“ਬਰਕਤਾਂ ਦੇ ਵੇਲਿਆਂ ਵਿੱਚ ਲੋਕ ਆਪਸੀ ਮੁਹੱਬਤ ਵਿੱਚ ਬੱਝੇ ਹੁੰਦੇ ਸਨ। ਦੁੱਖ ਤਕਲੀਫ ਵਿੱਚ ...”
(16 ਫਰਵਰੀ 2026)
ਛੋਟੇ ਹੁੰਦਿਆਂ ਕਈ ਵਾਰ ਜਿਣਸ ਦਾ ਤੋਲ ਹੁੰਦਿਆਂ ਦੇਖਿਆ ਤਾਂ ਤੱਕੜੀ ਵਿੱਚ ਪਹਿਲੇ ਤੋਲ ਨੂੰ ਬਰਕਤ ਕਿਹਾ ਜਾਂਦਾ। ਜਿੰਨੀ ਦੇਰ ਤਕ ਦੂਜਾ ਤੋਲ ਨਾ ਪੂਰਾ ਹੋ ਜਾਂਦਾ ਉੰਨੀ ਦੇਰ ਤਕ ਤੋਲਣ ਵਾਲਾ ਤੋਲਾ ਬਰਕਤ-ਬਰਕਤ ਵਾਰ ਵਾਰ ਬੋਲੀ ਜਾਂਦਾ। ਜਦੋਂ ਪਹਿਲੀ ਪਸੇਰੀ ਤੋਲ ਕੇ ਬਿਨਾਂ ਤੋਲੇ ਵਾਲੀ ਢੇਰੀ ਤੋਂ ਦੂਜੇ ਪਾਸੇ ਢੇਰੀ ਕਰ ਲਈ ਜਾਂਦੀ ਤਾਂ ਫੇਰ ਦੋਇਮ ਦੋਇਮ ਤੋਲਾ ਬੋਲਣ ਲਗਦਾ। ਤੀਜੇ ਤੋਲ ਨੂੰ ਬਹੁਤੇ-ਬਹੁਤੇ ਬੋਲਿਆ ਜਾਂਦਾ। ਇਸ ਤਰੀਕੇ ਨਾਲ ਪੂਰੀ ਢੇਰੀ ਤੱਕੜੀ ਨਾਲ ਪਸੇਰੀਆਂ ਵਿੱਚ ਤੋਲ ਲਈ ਜਾਂਦੀ। ਬਾਅਦ ਵਿੱਚ ਕਿੱਲੋਆਂ ਦੀ ਇਕਾਈ ਨਾਲ ਤੋਲ ਹੋਣ ਲੱਗ ਪਿਆ। ਨਰਮਾ ਕਪਾਹ ਮਣਾਂ ਦੇ ਹਿਸਾਬ ਨਾਲ ਤੋਲਿਆ ਜਾਣ ਲੱਗਾ। ਘਰਾਂ ਵਿੱਚੋਂ ਵਪਾਰੀ ਨਰਮਾ ਕਪਾਹ ਤੋਲਣ ਵਾਲੇ ਤੋਲੇ ਭੇਜਦੇ ਤਾਂ ਉਹ ਵੀ ਪਹਿਲੀ ਪੰਡ ਨੂੰ ਬਰਕਤ ਬਰਕਤ ਹੀ ਬੋਲਦੇ। ਖੇਤਾਂ ਵਿੱਚ ਵੀ ਬਹੁਤ ਬਰਕਤ ਹੁੰਦੀ। ਜਦੋਂ ਵੀ ਖੇਤਾਂ ਵਿੱਚ ਸਵੇਰ ਅਤੇ ਦੁਪਹਿਰ ਦੀ ਰੋਟੀ ਜਾਂਦੀ ਉਸ ਵਿੱਚ ਵੀ ਬਰਕਤਾਂ ਹੁੰਦੀਆਂ। ਚਾਰ ਬੰਦਿਆਂ ਵਾਸਤੇ ਗਈ ਸ਼ਾਹ ਵੇਲੇ ਦੀ ਰੋਟੀ ਦਸ ਬੰਦੇ ਵੀ ਛਕ ਲੈਂਦੇ ਫੇਰ ਵੀ ਕੁੱਤਿਆਂ ਲਈ ਬਚ ਜਾਂਦੀਆਂ ਤੇ ਉਹਨਾਂ ਨੂੰ ਬੁਰਕੀਆਂ ਪਾਈਆਂ ਜਾਂਦੀਆਂ ਕਿਹਾ ਜਾਂਦਾ ਕਿ ਦਰਵੇਸ਼ਾਂ ਦਾ ਪੁੰਨ ਲੱਗੂ। ਕਈ ਵਾਰ ਰੋਟੀਆਂ ਫਿਰ ਵੀ ਬਚ ਜਾਂਦੀਆਂ ਤਾਂ ਬਲਦਾਂ ਨੂੰ ਚਾਰੀਆਂ ਜਾਂਦੀਆਂ। ਕਿਹਾ ਜਾਂਦਾ, ਗਊ ਦੇ ਜਾਏ ਗੋਕੇ ਦਾ ਵੀ ਪੁੰਨ ਲੱਗੂ। ਬਲਦਾਂ ਨੂੰ ਸੋਟੀ ਜਾਂ ਪਰਾਣੀ ਮਾਰਨ ਤੋਂ ਬਚਿਆ ਜਾਂਦਾ, ਗੋਕੇ ਪਸ਼ੂ ਦੇ ਲੱਤ ਮਾਰਨ ਨੂੰ ਗੁਨਾਹ ਸਮਝਿਆ ਜਾਂਦਾ ਸੀ। ਪਸ਼ੂਆਂ ਵਾਸਤੇ ਗੁੱਸੇ ਨਾਲ ਵੱਡੀ ਤੋਂ ਵੱਡੀ ਗਾਲ “ਤੈਨੂੰ ਬੁੱਚੜਾਂ ਦੇ ਦਿੱਤਾ ...” ਹੁੰਦੀ।
ਨੇੜੇ ਖੇਤਾਂ ਵਾਲਿਆਂ ਦੀ ਰੋਟੀ ਲੇਟ ਹੋ ਜਾਂਦੀ, ਉਹਨਾਂ ਨੂੰ ਵੀ ਅਵਾਜ਼ ਮਾਰ ਲਈ ਜਾਂਦੀ। ਕਈ ਵਾਰ ਉਹ ਵੀ ਅਵਾਜ਼ ਮਾਰ ਲੈਂਦੇ। ਕਿੰਨੀ ਬਰਕਤ ਹੁੰਦੀ ਸੀ ਉਹਨਾਂ ਵੇਲਿਆਂ ਵਿੱਚ। ਦੁੱਧ ਵੇਚਣ ਦਾ ਰਿਵਾਜ਼ ਨਹੀਂ ਹੁੰਦਾ ਸੀ। ਕਾੜ੍ਹਨੀ ਦਾ ਦੁੱਧ ਹਰ ਕਿਸੇ ਵਾਸਤੇ ਉਪਲਬਧ ਹੁੰਦਾ ਸੀ, ਕਦੇ ਮੁੱਕਦਾ ਨਹੀਂ ਸੀ। ਮਹਿਮਾਨਾਂ ਵਾਸਤੇ ਦੁੱਧ ਵਿੱਚ ਮਲਾਈ ਵੀ ਪਾ ਕੇ ਦਿੱਤੀ ਜਾਂਦੀ। ਖੇਤਾਂ ਵਿੱਚ ਜੋ ਵੀ ਸਬਜ਼ੀਆਂ ਉਗਾਈਆਂ ਜਾਂਦੀਆਂ, ਕਿਸੇ ਨੂੰ ਵੀ ਤੋੜ ਕੇ ਲਿਜਾਣ ਤੋਂ ਮਨ੍ਹਾਂ ਨਹੀਂ ਕੀਤਾ ਜਾਂਦਾ ਸੀ। ਕਿਹਾ ਜਾਂਦਾ ਸੀ ਕਿ ਇਹ ਵੀ ਲੰਗਰ ਛਕਾਉਣ ਜਿੰਨਾ ਪੁੰਨ ਹੈ। ਛੋਲੇ, ਬਾਜਰਾ, ਮੱਕੀ ਸਰ੍ਹੋਂ, ਦਾਲਾਂ, ਗੁੜ੍ਹ ਘਰਾਂ ਵਿੱਚ ਅਗਲੀ ਫਸਲ ਤਕ ਭੰਡਾਰ ਕਰ ਕੇ ਰੱਖ ਲਏ ਜਾਂਦੇ। ਜੇ ਕਿਸੇ ਕੋਲ ਕਿਸੇ ਚੀਜ਼ ਦੀ ਕਮੀ ਹੁੰਦੀ ਤਾਂ ਉਹ ਉਧਾਰ ਲੈ ਲਈ ਜਾਂਦੀ ਜਾਂ ਫਿਰ ਫਸਲ ਨਾਲ ਫਸਲ ਵਟਾ ਲਈ ਜਾਂਦੀ। ਬਲਦਾਂ ਨੂੰ ਮਿਹਨਤਕਸ਼ ਪਰਿਵਾਰ ਮੁਖੀ ਵਜੋਂ ਦੇਖਿਆ ਜਾਂਦਾ ਤੇ ਪੂਰੀ ਸੇਵਾ ਕੀਤੀ ਜਾਂਦੀ। ਲੋਕਾਂ ਦੀਆਂ ਲੋੜਾਂ ਬੜੀਆਂ ਸੀਮਿਤ ਹੁੰਦੀਆਂ ਸਨ। ਨਾ ਤਾਂ ਕੋਈ ਵਾਧੂ ਦਾ ਖਰਚ ਹੁੰਦਾ ਸੀ ਅਤੇ ਨਾ ਹੀ ਲੋੜ ਤੋਂ ਵੱਧ ਵਿਆਹ ਸ਼ਾਦੀ ’ਤੇ ਖਰਚ ਕੀਤਾ ਜਾਂਦਾ ਸੀ। ਪਿੰਡਾਂ ਵਿੱਚ ਸੀਰੀ, ਸਾਂਝੀ ਅਤੇ ਕਿਸਾਨ ਦੇ ਰਿਸ਼ਤੇ ਬੜੇ ਗੂੜ੍ਹੇ ਹੁੰਦੇ ਸਨ। ਸਾਲ ਦੀ ਗੱਲਬਾਤ ਹੁੰਦੀ ਤੇ ਉਸਦੀਆਂ ਸਾਰੀਆਂ ਲੋੜਾਂ ਵੀ ਕਿਸਾਨ ਵੱਲੋਂ ਖਿੜੇ ਮੱਥੇ ਪੂਰੀਆਂ ਕੀਤੀਆਂ ਜਾਂਦੀਆਂ। ਕਿਸਾਨ ਦੀ ਬੈਂਕ ਆੜ੍ਹਤੀ ਹੁੰਦਾ ਸੀ ਤੇ ਸੀਰੀ ਦੀ ਬੈਂਕ ਕਿਸਾਨ ਹੁੰਦਾ।
ਸਾਰੇ ਰਿਸ਼ਤੇ ਵਿੱਚ ਚਾਚੇ ਤਾਏ ਭੈਣ ਭਰਾ ਭੂਆ ਫੁੱਫੜ ਹੁੰਦੇ। ਅੱਜ ਕੱਲ੍ਹ ਇਨ੍ਹਾਂ ਰਿਸ਼ਤਿਆਂ ਦੀ ਮਿਠਾਸ ਨੂੰ ਪੱਛਮੀ ਸੱਭਿਆਚਾਰ ਨਿਗਲ ਗਿਆ ਹੈ। ਪਿੰਡ ਦੀ ਕੁੜੀ ਨੂੰ ਭੈਣ ਅਤੇ ਧੀ ਦੇ ਬਰਾਬਰ ਸਮਝਿਆ ਜਾਂਦਾ ਸੀ। ਕੁੜੀ ਵਿਆਹੀ ਜਾਂਦੀ ਤਾਂ ਪ੍ਰਾਹੁਣੇ ਨੂੰ ਪੂਰੇ ਪਿੰਡ ਵਿੱਚ ਸਤਿਕਾਰ ਮਿਲਦਾ। ਬਰਕਤਾਂ ਦੇ ਵੇਲਿਆਂ ਵਿੱਚ ਲੋਕ ਆਪਸੀ ਮੁਹੱਬਤ ਵਿੱਚ ਬੱਝੇ ਹੁੰਦੇ ਸਨ। ਦੁੱਖ ਤਕਲੀਫ ਵਿੱਚ ਸਾਥ ਦੇਣ ਲਈ ਹਮੇਸ਼ਾ ਲੋਕ ਇਕੱਠੇ ਹੁੰਦੇ। ਬੇਸ਼ਕ ਰਸਤੇ ਕੱਚੇ ਹੁੰਦੇ ਪਰ ਲੋਕਾਂ ਵਿੱਚ ਸ਼ਾਮਲਾਟ ਅਤੇ ਰਸਤੇ ਦੱਬਣ ਦਾ ਚਲਨ ਨਹੀਂ ਸੀ। ਅੱਜ ਤਰੱਕੀਆਂ ਦੇ ਦੌਰ ਵਿੱਚ ਸਾਰੇ ਰਿਸ਼ਤਿਆਂ ਲਈ ਕਿਸੇ ਕੋਲ ਵਕਤ ਨਹੀਂ। ਰਹਿੰਦੀ ਕਸਰ ਮੋਬਾਇਲ ਫੋਨ ਨੇ ਕੱਢ ਦਿੱਤੀ ਹੈ। ਘਰਾਂ ਵਿੱਚ ਤੰਗੀ ਤੁਰਸ਼ੀ ਦਾ ਸਮਾਂ ਵੀ ਹੱਸ ਕੇ ਗੁਜ਼ਾਰਨ ਨੂੰ ਤਰਜੀਹ ਦਿੰਦੇ ਸਨ। ਬਿਰਧ ਆਸ਼ਰਮਾਂ ਦਾ ਕਿਸੇ ਨੇ ਨਾਮ ਵੀ ਨਹੀਂ ਸੁਣਿਆ ਸੀ। ਹਰ ਸ਼ਹਿਰ ਵਿੱਚ ਖੁੱਲ੍ਹੇ ਬਿਰਧ ਘਰ ਮਨੁੱਖਤਾ ਦੀ ਕਲੰਕਿਤ ਮਾਨਸਿਕਤਾ ਵੱਲ ਇਸ਼ਾਰਾ ਕਰਦੇ ਹਨ। ਹੁਣ ਘਰਾਂ ਵਿੱਚ ਸੁਭਾਅ, ਖਾਣ-ਪੀਣ, ਰਹਿਣ-ਸਹਿਣ ਦੀ ਬਰਕਤ ਨਹੀਂ ਰਹੀ। ਹੁਣ ਬਰਕਤਾਂ ਦੇ ਵੇਲੇ ਲੱਦ ਗਏ ਹਨ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































