AmarjitChahal7ਕਵਿਤਾ ਦੀ ਲਾਟ ਦਾ ਜਸ਼ਨ” ਦੀ ਸੰਪਾਦਨਾ --- ਡਾ. ਗੁਰੂਮੇਲ ਸਿੱਧੂ
(7 ਅਕਤੂਬਰ 2016)

  

KavitaDLJashanC3

 

KavitaDLJashan2ਅਗਾਂਹ ਵਧੂ ਜਥੇਬੰਦੀਆਂ ਤੇ ਵਿਅਕਤੀਆਂ ਦੇ ਸਹਿਯੋਗ ਨਾਲ, ਪੰਜਾਬੀ ਸਾਹਿਤਕ ਤੇ ਸੱਭਿਆਚਾਰਕ ਵਿਚਾਰ ਮੰਚ ਸਰੀ (ਬੀ ਸੀ, ਕੈਨੇਡਾ) ਨੇ ਭੂਪਿੰਦਰ ਧਾਲੀਵਾਲ ਦੀ ਸੰਪਾਦਿਤ ਪੁਸਤਕ ਕਵਿਤਾ ਦੀ ਲਾਟ ਦਾ ਜ਼ਸਨ’, 18 ਸਤੰਬਰ 2016 ਨੂੰ ਰਲੀਜ਼ ਕਰਨ ਦਾ ਉੱਦਮ ਕੀਤਾ।

ਸੰਪਾਦਕ ਭੂਪਿੰਦਰ ਧਾਲੀਵਾਲ ਨੇ ਇਸ ਪੁਸਤਕ ਵਿਚਸੁਰਿੰਦਰ ਧੰਜਲ ਦੀ ਪੰਜਵੀਂ ਕਾਵਿ-ਕਿਤਾਬ ਕਵਿਤਾ ਦੀ ਲਾਟਬਾਰੇ, ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਅਤੇ ਯੂਨੀਵਰਸਿਟੀਆਂ ਨਾਲ਼ ਸੰਬੰਧਤ ਹਸਤੀਆਂ ਸਮੇਤ, 41 ਵਿਦਵਾਨਾਂ, ਲੇਖਕਾਂ ਤੇ ਚਿੰਤਕਾਂ ਦੇ 44 ਦਸਤਾਵੇਜ਼ ਸ਼ਾਮਲ ਕੀਤੇ ਹਨ।

ਪ੍ਰੋਗਰਾਮ ਦੇ ਸ਼ੁਰੂ ਵਿਚ ਸੁਰਿੰਦਰ ਧੰਜਲ ਨੇ ਦਰਸ਼ਕਾਂ ਨੂੰ ਆਪਣੀ ਕਵਿਤਾ ਨਾਲ ਜੋੜਨ ਲਈ, ਆਪਣੀ ਕਿਤਾਬ ਕਵਿਤਾ ਦੀ ਲਾਟਵਿੱਚੋਂ ਕੁਝ ਨਜ਼ਮਾਂ ਪੜ੍ਹਕੇ ਸੁਣਾਈਆਂ ਤਾਂ ਸਰੋਤੇ ਕਵਿਤਾਵਾਂ ਦੀ ਪੇਸ਼ਕਾਰੀ ਅਤੇ ਉਨ੍ਹਾਂ ਦੇ ਭਾਵ-ਅਰਥ ਨਾਲ ਕੀਲੇ ਗਏ।

ਇਸ ਸਮਾਗਮ ਦੌਰਾਨ ਮੁੱਖ ਬੁਲਾਰਿਆਂ ਵਿੱਚੋਂ ਡਾ. ਰਘਬੀਰ ਸਿੰਘ ਸਿਰਜਣਾ ਨੇ ਸੰਪਾਦਨਾ ਅਤੇ ਕਵਿਤਾ ਬਾਰੇ ਆਪਣੇ ਵਿਚਾਰ ਪ੍ਰਗਟਾਏ। ਟਰਾਂਟੋ ਤੋਂ ਆਏ ਕਵੀ, ਕਹਾਣੀਕਾਰ ਅਤੇ ਨਾਵਲਿਸਟ ਇਕਬਾਲ ਰਾਮੂਵਾਲੀਆ ਨੇ ਭੂਪਿੰਦਰ ਧਾਲੀਵਾਲ ਦੀ ਸੰਪਾਦਨ-ਕਲਾ ਤੋਂ ਇਲਾਵਾ, ਸੁਰਿੰਦਰ ਧੰਜਲ ਨਾਲ਼ ਆਪਣੇ ਭਾਰਤ ਤੋਂ ਕੈਨੇਡਾ ਤੱਕ ਦੇ, ਦੋਸਤਾਨਾ ਅਤੇ ਕਾਵਿਕ ਸੰਬੰਧਾਂ ਦਾ ਵਖਿਆਨ ਗੰਭੀਰ ਅਤੇ ਹਸਾਉਣੇ ਲਹਿਜ਼ੇ ਵਿਚ ਕੀਤਾ। ਡਾ. ਸਾਧੂ ਸਿੰਘ ਨੇ ਅਜੋਕੇ ਸਮੇਂ ਬਾਰੇ, ਜਿਸ ਵਿਚ ਹਰ ਵਿਅਕਤੀ ਆਪਣੀ ਹੋਂਦ ਨੂੰ ਕਈ ਪੱਖਾਂ ਤੋਂ ਅਸੁਰੱਖਿਅਤ ਸਮਝ ਰਿਹਾ ਹੈ, ਆਪਣੀ ਚਿੰਤਾ ਜ਼ਾਹਰ ਕੀਤੀ। ਹੋਰ ਭਾਸ਼ਨਕਾਰਾਂ, ਜਿਨ੍ਹਾਂ ਵਿਚ ਡਾ. ਪ੍ਰਿਥੀਪਾਲ ਸਿੰਘ ਸੋਹੀ, ਸੁਰਿੰਦਰ ਚਾਹਲ, ਮੋਹਨ ਗਿੱਲ, ਅਤੇ ਅਜਮੇਰ ਰੋਡੇ ਸ਼ਾਮਲ ਸਨ, ਨੇ ਵੀ ਆਪਣੇ ਵਿਚਾਰ ਪ੍ਰਗਟਾਏ।

ਅਮਰਜੀਤ ਚਾਹਲ ਨੇ ਨਾਮਵਰ ਵਿਦਵਾਨ ਡਾ. ਗੁਰੂਮੇਲ ਸਿੱਧੂ (ਯੂ.ਐੱਸ.ਏ) ਦਾ ਲਿਖਿਆ “ਕਵਿਤਾ ਦੀ ਲਾਟ ਦਾ ਜਸ਼ਨ ਦੀ ਸੰਪਾਦਨਾਨਾਮਕ ਵਿਸ਼ਲੇਸ਼ਣੀ ਸੁਨੇਹਾ ਪੜ੍ਹਕੇ ਸੁਣਾਇਆ। ਇਸ ਸੁਨੇਹੇ ਦਾ ਕੇਂਦਰੀ ਵਿਚਾਰ ਸੀ: “ਕਿਸੇ ਲੰਬੇ ਲੇਖ ਵਿੱਚੋਂ ਕੇਂਦਰੀ ਬਿੰਦੂ ਨੂੰ ਕਸ਼ੀਦ ਕਰਨਾ, ਭੂਪਿੰਦਰ ਦੀ ਸੰਪਾਦਕੀ ਕਲਾ ਕੌਸ਼ਲਤਾ ਵਲ ਸੰਕੇਤ ਕਰਦਾ ਹੈ। ਸੰਪਾਦਨਾ ਦੀ ਇਹ ਵਿਉਂਤ ਮੈਂ ਪਹਿਲੀ ਵਾਰ ਦੇਖੀ ਹੈ।

ਸਾਰੇ ਬੁਲਾਰਿਆਂ ਨੇ ਭੂਪਿੰਦਰ ਧਾਲੀਵਾਲ ਦੀ ਹੁਨਰਮਈ ਸੰਪਾਦਨਾ ਦੀ ਭਰਪੂਰ ਸ਼ਲਾਘਾ ਕੀਤੀ। ਬੁਲਾਰਿਆਂ ਦਾ ਪਰਮੁੱਖ ਵਿਚਾਰ ਇਹ ਸੀ ਕਿ ਸਾਢੇ ਤਿੰਨ ਦਰਜਨ ਦੇ ਕਰੀਬ ਵਿਦਵਾਨਾਂ, ਚਿੰਤਕਾਂ, ਲੇਖਕਾਂ, ਪੱਤਰਕਾਰਾਂ ਅਤੇ ਕਲਾਕਾਰਾਂ ਦੇ ਵਿਚਾਰਾਂ ਨੂੰ ਦਰਜਾ-ਬਦਰਜਾ ਇਕੱਤਰ ਕਰਕੇ ਇੱਕ ਕਿਤਾਬ ਵਿਚ ਪਰੋ ਦੇਣਾ, ਭੂਪਿੰਦਰ ਧਾਲੀਵਾਲ ਦੀ ਗੁਣਵੰਤੀ ਅਤੇ ਨਿਪੁੰਨ ਸੰਪਾਦਨਾ ਦੀ ਕਲਾਤਮਿਕ ਸਿਖਰ ਹੈ।

ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਤਵੰਤ ਦੀਪਕ ਨੇ ਬਾਖ਼ੂਬੀ ਨਿਭਾਈ। ਅੰਤ ਵਿਚ ਸਾਰੀਆਂ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ।

‘ਪੰਜਾਬੀ ਸਾਹਿਤਕ ਤੇ ਸੱਭਿਆਚਾਰਕ ਵਿਚਾਰ ਮੰਚ ਸਰੀ’ ਦਾ ਮੁੱਖ ਉਦੇਸ਼ ਹੈ: ਭਖ਼ਦੇ ਹੋਏ ਸਾਹਿਤਕ ਅਤੇ ਸੱਭਿਆਚਾਰਕ ਮਸਲਿਆਂ ਬਾਰੇ ਸੰਜੀਦਾ ਸੰਵਾਦ ਰਚਾਉਣਾ। ਇਹ ਮੰਚ ਪਹਿਲਾਂ ਵੀ ਕਈ ਮਸਲਿਆਂ ਉੱਪਰ ਜ਼ਿਕਰਯੋਗ ਸਮਾਗਮ ਕਰਵਾ ਚੁੱਕਾ ਹੈ। ਇਹ ਸਮਾਗਮ ਵੀ ਮੰਚ ਦੇ ਸੰਜੀਦਾ ਪ੍ਰੋਗਰਾਮਾਂ ਦੀ ਲੜੀ ਦੀ ਇੱਕ ਹੋਰ ਕੜੀ ਹੈ।

(ਪੰਜਾਬੀ ਸਾਹਿਤਕ ਤੇ ਸੱਭਿਆਚਾਰਕ ਵਿਚਾਰ ਮੰਚ ਸਰੀ)

**

(ਪਾਠਕਾਂ ਦੀ ਉਤਸਕਤਾ ਨੂੰ ਮੁੱਖ ਰੱਖਦਿਆਂ ਡਾ. ਗੁਰੂਮੇਲ ਸਿੱਧੂ ਦਾ ਵਿਸ਼ਲੇਸ਼ਣੀ ਸੁਨੇਹਾ ਹੇਠਾਂ ਦਿੱਤਾ ਜਾ ਰਿਹਾ ਹੈ --- ਸੰਪਾਦਕ)

GurmelSidhu7

“ਕਵਿਤਾ ਦੀ ਲਾਟ ਦਾ ਜਸ਼ਨ” ਦੀ ਸੰਪਾਦਨਾ --- ਡਾ. ਗੁਰੂਮੇਲ ਸਿੱਧੂ

 

 


ਭੁਪਿੰਦਰ ਧਾਲੀਵਾਲ ਵਲੋਂ ਸੰਪਾਦਿਤ ਸੁਰਿੰਦਰ ਧੰਜਲ ਦੀ ਪੁਸਤਕ
, “ਕਵਿਤਾ ਦੀ ਲਾਟ” ਬਾਰੇ ਲਿਖੇ ਲੇਖਾਂ ਨੂੰ ਵਾਚਣ ਦਾ ਮੌਕਾ ਮਿਲਿਆ। ਸੁਰਿੰਦਰ ਅਤੇ ਭੂਪਿੰਦਰ ਨੂੰ ਮੈਂ ਤਕਰੀਬਨ 40 ਸਾਲਾਂ ਤੋਂ ਜਾਣਦਾ ਹਾਂ; ਸੁਰਿੰਦਰ ਇਕ ਦੋਸਤ ਹੈ ਅਤੇ ਭੂਪਿੰਦਰ ਮੇਰਾ ਛੋਟਾ ਵੀਰ। ਇਹ ਦੋਵੇਂ ਮੇਰੇ ਸੰਪਰਕ ਵਿਚ ਓਦੋਂ ਆਏ ਜਦ ਮੈਂ ਯੂ. ਬੀ. ਸੀ. ਵਿਚ ਪੀਐੱਚ.ਡੀ. ਦਾ ਵਿਦਿਆਰਥੀ ਸੀ। ਕੁਝ ਚਿਰ ਸਾਇਮਨ ਫਰੇਜ਼ਰ ਯੂਨੀਵਰਸਿਟੀ ਵਿਚ ਪੜ੍ਹਾਉਣ ਉਪਰੰਤ ਮੈਂ 1980 ਵਿਚ ਅਮਰੀਕਾ ਆ ਗਿਆ। ਭੂਪਿੰਦਰ ਨਾਲ ਮੇਰਾ ਨਾਤਾ ਨਿਰੰਤਰ ਬਣਿਆ ਰਿਹਾ, ਪਰ ਸੁਰਿੰਦਰ ਨਾਲ ਮੇਰਾ ਸੰਪਰਕ ਕੁਝ ਚਿਰ ਲਈ ਟੁੱਟ ਗਿਆ। ਇਹ ਨਾਤਾ ਉਦੋਂ ਫੇਰ ਸਥਾਪਤ ਹੋ ਗਿਆ ਜਦ ਧੰਜਲ, ਪਾਸ਼ ਲਈ ਸ਼ਰਧਾਂਜਲੀ ਸਮਾਰੋਹ ਅਯੋਜਤ ਕਰਨ ਅਮਰੀਕਾ ਆਉਂਦਾ-ਜਾਂਦਾ ਰਿਹਾ।

ਮੈਨੂੰ ਇਹ ਤਾਂ ਪਤਾ ਸੀ ਕਿ ਭੂਪਿੰਦਰ ਇਕ ਗੁਣਵਾਨ ਨਾਟਕਕਾਰ ਹੈ, ਲੇਖਕ ਵਜੋਂ ਵੀ ਤੇ ਖੇਡਣ ਵਿਚ ਵੀ ਪਰ ਉਸਦੀ ਸੰਪਾਦਕੀ ਸੂਝ-ਬੂਝ ਬਾਰੇ “ਕਵਿਤਾ ਦੀ ਲਾਟ ਦਾ ਜਸ਼ਨ” ਪੜ੍ਹ ਕੇ ਪਤਾ ਲੱਗਿਆ। ਵਿਹੜੇ ਦੇ ਭਾਗ ਬਨੇਰੇ ਤੋਂ ਦਿਸ ਪੈਂਦੇ ਹਨ, ਭੂਪਿੰਦਰ ਦੀ ਸੰਪਾਦਕੀ ਕਲਾਕੌਸ਼ਲਤਾ ਬਾਰੇ ਪੁਸਤਕ ਦੇ ਨਾਮਕਰਨ ਤੋਂ ਪਤਾ ਲੱਗ ਗਿਆ। “ਕਵਿਤਾ ਦੀ ਲਾਟ ਦਾ ਜਸ਼ਨ” ਪੜ੍ਹ ਕੇ ਮੈਂ ਭੁਲੇਖਾ ਖਾ ਗਿਆ ਕਿ ਸ਼ਾਇਦ ਇਹ ਸੁਰਿੰਦਰ ਦੀ ਪੁਸਤਕ ਦਾ ਨਾਂ ਹੈ। ਪੜ੍ਹਨ ਉਪਰੰਤ ਮਾਲੂਮ ਹੋਇਆ ਕਿ ਇਹ ਤਾਂ, “ਕਵਿਤਾ ਦੀ ਲਾਟ” ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਪੁਸਤਕ ਦੇ ਨਾਂ ਨਾਲ  ਸ਼ਬਦ ‘ਜਸ਼ਨ’ ਜੋੜ ਕੇ ਭੂਪਿੰਦਰ ਨੇ ਇਸ ਪੁਸਤਕ ਦੇ ਸਰਵਰਕ ਨੂੰ ਹੀ ਆਕਰਸ਼ਕ ਨਹੀਂ ਬਣਾਇਆ, ਇਸ ਨੂੰ ਪੜ੍ਹਨ ਦੀ ਰੁਚੀ ਵਿਚ ਵੀ ਇਜ਼ਾਫਾ ਕੀਤਾ ਹੈ। ਇਸ ਜਸ਼ਨ ਵਿਚ ਪੰਜਾਬੀ ਦੇ ਨਾਮਵਰ ਆਲੋਚਕਾਂ ਤੋਂ ਛੁੱਟ, ਨਵੇਂ ਲੇਖਕ ਵੀ ਆਪਣੀ-ਆਪਣੀ ਰਾਏ ਲੈ ਕੇ ਸ਼ਾਮਿਲ ਹੋਏ ਹਨ। ਇਕ ਪ੍ਰਕਾਰ ਨਾਲ ਇਹ ਪੁਸਤਕ ਵੰਨ-ਸੁਵੰਨੇ ਲੇਖਾਂ ਦਾ ਗੁਲਦਸਤਾ ਹੈ, ਜਿਸ ਦੀ ਤਰਤੀਬ ਬੜੇ ਮਾਰਮਿਕ ਢੰਗ ਨਾਲ ਕੀਤੀ ਗਈ ਹੈ। ਭੂਪਿੰਦਰ ਨੇ ਪੁਸਤਕ ਦੇ ਤਤਕਰੇ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ: ਸ਼ਖ਼ਸੀਅਤ, ਕਾਵਿ-ਲੋਕ, ਵਿਸ਼ੇਸ਼ ਸੰਦਰਭ, ਭਾਸ਼ਾ ਦੇ ਆਰ-ਪਾਰ ਅਤੇ ਸ਼ੁਭ-ਇੱਛਾਵਾਂ। ਹਰ ਸਿਰਲੇਖ ਹੇਠਾਂ ਦਰਜ ਕੀਤੀ ਗਈ ਸਮੱਗਰੀ, ਸੰਬੰਧਤ ਵਿਸ਼ੇ ’ਤੇ ਕੇਂਦ੍ਰਿਤ ਹੈ। ਤਤਕਰੇ ਤੋਂ ਬਾਅਦ ਹਰ ਸਿਰਲੇਖ ਹੇਠ ਲੇਖਕ-ਸੂਚੀ ਦਿੱਤੀ ਹੈ। ਪੁਸਤਕ ਦੀ ਸਮੱਗਰੀ ਦਾ ਆਰੰਭ ਭੂਪਿੰਦਰ ਵਲੋਂ ਲਿਖੀਆਂ ਦੋ ਸੰਪਾਦਕੀਆਂ ਨਾਲ ਹੁੰਦਾ ਹੈ। ਇਨ੍ਹਾਂ ਸੰਪਾਦਕੀਆਂ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ।

ਪਹਿਲੀ ਸੰਪਾਦਕੀ ਦੇ ਸ਼ੀਰਸ਼ਕ, “ਹਰਫ਼-ਮੁਸਾਫ਼ਰ” ਨੇ ਮੇਰੀ ਸੋਚ ਨੂੰ ਅਜਿਹਾ ਝੂਣਿਆ ਕਿ ਮਨ ਵਿਚ ਥਰਥਰਾਹਟ ਪੈਦਾ ਹੋ ਗਈ। ‘ਹਰਫ਼’ ਤੇ ‘ਮੁਸਾਫ਼ਰ’ ਸ਼ਬਦਾਂ ਦੀ ਅਨੋਖੀ ਸੰਧੀ ਤੋਂ ਭੂਪਿੰਦਰ ਦੀ ਭਾਸ਼ਾਈ ਸੂਝਬੂਝ ਦਾ ਵੀ ਪਤਾ ਲੱਗਿਆ। ਇਸ ਸੰਪਾਦਕੀ ਵਿਚ ਭੂਪਿੰਦਰ ਨੇ ਵਿਦਿਆਰਥੀ ਦਿਨਾਂ ਦੌਰਾਨ ਸੁਰਿੰਦਰ ਨਾਲ ਸਬੱਬੀਂ ਮਿਲਣ ਨੂੰ ਬੜੇ ਨਾਟਕੀ ਢੰਗ ਨਾਲ ਚਿਤਰਿਆ ਹੈ। ਉਹ ਲਿਖਦਾ ਹੈ,1970ਵਿਆਂ ਦੇ ਨੇੜੇ-ਤੇੜੇ ਮੈਂ ਗੁਰੂ ਹਰ ਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦਾ ਵਿਦਿਆਰਥੀ ਸਾਂ। ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣੇ ਦਾ ਤਿੱਖੇ-ਤਿੱਖੇ ਨਕਸ਼ਾਂ ਵਾਲਾ ਮਾੜਕੂ ਜਿਹਾ ਇਕ ਵਿਦਿਆਰਥੀ ਪੋਲੇ-ਪੋਲੇ ਪੱਬੀਂ ਬੜੀ ਸਹਿਜਤਾ ਨਾਲ ਸਟੇਜ ’ਤੇ ਆਇਆ, ਮਾਇਕ ’ਤੇ ਖੜੋਇਆ, ਸਰੋਤਿਆਂ ਨੂੰ ਤੋਲਿਆ ਤੇ ਫਿਰ ਬਾਂਹ ਉੱਚੀ ਕਰਕੇ ਬੋਲਣਾ ਸ਼ੁਰੂ ਕੀਤਾ। ਸ਼ਹੀਦ ਭਗਤ ਸਿੰਘ ਬਾਰੇ ਨਜ਼ਮ ਸੀ। ਫ਼ੌਲਾਦੀ ਆਵਾਜ਼ ਅਤੇ ਲਫ਼ਜ਼ ਨਿਰਾ ਬਰੂਦ! ਮੇਲਾ ਲੁੱਟ ਕੇ ਲੈ ਜਾਣ ਵਾਲਾ ਇਹ ਵਿਦਿਆਰਥੀ ਸੀ, ਸੁਰਿੰਦਰ ਧੰਜਲ।” ਦੋਹਾਂ ਦੀ ਦੋਸਤਾਨਾ ਕਰਿੰਘੜੀ ਕੈਨੇਡਾ ਆ ਕੇ ਉਸ ਵੇਲੇ ਪੱਕੀ ਹੋਈ ਜਦ ਸੁਰਿੰਦਰ ਨੇ ਹੱਥ-ਲਿਖਤ ਪਰਚਾ “ਵਤਨੋ-ਦੂਰ” ਸ਼ੁਰੂ ਕੀਤਾ। ਇਸ ਪਰਚੇ ਦਾ ਪਹਿਲਾ ਸਹਾਇਕ ਸੰਪਾਦਕ ਭੂਪਿੰਦਰ ਧਾਲੀਵਾਲ ਸੀ

ਦੂਜੀ ਸੰਪਾਦਕੀ, ‘ਚੋਣਵੇਂ ਕਥਨ’, ਵਿਚ ਭੂਪਿੰਦਰ ਨੇ ਧੰਜਲ ਦੀ ਸਾਹਿਤਕਾਰੀ ਬਾਰੇ ਵੱਖ ਵੱਖ ਲੇਖਕਾਂ ਦੇ ਵਿਚਾਰਾਂ ਦਾ ਖੁਲਾਸਾ ਪੇਸ਼ ਕੀਤਾ ਹੈ। ਮੇਰੇ ਲਈ ਇਹ ਸੰਪਾਦਕੀ ਬਹੁਤ ਲਾਭਦਾਇਕ ਸਿੱਧ ਹੋਈ। ਨਾਮਵਰ ਲੇਖਕਾਂ ਦੇ ਵਿਚਾਰ ਤਾਂ ਮੈਂ ਉਨ੍ਹਾਂ ਦੇ ਲੇਖਾਂ ਵਿੱਚੋਂ ਸਿੱਧੇ ਕਸ਼ੀਦ ਕਰ ਲਏ ਅਤੇ ਨਵੇਂ ਲੇਖਕਾਂ ਦੇ ਵਿਚਾਰਾਂ ਬਾਰੇ ਇਸ ਸੰਪਾਦਕੀ ਤੋਂ ਪਤਾ ਲੱਗ ਗਿਆ। ਕਿਸੇ ਲੰਬੇ ਲੇਖ ਵਿੱਚੋਂ ਕੇਂਦਰੀ ਬਿੰਦੂ ਨੂੰ ਕਸ਼ੀਦ ਕਰਨਾ, ਭੂਪਿੰਦਰ ਦੀ ਸੰਪਾਦਕੀ ਕਲਾ-ਕੌਸ਼ਲਤਾ ਵਲ ਸੰਕੇਤ ਕਰਦਾ ਹੈ। ਸੰਪਾਦਨਾ ਦੀ ਇਹ ਵਿਉਂਤ ਮੈਂ ਪਹਿਲੀ ਵਾਰ ਦੇਖੀ ਹੈ। ‘ਚੋਣਵੇਂ ਕਥਨ’ ਵਿੱਚੋਂ ਕੁਝ ਲੇਖਕਾਂ ਦੇ ਸੰਖੇਪ ਜਿਹੇ ਵਿਚਾਰ ਦੇਣ ਦੀ ਖੁੱਲ੍ਹ ਲਵਾਂਗਾ।

ਨਾਮਵਰ ਕਹਾਣੀਕਾਰ ਗੁਰਬਚਨ ਭੁੱਲਰ ਲਿਖਦਾ ਹੈ:

ਲੰਮੇ ਸੰਘਰਸ਼ੀ ਜੀਵਨ ਵਿਚ ਜੋ ਅਨੁਭਵ ਸੁਰਿੰਦਰ ਨੇ ਗ੍ਰਹਿਣ ਕੀਤਾ ਹੈ, ਉਹ ਉੱਜਲੇ-ਨਿੱਖਰੇ-ਹਿਤੈਸ਼ੀ ਰੰਗ ਵਿਚ ਕਵਿਤਾ ਰਾਹੀਂ ਸਾਡੇ ਪਾਸ ਪੁੱਜਿਆ ਹੈ।

ਗ਼ਜ਼ਲਗੋ ਜਸਵਿੰਦਰ ਅਨੁਸਾਰ:

ਧੰਜਲ ਦੀ ਕਵਿਤਾ ਜੁਝਾਰਵਾਦੀ ਕਵਿਤਾ ਦੇ ਉਤਰਾਵਾਂ ਚੜ੍ਹਾਵਾਂ ਦੀ ਗਵਾਹ ਹੈ ਜੋ ਅੱਜ ਵੀ ਸੰਤਾਪੇ ਸਮਿਆਂ ਦੀ ਹਿੱਕ ਵਿਚ ਗਹਿਰਾ ਉੱਤਰ ਕੇ ਵਹਿ ਰਹੀ ਹੈ।

ਸਮਰੱਥ ਕਵੀ ਰਾਮੂਵਾਲੀਆ ਅਨੁਸਾਰ:

“ਕਵਿਤਾ ਦੀ ਲਾਟ” ਵਿੱਚੋਂ ਨਿੱਘ ਦਾ ਸੇਕ ਆਉਂਦਾ ਹੈ; ਸੁਰਿੰਦਰ ਦੀ ਕਵਿਤਾ ਬੇਈਮਾਨ ਤੇ ਮੱਕਾਰੀ ਰਾਜਸੀ ਤਾਕਤਾਂ ਨੂੰ ਲਲਕਾਰਦੀ ਹੈ।

ਸਮਰੱਥ ਸੰਪਾਦਕ ਰਘਬੀਰ ਸਿੰਘ ਸਿਰਜਣਾ ਅਨੁਸਾਰ:

ਧੰਜਲ ਦੀ ਕਵਿਤਾ ਚਾਹੇ ਕ੍ਰਾਂਤੀਕਾਰੀ ਚੇਤਨਾ ਨਾਲ ਬਾਵਸਤਾ ਹੋਵੇ ਜਾਂ ਕਿਸੇ ਵਿਸ਼ੇਸ ਪ੍ਰਕਾਰ ਦੀ ਚੇਤਨਾ ਦੀ ਤਰਜਮਾਨੀ  ਕਰਦੀ ਹੋਵੇ, ਇਹ ਕਾਵਿ-ਸੋਹਜ ਨੂੰ ਉਰੇ-ਪਰੇ ਨਹੀਂ ਹੋਣ ਦਿੰਦੀ।

ਧੰਜਲ ਦੀ ਕਵਿਤਾ ਬਾਰੇ ਜੋਗਿੰਦਰ ਕੈਰੋਂ, ਮੋਹਨਜੀਤ, ਸੁਖਦੇਵ ਸਿੰਘ ਸਿਰਸਾ ਅਤੇ ਸੁਰਜੀਤ ਭੱਟੀ ਵਰਗੇ ਆਲੋਚਕਾਂ ਦੀਆਂ ਰਾਵਾਂ ਵੀ ਸ਼ਲਾਘਾ ਯੋਗ ਹਨ। ਨਵੀਂ ਆਲੋਚਕ ਡਾ. ਜਸਪਾਲ ਕੌਰ ਦੇ ਵਿਚਾਰਾਂ ਨੇ ਮੈਨੂੰ ਕਾਫੀ ਪ੍ਰਭਾਵਤ ਕੀਤਾ ਹੈ। ਉਸ ਅਨੁਸਾਰ, “ਕਵਿਤਾ ਦੀ ਲਾਟ ਸ਼ਬਦਾਂ ਦੇ ਜਸ਼ਨ ਰਾਹੀਂ ਲਾਟ ਤਕ ਦਾ ਸਫ਼ਰ ਤੈਅ ਕਰਦੀ ਹੈ ਜੋ ਸ਼ਾਇਰ ਦੀ ਅੰਦਰਲੀ ਬਹੁਨਾਦੀ ਚੇਤਨਾ ਦੇ ਆਤਮ-ਮੰਥਨ ਰਾਹੀਂ ਆਲੇ-ਦੁਆਲੇ  ਨੂੰ ਰੁਸ਼ਨਾ ਰਹੀ ਹੈ।”

ਪੁਸਤਕ ਦੇ ਆਖੀਰ ਵਿਚ ਕੁਝ ਲੇਖਕਾਂ ਦੀਆਂ ਸ਼ੁਭ-ਇੱਛਾਵਾਂ ਵੀ ਅੰਕਿਤ ਹਨ। ਇਨ੍ਹਾਂ ਵਿਚ ਇਕ ਰਾਏ ਪ੍ਰਸਿੱਧ ਕਵੀ ਗੁਰਚਰਨ ਰਾਮਪੁਰੀ ਦੀ ਹੈ। ਉਹ ਲਿਖਦਾ ਹੈ ਕਿ, ਸੁਰਿੰਦਰ ਧੰਜਲ ਸੋਚ ਸਮਝ ਕੇ ਬੋਲਦਾ ਹੈ ਤੇ ਆਪਣੇ ਵਿਚਾਰਾਂ ਲਈ ਮੁਲਾਇਮ ਸ਼ਬਦ ਵਰਤਦਾ ਹੈ। ਇਕ ਵੱਡੇ ਕਵੀ ਵਲੋਂ ਇਸ ਤਰ੍ਹਾਂ ਦੀ ਸ਼ਲਾਘਾ ਧੰਜਲ ਲਈ ਵਰਦਾਨ ਹੈ।

ਪੁਸਤਕ ਦੇ ਸਰਵਰਕ ਦੇ ਪਿਛਲੇ ਪਾਸੇ ਭੂਪਿੰਦਰ ਧਾਲੀਵਾਲ ਨੇ ਇਕ ਬਹੁਤ ਹੀ ਸ਼ਲਾਘਾਯੋਗ ਗੱਲ ਕਹੀ ਹੈ ਜੋ ਪੰਜਾਬੀਆਂ ਦੇ ਸੁਭਾ ਤੇ ਕਰਾਰੀ ਚੋਟ ਕਰਦੀ ਹੈ। ਉਹ ਲਿਖਦਾ ਹੈ ਕਿ ਅਸੀਂ ਪੰਜਾਬੀ ਲੋਕ ਜਿਉਂਦਿਆਂ ਨੂੰ ਅਣਡਿੱਠ ਜਾਂ ਬੇਕਦਰੀ ਕਰਨ ਅਤੇ ਜਾਂ ਮੋਇਆਂ ਦੀ ਯਾਦ ਵਿਚ ਮਗਰਮੱਛੀ ਹੰਝੂ ਵਹਾਉਣ ਅਤੇ ਸ਼ਰਧਾ ਦੇ ਫੁੱਲ ਚੜ੍ਹਾਉਣ ਲਈ ਮਸ਼ਹੂਰ ਹਾਂ; ਲੇਕਿਨ ਸੁਰਿੰਦਰ ਧੰਜਲ ਅਤੇ ਉਸ ਵਰਗੇ ਹੋਰ ਲੇਖਕਾਂ/ਕਲਾਕਾਰਾਂ ਦੀ ਜਿਉਂਦਿਆਂ ਜੀਅ ਕਦਰਦਾਨੀ ਨਹੀਂ ਕਰਦੇ, ਜੋ ਹੋਣੀ ਚਾਹੀਦੀ ਹੈ।

ਭੂਪਿੰਦਰ ਨੇ ਅਜੇ ਤੱਕ ਆਪਣੀ ਕੋਈ ਮੌਲਕ ਪੁਸਤਕ ਨਹੀਂ ਛਪਵਾਈ। “ਕਵਿਤਾ ਦੀ ਲਾਟ ਦਾ ਜਸ਼ਨ” ਦੀ ਸੰਪਾਦਨਾ ਕਰਕੇ ਇਸ ਰਾਹ ਵਲ ਪਹਿਲਾ ਕਦਮ ਜ਼ਰੂਰ ਪੁੱਟਿਆ ਹੈ। ਉਹ ਕਾਫੀ ਚਿਰ ਤੋਂ ਨਾਟਕ ਅਤੇ ਕਵਿਤਾ ਲਿਖ ਰਿਹਾ ਹੈ; ਮੈਂ ਉਸ ਨੂੰ ਚਿਰਾਂ ਤੋਂ ਇਨ੍ਹਾਂ ਲਿਖਤਾਂ ਨੂੰ ਪੁਸਤਕੀ ਰੂਪ ਦੇਣ ਲਈ ਕਹਿ ਰਿਹਾ ਹਾਂਦੇਖਦੇ ਹਾਂ ਕਿ ਉਹ ਮੇਰਾ ਉਲਾਂਭਾ ਕਦੋਂ ਲਾਹੁੰਦਾ ਹੈ।

(ਕੈਲੇਫੋਰਨੀਆ ਸਟੇਟ ਯੂਨੀਵਰਸਿਟੀ, ਫਰਿਜ਼ਨੋ, ਯੂ. ਐੱਸ. ਏ.)

*****

(455)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਮਰਜੀਤ ਚਾਹਲ

ਅਮਰਜੀਤ ਚਾਹਲ

Surrey, British Columbia, Canada.
Phone: (604 581 0406)
Email: (amarbaba@msn.com)