“ਇਤਿਹਾਸ ਗਵਾਹ ਹੈ ਕਿ ਜੰਮੂ-ਕਸ਼ਮੀਰ ਵਿਚਲੀ ਪੀ.ਡੀ.ਪੀ. ਨਾਮਕ ਸਿਆਸੀ ਪਾਰਟੀ ਨੂੰ ...”
(14 ਸਤੰਬਰ 2025)
ਇਹ ਬਿਲਕੁਲ ਸੱਚ ਹੈ ਕਿ ਬੀਤੇ ਗਿਆਰ੍ਹਾਂ ਵਰ੍ਹਿਆਂ ਤੋਂ ਭਾਜਪਾ ਕੇਂਦਰ ਦੀ ਸੱਤਾ ’ਤੇ ਕਾਬਜ਼ ਹੈ ਤੇ ਵਿਰੋਧੀ ਦਲਾਂ ਦੀ ਇਕਜੁੱਟਤਾ ਦੀ ਘਾਟ ਕਰਕੇ ਭਾਰਤ ਦੇ ਅਧਿਕਤਰ ਰਾਜਾਂ ਵਿੱਚ ਵੀ ਭਾਜਪਾ ਦੀ ਅਗਵਾਈ ਜਾਂ ਭਾਜਪਾ ਦੇ ਸਮਰਥਨ ਵਾਲੀਆਂ ਸਰਕਾਰਾਂ ਹਨ। ਇਹ ਵੀ ਉੰਨਾ ਹੀ ਸੱਚ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਆਪਣਾ ਮੁੱਖ ਚਿਹਰਾ ਅਤੇ ਪ੍ਰਚਾਰਕ ਬਣਾ ਕੇ ਭਾਜਪਾ ਨੇ ਹਰੇਕ ਲੋਕ ਸਭਾ ਜਾਂ ਵਿਧਾਨ ਸਭਾ ਚੋਣ ਮੌਕੇ ਪੇਸ਼ ਕੀਤਾ ਹੈ। ਸਾਲ 2014 ਵਿੱਚ ਭਾਰਤ ਦੀ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਇਸ ਪਾਰਟੀ ਨੇ ਆਪਣੇ ਮੁੱਖ ਵਾਅਦਿਆਂ ਵਿੱਚੋਂ ਬੀਤੇ ਗਿਆਰ੍ਹਾਂ ਸਾਲਾਂ ਵਿੱਚ ਇੱਕ ਵੀ ਵਾਅਦਾ ਵਫ਼ਾ ਨਹੀਂ ਕੀਤਾ ਹੈ। ਇਨ੍ਹਾਂ ਵਾਅਦਿਆਂ ਵਿੱਚ ਹਰ ਸਾਲ ਨੌਜਵਾਨਾਂ ਨੂੰ ਦੋ ਕਰੋੜ ਨੌਕਰੀਆਂ ਦੇਣਾ, ਵਿਦੇਸ਼ਾਂ ਵਿੱਚੋਂ ਕਾਲਾ ਧਨ ਵਾਪਸ ਲਿਆਉਣਾ ਅਤੇ ਵਾਪਸ ਲਿਆ ਕੇ ਹਰੇਕ ਭਾਰਤੀ ਦੇ ਖਾਤੇ ਵਿੱਚ 15-15 ਲੱਖ ਰੁਪਏ ਪਾਉਣਾ, ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹਾਂ ਵਿੱਚ ਡੱਕਣਾ, ਗੈਸ ਸਿਲੰਡਰ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣਾ, ਡਾਲਰ ਦੇ ਮੁਕਾਬਲੇ ਰੁਪਏ ਨੂੰ ਮਜ਼ਬੂਤ ਕਰਨਾ, ਚੀਨ ਤੋਂ ਭਾਰਤੀ ਸਰਹੱਦਾਂ ਦੀ ਰਾਖੀ ਕਰਨਾ, ਸਰਹੱਦ ਪਾਰੋਂ ਘੁਸਪੈਠ ਰੋਕਣਾ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਆਦਿ ਸਣੇ ਕਈ ਹੋਰ ਵਾਅਦੇ ਵੀ ਸ਼ਾਮਲ ਹਨ। ਹੁਣ ਵਾਅਦੇ ਪੂਰੇ ਨਾ ਕਰਨ ਦੀ ਕੋਈ ਨਾ ਕੋਈ ਤਾਂ ਵਜਾਹ ਹੋ ਸਕਦੀ ਹੈ ਪਰ ਆਪਣੀਆਂ ਨਾਕਾਮੀਆਂ ਅਤੇ ਕਮਜ਼ੋਰੀਆਂ ਉੱਤੇ ਪਰਦੇ ਪਾਉਣ ਦੇ ਨਾਲ-ਨਾਲ ਭਾਜਪਾ ਨੇ ਇੱਕ ਚੀਜ਼ ਵਿੱਚ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ ਤੇ ਉਹ ਹੈ ਵੱਖ-ਵੱਖ ਗੰਭੀਰ ਮੁੱਦਿਆਂ ਸਬੰਧੀ ਆਪਣੇ ਹੀ ਸਟੈਂਡ ਜਾਂ ਆਪਣੇ ਹੀ ਬਿਆਨ ਤੋਂ ਯੂ-ਟਰਨ ਲੈ ਕੇ ਭਾਰਤੀ ਸਿਆਸਤਦਾਨ ਸ੍ਰੀ ਨਿਤੀਸ਼ ਕੁਮਾਰ ਵਾਂਗ, ਪਲਟੂ ਰਾਮ ਬਣ ਜਾਣਾ। ਚੇਤੇ ਰਹੇ ਕਿ ਨਿਤੀਸ਼ ਕੁਮਾਰ ਨੂੰ ਪਲਟੂ ਰਾਮ ਦਾ ਲਕਬ ਭਾਜਪਾ ਨੇ ਹੀ ਦਿੱਤਾ ਸੀ। ਹੁਣ ਯੂ-ਟਰਨ ਮਾਰਨ ਦੇ ਭਾਜਪਾ ਦੇ ਇਸ ਮਹਾਨ ਕਾਰਨਾਮੇ ਵਿੱਚ ਸਤਿਕਾਰਯੋਗ ਪ੍ਰਧਾਨ ਮੰਤਰੀ ਸਾਹਿਬ ਸਣੇ ਭਾਜਪਾ ਦੀ ਪਹਿਲੀ ਕਤਾਰ ਦੀ ਸਮੁੱਚੀ ਲੀਡਰਸ਼ਿੱਪ ਸ਼ਾਮਲ ਹੈ
ਸਵਰਗਵਾਸੀ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਜੀ ਦੇ ਕਾਰਜਕਾਲ ਵੇਲੇ ਸ੍ਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਕਈ ਸਾਰੇ ਬਿਆਨ ਇਸ ਵਕਤ ਸੋਸ਼ਲ ਮੀਡੀਆ ’ਤੇ ਉਪਲਬਧ ਹਨ, ਜਿਨ੍ਹਾਂ ਵਿੱਚ ਉਹ ਡਾਲਰ ਦੇ ਮੁਕਾਬਲੇ ਰੁਪਏ ਦੀ ਘਟਦੀ ਕੀਮਤ ਜਾਂ ਵੁੱਕਤ ਨੂੰ ਲੈ ਕੇ ਮਨਮੋਹਨ ਸਿੰਘ ਸਰਕਾਰ ਨੂੰ ਨੀਵਾਂ ਵਿਖਾਉਂਦੇ ਹੋਏ ਬਹੁਤ ਕੁਝ ਅਪਮਾਨਜਨਕ ਲਫ਼ਜ਼ ਬੋਲ ਰਹੇ ਹਨ ਤੇ ਉਸ ਵਰਤਾਰੇ ਨੂੰ ਮਨਮੋਹਨ ਸਰਕਾਰ ਦੀ ਵੱਡੀ ਨਾਕਾਮੀ ਗਿਣਾ ਰਹੇ ਹਨ। ਪਰ ਹੁਣ ਜਦੋਂ ਕਿ ਉਨ੍ਹਾਂ ਦੇ ਆਪਣੇ ਰਾਜਕਾਲ ਵਿੱਚ ਡਾਲਰ ਦੇ ਮੁਕਾਬਲੇ ਰੁਪਇਆ ਹੋਰ ਵੀ ਭਾਰੀ ਨਿਵਾਣਾਂ ਨੂੰ ਛੂਹ ਗਿਆ ਹੈ ਤਾਂ ਪ੍ਰਧਾਨ ਮੰਤਰੀ ਸਾਹਿਬ ਖ਼ਾਮੋਸ਼ ਹਨ ਤੇ ਉਨ੍ਹਾਂ ਦੇ ਬਚਾ ਵਿੱਚ ਉੱਤਰੀ ਦੇਸ਼ ਦੀ ਵਿੱਤ ਮੰਤਰੀ ਸਾਹਿਬਾ ਜੀ, ਉਹ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਮਨਮੋਹਨ ਸਿੰਘ ਹੁਰਾਂ ਬਾਰੇ ਬੋਲੇ ਗਏ ਬਚਨਾਂ ਤੋਂ ਯੂ-ਟਰਨ ਲੈਂਦੇ ਹੋਏ ਇੱਕ ਬਚਗਾਨਾ ਜਿਹਾ ਤਰਕ ਦਿੰਦਿਆਂ ਹੋਇਆਂ ਆਖਦੇ ਹਨ, ਦਰਅਸਲ ਭਾਰਤੀ ਰੁਪਇਆ ਕਮਜ਼ੋਰ ਨਹੀਂ ਹੋ ਰਿਹਾ ਹੈ, ਸਗੋਂ ਰੁਪਏ ਦੇ ਮੁਕਾਬਲੇ ਡਾਲਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਦਾ ਇਹ ਬਿਆਨ ਭਾਜਪਾ ਦੇ ਅੰਧ ਭਗਤਾਂ ਤੋਂ ਇਲਾਵਾ ਹੋਰ ਕਿਸੇ ਦੇ ਵੀ ਗਲੇ ਨਹੀਂ ਉੱਤਰ ਰਿਹਾ।
ਮਾਣਯੋਗ ਪ੍ਰਧਾਨ ਮੰਤਰੀ ਜੀ ਦੇ ਅਨੇਕਾਂ ਬਿਆਨ ਸਬੂਤ ਵਜੋਂ ਸੋਸ਼ਲ ਮੀਡੀਆ ’ਤੇ ਉਪਲਬਧ ਹਨ, ਜਿਨ੍ਹਾਂ ਵਿੱਚ ਉਹ ਮਹਾਰਾਸ਼ਟਰ ਵਿੱਚ ਐੱਨ.ਸੀ.ਪੀ. ਦੇ ਆਗੂ ਸ੍ਰੀ ਅਜੀਤ ਪਵਾਰ ਦੁਆਰਾ ਕੀਤੇ ਕਿਸੇ 70 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੰਦਿਆਂ ਹਿੰਦੀ ਫਿਲਮ ਸ਼ੋਅਲੇ ਵਿਚਲਾ ਸੰਵਾਦ ‘ਚੱਕੀ ਪੀਸਿੰਗ ਐਂਡ ਪੀਸਿੰਗ’ ਬੋਲ ਰਹੇ ਹਨ। ਭਾਜਪਾ ਦੀ ਪਹਿਲੀ ਕਤਾਰ ਦੀ ਸਮੁੱਚੀ ਲੀਡਰਸ਼ਿੱਪ ਨੇ ਬੀਤੇ ਸਮੇਂ ਵਿੱਚ ਮਹਾਰਾਸ਼ਟਰ ਦੇ ਸਿਆਸੀ ਆਗੂਆਂ ਨਰਾਇਣ ਰਾਣੇ ਅਤੇ ਛਗਨ ਭੁਜਬਲ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਜਨਤਕ ਮੰਚਾਂ ਤੋਂ ਲਾ ਕੇ ਇਨ੍ਹਾਂ ਆਗੂਆਂ ਨੂੰ ਖ਼ੂਬ ਭੰਡਿਆ ਸੀ ਪਰ ਫਿਰ ਜਦੋਂ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਦੀ ਵਾਰੀ ਆਈ ਤਾਂ ਆਪਣੇ ਹੀ ਸਟੈਂਡ ਤੋਂ ਇੱਕ ਦਮ ਯੂ-ਟਰਨ, ਲੈਂਦਿਆਂ ਸ੍ਰੀ ਮੋਦੀ ਸਾਹਿਬ ਅਤੇ ਸਮੁੱਚੀ ਲੀਡਰਸ਼ਿੱਪ ਨੇ ਇਨ੍ਹਾਂ ਹੀ ਆਗੂਆਂ ਨਾਲ ਹੱਥ ਮਿਲਾ ਕੇ ਇਨ੍ਹਾਂ ਨੂੰ ਸਰਕਾਰ ਵਿੱਚ ਉੱਚ ਅਹੁਦੇ ਵੀ ਪ੍ਰਦਾਨ ਕਰ ਦਿੱਤੇ ਅਤੇ ਇਨ੍ਹਾਂ ਖ਼ਿਲਾਫ਼ ਈ.ਡੀ. ਜਾਂ ਸੀ.ਬੀ.ਆਈ. ਦੇ ਛਾਪੇ ਵੀ ਤੁਰੰਤ ਬੰਦ ਹੋ ਗਏ।
ਸਾਲ 2014 ਵਿੱਚ ਕਾਂਗਰਸ ਰਾਜ ਸਮੇਂ ਰਸੋਈ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਦੇ ਮੁਕਾਬਲਤਨ ਕਾਫੀ ਘੱਟ ਸਨ ਪਰ ਉਦੋਂ ਵੀ ਭਾਜਪਾ ਆਗੂਆਂ ਨੇ ਉਸ ਵੇਲੇ ਦੀਆਂ ਕੀਮਤਾਂ ਨੂੰ ਲੈ ਕੇ ਦੇਸ਼ ਭਰ ਵਿੱਚ ਵੱਡੇ ਪੱਧਰ ’ਤੇ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਸਨ। ਭਾਜਪਾ ਦੀ ਮੁੱਖ ਅਦਾਕਾਰਾ, ਮਹਿਲਾ ਆਗੂ ਨੇ ਤਾਂ ਬੈਲ ਗੱਡੀ ’ਤੇ ਸਵਾਰ ਹੋ ਕੇ ਅਤੇ ਗੈਸ ਸਿਲੰਡਰ ਸਿਰ ’ਤੇ ਚੁੱਕ ਕੇ ਸਬੰਧਿਤ ਮਹਿੰਗਾਈ ਲਈ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਹੋਇਆਂ ਰੋਸ ਮਾਰਚ ਕੱਢੇ ਸਨ ਪਰ ਅੱਜ ਜਦੋਂ ਕੇਂਦਰ ਵਿੱਚ ਭਾਜਪਾ ਦੇ ਗਿਆਰ੍ਹਾਂ ਸਾਲ ਦੇ ਰਾਜ ਕਾਲ ਤੋਂ ਬਾਅਦ ਵੀ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਂਗਰਸ ਕਾਰਜਕਾਲ ਨਾਲੋਂ ਕਿਤੇ ਜ਼ਿਆਦਾ ਹਨ, ਹੁਣ ਯੂ-ਟਰਨ ਲੈਂਦਿਆਂ ਹੋਇਆਂ ਭਾਜਪਾ ਆਗੂ ਆਖ ਰਹੇ ਹਨ, ਜੇਕਰ ਕੀਮਤਾਂ ਜ਼ਿਆਦਾ ਹਨ ਤਾਂ ਫਿਰ ਕੀ ਹੋਇਆ? ਲੋਕ ਜੇਕਰ ਥੋੜ੍ਹੇ ਪੈਸੇ ਵੱਧ ਅਦਾ ਕਰਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ ਤਾਂ ਇਸ ਵਿੱਚ ਬੁਰਾ ਹੀ ਕੀ ਹੈ? ਪਤਾ ਨਹੀਂ ਅਜੋਕਾ ਮੀਡੀਆ ਇਸ ਸਰਕਾਰ ਤੋਂ ਅਤੇ ਭਾਜਪਾ ਆਗੂਆਂ ਤੋਂ ਇਹ ਕਿਉਂ ਨਹੀਂ ਪੁੱਛਦਾ ਹੈ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਵੱਧ ਕੀਮਤਾਂ ਕੀ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਨਹੀਂ ਸਨ? ਭਾਰਤ ਦੇ ਗੁਆਂਢੀ ਦੁਸ਼ਮਣ ਮੁਲਕ ਚੀਨ ਨਾਲ ਸਬੰਧਾਂ ਬਾਰੇ ਸ੍ਰੀ ਨਰਿੰਦਰ ਮੋਦੀ ਜੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਬੜਾ ਹੁੱਬ-ਹੁੱਬ ਕੇ ਆਖਦੇ ਹੁੰਦੇ ਸਨ ਕਿ ਸਾਡਾ ਭਾਰਤ ਚੀਨ ਨੂੰ ਲਾਲ ਅੱਖਾਂ ਕਿਉਂ ਨਹੀਂ ਵਿਖਾਉਂਦਾ? ਅਜੇ ਪਿਛਲੇ ਹੀ ਸਾਲ ਮੋਦੀ ਸਾਹਿਬ ਅਤੇ ਹੋਰ ਭਾਜਪਾ ਆਗੂ ਸਵਾਲ ਉਠਾ ਰਹੇ ਸਨ ਕਿ ਜਦੋਂ ਚੀਨ ਸਾਡਾ ਦੁਸ਼ਮਣ ਹੈ ਤਾਂ ਰਾਹੁਲ ਗਾਂਧੀ ਚੀਨ ਦੇ ਅਧਿਕਾਰੀਆਂ ਨੂੰ ਕਿਉਂ ਮਿਲ ਰਹੇ ਹਨ? ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਹੋਏ ਭਾਜਪਾ ਨੇ ਰਾਹੁਲ ਗਾਂਧੀ ਨੂੰ ਗੱਦਾਰ ਤਕ ਗਰਦਾਨ ਦਿੱਤਾ ਸੀ। ਪਰ ਹੁਣ ਜਦੋਂ ਪ੍ਰਧਾਨ ਮੰਤਰੀ ਸਾਹਿਬ ਗਲਵਾਨ ਵਿੱਚ ਭਾਰਤੀ ਸੈਨਿਕਾਂ ਦੇ ਅਪਮਾਨ ਨੂੰ ਅੱਖੋਂ ਪਰੋਖੇ ਕਰਕੇ ਚੀਨੀ ਰਾਸ਼ਟਰਪਤੀ ਨਾਲ ਗਲਵਕੜੀਆਂ ਪਾ ਕੇ ਫ਼ੋਟੋਆਂ ਖਿਚਵਾ ਰਹੇ ਹਨ ਤਾਂ ਭਾਜਪਾਈ ਮੰਤਰੀ, ਅਹੁਦੇਦਾਰ ਅਤੇ ਗੋਦੀ ਮੀਡੀਆ ਭਾਰਤ ਦੀ ਵਿਦੇਸ਼ ਨੀਤੀ ਅਤੇ ਪ੍ਰਧਾਨ ਮੰਤਰੀ ਜੀ ਦੀ ਦੂਰਦਰਸ਼ਿਤਾ ਦੇ ਸੋਹਿਲੇ ਗਾ ਰਿਹਾ ਹੈ। ਚੀਨ ਨੂੰ ਲੈ ਕੇ ਭਾਜਪਾ ਸਰਕਾਰ ਦੇ ਯੂ-ਟਰਨ ਦੇ ਕਰਕੇ ਅੱਜ ਸਾਡੀ ਵਿਦੇਸ਼ ਨੀਤੀ ਸਭ ਤੋਂ ਖਰਾਬ ਦੌਰ ਵਿੱਚ ਪ੍ਰਵੇਸ਼ ਕਰ ਗਈ ਹੈ। ਇਸਦੇ ਨਾਲ ਹੀ ਅਮਰੀਕਾ ਨਾਲ ਸਬੰਧਾਂ ਨੂੰ ਲੈ ਕੇ ਵੀ ਭਾਰਤ ਇੱਕ ਦੋਰਾਹੇ ’ਤੇ ਖੜ੍ਹਾ ਵਿਖਾਈ ਦੇ ਰਿਹਾ ਹੈ।
ਪਾਕਿਸਤਾਨ ਨੂੰ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਅਤੇ ਭਾਰਤ ਵਿੱਚ ਅੱਤਵਾਦ ਫੈਲਾਉਣ ਲਈ ਜ਼ਿੰਮੇਵਾਰ ਮੁਲਕ ਗਰਦਾਨਦਿਆਂ ਹੋਇਆਂ ਭਾਜਪਾ ਆਗੂ ਪਾਕਿਸਤਾਨ ਨੂੰ ਦਿਨ-ਰਾਤ ਭੰਡਦੇ ਰਹਿੰਦੇ ਹਨ ਪਰ ਇਹ ਦੱਸਣ ਨੂੰ ਕੋਈ ਤਿਆਰ ਨਹੀਂ ਹੈ ਕਿ ਜੇਕਰ ਪਾਕਿਸਤਾਨ ਸੱਚਮੁੱਚ ਹੀ ਸਾਡਾ ਦੁਸ਼ਮਣ ਮੁਲਕ ਹੈ ਤਾਂ ਫਿਰ ਪ੍ਰਧਾਨ ਮੰਤਰੀ ਸਾਹਿਬ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ਼ ਦੇ ਘਰੇਲੂ ਸਮਾਗਮ ਦੌਰਾਨ ਬਿਨਾਂ ਬੁਲਾਏ ਹੀ ਕੀ ਲੈਣ ਗਏ ਸਨ? ਭਾਜਪਾ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਵੀ ਪਾਕਿਸਤਾਨ ਵਿੱਚ ਸ੍ਰੀ ਮੁਹੰਮਦ ਅਲੀ ਜਿਨਾਹ ਦੀ ਕਬਰ ’ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੇ ਉਨ੍ਹਾਂ ਦੀ ਸ਼ਾਨ ਵਿੱਚ ਕਸੀਦੇ ਪੜ੍ਹਨ ਕਿਉਂ ਗਏ ਸਨ? ਕੇਂਦਰ ਦੀ ਭਾਜਪਾ ਸਰਕਾਰ ਦੀ ਸਹਿਮਤੀ ਨਾਲ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦਾ ਪਠਾਨਕੋਟ ਹਮਲੇ ਦੀ ਜਾਂਚ ਕਰਨ ਲਈ ਕੀ ਭਾਰਤ ਆਉਣਾ ਬਣਦਾ ਸੀ? ਅਪਰੇਸ਼ਨ ਸਿੰਧੂਰ ਦੌਰਾਨ ਜਦੋਂ ਭਾਰਤ ਪੂਰੀ ਤਰ੍ਹਾਂ ਜਿੱਤ ਦਾ ਪਰਚਮ ਲਹਿਰਾ ਰਿਹਾ ਸੀ ਤਾਂ ਫਿਰ ਅਪਰੇਸ਼ਨ ਅਚਾਨਕ ਰੋਕ ਕਿਉਂ ਦਿੱਤਾ ਗਿਆ? ਅਪਰੇਸ਼ਨ ਸੰਧੂਰ ਸਬੰਧੀ ਕਰਨਲ ਸੋਫ਼ੀਆ ਅਤੇ ਹੋਰ ਮਹਿਲਾ ਫ਼ੌਜੀ ਅਫਸਰਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤਣ ਵਾਲੇ ਭਾਜਪਾ ਆਗੂ ਖ਼ਿਲਾਫ਼ ਭਲਾ ਕਿਹੜੀ ਸਖ਼ਤ ਕਾਰਵਾਈ ਕੀਤੀ ਗਈ? ਅਜਿਹੇ ਕਈ ਸਾਰੇ ਸਵਾਲ ਹਨ ਜੋ ਭਾਜਪਾ ਦੀ ਪਾਕਿਸਤਾਨ ਸਬੰਧੀ ਨੀਤੀ ਅਤੇ ਵਿਚਾਰਧਾਰਾ ਦੇ ਯੂ-ਟਰਨ ਨੂੰ ਸਪਸ਼ਟ ਪੇਸ਼ ਕਰਦੇ ਹਨ।
ਭਾਰਤੀ ਕਿਸਾਨਾਂ ਦਾ ਵੱਡਾ ਹਿਤੂ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਲੀਡਰਸ਼ਿੱਪ ਅਤੇ ਸਰਕਾਰ ਇੱਕ ਪਾਸੇ ਕਿਸਾਨਾਂ ਦੇ ਭਲੇ ਲਈ ਕਾਨੂੰਨ ਬਣਾਉਣ ਦਾ ਦਾਅਵਾ ਕਰਦੀ ਹੈ। ਉਨ੍ਹਾਂ ਦੇ ਖਾਤਿਆਂ ਵਿੱਚ ਛੇ ਹਜ਼ਾਰ ਰੁਪਏ ਸਲਾਨਾ ਭਾਵ ਪੰਜ ਸੌ ਰੁਪਏ ਮਹੀਨਾ ਦੀ ਕਿਸਾਨ ਨਿਧੀ ਪਾਉਣ ਦੇ ਦਾਅਵੇ ਕਰਦੀ ਹੈ ਤੇ ਦੂਜੇ ਪਾਸੇ ਆਪਣੇ ਇਸੇ ਸਟੈਂਡ ਤੋਂ ਪੂਰੀ ਤਰ੍ਹਾਂ ਪਲਟੀ ਮਾਰਦਿਆਂ, ਭਾਵ ਯੂ-ਟਰਨ ਲੈਂਦਿਆ ਹੋਇਆਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਨੂੰ ਮਹੀਨਿਆਂ ਬੱਧੀ ਰੋਕੀ ਰੱਖਦੀ ਹੈ। ਉਨ੍ਹਾਂ ਦੇ ਰਾਹ ਵਿੱਚ ਰੋਕਾਂ ਦੇ ਪਹਾੜ ਖੜ੍ਹੇ ਕਰਦੀ ਹੈ। ਸੱਤ ਸੌ ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਦੀ ਬਲੀ ਲੈ ਲੈਂਦੀ ਹੈ, ਆਪਣੇ ਆਗੂਆਂ ਅਤੇ ਮੰਤਰੀਆਂ ਦੀ ਗੱਡੀਆਂ ਹੇਠਾਂ ਕਿਸਾਨਾਂ ਨੂੰ ਕੁਚਲਵਾ ਦਿੰਦੀ ਹੈ ਤੇ ਫਿਰ ਵੀ ਆਪਣੇ ਕਿਸਾਨ ਪੱਖੀ ਹੋਣ ਦਾ ਦਮ ਭਰਦੀ ਹੈ।
ਇਹ ਸਚਾਈ ਸਭ ਨੂੰ ਪਤਾ ਹੈ ਕਿ ਭਾਜਪਾ ਦੇ ਸਿਰਮੌਰ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਨੂੰ ਭਾਜਪਾ ਸੰਗਠਨ ਜਾਂ ਭਾਜਪਾ ਮੰਤਰੀ ਮੰਡਲ ਵਿੱਚ ਕੋਈ ਵੱਡਾ ਅਹੁਦਾ ਦਿੱਤੇ ਜਾਣ ਦੀ ਥਾਂ ਘਰ ਕਿਉਂ ਬਿਠਾ ਦਿੱਤਾ ਗਿਆ ਸੀ, ਜਾਂ ਮਾਰਗ ਦਰਸ਼ਕ ਮੰਡਲ ਵਿੱਚ ਕਿਉਂ ਪਾ ਦਿੱਤਾ ਗਿਆ ਸੀ? ਸ੍ਰੀ ਮੋਦੀ ਸਾਹਿਬ ਨੇ ਭਾਜਪਾ ਦੇ 75 ਸਾਲ ਦੀ ਉਮਰ ਵਾਲੇ ਸਮੂਹ ਆਗੂਆਂ ਨੂੰ ਮਾਰਗ ਦਰਸ਼ਕ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਦੀ ਗੱਲ ਕਹੀ ਅਤੇ ਮਨਵਾਈ ਸੀ ਪਰ ਹੁਣ ਜਦੋਂ ਉਹ ਖ਼ੁਦ ਅਤੇ ਭਾਜਪਾ ਦੇ ਪਿਤਰੀ ਸੰਗਠਨ ਦੇ ਮੁਖੀ ਸ੍ਰੀ ਮੋਹਨ ਭਾਗਵਤ 75 ਸਾਲਾਂ ਨੂੰ ਆਣ ਢੁੱਕੇ ਹਨ ਤਾਂ ਹੁਣ ਸ੍ਰੀ ਮੋਦੀ, ਸ੍ਰੀ ਭਾਗਵਤ ਅਤੇ ਸਮੂਹ ਭਾਜਪਾ ਆਗੂਆਂ ਦੇ ਵਿਚਾਰ ਉਕਤ ਨਿਯਮ ਸਬੰਧੀ ਯੂ-ਟਰਨ ਲੈ ਕੇ ਪਲਟ ਗਏ ਨਜ਼ਰ ਆ ਰਹੇ ਹਨ।
ਭਾਜਪਾ ਆਗੂ ਅਤੇ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਦਾ ਉਹ ਪੁਰਾਣਾ ਬਿਆਨ ਕਿਸੇ ਨੂੰ ਨਹੀਂ ਭੁੱਲਿਆ ਹੈ, ਜਿਸ ਵਿੱਚ ਉਹ ਕਿਸੇ ਵੀ ਕੀਮਤ ’ਤੇ ਬਿਹਾਰ ਵਿੱਚ ਨਿਤੀਸ਼ ਕੁਮਾਰ ਨਾਲ ਰਲਣ ਅਤੇ ਸਰਕਾਰ ਬਣਾਉਣ ਤੋਂ ਇਨਕਾਰ ਕਰ ਰਹੇ ਹਨ। ਪਰ ਸਭ ਜਾਣਦੇ ਹਨ ਕਿ ਭਾਜਪਾ ਨੇ ਸਾਫ਼ ਤੌਰ ’ਤੇ ਯੂ-ਟਰਨ ਲੈਂਦਿਆਂ ਹੋਇਆਂ ਬਿਹਾਰ ਵਿੱਚ ਸਰਕਾਰ ਬਣਾਈ ਸੀ ਜੋ ਕਿ ਅਜੇ ਵੀ ਚੱਲ ਰਹੀ ਹੈ ਤੇ ਹੁਣ ਫਿਰ ਭਾਜਪਾ ਇਸੇ ਗਠਜੋੜ ਨੂੰ ਅੱਗੇ ਵਧਾਉਣ ਦੀਆਂ ਵੀ ਗੱਲਾਂ ਕਰ ਰਹੀ ਹੈ।
ਇਤਿਹਾਸ ਗਵਾਹ ਹੈ ਕਿ ਜੰਮੂ-ਕਸ਼ਮੀਰ ਵਿਚਲੀ ਪੀ.ਡੀ.ਪੀ. ਨਾਮਕ ਸਿਆਸੀ ਪਾਰਟੀ ਨੂੰ ਅੱਤਵਾਦੀਆਂ ਦੀ ਹਿਮਾਇਤੀ ਆਖਣ ਵਾਲੀ ਭਾਜਪਾ ਨੇ ਇੱਕ ਦਮ ਯੂ-ਟਰਨ ਲੈਂਦਿਆਂ ਹੋਇਆਂ ਇਸੇ ਦਲ ਨਾਲ ਗਠਜੋੜ ਕਰਕੇ ਜੰਮੂ-ਕਸ਼ਮੀਰ ਵਿੱਚ ਆਪਣੀ ਸਰਕਾਰ ਚਲਾਈ ਸੀ। ਇਹ ਵੀ ਸੱਚ ਹੈ ਕਿ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਆਖ ਕੇ ਸ਼ਰਧਾਂਜਲੀ ਦੇਣ ਵਾਲੀ ਭਾਜਪਾ ਨੇ ਦੋਹਰੇ ਮਾਪਦੰਡ ਅਪਣਾਉਂਦਿਆਂ ਹੋਇਆਂ ਸ੍ਰੀ ਮਹਾਤਮਾ ਗਾਂਧੀ ਦੇ ਕਾਤਿਲ ਅਤੇ ਆਰ. ਐੱਸ. ਐੱਸ. ਦੇ ਸਰਗਰਮ ਕਾਰਜਕਰਤਾ ਨੱਥੂ ਰਾਮ ਗੌਂਡਸੇ ਨੂੰ ਅੱਜ ਤਕ ਅੱਤਵਾਦੀ ਜਾਂ ਹਤਿਆਰਾ ਨਹੀਂ ਆਖਿਆ। ਵਿਚੋਲਗੀ ਕਰਕੇ ਰੂਸ-ਯੁਕਰੇਨ ਜੰਗ ਰੁਕਵਾਉਣ ਦਾ ਦਾਅਵਾ ਕਰਨ ਵਾਲੇ, ਯੂ-ਟਰਨ ਮਾਹਿਰ ਸ੍ਰੀ ਨਰਿੰਦਰ ਮੋਦੀ ਸਾਹਿਬ ਦੇਸ਼ ਅਤੇ ਦੁਨੀਆਂ ਨੂੰ ਇਹ ਸਮਝਾਉਣ ਵਿੱਚ ਅਸਮਰੱਥ ਹਨ ਕਿ ਰੂਸ-ਯੁਕਰੇਨ ਜੰਗ ਅੱਜ ਤਕ ਵੀ ਕਿਉਂ ਚੱਲ ਰਹੀ ਹੈ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (