IqbalKhan7ਮੈਂ ਆਪਣਾ ਇਕ ਇਕ ਪੱਤਾ ਕਰ
ਪੱਤਝੜ ਦੀ ਝੋਲ਼ੀ ਪਾ ਦਿੱਤਾ ਹੈ ...
(ਨਵੰਬਰ 11, 2015)


             1.

 ਜੂਝਦੇ ਬੂਟੇ ਦੀ ਟਾਹਣੀ

ਮੈਂ ਤਾਂ ਬਹਾਰ ਲਈ ਜੂਝਦੇ 
ਪੱਤਝੜ ਦੀ ਰੁੱਤ ਦੇ ਮਾਰੇ
ਇਕ ਬੂਟੇ ਦੀ ਟਾਹਣੀ ਹਾਂ।
ਜਿਸ ’ਤੇ ਬਹਾਰ ਕਦੀ ਆਈ ਨਹੀਂ
ਹੁਣ ਆਉਣ ਵਾਲੀ ਹੈ।

ਮੈਂ ਆਪਣਾ ਇਕ ਇਕ ਪੱਤਾ ਕਰ
ਪੱਤਝੜ ਦੀ ਝੋਲ਼ੀ ਪਾ ਦਿੱਤਾ ਹੈ।
ਮੇਰੇ ਕੋਲ਼ ਲੁਟਾਉਣ ਨੂੰ ਕੁੱਝ ਵੀ ਨਹੀਂ
ਆਉਣ ਨੂੰ ਬਹਾਰ ਬਾਕੀ ਹੈ ...

ਮੇਰਾ ਤਾਂ ਪਤਾ ਨਹੀਂ ਕਦ ਕੱਟੀ ਜਾਵਾਂ
ਤੁਸੀਂ ਜਿਸਦੀ ਮੇਰੇ ਸੰਗ
ਪੀਂਘ ਪਾਉਣੀ ਲੋਚਦੇ ਹੋ
ਉਹਦਾ ਕੀ ਹਾਲ ਹੋਵੇਗਾ?

ਮੈਂ ਝੂਟੇ ਦੇਣ ਤੋਂ ਨਾਬਰ ਨਹੀਂ
ਮਹਿਰਮ ਵਲੋਂ ਨਾ ਜੇ ਇਨਕਾਰ ਹੋਵੇ
ਡਿੱਗਣ ਤੇ ਸੱਟ ਸਹਿਣ ਲਈ ਤਿਆਰ ਹੋਵੇ।

ਪਰ ਮੈਂ ਤੁਹਾਨੂੰ
ਕਿਸੇ ਅਣਖਿਲੀ ਮਾਸੂਮ ਕਲੀ ਨਾਲ਼
ਭੇਦ ਭਰੇ ਹਾਲਾਤ ਵਿਚ
ਖੇਡਣ ਨਹੀਂ ਦੇਵਾਂਗੀ। ...

(ਇਹ ਕਵਿਤਾ ਗੁਰੂ ਨਾਨਕ ਦੇਵ ਯੂਨੀਵਰਸਟੀ ਦੀ ਐਮ.ਏ.ਵਿਚ ਪੜ੍ਹਾਈ ਗਈ।)

**

            2.

      ਸੋਚਣ ਢੰਗ

ਖੂਨ ਤਾਂ ਖੂਨ ਹੁੰਦਾ ਹੈ
ਮਹਿਕ ਤਾਂ ਮਹਿਕ ਹੁੰਦੀ ਹੈ
ਸੋਚ ਤਾਂ ਸੋਚ ਹੁੰਦੀ ਹੈ
ਲੀਕ ਦੇ ਇਸ ਪਾਰ
ਜਾਂ ਉਸ ਪਾਰ ਹੋਣ ਨਾਲ਼
ਕੋਈ ਫ਼ਰਕ ਨਹੀਂ ਪੈਂਦਾ।

ਜਦੋਂ ਖੂਨ ਵਹਿੰਦਾ ਹੈ
ਉਹਦੀ ਮਹਿਕ ਉੱਠਦੀ ਹੈ
ਚੜ੍ਹਕੇ ਪੌਣ ਦੇ ਮੌਰੀਂ
ਉੱਧਰੋਂ ਇੱਧਰ
ਤੇ ਇੱਧਰੋਂ, ਉੱਧਰ ਜਾਂਦੀ ਹੈ।

ਜਦੋਂ ਇਹ ਮਹਿਕ ਉੱਠਦੀ ਹੈ
ਦਰਿੰਦੇ ਚਾਂਭਲ ਜਾਂਦੇ ਹਨ
ਦਰਿੰਦੇ ਬਾਘੀ ਪਾਂਦੇ ਹਨ
ਬੇ-ਢੱਬਾ ਨਾਚ ਨੱਚਦੇ ਹਨ
ਫ਼ੌਜੀ ਅੱਡੀ ਵੱਜਦੀ ਹੈ।

ਕੋਈ ਕਵਿਤਾ ਵਰਗਾ ਕੋਮਲ ਦਿਲ
ਜਦੋਂ ਇਹ ਮਹਿਕ ਸੁੰਘਦਾ ਹੈ
ਬਸ, ਚੀਚ ਵਹੁਟੀ ਵਾਂਗ
ਸੁੰਗੜ ਜਾਂਦਾ ਹੈ।

ਇਹ ਸੋਚਣ ਢੰਗ ਹੈ, ਯਾਰੋ
ਲੀਕ ਦੇ ਉਸ ਪਾਰ
ਜਾਂ ਇਸ ਪਾਰ,ਹੋਣ ਨਾਲ਼
ਕੋਈ ਫਰਕ ਨਹੀਂ ਪੈਂਦਾ।

         **

          3.

 ਨਾਨਕ ਤੇ ਲੈਨਿਨ

ਰਾਧਾ ਹੋਵੇ ਜਾਂ ਹੀਰ
ਬਾਂਸ ਦੀ ਬੰਸਰੀ ਤੇ
ਕੌਣ ਮਸਤ ਨਹੀਂ ਹੁੰਦਾ?

ਬਸ, ਬੰਸਰੀ ਵਿੱਚ
ਫੂਕ ਲਾਉਣ ਵਾਲ਼ੇ
ਬੁੱਲ੍ਹ ਚਾਹੀਦੇ ਹਨ
ਅਤੇ ਸੁਰ-ਸੋਮਿਆਂ ਤੇ
ਨੱਚਣ ਵਾਲ਼ੀਆਂ ਉਂਗਲ਼ਾਂ।
ਬੰਸਰੀ ਤੇ ਕੌਣ
ਮਸਤ ਨਹੀਂ ਹੁੰਦਾ?

ਵਿਚਾਰਾਂ ਤੇ ਕੌਣ
ਮਸਤ ਨਹੀਂ ਹੁੰਦਾ?
ਜੇ ਨੂਰ ਦੀ ਬਾਤ
ਪਾਉਣੀ ਆਉਂਦੀ ਹੋਵੇ

ਨਾਨਕ ਹੋਵੇ ਜਾਂ ਲੈਨਿਨ
ਲੋਕ, ਮਸਤ ਹੋ ਮਗਰ
ਤੁਰ ਹੀ ਪੈਂਦੇ ਹਨ
ਜਦ ਮਸਤੀ ਛਾਂਦੀ ਹੈ
ਖ਼ੁਮਾਰੀ ਚੜ੍ਹਦੀ ਹੈ
ਹੇਠਲੀ ਉੱਤੇ ਆਉਂਦੀ ਹੈ।

         **

          4.

      ਮੁਕਤੀ

ਜੇ ਤੈਨੂੰ
ਸਾਹਿਲ ਦੀ ਤਲਾਸ਼ ਹੈ।
ਤਾਂ ਤੂੰ ਬਈ ਜਾਅ-ਅ
ਜਾਅ ਸਾਹਿਲ ਤੇ ਜਾ-ਮਰ
ਤੇ ਪਾ ਲੈ ਮੁਕਤੀ।

ਮੈਨੂੰ ਤਾਂ
ਚੰਗਾ ਲਗਦਾ ਹੈ
ਸਾਗਰ ਦੀ ਹਿੱਕ ਤੇ
ਤਾਰੀਆਂ ਲਾਉਣਾ,
ਤੇ ਚੜ੍ਹ ਕੇ ਲਹਿਰਾਂ ਦੇ ਮੌਰੀਂ
ਝੂਟੇ ਲੈਣੇ।
ਝੂਟਿਆਂ ਬਿਨ
ਜਿੰਦਗੀ ਹੀ ਕਾਹਦੀ ਹੈ,

ਬਸ, ਪੱਥਰ ਦੀ ਸਿਲ਼
ਪੱਥਰ ਦੀ ਸਿਲ਼
ਜਿੰਦਗੀ ਨਹੀਂ ਹੁੰਦੀ।

ਇਹ ਹਲਚਲ, ਇਹ ਤੂਫ਼ਾਨ
ਇਹ ਜ਼ਲਜ਼ਲਾ
ਇਹ ਕਸ਼ਮਕਸ਼ , ਇਹ ਮੰਝਧਾਰ
ਇਹ ਜਵਾਰਭਾਟਾ
ਇਹ ਸਿਲਸਲਾ ਹੀ
ਤਾਂ ਜਿੰਦਗੀ ਹੈ।

ਮੈਂ ਉਹ ਜ਼ੱਰਾ ਹਾਂ
ਜੋ ਭਟਕਣਾ ਮੰਗਾਂ
ਸਾਹਿਲ ਦੀ ਮੈਨੂੰ
ਤਲਾਸ਼ ਨਹੀਂ।

ਮੈਂ ਉਹ ਬੂੰਦ ਹਾਂ
ਜੋ ਫੁੱਲ ਦਾ, ਪੰਖੜੀ ਦਾ
ਮੁੱਖ ਧੋਣਾ ਚਾਹਵਾਂ
ਫੁੱਲ ਨੂੰ
ਜਿੰਦਗੀ ਦੇਣ ਲਈ
ਭਾਵੇਂ ਜਿੰਦ ਗੁਆਵਾਂ।

ਪਰ ਮੈਨੂੰ ਨਹੀਂ
ਨਦੀ ਦੀ ਤਲਾਸ਼
ਬੂੰਦ ਦਾ ਨਦੀ ਵਿਚ ਮਿਲਣਾ
ਮੌਤ ਹੈ,
ਨਦੀ ਦਾ ਸਾਗਰ ਵਿਚ ਮਿਲਣਾ
ਮੌਤ ਹੈ,
ਜ਼ੱਰੇ ਦਾ ਸਾਹਿਲ ਵਿਚ ਮਿਲਣਾ
ਮੌਤ ਹੈ,
ਸੇ ਲਈ ਮੈਂ ਮੰਗਾਂ ਭਟਕਣਾ

ਮੈਨੂੰ ਖਾਈ ਜਾਣ ਦੇ
ਦੁਨੀਆਂ ਦੇ ਸਾਗਰ ਵਿਚ ਗੋਤੇ,
ਜੇ ਤੈਨੂੰ ਸਾਹਿਲ ਦੀ ਤਲਾਸ਼ ਹੈ
ਤਾਂ ਤੂੰ ਬਈ ਜਾਅ-ਅ
ਜਾਅ ਸਾਹਿਲ ਤੇ ਜਾ ਮਰ
ਤੇ ਪਾ ਲੈ ਮੁਕਤੀ।

*****

(104)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਇਕਬਾਲ ਖਾਨ

ਇਕਬਾਲ ਖਾਨ

Calgary, Alberta, Canada.
Phone: (403 - 921 - 8736)
Email: (i.s.kalirai@hotmail.com)