“ਇੱਕ ਸਮੇਂ ਕਹਾਵਤ ਬਣੀ ਸੀ ਕਿ ਸਵੇਰੇ-ਸਵੇਰੇ ਨੰਬਰਦਾਰ ਮੱਥੇ ਲੱਗਿਆ ...”
(1 ਸਤੰਬਰ 2025)
ਅੰਗਰੇਜ਼ਾਂ ਨੇ ਹਰੇਕ ਪਿੰਡ ਨੂੰ ਇੱਕ ਨੰਬਰ ਦੇ ਦਿੱਤਾ ਸੀ, ਜਿਸ ਨੂੰ ਹੱਦਬਸਤ ਨੰਬਰ ਕਿਹਾ ਜਾਂਦਾ ਹੈ। ਹਰੇਕ ਪਿੰਡ ਦਾ ਇੱਕ ਮੁਖੀ ਚੁਣਿਆ ਗਿਆ, ਜਿਸ ਨੂੰ ਨੰਬਰਦਾਰ ਕਿਹਾ ਗਿਆ। ਪਿੰਡ ਵਿੱਚੋਂ ਹਰ ਤਰ੍ਹਾਂ ਦਾ ਸਰਕਾਰੀ ਮਾਮਲਾ ਉਗਰਾਹ ਕੇ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਨੰਬਰਦਾਰ ਦਾ ਮੁੱਖ ਕੰਮ ਹੁੰਦਾ ਸੀ। ਇਸ ਤੋਂ ਇਲਾਵਾ ਪਿੰਡ ਵਿੱਚ ਅਮਨ-ਅਮਾਨ ਕਾਇਮ ਰੱਖਣਾ, ਕਾਨੂੰਨ ਦੀ ਉਲੰਘਣਾ ਅਤੇ ਜਨਮ, ਮੌਤ ਦੀ ਥਾਣੇ ਰਿਪੋਰਟ ਕਰਨਾ ਵੀ ਉਸਦੇ ਕੰਮਾਂ ਵਿੱਚ ਸ਼ਾਮਲ ਹੁੰਦਾ ਸੀ। ਮੁੱਖ ਤੌਰ ’ਤੇ ਇਹ ਨਿਜ਼ਾਮ ਅਤੇ ਲੋਕਾਂ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਉਂਦਾ ਹੁੰਦਾ ਸੀ। ਇਸ ਨੂੰ ਮਾਮਲੇ ਦਾ ਪੰਜਵਾਂ ਹਿੱਸਾ ਦਿੱਤਾ ਜਾਂਦਾ ਸੀ, ਜਿਸ ਨੂੰ ‘ਪੰਜੋਤਰਾ’ ਕਿਹਾ ਜਾਂਦਾ ਸੀ। ਬਾਅਦ ਵਿੱਚ ਕਬੀਲੇ, ਧਰਮ, ਜਾਤਾਂ ਅਤੇ ਪੱਤੀਆਂ ਦੇ ਹਿਸਾਬ ਨਾਲ ਨੰਬਰਦਾਰਾਂ ਦੀ ਗਿਣਤੀ ਵਧਾਈ ਗਈ। ਇਨ੍ਹਾਂ ਦਾ ਮੁੱਖ ਕੰਮ ਜੈਲਦਾਰਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਮਦਦ ਕਰਨਾ ਹੁੰਦਾ ਸੀ। ਇਨ੍ਹਾਂ ਦੀ ਮਦਦ ਸਫੈਦਪੋਸ਼ ਕਰਦੇ ਸਨ। ਇਨ੍ਹਾਂ ਦੇ ਕੰਮਾਂ ਅਤੇ ਅੰਗਰੇਜ਼ਾਂ ਦੀ ਵਫ਼ਾਦਾਰੀ ਦੇ ਹਿਸਾਬ ਨਾਲ ਇਨ੍ਹਾਂ ਨੂੰ ਜਾਇਦਾਦ, ਘੋੜੀਆਂ ਆਦਿਕ ਦੀ ਤਕਸੀਮ ਵੀ ਕੀਤੀ ਜਾਂਦੀ ਸੀ।
ਆਜ਼ਾਦੀ ਤੋਂ ਬਾਅਦ ਇਹ ਵਿਵਸਥਾ ਕਾਇਮ ਰੱਖੀ ਗਈ ਹੈ। ਆਜ਼ਾਦੀ ਤੋਂ ਬਾਅਦ ਬਹੁਤ ਦੇਰ ਤਕ ਨੰਬਰਦਾਰ ਸਰਕਾਰ ਦੀ ਸੇਵਾ ਮਾਣ ਭੱਤੇ ਤੋਂ ਬਿਨਾਂ ਨਿਗੂਣੇ ਪੰਜੋਤਰੇ ’ਤੇ ਕਰਦੇ ਰਹੇ। ਪੰਜਾਬ ਭੋਂ ਮਾਲੀਆ ਕਾਨੂੰਨ ਵਿੱਚ ਇਸ ਸੰਬੰਧੀ ਵਿਵਸਥਾ ਕੀਤੀ ਗਈ ਹੈ। ਪੰਜਾਬ ਭੋਂ ਮਾਲੀਆ ਕਾਨੂੰਨ ਵਿੱਚ ਸਮੇਂ-ਸਮੇਂ ’ਤੇ ਸੋਧ ਕੀਤੀ ਗਈ, ਵੱਖ-ਵੱਖ ਅਦਾਲਤਾਂ ਵੱਲੋਂ ਸਮੇਂ-ਸਮੇਂ ’ਤੇ ਨੰਬਰਦਾਰ ਨਿਯੁਕਤ ਕਰਨ ਸੰਬੰਧੀ ਵਿਵਸਥਾਵਾਂ ਕੀਤੀਆਂ ਗਈਆਂ ਹਨ। ਅੰਗਰੇਜ਼ਾਂ ਦੀ ਪਿਤਾਪੁਰਖੀ ਨੰਬਰਦਾਰੀ ਦੀ ਵਿਵਸਥਾ ਨੂੰ ਸਾਲ 1973 ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਗੈਰ ਸੰਵਿਧਾਨਿਕ ਕਰਾਰ ਦਿੱਤਾ ਸੀ। ਅਜਿਹਾ ਸੰਵਿਧਾਨ ਵਿੱਚ ਦਰਜ ਬਰਾਬਰੀ ਦੇ ਅਧਿਕਾਰ ਕਾਰਨ ਕੀਤਾ ਗਿਆ। ਨਾਲ-ਨਾਲ ਹੀ ਇਹ ਵਿਵਸਥਾ ਵੀ ਕਰ ਦਿੱਤੀ ਹੈ ਕਿ ਅਗਰ ਨੰਬਰਦਾਰ ਦਾ ਵਾਰਿਸ ਬਾਕੀ ਯੋਗਤਾਵਾਂ ਪੂਰੀਆਂ ਕਰਦਾ ਹੈ ਤਾਂ ਉਹ ਵਿਚਾਰ ਲੈਣਾ ਚਾਹੀਦਾ ਹੈ। ਨੰਬਰਦਾਰ ਵਾਸਤੇ ਉਮਰ, ਪੜ੍ਹਾਈ, ਸਮਾਜਿਕ ਰੁਤਬਾ, ਚਰਿੱਤਰ, ਸਮਾਜ ਸੇਵਾ, ਬਹੁਤ ਅਹਿਮੀਅਤ ਰੱਖਦਾ ਹੈ। ਉਮੀਦਵਾਰ ਕਿਸੇ ਅਪਰਾਧਿਕ ਗਤੀਵਿਧੀ ਜਾਂ ਰਾਜਨੀਤਿਕ ਪਾਰਟੀ ਨਾਲ ਜੁੜਿਆ ਨਹੀਂ ਹੋਣਾ ਚਾਹੀਦਾ। ਬੇਸ਼ਕ ਇਹ ਸਭ ਕਾਗਜ਼ੀ ਅਤੇ ਕਿਤਾਬੀ ਗੱਲਾਂ ਰਹਿ ਗਈਆਂ ਹਨ। ਇਖ਼ਲਾਕ ਤੋਂ ਗਿਰੇ ਅਪਰਾਧ ਜਿਵੇਂ ਛੇੜਛਾੜ, ਬਲਾਤਕਾਰ ਜਾਂ ਹੋਰ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਵਿਅਕਤੀ ਅਦਾਲਤਾਂ ਵੱਲੋਂ ਸ਼ੱਕ ਦੇ ਅਧਾਰ ’ਤੇ ਬਰੀ ਹੋਣ ਤੋਂ ਬਾਅਦ ਵੀ ਵਿਚਾਰਨਯੋਗ ਨਹੀਂ ਹੁੰਦੇ।
ਕਲੈਕਟਰ ਦੀ ਪਸੰਦ ਵੀ ਅਹਿਮੀਅਤ ਰੱਖਦੀ ਹੈ, ਜਿਸ ਕਾਰਨ ਨੰਬਰਦਾਰ ਦੀ ਨਿਯੁਕਤੀ ਸਮੇਂ ਰਾਜਨੀਤਿਕ ਦਖ਼ਲ ਕੰਮ ਕਰ ਜਾਂਦਾ ਹੈ। ਬਹੁਤ ਵਾਰ ਕਲੈਕਟਰ ਦਾ ਵਿਵੇਕਾਧਿਕਾਰ ਵੀ ਕੰਮ ਕਰ ਜਾਂਦਾ ਹੈ। ਉਹ ਕਿਵੇਂ ਕੰਮ ਕਰਦਾ ਹੈ, ਉਸ ਬਾਰੇ ਵਿਸਥਾਰ ਕਰਨ ਦੀ ਜ਼ਰੂਰਤ ਨਹੀਂ। ਅੱਜ ਦੇ ਸਮੇਂ ਨੰਬਰਦਾਰਾਂ ਨੂੰ ਨਿਗੂਣਾ ਜਿਹਾ ਮਾਣ ਭੱਤਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਪਰ ਨੰਬਰਦਾਰਾਂ ਦੇ ਸਿਰ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਮੜ੍ਹ ਦਿੱਤੀਆਂ ਗਈਆਂ ਹਨ। ਅੱਜ ਦੇ ਜ਼ਮਾਨੇ ਵਿੱਚ ਪਿੰਡਾਂ ਵਿੱਚ ਨੰਬਰਦਾਰਾਂ ਨੂੰ ਪੂਰੀ ਇੱਜ਼ਤ ਦਿੱਤੀ ਜਾਂਦੀ ਹੈ। ਇੱਕ ਸਮੇਂ ਕਹਾਵਤ ਬਣੀ ਸੀ ਕਿ ਸਵੇਰੇ-ਸਵੇਰੇ ਨੰਬਰਦਾਰ ਮੱਥੇ ਲੱਗਿਆ ਮਾੜਾ ਹੁੰਦਾ ਹੈ। ਕਾਰਨ ਸਾਫ ਸੀ, ਅੰਗਰੇਜ਼ੀ ਨਿਜ਼ਾਮ ਸਮੇਂ ਨੰਬਰਦਾਰਾਂ ਨੇ ਕਾਨੂੰਨ ਵਿਵਸਥਾ ਲਈ ਚੰਗੇ ਮਾੜੇ ਦੀ ਸੂਚਨਾ ਨਿਜ਼ਾਮ ਨੂੰ ਦੇਣੀ ਹੁੰਦੀ ਸੀ ਅਤੇ ਗਵਾਹੀ ਦੇਣਾ ਵੀ ਉਸਦਾ ਫਰਜ਼ ਹੁੰਦਾ ਸੀ। ਇਸ ਲਈ ਅਜਿਹੀਆਂ ਕਹਾਵਤਾਂ ਬਣੀਆਂ ਸਨ। ਅੱਜ ਵੀ ਪੁਰਾਣੇ ਰਹੇ ਜ਼ੈਲਦਾਰਾਂ ਦੇ ਅਗਲੇ ਵਾਰਿਸ ਪਿੰਡਾਂ ਵਿੱਚ ਜੈਲਦਾਰ ਦੇ ਨਾਮ ’ਤੇ ਬੁਲਾਏ ਜਾਂਦੇ ਹਨ ਤੇ ਨੰਬਰਦਾਰ ਦੇ ਪੂਰੇ ਪਰਿਵਾਰ ਦੇ ਮੈਂਬਰਾਂ ਨੂੰ ਨੰਬਰਦਾਰ ਕਹਿ ਕੇ ਬੁਲਾਇਆ ਜਾਂਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (