“ਦੁਕਾਨਾਂ, ਜਾਂ ਸ਼ਹਿਰ ਦੀਆਂ ਗਲੀਆਂ ਦੇ ਮੋੜਾਂ ਉੱਪਰ ਲੱਗੇ ਸਾਈਨ ਬੋਰਡਾਂ ਵਿੱਚ ਪੰਜਾਬੀ ...”
(23 ਫਰਵਰੀ 2026)
ਕੋਈ ਸਮਾਂ ਸੀ ਜਦੋਂ ਪਹਿਲੀ ਜਮਾਤ ਤੋਂ ਹੀ ਮਾਸਟਰ ਬੱਚਿਆਂ ਨੂੰ ਪੈਂਤੀ ਅੱਖਰੀ ਸਿਖਾਉਣ ਤੋਂ ਬਾਅਦ ਲਗਾਂ ਮਾਤਰਾਂ ਦੀ ਪੜ੍ਹਾਈ ਸ਼ੁਰੂ ਕਰਵਾ ਦਿੰਦੇ ਸਨ ਅਤੇ ਨਾਲ ਹੀ ਉਨ੍ਹਾਂ ਨੂੰ ਮੁਹਾਰਨੀ ਵਿੱਚ ਵੀ ਨਿਪੁੰਨ ਕਰ ਦਿੰਦੇ ਸਨ। ਇਸ ਢੰਗ ਨਾਲ ਵਿਦਿਆਰਥੀ ਸ਼ੁੱਧ ਪੰਜਾਬੀ ਤਾਂ ਬੋਲਦੇ ਹੀ ਬੋਲਦੇ ਸਨ ਨਾਲ ਆਪਣੇ ਆਪਣੇ ਧਾਰਮਿਕ ਗ੍ਰੰਥ ਨੂੰ ਵੀ ਸ਼ੁੱਧ ਪੜ੍ਹ ਲੈਂਦੇ ਸਨ। ਹੁਣ ਅੱਜ ਦੇ ਸਮੇਂ ਵਿੱਚ ਬਹੁਤੇ ਸਕੂਲਾਂ ਵਿੱਚ ਤਾਂ ਪੰਜਾਬੀ ਪੜ੍ਹਾਈ ਹੀ ਨਹੀਂ ਜਾਂਦੀ, ਜਿਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ, ਉੱਥੇ ਵੀ ਪੰਜਵੀਂ ਜਮਾਤ ਤੋਂ ਬਾਅਦ ਵਿੱਚ ਸ਼ੁਰੂ ਕੀਤੀ ਜਾਂਦੀ ਹੈ। ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਤਾਂ ਭਾਵੇਂ ਬਹੁਤ ਵਧੀਆ ਬਣ ਗਈਆ ਹਨ ਪਰ ਵਿਦਿਆਰਥੀਆਂ ਦੀ ਗਿਣਤੀ ਨਾ ਮਾਤਰ ਹੁੰਦੀ ਹੈ। ਪਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਤੋਂ ਸਰਕਾਰ ਪੜ੍ਹਾਈ ਤੋਂ ਇਲਾਵਾ ਹੋਰ ਕੰਮ ਲਏ ਜਾਣ ਕਰਕੇ ਅਧਿਆਪਕਾਂ ਵੱਲੋਂ ਵੀ ਬੱਚਿਆਂ ਨਾਲ ਜਮਾਤਾਂ ਨੂੰ ਸਮਾਂ ਘੱਟ ਦਿੱਤਾ ਜਾਂਦਾ ਹੈ ਅਤੇ ਇੱਕ ਕਲਾਸ ਮਨੀਟਰ ਉੱਤੇ ਹੀ ਕਲਾਸ ਛੱਡ ਦਿੱਤੀ ਜਾਂਦੀ ਹੈ ਜਿਸ ਕਾਰਨ ਬੱਚੇ ਸ਼ੁੱਧ ਪੰਜਾਬੀ ਉਚਾਰਣ ਵਿੱਚ ਕਮਜ਼ੋਰ ਰਹਿ ਜਾਂਦੇ ਹਨ।
ਪਹਿਲਾਂ ਛੋਟੀਆਂ ਕਲਾਸਾਂ ਵਿੱਚ ਛੁੱਟੀ ਲਈ ਅਰਜ਼ੀ ਲਿਖਣ ਨਾਲ ਵੀ ਬੱਚਿਆਂ ਨੂੰ ਸ਼ੁੱਧ ਪੰਜਾਬੀ ਲਿਖਣ ਵਿੱਚ ਸਹਾਇਤਾ ਮਿਲਦੀ ਸੀ ਜੋ ਕਿ ਅਧਿਆਪਕ ਅਰਜ਼ੀ ਲਿਖਣ ਵਾਲੇ ਵੱਲੋਂ ਹੋਈਆਂ ਗਲਤੀਆਂ ਨੂੰ ਅਧਿਆਪਕ ਠੀਕ ਕਰ ਦਿੰਦੇ ਅਤੇ ਅਗਲੀ ਵਾਰ ਬੱਚੇ ਉਹ ਗ਼ਲਤੀ ਨਾ ਦੁਹਰਾਉਂਦੇ। ਮੌਜੂਦਾ ਸਮੇਂ ਵਿੱਚ ਵਿਦਿਆਰਥੀਆਂ ਨੇ ਏ.ਆਈ. ਦੇ ਹੀ ਆਸਰੇ ਸਭ ਕੁਝ ਛੱਡ ਦਿੱਤਾ ਹੈ ਜਿਸ ਨਾਲ ਬੋਲ ਕੇ ਲਿਖਣ ਨਾਲ ਬਹੁਤ ਸਾਰੇ ਸ਼ਬਦਾਂਦਾ ਬੋਲ ਚਾਲ ਹੀ ਵਿਗਾੜ ਦਿੱਤਾ ਗਿਆ ਹੈ। ਹਾਈਵੇਅ ਅਤੇ ਲਿੰਕ ਰੋਡ ਸੜਕਾਂ ’ਤੇ ਲੱਗੇ ਸਾਈਨ ਬੋਰਡਾਂ ਵਿੱਚ ਅਸ਼ੁੱਧ ਲਿਖੀ ਪੰਜਾਬੀ ਵੀ ਅੰਗਰੇਜ਼ੀ ਬੋਲ ਕੇ ਬਣਾਈ ਪੰਜਾਬੀ ਦਾ ਹੀ ਨਤੀਜਾ ਹੈ ਜੋ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਗ਼ਲਤ ਨਾਮ ਲਿਖੇ ਹੋਏ ਹਨ।
ਅੱਜਕੱਲ੍ਹ ਫੋਨ ਉੱਪਰ ਪੈਣ ਵਾਲੀਆਂ ਪੋਸਟਾਂ ਅਤੇ ਇੱਕ ਦੂਜੇ ਨੂੰ ਭੇਜਣ ਵਾਲੇ ਸੁਨੇਹੇ ਵੀ ਏ.ਆਈ. ਤਕਨੀਕ ਦੀ ਵਰਤੋਂ ਕਰਕੇ ਹੀ ਭੇਜੇ ਜਾਂਦੇ ਹਨ ਜਿਨ੍ਹਾਂ ਵਿੱਚ ਅਸ਼ੁੱਧ ਪੰਜਾਬੀ ਸ਼ਬਦਾਂ ਦੀ ਭਰਮਾਰ ਹੁੰਦੀ ਹੈ। ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਅਸੀਂ ਅਤੇ ਸਾਡੇ ਬੱਚੇ ਵੀ ਘਰਾਂ ਵਿੱਚ ਉਹੀ ਸ਼ਬਦਾਂ ਦੀ ਵਿਗੜੀ ਹੋਈ ਬੋਲੀ ਬੋਲਣ ਲੱਗ ਪਏ ਹਾਂ। ਅੱਜਕੱਲ੍ਹ ਤਾਂ ਫੋਨ ਦੀ ਸਕਰੀਨ ’ਤੇ ਮਿਲਣ ਵਾਲੀਆਂ ਫੋਟੋਆਂ ਵੀ ਅਸਲੀ ਨਹੀਂ ਰਹਿ ਗਈਆ। ਏ.ਆਈ. ਤਕਨੀਕ ਨਾਲ ਬਣਾ ਕੇ ਲਾਈਆਂ ਫੋਟੋਆਂ ਨੇ ਅਸਲੀ ਚਿਹਰੇ ਪਛਾਣਨ ਵਿੱਚ ਮੁਸ਼ਕਲ ਪੈਦਾ ਕੀਤੀ ਹੋਈ ਹੈ। ਪੰਜਾਬੀ ਦੇ ਕੁਝ ਕੁ ਆਨਲਾਈਨ ਮੈਗ਼ਜ਼ੀਨ ਵੀ ਪੰਜਾਬੀ ਦੁਰਦਸ਼ਾ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਏ. ਆਈ. ਸਹਾਰੇ ਕੁਝ ਲਿਖਣ ਪਿੱਛੋਂ ਜਿਵੇਂ ਦਾ ਲਿਖਿਆ ਗਿਆ, ਲਿਖ ਕੇ ਭੇਜ ਦਿੰਦੇ ਹਨ। ਮੈਗਜ਼ੀਨਾਂ ਦੇ ਸੰਪਾਦਕ ਬਿਨ੍ਹਾਂ ਪੜ੍ਹੇ ਅਤੇ ਬਿਨ੍ਹਾਂ ਸੋਧ ਕੀਤੇ ਸਭ ਕੁਝ ਛਾਪ ਦਿੰਦੇ ਹਨ। ਇਸ ਵਰਤਾਰੇ ਵੱਲ ਵੀ ਪੰਜਾਬੀ ਭਾਸ਼ਾ ਵਿਭਾਗ ਨੂੰ ਵੀ ਧਿਆਨ ਦੇਣਾ ਬਣਦਾ ਹੈ ਤਾਂ ਜੋ ਪੰਜਾਬੀ ਭਾਸ਼ਾ ਦੀ ਹੁੰਦੀ ਇਸ ਦੁਰਦਸ਼ਾ ਨੂੰ ਰੋਕਿਆ ਜਾਵੇ ਪਰ ਅਫ਼ਸੋਸ ਕੋਈ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ।
ਪੰਜਾਬ ਸਰਕਾਰ ਵੱਲੋਂ ਵੀ ਪੰਜਾਬੀ ਮਾਂ ਬੋਲੀ ਨੂੰ ਪਹਿਲਾ ਦਰਜਾ ਦੇਣ ਵਾਲੇ ਬਿਆਨ ਅੱਜ ਤੱਕ ਹਵਾ ਵਿੱਚ ਹੀ ਲਟਕਦੇਆ ਰਹੇ ਹਨ। ਦੁਕਾਨਾਂ, ਜਾਂ ਸ਼ਹਿਰ ਦੀਆਂ ਗਲੀਆਂ ਦੇ ਮੋੜਾਂ ਉੱਪਰ ਲੱਗੇ ਸਾਈਨ ਬੋਰਡਾਂ ਵਿੱਚ ਪੰਜਾਬੀ ਮਾਂ ਬੋਲੀ ਦੀਆਂ ਲਿਖੀਆਂ ਗਲਤ ਸਤਰਾਂ ਜਿਵੇਂ ਸਾਡਾ ਪੰਜਾਬੀਆਂ ਦਾ ਮੂੰਹ ਚਿੜਾ ਰਹੀਆਂ ਹੁੰਦੀਆਂ ਨੇ। ਮੁੱਕਦੀ ਗੱਲ, ਡੁੱਲ੍ਹੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ, ਹਾਲੇ ਵੀ ਅਸੀਂ ਪੰਜਾਬੀ ਦੇ ਮੁਦਈ ਅਖਵਾਉਣ ਵਾਲੇ ਲੋਕ, ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਪੰਜਾਬੀ ਮਾਂ ਬੋਲੀ ਦੀ ਸ਼ਾਨ ਵਿੱਚ ਫ਼ਰਕ ਪੈ ਰਿਹਾ ਹੈ, ਸਾਨੂੰ ਉਸ ਵੱਲ ਖਾਸ ਧਿਆਨ ਦੇ ਕੇ ਇਸ ਮਾਣਮੱਤੀ ਪੰਜਾਬੀ ਮਾਂ ਬੋਲੀ ਦਾ ਸਿਰ ਉੱਚਾ ਕਰਨਾ ਚਾਹੀਦਾ ਹੈ। ਵਿਦਿਆਰਥੀ ਵਰਗ ਨੂੰ ਵੀ ਏ.ਆਈ. ਦਾ ਸਹਾਰਾ ਛੱਡ ਕੇ ਖੁਦ ਹੱਥਾਂ ਨਾਲ ਲਿਖਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਹੋਰਨਾਂ ਨੂੰ ਵੀ ਕਿਤਾਬਾਂ ਅਤੇ ਅਖ਼ਬਾਰਾਂ ਨੂੰ ਪੜ੍ਹਨ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































