IqbalKhan7ਰਿਪੁਦਮਨ ਸਿੰਘ ਰੂਪ ਨੇ ਆਪਣੀ ਲੇਖਣੀ ਅਤੇਜੀਵਨ ਸੰਘਰਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ...
(26 ਅਕਤੂਬਰ 2017)

 

RipudamanRoopABC1

ਅਰਪਨ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਸਤਪਾਲ ਕੌਰ ਬੱਲ, ਰਿਪੁਦਮਨ ਸਿੰਘ ਰੂਪ, ਉਨ੍ਹਾਂ ਦੀ ਧਰਮ ਪਤਨੀ ਸਤਪਾਲ ਕੌਰ, ਰੰਜੀਵਨ ਸਿੰਘ ਅਤੇ ਡਾ. ਮਨਜੀਤ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਸਾਹਿਤ ਪ੍ਰੇਮੀਆਂ ਦੀ ਭਰਵੀ ਹਾਜ਼ਰੀ ਵਿੱਚ ਹੋਈ। ਮੰਚ ਦੀਆਂ ਜ਼ਿੰਮੇਵਾਰੀਆਂ ਇਕਬਾਲ ਖ਼ਾਨ ਨੇ ਸੰਭਾਲਦੇ ਹੋਏ ਹੋਣ ਵਾਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਕਿ ਮੋਹਾਲੀ ਤੋਂ ਨਾਮਵਰ ਲੇਖਕ ਅਤੇ ਉੱਘੇ ਵਕੀਲ ਰਿਪੁਦਮਨ ਸਿੰਘ ਰੂਪ, ਉਨ੍ਹਾਂ ਦੀ ਧਰਮ ਪਤਨੀ ਸਤਪਾਲ ਕੌਰ ਅਤੇ ਉਨ੍ਹਾਂ ਦੇ ਸਪੁੱਤਰ ਰੰਜੀਵਨ ਸਿੰਘ ਦੇ ਕੈਲਗਰੀ ਪਹੁੰਚਣ ’ਤੇ, ਅਤੇ ਆਏ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ। ਨਾਲ ਹੀ ਇਨਸਾਨੀ ਜੀਵਨ ਵਿੱਚ ਖੁਸ਼ੀਆਂ ਗਮੀਆਂ ਦੀ ਗੱਲ ਕਰਦਿਆਂ ਸਭਾ ਦੀ ਕਾਰਜਕਾਰਨੀ ਦੇ ਮੈਂਬਰ ਜਰਨੈਲ ਸਿੰਘ ਤੱਗੜ ਦੇ ਰਿਸ਼ਤੇਦਾਰ ਸੰਤੋਖ ਸਿੰਘ ਰੰਧਾਵਾ ਦੀ ਮੌਤ ’ਤੇ ਅਫ਼ਸੋਸ ਕਰਦਿਆਂ ਸਭਾ ਦੀ ਰਵਾਇਤ ਅਨੁਸਾਰ ਸ਼ੋਕ ਮਤਾ ਰੱਖਿਆ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ ਗਈ। ਸਭਾ ਵੱਲੋਂ ਹਰਬਖ਼ਸ਼ ਸਿੰਘ ਸਰੋਆ ਦੀ ਧਰਮ ਪਤਨੀ ਦੀ ਸਿਹਤਯਾਬੀ ਲਈ ਦੁਆ ਕੀਤੀ ਗਈ। ਦਿਵਾਲੀ ਦੇ ਤਿਉਹਾਰ ਅਤੇ ਬੰਦੀ-ਛੋਡ ਦਿਵਸ ਦੀ ਵਧਾਈ ਦਿੱਤੀ ਗਈ।

ਪ੍ਰੋਗਰਾਮ ਦਾ ਆਗਾਜ਼ ਕੈਲਗਰੀ ਦੇ ਨਾਮਵਰ ਕਵੀਸ਼ਰ ਜਸਵੰਤ ਸਿੰਘ ਸੇਖੋਂ ਨੇ ਆਪਣੀ ਕਵਿਤਾ ਕਵੀਸ਼ਰੀ ਰੰਗ ਵਿੱਚ ਪੇਸ਼ ਕਰਕੇ ਕੀਤਾ। ਇਸ ਤੋਂ ਬਾਅਦ ਮਨਮੋਹਨ ਸਿੰਘ ਬਾਠ ਨੇ ਇੱਕ ਹਿੰਦੀ ਫ਼ਿਲਮ ਦਾ ਗੀਤ ਸੁਣਾ ਕੇ ਸਰੋਤਿਆਂ ਨੂੰ ਸਰਸ਼ਾਰ ਕਰ ਦਿੱਤਾ। ਸ਼ਿਵ ਕੁਮਾਰ ਸ਼ਰਮਾ ਨੇ ਮੁੱਨਖੀ ਰਿਸ਼ਤਿਆਂ ਦੀ ਸਚਾਈ ਬਾਰੇ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਜਗਵੰਤ ਗਿੱਲ ਨੇ ਮਾਂ ਦੇ ਪਿਆਰ ਨੂੰ ਦਿਰਸਾਉਂਦੀ ਆਪਣੀ ਰਚਨਾ ਬਹੁਤ ਹੀ ਅਨੂਠੇ ਰੰਗ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਅਜੈਬ ਸਿੰਘ ਸੇਖੋਂ ਨੇ ਮਨੁੱਖ ਨੂੰ ਜ਼ਿੰਦਗੀ ਮਾਨਣ ਦਾ ਸੁਨੇਹਾ ਦਿੰਦੀ ਕਵਿਤਾ ਸੁਣਾ ਕੇ ਜਾਗਰਤ ਕੀਤਾ ਕਿ ਜ਼ਿੰਦਗੀ ਨੂੰ ਭੋਗਣਾ ਹੀ ਨਹੀਂ ਸਗੋਂ ਮਾਨਣਾ ਚਾਹੀਦਾ ਹੈ। ਜਸਬੀਰ ਸਿਹੋਤਾ ਨੇ ਇੱਕ ਕਵਿਤਾ ਸੁਣਾ ਕੇ ਹਾਜ਼ਰੀ ਲਗਵਾਈ।

ਕੈਲਗਰੀ ਦੀ ਬਹੁ-ਪੱਖੀ ਅਤੇ ਨਾਮਵਰ ਲੇਖਕਾ ਗੁਰਚਰਨ ਕੌਰ ਥਿੰਦ ਨੇ ‘ਗੀਤ’ ਨਾਂ ਦੀ ਕਵਿਤਾ ਸੁਣਾ ਕੇ ਵਾਹ ਵਾਹ ਖੱਟੀ। ਕੁਲਦੀਪ ਕੌਰ ਘਟੌੜਾ ਨੇ ਨਿੱਕੀ ਪਰ ਭਾਵ-ਪੂਰਤ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ ਕਿ ਕਿਵੇਂ ਥੋੜ੍ਹੇ ਸ਼ਬਦਾਂ ਵਿੱਚ ਵੱਡਾ ਸੁਨੇਹਾ ਦਿੱਤਾ ਜਾ ਸਕਦਾ ਹੈ। ਸਤਪਾਲ ਕੌਰ ਬੱਲ ਨੇ ਆਪਣੀ ਕਵਿਤਾ ‘ਖ਼ਾਮੋਸ਼ - ਬੋਲਣਾ ਮਨ੍ਹਾ ਹੈ’ ਸੁਣਾ ਕੇ ਗੌਰੀ ਲੰਕੇਸ਼ ਵਰਗੀਆਂ ਬੁਲੰਦ ਅਵਾਜ਼ਾਂ ਦੇ ਕਤਲਾਂ ਦੀ ਬਾਤ ਪਾਈ। ਰਿਪੁਦਮਣ ਸਿੰਘ ਰੂਪ ਦੇ ਨਾਲ ਆਏ ਉਨ੍ਹਾਂ ਦੇ ਸਪੁੱਤਰ ਰੰਜੀਵਨ ਸਿੰਘ ਨੇ ਇਸੇ ਵਿਸ਼ੇ ਤੇ ਗੱਲ ਕਰਦਿਆਂ ਦੋ ਕਵਿਤਾਵਾਂ, (ਮਲਾਲਾ, ਏਨਾ ਸੱਚ ਬੋਲ) ਵਿਲੱਖਣ ਢੰਗ ਨਾਲ ਪੇਸ਼ ਕੀਤੀਆਂ। ਇਸ ਭਾਵੁਕ ਮਾਹੌਲ ਨੂੰ ਬਦਲਣ ਲਈ ਮੰਚ ਸੰਚਾਲਕ ਨੇ ਤਰਲੋਕ ਸਿੰਘ ਚੁੱਘ ਨੂੰ ਬੁਲਇਆ।

ਤਰਲੋਕ ਸਿੰਘ ਚੁੱਘ ਨੇ ਹਮੇਸ਼ਾ ਦੀ ਤਰ੍ਹਾਂ ਜਦੋਂ ਹਾਸਿਆਂ ਦੀ ਪਟਾਰੀ ਖੋਲ੍ਹੀ ਤਾਂ ਹਾਸੇ ਦੇ ਦੀਵਿਆਂ ਵਿੱਚ ਤੇਲ ਪਾ ਕੇ ਖੂਬ ਜਗਾਇਆ। ਕੋਈ ਵੀ ਇਨਸਾਨ ਇਹੋ ਜਿਹਾ ਨਾ ਰਿਹਾ, ਜਿਸ ਨੇ ਆਪਣੇ ਫੇਫੜਿਆਂ ਦੀ ਐਕਸਰਸਾਈਜ਼ ਨਾ ਕੀਤੀ ਹੋਵੇ। ਹਲਕੇ ਫੁਲਕੇ ਚੁਟਕੁਲਿਆਂ ਨੇ ਮਨ ਹੌਲੇ ਫੁੱਲ ਕਰ ਦਿੱਤੇ। ਅਮਰੀਕ ਸਿੰਘ ਚੀਮਾ ਦੀ ਖੂਬਸੂਰਤ ਆਵਾਜ਼ ਵਿੱਚ ਕਵਿਤਾ ਦੀ ਪੇਸ਼ਕਾਰੀ ਨੇ ਏਨਾ ਪ੍ਰਭਾਵਿਤ ਕੀਤਾ ਕਿ ਦਿਲ ਕਰਦਾ ਸੀ ਕਿ ਵਾਰ ਵਾਰ ਸੁਣੀ ਜਾਈਏ। ਸੁਰਜੀਤ ਸਿੰਘ ਹੇਅਰ ਦੀ ਕਵਿਤਾ ਨੇ ਇੱਕ ਵਾਰ ਫੇਰ ਸਰੋਤਿਆਂ ਨੂੰ ਆਪਣੇ ਵਤਨ ਦੀ ਮਿੱਟੀ ਦੀ ਯਾਦ ਦਿਵਾ ਕੇ ਭਾਵੁਕ ਕਰ ਦਿੱਤਾ। ਜਿੰਨੀ ਵਧੀਆ ਕਵਿਤਾ ਉਨ੍ਹਾਂ ਨੇ ਲਿਖੀ ਹੈ, ਉੰਨੀ ਹੀ ਵਧੀਆ ਪੇਸ਼ਕਾਰੀ ਸੀ।

ਕੈਲਗਰੀ ਦੇ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਰਿਪੁਦਮਨ ਸਿੰਘ ਰੂਪ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੰਜਾਬੀ ਸਾਹਿਤ ਦੇ ਸਿਰਮੌਰ ਸਾਹਿਤਕਾਰ ਸੰਤੋਖ ਸਿੰਘ ਧੀਰ ਦੇ ਛੋਟੇ ਵੀਰ ਹਨ ਇਹ ਕਿੱਤੇ ਤੋਂ ਭਾਵੇਂ ਹਾਈਕੋਰਟ ਦੇ ਵਕੀਲ ਰਹੇ ਹਨ ਪਰ ਨਾਲ ਦੀ ਨਾਲ ਸਾਹਿਤਕ ਜਗਤ ਵਿੱਚ ਵੀ ਆਪਣੀ ਪਛਾਣ ਸੱਤ ਪੁਸਤਕਾਂ ਪੰਜਾਬੀ ਸਾਹਿਤ ਜਗਤ ਨੂੰ ਦੇ ਕੇ ਬਰਾਬਰ ਬਣਾਈ ਰੱਖੀ ਹੈ। ਇਨ੍ਹਾਂ ਦਾ ਵੱਡਾ ਲੜਕਾ ਸੰਜੀਵਨ ਸਿੰਘ ਨਾਮਵਰ ਨਾਟਕਕਾਰ ਹੈ, ਤੇ ਪਤਨੀ ਵਕੀਲ ਹੈ। ਛੋਟਾ ਲੜਕਾ ਰੰਜੀਵਨ ਸਿੰਘ ਵੀ ਸਾਹਿਤਕ ਮੱਸ ਰੱਖਦਾ ਹੈ, ਪਰ ਉਹ ਕਿੱਤੇ ਤੋਂ ਵਕੀਲ ਹੈ। ਉਨ੍ਹਾਂ ਆਖਿਆ ਕਿ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਘਰ ਵਿੱਚ ਤਿੰਨ ਮੈਂਬਰ ਵਕੀਲ ਹਨ। ਨੀਰ ਸਾਹਿਬ ਨੇ ਹਮੇਸ਼ਾ ਦੀ ਤਰ੍ਹਾਂ ਆਪਣੀ ਗ਼ਜ਼ਲ ਦਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਗਾਇਨ ਕਰਕੇ ਪ੍ਰਸ਼ੰਸਾ ਖੱਟੀ।

ਇਸ ਉਪਰੰਤ ਪ੍ਰਸਿੱਧ ਵਕੀਲ ਅਤੇ ਨਾਮਵਰ ਲੇਖਕ ਰਿਪੁਦਮਨ ਸਿੰਘ ਰੂਪ ਨੂੰ ਉਨ੍ਹਾਂ ਦੀ ਸਾਹਿਤ ਪ੍ਰਤੀ ਅਣਮੁੱਲੀ ਦੇਣ ਦੇ ਧੰਨਵਾਦ ਵਜੋਂ ਅਰਪਨ ਲਿਖਾਰੀ ਸਭਾ ਵੱਲੋਂ ਸਨਮਾਨ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕੇਸਰ ਸਿੰਘ ਨੀਰ ਅਤੇ ਸਭਾ ਦੇ ਹੋਰ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ। ਰਿਪੁਦਮਨ ਸਿੰਘ ਰੂਪ ਨੇ ਆਪਣੀ ਲੇਖਣੀ ਅਤੇ ਜੀਵਨ ਸੰਘਰਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਵਾਕਿਆ ਹੀ ਉਨ੍ਹਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਇੱਕ ਸਕੂਲ ਟੀਚਰ ਤੋਂ ਜੀਵਨ ਸ਼ੁਰੂ ਕਰਕੇ ਹਾਈਕੋਰਟ ਦੇ ਵਕੀਲ ਤਕ ਦਾ ਸਫ਼ਰ ਤੈਅ ਕੀਤਾ। ਨਾਲ ਹੀ ਆਪਣੀ ਬੁਹ-ਵਿਧਾਵੀ (ਕਾਵਿ-ਸੰਗ੍ਰਹਿ, ਕਹਾਣੀ-ਸੰਗ੍ਰਹਿ, ਮਿੰਨੀ ਕਹਾਣੀ-ਸੰਗ੍ਰਹਿ ਅਤੇ ਲੇਖ) ਸਾਹਿਤਕ ਯਾਤਰਾ ਬਾਰੇ ਦੱਸਿਆ। ਉਨ੍ਹਾਂ ਵੱਲੋਂ ਸੁਣਾਈਆਂ ਕਵਿਤਾਵਾਂ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਸਲਾਹਿਆ ਗਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਲੋਕ-ਸੰਘਰਸ਼ਾਂ ਵਿੱਚ ਜੇਲਾਂ ਕੱਟੀਆਂ ਤੇ ਲੋਕ-ਹੱਕਾਂ ਲਈ ਜੂਝੇ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਸਾਨੂੰ ਹਮੇਸ਼ਾ ਇੱਕ ਨੇਕ ਇਨਸਾਨ ਬਣ ਕੇ ਦੁਨੀਆਂ ਵਿੱਚ ਵਿਚਰਨਾ ਚਾਹੀਦਾ ਹੈ। ਹਮੇਸ਼ਾ ਜ਼ਬਰ ਜ਼ੁਲਮ ਦੇ ਖ਼ਿਲਾਫ਼ ਅਵਾਜ਼ ਉਠਾਉਂਦੇ ਰਹਿਣਾ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ ਹੈ। ਇਸ ਨਾਲ ਹੀ ਉਨ੍ਹਾਂ ਨੇ ਅਰਪਨ ਲਿਖਾਰੀ ਸਭਾ ਵੱਲੋਂ ਦਿਵਾਲੀ ਵਾਲੇ ਦਿਨ ਅਤੇ ਵੀਕ-ਡੇਜ਼ ਵਿੱਚ ਬਹੁਤ ਸਾਰੇ ਰੁਝੇਵਿਆਂ ਦੇ ਬਾਵਜੂਦ ਕੀਤੇ ਵਿਸ਼ੇਸ਼ ਉਪਰਾਲੇ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਸਾਹਿਤਕਾਰਾਂ ਦਾ ਭਰਵਾਂ ਇਕੱਠ ਦੇਖਦਿਆਂ ਇਹ ਵੀ ਆਖਿਆ ਕਿ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਇੱਥੋਂ ਦੇ ਇੰਨੇ ਰੁਝੇਵਿਆਂ ਵਿੱਚੋਂ ਤੁਸੀਂ ਸਮਾਂ ਕੱਢਿਆ। ਇਨ੍ਹਾਂ ਦੇਸ਼ਾਂ ਵਿੱਚ ਸਮਾਂ ਕੱਢਣਾ ਹੀ ਬਹੁਤ ਵੱਡੀ ਗੱਲ ਹੈ। ਉਨ੍ਹਾਂ ਦੀ ਸੁਪਤਨੀ ਸਤਪਾਲ ਨੇ ਵੀ ਭਾਵਪੂਰਤ ਸ਼ਬਦਾਂ ਵਿੱਚ ਸੰਬੋਧਨ ਕਰਦਿਆਂ ਆਖਿਆ ਕਿ ਦਿਵਾਲੀ ਦੇ ਸ਼ੁਭ ਦਿਨ ਤੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਇਸ ਦਾ ਬਹੁਤ ਬਹੁਤ ਧੰਨਵਾਦ। ਨਾਲ ਹੀ ਦਿਵਾਲ਼ੀ ਦੀਆਂ ਮੁਬਾਰਕਾਂ ਦਿੱਤੀਆਂ

ਸਰੋਤਿਆਂ ਦੀ ਮੰਗ ’ਤੇ ਇਕਬਾਲ ਖ਼ਾਨ ਨੇ ਆਪਣੀਆਂ ਕਵਿਤਾਵਾਂ (ਗੋਤਮ ਬੁੱਧ, ਮਜ਼ਦੂਰ) ਦੀਆਂ ਦੋ ਦੋ ਸਤਰਾਂ ਬਹੁਤ ਹੀ ਵਧੀਆ ਅੰਦਾਜ਼ ਵਿੱਚ ਪੇਸ਼ ਕੀਤੀਆਂ। ਪ੍ਰਮਿੰਦਰ ਗਰੇਵਾਲ ਨੇ ਹਮੇਸ਼ਾ ਦੀ ਤਰ੍ਹਾਂ ਸਿਹਤ ਸੰਬਧੀ ਹਲਕੀ ਫੁਲਕੀ ਕਸਰਤ ਕਰਨ ਦੇ ਕੁਝ ਕੁ ਬੁਨਿਆਦੀ ਨੁਕਤਿਆਂ ਦੀ ਗੱਲਬਾਤ ਸਾਂਝੀ ਕੀਤੀ।

ਮਨਜੀਤ ਕੌਰ ਕੰਡਾ ਨੇ ਨਸ਼ਿਆਂ ਬਾਰੇ, ਖ਼ਾਸ ਕਰਕੇ ਭੰਗ ਦੇ ਨਸ਼ੇ ਦੇ ਮਾਰੂ ਅਸਰਾਂ ਤੋਂ ਜਾਣੂ ਕਰਵਾਉਂਦਿਆਂ ਆਖਿਆ ਕਿ ਇਹ ਹੁਣ ਤੁਸੀਂ ਆਪ ਸੋਚਣਾ ਹੈ ਕਿ ਇਹਦਾ ਵਿਰੋਧ ਕਰਨਾ ਹੈ ਜਾਂ ਹੱਕ ਵਿੱਚ ਭੁਗਤਣਾ ਹੈ। ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸਵਰਣ ਧਾਲੀਵਾਲ ਨੇ ਇਸੇ ਗੱਲ ਨੂੰ ਅੱਗੇ ਵਧਾਉਂਦਿਆਂ ਸਰੋਤਿਆਂ ਨੂੰ ਜਾਗਰਤ ਹੋਣ ਲਈ ਹੋਕਾ ਦਿੱਤਾ। ਇਸ ਮੌਕੇ ’ਤੇ ਹੋਰਨਾਂ ਸਮੇਤ ਤੇਜਾ ਸਿੰਘ ਥਿਆੜਾ, ਬਾਣੀ ਕੌਰ ਘਟੌੜਾ, ਸਤਨਾਮ ਸਿੰਘ ਢਾਅ, ਅਵਤਾਰ ਸਿੰਘ ਰੀਹਲ, ਗੁਰਦੀਪ ਗਹੀਰ, ਚਮਕੌਰ ਸਿੰਘ ਚਾਹਲ, ਗੁਰਮੀਤ ਸਿੰਘ ਢਾਅ, ਗੁਰਦੇਵ ਸਿੰਘ ਬੱਲ, ਸੁਖਵਿੰਦਰ ਸਿੰਘ ਤੂਰ, ਜਗਦੀਸ਼ ਸਿੰਘ ਚੋਹਕਾ, ਰਣਜੀਤ ਸਿੰਘ ਆਹਲੂਵਾਲੀਆ, ਨਰਿੰਦਰ ਸਿੰਘ ਢਿੱਲੋਂ, ਪ੍ਰਸ਼ੋਤਮ ਭਾਰਦਵਾਜ, ਦਿਲਾਵਰ ਸਿੰਘ ਸਮਰਾ, ਪ੍ਰੋ. ਸੁਖਵਿੰਦਰ ਸਿੰਘ ਥਿੰਦ, ਜਸਵੰਤ ਹੂੰਝਣ, ਜਸਮੇਰ ਕੌਰ ਹੁੰਝਣ, ਅਮਰ ਸਿੰਘ ਕਿੰਗਰਾ, ਪ੍ਰਿਤਪਾਲ ਸਿੰਘ ਅਤੇ ਬਲਬੀਰ ਕੌਰ ਨੇ ਵੀ ਸ਼ਿਰਕਤ ਕੀਤੀ।

ਅਖ਼ੀਰ ਤੇ ਡਾ. ਮਨਜੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ, ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਅਤੇ ਪੰਜਾਬੀ ਮੀਡੀਆ ਦਾ, ਖ਼ਾਸ ਕਰਕੇ ਰਨਮਜੀਤ ਸਿੱਧੂ ਦਾ ਧੰਨਵਾਦ ਕਰਦਿਆਂ ਆਖਿਆ ਕਿ ਦਿਵਾਲੀ ਦਾ ਤਿਉਹਾਰ ਹੁੰਦਿਆ ਹੋਇਆਂ ਵੀ ਅੱਜ ਦਾ ਇਕੱਠ ਦਰਸਾਉਂਦਾ ਹੈ ਕਿ ਤੁਹਾਡਾ ਸਾਹਿਤ ਪ੍ਰਤੀ ਮੋਹ ਤੁਹਾਡੇ ਰੁਝੇਵਿਆਂ ਨਾਲੋਂ ਵਧੇਰੇ ਹੈ। ਅਗਲੀ ਮੀਟਿੰਗ ਇਸੇ ਥਾਂ ਇਸੇ ਸਮੇਂ ਕਰਨ ਦੀ ਜਾਣਕਾਰੀ ਦਿੰਦਿਆਂ, ਦਿਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਮੀਟਿੰਗ ਦੀ ਸਮਾਪਤੀ ਦਾ ਐਲਾਨ ਕੀਤਾ।

ਹੋਰ ਜਾਣਕਾਰੀ ਲਈ 403-590-1403 ਤੇ ਸਤਪਾਲ ਕੌਰ ਬੱਲ 403-921-8736 ਤੇ ਇਕਬਾਲ ਖ਼ਾਨ ਨੂੰ ਸੰਪਰਕ ਕੀਤਾ ਜਾ ਸਕਦਾ ਹੈ।

*****

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਇਕਬਾਲ ਖਾਨ

ਇਕਬਾਲ ਖਾਨ

Calgary, Alberta, Canada.
Phone: (403 - 921 - 8736)
Email: (i.s.kalirai@hotmail.com)