“ਇਸਤਰੀ ਜਥੇ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਤਕ ਵੀ ਕੀਰਤਨ ਨਹੀਂ ਕਰਨ ...”
(10 ਸਤੰਬਰ 2025)
ਕਿਹਾ ਜਾਂਦਾ ਹੈ ਕਿ ਮਨ ਦੀ ਸ਼ਾਂਤੀ ਦੁਨੀਆਂ ਦਾ ਸਭ ਤੋਂ ਅਨਮੋਲ ਖ਼ਜ਼ਾਨਾ ਹੈ ਅਤੇ ਇਸਦੀ ਭਾਲ ਵਿੱਚ ਦੁਨੀਆਂ ਦੇ ਲੋਕ ਦਰ-ਦਰ ਭਟਕਦੇ ਫਿਰਦੇ ਹਨ। ਵਿਦਵਾਨ ਤਾਂ ਇਹ ਵੀ ਆਖਦੇ ਹਨ ਕਿ ਰੱਬ ਅਤੇ ਮਨ ਦੀ ਸ਼ਾਂਤੀ ਜੇਕਰ ਆਪਣੇ ਅੰਦਰੋਂ ਨਾ ਮਿਲ ਸਕਣ ਤਾਂ ਫਿਰ ਬਾਹਰੋਂ ਵੀ ਕਿਤਿਉਂ ਨਹੀਂ ਮਿਲ ਸਕਦੇ ਹਨ ਪਰ ਫਿਰ ਵੀ ਇਹ ਕਿਹਾ ਜਾਂਦਾ ਹੈ ਕਿ ‘ਅੰਦਰ’ ਦੀ ਯਾਤਰਾ ਸ਼ੁਰੂ ਕਰਨ ਲਈ ਪਹਿਲਾਂ ਬਾਹਰੋਂ ਗਿਆਨ ਹਾਸਲ ਕਰਨਾ ਪੈਂਦਾ ਹੈ ਤੇ ਉਹ ਗਿਆਨ ਸੱਚੇ ਗੁਰੂ, ਰਹਿਬਰ ਜਾਂ ਮੁਰਸ਼ਦ ਤੋਂ ਹਾਸਲ ਹੁੰਦਾ ਹੈ। ਇਸੇ ਕਰਕੇ ਲੋਕ ਮਨ ਦੀ ਸ਼ਾਂਤੀ ਹਿਤ ਆਪੋ ਆਪਣੇ ਧਰਮਾਂ ਅਤੇ ਮਤਾਂ-ਮਤਾਂਤਰਾਂ ਮੁਤਾਬਿਕ ਮਿਥੇ ਗਏ ਧਰਮ ਅਸਥਾਨਾਂ ਦੀ ਜ਼ਿਆਰਤ ਕਰਦੇ ਹਨ ਅਤੇ ਸਬੰਧਿਤ ਧਰਮ ਗ੍ਰੰਥਾਂ ਵਿੱਚ ਦਰਜ ਸੱਚੀਆਂ ਅਤੇ ਪਾਵਨ ਬਾਤਾਂ ਦਾ ਪਾਠ ਅਤੇ ਚਿੰਤਨ ਕਰਦੇ ਹਨ। ਮੇਰੀ ਆਸਥਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਚਲਾਏ ਗਏ ਸਿੱਖ ਪੰਥ ਵਿੱਚ ਹੈ, ਇਸ ਕਰਕੇ ਮੈਂ ਸਿੱਖ ਧਰਮ ਅਸਥਾਨਾਂ ਭਾਵ ਗੁਰਦੁਆਰਾ ਸਾਹਿਬਾਨ ਵਿਖੇ ਜਾਂਦਾ ਹਾਂ। ਪਰ ਉੱਥੇ ਜਾ ਕੇ ਮੇਰਾ ਮਨ ‘ਸ਼ਾਂਤ’ ਹੋਣ ਦੀ ਥਾਂ ਹੋਰ ‘ਅਸ਼ਾਂਤ’ ਹੋ ਜਾਂਦਾ ਹੈ।
ਮੇਰਾ ਮੰਨਣਾ ਹੈ ਕਿ ਸਾਡੇ ਪਾਵਨ ਗੁਰਧਾਮ ਸਾਨੂੰ ਸਹੀ ਜੀਵਨ ਜਾਚ ਸਿਖਾਉਣ ਅਤੇ ਆਦਰਸ਼ ਜ਼ਾਬਤੇ ਦੇ ਰੂਬਰੂ ਕਰਾਉਣ ਲਈ ਬਣੇ ਹਨ। ਇੱਥੇ ਚੱਤੇ ਪਹਿਰ ਪਾਵਨ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਤੇ ਸੇਵਾ ਅਤੇ ਸਿਮਰਨ ਦੇ ਕਾਰਜ ਵਧ-ਚੜ੍ਹ ਕੇ ਕੀਤੇ ਜਾਂਦੇ ਹਨ ਪਰ ਫਿਰ ਵੀ ਇਨ੍ਹਾਂ ਗੁਰਧਾਮਾਂ ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਗੁਰਮਤਿ ਸਿਧਾਂਤਾਂ ਦੀਆਂ ਸ਼ਰੇਆਮ ਉਡਾਈਆਂ ਜਾਂਦੀਆਂ ਧੱਜੀਆਂ ਨੂੰ ਵੇਖ ਕੇ ਮਨ ਦੁਖੀ ਅਤੇ ਅਸ਼ਾਂਤ ਹੋ ਜਾਂਦਾ ਹੈ ਤੇ ਮੈਂ ਮੁੜ ਕਿਸੇ ਧਰਮ ਅਸਥਾਨ ’ਤੇ ਨਾ ਜਾਣ ਦਾ ਫੈਸਲਾ ਕਰਕੇ ਘਰ ਨੂੰ ਮੁੜ ਆਉਂਦਾ ਹਾਂ। ਮੈਂ ਵੇਖਦਾ ਹਾਂ ਕਿ ਚਾਹੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਵੇ ਜਾਂ ਫਿਰ ਕੋਈ ਹੋਰ ਗੁਰਧਾਮ, ਉੱਥੇ ਪਾਵਨ ਬਾਣੀ ਦਾ ਰਾਗਮਈ ਅਤੇ ਰਸਭਿੰਨਾ ਕੀਰਤਨ ਚੱਲ ਰਿਹਾ ਹੁੰਦਾ ਹੈ ਤੇ ਅਤਿੰਅਤ ਗੁਣੀ ਅਤੇ ਪ੍ਰਤਿਭਾਵਾਨ ਕੀਰਤਨੀ ਜਥੇ ਕੀਰਤਨ ਰਾਹੀਂ ਅਮ੍ਰਿਤ ਵਰਖਾ ਕਰ ਰਹੇ ਹੁੰਦੇ ਹਨ ਪਰ ਫਿਰ ਵੀ ਮੇਰੇ ਵਰਗੇ ਕਈ ਬੇਅਕਲੇ ਲੋਕ ਉਸ ਅਮ੍ਰਿਤ ਵਰਖਾ ਤੋਂ ਮੁੱਖ ਮੋੜ ਕੇ ਆਪੋ-ਆਪਣੇ ਗੁਟਕਾ ਸਾਹਿਬ ਲੈ ਕੇ ਗੁਰਦੁਆਰਾ ਸਾਹਿਬ ਦੇ ਕਿਸੇ ਕੋਨੇ ਵਿੱਚ ਜਾ ਬੈਠਦੇ ਹਨ ਅਤੇ ਆਪਣੀ ਮਰਜ਼ੀ ਦੀ ਜਾਂ ਨਿਤਨੇਮ ਦੀ ਕਿਸੇ ਬਾਣੀ ਦਾ ਪਾਠ ਕਰਨ ਲੱਗ ਜਾਂਦੇ ਹਾਂ। ਕੀ ਅਸੀਂ ਕਦੀ ਸੋਚਿਆ ਹੈ ਕਿ ਸਾਡੇ ਵਿੱਚੋਂ ਕਿੰਨਿਆਂ ਨੂੰ ਇਹ ਗਿਆਨ ਹੈ ਕਿ ਕਿਹੜੀ ਬਾਣੀ ਕਿਹੜੇ ਰਾਗ ਵਿੱਚ ਅਤੇ ਕਿਹੜਾ ਰਾਗ ਕਿਹੜੇ ਕਾਲਖੰਡ ਵਿੱਚ ਗਾਇਆ ਜਾਣਾ ਹੈ? ਜੇਕਰ ਇਸਦਾ ਸਵਾਲ ਦਾ ਜਵਾਬ ‘ਨਹੀਂ’ ਵਿੱਚ ਹੈ ਤਾਂ ਫਿਰ ਅਸੀਂ ਭਲਾ ਕਿਉਂ ਗੁਰਧਾਮਾਂ ’ਤੇ ਗਾਈ ਜਾਂਦੀ ਰਾਗਬੱਧ ਬਾਣੀ ਦਾ ਕੀਰਤਨ ਅਣਸੁਣਿਆ ਕਰਕੇ ਆਪਣੇ ਗੁਟਕਿਆਂ ਤੋਂ ਪਾਠ ਕਰਨ ਦਾ ਕਾਰਜ ਕਰਦੇ ਹਾਂ? ਕੀ ਗੁਟਕਾ ਸਾਹਿਬ ਤੋਂ ਇਹ ਪਾਠ ਅਸੀਂ ਆਪਣੇ ਘਰ, ਕਾਰ ਜਾਂ ਬੱਸ ਵਿੱਚ ਬੈਠ ਕੇ ਨਹੀਂ ਕਰ ਸਕਦੇ? ਅਸੀਂ ਗੁਰਧਾਮਾਂ ’ਤੇ ਗਾਈ ਜਾਂਦੀ ਬਾਣੀ ਨੂੰ ਅਣਸੁਣਿਆ ਕਰਕੇ ਅਚਿੰਤੇ ਗੁਰਮਤਿ ਦੀ ਥਾਂ ਮਨਮਤਿ ਦਾ ਪੱਲਾ ਫੜ ਕੇ ਪਾਪ ਦੇ ਭਾਗੀ ਤਾਂ ਨਹੀਂ ਬਣਦੇ ਹਾਂ? ਇਹ ਪ੍ਰਸ਼ਨ ਮੈਨੂੰ ਸਦਾ ਚੂੰਡਦਾ ਰਹਿੰਦਾ ਹੈ ਤੇ ਮੈਂ ‘ਅਸ਼ਾਂਤ’ ਮਨ ਨਾਲ ਘਰ ਨੂੰ ਪਰਤ ਆਉਂਦਾ ਹਾਂ।
ਮੈਂ ਕਈ ਵਾਰ ਵੇਖਦਾ ਹਾਂ ਕਿ ਸਾਡੇ ਸਿੱਖ ਭਾਈ-ਭੈਣਾਂ ਸਰੋਵਰਾਂ ਦੇ ਜਲ ਨੂੰ ਹੀ ਅਮ੍ਰਿਤ ਸਮਝ ਬੈਠਦੇ ਹਨ ਤੇ ਚੂਲੀਆਂ ਭਰ-ਭਰ ਕੇ ਪੀਵੀ ਜਾਂਦੇ ਹਨ ਜਦੋਂ ਕਿ ਗੁਰੂ ਸਾਹਿਬਾਨ ਵੱਲੋਂ ਤਾਂ ਨਾਮਬਾਣੀ ਦਾ ਅਮ੍ਰਿਤ ਪੀਣ ਦੀ ਗੱਲ ਕਹੀ ਗਈ ਸੀ ਤੇ ਖੰਡੇ-ਬਾਟੇ ਦਾ ਅਮ੍ਰਿਤ ਪੀਣ ਦੀ ਗੱਲ ਕਹੀ ਗਈ ਸੀ। ਸਾਨੂੰ ਨੀਵੇਂ ਅਤੇ ਨਿਮਾਣੇ ਬਣ ਕੇ ‘ਸੰਗਤਾਂ ਦੀ ਚਰਨ ਧੂੜ’ ਬਣਨ ਦਾ ਉਪਦੇਸ਼ ਦਿੱਤਾ ਗਿਆ ਸੀ ਨਾ ਕਿ ਗੁਰਦੁਆਰਿਆਂ ਦੀ ਦੇਹਲੀਆਂ ’ਤੇ ਪਈ ਮਿੱਟੀ ਮੱਥੇ ’ਤੇ ਮਲਣ ਜਾਂ ਸੰਗਤਾਂ ਦੇ ਪੈਰ ਧੋਣ ਦੀ ਥਾਂ ਤੋਂ ਜਲ ਲੈ ਕੇ ਚੂਲੀਆਂ ਭਰਨ ਲਈ ਕਿਸੇ ਗੁਰੂ ਨੇ ਹਦਾਇਤ ਕੀਤੀ ਸੀ। ‘ਸੰਗਤਾਂ ਦੀ ਚਰਨ ਧੂੜ’ ਬਣਨ ਦਾ ਸੰਕਲਪ ਤਾਂ ਸਾਰੇ ਵੈਰ-ਵਿਰੋਧ, ਈਰਖਾ-ਦਵੇਸ਼ ਅਤੇ ਊਚ-ਨੀਚ ਨੂੰ ਮਿਟਾ ਕੇ ਮਿੱਠੇ ਅਤੇ ਨਿਮਰ ਬਣਨ ਲਈ ਦਿੱਤਾ ਗਿਆ ਸੀ ਜੋ ਅਸਲ ਵਿੱਚ ਔਖਾ ਕਾਰਜ ਹੈ ਤੇ ਸਾਡੇ ਤੋਂ ਅਮਲ ਵਿੱਚ ਲਿਆਂਦਾ ਨਹੀਂ ਜਾਂਦਾ ਹੈ ਤੇ ਅਸੀਂ ਬਾਹਰੀ ਅਤੇ ਫ਼ੋਕਟ ਕਰਮਕਾਂਡ ਕਰਨ ਵੱਲ ਲੱਗ ਜਾਂਦੇ ਹਾਂ। ਗੁਰਦੁਆਰਾ ਸਾਹਿਬ ਦੀਆਂ ਕਮੇਟੀ ਦੀਆਂ ਚੋਣਾਂ ਵਿੱਚ ਪ੍ਰਧਾਨਗੀ ਅਤੇ ਹੋਰ ਅਹੁਦਿਆਂ ਲਈ ਇੱਕ ਦੂਜੇ ਦੀਆਂ ਦਸਤਾਰਾਂ ਅਤੇ ਕਕਾਰਾਂ ਤਕ ਦੀ ਬੇਅਦਬੀ ਕਰਨ ਤੋਂ ਬਾਜ਼ ਨਾ ਆਉਣ ਵਾਲੇ ਸਾਡੇ ਗੁਰੂਘਰਾਂ ਦੇ ਅਹੁਦੇਦਾਰ ਜਦੋਂ ਪੋਸਟਰਾਂ ਅਤੇ ਬੈਨਰਾਂ ’ਤੇ ਆਪਣੇ ਆਪ ਨੂੰ ‘ਸੰਗਤਾਂ ਦੇ ਚਰਨਾਂ ਦੇ ਦਾਸ’ ਅਤੇ ‘ਸੰਗਤਾਂ ਦੇ ਚਰਨਾਂ ਦੀ ਧੂੜ’ ਲਿਖਵਾਉਂਦੇ ਹਨ ਤਾਂ ਮੇਰਾ ਮਨ ਅਸ਼ਾਂਤ ਹੋ ਜਾਂਦਾ ਹੈ।
ਮੈਂ ਜਦੋਂ ਕਦੀ ਵੀ ਆਪਣੇ ਨਗਰ ਅਤੇ ਹੋਰ ਪਿੰਡਾਂ ਜਾਂ ਸ਼ਹਿਰਾਂ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਦੌਰਾਨ ਇਸਤਰੀ ਜਥਿਆਂ ਵੱਲੋਂ ਕੀਤੇ ਜਾਂਦੇ ਗੁਰਬਾਣੀ ਕੀਰਤਨ ਨੂੰ ਸਰਵਣ ਕਰਦਾ ਹਾਂ ਤਾਂ ਮਨ ਬੇਹੱਦ ਖ਼ੁਸ਼ ਹੁੰਦਾ ਹੈ ਕਿ ਦੂਸਰੇ ਧਰਮਾਂ ਵਾਂਗ ਘੱਟੋ-ਘੱਟ ਇੱਥੇ ਇਸਤਰੀਆਂ ਨੂੰ ਆਪਣੇ ਧਰਮ ਅਸਥਾਨਾਂ ਅੰਦਰ ਜਾਣ ਅਤੇ ਨਿਝੱਕ ਹੋ ਕੇ ਪੂਜਾ-ਪਾਠ ਅਤੇ ਕੀਰਤਨ ਕਰਨ ਦੀ ਕੋਈ ਮਨਾਹੀ ਨਹੀਂ ਹੈ। (ਅਧਿਕਤਰ ਮਸਜਿਦਾਂ ਅੰਦਰ ਔਰਤਾਂ ਵੱਲੋਂ ਜਾ ਕੇ ਨਮਾਜ਼ ਅਦਾ ਕਰਨ ਅਤੇ ਕੁਝ ਹਿੰਦੂ ਮੰਦਰਾਂ ਦੇ ਗਰਭ ਗ੍ਰਹਿ ਵਿੱਚ ਹਿੰਦੂ ਔਰਤਾਂ ਦੇ ਜਾਣ ਅਤੇ ਪੂਜਾ ਪਾਠ ਕਰਨ ਦੀ ਛੋਟ ਨਹੀਂ ਹੈ) ਪਰ ਮੇਰਾ ਮਨ ਉਸ ਵੇਲੇ ਫਿਰ ਅਸ਼ਾਂਤ ਹੋ ਜਾਂਦਾ ਹੈ ਜਦੋਂ ਮੈਂ ਇਹ ਵੇਖਦਾ ਹਾਂ ਕਿ ਹਰੇਕ ਛੋਟੇ-ਵੱਡੇ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨ ਵਾਲੇ ਕਿਸੇ ਵੀ ਇਸਤਰੀ ਜਥੇ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਤਕ ਵੀ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ ਹੈ। ਪਤਾ ਨਹੀਂ ਇਹ ਕਿਹੜੀ ਗੁਰਮਤਿ ਪਰੰਪਰਾ ਜਾਂ ਪੰਥਕ ਮਰਯਾਦਾ ਹੈ, ਜੋ ਕੇਵਲ ਇੱਕ ਵਿਸ਼ੇਸ਼ ਗੁਰਧਾਮ ’ਤੇ ਲਾਗੂ ਹੁੰਦੀ ਹੈ ਤੇ ਬਾਕੀ ਗੁਰਧਾਮਾਂ ’ਤੇ ਲਾਗੂ ਨਹੀਂ ਹੁੰਦੀ? ਇੱਥੇ ਇਸਤਰੀਆਂ ਨੂੰ ਕੀਰਤਨ ਕਰਨ ਦੀ ਆਗਿਆ ਨਾ ਬਖ਼ਸ਼ਣ ਵਾਲੇ ਤੇ ਸਿੱਖਾਂ ਦੇ ਪੰਜਾਂ ਵਿੱਚੋਂ ਕਿਸੇ ਵੀ ਇੱਕ ਤਖ਼ਤ ਦੀ ਜਥੇਦਾਰੀ ਕਿਸੇ ਸਿੱਖ ਸਿਧਾਂਤਾਂ ਵਾਲੀ ਇਸਤਰੀ ਨੂੰ ਨਾ ਸੌਂਪਣ ਵਾਲੇ ਵੱਡੇ ਪੰਥਕ ਜਥੇਦਾਰ ਅਤੇ ਲੀਡਰ ਜਦੋਂ ਕਿਸੇ ਮੰਚ ਤੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਈ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਵਾਲੀ ਪਾਵਨ ਤੁਕ ਉਚਾਰਦੇ ਹਨ ਤਾਂ ਮੇਰਾ ਮਨ ‘ਅਸ਼ਾਂਤ’ ਹੋ ਜਾਂਦਾ ਹੈ ਤੇ ਮੈਂ ਧਰਮ ਅਸਥਾਨ ਤੋਂ ਉੱਠ ਕੇ ਘਰ ਪਰਤ ਆਉਂਦਾ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (