“ਮੰਜੀ ਉੱਤੇ ਪਿਆ ਤਾਇਆ ਡਾਢਾ ਦੁਖੀ ਸੀ। ਉਸ ਨੂੰ ਸਰਪੰਚੀ ਦੀ ਜਿੱਤ ਦੀ ਖੁਸ਼ੀ ...”
(26 ਫਰਵਰੀ 2019)
ਤਾਇਆ, ਤਾਇਆ ... ਆਪਾਂ ਜਿੱਤ ਗਏ। ਹੁਣ ਸਰਪੰਚੀ ਆਪਣੀ ਝੋਲੀ ਵਿੱਚ ਹੈ। ਆਪਣੀ ਮਿਹਨਤ ਰੰਗ ਲਿਆਈ ਹੈ। ਦੁਸ਼ਮਣ ਨੂੰ ਆਪਾਂ ਹਰਾ ਦਿੱਤਾ।” ਢੋਲ ਦੀ ਆਵਾਜ ਵਿੱਚ ਲੁੱਡੀਆਂ ਪਾਉਂਦੇ ਹੋਏ ਨੌਜਵਾਨਾਂ ਨੇ ਦਰਵਾਜੇ ਵਿੱਚ ਮੰਜੀ ਉੱਤੇ ਰਜਾਈ ਲਈ ਪਏ ਤਾਏ ਨੂੰ ਆਖਿਆ। ਨੌਜਵਾਨਾਂ ਕੋਲੋਂ ਖੁਸ਼ੀ ਸੰਭਾਲੀ ਨਹੀਂ ਸੀ ਜਾਂਦੀ।
“ਉਏ ਤੁਸੀਂ ਸਵਾਹ ਜਿੱਤ ਗਏ ..., ਤੁਸੀਂ ਸਾਰੇ ਹਾਰ ਗਏ ਹੋ। ਭਾਵੇਂ ਤੁਸੀਂ ਸਰਪੰਚੀ ਜਿੱਤ ਲਈ ਪਰ ਤੁਸੀਂ ਬਹੁਤ ਕੁਝ ਹਾਰ ਗਏ ਹੋ। ਤੁਸੀਂ ਉਹ ਸਭ ਕੁਝ ਹਾਰ ਗਏ ਹੋ ਜੋ ਕਦੇ ਜਿੱਤਿਆ ਨਹੀਂ ਜਾ ਸਕਦਾ। ਤੁਸੀਂ ਆਪਣਾ ਭਾਈਚਾਰਾ ਹਾਰ ਗਏ ਹੋ ਮੂਰਖੋ। ਤੁਸੀਂ ਆਪਣੀ ਲਿਆਕਤ ਨਾਲ ਨਹੀਂ ਜਿੱਤੇ, ਤੁਸੀਂ ਹੋਛੇ ਹੱਥਕੰਡੇ ਅਪਣਾ ਕੇ ਜਿੱਤੇ ਹੋ। ਇਹ ਤੁਹਾਡੀ ਜਿੱਤ ਨਹੀਂ, ਹਾਰ ਹੈ, ਕਰਾਰੀ ਹਾਰ।”
ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਭਾਵੇਂ ਲੋਕ ਵੋਟਾਂ ਵਿੱਚ ਜਿੱਤ ਗਏ, ਪੰਚ ਸਰਪੰਚ ਬਣ ਗਏ, ਪਰ ਸਿਆਸਤਦਾਨਾਂ ਦੀਆਂ ਚਾਲਾਂ ਮੂਹਰੇ ਹਾਰ ਗਏ ਹਨ। ਜਦੋਂ ਬੰਦਾ ਆਪਣੀ ਜ਼ਮੀਰ ਮਾਰ ਲਵੇ ਤੇ ਮਰੀ ਹੋਈ ਜ਼ਮੀਰ ਨਾਲ ਸਫਲਤਾ ਪ੍ਰਾਪਤ ਕਰੇ ਤਾਂ ਉਹ ਜਿੱਤ ਨਹੀਂ ਹੁੰਦੀ, ਹਾਰ ਹੁੰਦੀ ਹੈ। ਮੇਰੇ ਯਾਦ ਹੈ ਕਿ ਕਿਸੇ ਲੜਕੀ ਦਾ ਆਪਣੇ ਸਹੁਰਿਆਂ ਨਾਲ ਝਗੜਾ ਚਲਦਾ ਸੀ। ਨਿੱਤ ਦਾ ਲੜਾਈ ਕਲੇਸ਼ ਸੀ। ਗੱਲ ਠਾਣਿਆਂ ਤੋਂ ਹੁੰਦੀ ਕੋਰਟ ਕਚਹਿਰੀਆਂ ਤੱਕ ਪਹੁੰਚ ਗਈ। ਲੜਕੀ ਪੱਖ ਨੇ ਆਪਣਾ ਪੱਖ ਮਜ਼ਬੂਤ ਕਰਨ ਲਈ ਦਾਜ ਦਾ ਆਰੋਪ ਲਗਾਇਆ ਪਰ ਫਿਰ ਵੀ ਗੱਲ ਨਾ ਬਣੀ। ਫਿਰ ਆਪਣੇ ਵਕੀਲ ਦੀ ਸਲਾਹ ’ਤੇ ਲੜਕੀ ਨੇ ਆਪਣੇ ਪਿਤਾ ਸਮਾਨ ਸਹੁਰੇ ਉੱਤੇ ਜਿਸਮਾਨੀ ਛੇੜਛਾੜ ਦਾ ਸੰਗੀਨ ਆਰੋਪ ਲਗਾ ਦਿੱਤਾ। ਚਾਹੇ ਇਸ ਨਾਲ ਲੜਕੀ ਵਾਲੇ ਜਿੱਤ ਗਏ ਪਰ ਲੜਕੀ ਦੇ ਦਿਮਾਗ ਉੱਤੇ ਬਹੁਤ ਬੋਝ ਪੈ ਗਿਆ। ਉਹ ਲੜਕੀ ਕੇਸ ਜਿੱਤ ਕੇ ਵੀ ਹਾਰ ਗਈ। ਉਸਦੀ ਜ਼ਮੀਰ ਨੇ ਉਸਨੂੰ ਲਾਹਨਤਾਂ ਪਾਈਆਂ। ਇਹ ਅੱਜ ਕੱਲ੍ਹ ਦਾ ਦਸਤੂਰ ਹੈ। ਆਪਣਾ ਕੇਸ ਜਿੱਤਣ ਲਈ ਕੋਈ ਕਿਸੇ ਹੱਦ ਤੱਕ ਵੀ ਗਿਰ ਸਕਦਾ ਹੈ। ਅਜਿਹੀ ਜਿੱਤ ਨੂੰ ਜਿੱਤ ਨਹੀਂ ਕਿਹਾ ਜਾ ਸਕਦਾ।
ਆਦਿ ਕਾਲ ਵਿੱਚ ਵੀ ਬਹੁਤ ਯੁੱਧ ਹੋਏ ਹਨ। ਅਸੂਲਾਂ ਨਾਲ ਜਿੱਤੇ ਯੁੱਧ ਦਾ ਇਤਿਹਾਸ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ ਪਰ ਹੋਛੇ ਹੱਥਕੰਡੇ ਅਪਣਾ ਕਿ ਜਿੱਤਿਆ ਗਿਆ ਯੁੱਧ ਕਿਸੇ ਸ਼੍ਰੇਣੀ ਵਿੱਚ ਨਹੀਂ ਆਉਦਾ। ਮਹਾਂਭਾਰਤ ਵਿੱਚ ਗਦਾਧਾਰੀ ਭੀਮ ਦੁਆਰਾ ਗਦਾ ਯੁੱਧ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਦੁਰਜੋਧਨ ’ਤੇ ਵਾਰ ਕੀਤੇ ਗਏ ਸਨ, ਜਿਸਦੀ ਭਗਵਾਨ ਸ੍ਰੀ ਕ੍ਰਿਸ਼ਨ ਦੇ ਭਰਾਤਾ ਬਲਰਾਮ ਨੇ ਨਿਖੇਧੀ ਕੀਤੀ ਸੀ। ਚਾਹੇ ਬਾਦ ਵਿੱਚ ਉਸਨੂੰ ਆਪਣੇ ਤਰਕਾਂ ਨਾਲ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸੇ ਤਰ੍ਹਾਂ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਵੀ ਬਾਲੀ ਦੇ ਮਗਰੋ ਤੀਰ ਮਾਰਿਆ ਸੀ। ਜਿਸ ਨੂੰ ਵੀ ਇਤਿਹਾਸ ਅਤੇ ਸਮੇਂ ਨੇ ਸਹੀ ਨਹੀਂ ਸੀ ਮੰਨਿਆ ਪਰ ਬਾਦ ਵਿੱਚ ਇਸ ਨੂੰ ਵੀ ਆਪਣੇ ਤਰਕਾਂ ਨਾਲ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ।
ਕਿਸੇ ਵੀ ਯੁੱਧ ਦੇ ਦੋ ਹੀ ਨਤੀਜੇ ਹੁੰਦੇ ਹਨ। ਜਿੱਤ ਜਾਂ ਹਾਰ। ਇੱਕ ਪੱਖ ਜਿੱਤਦਾ ਹੈ ਤੇ ਦੂਜਾ ਹਾਰਦਾ ਹੈ। ਕਈ ਵਾਰੀ ਯੁੱਧ ਹਾਰਨ ਵਾਲੇ ਦੀ ਜ਼ਿਆਦਾ ਪ੍ਰੰਸ਼ਸਾ ਕੀਤੀ ਜਾਂਦੀ ਹੈ। ਆਪਣੀ ਹਾਰ ਨੂੰ ਖਿੜੇ ਮੱਥੇ ਸਵੀਕਾਰ ਕਰਨਾ, ਆਪਣੀ ਕਮੀ ਜਾਂ ਕੰਮਜੋਰੀ ਨੂੰ ਮੰਨ ਲੈਣਾ, ਹਾਰ ਜਾਣਾ ਪਰ ਆਪਣੀ ਜ਼ਮੀਰ ਨੂੰ ਹਾਰਨ ਨਾ ਦੇਣਾ - ਜਿੱਤਣ ਲਈ ਅਸੂਲਾਂ ਦੀ ਬਲੀ ਨਾ ਦੇਣਾ - ਅਜਿਹੀ ਹਾਰ ਜਿੱਤ ਨਾਲੋਂ ਲੱਖ ਦਰਜੇ ਵਧੀਆ ਹੁੰਦੀ ਹੈ। ਕਹਿੰਦੇ ਹਨ ਕਿ ਜਿੱਤਣ ਤੋਂ ਬਾਅਦ ਮਹਾਨ ਸਿਕੰਦਰ ਨੇ ਹਾਰੇ ਹੋਏ ਪੋਰਸ ਨੂੰ ਪੁੱਛਿਆ ਸੀ ਕਿ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ? ਤਾਂ ਹਾਰਨ ਤੋਂ ਬਾਦ ਵੀ ਪੂਰੇ ਜਲੌ ਵਿੱਚ ਆਏ ਪੋਰਸ ਨੇ ਕਿਹਾ ਸੀ ਕਿ ਮੇਰੇ ਨਾਲ ਅਜਿਹਾ ਸਲੂਕ ਕੀਤਾ ਜਾਵੇ, ਜੋ ਇੱਕ ਜਿੱਤਿਆ ਹੋਇਆ ਰਾਜਾ ਇੱਕ ਹਾਰੇ ਹੋਏ ਰਾਜੇ ਨਾਲ ਕਰਦਾ ਹੈ।
ਜਿੱਤਣ ਦਾ ਸਿਰਫ ਇਹ ਹੀ ਮਤਲਬ ਨਹੀਂ ਹੁੰਦਾ ਕਿ ਤੁਸੀਂ ਸਿਰਫ ਜਿੱਤਣਾ ਹੀ ਹੈ। ਕਈ ਵਾਰੀ ਅਸੂਲਾਂ ’ਤੇ ਮਿਲੀ ਹਾਰ ਦਾ ਮਜ਼ਾ ਜਿੱਤ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਹੁੰਦਾ ਹੈ। ਪਰ ਜਿਵੇਂ ਕੁਝ ਲੋਕ ਆਪਣਾ ਹੀ ਤਰਕ ਦਿੰਦੇ ਹਨ ਕਿ ਪਿਆਰ ਅਤੇ ਲੜਾਈ ਵਿੱਚ ਸਭ ਜਾਇਜ਼ ਹੈ, ਇਹ ਸਿਰਫ ਜਿੱਤਣ ਲਈ ਅਪਣਾਈਆਂ ਗਈਆਂ ਗਲਤ ਨੀਤੀਆਂ ਨੂੰ ਸਹੀ ਠਹਿਰਾਉਣ ਦਾ ਬਹਾਨਾ ਹੈ। ਜੇ ਜਿੱਤਣਾ ਹੀ ਨਿਸ਼ਾਨਾ ਹੁੰਦਾ ਤਾਂ ਮਹਾਂਪੁਰਸ਼ ਵੱਡੇ ਵੱਡੇ ਯੁੱਧ ਕਦੇ ਨਾ ਹਾਰਦੇ। ਉਹਨਾਂ ਨੇ ਵੀ ਅਸੂਲਾਂ ਦੀ ਲੜਾਈ ਲੜੀ ਅਤੇ ਕੁਰਬਾਨੀਆਂ ਦਿੱਤੀਆਂ। ਜਿੱਤਣ ਲਈ ਜਾਂ ਰਾਜ ਦੀ ਪ੍ਰਪਾਤੀ ਲਈ ਉਹ ਵੀ ਅਸੂਲਾਂ ਨੂੰ ਛਿੱਕੇ ਟੰਗ ਸਕਦੇ ਸਨ ਪਰ ਉਹਨਾਂ ਨੇ ਅਜਿਹੀ ਜਿੱਤ ਨਾਲੋਂ ਹਾਰ ਨੂੰ ਗਲੇ ਲਾਉਣਾ ਮੁਨਾਸਿਬ ਸਮਝਿਆ।
ਗੱਲ ਪੰਚੀ ਸਰਪੰਚੀ ਦੀਆਂ ਚੋਣਾਂ ਤੋਂ ਸ਼ੁਰੂ ਹੋਈ ਸੀ। ਤਾਂ ਫਿਰ ਆਪਾਂ ਜਿੱਤ ਗਏ? ਇਸ ਸਵਾਲ ਦਾ ਜਬਾਬ ਉਸ ਮੰਜੀ ਉੱਤੇ ਪਏ ਤਾਏ ਕੋਲ ਹੀ ਹੈ ਉਹ ਜਿੱਤ ਗਏ ਸਨ ਜਾਂ ਹਾਰ ਗਏ ਸਨ। ਤਾਇਆ ਬੋਲਿਆ, “ਪੁੱਤਰੋ ਆਪਾਂ ਹਾਰ ਗਏ ਹਾਂ। ਇਹਨਾਂ ਲੀਡਰਾਂ ਦੀਆਂ ਚਾਲਾਂ ਆਪਾਂ ਨਹੀਂ ਸਮਝ ਸਕੇ। ਅਸੀਂ ਆਪਣਾ ਸ਼ਰੀਕਾ-ਭਾਈਚਾਰਾ ਖਤਮ ਕਰ ਲਿਆ। ਅਸੀਂ ਉਸ ਸ਼ਖਸ ਨੂੰ ਹਰਾ ਕੇ ਭੰਗੜੇ ਪਾ ਰਹੇ ਹਾਂ ਜੋ ਪਿਛਲੇ ਪੰਝੀ ਤੀਹ ਸਾਲਾਂ ਤੋਂ ਸਾਡੇ ਪਿੰਡ ਦੇ ਵਿਕਾਸ ਲਈ ਅਤੇ ਸੇਮ ਖਤਮ ਕਰਾਉਣ ਲਈ ਜ਼ੋਰ ਲਾ ਰਿਹਾ ਹੈ। ਜੋ ਸਰਪੰਚ ਨਾ ਹੁੰਦਾ ਹੋਇਆ ਵੀ ਸਾਡੇ ਕੰਮ ਕਰ ਰਿਹਾ ਹੈ। ਅਸੀਂ ਕਦੇ ਵੀ ਉਸਦਾ ਮਾੜਾ ਪੱਖ ਨਹੀਂ ਵੇਖਿਆ। ਨੇਤਾਵਾਂ ਦੇ ਮਗਰ ਲੱਗ ਕੇ ਅਸੀਂ ਉਸੇ ਥਾਲੀ ਵਿੱਚ ਛੇਕ ਕਰ ਰਹੇ ਹਾਂ, ਜਿਸ ਵਿੱਚ ਅਸੀਂ ਰੋਟੀ ਖਾਂਦੇ ਹਾਂ। ਤੇ ਉਸ ਬੰਦੇ ਦਾ ਸਮਰਥਨ ਕਰ ਰਹੇ ਹਾਂ ਜੋ ਪਿੰਡ ਦੀ ਸ਼ਾਮਲਾਤ ’ਤੇ ਕਬਜਾ ਕਰੀ ਬੈਠਾ ਹੈ। ਲੋਕਾਂ ਦਾ ਮਾਲੀਆ ਖਾ ਗਿਆ। ਪਿੰਡ ਦੇ ਏਕੇ ਨੂੰ ਤੋੜ ਕੇ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ ...।”
ਮੰਜੀ ਉੱਤੇ ਪਿਆ ਤਾਇਆ ਡਾਢਾ ਦੁਖੀ ਸੀ। ਉਸ ਨੂੰ ਸਰਪੰਚੀ ਦੀ ਜਿੱਤ ਦੀ ਖੁਸ਼ੀ ਨਹੀਂ ਸੀ, ਭਾਈਚਾਰਾ ਟੁੱਟਣ ਦਾ ਦੁੱਖ ਸੀ। ਕਿਸੇ ਸ਼ਰੀਫ ਬੰਦੇ ’ਤੇ ਲਾਏ ਸੰਗੀਨ ਦੋਸ਼ਾਂ ਨਾਲ ਪ੍ਰਾਪਤ ਕੀਤੀ ਸਰਪੰਚੀ ਦੀ ਖੁਸ਼ੀ ਨਹੀਂ ਸੀ, ਸਗੋਂ ਕਿਸੇ ਦੇ ਅਕਸ ਨੂੰ ਢਾਹ ਲਾ ਕੇ ਪ੍ਰਾਪਤ ਕੀਤੀ ਜਿੱਤ ਦਾ ਅਫਸੋਸ ਸੀ।
... ਪਰ ਮੰਡੀਰ ਅਜੇ ਵੀ ਢੋਲ ਕੁੱਟ ਰਹੀ ਸੀ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1496)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)







































































































