ਗਾਹਕ ਤੀਸਰੇ ਨੰਬਰ ’ਤੇ ਅਤੇ ਸਭ ਨੂੰ ਮਾਤ ਦੇਣ ਵਾਲਾ ਨੌਸਰਬਾਜ਼ ਪਹਿਲੇ ਨੰਬਰ ’ਤੇ ਆਉਂਦਾ ਹੈ। ਅੱਜ ਕੱਲ੍ਹ ਬੈਂਕ ਗਾਹਕ ਅਤੇ ਆਮ ਜਨਤਾ ਨੂੰ ਠੱਗਣ ਵਾਸਤੇ ਅਪਣਾਏ ਜਾ ਰਹੇ ਢੰਗ ਤਰੀਕਿਆਂ ਵਿੱਚੋਂ ਸਭ ਤੋਂ ਵੱਧ ਪ੍ਰਚਲਿਤ ਹੈ, “ਡਿਜਿਟਲ ਅਰੈਸਟ”। ਘੁਟਾਲਾ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਏਜੰਸੀ ਜਿਵੇਂ ਕਿ ਸੀ ਬੀ ਆਈ, ਐੱਨ ਆਈ ਏ, ਈ ਡੀ, ਜਾਂ ਇਨਕਮ ਟੈਕਸ ਦਾ ਅਧਿਕਾਰੀ ਦੱਸਦਾ ਹੈ ਅਤੇ ਪੀੜਿਤ ਨੂੰ ਕਿਸੇ ਗੰਭੀਰ ਜੁਰਮ ਜਿਵੇਂ ਕਿ ਨਸ਼ਾ ਤਸਕਰੀ, ਮਨੀ ਲਾਂਡਰਿੰਗ ਜਾਂ ਅੱਤਵਾਦ ਨੂੰ ਵਿੱਤੀ ਸਹਾਇਤਾ ਵਰਗੇ ਜੁਰਮਾਂ ਵਿੱਚ ਲਿਪਤ ਪਾਇਆ ਜਾਣ ਕਰਕੇ ਉਸਨੂੰ ਡਿਜਿਟਲ ਅਰੈਸਟ ਕੀਤੇ ਜਾਣ ਦਾ ਹੁਕਮ ਸੁਣਾਉਂਦਾ ਹੈ। ਕਈ ਵਾਰ ਪੀੜਿਤ ਦੇ ਨਾਮ ’ਤੇ ਗੈਰ ਕਾਨੂੰਨੀ ਵਸਤ ਵਾਲਾ ਕੋਈ ਪਾਰਸਲ ਏਜੰਸੀ ਦੇ ਹੱਥ ਲੱਗਣ ਦਾ ਡਰਾਵਾ ਵੀ ਦਿੱਤਾ ਜਾਂਦਾ ਹੈ। ਅਜਿਹੇ ਹੁਕਮ ਕਰਦਿਆਂ ਕਿਸੇ ਨੂੰ ਨਕਲੀ ਜੱਜ ਬਣਾ ਕੇ ਹੁਕਮ ਸੁਣਾਉਂਦਿਆਂ ਦਿਖਾਇਆ ਜਾਂਦਾ ਹੈ। ਪਿਛੋਕੜ ਵਿੱਚ ਅਸਲੀ ਦਾ ਭੁਲੇਖਾ ਪਾਉਂਦਾ ਏਜੰਸੀ ਦਾ ਨਕਲੀ ਦਫਤਰ ਵੀ ਹੁੰਦਾ ਹੈ। ਸਾਰੇ ਨਕਲੀ ਅਧਿਕਾਰੀ ਚੁਸਤ ਦਰੁਸਤ ਵਰਦੀਧਾਰੀ ਦਿਖਾਏ ਹੁੰਦੇ ਹਨ। ਪੀੜਿਤ ਧਿਰ ਨੂੰ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਿਹਾ ਜਾਂਦਾ ਹੈ, ਜੁਰਮਾਨਾ ਕੀਤਾ ਜਾਂਦਾ ਹੈ ਅਤੇ ਇਹ ਰਕਮ ਕਿਸੇ ਖਾਤੇ ਵਿੱਚ ਤਬਦੀਲ ਕਰਨ ਲਈ ਕਿਹਾ ਜਾਂਦਾ ਹੈ। ਅਜਿਹੀ ਰਕਮ ਕਰੋੜਾਂ ਤਕ ਵੀ ਹੋ ਸਕਦੀ ਹੈ। ਸਾਲ 2024 ਦੌਰਾਨ ਅਜਿਹੇ ਕੋਈ 92323 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਰਾਹੀਂ 2141 ਕਰੋੜ ਦੀ ਠੱਗੀ ਮਾਰੀ ਗਈ। ਸਤੰਬਰ 25 ਦੌਰਾਨ ਮੈਸੂਰ ਦੇ ਬਜ਼ੁਰਗ ਜੋੜੇ ਕੋਲੋਂ ਇਸ ਤਕਨੀਕ ਰਾਹੀਂ 1.92 ਕਰੋੜ ਰੁਪਏ ਲੁੱਟ ਲਏ ਗਏ। ਮਹਾਰਾਸ਼ਟਰ ਪੁਲਿਸ ਨੇ ਹੁਣੇ ਹੁਣੇ ਅਕਤੂਬਰ 2025 ਵਿੱਚ 7 ਬੰਦਿਆਂ ਦਾ ਇੱਕ ਗਰੋਹ ਕਾਬੂ ਕੀਤਾ ਹੈ, ਜਿਨ੍ਹਾਂ ਨੇ 58 ਕਰੋੜ ਰੁਪਏ ਡਿਜਿਟਲ ਅਰੈਸਟ ਰਾਹੀਂ ਲੋਕਾਂ ਤੋਂ ਬਟੋਰੇ ਸਨ। ਇਸੇ ਗਰੋਹ ਕੋਲੋਂ 6500 ਜਾਹਲੀ ਖਾਤੇ ਵੀ ਮਿਲੇ ਹਨ। ਸਤੰਬਰ 25 ਵਿੱਚ ਚੰਡੀਗੜ੍ਹ ਦੀ ਇੱਕ ਮਹਿਲਾ ਨੂੰ ਉਸਦੇ ਨਾਂ ਦਾ ਨਸ਼ੇ ਵਾਲੇ ਪਦਾਰਥ ਦਾ ਪਾਰਸਲ ਮਿਲਣ ਦੀ ਝੂਠੀ ਐੱਫ ਆਈ ਆਰ ਦਾ ਡਰਾਵਾ ਦੇਕੇ 11 ਲੱਖ ਰੁਪਏ ਦੇਣ ਲਈ ਮਜਬੂਰ ਕੀਤਾ। ਇਸੇ ਤਰ੍ਹਾਂ ਸਤੰਬਰ 2025 ਵਿੱਚ ਹੀ ਹੈਦਰਾਬਾਦ ਦੇ ਇੱਕ ਆਰ ਬੀ ਆਈ ਅਧਿਕਾਰੀ ਨੇ ਤੁਰੰਤ ਗ੍ਰਿਫਤਾਰੀ ਤੋਂ ਬਚਣ ਲਈ 49 ਲੱਖ ਰੁਪਏ ਠੱਗਾਂ ਦੁਆਰਾ ਦੱਸੇ ਖਾਤੇ ਵਿੱਚ ਪਾ ਦਿੱਤੇ।
ਡਿਜਿਟਲ ਅਰੈਸਟ ਜ਼ਰੀਏ ਠੱਗੀ ਲਈ ਆਮ ਤੌਰ ’ਤੇ ਪਰਿਵਾਰਾਂ ਤੋਂ ਵੱਖ ਰਹਿ ਰਹੇ ਬਜ਼ੁਰਗਾਂ ਦੀ ਚੋਣ ਕੀਤੀ ਜਾਂਦੀ ਹੈ। 2025 ਵਿੱਚ ਬੰਗਲੌਰ ਵਿਖੇ ਇੱਕ ਤਕਨੀਕੀ ਪੇਸ਼ਾਵਰ ਮਾਹਿਰ ਨੂੰ ਨਕਲੀ ਸੀ ਬੀ ਆਈ ਨੇ ਛੇ ਮਹੀਨੇ ਤਕ ਬੰਦੀ ਬਣਾ ਕੇ 31.5 ਕਰੋੜ ਤਕ ਦੀ ਰਕਮ ਲੁੱਟ ਲਈ ਸੀ। ਗ੍ਰਿਫਤਾਰੀ, ਪਾਸਪੋਰਟ ਰੱਦ ਕਰਨ ਜਾਂ ਫਿਰ ਅਸਾਸਿਆਂ ਨੂੰ ਜਾਮ ਕਰ ਦੇਣ ਦੀ ਧਮਕੀ ਦੇ ਕੇ ਡਰਾਇਆ ਜਾਂਦਾ ਹੈ।
ਮੈਂ ਇੱਥੇ ਦੱਸ ਦੇਣਾ ਚਾਹਾਂਗਾ ਕਿ ਭਾਰਤ ਦਾ ਕੋਈ ਵੀ ਕਾਨੂੰਨ, ਅਦਾਲਤ ਜਾਂ ਫਿਰ ਏਜੰਸੀ ਕਿਸੇ ਵੀਡੀਓ ਐਪ ਜ਼ਰੀਏ ਤਫਤੀਸ਼ ਨਹੀਂ ਕਰਦੀ ਅਤੇ ਨਾ ਹੀ ਕਿਸੇ ਕਾਨੂੰਨ ਵਿੱਚ ਕਿਸੇ ਕਿਸਮ ਦੇ ਡਿਜਿਟਲ ਅਰੈਸਟ ਦਾ ਪ੍ਰਾਵਧਾਨ ਹੈ। ਅਜਿਹਾ ਵਾਪਰਨ ’ਤੇ ਨੇੜਲੇ ਸਾਈਬਰ ਸੁਰੱਖਿਆ ਸੈੱਲ ਨੂੰ ਸੂਚਿਤ ਜ਼ਰੂਰ ਕਰੋ ਅਤੇ ਕੋਈ ਵੀ ਰਕਮ ਕਿਸੇ ਦੇ ਕਿਹਾਂ ਕਿਸੇ ਖਾਤੇ ਵਿੱਚ ਤਬਦੀਲ ਨਾ ਕਰੋ।
ਅੱਜ ਕੱਲ੍ਹ ਆਨਲਾਈਨ ਠੱਗੀ ਦਾ ਦੂਸਰਾ ਪ੍ਰਭਾਵਸ਼ਾਲੀ ਤਰੀਕਾ ਹੈ ਸੈਕਸਟੌਰਸ਼ਨ। ਜਿਵੇਂ ਕਿ ਇਸਦੇ ਨਾਮ ਤੋਂ ਹੀ ਪਤਾ ਚਲਦਾ ਹੈ, ਪੇਸ਼ਾਵਰ ਅਪਰਾਧੀ ਸੈਕਸ ਨੂੰ ਲੋਕਾਂ ਕੋਲੋਂ ਪੈਸੇ ਠੱਗਣ ਦਾ ਜ਼ਰੀਆ ਬਣਾਉਂਦੇ ਹਨ। ਸੰਗਠਤ ਗਰੋਹ ਗਰੀਬ ਘਰਾਂ ਦੀਆਂ ਅੱਤ ਸੁਨੱਖੀਆਂ ਲੜਕੀਆਂ ਨੂੰ ਇਸ ਧੰਦੇ ਵਿੱਚ ਧਕੇਲਦੇ ਹਨ ਅਤੇ ਨਿਸ਼ਾਨੇ ਉੱਤੇ ਹੁੰਦੇ ਹਨ ਨਵੇਂ ਨਵੇਂ ਜਵਾਨੀ ਵਿੱਚ ਪੈਰ ਧਰਦੇ ਗੱਭਰੂ ਅਤੇ ਅਧਖੜ ਉਮਰ ਦੇ ਠਰਕੀ ਲੋਕ। ਫੇਕ ਪ੍ਰੋਫਾਈਲ ਜ਼ਰੀਏ ਇਹ ਲੜਕੀਆਂ ਵੈਸੇ ਤਾਂ ਸਾਰੇ ਹੀ ਪਲੇਟਫਾਰਮ ਇਸਤੇਮਾਲ ਕਰਦੀਆਂ ਹਨ ਪ੍ਰੰਤੂ ਜ਼ਿਆਦਾਤਰ ਇੰਸਟਾਗ੍ਰਾਮ ਅਤੇ ਸਨੈਪ ਚੈਟ ਨੂੰ ਸ਼ੁਰੂਆਤੀ ਸਬੰਧ ਬਣਾਉਣ ਲਈ ਵਰਤਿਆ ਜਾਂਦਾ ਹੈ। ਡੇਟਿੰਗ ਐਪਸ ਜਿਵੇਂ ਕਿ ਟਿੰਦਰ, ਬੰਬਲ, ਗਰਾਈਂਡਰ, ਅਤੇ ਹਿੰਗ ਜਿਹੇ ਪਲੇਟਫਾਰਮ ਵੀ ਆਨਲਾਈਨ ਦੋਸਤੀ ਲਈ ਵਰਤੇ ਜਾਂਦੇ ਹਨ। ਛੇਤੀ ਹੀ ਇਹ ਲੜਕੀਆਂ ਸੈਕਸੀ ਬਾਤਚੀਤ ’ਤੇ ਉੱਤਰ ਆਉਂਦੀਆਂ ਹਨ ਅਤੇ (ਕੁਛ ਕੁ ਸ਼ਬਦਾਂ ਦੀ ਜ਼ਿਆਦਾ ਖੁੱਲ੍ਹ ਕੇ ਵਰਤੋਂ ਲਈ ਮੁਆਫੀ ਚਾਹਾਂਗਾ) ਇਹ ਔਰਤਾਂ ਸਾਹਮਣੇ ਵਾਲੇ ਨੂੰ ਨਿਰਵਸਤਰ ਹੋਣ ਲਈ ਉਕਸਾਉਣ ਵਾਸਤੇ ਆਪ ਅਲਫ ਨੰਗੀਆਂ ਹੋ ਜਾਂਦੀਆਂ ਹਨ। ਜਿਓਂ ਹੀ ਸ਼ਿਕਾਰ ਅਤੀ ਉਤਸ਼ਾਹਿਤ ਹੋਕੇ ਉਹਨਾਂ ਦੇ ਚੁੰਗਲ ਵਿੱਚ ਫਸ ਜਾਂਦਾ ਹੈ, ਫਿਰ ਸ਼ੁਰੂ ਹੁੰਦਾ ਹੈ ਅਸਲੀ ਖੇਲ। ਨੰਗੇ ਬੰਦੇ ਦੀਆਂ ਸਕਰੀਨ ਸ਼ਾਟਸ ਰਾਹੀਂ ਤਸਵੀਰਾਂ ਲੈਕੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕੀਤਾ ਜਾਂਦਾ ਹੈ। ਉਸਨੂੰ ਡਰਾਵਾ ਦਿੱਤਾ ਜਾਂਦਾ ਹੈ ਕਿ ਉਸਦੀਆਂ ਇਹ ਤਸਵੀਰਾਂ ਉਸਦੇ ਸਕੇ ਸੰਬੰਧੀਆਂ, ਮਿੱਤਰਾਂ ਦੋਸਤਾਂ ਵਿੱਚ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ। ਮਰਦਾ ਕੀ ਨਹੀਂ ਕਰਦਾ? ਕਸੂਤਾ ਫਸਿਆ ਆਦਮੀ ਉਹਨਾਂ ਦੇ ਹੁਕਮ ਮੁਤਾਬਿਕ ਚਲਦਾ ਹੈ ਅਤੇ ਪੈਸੇ ਦੱਸੇ ਗਏ ਖਾਤਿਆਂ ਵਿੱਚ ਉੰਨਾ ਚਿਰ ਪਾਉਂਦਾ ਰਹਿੰਦਾ ਹੈ, ਜਿੰਨਾ ਚਿਰ ਨੰਗ ਨਹੀਂ ਹੋ ਜਾਂਦਾ। ਨਾਂਹ ਨੁੱਕਰ ਕਰਨ ’ਤੇ ਨਕਲੀ ਪੁਲਿਸ ਦਾ ਵੀ ਕੇਸ ਵਿੱਚ ਦਾਖਲਾ ਹੁੰਦਾ ਹੈ ਅਤੇ ਸ਼ਿਕਾਰ ਨੂੰ ਨਿਚੋੜ ਕੇ ਹੀ ਛੱਡਿਆ ਜਾਂਦਾ ਹੈ। ਕਿਉਂਕਿ ਬਦਨਾਮੀ ਹੋਣ ਦੇ ਡਰੋਂ ਅਜਿਹੇ ਕੇਸ ਘੱਟ ਰਿਪੋਰਟ ਕੀਤੇ ਜਾਂਦੇ ਹਨ, ਇਸ ਲਈ ਸੈਕਸਟੌਰਸ਼ਨ ਅਪਰਾਧ ਦੇ ਸਹੀ ਸਹੀ ਅੰਕੜੇ ਉਪਲਬਧ ਨਹੀਂ ਹਨ। ਟਿੱਪ ਲਾਈਨ ਦੀ ਇੱਕ ਰਿਪੋਰਟ ਅਨੁਸਾਰ 2021 ਵਿੱਚ ਜੋ ਕੇਸ ਸਿਰਫ 139 ਸਨ, 2022 ਵਿੱਚ 10731 ਹੋ ਗਏ ਅਤੇ 2023 ਵਿੱਚ 26718।. 2021-22 ਦੇ ਸਮੇਂ ਦਰਮਿਆਨ ਅਜਿਹੇ ਕੇਸਾਂ ਵਿੱਚ 7200% ਦਾ ਵਾਧਾ ਦਰਜ ਕੀਤਾ ਗਿਆ ਹੈ। 13 ਤੋਂ 17 ਸਾਲ ਦੀ ਉਮਰ ਦੇ ਲੜਕੇ ਇਨ੍ਹਾਂ ਦੇ ਨਿਸ਼ਾਨੇ ’ਤੇ ਰਹਿੰਦੇ ਹਨ। ਪੈਸਾ, ਕ੍ਰਿਪਟੋ ਕਰੰਸੀ, ਗਿਫਟ ਕਾਰਡ ਵਗੈਰਾ ਦੀ ਮੰਗ ਆਮ ਤੌਰ ’ਤੇ ਇਨ੍ਹਾਂ ਵੱਲੋਂ ਰੱਖੀ ਜਾਂਦੀ ਹੈ। ਖੁਦ ਨੂੰ ਸਿਆਣੇ ਸਮਝਦੇ ਤਥਾਕਥਿਤ ਭੱਦਰਪੁਰਸ਼ਾਂ ਨੂੰ ਸਮਝਾਉਂਦੇ ਤਾਂ ਸੋਭਾ ਨਹੀਂ ਦਿੰਦੇ ਪ੍ਰੰਤੂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮੁੱਛ ਫੁੱਟ ਗੱਭਰੂਆਂ ਨੂੰ ਗੈਰ ਸਮਾਜਿਕ ਸਾਈਟਾਂ ਤੋਂ ਦੂਰ ਰਹਿਣ ਲਈ ਕੈਂਪ ਲਾਏ ਜਾਣ।
ਜਾਅਲਸਾਜ਼ਾਂ ਦੁਆਰਾ ਠੱਗੀ ਮਾਰਨ ਦਾ ਇੱਕ ਹੋਰ ਤਰੀਕਾ ਜਿਹੜਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ, ਉਹ ਹੈ ਕਿ ਸਾਹਮਣੇ ਵਾਲਾ ਵਟਸਐਪ ਕਾਲ ਜ਼ਰੀਏ ਤੁਹਾਡੇ ਕਿਸੇ ਰਿਸ਼ਤੇਦਾਰ ਨਾਲ ਦੁਰਘਟਨਾ ਹੋ ਜਾਣ ਦੀ ਸੂਚਨਾ ਦਿੰਦਾ ਹੈ ਅਤੇ ਦੱਸਦਾ ਹੈ ਕਿ ਤੁਹਾਡਾ ਰਿਸ਼ਤੇਦਾਰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਅਤੇ ਬੇਹੋਸ਼ ਹੈ। ਉਹ ਅੱਗਿਓਂ ਦੱਸਦਾ ਹੈ ਕਿ ਤੁਹਾਡਾ ਨੰਬਰ ਉਸਨੂੰ ਜ਼ਖਮੀ ਬੰਦੇ ਦੇ ਮੋਬਾਇਲ ਵਿੱਚੋਂ ਲੱਭਿਆ ਹੈ ਅਤੇ ਤੁਹਾਨੂੰ ਕਿਸੇ ਖਾਸ ਖਾਤੇ ਵਿੱਚ ਪੈਸੇ ਪਾਕੇ ਰਿਸ਼ਤੇਦਾਰ ਦੀ ਸਹਾਇਤਾ ਲਈ ਬੇਨਤੀ ਕੀਤੀ ਜਾਂਦੀ ਹੈ। ਕਈ ਵਾਰ ਅਸੀਂ ਫੋਨ ਸੁਣ ਕੇ ਭਾਵਨਾਵਾਂ ਵਿੱਚ ਵਹਿੰਦਿਆਂ ਕੁਛ ਰਕਮ ਦੱਸੇ ਗਏ ਖਾਤੇ ਵਿੱਚ ਤਬਦੀਲ ਕਰ ਦਿੰਦੇ ਹਾਂ ਅਤੇ ਸਮਝੋ ਤੁਸੀਂ ਠੱਗ ਦੇ ਝਾਂਸੇ ਵਿੱਚ ਆ ਗਏ ਅਤੇ ਝੁੱਗਾ ਚੌੜ ਕਰਵਾ ਬੈਠੇ। ਅਜਿਹੀ ਕਿਸੇ ਵੀ ਕਾਲ ’ਤੇ ਕਾਰਵਾਈ ਕਰਨ ਤੋਂ ਪਹਿਲਾਂ ਆਪਣੇ ਕਿਸੇ ਨੇੜਲੇ ਤੋਂ ਹਕੀਕਤ ਦੀ ਪੁਸ਼ਟੀ ਜ਼ਰੂਰ ਕਰ ਲਵੋ।
ਉਪਰੋਕਤ ਵਰਗਾ ਹੀ ਹੈ ਠੱਗੀ ਮਾਰਨ ਦਾ ਇੱਕ ਹੋਰ ਤਰੀਕਾ, ਜਾਅਲੀ ਫਰੈਂਡ ਰੁਕਐਸਟ ਭੇਜ ਕੇ ਅਤੇ ਐਮਰਜੈਂਸੀ ਦਾ ਹਵਾਲਾ ਦੇਕੇ ਪੈਸੇ ਐਂਠ ਲਏ ਜਾਂਦੇ ਹਨ। ਜੇਕਰ ਅਜਿਹੀ ਬੇਨਤੀ ਪਹਿਲਾਂ ਤੋਂ ਹੀ ਕਿਸੇ ਮਿੱਤਰ ਵੱਲੋਂ ਆਉਂਦੀ ਹੈ ਤਾਂ ਸਮਝ ਲਉ ਕਿ ਇਹ ਫਰਾਡ ਕਰਨ ਵਾਲੀ ਪਾਰਟੀ ਨੇ ਤੁਹਾਡੇ ਮਿੱਤਰ ਦੀ ਆਈ ਡੀ ਕਲੋਨ ਕਰਕੇ ਬੇਨਤੀ ਭੇਜੀ ਹੈ।
ਬਹੁਤ ਸਾਰੇ ਹੋਰ ਤਰੀਕੇ ਜਿਹੜੇ ਫਰਾਡ ਕਰਨ ਵਾਲਿਆਂ ਰਾਹੀਂ ਤੁਹਾਡਾ ਬੈਂਕ ਵਿਚਲਾ ਖਾਤਾ ਖਾਲੀ ਕਾਰਨ ਲਈ ਅਪਣਾਏ ਜਾਂਦੇ ਹਨ, ਉਹਨਾਂ ਵਿੱਚੋਂ ਇੱਕ ਹੁੰਦਾ ਹੈ ਤੁਹਾਨੂੰ ਕਿਸੇ ਅਣਜਾਣ ਸਾਈਟ ਜਾਂ ਲਿੰਕ ਖੋਲ੍ਹਣ ਲਈ ਉਕਸਾਉਣਾ। ਕਦੇ ਵੀ ਕਿਸੇ ਦੇ, ਜਾਣ ਪਛਾਣ ਵਾਲੇ ਦੇ ਵੀ ਝਾਂਸੇ ਵਿੱਚ ਆਕੇ ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ। ਤੁਹਾਨੂੰ ਤੁਹਾਡੇ ਪੈਸੇ ਦੁੱਗਣੇ ਕਰਨ ਦਾ ਜਾਂ ਤੁਹਾਡੀ ਨਿੱਕਲੀ ਲਾਟਰੀ ਦਾ ਲਾਲਚ ਛੇਤੀ ਅਮੀਰ ਹੋਣ ਵੱਲ ਆਕਰਸ਼ਤ ਤਾਂ ਕਰ ਸਕਦਾ ਹੈ ਪ੍ਰੰਤੂ ਤੁਹਾਨੂੰ ਇਹ ਸੋਚਣ ਲਈ ਮਜਬੂਰ ਨਹੀਂ ਕਰਦਾ ਕਿ ਜਦੋਂ ਤੁਸੀਂ ਕੋਈ ਲਾਟਰੀ ਪਾਈ ਹੀ ਨਹੀਂ ਤਾਂ ਲਾਟਰੀ ਨਿੱਕਲੇਗੀ ਕਿਵੇਂ? ਸੋ ਸ਼ਾਤਰ ਲੋਕਾਂ ਦੀਆਂ ਅਜਿਹੀਆਂ ਚਾਲਾਂ ਤੋਂ ਬਚੋ। ਕਦੇ ਤੁਹਾਨੂੰ ਫੋਨ ਆਵੇ ਕਿ ਤੁਹਾਡੇ ਖਾਤੇ ਵਿੱਚ ਗਲਤੀ ਨਾਲ ਪੈਸੇ ਪਾ ਦਿੱਤੇ ਗਏ ਹਨ ਅਤੇ ਤੁਹਾਨੂੰ ਇਹ ਪੈਸੇ ਵਾਪਸ ਕਰਨ ਦੀ ਬੇਨਤੀ ਕੀਤੀ ਜਾਵੇ ਤਾਂ ਕਦੇ ਭੁੱਲ ਕੇ ਵੀ ਅਜਿਹੇ ਪੈਸੇ ਵਾਪਸ ਨਾ ਕਰੋ। ਸਾਰੇ ਹੀ ਪੈਨਸ਼ਨਰਾਂ ਨੇ ਸਾਲ ਵਿੱਚ ਇੱਕ ਵਾਰ ਲਾਈਫ ਸਰਟੀਫਿਕੇਟ ਦੇਣਾ ਹੁੰਦਾ ਹੈ। ਕਿਸੇ ਵੀ ਨਕਲੀ ਅਧਿਕਾਰੀ ਦੇ ਪਿੱਛੇ ਲੱਗ ਕੇ ਕੋਈ ਵੀ ਐਪ ਡਾਊਨਲੋਡ ਨਾ ਕਰੋ। ਹੋ ਸਕੇ ਤਾਂ ਬੈਂਕ ਵਿੱਚ ਜਾਕੇ ਹੀ ਲਾਈਫ ਸਰਟੀਫਿਕੇਟ ਦੇਵੋ। ਜਿਹੜੇ ਲੋਕ ਬੈਂਕਿੰਗ ਐਪ ਜਾਂ ਕਿਸੇ ਵੀ ਹੋਰ ਪੇਮੈਂਟ ਐਪ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਅਸਮਰੱਥ ਹਨ, ਐਪ ਦੀ ਵਰਤੋਂ ਹੀ ਨਾ ਕਰੋ। ਬੈਂਕਾਂ ਨੂੰ ਚਾਹੀਦਾ ਹੈ ਕਿ ਆਨਲਾਈਨ ਕਰਜ਼ ਦੀ ਸਹੂਲਤ ਖਾਤਾ ਧਾਰਕ ਦੀ ਲਿਖਤੀ ਪੁਸ਼ਟੀ ਲੈਣ ਤੋਂ ਬਾਅਦ ਹੀ ਰਿਲੀਜ਼ ਕੀਤੀ ਜਾਵੇ। ਇਸ ਤਰ੍ਹਾਂ ਖਾਤੇਦਾਰ ਦੀ ਐੱਫ ਡੀ ਉੱਪਰ ਕੋਈ ਠੱਗ ਕਰਜ਼ ਨਹੀਂ ਲੈ ਸਕੇਗਾ। ਫੋਨ ਹੈਕ ਕਰਕੇ ਮਾਰੀ ਗਈ ਠੱਗੀ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਅਤੇ ਬੈਂਕ ਦੀ ਹੋਣੀ ਚਾਹੀਦੀ ਹੈ।
ਆਪਣਾ ਪਿੰਨ, ਓ ਟੀ ਪੀ, ਅਧਾਰ ਨੰਬਰ, ਪੈੱਨ ਨੰਬਰ ਅਤੇ ਖਾਤੇ ਸਬੰਧੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ। ਕਿਸੇ ਕਿਸਮ ਦੇ ਦਬਾਅ ਹੇਠ ਆਕੇ ਕਿਸੇ ਖਾਤੇ ਵਿੱਚ ਪੈਸੇ ਕਦੇ ਨਾ ਪਾਓ। ਅੱਜ ਕੱਲ੍ਹ ਕਿਸੇ ਅਣਜਾਣ ਦਾ ਖਾਤਾ ਖਾਤਾਧਾਰਕ ਨੂੰ ਲਾਲਚ ਦੇਕੇ ਵਰਤਿਆ ਜਾਣ ਲੱਗ ਪਿਆ ਹੈ।
ਜੇਕਰ ਤੁਸੀਂ ਅਜਿਹੇ ਕਿਸੇ ਫਰਾਡ ਦਾ ਨਿਸ਼ਾਨਾ ਬਣ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਸ਼ੱਕੀ ਖਾਤੇ ਨੂੰ ਬਲਾਕ ਕਰੋ। ਤੁਹਾਡੀ ਜਾਅਲੀ ਆਈ ਡੀ ਬਣ ਜਾਣ ਦੀ ਸੂਰਤ ਵਿੱਚ ਸੋਸ਼ਲ ਮੀਡੀਆ ਜ਼ਰੀਏ ਆਪਣੇ ਦੋਸਤਾਂ-ਮਿੱਤਰਾਂ ਅਤੇ ਜਾਣੂਆਂ ਨੂੰ ਆਗਾਹ ਕਰੋ। ਫਰਾਡ ਹੋ ਜਾਣ ਦੀ ਸੂਰਤ ਵਿੱਚ ਜਿੰਨਾ ਜਲਦੀ ਹੋ ਸਕੇ, ਆਪਣੇ ਨੇੜਲੇ ਸਥਾਨਕ ਪੁਲਿਸ ਸਟੇਸ਼ਨ ਨੂੰ ਅਤੇ ਬੈਂਕ ਨੂੰ ਸੂਚਿਤ ਜ਼ਰੂਰ ਕਰੋ। ਫਰਾਡ ਹੋਣ ਤੋਂ ਦੋ ਘੰਟੇ ਬਾਅਦ ਤਕ ਦਾ ਸਮਾਂ ਬੜਾ ਕੀਮਤੀ ਹੁੰਦਾ ਹੈ।
ਕਿਸੇ ਵੀ ਗਲਤ ਸਰੋਤ ਤੋਂ ਆਏ ਮੈਸੇਜ ਵਗੈਰਾ ਜਾਂ ਸਨੈਪਚੈਟ ਦਾ ਸਕਰੀਨ ਸਾਟ ਜ਼ਰੂਰ ਲੈ ਲਵੋ।
ਸਰਕਾਰਾਂ ਅਤੇ ਬੈਂਕਾਂ ਨੂੰ ਚਾਹੀਦਾ ਹੈ ਕਿ ਉਹ ਜਮ੍ਹਾਂ ਕਰਤਾ ਦੇ ਹਿਤਾਂ ਦੇ ਰਖਵਾਲੇ ਵਜੋਂ ਪੇਸ਼ ਆਉਣ। ਜਾਅਲੀ ਸਾਈਟਾਂ ਅਤੇ ਐਪਸ ਉੱਪਰ ਸ਼ਿਕੰਜਾ ਸਖ਼ਤ ਕੀਤਾ ਜਾਵੇ। ਆਈ ਟੀ ਮਾਹਰਾਂ ਨੂੰ ਠੱਗਾਂ ਵੱਲੋਂ ਇਜਾਦ ਕੀਤੇ ਨਵੇਂ ਨਵੇਂ ਢੰਗ ਤਰੀਕਿਆਂ ਦਾ ਤੋੜ ਲੱਭਣਾ ਚਾਹੀਦਾ ਹੈ। ਬੈਂਕਿੰਗ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ, ਬੈਂਕਾਂ ਅਤੇ ਇਨ੍ਹਾਂ ਦੇ ਆਈ ਟੀ ਵਿੰਗ ਲੋਕਾਂ ਨੂੰ ਜਾਗਰੂਕ ਕਰਨ ਲਈ ਗਲੀਆਂ ਮੁਹੱਲਿਆਂ ਵਿੱਚ ਅਤੇ ਪਿੰਡ ਪਿੰਡ ਕੈਂਪ ਲਾਉਣ।
ਕੁਛ ਕੁ ਨੁਕਤੇ ਹੋਰ:
1.
ਬਲੈਕ ਮੇਲ ਹੋਈਏ ਨਾ, ਪਛਤਾਈਏ ਨਾ, ਰੋਈਏ ਨਾ।
2 .
ਸਾਵਧਾਨੀ ਹਟੀ, ਦੁਰਘਟਨਾ ਘਟੀ।
3.
Don’t obey, Never pay.
4.
ਕਾਹਲ ਕਦੇ ਕਰੋ ਨਾ।
ਅਨਜਾਣ ਸਾਈਟ ’ਤੇ ਉਂਗਲ ਕਦੇ ਧਰੋ ਨਾ।
5.
ਬਿਨਾਂ ਪਾਏ ਨਿੱਕਲੀ ਲਾਟਰੀ,
ਫੇਰ ਜਾਂਦੀ ਹੈ ਜੜ੍ਹਾਂ ਵਿੱਚ ਦਾਤਰੀ।
6.
ਛੇਤੀ ਅਮੀਰ ਹੋਣ ਦੀ ਲਾਲਸਾ ਜੇ ਪਾਲੀ ਹੈ,
ਸਮਝੋ ਛੇਤੀ ਹੀ ਖਾਤਾ ਖਾਲੀ ਹੈ।
ਬੱਚਿਆਂ ਨੂੰ ਭਟਕਣ ਤੋਂ ਰੋਕਣ ਲਈ ਅਸੀਂ ਕਿੰਨੇ ਉਪਾਓ ਕਰਦੇ ਹਾਂ, ਇੱਕ ਉਪਾਓ ਸੱਜੇ ਹੱਥ ਦੀ ਪਹਿਲੀ ਉਂਗਲ ਨੂੰ ਭਟਕਣ ਤੋਂ ਰੋਕਣ ਲਈ ਵੀ ਕਰੋ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































