“ਸਾਜ਼ ਵਿੱਚੋਂ ਲੱਭਦਾਂ ਆਵਾਜ਼ ਅਪਣੀ, ਪੁਸਤਕਾਂ ’ਚੋਂ ਜੀਣ ਖਾਤਰ ਖ਼ਾਬ ਲੱਭਾਂ।”
(ਜਨਵਰੀ 6, 2016)
1.
ਕੁਝ ਨਾ ਕੁਝ ਜਲਦੀ ਕਰੋ ਲੈ ਆ ਗਈ ਇਹ ਤਾਂ ਗਰਾਂ ਤਕ,
ਆ ਨਾ ਜਾਵੇ ਅੱਗ ਸਿਵਿਆਂ ਦੀ ਕਿਤੇ ਵਸਦੇ ਘਰਾਂ ਤਕ।
ਭਰ ਲਈ ਹੈ ਘੁੱਟ ਹੁਣ ਇਹ ਦੇਖਣਾ ਹੈ ਕੀ ਬਣੇਗਾ,
ਜ਼ਹਿਰ ਨੇ ਬਸ ਕੁਝ ਪਲਾਂ ਵਿਚ ਪੁੱਜ ਜਾਣੈ ਆਂਦਰਾਂ ਤਕ।
ਓਸ ਤੋਂ ਪਹਿਲਾਂ ਕਿਤੇ ਨਿੱਕਲ ਨਾ ਜਾਵੇ ਜਾਨ ਮੇਰੀ,
ਚੀਕ ਨੇ ਹਾਲੇ ਚਿਰਾਂ ਵਿਚ ਪੁੱਜਣਾ ਹੈ ਅੱਖਰਾਂ ਤਕ।
ਜ਼ਹਿਰ ਦਾ ਜਦ ਘੁੱਟ ਭਰਿਆ ਡਰ ਗਿਆ ਸੀ ਬਾਦਸ਼ਾਹ ਵੀ,
ਹੋ ਸਕੇ ਤਾਂ ਦੇ ਦਿਓ ਬਸ ਇਹ ਸੁਨੇਹਾ ਮਿੱਤਰਾਂ ਤਕ।
ਸਾਜ਼ ਦੀ ਆਵਾਜ਼ ਕਿੱਥੇ ਪੁੱਜਣੀ ਹੈ ਪੱਥਰਾਂ ਤਕ,।
ਬਾਪ ਦੀ ਆਵਾਜ਼ ਵੀ ਪੁੱਜੇ ਨਾ ਏਥੇ ਪੁੱਤਰਾਂ ਤਕ
ਬੋਟ ਜਿਹੜੇ ਆਲ੍ਹਣੇ ਵਿਚ ਰੁੜ੍ਹ ਰਹੇ ਇਕ ਦੂਸਰੇ ’ਤੇ,
ਉਡਣ ਦੀ ਖ਼ਾਹਿਸ਼ ਲੈ ਜਾਵੇਗੀ ਇਨ੍ਹਾਂ ਨੂੰ ਅੰਬਰਾਂ ਤਕ।
**
2.
ਸੁਆਲ ਜਿਹੜੇ ਹਰ ਸਮੇਂ ਬੇਚੈਨ ਕਰਦੇ,
ਹਰ ਘੜੀ ਹੈ ਯਤਨ ਮੇਰਾ ਜੁਆਬ ਲੱਭਾਂ।
ਸਾਜ਼ ਵਿੱਚੋਂ ਲੱਭਦਾਂ ਆਵਾਜ਼ ਅਪਣੀ,
ਪੁਸਤਕਾਂ ’ਚੋਂ ਜੀਣ ਖਾਤਰ ਖ਼ਾਬ ਲੱਭਾਂ।
ਕਿੰਝ ਦੱਸਾਂ ਕੀ ਕਰਾਂ ਨਿੱਤ ਨਹਿਰ ਕੰਢੇ,
ਦੱਸਣੋਂ ਡਰਦਾਂ ਕਿਤੇ ਤੂੰ ਡਰ ਨਾ ਜਾਵੇਂ,
ਨੀਰ ਵਿੱਚੋਂ ਲੱਭਦਾ ਹਾਂ ਰੱਤ ਅਪਣੀ,
ਰੱਤ ਵਿੱਚੋਂ ਖ਼ੌਲਦਾ ਸੈਲਾਬ ਲੱਭਾਂ।
ਹੈ ਨਹੀਂ ਦਰਿਆ ਕਿ ਲੰਮੀ ਲੋਥ ਹੈ ਇਕ,
ਪੌਣ ਦੀ ਥਾਂ ਲੱਭਦੀ ਹੈ ਚੀਕ ਉਸਦੀ
ਇਹ ਉਹੀ ਹੈ ਮੰਨਦਾ ਨੀਂ ਚਿੱਤ ਮੇਰਾ,
ਨਕਸ਼ਿਆਂ ’ਤੇ ਮੈਂ ਜਦੋਂ ਪੰਜਾਬ ਲੱਭਾਂ।
ਬਿਨ ਹੁਕਮ ਤੋਂ ਹੌਕਾ ਵੀ ਨਾ ਭਰਨ ਉਹ ਤਾਂ,
’ਨ੍ਹੇਰ ਢੋਂਦੇ ਰੋਜ਼ ਘੁਟ ਘੁਟ ਮਰਨ ਉਹ ਤਾਂ,
ਰੌਸ਼ਨੀ ਦੀ ਗੱਲ ਕਰਨੋਂ ਡਰਨ ਉਹ ਤਾਂ,
ਮੈਂ ਜਿਨ੍ਹਾਂ ਦੇ ਵਾਸਤੇ ਮਹਿਤਾਬ ਲੱਭਾਂ।
**
3.
ਮੇਰੇ ਸਾਰੇ ਖ਼ਾਬ ਅਧੂਰੇ ਕਿੱਦਾਂ ਵਾਪਸ ਘਰ ਜਾਵਾਂ,
ਇਹਦੇ ਨਾਲੋਂ ਤਾਂ ਚੰਗਾ ਹੈ ਰਾਹਾਂ ਵਿਚ ਹੀ ਮਰ ਜਾਵਾਂ
ਬੁਝਣੋਂ ਵੀ ਮੈਂ ਡਰਦਾ ਹਾਂ ਭਾਂਬੜ ਬਣਨੋਂ ਵੀ ਡਰਦਾ ਹਾਂ,
ਦੱਸੋ ਮੈਨੂੰ ਸੀਨੇ ਦੀ ਅਗਨੀ ਲੈ ਕੇ ਕਿੱਧਰ ਜਾਵਾਂ।
ਰਾਜੇ ਤੋਂ ਨੀਂ ਮੈਂ ਡਰਦਾ ਤੇ ਫ਼ੌਜਾਂ ਤੋਂ ਨੀਂ ਮੈਂ ਡਰਦਾ,
ਹਾਂ ਪਰ ਤੇਰੇ ਇਕ ਹੌਕੇ ਤੋਂ ਧੁਰ ਅੰਦਰ ਤਕ ਡਰ ਜਾਵਾਂ।
ਲੈ ਜਾਵਣ ਜੋ ਤੈਨੂੰ ਤੇਰੇ ਅੰਦਰਲੇ ਚਾਨਣ ਤੀਕਰ,
ਮੈਂ ਤੇਰੇ ਮਨ ਦੇ ਅੰਦਰ ਉਹ ਚਿਣਗਾਂ ਕਿੱਦਾਂ ਧਰ ਜਾਵਾਂ।
ਐ ਰਾਜਨ ਸੰਭਲ ਜਾ ਇਹ ਮਹਿਲ ਕਦੇ ਵੀ ਢਹਿ ਸਕਦਾ ਹੈ,
ਹਰ ਵਾਰੀ ਨੀਂ ਏਦਾਂ ਹੋਣਾ ਤੂੰ ਜਿੱਤੇਂ ਮੈਂ ਹਰ ਜਾਵਾਂ।
ਗ਼ਜ਼ਲਾਂ, ਨਜ਼ਮਾਂ ਲਿਖਣਾ ਯਾਰੋ ਮੇਰਾ ਕੋਈ ਸ਼ੌਕ ਨਹੀਂ,
ਉੱਛਲਣ ਨੂੰ ਦਿਲ ਕਰਦਾ ਹੈ ਜਦ ਧੁਰ ਤਕ ਭਰ ਜਾਵਾਂ।
ਪਲਟ ਸਕਾਂ ਨਾ ਤਖ਼ਤ ਨੂੰ ਭਾਵੇਂ ਪਰ ਪਾਵਾ ਹਿੱਲ ਜਾਣਾ ਹੈ,
ਜਿੰਨਾ ਮੈਥੋਂ ਹੋ ਸਕਦਾ ਹੈ ਜੇਕਰ ਓਨਾ ਕਰ ਜਾਵਾਂ।
ਜਿਹੜੀ ਅਗਨੀ ਹਰ ਵੇਲੇ ਮੇਰੇ ਸੀਨੇ ਵਿਚ ਬਲਦੀ ਹੈ,
ਜੇਕਰ ਮੇਰੇ ਸਾਹਵੇਂ ਹੋਵੇ ਖ਼ਬਰੇ ਉਸ ਤੋਂ ਡਰ ਜਾਵਾਂ।
**
4.
ਭੇਜ ਤਾਂ ਹੋਣਾ ਨਹੀਂ ਪੈਗ਼ਾਮ ਲਿਖ ਕੇ,
ਛੱਡ ਦਿੱਤਾ ਖ਼ਤ ਮੈਂ ਉਸਦਾ ਨਾਮ ਲਿਖ ਕੇ।
ਕੌਣ ਇਸਨੂੰ ਪੜ੍ਹ ਸਕੇਗਾ ਸੋਚਦਾ ਹਾਂ,
ਅੱਗ ਦੇ ਵਰਕੇ ’ਤੇ ਧੁਖ਼ਦੀ ਸ਼ਾਮ ਲਿਖ ਕੇ।
ਡੋਬਿਆ ਸੂਰਜ ਜਿਨ੍ਹਾਂ ਉਹਨਾਂ ’ਚ ਨੇ ਇਹ,
ਬਚ ਗਏ ਪਰ ਦੋਸ਼ ਹੋਰਾਂ ਨਾਮ ਲਿਖ ਕੇ।
ਡੁੱਬਿਆ ਸੂਰਜ ਤਾਂ ਵਿਚ ਮੈਂ ਵੀ ਕਿਤੇ ਸੀ,
ਮੈਂ ਬਰੀ ਹੋਣਾ ਨਹੀਂ ਇਲਜ਼ਾਮ ਲਿਖ ਕੇ।
ਫੇਰ ਮੇਰਾ ਘਰ ਦੁਬਾਰਾ ਬਣ ਗਿਆ ਹੈ,
ਅੱਗ ਨੂੰ ਇਹ ਭੇਜਦੇ ਪੈਗ਼ਾਮ ਲਿਖ ਕੇ।
ਸੌਂ ਨਹੀਂ ਸਕਿਆ ਰਿਹਾ ਬੇਚੈਨ ਮੈਂ ਵੀ,
ਰਾਤ ਦੇ ਰਾਹਗੀਰ ਦਾ ਅੰਜ਼ਾਮ ਲਿਖ ਕੇ।
*****
(146)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)







































































































