“ਚਾਚਾ, ਤੂੰ ਮੇਰੇ ਪਿਉ ਵਰਗਾ ਹੈਂ। ਸਾਡੀ ਲਾਸ਼ ਉੱਤੋਂ ਦੀ ਲੰਘ ਕੇ ਹੀ ਕੋਈ ਤੇਰਾ ਨੁਕਸਾਨ ਕਰ ਸਕੇਗਾ ...”
(16 ਜੁਲਾਈ 2017)
(ਨੋਟ: ਇਹ ਕਹਾਣੀ ਸੱਚੀ ਘਟਨਾ ਉੱਤੇ ਅਧਾਰਿਤ ਹੈ)
ਪੰਜਾਬ ਸੂਬਾ ਆਪਣੀ ਉੱਚੀ ਤੇ ਸੁੱਚੀ ਵਿਰਾਸਤ ਕਰਕੇ ਸਭ ਤੋਂ ਅਮੀਰ ਸੂਬਾ ਗਿਣਿਆ ਜਾਂਦਾ ਹੈ। ਆਪਸੀ ਭਾਈਚਾਰਾ ਅਤੇ ਪਿਆਰ ਮਿਲਵਰਤਨ ਪੰਜਾਬੀਆਂ ਦਾ ਗਹਿਣਾ ਹੈ। ਮਹਿਮਾਨ ਨੂੰ ਦੇਵਤੇ ਦਾ ਦਰਜਾ ਦੇਣ ਵਾਲਾ ਸਾਡਾ ਪੰਜਾਬੀ ਸਭਿਆਚਾਰ ਹੀ ਹੈ। ਸਦੀਆਂ ਤੋਂ ਆਪਣੀ ਵੱਖਰੀ ਸ਼ਾਨ ਬਰਕਰਾਰ ਰੱਖਣ ਵਾਲੇ ਪੰਜਾਬ ਨੂੰ ਬਹੁਤ ਵਾਰੀ ਦੁੱਖਾਂ ਦੀ ਹਨੇਰੀ ਵਿੱਚੋਂ ਲੰਘਣਾ ਪਿਆ ਹੈ। ਹਰ ਵਾਰੀ ਕੱਖੋ ਹੌਲੇ ਹੋ ਕੇ ਵੀ ਪੰਜਾਬੀ ਹੋਰ ਜ਼ਿਆਦਾ ਨਿੱਖਰੇ ਹਨ। ਇਤਿਹਾਸ ਸਦਾ ਪੰਜਾਬੀਆਂ ਦੀ ਇਸ ਅਨੋਖੀ ਪ੍ਰੰਪਰਾ ਦਾ ਕਰਜ਼ਾਈ ਰਹੇਗਾ ਅਤੇ ਸਦੀਆਂ ਤੱਕ ਇਸੇ ਵਿਲੱਖਣਤਾ ਕਰਕੇ ਪੰਜਾਬੀਆਂ ਦਾ ਨਾਮ ਚਮਕਦਾ ਰਹੇਗਾ।
ਦੇਸ਼ ਦੀ ਵੰਡ ਵੇਲੇ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਨੇ ਉਠਾਇਆ। ਘੁੱਗ ਵਸਦੇ ਪੰਜਾਬ ਨੂੰ ਵਿਚਾਲਿਓਂ ਚੀਰਾ ਲਾ ਕੇ ਇਸ ਦੇ ਦੋ ਹਿੱਸੇ ਕਰ ਦਿੱਤੇ ਗਏ। ਉਜਾੜੇ ਦੀ ਮਾਰ ਬੜੀ ਭਿਆਨਕ ਸੀ। ਹਿੰਦੂ ਸਿੱਖ ਅਤੇ ਮੁਸਲਮਾਨਾਂ ਦੇ ਆਪਸੀ ਰਿਸ਼ਤੇ ਪਲਾਂ ਵਿੱਚ ਟੁੱਟ ਗਏ। ਹਜ਼ਾਰਾਂ ਪਰਿਵਾਰ ਉੱਜੜ ਗਏ। ਲੱਖਾਂ ਲੋਕ ਮਾਰੇ ਗਏ। ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ। ਪੰਜਾਬ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਇਆ। ਮਰਨ ਵਾਲੇ ਵੀ ਪੰਜਾਬੀ ਸਨ ਤੇ ਮਾਰਨ ਵਾਲੇ ਵੀ। ਹਾਂ, ਹਿੰਦੂ ਸਿੱਖ ਅਤੇ ਮੁਸਲਮਾਨਾਂ ਦੀਆਂ ਸੈਕੜੇ ਉਦਾਹਰਣਾਂ ਸਾਹਮਣੇ ਆਈਆਂ, ਜਿੱਥੇ ਇਹਨਾਂ ਨੇ ਇੱਕ ਦੂਜੇ ਦੀ ਹਿਫਾਜ਼ਤ ਕੀਤੀ। ਧੀਆਂ ਭੈਣਾਂ ਦੀ ਇੱਜ਼ਤ ਬਚਾਈ ਅਤੇ ਆਪਸੀ ਭਾਈਚਾਰੇ ਨੂੰ ਆਂਚ ਨਹੀਂ ਆਉਣ ਦਿੱਤੀ।
ਉੱਜੜੇ ਲੋਕ ਫਿਰ ਤੋਂ ਆਬਾਦ ਹੋ ਗਏ। ਪੁਰਾਣੇ ਜ਼ਖ਼ਮ ਸਮੇਂ ਨੇ ਭਰ ਦਿੱਤੇ। ਪੰਜਾਬ ਵਿਚਲੇ ਪੰਜਾਬੀ ਫਿਰ ਆਪਣੀ ਪੁਰਾਣੇ ਰੌਂਅ ਵਿੱਚ ਆ ਗਏ। ਖੁਸ਼ਹਾਲੀ ਕਦਮਾਂ ਵਿੱਚ ਸੀ। ਦੇਸ਼ ਦਾ ਅੰਨਦਾਤਾ ਹੋਣ ਦਾ ਖਿਤਾਬ ਪੰਜਾਬੀਆਂ ਦੀ ਝੋਲੀ ਪਿਆ।
ਅੱਸੀ ਦੇ ਦਹਾਕੇ ਦੀ ਹਨੇਰੀ ਨੇ ਪੰਜਾਬ ਨੂੰ ਫਿਰ ਜ਼ਖ਼ਮੀ ਕਰਨਾ ਸ਼ੁਰੂ ਕਰ ਦਿੱਤਾ। ਭਟਕੇ ਹੋਏ ਨੋਜਵਾਨਾਂ ਅਤੇ ਸਰਕਾਰੀ ਏਜੰਸੀਆਂ ਦੇ ਕਰਿੰਦਿਆਂ, ਵਿਦੇਸ਼ੀ ਸ਼ਹਿ ਪ੍ਰਪਾਤ ਚੰਦ ਕੁ ਲੋਕਾਂ ਨੇ ਗਲਤ ਕਾਰਨਾਮੇ ਕਰਨੇ ਸ਼ੁਰੂ ਕਰ ਦਿੱਤੇ। ਇਸ ਜ਼ੁਲਮ ਦੀ ਚੱਕੀ ਵਿੱਚ ਮਜ਼ਲੂਮ ਅਤੇ ਨਿਰਦੋਸ਼ ਲੋਕ ਪੀਸ ਹੋਣ ਲੱਗੇ। ਹਿੰਦੂਆਂ ਸਿੱਖਾਂ ਵਿੱਚ ਨਫਰਤ ਪੈਦਾ ਕਰਨ ਦੇ ਮਨਸੂਬੇ ਬਣਾਏ ਗਏ। ਬਹੁਤ ਸਾਰੀਆਂ ਹਿੰਸਕ ਕਾਰਵਾਈਆਂ ਕੀਤੀਆਂ ਗਈਆਂ, ਜਿਨ੍ਹਾਂ ਸਦਕਾ ਆਪਸ ਵਿੱਚ ਨਫਰਤ ਤੇ ਅਵਿਸ਼ਵਾਸ ਦਾ ਬੀਜ ਬੀਜੀਆ ਗਿਆ। ਇੱਕ ਪਾਸੇ ਬੱਸਾਂ ਤੋਂ ਉਤਾਰਕੇ ਹਿੰਦੂਆਂ ਨੂੰ ਮਾਰਿਆ ਗਿਆ, ਦੂਜੇ ਪਾਸੇ ਰਾਸ਼ਟਰਵਾਦੀ ਅਤੇ ਸੱਚ ਬੋਲਣ ਵਾਲੇ ਸਿੱਖਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਅਪਹਰਣ, ਫਿਰਤੀਆਂ ਅਤੇ ਕਤਲਾਂ ਦਾ ਦੌਰ ਸ਼ੁਰੂ ਹੋ ਗਿਆ। ਇਸ ਦਾ ਅਸਲ ਕਾਰਨ ਸਾਹਮਣੇ ਨਹੀਂ ਆਇਆ। ਪੰਜਾਬ ਨੂੰ ਫਿਰ ਤੋਂ ਜ਼ਖ਼ਮੀ ਕਰ ਦਿੱਤਾ ਗਿਆ। ਆਪਸੀ ਪ੍ਰੇਮ ਪਿਆਰ ਨੂੰ ਢਾਹ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਬਹੁਤ ਸਾਰੇ ਪੰਜਾਬੀ ਵੀ ਗੁਮਰਾਹ ਹੋ ਗਏ। ਡਰ ਅਤੇ ਦਹਿਸ਼ਤ ਨਾਲ ਆਪਸੀ ਵਿਸ਼ਵਾਸ ਖਤਮ ਹੋ ਗਿਆ। ਲੋਕ ਸੁਰੱਖਿਅਤ ਥਾਂਵਾਂ ਵੱਲ ਪਲਾਣ ਕਰਨ ਲੱਗੇ। ਬਹੁਤ ਭਾਰੀ ਸੰਖਿਆ ਵਿੱਚ ਲੋਕ ਪੰਜਾਬ ਤੋਂ ਹਿਜਰਤ ਕਰਕੇ ਦੂਜੇ ਸੂਬਿਆਂ ਨੂੰ ਚਲੇ ਗਏ। ਇਸੇ ਤਰ੍ਹਾਂ ਦੂਜੇ ਸੂਬਿਆਂ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਪੰਜਾਬ ਵੱਲ ਮੂੰਹ ਕਰ ਲਿਆ।
ਪੰਜਾਬ ਅਤੇ ਹਰਿਆਣਾ ਦੀ ਹੱਦ ’ਤੇ ਵਸਦੇ ਇੱਕ ਹਿੰਦੂ ਪਰਿਵਾਰ ਨੇ ਵੀ ਡਰ ਦੇ ਸਾਏ ਵਿੱਚ ਰਹਿਣ ਦੀ ਥਾਂ ਹਰਿਆਣੇ ਵੱਲ ਜਾਣ ਦਾ ਫੈਸਲਾ ਕਰ ਲਿਆ। ਮੂੰਹ ਹਨੇਰੇ ਹੀ ਟਰਾਲੀ ਲਿਆਕੇ ਸਮਾਨ ਲੱਦਣਾ ਸ਼ੁਰੂ ਕਰ ਦਿੱਤਾ। ਦਹਿਸ਼ਤਗਰਦੀ ਦੇ ਦਿਨ ਸਨ, ਰਾਤ ਨੂੰ ਕੋਈ ਬਾਹਰ ਨਹੀਂ ਸੀ ਨਿਕਲਦਾ। ਪਰ ਟਰਾਲੀ ਵਿੱਚ ਸਮਾਨ ਲੱਦਣ ਵੇਲੇ ਗਵਾਂਢੀਆਂ ਨੂੰ ਭਿਣਕ ਪੈ ਗਈ। ਹੌਲੀ ਹੌਲੀ ਗੱਲ ਕਈ ਘਰਾਂ ਤੱਕ ਪਹੁੰਚ ਗਈ। ਜਿਸ ਨੂੰ ਵੀ ਪਤਾ ਲੱਗਿਆ ਉਹ ਟਰਾਲੀ ਲਾਗੇ ਪਹੰਚ ਗਿਆ।
“ਦੇਖ ਸੇਠਾ, ਤੂੰ ਮੈਨੂੰ ਚਾਚਾ ਆਖਦਾ ਹੈ, ਮੈਂ ਤੈਨੂੰ ਆਪਣੇ ਪੁੱਤਾਂ ਸਮਾਨ ਸਮਝਦਾ ਹਾਂ। ਜਿੰਨਾ ਚਿਰ ਮੈ ਜਿਉਂਦਾ ਹਾਂ, ਤੇਰੇ ਵੱਲ ਕੋਈ ਅੱਖ ਚੁੱਕ ਕੇ ਨਹੀਂ ਵੇਖ ਸਕਦਾ।” ਸਰਪੰਚ ਦੇ ਹੱਥ ਜੁੜੇ ਹੋਏ ਸਨ ਅਤੇ ਜ਼ੁਬਾਨ ਵਿੱਚ ਤਰਲਾ ਸੀ। ਪਰ ਸੇਠ ਚੁੱਪ ਸੀ।
“ਚਾਚਾ, ਤੂੰ ਮੇਰੇ ਪਿਉ ਵਰਗਾ ਹੈਂ। ਸਾਡੀ ਲਾਸ਼ ਉੱਤੋਂ ਦੀ ਲੰਘ ਕੇ ਹੀ ਕੋਈ ਤੇਰਾ ਨੁਕਸਾਨ ਕਰ ਸਕੇਗਾ।” ਨਾਲ ਦੇ ਘਰ ਦਾ ਨੌਜਵਾਨ ਮੁੰਡਾ ਸੇਠ ਦੀ ਮਿੰਨਤ ਕਰ ਰਿਹਾ ਸੀ। ਉਸਦੀਆਂ ਅੱਖਾਂ ਵਿੱਚ ਜੰਝੂ ਸਨ। ਉਹ ਸੇਠ ਦੇ ਪੈਰਾਂ ਵਿੱਚ ਬੈਠਾ ਸੀ। ਸੇਠ ਨੂੰ ਹੌਸਲਾ ਤਾਂ ਹੋ ਰਿਹਾ ਸੀ ਪਰ ਗਵਾਂਢੀ ਪਿੰਡ ਵਿੱਚ ਹੋਈਆਂ ਵਾਰਦਾਤਾਂ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ ਸੀ।
“ਚੰਗਾ ਤਾਇਆ, ਜੇ ਤੁਸੀਂ ਜਾਣਾ ਹੀ ਹੈ ਤਾਂ ਰਾਤ ਦੇ ਹਨੇਰੇ ਵਿੱਚ ਸਾਨੂੰ ਸ਼ਰਮਸਾਰ ਕਰਕੇ ਨਾ ਜਾਉ। ਦਿਨ ਦੇ ਉਜਾਲੇ ਵਿੱਚ ਅਸੀਂ ਆਪ ਤੁਹਾਨੂੰ ਸ਼ਹਿਰ ਛੱਡ ਕੇ ਆਵਾਂਗੇ।”
ਕੋਲ ਖੜ੍ਹੀ ਸੇਠਾਣੀ ਤੋਂ ਬੋਲੇ ਬਿਨਾ ਰਿਹਾ ਨਹੀ ਗਿਆ, “ਦੇਖੋ ਜੀ, ਜਿੱਥੇ ਇੰਨੇ ਆਪਣੇ ਰਹਿੰਦੇ ਹੋਣ, ਉੱਥੇ ਜੇ ਮੌਤ ਵੀ ਆ ਜਾਏ ਤਾਂ ਕੋਈ ਦੁੱਖ ਨਹੀ। ਸਹਿਰਾਂ ਵਿੱਚ ਤਾਂ ਨਿਰਮੋਹੇ ਲੋਕ ਵੱਸਦੇ ਹਨ। ਉੱਥੇ ਗੁਆਂਢੀ ਗੁਆਂਢੀ ਦਾ ਖਿਆਲ ਨਹੀਂ ਰੱਖਦਾ। ਇੱਥੇ ਤਾਂ ਸੁੱਖ ਨਾਲ ਸਾਰੇ ਹੀ ਆਪਣੇ ਹਨ। ਆਪਾਂ ਨਹੀਂ ਜਾਂਦੇ ਸ਼ਹਿਰ ਹੁਣ।”
ਸੇਠਾਣੀ ਦਾ ਫੈਸਲਾ ਸੁਣਕੇ ਸਾਰਿਆਂ ਦੇ ਚਿਹਰੇ ’ਤੇ ਰੌਣਕ ਪਰਤ ਆਈ। ਲੋਕ ਟਰਾਲੀ ਵਿੱਚੋਂ ਸਮਾਨ ਲਾਹੁਣ ਲੱਗ ਪਏ। ਸਮਾਨ ਲਾਹ ਕੇ ਸੇਠ ਦਾ ਪਰਿਵਾਰ ਫਿਰ ਤੋਂ ਬੇਫਿਕਰ ਹੋ ਕੇ ਘੂਕ ਸੌਂ ਗਿਆ। ਆਪਣਿਆਂ ਦੀ ਛਤਰੀ ਵਿੱਚ ਹੁਣ ਉਨ੍ਹਾਂ ਨੂੰ ਮੌਤ ਤੋਂ ਵੀ ਡਰ ਨਹੀਂ ਸੀ ਲੱਗਦਾ।
*****
(767)
ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.







































































































