AmarjitChahal7ਪਾਪਾਮੇਰਾ ਇੱਕ ਦੋਸਤ ਹੈ। ਉਹ ਵੀ ਟੈਕਸੀ ਚਲਾਉਂਦਾ। ਉਹਤੁਹਾਡੀ ਗੱਲ ਤੋਂ ਉਲਟ ਕਹਿੰਦਾ ...
(25 ਅਕਤੂਬਰ 2016)


ਮੁੰਡਾ ਹੱਥੋਂ ਗਿਆ। ਪ੍ਰੀਤਮ ਗਿੱਲ ਨੇ ਸੋਚਿਆ। ਤੀਵੀਂ ਦੇ ਇਸ਼ਾਰੇ ਨਾਲ ... ਹੱਦ ਹੋ ਗਈ। ਪਿੰਕੀ ਦਾ ਜਗਦੀਪ ਨੂੰ ਇਸ਼ਾਰੇ ਨਾਲ ਸੱਦਕੇ ਬੈੱਡਰੂਮ ’ਚ ਲੈ ਜਾਣਾ ... ਹੱਦ ਈ ਹੋ ਗਈ। ... ਤੇ ਦੇਖਦਾ ਕਿਵੇਂ ਸੀ ਮੇਰੇ ਵੰਨੀਂ ... ਗਿਆ ਹੱਥੋਂ ਇਹ ਵੀ ...

ਕੰਮ ਤੋਂ ਆਏ ਜਗਦੀਪ ਨੇ ਆਪਣੇ ਬਾਪ ਵੱਲ ਅਣਸੁਖਾਵਾਂ ਜਿਹਾ ਦੇਖਿਆ, ਪ੍ਰੀਤਮ ਨੂੰ ਚੰਗਾ ਨਾ ਲੱਗਾ। ਜਗਦੀਪ ਨਹਾ-ਧੋ ਕੇ ਤਾਜ਼ਾ ਦਮ ਹੋਣ ਲਈ ਤਸ਼ਨਾਬ ਵਿਚ ਵੜ ਗਿਆ। ਸਾਰਾ ਦਿਨ ਟੈਕਸੀ ਚਲਾਉਂਦੇ ਦਾ ਸਿਰ ਭੌਂਇਆ ਹੋਇਆ ਸੀ। ਅੱਖਾਂ ਥੱਕੀਆਂ ਪਈਆਂ ਸਨ। ਉਸ ਨੇ ਵਾਸ਼ਰੂਮ ਵਿਚਲੀ ਲਾਈਟ ਦੀ ਸਵਿੱਚ ਨੱਪੀ ਤੇ ਤਸ਼ਨਾਬ ਰੌਸ਼ਨੀ ਨਾਲ ਭਰ ਗਈ। ਜਗਦੀਪ ਦੇ ਕੰਨਾਂ ਵਿੱਚ ਇੱਕ ਬਾਰ ਫਿਰ ਪਾਪਾ ਦੇ ਬੋਲ ਗੂੰਜੇ, “ਕੁੱਟ ਆਇਆਂ ਦਿਹਾੜੀ ਸ਼ੇਰਾ

ਮਤਲਬ ਕੱਢ ਲੈਣਗੇ, ਮਿੱਠੀਆਂ ਜ਼ੁਬਾਨਾਂ ਵਾਲੇ’ ਮੱਖਣ ਦੇ ਬੋਲ ਉਸਦੇ ਕੰਨਾਂ ਵਿਚ ਗੂੰਜੇ।

ਕੱਪੜੇ ਉਤਾਰਕੇ ਉਹ ਬਾਥ ਟੱਬ ਵਿਚ ਵੜ ਗਿਆ। ਤੱਤੇ-ਠੰਢੇ ਪਾਣੀ ਦੀਆਂ ਟੂਟੀਆਂ ਘੁਮਾਈਆਂ ਤਾਂ ਨਲ ਰਾਹੀਂ ਪਾਣੀ ਬਾਹਰ ਆਉਂਦਾ ਹੋਇਆ ਸ਼ੋਰ ਪਾਉਣ ਲੱਗਾ।

“… ਕੁੱਟ ਆਇਆਂ ਦਿਹਾੜੀ ਸ਼ੇਰਾ।” ਪਾਪਾ ਚਿੱਟੀ ਗੋਲ ਪੱਗ ਬੰਨ੍ਹੀ ਕੂਕਾ ਬਰਾਦਰੀ ਵਿੱਚੋਂ ਲੱਗ ਰਹੇ ਸਨ। ਉਨ੍ਹਾਂ ਚਿੱਟਾ ਹੀ ਮਸ਼ੀਨੀ ਖੱਦਰ ਦਾ ਕੁੜਤਾ-ਪਜਾਮਾ ਪਾਇਆ ਹੋਇਆ ਸੀ।

ਪਾਪਾ ਦੀ ਥਾਂ ਕੋਈ ਹੋਰ ਹੁੰਦਾ ਤਾਂ ਪਤਾ ਨਹੀਂ ਉਹ ਕੀ ਜੁਆਬ ਦਿੰਦਾ। ‘ਅਖੇ, ਕੁੱਟ ਆਇਆਂ ਦਿਹਾੜੀ ਸ਼ੇਰਾ।’

ਪਾਣੀ ਦੀ ਧਾਰ ਉਸਦੇ ਸਿਰ ਵਿਚ ਪਈ। ਸਿਰ ਤੋਂ ਹੁੰਦਾ ਹੋਇਆ ਪਾਣੀ ਹੇਠਾਂ ਨੂੰ ਵਗਦਾ ਜਗਦੀਪ ਦੇ ਤਨ-ਮਨ ਤੋਂ ਥਕੇਵਾਂ ਧੋਣ ਲੱਗਾ। ‘ਕੁੱਟ ਆਇਆਂ ਦਿਹਾੜੀ’ ਉਸ ਨੂੰ ਰੜਕ ਰਿਹਾ ਸੀ, ‘ਸ਼ੇਰਾ’ ਪਾਣੀ ਨਾਲ ਧੋਤਾ ਗਿਆ।

ਪੰਦਰਾਂ-ਵੀਹ ਮਿੰਟ ਖ਼ੂਬ ਕੋਸੇ-ਕੋਸੇ ਪਾਣੀ ਨਾਲ ਨਹਾਤਾ। ਬਾਕੀ ਦਾ ਰੋਸਾ ਵੀ ਮਨ ਤੋਂ ਲਹਿਕੇ ਡਰੇਨ ਪਾਈਪ ਵਿਚ ਪਾਣੀ ਦੀ ਤਰ੍ਹਾਂ ਰੁੜ੍ਹ ਗਿਆ। ਤੌਲੀਏ ਨਾਲ ਸਰੀਰ ਪੂੰਝਕੇ, ਪੰਚਕੂਲੇ ਤੋਂ ਪਾਪਾ ਦਾ ਲਿਆਂਦਾ ਕੁੜਤਾ-ਪਜਾਮਾ ਪਾਇਆ ਤਾਂ ਉਸ ਨੂੰ ਲੱਗਾ ਜਿਵੇਂ ਪਾਪਾ ਨੇ ਉਸ ਨੂੰ ਬੁੱਕਲ ਵਿਚ ਲੈ ਲਿਆ। ਪਰੈੱਸ ਕੀਤਾ ਕੁੜਤਾ ਪਜਾਮਾ ਪਾਕੇ, ਸਿਰ ਦੇ ਪਟੇ ਸੁਆਰਕੇ, ਉਸ ਨੇ ਕੁੜਤੇ ਦੀਆਂ ਬਾਹਾਂ ਉਤਾਂਹ ਨੂੰ ਚੁੱਕੀਆਂ, ਆਪਣਾ ਆਪ ਸ਼ੀਸ਼ੇ ਵਿਚ ਨਿਹਾਰਿਆ। ਜਗਦੀਪ ਨੂੰ ਲੱਗਾ ਕਿ ਉਹ ਵਾਕਿਆ ਹੀ ‘ਸ਼ੇਰ’ ਹੈ, ਜੋ ਅੱਜ ਦੀ ਦਿਹਾੜੀ ਦਾ ਸ਼ਿਕਾਰ ਕਰ ਆਇਆ ਸੀ। ਪਾਪਾ ਠੀਕ ਕਹਿੰਦੇ ਸਨ।

ਤਿੰਨ ਵਜੇ ਸਵੇਰ ਨੂੰ ਉੱਠਕੇ, ਤਿਆਰ ਹੋਕੇ, ਚਾਰ ਵਜੇ ਜਗਦੀਪ ਟੈਕਸੀ ਚਲਾਉਣੀ ਸ਼ੁਰੂ ਕਰ ਦਿੰਦਾ ਸੀ। ਟੈਕਸੀ ਉਸ ਨੇ ਦੋ ਸਾਲਾਂ ਲਈ ਪਟੇ ਉੱਪਰ ਲਈ ਹੋਈ ਸੀ। ਦੋ ਸਾਲ ਪਟੇ ਦੇ ਪੂਰੇ ਹੋਣ ਤੋਂ ਬਾਅਦ ਉਸਦਾ ਮਨ ਆਪਣੀ ਟੈਕਸੀ ਖਰੀਦਣ ਦਾ ਸੀ। ਉਹ ਸੋਚਦਾ, ਇੱਕ ਸ਼ਿਫਟ ਕੰਮ ਕਰਕੇ ਬਣਦਾ ਹੀ ਕੁਝ ਨਹੀਂ ਸੀ। ਸੌ - ਸਵਾ ਸੌ ਹਫਤੇ ਵਿਚ ਦਿਹਾੜੀ ਦੀ ਔਸਤ ਬਣਦੀ ਸੀ ਸਾਰੀ, ਤੇ ਉੱਪਰੋਂ ਲੋਹੜੇ ਦੀ ਮਹਿੰਗਾਈ। ਚਾਰ ਡਾਲਰਾਂ ਤੋਂ ਉੱਪਰ ਤਾਂ ਦੁੱਧ ਦੀ ਕੈਨੀ ਸੀ। ਪੰਜ ਡਾਲਰਾਂ ਦੇ ਲਾਗੇ ਇੱਕ ਪੌਂਡ ਘਿਉ ਦੀ ਟਿੱਕੀ, ਕੋਈ ਕੀ ਖਾਉ ਤੇ ਕੀ ਬਚਾਉ

ਆਪਣੀ ਟੈਕਸੀ ਹੋਵੇਗੀ ਤਾਂ ਇੱਕ ਸ਼ਿਫਟ ਡਰਾਈਵਰ ਚਲਾਕੇ, ਟੈਕਸੀ ਦੇ ਸਾਰੇ ਖਰਚ ਪੂਰੇ ਕਰੇਗਾ - ਤੇ ਆਪਣੀ ਸ਼ਿਫਟ ਦੇ ਸਾਰੇ ਦੇ ਸਾਰੇ ਪੈਸੇ ਮੈਂ ਆਪਣੀ ਜੇਬ ਵਿਚ ਪਾਵਾਂਗਾ। ਫਿਰ ਘਰ, ਕੋਠੀ ਤੇ ... ਤੇ ... ਤੇ ... ਹੋਰ ਸਾਰਾ ਕੁਝ ਬਣਾਵਾਂਗਾ ... ਇੱਕ ਟੈਕਸੀ ਹੋਰ ਲਵਾਂਗਾ।

ਇੱਕ ਪਲ ਜਗਦੀਪ ਨੇ ਸੋਚਿਆ, ‘ਅਰੇ, ਪਾਪਾ ਦੇ ਸੁਫਨੇ ਵੀ ਪੂਰੇ ਕਰਨੇ ਹਨ। ਹੋਰ ਕੌਣ ਹੈ ਉਨ੍ਹਾਂ ਦੇ ਸੁਫਨੇ ਪੂਰੇ ਕਰਨ ਵਾਲਾ? ਦੀਦੀ ਤੇ ਪ੍ਰਦੀਪ ਆਪੋ ਆਪਣੀ ਫੈਮਲੀ ਵਿਚ ‘ਬਿਜ਼ੀ’ ਹਨ

ਸਾਰੀ ਦਿਹਾੜੀ ਟੈਕਸੀ ਚਲਾਕੇ ਸ਼ਾਮ ਨੂੰ ਜਦ ਜਗਦੀਪ ਘਰ ਆਉਂਦਾ ਤਾਂ ਮੰਮਾ ਪਾਪਾ ਦੇ ਸਾਹਮਣੇ, ਨੰਨਾ ਬਾਲ ਬਣ ਗਿਆ ਮਹਿਸੂਸ ਕਰਦਾ। ਉਸ ਨੂੰ ਬੜਾ ਸਕੂਨ ਮਿਲਦਾ ਸੀ। ਬਿਲਕੁਲ ਉਸ ਤਰ੍ਹਾਂ ਜਿਵੇਂ ਸਕੂਲ ਕਾਲਜ ਦੇ ਸਮੇਂ ਕਰਦਾ ਹੁੰਦਾ ਸੀ। ਉਹੀ ਆਦਤਾਂ। ਕਦੇ ਮੰਮਾ ਨਾਲ ਲਿਪਟ ਗਿਆ ਤੇ ਕਦੇ ਪਾਪਾ ਨਾਲ। ਪਾਪਾ ਦੀ ਰੀਸੇ ਉਹ ਵੀ ਮੰਮਾ ਨੂੰ ਕਈ ਵਾਰ ਪਿਆਰ ਨਾਲ ‘ਯਾਰ’ ਕਹਿ ਦਿੰਦਾ ਸੀ। ਮੰਮਾ ਨੂੰ ਵੀ ਚੰਗਾ ਲੱਗਦਾ ਸੀ ਪਰ ਪਿੰਕੀ ਨੂੰ ਬਹੁਤ ‘ਗੰਦਾ’ ਲੱਗਦਾ ਸੀ। ਉਹ ਭੈੜਾ ਜਿਹਾ ਮੂੰਹ ਬਣਾਉਂਦੀ ਤੇ ਮਨ ਵਿਚ ਹੀ ਦੁਹਰਾਉਂਦੀ ... ਯਾਰ ... ਪਿਉ ਦੀ ਵੀ ਯਾਰ ਤੇ ਪੁੱਤ ਦੀ ਵੀ ਯਾਰ ... ਸ਼ਰਮ ਦਾ ਘਾਟਾ ...ਕੋਈ ਵੀ ਉਸ ਦੀ ਪ੍ਰਵਾਹ ਨਾ ਕਰਦਾ।

ਬਹੁਤ ਵਾਰ ਜਗਦੀਪ ਦਾ ਮਨ ਕੀਤਾ ਕਿ ਪਾਪਾ ਨੂੰ ਕਹਾਂ, ‘ਪਾਪਾ, ਪਲੀਜ਼ ਇੰਝ ਨਾ ਕਿਹਾ ਕਰੋ ... ਸਾਨੂੰ ਤਾਂ ਵਾਸ਼ਰੂਮ ਜਾਣ ਨੂੰ ਟਾਈਮ ਨਹੀਂ ਮਿਲਦਾ ਤੇ ਤੁਸੀਂ ... ਪਰ ਪਾਪਾ ਨੂੰ ਉਸ ਕੋਲੋਂ ਇੰਝ ਕਹਿ ਨਹੀਂ ਹੁੰਦਾ ਸੀ, ਇੰਝ ਲੱਗਦਾ ਸੀ ਕਿ ਪਾਪਾ ਗਲਤ ਨਹੀਂ ਹੋ ਸਕਦੇਪਾਪਾ ਦੀ ਹਰ ਗੱਲ ਦਾ ਕੋਈ ਨਾ ਕੋਈ ਭਾਵ ਜਰੂਰ ਹੁੰਦਾ ਸੀ। ਫਿਰ ਬਿਮਾਰੀ ਕੀ ਸੀ? ਕੀ ਮਾੜਾ ਸੀ ਇਹ ਕਹਿਣ ਵਿਚ ‘ਕੁੱਟ ਆਇਆਂ ਦਿਹਾੜੀ ਸ਼ੇਰਾ?’

ਜਦ ਦੇ ਮੰਮਾ-ਪਾਪਾ ਆਏ ਸਨ, ਉਸ ਤੋਂ ਕੁਝ ਸਮਾਂ ਬਾਅਦ ਪਿੰਕੀ ਦੇ ਮਿਜ਼ਾਜ ਵੀ ਬਦਲ ਗਏ ਸਨਪਿੰਕੀ ਨੂੰ ਲੱਗਦਾ ਕਿ ਉਹ ਸਾਰੇ ਇੱਕ ਹਨ, ਬੱਸ ਇੱਕ ਮੈਂ ਹੀ ਓਪਰੀ ਹਾਂ। ਉਨ੍ਹਾਂ ਦੀਆਂ ਆਦਤਾਂ ਤੇ ਬੋਲ-ਚਾਲ ਵੀ ਪਿੰਕੀ ਨੂੰ ਲੱਗਦਾ ਸਾਡੇ ਨਾਲੋਂ ਵੱਖਰਾ ਹੈ। ਪਿੰਕੀ ਤੇ ਉਸ ਦੇ ਸਾਰੇ ਭੈਣ-ਭਰਾ ਆਪਣੀ ਮਾਂ ਨੂੰ ‘ਬੀਬੀ’ ਕਹਿੰਦੇ ਸਨ ਤੇ ਪਿਉ ਨੂੰ ‘ਭਾਈਆ ਜੀ’। ਪਿੰਕੀ ਨੂੰ ਉਹ ਪਿੰਡ ਵਿਚ ਰਹਿਣ ਵਾਲੀ ਤੇ ਪਿੰਡ ਦੇ ਕਾਲਜ ਵਿਚ ਪੜ੍ਹੀ ਹੋਣ ਕਾਰਨ ‘ਐਵੇਂ ਜਿਹੀ’ ਹੀ ਸਮਝਦੇ ਸਨ। ਰਿਸ਼ਤਾ ਤਾਂ ਕੈਨੇਡਾ ਕਰਕੇ ਹੋ ਗਿਆ ਸੀ। ਪਿੰਕੀ ਸੋਚਦੀ, ‘ਨਾ ਪਿੰਡਾਂ ਵਿਚ ਕੌਣ ਆਪਣੇ ਧੀਆਂ ਪੁਤਾਂ ਨੂੰ ‘ਬੇਟਾ ਜੀ, ਬੇਟਾ ਜੀ’ ਕਹਿੰਦਾ। ਆਏ ਇਹ ‘ਵੱਡੇ’ ਪੜ੍ਹੇ-ਲਿਖੇ ... ਰਿਸ਼ਵਤਾਂ ਖਾਂਦੇ ... ਚੋਰ ਕਿਸੇ ਥਾਂ ਦੇ ... ਬੇਟਾ ਜੀ ... ਬੇਟਾ ਜੀ .... ” ਉਹ ਨੱਕ ਚੜ੍ਹਾਉਂਦੀ।

ਨਹਾ ਲਿਆ ਬੇਟਾ ਜੀ ...।” ਪਾਪਾ ਦੇ ਚਿਹਰੇ ਉੱਪਰ ਖੇੜਾ ਸੀ ਤੇ ਉਨ੍ਹਾਂ ਦੀ ਡੇਢ ਗਿੱਠ ਅੱਧ ਚਿੱਟੀ ਦਾੜ੍ਹੀ ਵੀ, ਪਾਪਾ ਦੀ ਖੁਸ਼ੀ ਦਾ ਇਜ਼ਹਾਰ ਥੋੜ੍ਹਾ-ਥੋੜ੍ਹਾ ਝੂਮਕੇ ਕਰ ਰਹੀ ਸੀ। ਪਾਪਾ ਨੇ ਮੇਜ਼ ਉੱਪਰ ਦੋ ਕੱਚ ਦੇ ਗਲਾਸ, ਜਿਨ੍ਹਾਂ ਨੂੰ ਉਹ ‘ਕੰਚ’ ਦੇ ਕਹਿੰਦੇ ਸਨ, ਰੱਖੇ ਹੋਏ ਸਨ। ਬਰਫ਼, ਪਾਣੀ ਦਾ ਨਿੱਕਾ ਚਾਂਦੀ ਦਾ ਜੱਗ, ਤੇ ਮਸਾਲੇਦਾਰ ਕਾਜੂ-ਮੂੰਗਫਲੀ ਸੁਨਹਿਰੀ ਕੰਨੀ ਵਾਲੀ ਚੀਨੀ ਦੀ ਚਿੱਟੀ ਪਲੇਟ ਵਿੱਚ ਪਏ ਸਨ। ਨਾਲ ਦੋ ਚਮਚੇ।

ਪਾਪਾ ਨੇ ਗਲਾਸਾ ਵਿੱਚ ਵਿਸਕੀ ਪਾਉਂਦਿਆਂ ਕਿਹਾ, “ਬੇਟਾ ਜੀ, ਤੁਹਾਨੂੰ ਹੀ ਉਡੀਕ ਰਿਹਾ ਸਾਂ।”

“… ਤੇ ਮੈਂ ਆ ਗਿਆ। ਪਾਠ ਕਰ ਲਿਆ, ਪਾਪਾ?” ਉਸ ਨੇ ਪਾਪਾ ਨੂੰ ਜੱਫੀ ਪਾ ਲਈ। ਛੋਟਾ ਹੁੰਦਾ ਉਹ ਅਕਸਰ ਇੰਝ ਹੀ ਪਾਪਾ ਨੂੰ ਜੱਫੀ ਪਾ ਲਿਆ ਕਰਦਾ ਸੀ। ਪਾਪਾ ਨੂੰ ਵੀ ਜਗਦੀਪ ਦਾ ਇਉਂ ਜੱਫੀ ਪਾਉਣਾ ਚੰਗਾ ਲੱਗਦਾ ਸੀ।

ਪਾਪਾ ਉਸ ਵੱਲ ਦੇਖਕੇ ਮੁਸਕਰਾਏ। ਮਨ ਵਿੱਚ ਹੀ ਜਿਵੇਂ ਉਨ੍ਹਾਂ ਕਿਹਾ ਹੋਵੇ, ‘ਬੇਟੇ ਅਭੀ ਤੁਮ ਬੱਚੇ ਹੀ ਹੋ। ਭਲੇ ਸ਼ਾਦੀ ਹੋ ਗਈ। ਬੱਚੇ ਹੋ ਗਏ ...’ ਪਾਪਾ ਚੰਡੀਗੜ੍ਹ ਰਹੇ ਹੋਣ ਕਾਰਨ ਪੰਜਾਬੀ-ਹਿੰਦੀ ਰਲਵੀਂ ਮਿਲਵੀਂ ਜਿਹੀ ਬੋਲਦੇ ਸਨ ਪਰ ਕਈ ਵਾਰ ਸ਼ਰਾਬ ਦੀ ਤਰੰਗ ਵਿਚ ਪੇਂਡੂ ਲਫ਼ਜ਼ ਵੀ ਬੋਲਦੇ ਸਨ। ਜਗਦੀਪ ਨੂੰ ਜਿਵੇਂ ‘ਸ਼ੇਰਾ’ ਕਹਿਣ ਨਾਲ ਪ੍ਰੀਤਮ ਗਿੱਲ ਨੂੰ ਜਾਪਦਾ ਕਿ ਉਹ ਅਜੇ ਵੀ ‘ਪੰਜਾਬੀ ਜੱਟ’ ਹੈ ਭਾਵੇਂ ਅੱਧੀ ਸਦੀ ਦੇ ਲਾਗੇ-ਛਾਗੇ ਹੋ ਗਿਆ ਸੀ ਉਸ ਨੂੰ ਹਰਿਆਣੇ ਵਿਚ ਰਹਿੰਦਿਆਂ

ਮੰਮਾ ਨੇ ਆਪਣੀ ਗੱਲ ਸ਼ੁਰੂ ਕਰ ਲਈ।

 “ਬੇਟਾ ਜੀ, ਜਿਉਂ ਹੀ ਚਾਰ ਵੱਜਦੇ ਨੇ, ਤੇਰੇ ਪਾਪਾ ਜੀ ਵਿੰਡੋ ਵਿੱਚ ਜਾ ਕੇ ਖੜ੍ਹ ਜਾਂਦੇ ਨੇ।”

ਰਸੋਈ ਵਿਚ ਖੜ੍ਹੀ ਪਿੰਕੀ ਨੇ ਆਪਣੀ ਸੱਸ ਦੀ ਨਕਲ ਲਾਈ, “… ਖੜ੍ਹ ਜਾਂਦੇ ਨੇ।” ਨਾਲ ਹੀ ਉਸ ਨੇ ਆਪਣੇ ਸਰੀਰ ਨੂੰ ਹਲਕੀ ਜਿਹੀ ਜ਼ਰਬ ਇਸ ਤਰ੍ਹਾਂ ਦਿੱਤੀ ਕਿ ਕੋਈ ਹੋਰ ਦੇਖ ਨਾ ਲਏ।

ਮੰਮਾ ਨੇ ਤਿੰਨ ਸਾਲਾਂ ਦੀ ਜਗਦੀਪ ਦੀ ਬੇਟੀ ਨੂੰ ਬਾਹੋਂ ਫੜਕੇ ਆਪਣੇ ਵੱਲ ਖਿਚਦੀ ਨੇ ਕਿਹਾ, “ਅਰੇ ਬੇਟਾ, ਡੈਡਾ ਨੂੰ ਤੰਗ ਨਹੀਂ ਕਰਨਾ, ਬੱਚੇ ... ਅਰੇ ਦੇਖੋ ਤੋ, ਕਿੰਨੇ ਥੱਕੇ ਹੋਏ ਕੰਮ ਤੋਂ ਆਏ ਨੇ।” ਮੰਮਾ ਨੇ ਪਿਆਰ ਨਾਲ ਜਗਦੀਪ ਨੂੰ ਆਪਣੇ ਸੀਨੇ ਨਾਲ ਲਾਕੇ ਮੋਹ ਜਿਤਾਇਆ।

ਐਨ੍ਹਾ, ਜਗਦੀਪ ਦੇ ਸੋਫੇ ਉੱਪਰ ਬੈਠਦਿਆਂ ਹੀ ਉਸ ਦੀਆਂ ਲੱਤਾਂ ਵਿਚ ਆ ਵੜੀ ਸੀ। ਛੋਟੀ ਬੱਚੀ ਨੇ ਕੂਹਣੀਆਂ, ਪਾਸੇ ਮਾਰਦੀ ਨੇ ਆਪਣੀ ਦਾਦੀ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਅਗਲਾ ਫਿਕਰਾ ਮੰਮਾ ਨੇ ਪਾਪਾ ਬਾਰੇ ਕੀ ਬੋਲਣਾ, ਜਗਦੀਪ ਨੂੰ ਪਤਾ ਸੀ‘ਕਦੇ ਘੜੀ ਦੇਖਣਗੇ ... ਕਦੇ ਬੇਚੈਨੀ ਵਿਚ ਸੋਫੇ ’ਤੇ ਬਹਿ ਜਾਣਗੇ, ਫਿਰ ਉੱਥੇ ਵੀ ਬੈਠ ਨਹੀਂ ਨਾ ਸਕਦੇ, ਉੱਠਕੇ ਤੇ ਵਿੰਡੋ ਅੱਗੇ ਆ ਖੜ੍ਹਨਗੇ’ ... ਇਉਂ ਪਾਪਾ ਦੀ ਕਮਜ਼ੋਰੀ ਦੱਸਦੇ ਹੋਏ ਮੰਮਾ ਮੁਸਕਰਾਉਂਦੇ ਹੋਏ ਜਗਦੀਪ ਦਾ ਚਿਹਰਾ ਆਪਣੇ ਹੱਥਾਂ ਵਿਚ ਲੈਕੇ ਚੁੰਮਣਗੇ। ਮੰਮਾ ਦੇ ਪਿਆਰ ਅੱਗੇ ਜਗਦੀਪ ਨੰਨ੍ਹਾ ਮੁੰਨਾ ਬਾਲ ਬਣ ਜਾਂਦਾ ਹੈ।

ਪਾਪਾ ਡਰਿੰਕ ਪਾਉਂਦੇ ਸਨ। ਜਗਦੀਪ ਬਰਫ ਤੇ ਪਾਣੀ ਗਲਾਸਾਂ ਵਿਚ ਪਾਉਂਦਾ ਸੀ। ਪਾਪਾ ਨੂੰ ਉਸ ਨੇ ਗਲਾਸ ਚੁੱਕ ਕੇ ਫੜਾਇਆ ਅਤੇ ਮਨ ਵਿੱਚ ਧਾਰੀ ਹੋਈ ਗੱਲ ਕਹਿ ਦੇਣ ਦਾ ਮਨ ਬਣਾ ਲਿਆ। ਫਿਰ ਉਸ ਨੇ ਆਪਣੇ ਮਨ ਵਿਚ ਹੀ ਕਿਹਾ, ਨਹੀਂ ... ਪਾਪਾ ਮਾਈਂਡ ਕਰਨਗੇ।

ਚੀਅਰਜ਼” ਉਨ੍ਹਾਂ ਗਲਾਸ ਟਕਰਾਏ ਅਤੇ ‘ਡਰਿੰਕ ਸਿੱਪ’ ਕੀਤਾ। ਜਗਦੀਪ ਨੇ ਸੁੱਕੇ ਮੇਵੇ ਦੀ ਪਲੇਟ ਚੁੱਕ ਕੇ ਪਾਪਾ ਅੱਗੇ ਕੀਤੀ। ਉਨ੍ਹਾਂ ਨੇ ਦੋ ਕੁ ਦਾਣੇ ਕਾਜੂ ਦੇ ਮੂੰਹ ਵਿਚ ਪਾ ਕੇ ਕਿਹਾ, “ਜੀ ਬੇਟਾ ਜੀ ...

ਜੀ, ਪਾਪਾ ...” ਹੁਣ ਉਹ ਗੱਲ ਟਾਲਣੀ ਚਾਹੁੰਦਾ ਸੀ ਪਰ ਕਹਿਣਾ ਵੀ ਚਾਹੁੰਦਾ ਸੀ ਕਿ ਮੈਨੂੰ ਘਰ ਆਏ ਨੂੰ ਇੰਝ ਨਾ ਕਿਹਾ ਕਰੋ ਕਿ ਮੈਂ ਦਿਹਾੜੀ ਕੁੱਟ ਆਇਆ ਹਾਂ। ਮੈਂ ਸ਼ੇਰ ਵੀ ਨਹੀਂ। ਇਹ ਪੁਰਾਣੀ ‘ਸਿਮਲੀ’ ਮੈਨੂੰ ਠੀਕ ਨਹੀਂ ਲੱਗਦੀ। ਟੈਕਸੀ ਚਲਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਵੀਹ ਤਰ੍ਹਾਂ ਦੇ ਹਰ ਰੋਜ਼ ਲੋਕ ਮਿਲਦੇ ਨੇ। ਗੁੱਸਾ ਕਿਸੇ ਦਾ ਹੋਵੇ, ਨਿਕਲਦਾ ਟੈਕਸੀ ਡਰਾਈਵਰ ਉੱਪਰ ਹੈ। ਕੋਈ ਗਾਲ੍ਹ ਕੱਢਦਾ ਹੈ। ਸਵਾਰੀਆਂ ਸਾਨੂੰ ਚੋਰ, ਹਰਾਮੀ ਤੇ ਧੋਖੇਬਾਜ਼ ਸਮਝਦੀਆਂ ਹਨ।

“… ਤੁਹਾਡੇ ਨਾਲ ਇੱਕ ਗੱਲ ਕਰਨੀ ਸੀ।”

ਅਚਾਨਕ ਜਗਦੀਪ ਨੂੰ ਲੱਗਾ, ਇਹ ਮੈਂ ਕੀ ਕਹਿ ਦਿੱਤਾ। ਕੁਝ ਲੋਕ ਪੁਆੜੇ ਦੀ ਜੜ੍ਹ ਹੁੰਦੇ ਹਨ। ਮੱਖਣ ਨੇ ਕਿਹਾ ਸੀ, “ਲੈ ਬਾਈ, ਅੱਜ ਵੀ ਦਿਹਾੜੀ ਨੇ ਸਾਨੂੰ ਕੁੱਟ ਲਿਆ।” ਦਿਹਾੜੀ ਦੇ ਅੰਤ ਉੱਪਰ ਟੈਕਸੀ ਵਿਚ ਤੇਲ ਪਾਉਂਦਿਆਂ ਤੇ ਲੇਖੇ-ਜੋਖੇ ਦੀ ਫ਼ਰਦ ਤਿਆਰ ਕਰਦਿਆਂ ਮੱਖਣ ਨੇ ਜੋ ਦਿਹਾੜੀ ਤੋਂ ਕੁੱਟ ਹੋਣ ਦਾ ਵਿਖਿਆਨ ਕੀਤਾ ਸੀ, ਉਹ ਜਗਦੀਪ ਨੂੰ ਠੀਕ ਲੱਗਾ।

ਜਗਦੀਪ ਨੇ ਪਿਛਲਖੁਰੀ ਸੋਚਿਆ, ਪਿਛਲੀ ਰਾਤ ਦੀ ਕਲੱਬਾਂ ਤੇ ਪਾਰਟੀਆਂ ਦੀ ਰਹਿੰਦ-ਖੂੰਦ ਸਵੇਰ ਦੇ ਤਿੰਨ ਤੋਂ ਪੰਜ ਵਜੇ ਦੇ ਵਿਚਕਾਰ ਨਿਕਲਣੀ ਸ਼ੁਰੂ ਹੁੰਦੀ ਹੈ, ਜੋ ‘ਟਿੱਪ’ ਚੰਗੀ ਦੇ ਜਾਂਦੇ ਹਨ, ਪਰ ਉਬਾਸੀਆਂ ਲੈ-ਲੈ ਕੇ ਟੈਕਸੀ ਵਿਚ ਮੁਸ਼ਕ ਉਭਾਰ ਜਾਂਦੇ ਹਨ। ਉਸ ਤੋਂ ਬਾਅਦ ਏਅਰਪੋਰਟ ਨੂੰ ਜਾਣ ਵਾਲੇ ਤੇ ਫਿਰ ਦਫਤਰੀ ਕੰਮਾਂ-ਕਾਰਾਂ ਵਾਲੀਆਂ ਸਵਾਰੀਆਂ ਟੈਕਸੀ ਵੱਲ ਮੂੰਹ ਕਰਦੀਆਂ ਸਨ।

ਸਵੇਰੇ ਟੈਕਸੀ ਸਟੈਂਡ ਨੂੰ ਜਾਂਦਾ ਹੋਇਆ ਮੈਂ, ਪਹਿਲਾਂ ਰਾਹ ਵਿਚ ਆਉਂਦੇ ਗੁਰਦੁਆਰੇ ਮੱਥਾ ਟੇਕਦਾ ਹਾਂਬਾਬਾ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਦਿਹਾੜੀ ਚੰਗੀ ਬਣੇ ਤੇ ਸੁਖ ਦੀ ਲੰਘੇ। ਡਰਾਈਵਰ ਦੀ ਸੀਟ ਉੱਪਰ ਬੈਠ ਕੇ ਸਟੇਰਿੰਗ ਨੂੰ ਮੱਥਾ ਟੇਕਦਾ ਤੇ ਦੋਹਾਂ ਬਾਹਾਂ ਦਾ ਕਰਾਸ ਬਣਾਕੇ ਕੰਨਾਂ ਨੂੰ ਹੱਥ ਲਾਉਂਦਾ ਹਾਂ। ਸਟੇਰਿੰਗ ਨੂੰ ਮੱਥਾ ਟੇਕਣਾ ਅਤੇ ਕੰਨਾਂ ਨੂੰ ਹੱਥ ਲਾਉਣੇ, ਉਸਤਾਦ ਨੇ ਪਹਿਲੇ ਦਿਨ ਡਰਾਈਵਰੀ ਦੇ ਪਹਿਲੇ ਪਾਠ ਵਿੱਚ ਦੱਸੇ ਸਨ। ਉਸ ਨੇ ਕਿਹਾ ਸੀ, “ਇਸ ਤਰ੍ਹਾਂ ਕਰਨ ਨਾਲ ਬੰਦੇ ਦਾ ਮਨ ਨੀਵਾਂ ਰਹਿੰਦਾ, ਬੰਦਾ ਡਰਕੇ ਰਹਿੰਦਾ ਮਸ਼ੀਨਰੀ ਕੋਲੋਂ। ਬੰਦੇ ਕੋਲ ਡਿਮਾਕ ਹੈ, ਮਸ਼ੀਨ ਕੋਲ ਤਾਕਤ ਹੈ ਪਰ ਬੰਦੇ ਦਾ ਡਿਮਾਕ ਮਸ਼ੀਨਰੀ ਦੀ ਤਾਕਤ ਨਾਲੋਂ ਵੀ ਤਾਕਤਵਾਰ ਹੈ।”

ਛੇਵੀਂ ਪਾਸ ਉਸਤਾਦ ਜੀ ਦੀ ਸਿੱਖਿਆ ਜਗਦੀਪ ਦੇ ਮਨ ਵਿਚ ਘਰ ਕਰ ਗਈ ਸੀ। ਕਿੰਨੀ ਪਤੇ ਦੀ ਗੱਲ ਸੀ। ਕਿਤਾਬਾਂ ਵਿੱਚੋਂ ਨਹੀਂ, ਕਸਬ ਵਿੱਚੋਂ ਆਈ ਹੋਈ। ਹੁਣ ਵੀ ਕਦੇ ਜਗਦੀਪ ਨੂੰ ਟੈਕਸੀ ਦੇ ਬਾਰੇ ਵਿਚ, ਕਿਸੇ ਸਲਾਹ ਦੀ ਜਰੂਰਤ ਹੁੰਦੀ ਤਾਂ ਆਪਣੇ ਉਸਤਾਦ ਜੀ ਨੂੰ ਪੁੱਛਦਾ। ਉਸਤਾਦ ਜੀ ਦੀਆਂ ਕਈ ਗੱਲਾਂ ਪ੍ਰਦੀਪ ਦੇ ਮਨ ਨੂੰ ਲੱਗਦੀਆਂ ਸਨ ਤੇ ਕਈ ਨਹੀਂ। ਮਕੈਨਿਕੀ ਵਿਚ ਉਸਤਾਦ ਜੀ ਪੂਰਾ ਘਾਗ ਸੀ। ਮੋਟਰ ਦੀ ਆਵਾਜ਼ ਸੁਣਕੇ ਦੱਸ ਦਿੰਦਾ, ਨੁਕਸ ਕਿੱਥੇ ਹੈ। ਉਸ ਸਮੇਂ ਜਗਦੀਪ ਨੂੰ ਲੱਗਦਾ ਸੀ ਕਿ ਨਾਅਨ ਮੈਡੀਕਲ, ਬੀ. ਐੱਸ. ਸੀ. ਕਰਨ ਨਾਲੋਂ ਮਕੈਨੀਕਲ ਡਿਪਲੋਮਾ ਹੀ ਕੀਤਾ ਹੁੰਦਾ ਤਾਂ ਅੱਜ ਕਿਤੇ ਜ਼ਿਆਦਾ ਲਾਭਦਾਇਕ ਹੁੰਦਾ।

ਜ਼ਰੂਰ ਕਰੋ ਬੇਟਾ ਜੀਪਹਿਲਾਂ ਇਹ ਦੱਸੋ, … ਦਿਹਾੜੀ ਕਿਸ ਤਰ੍ਹਾਂ ਰਹੀ?” ਕਿਸ ਤਰ੍ਹਾਂ ਤੋਂ ਉਨ੍ਹਾਂ ਦਾ ਭਾਵ ਸੀ ਕਿ ਪਰਸ ਵਿੱਚ ਜੋ ਨਗਦ ਹੈ ਉਸ ਬਾਰੇ ਦੱਸੋ ਤੇ ਮੇਰੇ ਹਵਾਲੇ ਕਰੋ। ਪਾਪਾ ਪੰਜਾਬ ਰੋਡਵੇਜ਼ ਵਿਚ ਕਲਰਕ ਭਰਤੀ ਹੋਕੇ ਫਿਰ ਤਰੱਕੀ ਕਰਦੇ ਹੋਏ ਸੀਨੀਅਰ ਕਲਰਕ ਰਿਟਾਇਰ ਹੋਏ ਸਨ। ਹੁਣ ਉਹ ਦਸ ਸਾਲ ਦੇ ਵੀਜ਼ਾ ਪ੍ਰੋਗਰਾਮ ਉੱਪਰ ਕੈਨੇਡਾ ਆਏ ਸਨ।

ਦਿਹਾੜੀ ...?ਉਸ ਨੇ ਗਲਾਸ ਚੁੱਕਿਆ, ਘੁੱਟ ਭਰਿਆ ਅਤੇ ਸੋਚਣ ਲੱਗਾ।

ਕੀ ਸੋਚਣ ਲੱਗ ਪਏ, ਬੇਟਾ ਜੀ ...”

ਪਾਪਾ ਮੁਸਕਰਾ ਰਹੇ ਸਨ ਤੇ ਡਰਿੰਕ ਵੀ ਸਿੱਪ ਕਰ ਰਹੇ ਸਨ।

ਅੱਜ ਸਵੇਰੇ ਪਹਿਲਾਂ ਤਾਂ ਇੱਕ ਸ਼ਰਾਬਣ ਨੇ ਟੈਕਸੀ ਵਿਚ ਉਲਟੀ ਕਰ ਦਿੱਤੀ। ਓ ਮਾਈ ਗਾਡ ...” ਜਗਦੀਪ ਨੇ ਆਪਣੇ ਚਿਹਰੇ ਅੱਗੇ ਆਪਣੇ ਸੱਜੇ ਹੱਥ ਨਾਲ ਪੱਖੀ ਝੱਲੀ ਜਿਵੇਂ ਬਦਬੂ ਹੁਣ ਵੀ ਉਸ ਦੇ ਇਰਦ-ਗਿਰਦ ਮੰਡਲਾਉਣ ਲੱਗ ਪਈ ਸੀ। “... ਮੇਰੇ ਤਾਂ ਉਸ ਨੇ ਬੰਬ ਬੁਲਾ ’ਤੇ, ਪਾਪਾ। ਟੈਕਸੀ ਸਾਫ ਕਰਾਉਣ ਦੇ ਉਸ ਤੋਂ ਪੈਸੇ ਤਾਂ ਲੈ ਲਏ ਪਰ ਮੇਰਾ ਡੇਢ ਘੰਟਾ ਖਰਾਬ ਹੋ ਗਿਆ। ਫਿਰ ਵੀ ਟੈਕਸੀ ਵਿੱਚੋਂ ਅੱਧੀ ਦਿਹਾੜੀ ਮੁਸ਼ਕ ਆਉਂਦੀ ਰਹੀ।”

ਮੰਮਾ ਨੇ ਵੀ ਭੈੜਾ ਜਿਹਾ ਮੂੰਹ ਬਣਾਇਆ। “ਫਿਰ ਉਵੇਂ ਈ ਟੈਕਸੀ ਚਲਾਉਂਦੇ ਰਹੇ, ਬੇਟਾ ਜੀ?

ਤੇ ਹੋਰ ਕੀ, ਮੰਮਾ। ਦੋ ਵਾਰ ਐਕਸੀਡੈਂਟ ਹੁੰਦਾ-ਹੁੰਦਾ ਬਚਿਆ। ਇਕ ਵਾਰ ਗਰੀਨ ਲਾਈਟ ਵਿਚਦੀ ਜਾ ਰਿਹਾ ਸੀ ਕਿ ਕੋਈ ਦੌੜਕੇ ਰੈੱਡ ਲਾਈਟ ਕਰਾਸ ਕਰਨ ਪੈ ਗਿਆ। ਉਸ ਨੇ ਹਵਾ ਵਿਚ ਫੁਟਬਾਲ ਵਾਂਗ ਬੁੜ੍ਹਕ ਜਾਣਾ ਸੀ। ਮੰਮਾ, ਜ਼ੋਰ ਦੇ ਬਰੇਕ ਲਾਕੇ ਟੈਕਸੀ ਰੋਕੀ। ਟਾਇਰਾਂ ਦਾ ਧੂੰਆਂ ਨਿਕਲ ਗਿਆ, ਮੰਮਾ। ਟੈਕਸੀ ਵੀ ਥੋੜ੍ਹੀ ਜਿਹੀ ਘੁੰਮ ਗਈ ਪਰ ਪਾਸੇ ਕੋਈ ਗੱਡੀ ਨਾ ਹੋਣ ਕਾਰਨ ਬਚਾਅ ਹੋ ਗਿਆ। ਸਵਾਰੀ ਤੋਂ ਵੱਖ ਮੁਆਫੀ ਮੰਗੀ। ਸਵਾਰੀ ਨੂੰ ਉਸ ਦੇ ਟਿਕਾਣੇ ਉਤਾਰਕੇ ਕੌਫੀ ਦਾ ਕੱਪ ਲਿਆ, ਮਨ ਸ਼ਾਂਤ ਕਰਨ ਲਈ। ਜਦੇ ਈ ਫਿਰ ਟਰਿੱਪ ਮਿਲ ਗਿਆ। ਇੱਕ ਤੋਂ ਬਾਅਦ ਇੱਕ। ਲੰਚ ਖਾਣਾ ਤਾਂ ਇੱਕ ਪਾਸੇ ਰਿਹਾ, ਵਾਸ਼ਰੂਮ ਜਾਣ ਦਾ ਵੀ ਟਾਈਮ ਨਹੀਂ ਮਿਲਿਆ, ਮੰਮਾ

ਦੇਖੋ ਜੀ, ਮੇਰੇ ਬੇਟੇ ਨੂੰ ਕਿੰਨਾ ਔਖਾ ਹੋਕੇ ਕੰਮ ਕਰਨਾ ਪੈ ਰਿਹਾ, ਇੱਥੇ।” ਉਸ ਨੇ ਆਪਣੇ ਪੁੱਤਰ ਦਾ ਸਿਰ ਪਲੋਸਿਆ। ਜਗਦੀਪ ਨੇ ਵੀ ਆਪਣਾ ਸਿਰ ਮਾਂ ਦੀ ਛਾਤੀ ਨਾਲ ਲਾ ਦਿੱਤਾ। ਐਨ੍ਹਾ, ਜਗਦੀਪ ਦੀ ਗੋਦੀ ਵਿਚ ਬੈਠੀ ਟੀਵੀ ਦੇਖਣ ਵਿਚ ਰੁੱਝ ਗਈ ਸੀ।

ਪਾਪਾ ਮੁਸਕਰਾਏ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੇ ਪਿੰਕੀ ਬੋਲ ਪਈ, “ਮੰਮੀ, ਤੁਸੀਂ ਬਹੁਤਾ ਨਾ ਕਰੋ। ਹਰੋਜ਼ ਇਉਂ ਨਹੀਂ ਹੁੰਦਾ। ਪੀਟਰ ਵੀਰ ਜੀ ਨੂੰ ਟੈਕਸੀ ਚਲਾਉਂਦਿਆਂ ਕਈ ਸਾਲ ਹੋ ਗਏ। ਉਨ੍ਹਾਂ ਕਦੇ ਕੋਈ ਸ਼ਕਾਇਤ ਨਹੀਂ ਕੀਤੀ। ਸਗੋਂ ਕਈ ਸਵਾਰੀਆਂ ਦੀਆਂ ਗੱਲਾਂ ਸੁਣਾ-ਸੁਣਾਕੇ ਬੜਾ ਹਸਾਉਣਗੇ

ਮੰਮਾ ਨੇ ਜੁਆਬ ਤਾਂ ਨਾ ਦਿੱਤਾ ਪਰ ‘ਬੌਡੀ ਲੈਂਗੂਏਜ਼’ ਤੋਂ ਲੱਗਾ ਕਿ ਉਨ੍ਹਾਂ ਨੂੰ ਪਿੰਕੀ ਦੀ ਦਖਲ ਅੰਦਾਜ਼ੀ ਪਸੰਦ ਨਹੀਂ ਸੀ।

ਪਾਪਾ ਨੇ ਗਲਾਸ ਖਾਲੀ ਕੀਤਾ। ਇਸ ਵਾਰ ਉਨ੍ਹਾਂ ਨੇ ਮੂੰਗਫਲੀ ਦੇ ਚਾਰ ਕੁ ਦਾਣੇ ਮੂੰਹ ਵਿਚ ਪਾਕੇ ਚੱਬੇ ਤੇ ਮੁਸਕਰਾਕੇ ਬੋਲੇ, “ਹੂੰ, ਪਿੰਕੀ ਬੇਟਾ ਠੀਕ ਕਹਿੰਦੀ ਹੈ। ਮਾੜਾ ਮੋਟਾ ਕੁਝ ਨਾ ਕੁਝ ਤਾਂ ਡਰਾਈਵਰੀ ਵਿਚ ਹੁੰਦਾ ਹੀ ਰਹਿੰਦਾ ਹੈ। ਨਹੀਂ ਤਾਂ ਡਰਾਇਵਰੀ ਕੀ ਹੋਈ?” ਅਸਲ ਵਿਚ ਉਹ ਪਿੰਕੀ ਨੂੰ ਵੀ ਖੁਸ਼ ਰੱਖਣਾ ਚਾਹੁੰਦੇ ਸਨ। ਪਿੰਕੀ ਪੰਚਕੂਲੇ ਵਾਲੀ ਕੋਠੀ ਦੀ ਮੁਰੰਮਤ ਕਰਾਉਣ ਅਤੇ ਉਸ ਉੱਪਰ ਇੱਕ ਹੋਰ ਦੋ ਕਮਰਿਆਂ ਦਾ ਪੂਰਾ ਸੈੱਟ ਬਣਾਉਣ ਦੇ ਹੱਕ ਵਿਚ ਨਹੀਂ ਸੀ। ਉਹ ਕੋਠੀ ਉੱਪਰ ਪੈਸੇ ਖਰਚਣ ਤੋਂ ਪਹਿਲਾਂ ਇੱਥੇ ਇੱਕ ਹੋਰ ਘਰ ਖਰੀਦਣਾ ਚਾਹੁੰਦੀ ਸੀ। ਉਸਦੀ ਸੋਚ ਸੀ ਕਿ ਅਸੀਂ ਵੀ ਮਾਣ ਨਾਲ ਲੋਕਾਂ ਨੂੰ ਦੱਸ ਸਕੀਏ ਕਿ ਸਾਡੇ ਕੋਲ ਦੋ ਘਰ ਹਨ। ਪੰਚਕੂਲੇ ਵਾਲੀ ਕੋਠੀ ਵਿੱਚੋਂ ਤਾਂ ਜਦ ਵੰਡ-ਵੰਡਾਈ ਹੋਈ, ਪ੍ਰਦੀਪ ਤੇ ਇਨ੍ਹਾਂ ਦੀ ਭੈਣ ਨੇ ਵੀ ਹਿੱਸਾ ਲੈ ਜਾਣਾ। ਕੋਠੀ ਦੀ ਮੁਰੰਮਤ ਕਰਾਉਣ ਵਿਚ ਉਹ ਆਪਣਾ ਬਣਦਾ ਹਿੱਸਾ ਪਾਉਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਕੋਲ ਇੱਕ ਹੀ ਜਵਾਬ ਹੁੰਦਾ ਸੀ ਕਿ ਸਾਡਾ ਆਪਣਾ ਮਸੀਂ ਗੁਜਾਰਾ ਚਲ ਰਿਹਾ। ਪਾਪਾ ਨੂੰ ਪੈਨਸ਼ਨ ਆਉਂਦੀ ਹੈ। ਉਸ ਨਾਲ ਮੁਰੰਮਤ ਕਰਾ ਲਉ। ਪਾਪਾ ਕੋਲ ਆਪਣਾ ਤਰਕ ਸੀ ਕਿ ਰਿਸ਼ਤੇਦਾਰੀ ਵਿਚ ਕੋਈ ਨਾ ਕੋਈ ਦਿਨ-ਵਿਹਾਰ ਆਇਆ ਹੀ ਰਹਿੰਦਾ ਹੈ। ਉਹ ਸਾਰੇ ਕਰਨੇ ਪੈਂਦੇ ਹਨ। ਮਹਿੰਗਾਈ ਬਹੁਤ ਹੈ। ਪੈਨਸ਼ਨ ਵਿੱਚੋਂ ਖਰਚ ਕਰਕੇ ਬਚਦਾ ਈ ਕੀ ਹੈ। ਕੱਲ੍ਹ ਦਾ ਪਤਾ ਨਹੀਂ, ਕੋਈ ਖੜ੍ਹੇ ਪੈਰ ਖਰਚ ਆ ਪਏ। ਇੱਕ ਵਾਰ ਡਾਕਟਰ ਦੇ ਜਾਉ ਪੰਜ ਸੌ ਦਾ ਨੋਟ ਉੱਡ ਜਾਂਦਾ ਹੈ।

ਪਾਪਾ ਨੂੰ ਟੈਕਸੀ ਦੇ ਪੈਸੇ ਫੜਾਉਣ ਕਾਰਨ ਪਿੰਕੀ ਕਈ ਵਾਰ ਰਾਤ ਨੂੰ ਜਗਦੀਪ ਨਾਲ ਝਗੜਾ ਕਰ ਚੁੱਕੀ ਸੀ। ਉਸ ਦਾ ਕਹਿਣਾ ਸੀ ਕਿ ਵਿਆਹ ਤੋਂ ਬਾਅਦ ਪਤੀ ਦੀ ਕਮਾਈ ਉੱਪਰ ਪਤਨੀ ਦਾ ਹੱਕ ਹੁੰਦਾ ਹੈ, ਮਾਂ-ਪਿਉ ਦਾ ਨਹੀਂ। ਜਗਦੀਪ ਕਹਿੰਦਾ, “ਤੂੰ ਠੀਕ ਐਂ ਡਾਰਲਿੰਗ, ਪਰ ਮੈਂ ਪਾਪਾ ਨੂੰ ਜੁਆਬ ਨਹੀਂ ਦੇ ਸਕਦਾ। ਮੈਂ ਉਨ੍ਹਾਂ ਦਾ ਦਿਲ ਨਹੀਂ ਤੋੜ ਸਕਦਾ। ਇਹ ਤਾਂ ਉਨ੍ਹਾਂ ਨੂੰ ਚਾਹੀਦਾ ਮੇਰੇ ਤੋਂ ਪੈਸੇ ਨਾ ਮੰਗਣ।”

“… ਤੇ ਮੇਰਾ ਦਿਲ! ਇਸਦੀ ਕਿਸ ਨੂੰ ਪ੍ਰਵਾਹ ਹੈ। ਨਾ ਪਤੀ ਪ੍ਰਮੇਸ਼ਰ ਨੂੰ ਤੇ ਨਾ ਹੀ ਉਸ ਦੇ ਮਾਂ-ਪਿਉ ਨੂੰ।” ਪਿੰਕੀ ਦਾ ਝਾੜਿਆ ਨਜ਼ਲਾ ਜਗਦੀਪ ਨੂੰ ਯਾਦ ਆਇਆ।

ਪਾਪਾ, ਮੇਰਾ ਇੱਕ ਦੋਸਤ ਹੈ। ਉਹ ਵੀ ਟੈਕਸੀ ਚਲਾਉਂਦਾ। ਉਹ, ਤੁਹਾਡੀ ਗੱਲ ਤੋਂ ਉਲਟ ਕਹਿੰਦਾ।”

ਮੇਰੀ ਗੱਲ ਤੋਂ ਉਲਟ ...?” ਪਾਪਾ ਨੂੰ ਹੈਰਾਨੀ ਹੋਈ, “… ਮੇਰੀ ਗੱਲ ਤੋਂ ਕੀ ਉਲਟ?”

ਜਗਦੀਪ ਨੇ ਗਲਾਸ ਪਾਪਾ ਨੂੰ ਫੜਾਇਆ। “ਖਾਲੀ ਵੀ ਕਰੋ ਨਾ, ਪਾਪਾ।”

ਪਾਪਾ ਨੇ ਮੁਸਕਰਾਕੇ ਗਲਾਸ ਖਾਲੀ ਕਰਕੇ ਮੇਜ਼ ਉੱਪਰ ਰੱਖ ਦਿੱਤਾ। ਸਿਰਿਆਂ ਤੋਂ ਤਿੱਖੀਆਂ ਨੇਜ਼ੇ ਵਰਗੀਆਂ ਮੁੱਛਾਂ ਪੂੰਝੀਆਂ, “ਲੈ ਪੁੱਤਰਾ, ਤੂੰ ਖੁਸ਼ ਹੋ ਲਾ” ਉਸ ਦੇ ਅੰਦਰਲਾ ਜੱਟ ਲੋਰ ’ਚ ਆ ਗਿਆ।

ਪਾਪਾ ਲਈ ਤੇ ਆਪਣੇ ਲਈ ਜਗਦੀਪ ਨੇ ਡਰਿੰਕ ਬਣਾਇਆ। ਪਾਣੀ ਤੇ ਬਰਫ ਵੀ ਪਾਈ ਤੇ ਗੱਲ ਸ਼ੁਰੂ ਕਰ ਲਈ। ਜਗਦੀਪ ਕੋਲ ਬੈਠਦੀ ਪਿੰਕੀ ਨੇ ਐਨ੍ਹਾ ਨੂੰ ਆਪਣੀ ਗੋਦ ’ਚ ਲੈ ਲਿਆ ਸੀ।

ਉਸਦਾ ਕਹਿਣਾ ਹੈ ਕਿ ਮਜ਼ਦੂਰ ਬੰਦਾ ਦਿਹਾੜੀ ਨਹੀਂ ਕੁੱਟਦਾ, ਦਿਹਾੜੀ ਮਜ਼ਦੂਰ ਬੰਦੇ ਨੂੰ ਕੁੱਟਦੀ ਹੈ। ਖਾਸ ਕਰਕੇ ਜਦ ਕੰਮ ਤੁਹਾਡੀ ਮਨ-ਪਸੰਦ ਦਾ ਨਾ ਹੋਵੇ। ਮੈਨੂੰ ਕਹਿੰਦਾ, ਇੱਕ ਗੱਲ ਦੱਸ, ਬੀ ਐੱਸ ਸੀ ਤੈਂ ਟੈਕਸੀ ਚਲਾਉਣ ਲਈ ਕੀਤੀ ਸੀ? ਮੇਰੇ ਕੋਲ ਉਸ ਦੇ ਸੁਆਲ ਦਾ ਕੋਈ ਜੁਆਬ ਨਹੀਂ ਸੀ, ਪਾਪਾ। ਮੈਨੂੰ ਚੰਗਾ ਨਹੀਂ ਲੱਗਦਾ, ਜਦ ਤੁਸੀਂ ਕਹਿੰਦੇ ਹੋ ... ਦਿਹਾੜੀ ਕੁੱਟ ਆਇਆਂ ਸ਼ੇਰਾ ... ਉਹ ਯੂਨੀਵਰਿਸਟੀ ਦੇ ਸਮੇਂ ਦੇ ਸੁਫਨੇ ... ਤੇ ਇਹ ...ਉਸ ਨਾਲ ਮੈਂ ਫਿੱਫਟੀ-ਫਿੱਫਟੀ ਹਾਂ। ਤੁਹਾਨੂੰ ਮੈਂ ਗਲਤ ਨਹੀਂ ਕਹਿੰਦਾ, ਪਾਪਾ।” ਜਗਦੀਪ ਨੇ ਨੁਕਲ ਵਾਲੀ ਪਲੇਟ ਪਾਪਾ ਦੇ ਅੱਗੇ ਕਰ ਦਿੱਤੀ। ਫਿੱਫਟੀ ਫਿੱਫਟੀ ਵਾਲੀ ਗੱਲ ਜਗਦੀਪ ਨੇ ਐਵੇਂ ਹੀ ਆਪਣੇ ਮਨੋਂ ਪਾਪਾ ਦਾ ਮਾਣ ਰੱਖਣ ਲਈ ਕਹਿ ਦਿੱਤੀ ਸੀ।

ਪਾਪਾ ਸੋਚੀਂ ਪੈ ਗਏ। ਪਿੰਕੀ ਦੇ ਹੋਠਾਂ ਉੱਪਰ ਹਲਕੀ ਜਿਹੀ ਮੁਸਕਰਾਹਟ ਆਈ। ਮੰਮਾ ਨੇ ਗੌਰ ਨਾਲ ਜਗਦੀਪ ਵੱਲ ਦੇਖਿਆ।

ਕਿਤੇ ਉਹ ਕੌਮਨਿਸ਼ਟ ਤਾਂ ਨਈਂ?” ਸੋਚ ਵਿੱਚੋਂ ਨਿਕਲ, ਪਾਪਾ ਦੇ ਚਿਹਰੇ ਉੱਪਰ ਚਿੰਤਾ ਦੇ ਚਿੰਨ੍ਹ ਉੱਭਰ ਆਏ। ਪੰਜਾਬ ਰੋਡਵੇਜ਼ ਦੀ ਮੈਨੇਜਮੈਂਟ ਦਾ ਹਿੱਸਾ ਰਹੇ ਹੋਣ ਕਾਰਨ, ਉਨ੍ਹਾਂ ਦਾ ਵਾਹ ਯੂਨੀਅਨ ਦੇ ਵਰਕਰਾਂ ਨਾਲ ਪੈਂਦਾ ਰਹਿੰਦਾ ਸੀ। ਯੂਨੀਅਨ ਦੇ ਲੀਡਰਾਂ ਨੂੰ ਅਕਸਰ ਕਾਮਰੇਡ ਸਮਝਿਆ ਜਾਂਦਾ ਸੀ ਜਦਕਿ ਉਹ ਹੁੰਦੇ ਨਹੀਂ ਸਨ। “... ਉਹ ਹੀ ਵਰਕਰਾਂ ਨੂੰ ਪੁੱਠੇ-ਸਿੱਧੇ ਪਾਠ ਪੜ੍ਹਾਉਂਦੇ ਰਹਿੰਦੇ ਸਨ।”

 “ਬੇਟਾ ਜੀ, ਅਜਿਹੇ ਲੋਕਾਂ ਤੋਂ ਦੂਰ ਰਿਹਾ ਕਰੋ। ਇਹ ਪੁੱਠੇ-ਸਿੱਧੇ ਪਾਠ ਪੜ੍ਹਾਕੇ ਲੋਕਾਂ ਦਾ ਡਿਮਾਕ ਖਰਾਬ ਕਰਦੇ ਨੇ। ਬੱਸ! ਇਸ ਦੇ ਬਾਰੇ ’ਚ ਹੋਰ ਸਵਾਲ ਨਹੀਂ ਕਰਨਾ, ਬੇਟਾ ਜੀ।”

ਪਰ ਕਿਉਂ ਪਾਪਾ ...?”

 “ਕਿਹਾ ਨਾ ਬੇਟੇ, ਨਹੀਂ ਕਰਨਾ।” ਮਿੱਠੇ ਸ਼ਬਦਾਂ ਵਿਚ ਵੀ ਸਖਤੀ ਸੀ।

ਜਗਦੀਪ ਫਿਰ ਆਪਣਾ ਸਵਾਲ ਦੁਹਰਾਉਣ ਲੱਗਾ ਸੀ ਕਿ ਪਿੰਕੀ ਉੱਠ ਖੜ੍ਹੀ ਹੋਈ ਤੇ ਉਸ ਨੇ ਜਗਦੀਪ ਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਬੈੱਡ ਰੂਮ ਵਿਚ ਜਾਕੇ ਪਿੰਕੀ ਨੇ ਜਗਦੀਪ ਨੂੰ ਜੱਫੀ ਪਾਕੇ ਕਿਹਾ, “ਵਾਹ! ਮੇਰੇ ਸ਼ੇਰਾ ... ਕਮਾਲ ਕਰਤੀ ਯਾਰ, ਪਾਪਾ ਦੀ ਗੱਲ ਕੱਟ ’ਤੀ।”

ਉਨ੍ਹਾਂ ਦੇ ਜਾਣ ਬਾਅਦ ਪ੍ਰੀਤਮ ਗਿੱਲ ਨੇ ਸੋਚਿਆ, ਮੁੰਡਾ ਹੱਥੋਂ ਗਿਆ ... ਤੀਵੀਂ ਦੇ ਇਸ਼ਾਰੇ ਨਾਲ ... ਹੱਦ ਹੋ ਗਈ। ਸ੍ਰੀਮਤੀ ਗਿੱਲ ਨੇ ਉਨ੍ਹਾਂ ਦੇ ਮੋਢੇ ਉੱਪਰ ਹੱਥ ਰੱਖਕੇ ਢਾਰਸ ਦਿੱਤੀ।

*****

(474)

ਇਸ ਕਹਾਣੀ ਬਾਰੇ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਮਰਜੀਤ ਚਾਹਲ

ਅਮਰਜੀਤ ਚਾਹਲ

Surrey, British Columbia, Canada.
Phone: (604 581 0406)
Email: (amarbaba@msn.com)