MohinderSMann7ਐਵੇਂ ਨਾ ਬੈਠੇ ਰਹੋ ਬਣ ਕੇ ਨਿਕੰਮੇ,   ਕੋਸ਼ਿਸ਼ਾਂ ਦੇ ਹੱਥ ਹੈ ਕਿਸਮਤ ਦੀ ਵਾਗ। ...
(16 ਸਤੰਬਰ 2018)

 

(1)     ਸਭ ਕੁਝ ਹੀ ਜਿਸ ਨੇ

ਸਭ ਕੁਝ ਹੀ ਜਿਸ ਨੇ ਸਮਝ ਲਿਆ ਹੈ ਸ਼ਰਾਬ ਨੂੰ,
ਉਹ ਸਾੜ ਬੈਠੂ ਆਪਣੀ ਜੀਵਨ-ਕਿਤਾਬ ਨੂੰ

ਹੋਈ ਸੀ ਉਸ ਦੀ ਹੋਂਦ ਨਾ ਹੋਇਆਂ ਜਹੀ ਉਦੋਂ,
ਜਦ ਕਾਲੀ ਬੱਦਲੀ ਨੇ ਲਿਆ ਸੀ ਢਕ ਮਤਾਬ ਨੂੰ

ਉਹਨਾਂ ਨੂੰ ਅੰਤ ਖਾਲੀ ਹੱਥੀਂ ਪਰਤਣਾ ਪਿਆ,
ਤੋੜਨ ਜੋ ਆਏ ਸਨ ਮੇਰੇ ਦਿਲ ਦੇ ਗੁਲਾਬ ਨੂੰ

ਦਿਲ ਕਰਦਾ ਏ ਖੁਸ਼ੀ ’ਚ ਉਦੋਂ ਖੀਵਾ ਹੋਣ ਨੂੰ,
ਜਦ ਚੜ੍ਹ ਕੇ ਵਗਦਾ ਤੱਕਾਂ ਮੈਂ ਸੱਚ ਦੇ ਚਨਾਬ ਨੂੰ

ਮੈਂ ਆਪ ਰਾਹ ਆਪਣਾ ਚੁਣਨਾ ਸੀ ਦੋਸਤੋ,
ਮੈਂ ਕਿਉਂ ਭਲਾ ਉਡੀਕਦਾ ਉਸ ਦੇ ਜਵਾਬ ਨੂੰ?

ਇਸ ਵਿੱਚੋਂ ਗੀਤ ਦੁਖੀਆਂ ਦੇ ਦੁੱਖਾਂ ਦੇ ਮਿਲਣਗੇ,
ਜਦ ਖੋਲ੍ਹਿਆ ਗਿਆ ਮੇਰੇ ਦਿਲ ਦੀ ਕਿਤਾਬ ਨੂੰ

                     **

(2)    ਪਾਏ ਜੋ ਰਾਹੋਂ, ਕੁਰਾਹੇ

ਪਾਏ ਜੋ ਰਾਹੋਂ, ਕੁਰਾਹੇ ਜਾਨੋਂ ਪਿਆਰੇ ਯਾਰ ਨੂੰ,
ਦੱਸੋ ਕੀ ਰਾਹ ਦੱਸੇਗਾ ਉਹ ਬਾਕੀ ਦੇ ਸੰਸਾਰ ਨੂੰ

ਉਸ ਨੂੰ ਖ਼ੁਦ ਹੀ ਮਾਰਿਆ ਹੈ ਦਾਜ ਦੇ ਲਾਲਚੀਆਂ ਨੇ,
ਜ਼ਹਿਰ ਖਾ ਕੇ ਮਰਨ ਦੀ ਕੀ ਲੋੜ ਸੀ ਮੁਟਿਆਰ ਨੂੰ

ਸਾਰੀਆਂ ਚੀਜ਼ਾਂ ਦੀ ਕੀਮਤ ਵਧ ਰਹੀ ਹੈ ਦਿਨ-ਬ-ਦਿਨ,
ਖਾਲੀ ਹੱਥੀਂ ਕਾਮੇ ਕੀ ਲੈਣਾ ਜਾ ਕੇ ਬਾਜ਼ਾਰ ਨੂੰ

ਹੁੰਦਾ ਹੈ ਕਾਬਿਲ ਲੋਕਾਂ ਦੇ ਪਿਆਰ ਦਾ ਉਹ ਡਾਕਟਰ,
ਜੋ ਸਦਾ ਵਧੀਆ ਦਵਾ ਦਿੰਦਾ ਹੈ ਹਰ ਬੀਮਾਰ ਨੂੰ

ਜਿਸ ਦੇ ਵਿੱਚ ਸੱਚ, ਝੂਠ ਦਾ ਕੀਤਾ ਨਿਤਾਰਾ ਹੁੰਦਾ ਹੈ,
ਲੋਕ ਪੜ੍ਹਦੇ ਨੇ ਬੜੇ ਚਾਅ ਨਾਲ ਉਸ ਅਖ਼ਬਾਰ ਨੂੰ

ਤਾਂ ਕਿ ਮੇਰੇ ਕੋਲ ਨਾ ਫ਼ਿਕਰਾਂ ਦਾ ਰਾਖਸ਼ ਆ ਸਕੇ,
ਮੈਂ ਹਮੇਸ਼ਾ ਕੋਲ ਰੱਖਾਂ ਆਸ਼ਾ ਦੀ ਤਲਵਾਰ ਨੂੰ

ਕੁਝ ਪਲਾਂ ਦੇ ਵਿੱਚ ਤੂੰ ਇਸ ਦੇ ਨਾਲ ਖ਼ੁਦ ਸੜ ਜਾਣਾ ਹੈ,
ਦਿਲ ਦੇ ਵਿੱਚੋਂ ਕੱਢ ਦੇ ਯਾਰਾ, ਘਿਰਣਾ ਦੇ ਅੰਗਾਰ ਨੂੰ।

                       **

(3)      ਮੇਰੇ ਰਾਹ ਵਿੱਚ ਔਕੜ

ਹਰ ਕਦਮ ’ਤੇ ਭਾਵੇਂ ਮੇਰੇ ਰਾਹ ਵਿੱਚ ਔਕੜ ਖੜ੍ਹੀ ਹੈ,
ਫਿਰ ਵੀ ਮੈਂ ਅੱਗੇ ਕਦਮ ਰੱਖਾਂਗਾ, ਮੇਰੀ ਇਹ ਅੜੀ ਹੈ

ਸੱਚ ਬੋਲਣ ਵਾਲੇ ਖ਼ਬਰੇ ਕਿੱਥੇ ਗਾਇਬ ਹੋ ਗਏ ਨੇ,
ਝੂਠ ਬੋਲਣ ਵਾਲਿਆਂ ਦੀ ਚੜ੍ਹ ਮਚੀ ਅੱਜਕਲ ਬੜੀ ਹੈ

ਰੱਬ ਦੇ ਰੰਗਾਂ ਦਾ ਇਸ ਜਗ ਵਿੱਚ ਹੈ ਕਿਸ ਨੇ ਭੇਤ ਪਾਇਆ,
ਔੜ ਲਾਉਂਦਾ ਹੈ ਕਦੇ ਉਹ ਤੇ ਕਦੇ ਲਾਉਂਦਾ ਝੜੀ ਹੈ

ਆਪਣੇ ਜੀਵਨ ਦੇ ਬਿਤਾ ਕੇ ਸਾਲ ਚਾਲੀ ਜਾਣਿਆ ਹੈ,
ਇੱਥੇ ਧਨਵਾਨਾਂ ਤੇ ਬੇਈਮਾਨਾਂ ਦੀ ਚਲਦੀ ਬੜੀ ਹੈ

ਮੇਰੇ ਕੋਲੋਂ ਆਸ ਰੱਖੇਗਾ ਕਿਵੇਂ ਸਤਿਕਾਰ ਦੀ ਉਹ,
ਮੇਰੇ ਚਾਵਾਂ ਦੀ ਕਲੀ ਜਿਸ ਦੇ ਦਗੇ ਸਦਕਾ ਸੜੀ ਹੈ

ਕਿਸ ਤਰ੍ਹਾਂ ਭੁੱਲ ਜਾਵਾਂ ਮੈਂ ਉਹਨਾਂ ਨੂੰ ਕੇਵਲ ਤੇਰੇ ਕਰਕੇ,
ਜਿਹਨਾਂ ਨੇ ਔਖੇ ਦਿਨਾਂ ਦੇ ਵਿੱਚ ਮੇਰੀ ਉਂਗਲ ਫੜੀ ਹੈ

ਲੋੜ ਸੀ ਜਦ ਤੇਰੀ ਗੋਡੇ ਗੋਡੇ ਮੇਰੀ ਜ਼ਿੰਦਗੀ ਨੂੰ,
ਇਕ ਦਿਆਲੂ ਸਾਥੀ ਸਦਕਾ ਬੀਤ ਚੁੱਕੀ ਉਹ ਘੜੀ ਹੈ

                         **

(4)    ਇਸ ਭਰੀ ਮਹਿਫ਼ਲ ਦੇ ਵਿੱਚ

ਇਸ ਭਰੀ ਮਹਿਫ਼ਲ ਦੇ ਵਿੱਚ ਕੀ ਲੈਣਾ ਉਸ ਦਾ ਨਾਮ ਹੈ,
ਸਾਡਾ ਹੋ ਕੇ ਸਾਡੇ ’ਤੇ ਹੀ ਲਾਉਂਦਾ ਜੋ ਇਲਜ਼ਾਮ ਹੈ

ਆਖ਼ਰੀ ਸਾਹਾਂ ’ਤੇ ਹੈ ਬੀਮਾਰ ਜਿਹੜਾ ਦਿਸ ਰਿਹਾ,
ਟੀਕਿਆਂ ਦੇ ਨਾਲ ਉਸ ਨੂੰ ਆਉਣਾ ਕੀ ਆਰਾਮ ਹੈ

ਜਾਈਏ ਕਿਸ ਪਾਸੇ ਨੂੰ ਆ ਕੇ ਚੁਰਾਹੇ ’ਤੇ ਅਸੀਂ,
ਏਹੋ ਸੋਚਦਿਆਂ, ਸੋਚਦਿਆਂ ਹੀ ਹੋ ਚੱਲੀ ਸ਼ਾਮ ਹੈ

ਖੂਬ ਕਰਦੇ ਨੇ ਨਸ਼ਾ ਬੰਦੇ ਕਈ ਇਹ ਸੋਚ ਕੇ,
ਕੀ ਪਤਾ ਸਰਹੱਦਾਂ ਤੇ ਕਦ ਭੜਕ ਪੈਣੀ ਲਾਮ ਹੈ

ਇਕ ਨਾ ਇਕ ਦਿਨ ਉਸ ਨੇ ਟੁਟ ਜਾਣਾ ਹੈ ਸ਼ੀਸ਼ੇ ਵਾਂਗਰਾਂ,
ਪੈਸੇ ਦੀ ਗੱਲ ਜਿਹੜੇ ਰਿਸ਼ਤੇ ਵਿੱਚ ਹੁੰਦੀ ਆਮ ਹੈ

ਇਸ ਦੀ ਸਾਨੂੰ ਮਿਲਣੀ ਹੈ ਕਿਹੜੀ ਸਜ਼ਾ, ਕੀ ਜਾਣੀਏ,
ਸਾਡੇ ਉੱਤੇ ਸੱਚ ਬੋਲਣ ਦਾ ਲੱਗਾ ਇਲਜ਼ਾਮ ਹੈ

                     **

(5)      ਮੇਰੇ ਦਿਲ ਵਿੱਚ

ਮੇਰੇ ਦਿਲ ਵਿੱਚ ਜਗ ਰਿਹੈ ਯਾਰੋ, ਚਿਰਾਗ
ਮੈਨੂੰ ਡਸ ਸਕਦਾ ਨਹੀਂ ਹਨੇਰੇ ਦਾ ਨਾਗ

ਰੁਲਦੇ ਨੇ ਉਹ ਜੋਤਸ਼ੀ ਸੜਕਾਂ ’ਤੇ ਆਪ,
ਦੱਸਦੇ ਨੇ ਜੋ ਹੱਥਾਂ ਤੋਂ ਲੋਕਾਂ ਦੇ ਭਾਗ

ਭਾਲ ਲੈਂਦੇ ਜੇ ਤੁਸੀਂ ਇਕ ਗਲਿਆ ਸੇਬ,
ਸਾਰੇ ਵਧੀਆ ਸੇਬਾਂ ਨੂੰ ਲਗਦੀ ਨਾ ਲਾਗ

ਇਹ ਕਿਸੇ ਦੇ ਆਉਣ ਬਾਰੇ ਕੁਝ ਨਾ ਜਾਣੇ,
ਢਿੱਡੋਂ ਭੁੱਖਾ ਕਰ ਰਿਹੈ ਕਾਂ, ਕਾਂ ਇਹ ਕਾਗ

ਐਵੇਂ ਨਾ ਬੈਠੇ ਰਹੋ ਬਣ ਕੇ ਨਿਕੰਮੇ,
ਕੋਸ਼ਿਸ਼ਾਂ ਦੇ ਹੱਥ ਹੈ ਕਿਸਮਤ ਦੀ ਵਾਗ

ਸੰਘਰਸ਼ ਦੇ ਢੋਲ ’ਤੇ ਲੱਗੀ ਹੈ ਚੋਟ,
ਹੁਣ ਚਿਰਾਂ ਤੋਂ ਸੁੱਤੇ ਕਾਮੇ ਪੈਣੇ ਜਾਗ

            *****

(1308)

AashuBaba2

About the Author

ਮਹਿੰਦਰ ਸਿੰਘ ਮਾਨ

ਮਹਿੰਦਰ ਸਿੰਘ ਮਾਨ

Rakkaran Dhahan, Shaheed Bhagat Singh Nagar, Punjab, India.
Phone: (91 - 99158 - 03554)
Email: (m.s.mann00@gmail.com)