ParamjitSNikkeGhuman7ਚੀਨੀ ਡੋਰ ਦੀ ਵਰਤੋਂ ਅਤੇ ਵਿਕਰੀ ਰੋਕਣ ਲਈ ਮੁਹੱਲਾ ਪੱਧਰ ’ਤੇ ਨਾਗਰਿਕ ਕਮੇਟੀਆਂ ...
(24 ਜਨਵਰੀ 2026)


ਸਿਆਣਿਆਂ ਦਾ ਕਹਿਣਾ ਹੈ ਕਿ ਕੋਈ ਸ਼ੌਕ ਜਦੋਂ ਜਾਨਲੇਵਾ ਬਣ ਜਾਵੇ ਤਾਂ ਉਸਨੂੰ ਤਿਆਗ ਦੇਣਾ ਹੀ ਬਿਹਤਰ ਹੁੰਦਾ ਹੈ। ਚੀਨੀ ਡੋਰ ਨਾਲ ਪਤੰਗਬਾਜ਼ੀ ਦਾ ਸ਼ੌਕ ਅੱਜ ਸੱਚਮੁੱਚ ਹੀ ਖ਼ਤਰਨਾਕ ਅਤੇ ਜਾਨਲੇਵਾ ਬਣ ਚੁੱਕਾ ਹੈ। ਇਸ ਡੋਰ ਦੀ ਵਰਤੋਂ ਦਾ ਹਰ ਹਾਲ ਵਿੱਚ ਤਿਆਗ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ। ਸਮੂਹ ਭਾਰਤੀ ਬੱਚਿਆਂ ਅਤੇ ਖ਼ਾਸ ਕਰਕੇ ਪੰਜਾਬੀ ਬੱਚਿਆਂ ਵਿੱਚ ਪਤੰਗਬਾਜ਼ੀ ਦਾ ਸ਼ੌਕ ਬਹੁਤ ਜ਼ਿਆਦਾ ਹੈ। ਉਨ੍ਹਾਂ ਦੇ ਇਸ ਸ਼ੌਕ ਦੀ ਪੂਰਤੀ ਲਈ ਬਜ਼ਾਰ ਵਿੱਚ ਭਾਰਤੀ ਡੋਰ ਦੀਆਂ ਕਈ ਵੰਨ੍ਹਗੀਆਂ ਦੇ ਨਾਲ-ਨਾਲ ਚੀਨੀ ਡੋਰ ਦੀ ਕਈ ਵੰਨਗੀਆਂ ਵੀ ਉਪਲਬਧ ਹਨ। ਚੀਨੀ ਡੋਰ ਦੇ ਨਿਰਮਾਣ ਵਿੱਚ ਪਲਾਸਟਿਕ ਦੀ ਵਰਤੋਂ ਕੀਤੀ ਹੋਣ ਕਰਕੇ ਇਹ ਡੋਰ ਜ਼ਿਆਦਾ ਤਿੱਖੀ ਅਤੇ ਜ਼ਿਆਦਾ ਮਜ਼ਬੂਤ ਹੈ। ਪਤੰਗਬਾਜ਼ੀ ਦੌਰਾਨ ਇਹ ਡੋਰ ਆਮ ਭਾਰਤੀ ਡੋਰਾਂ ਨੂੰ ਅਸਾਨੀ ਨਾਲ ਕੱਟ ਦਿੰਦੀ ਹੈ ਤੇ ਲੰਮੇ ਸਮੇਂ ਤਕ ਖਰਾਬ ਵੀ ਨਹੀਂ ਹੁੰਦੀ ਹੈ। ਇਸ ਡੋਰ ਦੇ ਇਨ੍ਹਾਂ ਗੁਣਾਂ ਕਰਕੇ ਹੀ ਭਾਰਤੀ ਪਤੰਗਬਾਜ਼ ਚੀਨੀ ਡੋਰ ਦੀ ਵਰਤੋਂ ਨੂੰ ਪਹਿਲ ਦਿੰਦੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤੀ ਡੋਰ ਦੇ ਮੁਕਾਬਲੇ ਚੀਨੀ ਡੋਰ ਮਹਿੰਗੀ ਵੀ ਹੈ ਅਤੇ ਪਾਬੰਦੀਸ਼ੁਦਾ ਹੋਣ ਕਰਕੇ ਲੈਣੀ ਵੀ ਚੋਰੀ-ਛੁਪੇ ਪੈਂਦੀ ਹੈ
, ਫਿਰ ਵੀ ਬੱਚਿਆਂ ਅਤੇ ਨੌਜਵਾਨਾਂ ਨੂੰ ਚੀਨੀ ਡੋਰ ਨਾਲ ਹੀ ਪਤੰਗਬਾਜ਼ੀ ਕਰਨ ਦਾ ਸ਼ੌਕ ਹੈ।

ਚੀਨੀ ਡੋਰ ਨਾਲ ਜੁੜੀ ਇੱਕ ਮਹੱਤਵਪੂਰਨ ਸਚਾਈ ਇਹ ਵੀ ਹੈ ਕਿ ਭਾਰਤੀ ਬਜ਼ਾਰ ਵਿੱਚ ਚੀਨੀ ਡੋਰ ਦੇ ਨਾਂ ’ਤੇ ਵੇਚੀ ਜਾ ਰਹੀ ਡੋਰ ਅਸਲ ਵਿੱਚ ਪਤੰਗਬਾਜ਼ੀ ਲਈ ਹੈ ਹੀ ਨਹੀਂ ਹੈ। ਬਜ਼ਾਰ ਵਿੱਚ ਚੋਰੀ ਛੁਪੇ ਜਾਂ ਸ਼ਰੇਆਮ ਉਪਲਬਧ ਚੀਨੀ ਡੋਰ ਦੇ ਗੱਟੂਆਂ ’ਤੇ ਸਾਫ-ਸਾਫ ਲਫਜ਼ਾਂ ਵਿੱਚ ‘ਇਹ ਡੋਰ ਪਤੰਗਬਾਜ਼ੀ ਲਈ ਨਹੀਂ ਹੈ।’  ਲਿਖਿਆ ਹੋਇਆ ਹੈ ਤੇ ਇਹ ਸੱਚ ਵੀ ਹੈ ਕਿ ਪਲਾਸਟਿਕ ਤੋਂ ਬਣਿਆ ਇਹ ਧਾਗਾ ਕੁਝ ਖ਼ਾਸ ਕਿਸਮ ਦੇ ਮੋਟੇ ਕੱਪੜਿਆਂ ਦੀ ਸਿਲਾਈ ਲਈ ਬਣਿਆ ਹੈ, ਨਾ ਕਿ ਪਤੰਗਬਾਜ਼ੀ ਕਰਨ ਲਈ। ਇਹ ਮਾਮਲਾ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕੁਝ ਸਾਲ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੇ ‘ਫੈਂਸਾਡ੍ਰਿਲ’ ਜਾਂ “ਫੈਂਸੀ ਨਾਂ ਦੀ ਇੱਕ ਖੰਘ ਰੋਕੂ ਦਵਾਈ ਦੀ ਵਰਤੋਂ ਆਪਣੇ ਨਸ਼ੇ ਦੀ ਤੋਟ ਪੂਰੀ ਕਰਨ ਲਈ ਕਰਨੀ ਸ਼ੁਰੂ ਕਰ ਦਿੱਤੀ ਸੀ ਜਦੋਂ ਕਿ ਇਹ ਦਵਾਈ ਖੰਘ ਦੇ ਮਰੀਜ਼ਾਂ ਲਈ ਬੇਹੱਦ ਕਾਰਗਰ ਸੀ। ਇਸ ਦਵਾਈ ਦੇ ਦੁਰਪਯੋਗ ਦੇ ਕਰਕੇ ਆਖ਼ਰਕਾਰ ਸਰਕਾਰ ਵੱਲੋਂ ਇਸਦੀ ਖੁੱਲ੍ਹੇਆਮ ਵਿਕਰੀ ’ਤੇ ਪਾਬੰਦੀ ਲਾ ਦਿੱਤੀ ਗਈ ਸੀ। ਚੀਨੀ ਡੋਰ ਵਾਲਾ ਮਾਮਲਾ ਵੀ ਕੁਝ ਇਸੇ ਕਿਸਮ ਦਾ ਹੀ ਹੈ।

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਕਿ ਚੀਨੀ ਡੋਰ ਆਖ ਕੇ ਵੇਚੇ ਜਾ ਰਹੇ ਉਦਯੋਗਿਕ ਧਾਗੇ ਦੀ ਪਤੰਗਬਾਜ਼ੀ ਲਈ ਕੀਤੀ ਜਾ ਰਹੀ ਵਰਤੋਂ ਮਨੁੱਖਾਂ, ਪਸ਼ੂਆਂ ਅਤੇ ਪੰਛੀਆਂ ਲਈ ਬੜੀ ਹੀ ਘਾਤਕ ਸਾਬਤ ਹੋਈ ਹੈ। ਇਸ ਡੋਰ ਨੇ ਨਾ ਕੇਵਲ ਮਨੁੱਖਾਂ ਅਤੇ ਜੀਵ-ਜੰਤੂਆਂ ਨੂੰ ਵੱਡੇ ਅਤੇ ਗਹਿਰੇ ਜ਼ਖ਼ਮ ਹੀ ਦਿੱਤੇ ਹਨ, ਸਗੋਂ ਕਈਆਂ ਦੀਆਂ ਜਾਨਾਂ ਵੀ ਲੈ ਲਈਆਂ ਹਨ। ਇੱਥੇ ਹੀ ਬੱਸ ਨਹੀਂ, ਇਸ ਡੋਰ ਨੇ ਪਤੰਗਬਾਜ਼ੀ ਕਰਨ ਵਾਲਿਆਂ ਦੇ ਹੱਥਾਂ ਨੂੰ ਵੀ ਜ਼ਖ਼ਮੀ ਕੀਤਾ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਇਸ ਡੋਰ ਦੀ ਵਰਤੋਂ ’ਤੋ ਰੋਕ ਲੱਗ ਨਹੀਂ ਪਾ ਰਹੀ ਹੈ। ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਜਿੱਥੇ ਇਸ ਡੋਰ ਦੀ ਵਰਤੋਂ, ਵਿਕਰੀ ਅਤੇ ਭੰਡਾਰਨ ’ਤੇ ਪਾਬੰਦੀਆਂ ਲਾਈਆਂ ਗਈਆਂ ਹਨ, ਉੱਥੇ ਹੀ ਸਾਲ 2017 ਵਿੱਚ ਨੈਸ਼ਨਲ ਗ੍ਰੀਨ ਟਿ੍ਬਿਊਨਲ ਨੇ ਵੀ ਹਰ ਤਰ੍ਹਾਂ ਦੀ ਭਾਰਤੀ ਅਤੇ ਚੀਨੀ ਸਿੰਥੈਟਿਕ ਡੋਰ ਦੇ ਇਸਤੇਮਾਲ ਉੱਤੇ ਪਾਬੰਦੀ ਆਇਦ ਕਰ ਦਿੱਤੀ ਸੀ। ਹਰ ਸਾਲ ਲੋਹੜੀ ਅਤੇ ਬਸੰਤ ਦੇ ਤਿਉਹਾਰਾਂ ਦੇ ਨੇੜਲੇ ਦਿਨਾਂ ਵਿੱਚ ਜਿੱਥੇ ਪੁਲਿਸ ਵੱਲੋਂ ਦੁਕਾਨਦਾਰਾਂ ’ਤੇ ਛਾਪੇਮਾਰੀ ਕਰਕੇ ਪਾਬੰਦੀਸ਼ੁਦਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ, ਉੱਥੇ ਹੀ ਵਿੱਦਿਅਕ ਅਦਾਰਿਆਂ ਵਿੱਚ ਲੈਕਚਰ ਕਰਕੇ ਵਿਦਿਆਰਥੀਆਂ ਨੂੰ ਇਸ ਡੋਰ ਦਾ ਖਹਿੜਾ ਛੱਡਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ।

ਹੁਣ ਵੱਡਾ ਸਵਾਲ ਇਹ ਹੈ ਕਿ ਭਿਆਨਕ ਰੂਪ ਇਖਤਿਆਰ ਕਰ ਚੁੱਕੀ ਇਸ ਬੁਰਾਈ ਦੇ ਖ਼ਾਤਮੇ ਲਈ ਆਖ਼ਰ ਹੋਰ ਕੀ ਕੀਤਾ ਜਾ ਸਕਦਾ ਹੈ? ਇੱਕ ਵਿਕਰਾਲ ਰੂਪ ਧਾਰਨ ਕਰ ਚੁੱਕੀ ਇਸ ਮਹਾਂਬੁਰਾਈ ਦਾ ਅੰਤ ਕਰਨ ਲਈ ਸਭ ਤੋਂ ਪਹਿਲਾਂ ਤਾਂ ਚੀਨੀ ਡੋਰ ਵਰਤਣ ਵਾਲਿਆਂ ਨੂੰ ਪ੍ਰੇਰਿਤ ਕਰਕੇ ਇਸ ਡੋਰ ਦੀ ਵਰਤੋਂ ਕਰਨ ਤੋਂ ਰੋਕਣਾ ਪਵੇਗਾ। ਇਸ ਕਾਰਜ ਲਈ ਮਾਪੇ ਅਤੇ ਅਧਿਆਪਕ ਰਲ ਕੇ ਇੱਕ ਵੱਡੀ ਭੂਮਿਕਾ ਨਿਭਾ ਸਕਦੇ ਹਨ। ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਚੀਨੀ ਡੋਰ ਦੀ ਵਰਤੋਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਲਾਨਾ ਜਾਂ ਮਾਸਿਕ ਪ੍ਰੀਖਿਆਵਾਂ ਵਿੱਚ ਬੈਠਣ ’ਤੇ ਰੋਕ ਲਗਾ ਦੇਣ। ਚੀਨੀ ਡੋਰ ਲਈ ਪੈਸੇ ਦੇਣ ਵਾਲੇ ਮਾਪਿਆਂ ਦੇ ਖ਼ਿਲਾਫ ਵੀ ਸਕੂਲ ਨੂੰ ਸਖ਼ਤ ਕਾਰਵਾਈ ਕਰਦਿਆਂ ਭਾਰੀ ਜੁਰਮਾਨੇ ਵਸੂਲੇ ਜਾਣੇ ਚਾਹੀਦੇ ਹਨ। ਹਰ ਰੋਜ਼ ਸਵੇਰ ਦੀ ਸਭਾ ਵਿੱਚ ਇਹ ਪ੍ਰਣ ਕਰਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਵਿਦਿਆਰਥੀ ਚੀਨੀ ਡੋਰ ਦੀ ਵਰਤੋਂ ਨਹੀਂ ਕਰੇਗਾ। ਚੀਨੀ ਡੋਰ ਦੀ ਵਰਤੋਂ ਕਰਨ ਵਾਲੇ ਵਿਦਿਆਰਥੀਆਂ ਸਬੰਧੀ ਸੂਚਨਾ ਦੇਣ ਵਾਲਿਆਂ ਨੂੰ ਅਤੇ ਸਵੈਇੱਛਾ ਨਾਲ ਚੀਨੀ ਡੋਰ ਦਾ ਤਿਆਗ ਕਰ ਦੇਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਘਰਾਂ ਵਿੱਚ ਮਾਪਿਆਂ ਜਾਂ ਬਜ਼ੁਰਗਾਂ ਵੱਲੋਂ ਨਾ ਕੇਵਲ ਬੱਚਿਆਂ ਨੂੰ ਇਸ ਡੋਰ ਦੀ ਵਰਤੋਂ ਬੰਦ ਕਰਨ ਸਬੰਧੀ ਹਰ ਰੋਜ਼ ਸਮਝਾਇਆ ਜਾਣਾ ਚਾਹੀਦਾ ਹੈ, ਸਗੋਂ ਇਸ ਡੋਰ ਦੀ ਖ਼ਰੀਦ ਕਰਨ ਲਈ ਕਿਸੇ ਕਿਸਮ ਦੀ ਵਿੱਤੀ ਅਦਾਇਗੀ ਵੀ ਨਹੀਂ ਕੀਤੀ ਜਾਣੀ ਚਾਹੀਦੀ ਹੈ। ਚੀਨੀ ਡੋਰ ਦੀ ਵਰਤੋਂ ਅਤੇ ਵਿਕਰੀ ਰੋਕਣ ਲਈ ਮੁਹੱਲਾ ਪੱਧਰ ’ਤੇ ਨਾਗਰਿਕ ਕਮੇਟੀਆਂ ਬਣਨੀਆਂ ਚਾਹੀਦੀਆਂ ਹਨ, ਜੋ ਸਮੇਂ-ਸਮੇਂ ’ਤੇ ਚੈਕਿੰਗ ਜਾਂ ਛਾਪੇਮਾਰੀ ਕਰਕੇ ਅਤੇ ਇਸ ਡੋਰ ਦੀ ਵਿਕਰੀ ਜਾਂ ਵਰਤੋਂ ਕਰਨ ਵਾਲਿਆਂ ਨੂੰ ਨਾਮਜ਼ਦ ਕਰਕੇ, ਉਨ੍ਹਾਂ ਤੋਂ ਭਾਰੀ ਜੁਰਮਾਨੇ ਵਸੂਲਣ ਦੇ ਨਾਲ-ਨਾਲ ਉਨ੍ਹਾਂ ਨੂੰ ਕਾਨੂੰਨ ਦੇ ਹਵਾਲੇ ਵੀ ਕਰਨ।

ਪਿੰਡ ਪੱਧਰ ’ਤੇ ਮੌਜੂਦ ਧਾਰਮਿਕ ਅਸਥਾਨਾਂ ਤੋਂ ਸਵੇਰ-ਸ਼ਾਮ ਇਸ ਡੋਰ ਦੀ ਵਰਤੋਂ ਬੰਦ ਕਰਨ ਸਬੰਧੀ ਅਪੀਲਾਂ ਅਤੇ ਪ੍ਰਵਚਨ ਕੀਤੇ ਜਾਣੇ ਚਾਹੀਦੇ ਹਨ ਅਤੇ ਸ਼ਰਧਾਲੂਆਂ ਤੋਂ ਇਸ ਸਬੰਧ ਵਿੱਚ ਸਹੁੰਆਂ ਵੀ ਚੁਕਵਾਈਆਂ ਜਾਣੀਆਂ ਚਾਹੀਦੀਆਂ ਹਨ। ਜਾਨਲੇਵਾ ਡੋਰ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਸੀਲ ਕਰਕੇ ਉਨ੍ਹਾਂ ਦੇ ਕਾਰੋਬਾਰ ਹੀ ਬੰਦ ਕਰ ਦਿੱਤੇ ਜਾਣ। ਜਿਸ ਵੀ ਇਲਾਕੇ ਵਿੱਚ ਚੀਨੀ ਡੋਰ ਦੀ ਵਿਕਰੀ ਦੀ ਜਾਂ ਡੋਰ ਦੀ ਵਰਤੋਂ ਕਰਕੇ ਵਾਪਰੇ ਹਾਦਸੇ ਦੀ ਕੋਈ ਖ਼ਬਰ ਸਾਹਮਣੇ ਆਵੇ, ਉਸ ਇਲਾਕੇ ਦੇ ਐੱਸ.ਐੱਚ.ਓ. ਨੂੰ ਅਤੇ ਸਰਪੰਚ ਜਾਂ ਐੱਮ.ਸੀ. ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਜਾਣਾ ਚਾਹੀਦਾ ਹੈ। ਵਧੀਆ ਕਿਸਮ ਦੀ ਅਤੇ ਜਾਨ ਮਾਲ ਲਈ ਬਿਲਕੁਲ ਸੁਰੱਖਿਅਤ ਡੋਰ ਦੀ ਕਾਢ ਕੱਢੀ ਜਾਣੀ ਚਾਹੀਦੀ ਹੈ ਤੇ ਜਦੋਂ ਤਕ ਅਜਿਹਾ ਹੋ ਨਹੀਂ ਜਾਂਦਾ ਹੈ ਪਤੰਗਬਾਜ਼ੀ ’ਤੇ ਮੁਕੰਮਲ ਪਾਬੰਦੀ ਆਇਦ ਕਰ ਦਿੱਤੀ ਜਾਣੀ ਚਾਹੀਦੀ ਹੈ। ਯਾਦ ਰਹੇ ਕਿ ਗ਼ਲਤ ਅਤੇ ਜਾਨਲੇਵਾ ਡੋਰ ਚੋਰੀ-ਛੁਪੇ ਵੇਚੀ ਤਾਂ ਜਾ ਸਕਦੀ ਹੈ ਪਰ ਚੋਰੀ ਛੁਪੇ ਪਤੰਗ ਤਾਂ ਨਹੀਂ ਚੜ੍ਹਾਈ ਜਾ ਸਕਦੀ ਹੈ। ਕੁਝ ਸਮੇਂ ਤਕ ਇਹ ਪਾਬੰਦੀ ਆਇਦ ਰੱਖੀ ਜਾਵੇ ਤੇ ਫਿਰ ਢੁਕਵਾਂ ਸਮਾਂ ਅਤੇ ਢੁਕਵੀਂ ਡੋਰ ਵੇਖ਼ ਕੇ ਪਾਬੰਦੀ ਹਟਾ ਦਿੱਤੀ ਜਾਵੇ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕਈ ਵਾਰ ਕੁਝ ਸਮੇਂ ਦੀ ਖ਼ਾਮੋਸ਼ੀ ਕੁਝ ਸਮੱਸਿਆਵਾਂ ਦੇ ਹੱਲ ਆਪਣੇ ਆਪ ਕੱਢ ਦਿੰਦੀ ਹੈ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਇਸ ਸਮੱਸਿਆ ਦੇ ਹੱਲ ਲਈ ਆਮ ਲੋਕਾਂ ਅਤੇ ਦੁਕਾਨਦਾਰਾਂ ’ਤੇ ਲਗਾਤਾਰ ਦਬਾਅ ਬਣਾਈ ਰੱਖਣਾ ਚਾਹੀਦਾ ਹੈ ਅਤੇ ਸੰਚਾਰ ਮਾਧਿਅਮਾਂ ਰਾਹੀਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਮਾਹਿਰਾਂ ਦੇ ਲੈਕਚਰਾਂ ਰਾਹੀਂ ਸਬੰਧਿਤ ਧਿਰਾਂ ਨੂੰ ਪ੍ਰੇਰਿਤ ਕਰਕੇ ਇਸ ਬੁਰਾਈ ਦਾ ਨਾਸ਼ ਕੀਤਾ ਜਾਣਾ ਚਾਹੀਦਾ ਹੈ। ਮਨੁੱਖਾਂ ਅਤੇ ਪਸ਼ੂ-ਪੰਛੀਆਂ ਦੀ ਭਲਾਈ ਲਈ ਸਭ ਦੇ ਸਹਿਯੋਗ ਨਾਲ ਚੁੱਕਿਆ ਗਿਆ ਇਹ ਇੱਕ ਉੱਤਮ ਕਦਮ ਹੋਵੇਗਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਸੱਚੀ ਨੀਅਤ ਨਾਲ ਕਿਸੇ ਬੁਰਾਈ ਦਾ ਅੰਤ ਕਰਨ ਬਾਰੇ ਠਾਣ ਲਿਆ ਜਾਵੇ ਤਾਂ ਉਸ ਬੁਰਾਈ ਦਾ ਅੰਤ ਯਕੀਨਨ ਹੋ ਜਾਂਦਾ ਹੈ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Batala, Gurdaspur, Punjab, India.
Phone: (91 - 97816-46008)
Email: (paramjeetsingh1973@gmail.com)

More articles from this author