JagtarSaalam7ਗ਼ਜ਼ਲਾਂਨਜ਼ਮਾਂ ਲਿਖਣਾ ਯਾਰੋ ਮੇਰਾ ਕੋਈ ਸ਼ੌਕ ਨਹੀਂ,
ਉੱਛਲਣ ਨੂੰ ਦਿਲ ਕਰਦਾ ਹੈ ਜਦ ਧੁਰ ਤਕ ਭਰ ਜਾਵਾਂ।
(ਨਵੰਬਰ 21, 2015)


                       1.

ਮੇਰੇ ਸਾਰੇ ਖ਼ਾਬ ਅਧੂਰੇ ਕਿੱਦਾਂ ਵਾਪਸ ਘਰ ਜਾਵਾਂ,
ਇਹਦੇ ਨਾਲੋਂ ਤਾਂ ਚੰਗਾ ਹੈ ਰਾਹਾਂ ਵਿਚ ਹੀ ਮਰ ਜਾਵਾਂ।

ਬੁਝਣੋਂ ਵੀ ਮੈਂ ਡਰਦਾ ਹਾਂ ਭਾਂਬੜ ਬਣਨੋਂ ਵੀ ਡਰਦਾ ਹਾਂ,
ਦੱਸੋ ਮੈਨੂੰ ਸੀਨੇ ਦੀ ਅਗਨੀ ਲੈ ਕੇ ਕਿੱਧਰ ਜਾਵਾਂ।

ਰਾਜੇ ਤੋਂ ਨੀਂ ਮੈਂ ਡਰਦਾ ਤੇ ਫ਼ੌਜਾਂ ਤੋਂ ਨੀਂ ਮੈਂ ਡਰਦਾ,
ਹਾਂ ਪਰ ਤੇਰੇ ਇਕ ਹੌਕੇ ਤੋਂ ਧੁਰ ਅੰਦਰ ਤਕ ਡਰ ਜਾਵਾਂ।

ਲੈ ਜਾਵਣ ਜੋ ਤੈਨੂੰ ਤੇਰੇ ਅੰਦਰਲੇ ਚਾਨਣ ਤੀਕਰ,
ਮੈਂ ਤੇਰੇ ਮਨ ਦੇ ਅੰਦਰ ਉਹ ਚਿਣਗਾਂ ਕਿੱਦਾਂ ਧਰ ਜਾਵਾਂ।

ਐ ਰਾਜਨ ਸੰਭਲ ਜਾ ਇਹ ਮਹਿਲ ਕਦੇ ਵੀ ਢਹਿ ਸਕਦਾ ਹੈ,
ਹਰ ਵਾਰੀ ਨੀਂ ਏਦਾਂ ਹੋਣਾ ਤੂੰ ਜਿੱਤੇਂ ਮੈਂ ਹਰ ਜਾਵਾਂ।

ਗ਼ਜ਼ਲਾਂ, ਨਜ਼ਮਾਂ ਲਿਖਣਾ ਯਾਰੋ ਮੇਰਾ ਕੋਈ ਸ਼ੌਕ ਨਹੀਂ,
ਉੱਛਲਣ ਨੂੰ ਦਿਲ ਕਰਦਾ ਹੈ ਜਦ ਧੁਰ ਤਕ ਭਰ ਜਾਵਾਂ।

ਪਲਟ ਸਕਾਂ ਨਾ ਤਖ਼ਤ ਨੂੰ ਭਾਵੇਂ ਪਰ ਪਾਵਾ ਹਿੱਲ ਜਾਣਾ ਹੈ,
ਜਿੰਨਾ ਮੈਥੋਂ ਹੋ ਸਕਦਾ ਹੈ ਜੇਕਰ ਓਨਾ ਕਰ ਜਾਵਾਂ।

ਜਿਹੜੀ ਅਗਨੀ ਹਰ ਵੇਲੇ ਮੇਰੇ ਸੀਨੇ ਵਿਚ ਬਲਦੀ ਹੈ,
ਜੇਕਰ ਮੇਰੇ ਸਾਹਵੇਂ ਹੋਵੇ ਖ਼ਬਰੇ ਉਸ ਤੋਂ ਡਰ ਜਾਵਾਂ।

                           **

                    2.

ਭੇਜ ਤਾਂ ਹੋਣਾ ਨਹੀਂ ਪੈਗ਼ਾਮ ਲਿਖ ਕੇ,
ਛੱਡ ਦਿੱਤਾ ਖ਼ਤ ਮੈਂ ਉਸਦਾ ਨਾਮ ਲਿਖ ਕੇ।

ਕੌਣ ਇਸਨੂੰ ਪੜ੍ਹ ਸਕੇਗਾ ਸੋਚਦਾ ਹਾਂ,
ਅੱਗ ਦੇ ਵਰਕੇ ਤੇ ਧੁਖ਼ਦੀ ਸ਼ਾਮ ਲਿਖ ਕੇ।

ਡੋਬਿਆ ਸੂਰਜ ਜਿਨ੍ਹਾਂ ਉਹਨਾਂ ਚ ਨੇ ਇਹ, 
ਬਚ ਗਏ ਪਰ ਦੋਸ਼ ਹੋਰਾਂ ਨਾਮ ਲਿਖ ਕੇ।

ਡੁੱਬਿਆ ਸੂਰਜ ਤਾਂ ਵਿਚ ਮੈਂ ਵੀ ਕਿਤੇ ਸੀ,
ਮੈਂ ਬਰੀ ਹੋਣਾ ਨਹੀਂ ਇਲਜ਼ਾਮ ਲਿਖ ਕੇ।

ਫੇਰ ਮੇਰਾ ਘਰ ਦੁਬਾਰਾ ਬਣ ਗਿਆ ਹੈ,
ਅੱਗ ਨੂੰ ਇਹ ਭੇਜਦੇ ਪੈਗ਼ਾਮ ਲਿਖ ਕੇ।

ਸੌਂ ਨਹੀਂ ਸਕਿਆ ਰਿਹਾ ਬੇਚੈਨ ਮੈਂ ਵੀ,
ਰਾਤ ਦੇ ਰਾਹਗੀਰ ਦਾ ਅੰਜ਼ਾਮ ਲਿਖ ਕੇ।

                     **

                          3.

ਹੋ ਗਏ ਆਦੀ ਅਸੀਂ ਤਾਂ ਏਸ ਹੱਦ ਤਕ ਜਰਨ ਦੇ, 
ਖ਼ਾਬ ਦੇਖੇ ਜੀਣ ਦੇ ਤੇ ਖ਼ਿਆਲ ਆਉਂਦੇ ਮਰਨ ਦੇ।

ਇਸ ਤਰ੍ਹਾਂ ਨਾ ਕਰ ਕਿ ਮੈਂ ਅਫ਼ਸੋਸ ਵੀ ਨਾ ਕਰ ਸਕਾਂ,
ਮਾਰ ਦੇ ਬੇਸ਼ੱਕ ਪਰ ਹੌਕਾ ਤਾਂ ਮੈਨੂੰ ਭਰਨ ਦੇ।

ਬੱਚਿਆਂ ਨੂੰ ਨਾ ਡਰਾਇਆ ਕਰ ਬਿਨਾਂ ਗੱਲਬਾਤ ਤੋਂ,
ਦੇਖ ਚੁੱਕੇ ਹਾਂ ਅਸੀਂ ਤਾਂ ਖ਼ੁਦ ਨਤੀਜੇ ਡਰਨ ਦੇ।

ਠੀਕ ਹੈ ਆਪਾਂ ਨਿਹੱਥੇ, ਸਾਹਮਣੇ ਹਥਿਆਰ ਸਨ,
ਪਰ ਇਹੀ ਕਾਰਣ ਨਹੀਂ ਕੁਝ ਹੋਰ ਵੀ ਹਨ ਹਰਨ ਦੇ।

ਲਾਜ਼ਮੀ ਆਪਾਂ ਬਚਾਵਾਂਗੇ ਅਜੇ ਪਰ ਓਸਨੂੰ,
ਉਡਣ ਦੀ ਖ਼ੁਦ ਆਪ ਵੀ ਕੋਸ਼ਿਸ਼ ਤਾਂ ਕੋਈ ਕਰਨ ਦੇ।

ਦੇਸ਼ ਮੇਰੇ ਵਿਚ ਕਿਤੇ ਵੀ ਜ਼ਿੰਦਗੀ ਨੀਂ ਲੱਭਦੀ,
ਲੱਭਦੈ ਹਰ ਰੋਜ਼ ਹੀ ਬੰਦਾ ਬਹਾਨੇ ਮਰਨ ਦੇ।

                     **

                        4.

ਲੋਕ ਤਾੜੀ ਮਾਰ ਜੋ ਹੱਸਦੇ ਨੇ ਮੇਰੇ ਰੋਣ ਉੱਤੇ,
ਰੋਣ ਆਉਂਦੈ ਦੋਸਤੋ ਮੈਨੂੰ ਉਨ੍ਹਾਂ ਦੇ ਹੋਣ ਉੱਤੇ।

ਮੈਂ ਸਿਪਾਹੀ ਤੋਂ ਇਜਾਜ਼ਤ ਲੈਂਦਾ ਹਾਂ ਸਾਹ ਲੈਣ ਖਾਤਰ,
ਹਰ ਸਮੇਂ ਲਟਕੀ ਰਹੇ ਤਲਵਾਰ ਮੇਰੀ ਧੌਣ ਉੱਤੇ।

ਅੰਨ੍ਹਿਆਂ ਦਾ ਦੇਸ਼ ਹੈ ਇਹ ਪਾਪ ਦਾ ਰਾਜ ਏਥੇ,
ਨ੍ਹੇਰ ਕਰਦੈ ਬਾਦਸ਼ਾਹ ਤੇ ਦੋਸ਼ ਲਾਵੇ ਪੌਣ ਉੱਤੇ।

ਆਪ ਬੀਤੀ ਵੀ ਕਈ ਵਾਰੀ ਲਿਖੀ ਜਾਵੇ ਨਾ ਮੈਥੋਂ,
ਸ਼ੱਕ ਹੁੰਦਾ ਹੈ ਕਈ ਵਾਰੀ ਤਾਂ ਸ਼ਾਇਰ ਹੋਣ ਉੱਤੇ।

ਬਹੁਤ ਜਲਦੀ ਹਾਸਿਆਂ ਤੇ ਲੱਗਣੇ ਕਰ ਰਾਜ ਦੇ ਵਿਚ,
ਬਹੁਤ ਜਲਦੀ ਲੱਗ ਜਾਣੀ ਹੈ ਮਨਾਹੀ ਰੋਣ ਉੱਤੇ।

                      *****

(114)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਜਗਤਾਰ ਸਾਲਮ

ਜਗਤਾਰ ਸਾਲਮ

V + PO: Dedhana, Patiala, Punjab.
Email: (jagtar.saalam@rediffmail.com)