HarpreetKaur7

(ਜਨਵਰੀ 8, 2016)

 

       1.

   ਦੱਸ ਤਾਂ

ਕਿਹੜੀਆਂ ਛੁੱਟੀਆਂ ਨੇ
ਜੋ ਨਾਨਕੇ ਪਿੰਡ ਜਾਣ ਲਈ ਮਿਲਦੀਆਂ ਨੇ
ਕਿਹੜਾ ਮਾਸਟਰ ਦਿੰਦਾ ਹੈ
ਦੱਸ ਤਾਂ

ਉਹ ਕਿਹੜੀ ਸ਼ਾਹ ਕੋਠੜੀ ਹੈ
ਜਿੱਥੇ ਜਾਦੂਗਰ ਆਪਣੇ ਪੈਰ ਛੱਡ ਆਉਂਦਾ ਹੈ
ਦੱਸ ਤਾਂ

ਇਹ ਕਾਹਲੀ ਪੈਣਾ ਕੀ ਹੁੰਦਾ ਹੈ
ਤੇ ਉਹ ਕੀ ਹੈ ਜੋ ਕਾਂ ਵਾਂਗਰ ਤੇਰੀ ਤਲੀ ਚੋਂ ਉੱਡਦਾ ਹੈ
ਤੇ ਬਗਲਾ ਬਣ-ਬਣ ਨਿਕਲਦਾ ਹੈ
ਦੱਸ ਤਾਂ ...

ਇਹ ਜੀ ਲੱਗਣਾ ਕਿਹਨੂੰ ਕਹਿੰਦੇ ਨੇ
ਤੇ ਉਦਾਸ ਹੋਣਾ ਕੀ ਹੁੰਦਾ
ਤੇ ਤਲਵੰਡੀ ਵੱਲ ਕਿਹੜਾ ਰਾਹ ਜਾਂਦਾ ਹੈ
ਦੱਸ ਤਾਂ !!!

     **

        2.

  ਇੰਨੇ ਕੁਵੇਲੇ

ਆਪਾਂ, ਆਪੋ-ਆਪਣੇ
ਅੰਬਰਾਂ ਓਹਲੇ
ਵਿੱਚ-ਵਿਚਾਲੇ
ਉਡਣ-ਖਟੋਲੇ

ਚੇਤਰ ਚੜ੍ਹਿਆ
ਤੇਰੀਆਂ ਅੱਖਾਂ ਮੇਰੀਆਂ ਅੱਖਾਂ
ਆਂਡ-ਗੁਆਂਢੇ
ਵੱਜਣ ਭਾਂਡੇ

ਰਾਤ ਹੰਡਾਈਏ
ਰੁੱਤ ਲੰਘਾਈਏ
ਹਾਣੋ-ਹਾਣੀ ਰਲ ਮਿਲ ਗਾਈਏ
ਕਿੱਕਲੀ ਪਾਈਏ

ਕਿੱਕਲੀ ਛੋਟੀ
ਹੋਰ ਵਧਾਈਏ
ਰੁੱਸ-ਰੁੱਸ ਜਾਈਏ
ਇੰਨੇ ਕੁਵੇਲੇ
ਘਰ ਨੂੰ ਜਾਈਏ।

     **

      3.

   ਅੱਜ

ਇੱਕ ਇਸਤਰੀ
ਇੱਕ ਬੱਚਾ
ਇੱਕ ਬਿਰਖ
ਮਿਲੇ ਰਸਤੇ ਵਿੱਚ
ਹੋਰ ਵੀ ਮਿਲਿਆ ਬਹੁਤ ਕੁਝ

ਯਾਦ ਨਹੀਂ ਜੋ ਵੀ ਮਿਲਿਆ
ਯਾਦ ਹੈ ਸਿਰਫ਼ ਉਹ
ਜੋ ਮਿਲ ਸਕਦਾ ਸੀ, ਪਰ ਗੁਜਰ ਗਿਆ
ਇੱਕ ਇਸਤਰੀ ਇੱਕ ਬੱਚਾ ਇੱਕ ਬਿਰਖ
ਤੇ ਉਹ

ਹਾਂ ਉਹ ਵੀ
ਜੋ ਬਹੁਤ ਦੂਰ ਖੜ੍ਹਾ ਸੀ
ਇਹ ਤਾਂ ਮੈਂ ਅੱਜ ਸਵੇਰ ਦੀ ਗੱਲ ਕੀਤੀ ਹੈ
ਕੱਲ੍ਹ ਹੋ ਸਕਦਾ ਹੈ, ਉਹ ਨਾ ਹੋਵੇ
ਮਸਲਨ ਕੋਈ ਹਾਥੀ, ਘੋੜ੍ਹਾ, ਕੋਈ ਮਸਤ ਕਲੰਦਰ
ਕੋਈ ਮੁਸਾਫ਼ਿਰ
ਜਾਂ ਫਿਰ ਕੋਈ ਇਸਤਰੀ।

         **

            4.

         ਓਪਰੇ

ਮੈਂ ਜੋ ਕਦੇ-ਕਦਾਈਂ ਡਰ ਜਾਂਦਾ ਹਾਂ
ਤੇ ਤ੍ਰਭਕ ਕੇ ਉੱਠਦਾ ਹਾਂ

ਡਰ
ਕਿ ਸਾਰੀਆਂ ਚੀਜਾਂ ਓਪਰੀਆਂ ਜਾਪਦੀਆਂ ਨੇ
ਮੈਂ ਆਪਣੇ ਦੋਸਤਾਂ ਨੂੰ ਪੁਕਾਰਦਾ ਹਾਂ
ਸਾਰੇ ਨੱਸ-ਨੱਸ ਆਉਂਦੇ ਨੇ
ਤੇ ਸਾਰੇ ਓਪਰੇ ਜਾਪਦੇ ਨੇ

ਇਕ ਕੁੜੀ ਆਉਂਦੀ ਹੈ
ਓਪਰੀ ਜਾਪਦੀ ਹੈ
ਕਹਿੰਦੀ ਹੈ ਪਛਾਣਿਆ?
ਮੈਂ ਤੈਨੂੰ ਕਿੰਨੀ ਵਾਰ ਗੁਆਚੇ ਰਾਹ ਦੱਸੇ ਨੇ
ਕਿੰਨੀ-ਕਿੰਨੀ ਵਾਰ ਤੇਰੇ ਲਈ ਇੱਕ ਘਰ ਬਣਾਇਆ ਹੈ

ਕਮਾਲ ਹੈ ਘਰ ਬਣਾਉਣ ਵਾਲੇ ਵੀ ਓਪਰੇ ਜਾਪਦੇ ਨੇ
ਮੈਂ ਇਹਨਾਂ ਓਪਰਿਆਂ ਕੋਲੋਂ ਨੱਸ ਕੇ ਦੂਰ ਜਾਣਾ ਹੈ

ਮੈਂ ਜਿਸ ਬਾਰੀ ਤੇ ਟਿਕਟ ਲੈਣ ਲਈ ਖੜ੍ਹਾ ਹਾਂ
ਉਹ ਸਾਰਿਆਂ ਨੂੰ ਓਥੇ ਜਾਣ ਦੀ ਟਿਕਟ ਦੇ ਰਿਹਾ ਹੈ
ਜਿੱਥੇ ਮੈਂ ਜਾਣਾ ਹੈ

ਪਤਾ ਨਹੀਂ ਇਹਨਾਂ ਓਪਰਿਆਂ ਨਾਲ
ਯਾਤਰਾ ਵਿਚ ਆਪਣਾ ਕੀ ਗੁਆਚ ਜਾਵੇ
ਮੈਂ ਡਰ ਕੇ ਨੱਸ ਰਿਹਾ ਹਾਂ

ਮਾਂ ਆਵਾਜ਼ਾਂ ਮਾਰ ਰਹੀ ਹੈ
ਮੈਂ ਮਾਂ ਦੀ ਆਵਾਜ਼ ਦੀ ਰੱਸੀ ਫੜੀ
ਨੱਸ ਰਿਹਾਂ ਹਾਂ ਤੇ ਆਖ ਰਿਹਾ ਹਾਂ
ਮਾਂ ਇੱਥੇ ਘੁੱਪ ਹਨੇਰਾ ਹੈ
ਮੈਨੂੰ ਡਰ ਲੱਗ ਰਿਹਾ ਹੈ
ਜਦ ਤੀਕ ਮੈਂ ਤੇਰੇ ਕੋਲ਼ ਪਰਤ ਨਾ ਆਵਾਂ
ਆਵਾਜ਼ਾਂ ਮਾਰਦੀ ਰਹਿ

ਮਾਂ ਹੱਸ ਰਹੀ ਹੈ
ਤੇ ਕਹਿ ਰਹੀ ਹੈ
ਸਿਧਰਿਆਂ ਲਈ ਹੀ ਦੁਨੀਆਂ ਇੰਨੀ ਉਲਝੀ ਕਿਉਂ ਹੁੰਦੀ ਹੈ

                       *****

(148) ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਹਰਪ੍ਰੀਤ ਕੌਰ

ਡਾ. ਹਰਪ੍ਰੀਤ ਕੌਰ

Assistant Professor, Mahatma Gandhi International Hindi University.
Wardha, Maharashtra, India.

Email: (dr.harpreetkaurr@gmail.com)