HarpreetKaur7ਤੇਰੇ ਨਾਲ,
ਸਭ ਕੁਝ ਹਰਿਆ-ਭਰਿਆ ਲਗਦਾ ਹੈ”
(ਦਸੰਬਰ 1, 2015)


  ਭੁੱਲਣਾ

ਜਿਸ ਵੇਲੇ
ਉਸਨੇ ਰਸਤਾ ਪੁੱਛਿਆ
ਠੀਕ ਉਸੇ ਵੇਲੇ
ਇੱਕ ਜਾਦੂਗਰ ਆਪਣੇ ਜਾਦੂ ਨਾਲ
ਇੱਕ ਕੁੜੀ ਨੂੰ ਗਾਇਬ ਕਰ ਰਿਹਾ ਸੀ
ਮੈਂ ਰਸਤਾ ਦੱਸਿਆ
ਅਤੇ ਐਨ ਉਸੇ ਵੇਲੇ
ਜਾਦੂਗਰ ਦਾ ਜਾਦੂ ਟੁੱਟ ਗਿਆ।

**

ਉਹ ਦੇਖਦਾ ਜਾਂਦਾ ਸੀ
ਅਤੇ ਭੁੱਲਦਾ ਜਾਂਦਾ ਸੀ

ਭੁੱਲਦਾ ਜਾਂਦਾ ਸੀ
ਅਤੇ ਦੇਖਦਾ ਜਾਂਦਾ ਸੀ

ਇਸ ਤਰ੍ਹਾਂ
ਦੇਖਦੇ ਜਾਣ ਵਿੱਚ ਭੁਲਦੇ ਜਾਣਾ ਰਲ਼ਦਾ ਜਾਂਦਾ ਸੀ

ਇਸ ਸਭ ਦੇ ਵਿਚਕਾਰ
ਇੱਕ ਥਾਂ ਸੀ ਜਿੱਥੇ ਲਿਖਿਆ ਸੀ
ਮੈਨੂੰ ਨਾਨਕੇ ਘਰ ਤੋਂ ਆਪਣੇ ਘਰ ਦਾ
ਰਸਤਾ ਪਤਾ ਹੈ
ਮੈਨੂੰ ਸਾਰਿਆਂ ਦੇ ਚਿਹਰੇ ਯਾਦ ਨੇ।

**

ਉਸਨੇ ਜਾਣ ਦੇ
ਸਾਰੇ ਰਸਤੇ ਭੁਲਾ ਦਿੱਤੇ ਸਨ

ਉਸਨੂੰ ਲੱਗਦਾ ਸੀ
ਭੁਲਾਇਆ ਹੋਇਆ ਸਿਰਫ਼ ਇੱਕ ਸੀ
ਇਸ ਤਰ੍ਹਾਂ
ਉਹ ਇੱਕ ਦੇ ਭਰਮ
ਦੂਸਰੇ ਨੂੰ ਵੀ ਗੁਆਉਂਦਾ ਜਾਂਦਾ ਸੀ।

**

ਇਕ ਔਰਤ ਆਉਂਦੀ ਹੈ
ਘੁੰਮਣਾ ਭੁੱਲ ਜਾਂਦੇ ਨੇ
ਰਸਤੇ ਦੇ ਚੱਕੇ

ਐਨ ਉਸੇ ਵੇਲੇ
ਭੁੱਲਣ ਵਿਚਕਾਰ ਆ ਕੇ
ਜੁੜ ਜਾਂਦਾ ਹੈ ਇੱਕ ਬਲਦ

ਇਸੇ ਤਰ੍ਹਾਂ
ਪੂਰੀ ਹੁੰਦੀ ਹੈ ਇੱਕ ਕਵਿਤਾ।

             **

ਤੇਰੀਆਂ ਭੁੰਨੀਆਂ ਹੋਈਆਂ ਮੱਛੀਆਂ

ਤੂੰ ਜਿਸ ਕਿਸੇ ਨੂੰ
ਛੋਂਹਦਾ ਹੈਂ
ਉਹ ਪਾਣੀ ਵਿੱਚ ਡੁੱਬ ਜਾਂਦਾ ਹੈ

ਕੱਚੀਆਂ ਨੇ
ਅੰਦਰੋਂ ਆਪਣੇ ਪਾਣੀਆਂ ਚ ਡੁੱਬੀਆਂ ਨੇ
ਤੇਰੀਆਂ
ਭੁੰਨੀਆਂ ਹੋਈਆਂ ਮੱਛੀਆਂ।

**

ਮੇਜ਼ ਤੇ ਰੱਖੀਆਂ ਨੇ
ਤੇਰੀਆਂ ਭੁੰਨੀਆਂ ਹੋਈਆਂ ਮੱਛੀਆਂ
ਅਤੇ
ਰਸੋਈ ਘਰ ਵਿੱਚੋਂ ਰੋਟੀ ਥੱਲਣ ਦੀ ਆਵਾਜ਼ ਨਿੱਕਲ ਕੇ
ਪਾਣੀ ਵਿਚ ਤਰਨ ਚਲੀ ਗਈ ਹੈ।

**

ਅੱਗ ਦੇ ਮੱਚਣ
ਪਾਣੀ ਦੇ ਤਰਨ ਦੇ ਸਵਾਦ ਤੋਂ ਬਿਨਾਂ
ਬਾਕੀ ਸਾਰੀਆਂ ਚੀਜ਼ਾਂ ਤੋਂ
ਮੁਕਤ ਨੇ
ਤੇਰੀਆਂ ਭੁੰਨੀਆਂ ਹੋਈਆਂ ਮੱਛੀਆਂ।

              **

ਜੇ ਉਹ ਹੁੰਦਾ ਤਾਂ

ਸੁਣ
ਉਹ ਹੀ ਸੀ

ਨਹੀਂ
ਉਹ ਨਹੀਂ ਸੀ
ਹੋਰ ਸੀ ਕੋਈ

ਉਹ ਹੁੰਦਾ
ਤਾਂ
ਜਾਂਦਾ ਕਿਉਂ।

- ਸੁਣ ਕੋਈ ਆਇਆ
ਕੌਣ?

- ਉਹ ਹੀ

ਉਹ ਨਹੀਂ
ਹੋਰ ਹੋਣਾ ਕੋਈ
ਉਹ ਹੁੰਦਾ ਤਾਂ ਆਉਂਦਾ ਕਿਉਂ।

          **

ਪਤਾ ਨਹੀਂ

ਭੁੱਲੇ ਹੋਏ
ਵਿਛੜੇ ਹੋਏ

ਪਤਾ ਨਹੀਂ-
ਵਿਛੜੇ ਪਹਿਲਾਂ ਸੀ
ਜਾਂ ਪਹਿਲਾਂ ਭੁੱਲ ਗਏ ਸੀ
ਤੇ ਫਿਰ ਵਿਛੜੇ ਸੀ
ਪਤਾ ਨਹੀਂ।

**

ਅਸੀਂ ਇੱਕੋ ਜਿਹੇ ਦੋ ਹਾਂ
ਸਾਡੇ ਦੋਹਾਂ ’ਚ ਕੋਈ ਫਰਕ ਨਹੀਂ
ਮੁਹਾਂਦਰੇ ਤਾਂ ਇੰਜ ਮਿਲਦੇ ਨੇ
ਜੀਕਣ ਇੱਕੋਂ ਕੁੱਖੋਂ ਜਨਮ ਲਿਆ ਹੋਵੇ
ਕੋਈ ਇੱਕ ਨੂੰ ਆਵਾਜ਼ ਦੇਂਦਾ ਹੈ ਤਾਂ
ਦੂਸਰਾ ਨੱਸ ਕੇ ਆ ਜਾਂਦਾ ਹੈ

ਪਤਾ ਨਹੀਂ
ਇੰਨੀ ਸਮਾਨਤਾ
ਸਾਡੇ ਲਈ ਸਰਾਪ ਹੈ ਜਾਂ ਵਰਦਾਨ।

             **

  ਹੱਸ

ਕਿੰਨੀ ਚਾਹ
ਕਿੰਨੇ ਰਾਹ

ਕਿੰਨੀ ਧੁੱਪ
ਕਿੰਨੀ ਛਾਂ

ਪਹਿਲਾਂ ਸਭ ਸਾਨੂੰ ਦੱਸ
ਫਿਰ ਸਾਡੇ ਨਾਲ ਹੱਸ

**

ਆ ਲੈ ਸ਼ਾਮ
ਆ ਲੈ ਰਾਤ
ਆ ਲੈ ਸਿਖ਼ਰ ਦੁਪਹਿਰ
ਆ ਲੈ ਆਖ਼ਰੀ ਵਾਰੀ
ਕਿੱਕਲੀ ਤੂੰ ਪਾ
ਅੱਜ ਸਾਡੇ ਨਾਲ ਗਾ
ਸਾਡੇ ਦੁੱਖੜੇ ਸੁਹੇਲੇ
ਹੁਣ ਰੋਵੀਂ ਨਾ ਕੁਵੇਲੇ
ਪਿੰਡ ਵੱਲ ਜਾਂਦੀ ਹੋਈ ਆਖ਼ਰੀ ਇਹ ਬੱਸ
ਆ ਜਾ ਸਾਡੇ ਨਾਲ ਹੱਸ

         **

ਮੈਨੂੰ ਸੁਣਨ ਤੋਂ ਪਹਿਲਾਂ

ਮੈਂ ਜਦ ਉਸਨੂੰ ਮਿਲਿਆ ਸੀ
ਉਹ ਕੁਝ ਗਾ ਰਹੀ ਸੀ
ਮੈਨੂੰ ਦੇਖਦਿਆਂ ਹੀ ਚੁੱਪ ਹੋ ਗਈ

ਮੈਂ ਹਾਲੇ ਕਿੰਨਾ ਕੁੱਝ ਦੱਸਣਾ ਸੀ ਉਸਨੂੰ
ਜੀਕਣ ਹੀ ਮੈਂ ਉਸ ਵੱਲ ਦੇਖਿਆ
ਉਹ ਮੈਥੋਂ ਡਰ ਗਈ

ਮੈਂ ਨਹੀਂ ਜਾਣਦਾ
ਮੈਨੂੰ ਸੁਣਨ ਤੋਂ ਪਹਿਲਾਂ
ਮੇਰੇ ਬਾਰੇ ਉਹ ਕੀ ਜਾਣਦੀ ਸੀ?

           **

   ਤੂੰ ਆਵੇਂ ਤਾਂ

ਰੇਲਗੱਡੀਆਂ ਦੇ ਸ਼ਹਿਰ
ਰੇਲਗੱਡੀਆਂ ਦੇ ਦੇਸ਼
ਮਿਲ ਰਹੀਆਂ ਨੇ ਟਿਕਟਾਂ

ਤੂੰ ਆਵੇਂ ਤਾਂ
ਆਪਾਂ ਆਪਣੀਆਂ
ਅਧੂਰੀਆਂ ਯਾਤਰਾਵਾਂ
ਪੂਰੀਆਂ ਕਰ ਲਈਏ।

**

ਡਾਕੀਆ

ਡਾਕੀਆ
ਡਾਕ ਲਿਆ
ਡਾਕ ਨਹੀਂ ਤਾਂ
ਅੱਖ਼ਰ ਲਿਆ
ਅੱਖ਼ਰ ਟੁੱਟਣ
ਭਾਂਡੇ ਫੁੱਟਣ
ਉਮਰਾ ਜਾਵੇ
ਖ਼ਬਰ ਲਿਆ

ਮੋਇਆਂ ਦੀ ਵੀ ਡਾਕ ਲਿਆ
ਪਤਾ ਬਦਲਿਆ
ਸ਼ਹਿਰ ਬਦਲਿਆ
ਆਪਣਿਆਂ ਨੂੰ ਸੱਦ-ਬੁਲ
ਬੱਦਲ ਬਰਸਣ
ਮੌਸਮ ਬਦਲਣ

ਬਦਲੇ ਮਨ ਦਾ ਸਾਂਝੀ ਲਿਆ
ਚਿੱਠੀ, ਪੱਤਰ, ਤਾਰ ਲਿਆ
ਜੋ ਵੀ ਮਿਲੇ ਉਧਾਰ ਲਿਆ।

**

ਅਸਾਡੀ ਨਹੀਂ ਹੋਣੀ
ਇਹ ਚਿੱਠੀ ਡਾਕੀਆ
ਕਿਸੇ ਹੋਰ ਦੀ ਹੋਣੀ

ਅਸਾਡੀ ਤਾਂ ਨਹੀਂ ਸੀ ਆਉਣੀ
ਕੋਈ ਚਿੱਠੀ
ਅਸਾਂ ਨਹੀਂ ਲਿਖੀ
ਅਸਾਂ ਨਹੀਂ ਪੜ੍ਹਨੀ
ਕੋਈ ਚਿੱਠੀ ਡਾਕੀਆ।

**

ਸਾਡੀਆਂ ਯਾਤਰਾਵਾਂ
ਅਸਾਡੇ ਸੁਪਨੇ
ਲੈ ਜਾਵੇਗਾ
ਇਕ ਦਿਨ
ਕੋਈ ਡਾਕੀਆ
ਜਦ ਨਹੀਂ ਮਿਲੇਗੀ ਉਸ ਨੂੰ
ਇੱਕ ਦੂਸਰੇ ਲਈ ਲਿਖੀ
ਅਸਾਡੀ ਕੋਈ ਚਿੱਠੀ

       **

 ਕਿੰਨੇ ਦਿਨ

ਕਿੰਨੀਆਂ ਰਾਤਾਂ
ਕਿੰਨੇ ਦਿਨ
ਕਦੀ ਬੈਠ
ਕਦੀ ਗਿਣ

ਮੈਨੂੰ
ਸੁਣ
ਮੈਨੂੰ ਗਾ
ਕਦੀ
ਸੱਚੀ-ਮੁੱਚੀ ਆ।

    **

ਤੇਰੇ ਨਾਲ

ਤੇਰੇ ਨਾਲ
ਸਭ ਕੁਝ ਹਰਿਆ-ਭਰਿਆ ਲਗਦਾ ਹੈ
ਸਭ ਕੁਝ ਭਰਿਆ-ਪੂਰਿਆ
ਸਾਰੇ ਪਹੀਏ ਘੁੰਮਦੇ ਹੋਏ
ਸਾਰੇ ਪੰਛੀ ਉੱਡਦੇ ਹੋਏ

ਸਾਰੇ ਨਕਸ਼ੱਤਰ
ਸਾਰੇ ਮਨੁੱਖ
ਚਲਦੇ ਹੋਏ
ਤਰਦੇ ਹੋਏ
ਭੱਜਦੇ ਹੋਏ
ਤੇਰੇ ਨਾਲ
ਸਭ ਕੁਝ ਹਰਿਆ-ਭਰਿਆ
ਭਰਿਆ-ਪੂਰਾ ਲਗਦਾ ਹੈ
ਮਾਂ ਹੀ
ਪਤਾ ਨਹੀਂ ਕਿਉਂ ਹੋ ਜਾਂਦੀ ਹੈ ਉਦਾਸ
ਮੈਨੂੰ ਤੇਰੇ ਨਾਲ
ਦੇਖ ਕੇ

ਉਸਨੇ ਆਪਣੇ ਖਾਵੰਦ ਨੂੰ ਕਿਹਾ
ਤੇ ਉਦਾਸ ਹੋ ਗਈ।

    *****

(123)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

 

About the Author

ਡਾ. ਹਰਪ੍ਰੀਤ ਕੌਰ

ਡਾ. ਹਰਪ੍ਰੀਤ ਕੌਰ

Assistant Professor, Mahatma Gandhi International Hindi University.
Wardha, Maharashtra, India.

Email: (dr.harpreetkaurr@gmail.com)