“ਤੈਨੂੰ ਗੱਜਣਾ ਐਹੋ ਜਿਹੀਆਂ ਘੁਣਤਰਾਂ ਦੱਸਦਾ ਕੌਣ ਆਂ? ...”
(ਮਈ 24, 2016)
ਸਾਰੇ ਪਿੰਡ ਦੇ ਸਾਹ ਸੂਤੇ ਗਏ। ਭਲਾ-ਚੰਗਾ ਖੁਸ਼-ਪ੍ਰਸੰਨ ਦਿਸਦਾ ਆਸਾ-ਪਾਸਾ ਇੱਕ ਅਜੀਬ ਜਿਹੀ ਖ਼ਬਰ ਨੇ ਗੰਧਲਾ ਕਰ ਦਿੱਤਾ। ਕਦੀ ਅੱਗੇ ਨਾ ਪਿੱਛੇ। ਉਂਝ ਅੱਗੇ ਪਿੱਛੇ ਲਗਾਤਾਰ ਮਿਲਦੀ ਰਹੀ ਖ਼ਬਰ ਅਜੇ ਥੋੜ੍ਹੇ ਦਿਨ ਪਹਿਲਾਂ ਵਫਾ ਹੋਈ ਸੀ। ਕਈ ਸਾਰੀਆਂ ਚੋਣਾਂ ਪਿੱਛੋਂ। ਕਈਆਂ ਦਾ ਮਤਲਬ ਪਿੰਡ ਦੀ ਪੰਚਾਇਤ ਤੋਂ ਲੈ ਕੇ ਦਿੱਲੀ ਦੀ ਮਹਾਂ-ਪੰਚਾਇਤ ਤੱਕ ਦੀਆਂ ਚੋਣਾਂ ਸਮੇਂ ਲਗਦੇ ਰਹੇ ਲਾਰਿਆਂ ਪਿੱਛੋਂ। ਇਸ ਘੋੜ ਦੌੜ ਵਿਚ ਸ਼ਾਮਿਲ ਹੁੰਦੇ ਰਹੇ ਸਾਰੇ ਖਿਡਾਰੀ ਅਜੀਬ ਤਰ੍ਹਾਂ ਦੇ ਵਾਅਦੇ ਕਰਦੇ ਰਹੇ। ਰੰਗ-ਬਿਰੰਗੀ ਭਾਸ਼ਣਬਾਜੀ ਕਰਦੇ, ਉਹ ਗਲੀਆਂ-ਨਾਲੀਆਂ, ਫਿਰਨੀਆਂ-ਸੜਕਾਂ ਪੱਕੀਆਂ ਕਰਨ ਤੋਂ ਲੈ ਕੇ ਪਿੰਡ ਨੂੰ ਸਿੱਖਿਆ-ਸਿਹਤ ਸਹੂਲਤਾਂ ਪੁੱਜਦੀਆਂ ਕਰਨ ਤੱਕ ਦੇ ਅਹਿਦਨਾਮੇ ਕਰਦੇ ਰਹੇ। ਕੋਈ ਸਹਿਜ ਮਤੇ ਨਾਲ ਕੋਈ ਤਿੱਖੀ-ਗੂੰਜਵੀਂ ਸੁਰ ਵਿਚ। ਇੱਕ ਵਾਰ ਤਾਂ ਇਕ ਬੇ-ਪਛਾਣ ਜਿਹਾ ਭਾਸ਼ਣਕਾਰ ਇੱਥੋਂ ਤੱਕ ਵੀ ਆਖ ਗਿਆ, “ਤੁਸੀਂ ਮੈਨੂੰ ਵੋਟ ਦਿਓ, ਮੈਂ ਤੁਹਾਨੂੰ ਖੁਸ਼ਹਾਲੀ ਦਿਆਂਗਾ।” ਬਿਲਕੁਲ ਉਵੇਂ ਜਿਵੇਂ ਸੁਭਾਸ਼ ਚੰਦਰ ਬੋਸ ਕਿਹਾ ਕਰਦਾ ਸੀ, “ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਆਨੂੰ ਆਜ਼ਾਦੀ ਦਿਆਂਗਾ।” ਅੰਗਰੇਜ਼ੀ ਰਾਜ ਤੋਂ ਅੱਕੇ-ਥੱਕੇ ਲੋਕ ਤਾਂ ਸੁਭਾਸ਼ ਦੀ ਹਾਮੀ ਕਿਰਨਮ-ਕਿਰਨੀ ਹੀ ਭਰਿਆ ਕਰਦੇ ਸਨ, ਪਰ ਮੰਤਰ-ਮੁਗਧ ਹੋਇਆ ਪਿੰਡ ਟੇਰਕਿਆਣਾ ਉਸ ਤੇਜ਼-ਤਰਾਰ ਦਾਅਵੇਦਾਰ ਦੀ ਪਿੱਠ ਪੂਰਨ ਲਈ ਉਸ ਵੇਲੇ ਹੀ ਪੱਬਾਂ ਭਾਰ ਹੋ ਗਿਆ ਸੀ। ਸਾਹਮਣੇ ਬੈਠੀ ਸੱਥ ਨੂੰ ਮੂਰਛਤ ਹੋਈ ਜਾਣ ਕੇ ਉਸ ਨੇ ਆਪਣਾ ਵਿਖਿਆਨ ਫਿਰ ਸ਼ੁਰੂ ਕੀਤਾ ਸੀ, “ਨਗਰ ਨਿਵਾਸਿਓ, ਮੇਰੇ ਭਹਿਨੋ ਭਰਾਓ, ਬਜ਼ੁਰਗੋ! ਆਪ ਅਪਨਾ ਹਾਥ ਇਸ ਨਾਚੀਜ਼ ਸੇਵਾਦਾਰ ਦੇ ਸਿਰ ਰੱਖ ਕੇ ਏਕ ਵਾਰ ਜ਼ਰੂਰ ਆਜ਼ਮਾਓ। ਆਪ ਇਸ ਵਾਰ ਅਪਣਾ ਕੀਮਤੀ ਵੋਟ ਮੁਝੇ ਦੇ ਕੇ ਕਾਮਯਾਬ ਕਰੋ। ਮੈਂ ਆਪ ਕੋ ਖੁਸ਼ਹਾਲੀ ਦਿਆਂਗਾ। ਪੁਲ ਦਿਆਂਗਾ ਪੱਕਾ। ਆਰ-ਪਾਰ ਕੇ ਪੱਤਣਾਂ ਕੋ ਜੋੜਤਾ ਲੰਮਾ ਪੁਲ। ਬੇੜੀਆਂ ਉੱਪਰ ਨਈਂ, ਫਿਰ ਆਪ ਅਪਣੇ ਅਪਣੇ ਘੜੁੱਕਿਆਂ ਪੇ ਲਾਇਆ ਕਰੋਗੇ ਫਸਲਬਾੜੀ। ਹੱਲ-ਗੱਡੇ, ਰੇੜ੍ਹੇ-ਠੇਲ੍ਹੇ ਰਾਤ-ਪਰ-ਦਿਨ ਆ-ਜਾ ਸਕਣਗੇ ਉਧਰ ਵਾਲੇ ਖੇਤੀਂ। ਫਿਰ ਅੱਧ-ਕੱਚਾ ਸਾ ਦੀਖਤਾ ਪਾਰ ਕਾ ਪਾਸਾ ਭਰਪੂਰ ਫਸਲ ਉਗਾਇਆ ਕਰੇਗਾ। ਫਿਰ ... ਫਿਰ ਖੁਸ਼ੀ-ਖੁਸ਼ਹਾਲੀ ਆਪ ਕੇ ਵਿਹੜੋ ਮੇਂ ਹੀ ਨਹੀਂ, ਚੁੱਲ੍ਹੇ-ਚੌਂਕਿਆਂ ਊਪਰ ਵੀ ਨੱਚਿਆ ਕਰੇਗੀ।”
ਆਪਣੇ ਫਿਲਮੀ ਕਿੱਤੇ ਦੀ ਖਿਚੜੀ ਜਿਹੀ ਅਦਾਕਾਰੀ ਦਾ ਅਸਰ ਪੂਰੀ ਤਰ੍ਹਾਂ ਹੋਇਆ ਦੇਖ, ਸੈਂਕੜੇ ਮੀਲ ਦੂਰੋਂ ਆਏ ਉਸ ਉਮੀਦਵਾਰ ਨੇ ਅਗਲੇ ਹੀ ਛਿਣ ਆਪਣੀ ਜਾਣ-ਪਛਾਣ ਦੀ ਇਕ ਹੋਰ ਕਾਤਰ ਵੀ ਸੱਥ ਵੱਲ ਨੂੰ ਸੁੱਟਦੀ ਕਰ ਦਿੱਤੀ ਸੀ। ਉਸ ਨੇ ਬੇਹੱਦ ਨਿਮਰ ਹੁੰਦੇ ਨੇ ਦੱਸਿਆ ਸੀ, “ਮਾਰ੍ਹੇ ਪੁਰਖੇ, ਮਾਰ੍ਹੇ ਬਾਪ-ਦਾਦਾ ਵੀ ਇਸੀ ਗਾਂਵ, ਇਸੀ ਇਲਾਕੇ ਕੇ ਜੰਮਪਲ ਹੈਂ। ਕਾਰੋਬਾਰੀ ਸਿਲਸਲੇ ਸੇ ਪਹਿਲੇ ਵੋਹ ਦਿੱਲੀ ਜਾ ਵਸੇ, ਫਿਰ ਮੁੰਬਈ। ਘਰ ਸੇ ਸੈਂਕੜੇ ਮੀਲ ਦੂਰ ਜਾ ਕਰ ਵੀ, ਨਾ ਵੋਹ ਅਪਣੇ ਗਾਂਵ ਕੀ ਮਿੱਟੀ ਕੋ ਭੁਲਾ ਸਕੇ, ਅਰ ਨਾ ਹੀ ਮੈਂ। ਮੈਂ ... ਉਨ ਕੀ ਚੌਥੀ ਪੀੜ੍ਹੀ ਕੀ ਅੰਸ਼-ਵੰਸ਼, ਆਪ ਕੀ ਹਰ ਕਿਸਮ ਕੀ ਸੇਵਾ ਲਈ ਫਿਰ ਸੇ ਹਾਜ਼ਰ ਹੂੰ।”
ਜ਼ਰਾ ਕੁ ਰੁਕਦੇ ਨੇ ਫਿਰ ਉਸ ਨੇ ਇਕ ਮਾਰ੍ਹਕੇਦਾਰ ਐਲਾਨ ਵੀ ਕਰ ਮਾਰਿਆ ਸੀ ਲਗਦੇ ਹੱਥ। ਉਸ ਨੇ ਬੜੇ ਠਾਠ ਨਾਲ ਕਿਹਾ ਸੀ, “ਯਹ ... ਯਹ ਢਾਈ ਤੀਨ ਮੀਲ ਲੰਮੇ ਪਾੜ ਮੇਂ ਬਨਣੇ ਵਾਲੇ ਹਜ਼ਾਰ ਕੁ ਗਜ਼ ਲੰਮੇ ਪੁਲ ਕਾ ਖਰਚ-ਵਰਚ ਤੋ ਮੇਰੀ ਛੇਏ ਕੁ ਮਹੀਨੇ ਕੀ ਪਾਕਿਟ-ਮਨੀ ਸੇ ਹੀ ਨਿਕਲ ਜਾਏਗਾ ... ਬੱਸ ਆਪ ਏਕ ਵਾਰ ਮੁਝੇ ਕਾਮਯਾਬ ਕਰਾ ਕੇ ਦੇਖੇਂ ...।”
ਉਸਦੀ ਅਲੋਕਾਰ ਵਾਰਤਾ ਸੁਣਦਾ ਸਾਰਾ ਪਿੰਡ ਮੋਹਿਆ ਹੀ ਨਹੀਂ, ਜਿਵੇਂ ਡੰਗਿਆ ਗਿਆ ਸੀ। ਉਸੇ ਵੇਲੇ ਉਸ ਦੀ ਜੈ-ਜੈਕਾਰ ਜੱਗੂ ਭੀਮੇ ਸਮੇਤ ਹਰ ਕਿਸੇ ਦੇ ਮੂੰਹੋਂ ਆਪ ਮੁਹਾਰੇ ਨਿਕਲ ਕੇ ਆਸਪਾਸ ਪਸਰੀ, ਉਸ ਦੀ ਜਿੱਤ ਤੱਕ ਗੂੰਜਦੀ ਰਹੀ ਸੀ।
ਪਰ, ਉਸ ਦਾ ਐਲਾਨਨਾਮਾ ਗੱਜਣ ਫੌਜੀ ਨੂੰ ਬਿਲਕੁਲ ਹਜ਼ਮ ਨਹੀਂ ਸੀ ਹੋਇਆ। ਉਹ ਰਹਿੰਦਾ ਵੀ ਉਦਾਸ ਹੋ ਗਿਆ। ਇੱਕ ਵਾਰ ਉਸ ਦੇ ਮਨ ਵਿਚ ਆਈ ਵੀ ਕਿ ਹਾਰ ਪਾਈ ਗਲੀਓ-ਗਲੀ ਘੁੰਮਦੇ ਕੁੜਤੀਧਾਰੀ ਅਦਾਕਾਰ ਨੂੰ ਵੱਡੇ ਚੁਰਾਹੇ ਵਿਚ ਰੋਕ ਕੇ ਪੁੱਛੇ, “ਦਿਸਿਆ ਕੋਈ ਫਰਕ ਦਿੱਲੀ-ਬੰਬੇ ਨਾਲੋਂ ਇੱਥੋਂ ਦਾ! ਹੈਅ ਇਹ ਮਨੁੱਖੀ ਨਸਲ ਲਈ ਰਹਿਣ ਗੋਚਰੀ ਥਾਂ?ਮਹਾਰਾਜ ਪੁਲ ਨਈਂ ਪਹਿਲਾਂ ਗਲੀਆਂ-ਨਾਲੀਆਂ ਚਾਹੀਦੀਆਂ ਤੁਆਡੇ ਜੱਦੀ ਪਿੰਡ ਨੂੰ। ਕੋਈ ਛੋਟਾ-ਮੋਟਾ ਸਕੂਲ ਚਾਹੀਦਾ, ਬਾਲਾਂ ਦੀ ਅਕਲ-ਸੂਝ ਨੂੰ ਰਮਾਂ ਕਰਨ ਲਈ, ਕੋਈ ਨਿੱਕੀ-ਮੋਟੀ ਡਿਸਪੈਂਸਰੀ ਚਾਹੀਦੀ ਐ, ਘਰ-ਘਰ ਛੌਣੀ ਪਾਈ ਬੈਠੀ ਜਹਿਮਤ ਤੋਂ ਬਚਦੇ ਹੋਣ ਲਈ ...।”
ਪਰ ਉਸ ਤੋਂ ਨਾ ਰੋਕਿਆ ਗਿਆ ਸੀ ਜੇਤੂ ਵਿਧਾਨਕਾਰ ਨੂੰ, ਨਾ ਕੋਈ ਕਿੰਤੂ-ਪ੍ਰੰਤੂ ਹੋ ਸਕਿਆ ਸੀ ਉਸ ’ਤੇ।
ਲਾਚਾਰ ਜਿਹਾ ਹੋਇਆ, ਉਹ ਇੱਕ ਪਾਸੇ ਜਿਹੇ ਖੜ੍ਹਾ ਰਿਹਾ ਸੀ, ਚੁੱਪ ਦਾ ਚੁੱਪ।
ਉਸ ਨੇ ਹਰ ਕਿਸੇ ਰੁੱਖੇ-ਮੁਰਝਾਏ ਚਿਹਰੇ ’ਤੇ ਛਾਈ ਦਿਸਦੀ ਪੁਲ ਦੇ ਬਣ ਜਾਣ ਦੀ ਖੁਸ਼ੀ, ਉਵੇਂ ਦੀ ਉਵੇਂ ਚਿਪਕੀ ਰਹਿਣ ਦਿੱਤੀ ਸੀ। ਕਿਸੇ ਨਾਲ ਥੋੜ੍ਹੀ-ਬਹੁਤੀ ਵੀ ਛੇੜਛਾੜ ਨਹੀਂ ਸੀ ਕੀਤੀ। ਜੱਗੂ ਭੀਮੇ ਨਾਲ ਵੀ ਨਹੀਂ।
ਜੱਗੂ ਨੂੰ ਤਾਂ ਇਵੇਂ ਦੀ ਵਾਧ-ਘਾਟ ਨੇ ਕਦੀ ਕੋਈ ਝਰੀਟ ਨਹੀਂ ਸੀ ਲਾਈ, ਪਰ ਭੀਮੇ ਨੂੰ ਵਿੱਚ-ਵਾਰ ਦੋਨਾਂ ਮੰਡਾਂ ਨੂੰ ਜੋੜਦਾ ਪੱਕਾ ਪੁਲ ਨਵੀਂ ਤਰ੍ਹਾਂ ਦੀ ਆਫ਼ਤ ਲਿਆਉਣ ਦੇ ਸੁਨੇਹੇ ਵਰਗਾ ਲੱਗਣ ਲੱਗਦਾ। ... ਉਂਝ ਤਾਂ ਦੋਨਾਂ ਪਾਸਿਆਂ ਦੇ ਪੁਲਸੀ-ਛਾਪੇ ਉਸ ਨੂੰ ਅਗਾਉਂ ਇਤਲਾਹ ਦੇ ਕੇ ਹੀ ਪਿਆ ਕਰਦੇ ਸਨ, ਨਿਸ਼ਚਿਤ ਮਹੀਨਾ-ਮਿਤੀਆਂ ਦੇ ਆਸ-ਪਾਸ। ਉਸਦੀ ਇਹ ਸਾਕਾਚਾਰੀ ਉੱਪਰਲੇ ਵੱਡੇ ਛਾਪਿਆਂ ਦੀ ਗੁਪਤ ਸੂਚਨਾ ਵੀ ਲਗਦੀ ਵਾਹ ਉਸ ਤੱਕ ਅੱਪੜਦੀ ਕਰ ਦਿਆਂ ਕਰਦੀ ਸੀ ਵੇਲੇ ਸਿਰ। ਅਕਸਰ ਉਹ ਸਾਰਾ ਲਕਾ-ਤੁਕਾ ਸਾਂਭ-ਸਮੇਟ ਵੀ ਲਿਆ ਕਰਦਾ ਸੀ ਨੱਠ-ਭੱਜ ਕਰਕੇ। ਫਿਰ ਵੀ ਉਸ ਦਾ ਕੋਈ ਆਲਸੀ-ਅਲਗਰਜ਼ੀ ਕਾਮਾ ਇਹ ਗੈਰ-ਕਾਨੂੰਨੀ ਕੰਮ ਕਰਦਾ ਫੜਿਆ ਹੀ ਜਾਂਦਾ ਤਾਂ ਉਸਦੇ ਮਿੱਲ ਮਾਲਕ ਝੱਟ ਉਸਦੀ ਪਿੱਠ ’ਤੇ ਆ ਖੜੋਂਦੇ। ਉਸਦੇ ਉਸ ਆਲਸੀ ਅਲਗਰਜ਼ੀ ਕਾਮੇ ਨੂੰ ਵੱਧ ਤੋਂ ਵੱਧ ਇਕ ਰਾਤ ਅੰਦਰ ਕੱਟਣ ਦਿੰਦੇ।
ਅਗਲੇ ਹੀ ਦਿਨ ਉਹ ਆਪਣਾ ਬਾਹਰੀ ਕਾਰੋਬਾਰ ਫੇਰ ਉਸੇ ਤਰ੍ਹਾਂ ਆ ਸਾਂਭਦਾ।
ਇਸ ਵਾਰ ਫਿਰ ਭੀਮੇ ਦੇ ਮਿੱਲ ਮਾਲਕਾਂ ਪੂਰਾ ਗੱਜ-ਵਜਾ ਕੇ ਉਸਦੀ ਪਿੱਠ ਆ ਥਾਪੜੀ, “ਭੀਮ ਸਿਆਂ, ਤੂੰ ... ਤੂੰ ਕੇੜ੍ਹੀ ਚਿੰਤਾ ’ਚ ਡੁੱਬ ਗਿਆਂ ... ਤੂੰ ਕਾਹਨੂੰ ਫਿਕਰਮੰਦ ਹੋਇਆ ਫਿਰਦਾ ਆਂ! ਹੁਣ ... ਹੁਣ ਅਸੀਂ ਤੇਰੇ ਕਿਸੇ ਬੰਦੇ ਨੂੰ ਆਉਣ ਈ ਕਿੱਥੇ ਦਿਆਂਗੇ ਕਿਸੇ ਦੇ ਹੱਥ! ਸਾਡੀਆਂ ਜੀਪਾਂ ਤਾਂ ਹੁਣ ਸਗੋਂ ਸਿੱਧੀਆਂ ਆਰ-ਪਾਰ ਦੌੜਿਆ ਕਰਨਗੀਆਂ, ਫੁੱਲ-ਸਪੀਡ ’ਤੇ। ਆਹ ... ਆਹ ਬੇੜੀਆਂ-ਬੁੱਕੇ ਤਾਂ ਤੇਰਾ ਸਾਡਾ ਕਿੰਨਾ ਸਾਰਾ ਟੈਮ ਊਈਂ ਬਰਬਾਦ ਕਰੀ ਰੱਖਦੇ ਆ, ਮੱਠੀ ਚਾਲੇ ਢੋਆ-ਢੁਆਈ ਕਰਦੇ।”
ਇੱਧਰਲੀ-ਉੱਧਰਲੀ ਮੰਡ ਵਿਚ ਚੱਲਦੀਆਂ ਲਾਹਣ-ਭੱਠੀਆਂ ’ਤੇ ਪੈਣ ਵਾਲੇ ਛਾਪਿਆਂ ਦੇ ਵਧ ਜਾਣ ਦਾ ਡਰ ਭੀਮੇ ਅੰਦਰੋਂ ਮੁੱਢੋਂ-ਸੁੱਢੋਂ ਚੁੱਕਿਆ ਗਿਆ ਸੀ। ਉਸਦੇ ਚਿੰਤਾ ਮੁਕਤ ਹੋਏ ਚਿਹਰੇ ’ਤੇ ਛਾਈ ਪੁਲ ਬਣ ਜਾਣ ਦੀ ਖੁਸ਼ੀ ਉਸ ਦਿਨ ਤਾਂ ਫੌਜੀ ਗੱਜਣ ਨੇ ਉਵੇਂ ਦੀ ਉਵੇਂ ਚਿਪਕੀ ਰਹਿਣ ਦਿੱਤੀ ਸੀ, ਪਰ ਪਿੱਛੋਂ ਉਸ ਨਾਲ ਉਹ ਆਹਟੀ ਛੇੜਛਾੜ ਕਰਦਾ ਰਿਹਾ। ਜੱਗੂ ਸਮੇਤ ਹੋਰਨਾਂ ਪਿੰਡ ਵਾਸੀਆਂ ਦੇ ਕੰਨੀਂ ਕੱਢਣ ਲਈ, ਉਹ ਸੌ ਵਲ਼ ਮਾਰ ਕੇ ਵੀ ਭੀਮੇ ਨੂੰ ਘੇਰ-ਖਲੋਂਦਾ, “ਫੇਰ ਕਦੋਂ ਕੁ ਬਣ ਜੂ ਭੀਮ ਸਿਆਂ ਨਮਾਂ ਪੁਲ? ਆਰ-ਪਾਰ ਨੂੰ ਜੋੜਦਾ ਉੱਚਾ-ਪੱਕਾ ਪੁਲ।”
ਭੀਮਾ ਕਦੇ-ਕਦਾਈਂ ਤਾਂ ਹੱਸ-ਮੁਸਕਰਾ ਕੇ ਟਾਲ ਜਾਂਦਾ ਰਿਹਾ, ਪਰ ਬਹੁਤੀ ਵਾਰ ਖਿਝਿਆ-ਖਪਿਆ ਉਹ ਤੋੜਵਾਂ ਜਿਹਾ ਉੱਤਰ ਹੀ ਦਿੰਦਾ ਰਿਹਾ ਸੀ ਫੌਜੀ ਨੂੰ, “ਮੈਨੂੰ ਕੇੜ੍ਹਾ ਪਟਾ ਲਿਖਾ ਕੇ ਦੇ ਗਿਆ ਸੀ ਉਹ ਮਾਂ ਆਪਣੀ ਦਾ ...। ਜਿੰਨਾ ਕੁ ਤੈਨੂੰ ਪਤਾ, ਉੰਨਾ ਕੁ ਈ ਮੈਨੂੰ ਇਲਮ ਆਂ ...। ਏਹਦੇ ਵਿਚ ਘੜੀ-ਮੁੜੀ ਪੁੱਛਣ-ਪੁਛਾਉਣ ਆਲੀ ਕੇੜ੍ਹੀ ਗੱਲ ਹੋਈ।”
ਫੌਜੀ ਨੇ ਉਸ ਅੰਦਰ ਕੁਝ-ਕੁਝ ਉੱਬਲਦਾ-ਕੜ੍ਹਦਾ ਜਾਚ ਕੇ ਉਸ ਨਾਲ ਇਵੇਂ ਦੀ ਚੁੰਝ-ਫਸਾਈ ਉੱਕਾ ਹੀ ਬੰਦ ਕਰ ਦਿੱਤੀ। ਹੁਣ ਉਸ ਦਾ ਜੋਟੀਦਾਰ ਜੱਗੂ ਸੀ।
ਉਨ੍ਹਾਂ ਕਦੀ ਇਕ-ਦੂਜੇ ਦੀ ਆਖੀ ਦਾ ਗੁੱਸਾ ਨਹੀਂ ਸੀ ਕੀਤਾ। ਦੋਨਾਂ ਵਿਚਕਾਰ ਇਵੇਂ ਦੀ ਛੇੜਛਾੜ ਨੂੰ ਇੱਕ-ਦੋ ਨਹੀਂ, ਪੂਰੇ ਤਿੰਨ ਸਾਲ ਲੰਘ ਗਏ। ਦਿੱਲੀ-ਬੰਬਈ ਪੁੱਜੇ ਪੁਲ-ਦਾਤੇ ਦੇ ਉਹਨਾਂ ਨੂੰ ਮੁੜ ਕਦੀ ਦਰਸ਼ਨ-ਪਰਸ਼ਨ ਤੱਕ ਵੀ ਨਹੀਂ ਸੀ ਹੋਏ।
ਤੇ ... ਤੇ ਜਿਹਨਾਂ ਦੇ ਹੋਏ ਤਿੰਨੀ ਕੁ ਸਾਲੀਂ, ਉਹਨਾਂ ਕਦੀ ਐਹੋ ਜਿਹਾ ਐਲਾਨ ਨਹੀਂ ਸੀ ਕੀਤਾ ਪਹਿਲੋਂ। ਕੋਈ ਫੜ੍ਹ ਨਹੀਂ ਸੀ ਮਾਰੀ। ਉਹਨਾਂ ਦਾ ਲਾਮ-ਲਸ਼ਕਰ ਇਕ ਦਿਨ ਅਛੋਪਲੇ ਜਿਹੇ ਹੀ ਆ ਉੱਤਰਿਆ ਜ਼ੈਲਦਾਰਾਂ ਦੀ ਹਵੇਲੀ। ਕਈ ਸਾਰੀਆਂ ਰੰਗ-ਬਰੰਗੀਆਂ ਮੋਟਰ ਗੱਡੀਆਂ। ਕਿਸੇ ’ਤੇ ਲਾਲ ਬੱਤੀ, ਕਿਸੇ ’ਤੇ ਨੀਲੀ, ਕੋਈ ਬਿਨਾਂ ਹੀ ਬੱਤੀਓਂ। ਸਾਰਾ ਪਿੰਡ ਹੈਰਾਨ-ਪ੍ਰੇਸ਼ਾਨ। ਪਹਿਲਾਂ ਤਾਂ ਐਉਂ ਕਦੀ ਨਹੀਂ ਸੀ ਹੋਈ। ਚੋਣਾਂ ਦਿਨੀਂ ਵੀ ਨਹੀਂ ਸੀ ਦੇਖੇ ਐਨੇ ਜਣੇ ਇਕੱਠੇ। ਇਹਨਾਂ ਦੀ ਚਾਲ-ਢਾਲ ਵਰਗੇ ਆਉਂਦੇ ਤਾਂ ਜ਼ਰੂਰ ਰਹੇ ਸਨ ਕਦੇ-ਕਦਾਈਂ, ਇਕੱਲੇ-ਦੁਕੱਲੇ। ਉਹ ਚਲਾਵਾਂ ਜਿਹਾ, ਸਰਸਰੀ ਜਿਹਾ ਗੇੜਾ ਵੀ ਮਾਰਦੇ ਰਹੇ ਸਨ ਪਿੰਡ ਦਾ। ਕਈ ਵਾਰ ਲਾਰੇ ਵੀ ਲਾਉਂਦੇ ਰਹੇ ਸਨ ਛੋਟੇ-ਮੋਟੇ, ਛੋਟੇ ਸਕੂਲ ਨੂੰ ਵੱਡਾ ਕਰਨ ਦੇ, ਪਿੰਡ ਵਿਚ ਕੋਈ ਨਿੱਕੀ-ਮੋਟੀ ਡਿਸਪੈਂਸਰੀ ਖੋਲ੍ਹਣ ਦੇ। ਪਰ ਹੁਣ ਤੱਕ ਇਹ ਲਾਰੇ, ਲਾਰੇ-ਲੱਪੇ ਹੀ ਰਹੇ ਸਨ। ਪਿੰਡ ਦਾ ਪਰਨਾਲਾ ਆਪਣੀ ਥਾਂਹੋਂ ਕਿਧਰੇ ਇੰਚ ਭਰ ਵੀ ਨਹੀਂ ਸੀ ਹਿੱਲਿਆ।
ਗੱਜਣ ਫੌਜੀ ਨੇ ਇਸ ਵਾਰ ਵਾਹਵਾ ਘੋਖਵੀਂ ਸੂਹ ਕੱਢ ਲਿਆਂਈ। ਦੀਨੇ ਚੌਕੀਦਾਰ ਨੂੰ ਭਰਮਾ-ਪਤਿਆ ਕੇ ਕਿ ਇਸ ਵਾਰ ਵੱਡੀ ਹਵੇਲੀ ਆਈ ਸਰਕਾਰ ਸਭ ਤੋਂ ਵੱਡੀ ਸਰਕਾਰ ਸੀ। ਆਪਣੇ ਸੂਬੇ ਦਾ ਵੱਡਾ ਸੂਬੇਦਾਰ। ਨਾਲ ਉਸਦੇ ਕਈ ਸਾਰੇ ਮੰਤਰੀ-ਸੰਤਰੀ ਢੇਰ ਸਾਰਾ ਅਮਲਾ-ਫੈਲਾ। ਉਹ ਆਖ਼ਰੀ ਸਾਹ ਗਿਣਦੇ ਜ਼ੈਲਦਾਰ ਸੰਸਾਰ ਸਿਓਂ ਦੀ ਖ਼ਬਰਸਾਰ ਲੈਣ ਆਏ ਸਨ ਸਾਰੇ।
ਜ਼ੈਲਦਾਰ ਚਲਦੀ-ਪੁਰਜ਼ੀ ਸਾਮੀ ਤਾਂ ਸੀ, ਪਰ ਉਸ ਦੀ ਐਨੀ ਦੂਰ ਤੱਕ ਦੀ ਪਹੁੰਚ ਦਾ ਨਾ ਫੌਜੀ ਗੱਜਣ ਨੂੰ ਪਤਾ ਸੀ, ਨਾ ਕਿਸੇ ਹੋਰ ਨੂੰ। ਉਹ ਆਉਂਦਾ ਤਾਂ ਰਿਹਾ ਸੀ, ਵਿਚ-ਵਾਰ ਪਿੰਡ। ਉਹ ਵੀ ਫਸਲ-ਬਾੜੀ ਦਿਨੀਂ। ਬਾਕੀ ਦਾ ਕਾਰੋਬਾਰ ਉਸ ਦੇ ਕਾਮੇ-ਕਰਿੰਦੇ ਹੀ ਸਾਂਭਦੇ ਸਨ। ਉਸ ਦਾ ਕੰਮ ਹੁੰਦਾ ਪੱਕੀ ਫਸਲ ਸਾਂਭਣਾ, ਅਗਲੀ ਲਈ ਹਦਾਇਤਾਂ ਜਾਰੀ ਕਰਨਾ। ਕਣਕ-ਕਮਾਦ ਤਾਂ ਭਲਾ ਚਾਲੂ ਫਸਲਾਂ ਸਨ। ਇਹਨਾਂ ਦੀ ਸਾਂਭ-ਸੰਭਾਲ ਲਈ ਉਸ ਨੂੰ ਬਹੁਤੀ ਖੇਚਲ ਨਹੀਂ ਸੀ ਕਰਨੀ ਪੈਂਦੀ। ਪਰ ਬਾਸਮਤੀਆਂ ਦੀ ਮੰਡੀਕਾਰੀ ਉਸ ਦੇ ਹੁਕਮਾਂ ਅਨੁਸਾਰ ਹੀ ਹੁੰਦੀ। ਮੰਡ ਦੀ ਸੱਤਰ-ਪੰਝੱਤਰ ਨਿਕਾਸੀ-ਘੇਰ ਸਮੇਤ ਲਾਈ ਸੌ ਸਵਾ-ਸੌ ਏਕੜ ਦਾ ਵਿਤਰਣ-ਵਿਸਰਜਨ ਉਹ ਆਪ ਕਰਿਆ ਕਰਦਾ ਸੀ ਹਰ ਵਰ੍ਹੇ। ਉਸ ਨੂੰ ਪਤਾ ਹੁੰਦਾ ਸੀ ਕਿਹੜੀ ਵੰਨਗੀ ਕਿਹੜੀ ਮੰਡੀ ਵਿਚ ਪੁੱਗਦੀ ਐ। ਕਿਹੜਾ ਮਾਰਕਾ ਕਿੱਥੇ ਵੱਧ ਖਪਦਾ। ਕਿਹੜੇ ਲੋਕ ਪਾਕਿਸਤਾਨੀ ਜਾਂ ਪੂਛਲ ਖਾਣੀ ਪਸੰਦ ਕਰਦੇ, ਕਿਹੜੇ ਗਿਆਰਾਂ, ਇੱਕੀ, ਚੌਂਤੀ ਜਾਂ ਫਿਰ ਪੂਸਾ ਬਾਸਪਤੀ।
ਇਸ ਵਾਰ ਇਸ ਕੰਮ ਆਇਆ, ਉਹ ਆਉਂਦਾ ਹੀ ਬਿਮਾਰ ਪੈ ਗਿਆ। ਝੱਟ ਇਸਦੀ ਤਾਰ ਰਾਜਧਾਨੀ ਜਾ ਖੜਕਦੀ। ਅਗਲੇ ਦਿਨ ਅੱਧੀ ਸਰਕਾਰ ਉਹਦੇ ਦੀਵਾਨਖਾਨੇ ਆ ਪੁੱਜੀ, ਨਰਸਾਂ-ਡਾਕਟਰਾਂ ਸਮੇਤ।
ਬਿਮਾਰੀ ਸੀ ਵੀ ਕੋਈ ਗੁੱਝੀ ਜਿਹੀ।
ਗੱਜਣ ਨੇ ਇਹ ਸਾਰੀ ਸੂਚਨਾ ਆਸੇ-ਪਾਸੇ ਖਿਲਾਰ ਦਿੱਤੀ।
ਬਾਹਰ-ਅੰਦਰ ਨਾਲ ਵਾਹ-ਵਾਸਤਾ ਰੱਖਣ ਵਾਲੇ ਲੋਕ ਤਾਂ ਉਸ ਦੀ ਗੱਲ ਛੇਤੀ ਹੀ ਸਮਝ ਗਏ। ਥੋੜ੍ਹੇ ਕੁ ਜਿੰਨੇ ਜਾਣੂ-ਸਨੇਹੀ ਦੀਵਾਨਖਾਨੇ ਦੇ ਵਿਹੜੇ-ਬਰਾਂਡੇ ਤੱਕ ਘੁੰਮ-ਫਿਰ ਵੀ ਆਏ, ਮੂੰਹ ਮੁਲਾਜ਼ੇ ਵਜੋਂ। ਕੰਮੀਂ-ਧੰਨੀਂ ਰੁੱਝੇ ਨੌਕਰਾਂ-ਚਾਕਰਾਂ ਤੋਂ ਉਹਨਾਂ ਜ਼ੈਲਦਾਰ ਦਾ ਹਾਲ-ਹਵਾਲ ਪੁੱਛ ਵੀ ਲਿਆ। ਪਰ ਠੀਕ ਜਾਣਕਾਰੀ ਨਾ ਕਿਸੇ ਨੂੰ ਮਿਲੀ, ਨਾ ਉਹਨਾਂ ਅੱਗੇ ਦੱਸੀ। ਪਿਛਲੇ ਅੰਦਰੀਂ ਜਾ ਸਕਣ ਦੀ ਉਹਨਾਂ ਵਿੱਚੋਂ ਹੈਸੀਅਤ ਹੈ ਨਹੀਂ ਸੀ ਕਿਸੇ ਦੀ। ਬੱਸ ਐਨੀ ਕੁ ਖ਼ਬਰ ਹੱਥ ਲੱਗੀ ਸੀ ਉਹਨਾਂ ਦੇ ਕਿ ਸਰਦਾਰ ਹੋਰਾਂ ਨੂੰ ਕੋਈ ਖ਼ਤਰਨਾਕ ਦੌਰਾ ਪਿਆ। ਅਜੇ ਤਾਂ ਹਾਲਤ ਕਾਬੂ ਹੇਠ ਐ, ਅੱਗੋਂ ਦੋਖੋ ...।
ਅੱਗੇ ਜੋ ਕੁਝ ਦਿੱਸਿਆ ਉਹ ਸਿਰੇ ਦਾ ਅਚੰਭਾ ਸੀ ਉਹਨਾਂ ਲਈ।
ਸੁਬਹ-ਸਵੇਰੇ ਪਿੰਡ ਪੁੱਜਾ ਸਰਕਾਰੀ ਅਮਲਾ ਅੱਧਾ ਕੁ ਤਾਂ ਦੀਵਾਨਖਾਨੇ ਟਿਕਿਆ ਰਿਹਾ। ਬਾਕੀ ਦਾ ਵੱਡੇ ਚੁਰਾਹੇ ਵਿਚ ਆ ਜੁੜਿਆ। ਕੋਈ ਜਣਾ ਢਿੱਬਲ-ਟੋਏ ਹੋਏ ਵੱਡੇ ਰਾਹ ਨੂੰ ਪੱਧਰਾ ਕਰਨ-ਕਰਾਉਣ ਵਿਚ ਰੁੱਝ ਗਿਆ। ਕੋਈ ਥੋੜ੍ਹੀਆਂ ਕੁ ਇੱਟਾਂ, ਬੋਰੀ ਕੁ ਸੀਮਿੰਟ ਦਾ ਪ੍ਰਬੰਧ ਕਰਨ ਨਿਕਲ ਤੁਰਿਆ। ਕਿਸੇ ਨੇ ਉਸ ਦਿਨ ਲਈ ਕੁੰਡੀ-ਕੁਨੈਕਸ਼ਨ ਲਾਹ ਕੇ ਰੱਖਣ ਦੀ ਬੇਨਤੀ ਕਰਨੀ ਸੀ ਘਰੋ-ਘਰੀ ਪੁੱਜ ਕੇ, ਕਿਸੇ ਨੇ ਪਿੱਪਲਾਂ-ਬੋਹੜਾਂ ਹੇਠ ਤਾਸ਼-ਵਾਸ਼ ਖੇਲ੍ਹਦੇ, ਗੱਪ-ਸ਼ੱਪ ਮਾਰਦੇ ਪਿੰਡ ਵਾਸੀਆਂ ਨੂੰ ਸ਼ਾਮੀਂ ਚਾਰ ਕੁ ਵਜੇ ਵੱਡੀ ਸਭਾ ਵਿਚ ਜੁੜਨ ਲਈ ਆਖਣਾ ਸੀ। ਸਾਰਾ ਪਿੰਡ ਉਸ ਦਿਨ ਖੁਸ਼-ਪ੍ਰਸੰਨ ਸੀ। ਵੋਟਾਂ-ਬਾਹਰੇ ਕਿਸੇ ਮੌਸਮ ਵਿਚ ਉਹਨਾਂ ਨੂੰ ‘ਆਓ ਜੀ’ ਕਹਿਣ ਦਾ ਇਹ ਸ਼ਾਇਦ ਪਹਿਲਾਂ ਸੱਦਾ ਸੀ। ਸਾਰੇ ਜਣੇ ਦਿੱਤੇ ਸਮੇਂ ਤੋਂ ਅਗਾਓਂ ਹੀ ਪੁੱਜ ਗਏ। ਵੱਡੇ ਚੁਰਾਹੇ ਦੀ ਜਿਵੇਂ ਕਾਇਆ-ਕਲਪ ਹੋਈ ਪਈ ਸੀ। ਇਕ ਪਾਸੇ ਚਾਰ ਕੁ ਕੁਰਸੀਆਂ, ਅੱਗੇ ਛੋਟਾ ਜਿਹਾ ਮੇਜ਼, ਉੱਪਰ ਗੁਲਦਸਤਾ, ਲਾਗੇ ਹੀ ਚਾਰ ਜਰਬ ਛੇ ਫੁੱਟ ਦੀ ਓਟੇ ਜਿਹੇ ਵਰਗੀ ਨੌਂ-ਇੰਚੀ ਕੰਧ। ਵਿਚਕਾਰ ਇਕ ਚੌਰਸ ਜਿਹੀ ਟਾਕੀ ਉੱਪਰ ਲਟਕਦਾ ਦੁੱਧ-ਚਿੱਟਾ ਪੋਣਾ।
ਇਹ ਕੋਈ ਨਵੀਂ ਘਟਨਾ ਨਹੀਂ ਸੀ ਨਗਰ ਵਾਸੀਆਂ ਲਈ। ਉਹਨਾਂ ਪਹਿਲਾਂ ਵੀ ਕਈ ਵਾਰ ਦੇਖੇ-ਸੁਣੇ ਸਨ ਐਹੋ ਜਿਹੇ ਜਲਵੇ। ਅਨੇਕਾਂ ਵਾਰ ਪਹਿਲਾਂ ਵੀ ਉਸਰੇ ਸਨ ਐਹੋ ਜਿਹੇ ਜ਼ਾਮਨੀ ਬੋਰਡ। ਪਰ ਉਸਰੇ-ਬਣੇ ਸਨ ਉਹ ਚੋਣਾਂ ਦੀ ਗਹਿਮਾ-ਗਹਿਮੀ ਤੋਂ ਮਹੀਨਾ ਖੰਡ ਪਹਿਲਾਂ।
ਵੱਡੇ ਚੁਰਾਹੇ ਵਿਚ ਆ ਜੁੜੀ ਸਾਰੀ ਭੀੜ ਨੂੰ ਵੱਡੀ ਹੈਰਾਨੀ ਵੀ ਇਹੋ ਸੀ, “ਨਾ ਕੋਈ ਭਾਸ਼ਣਬਾਜ਼ੀ, ਨਾ ਕੋਈ ਚੋਣ-ਰੌਲਾ, ਫਿਰ ਐਹੋ ਜਿਹੇ ਖੁਸ਼ਕ ਮੌਸਮ ਵਿਚ ਵੀ ਉਦਘਾਟਣੀ ਕੰਧ!”
ਇਸ ਕਿਉਂ-ਕਿੰਝ ਦੀ ਘੁਸਰ-ਮੁਸਰ ਵਿਚ ਉਲਝੇ ਉਹ ਅਜੇ ਕਿਸੇ ਸਿਰੇ ਨਹੀਂ ਸੀ ਲੱਗੇ ਕਿ ਦੀਵਾਨਖਾਨਿਉਂ ਤੁਰੀਆਂ ਹੂਟਰ-ਚੀਕਾਂ ਝੱਟ-ਪੱਟ ਚੁਰਾਹੇ ਵਿਚ ਆ ਰੁਕੀਆਂ। ਮਗਰੇ-ਮਗਰ ਕਈ ਸਾਰੀਆਂ ਮੋਟਰਾਂ-ਗੱਡੀਆਂ। ਕਿਸੇ ’ਤੇ ਲਾਲ ਬੱਤੀ, ਕਿਸੇ ’ਤੇ ਨੀਲੀ, ਕੋਈ ਬਿਨਾਂ ਹੀ ਬੱਤੀਉਂ। ਅੱਖ-ਫਰੋਕੇ ਅੰਦਰ ਚੁੱਪ-ਗੜੁੱਪ ਹੋਈ ਮੂਹਰਲੀ ਜੀਪ ਥੋੜ੍ਹਾ ਕੁ ਇਕ ਪਾਸੇ ਵੱਲ ਨੂੰ ਸਰਕ ਗਈ। ਉਸ ਪਿੱਛੇ ਡੋਲਦੀ-ਡੁਲ੍ਹਕਦੀ ਆਈ ਕਰੀਮ-ਰੰਗੀ ਵੱਡੀ ਸਾਰੀ ਕਾਰ ਐਨ ਚੁਰਾਹੇ ਵਿਚ ਆ ਰੁਕੀ। ਪਰ ਉਸ ਵਿੱਚੋਂ ਨਿਕਲਿਆ ਕੋਈ ਨਾ। ਉਸ ਪਿੱਛੇ ਆ ਲੱਗੀ ਲੰਮੀ ਪਾਲ ਦੇ ਚਾਰੋਂ ਦਰਵਾਜ਼ੇ ਫਟਾਫਟ ਖੁੱਲ ਕੇ ਝਟਾ-ਪੱਟ ਬੰਦ ਹੋ ਗਏ। ਇਹਨਾਂ ਕਾਰਾਂ ’ਚੋਂ ਬਾਹਰ ਨਿਕਲੇ ਸਾਰੇ ਸਰੀਰ ਦਰਸ਼ਣੀ ਸਨ। ਬਹੁਤੇ ਜੈਕਟਧਾਰੀ ਨੇਤਾ-ਨੁਮਾ, ਥੋੜ੍ਹੇ ਕੁ ਵਰਦੀਧਾਰੀ ਰਾਖੇ-ਰਖਵਾਲੇ। ਉਹ ਸਾਰੇ ਮੂਹਰਲੀ ਕਾਰ ਦੁਆਲੇ ਆ ਰੁਕੇ। ਉਹਨਾਂ ਆਸ-ਪਾਸ ਦਾ ਘੋਖਵਾਂ ਜਾਇਜ਼ਾ ਲਿਆ। ਤੇ ... ਅਗਲੇ ਹੀ ਪਲ ਮੂਹਰਲੀ ਕਾਰ ਦਾ ਪਿਛਲਾ ਦਰਵਾਜ਼ਾ ਖੁੱਲ੍ਹਦਾ ਹੋ ਗਿਆ।
ਕੋਈ ਜਣਾ ਬੇਹੱਦ-ਧੀਰਜ ਨਾਲ, ਪੂਰੇ ਠਰ੍ਹੰਮੇ ਨਾਲ ਅੰਦਰੋਂ ਬਾਹਰ ਨਿਕਲ ਆਇਆ। ਸਾਰੇ ਇਕੱਠ ਦੀ ਟਿਕਵੀਂ-ਤਾੜਵੀਂ ਨਿਗਾਹ ਉਸ ਨੂੰ ਸਿਰ ਤੋਂ ਲੈ ਕੇ ਪੈਰਾ ਤੱਕ ਜਿਵੇਂ ਘੋਖਣ ਲੱਗ ਪਈ। ਉਹ ਦਰਮਿਆਨੇ ਜਿਹੇ ਕੱਦ ਦਾ ਔਸਤ ਜਿਹਾ ਮਾਨੁੱਖ ਸੀ। ਨਾ ਮੋਟਾ ਨਾ ਪਤਲਾ, ਨਾ ਮੱਧਰਾ, ਨਾ ਉੱਚਾ। ਉਸ ਦੀ ਦੁੱਧ-ਚਿੱਟੀ ਦਾੜ੍ਹੀ ਬੇਤਰਤੀਬੀ ਜਿਹੀ ਖਿੱਲਰੀ ਪਈ ਸੀ। ਸਿਰ ’ਤੇ ਗੂੜ੍ਹੀ ਨੀਲੀ ਪਗੜੀ ਜਿਵੇਂ ਕਿਸੇ ਅਨਾੜੀ ਨੇ ਵਲ੍ਹੇਟ ਮਾਰੇ ਹੋਣ। ਇਸ ਦਾ ਆਖਰੀ ਲੰਮਾ ਲੜ ਅਣ-ਟੰਗਿਆ, ਪਿਛਾਂਹ ਵੱਲ ਨੂੰ ਲਮਕ ਰਿਹਾ ਸੀ। ਨਾ ਉਸ ਦਾ ਕੁੜਤਾ-ਪਜਾਮਾ ਚਮਕਦਾਰ ਸੀ, ਨਾ ਉੱਪਰ ਪਹਿਨੀ ਜੈਕਟ। ਢਿੱਲਕੂ ਢਿੱਲਕੂ ਕਰਦੇ ਪਜਾਮੇ ਦਾ ਇਕ ਪਹੁੰਚਾ ਨੀਵਾਂ, ਇਕ ਉੱਚਾ। ਨਾਲੇ ਦਾ ਇਕ ਸਿਰਾ ਕੁੜਤਿਓਂ ਹੇਠਾਂ ਤੱਕ ਲਮਕਦਾ ਸਾਫ-ਸਾਫ ਦਿਸ ਰਿਹਾ ਸੀ। ਇਕ ਛੋਟਾ ਜਿਹਾ ਤੌਲੀਆ ਉਸ ਨੇ ਮੋਢੇ ’ਤੇ ਸੁੱਟ ਰੱਖਿਆ ਸੀ, ਐਵੇਂ-ਕਿਵੇਂ ਜਿਹੇ ਢੰਗ ਨਾਲ।
ਪਹਿਲੀ ਨਜ਼ਰੇ ਹਰ ਕਿਸੇ ਨੂੰ ਉਹ ਅਗੜ-ਦੂਤ ਜਿਹਾ, ਝੱਲਾ ਜਿਹਾ ਮਨੁੱਖ ਜਾਪਿਆ। ਕਈ ਜਣੇ ਉਸ ਦੀ ਸ਼ਕਲ-ਸੂਰਤ ਦੇਖ ਕੇ ਊਈਂ ਝੇਡਾਂ ਕਰਨ ਲੱਗ ਪਏ ਆਪੋ-ਆਪ ਵਿੱਚ ਦੀ। ਮੂੰਹ-ਫੁੱਟ ਜੱਗੂ ਵੀ ਕਿਸੇ ਤੋਂ ਪਿੱਛੇ ਨਾ ਰਿਹਾ। ਉਸ ਨੇ ਫੱਟ ਦੇਣੀ ਸਿਰੇ ਦੀ ਕਹਿ ਮਾਰੀ ਭੀਮੇ ਨੂੰ ਮੁਖਾਤਿਬ ਹੁੰਦਿਆਂ, “ਭਾਅ ਭੀਮਿਆਂ ਏਨੂੰ ਮੇਰੇ ਨਾਲ ਜੋੜਨ ਦਾ ਪ੍ਰਬੰਧ ਕਰ, ਫੇਏ ਦੇਖੀਂ ਕਿੱਦਾਂ ਗੜ੍ਹਕੇ ਮਾਰਦੀਆਂ ਭੱਠੀਆਂ।”
ਭੀਮੇ ਨੇ ਤਾਂ ਉਸ ਨੂੰ ਸੁਣਿਆ-ਗੋਲਿਆ ਨਾ, ਪਰ ਥੋੜ੍ਹਾ ਕੁ ਹਟਵੇਂ ਖੜ੍ਹੇ ਗੱਜਣ ਨੂੰ ਉਸ ਦੇ ਬੋਲ-ਕਬੋਲ ਬਹੁਤੇ ਹੀ ਬੁਰੇ ਲੱਗੇ। ਉਸ ਅੰਦਰ ਪਸਰ ਆਈ ਤਲਖੀ ਪੂਰਾ ਯਤਨ ਕਰਨ ’ਤੇ ਵੀ ਉਸ ਤੋਂ ਰੋਕੀ ਨਾ ਗਈ, “ਤੂੰ ... ਤੂੰ ਚੁੱਪ ਵੀ ਕਰੇਗਾਂ ਹੁਣ ਕਿ ਟੋਕੀ ਈ ਜਾਏਂਗਾ ... ਜਿਣਸ ਕਿਸੇ ਥਾਂ ਦੀ ... । ਜੋ ਮੂੰਹ ਵਿਚ ਆਇਆ ਅਵਾ-ਤਵਾ ਬੋਲ ਛੱਡਦੈ। ਤੂੰ ਪਹਿਲਾਂ ਦੇਖ-ਜਾਚ ਤਾਂ ਲੈ, ਏਹ ਹੈਅ ਕੌਣ ...?”
ਗੱਜਣ ਫੌਜੀ ਨੂੰ ਕਾਰੋਂ ਉੱਤਰੀ ਸ਼ਖਸੀਅਤ ਐਵੇਂ ਕਿਵੇਂ ਦੀ ਨਹੀਂ ਸੀ ਲੱਗੀ। ਇਕ ਪਾਸੇ ਪਈਆਂ ਕੁਰਸੀਆਂ ਵਿੱਚੋਂ ਇਕ ’ਤੇ ਜਾ ਬੈਠਣ ਨਾਲ ਉਸਦੀ ਪਛਾਣ ਸਭ ਦੇ ਸਾਹਮਣੇ ਆ ਗਈ।ਇਹ ਮੰਤਰੀ ਸੀ, ਮਹਾਂ-ਮੰਤਰੀ ਤੋਂ ਛੋਟਾ। ਦੋ ਨੰਬਰ ਦਾ ਰਾਜਾ।
ਉਸਦੀ ਆਗਿਆ ਅਨੁਸਾਰ ਉਸ ਦੇ ਆਸ-ਪਾਸ ਚਾਰ ਕੁ ਜਣੇ ਹੋਰ ਬੈਠ ਗਏ।
ਉਹ ਲੰਮੇ-ਉੱਚੇ ਦਿਸਣ ਦੇ ਬਾਵਜੂਦ ਕਿਸੇ ਵੀ ਢੰਗ ਨਾਲ ਉਸ ਦੀ ਬਰਾਬਰੀ ਨਹੀਂ ਸੀ ਕਰਦੇ। ਉਦਘਾਟਨੀ ਪੱਥਰ ਨੂੰ ਮੁਖਾਤਿਬ ਹੁੰਦਿਆਂ, ਉਸ ਅੰਦਰਲੀ ਸਹਿਜਤਾ-ਵਿਦਵਤਾ ਹੋਰ ਵੀ ਉੱਘੜ ਆਈ। ਪਰ ਸੱਤ ਸੌ ਅੱਸੀ ਮੀਟਰ ਲੰਮੇ ਪਚਾਸੀ ਕਰੋੜੀ ਪੁਲ ਦਾ ਸਿਆਸੀ ਮੁਕਟ ਜ਼ੈਲਦਾਰ ਸੰਸਾਰ ਸਿੰਘ ਦੇ ਸਿਰ ’ਤੇ ਬੰਨ੍ਹਣ-ਸਜਾਉਣ ਤੋਂ ਉਹ ਵੀ ਨਹੀਂ ਸੀ ਉੱਕਿਆ। ਉਸ ਨੇ ਵੀ ਐਡੇ ਵੱਡੇ ‘ਲਾਭਕਾਰੀ’ਪਿੰਡ ਨੂੰ ਅਣਗੌਲਿਆ ਕਰੀ ਰੱਖਣ ਲਈ ਪੂਰਬਲੀਆਂ ਸਰਕਾਰਾਂ ਨੂੰ ਲੰਮੇ ਹੱਥੀਂ ਲਿਆ ਸੀ। ਬੀਤੇ ਤਿੰਨਾਂ ਸਾਲਾਂ ਵਿਚ ਇਕ ਵਾਰ ਵੀ ਮੂੰਹ ਨਾ ਦਿਖਾਉਣ ਵਾਲੇ ਹਵਾਈ ਕਿਸਮ ਦੇ ਵਾਹਿਦਾਕਾਰ ਦੀ ਖਿੱਲੀ ਉਸ ਨੇ ਰੱਜ ਕੇ ਉਡਾਈ।
ਉਸ ਦੀ ਚੋਭਵੀਂ-ਚੁਭਵੀਂ ਵਾਰਤਾ ਸੁਣਦਾ, ਗੱਜਣ ਫੌਜੀ ਪੈਰ ਦਰ ਪੈਰ ਜਿਵੇਂ ਡੋਲਦਾ ਗਿਆ ਹੋਵੇ। ਉਸ ਦੀ ਸਾਦਗੀ ਤੇ ਸੁੱਚਤਾ ਦੇ ਮੇਲ-ਸੁਮੇਲ ਦੀ ਕਿੱਧਰੋਂ ਸੁਣ ਰੱਖੀ ਮਿੱਥ, ਸੱਚ-ਮੁੱਚ ਹੀ ਟੁੱਟਦੀ-ਭੁਰਦੀ ਗਈ ਸੀ।
ਉਹ ਰਹਿੰਦਾ ਵੀ ਉਦਾਸ ਹੋ ਗਿਆ।
ਪਰ ਟੇਰਕੀਆਣਾ ਸਾਰਾ ਪਿੰਡ ਇਕ ਵਾਰ ਫਿਰ ਪੂਰੇ ਜਲ-ਜਲੌ ਵਿੱਚ ਰੰਗਿਆ ਗਿਆ। ਹਰ ਗਲੀ, ਹਰ ਮੋੜ ’ਤੇ ਇਸ ਵਾਰ ਪੁਲ ਦੇ ਸੱਚ-ਮੁੱਚ ਹੀ ਬਣ ਜਾਣ ਦੇ ਚਰਚੇ, ਹਰ ਗਰਮ-ਨਰਮ ਬਾਤਚੀਤ ਦਾ ਹਿੱਸਾ ਸਨ। ਆਪਣੇ ਆਰ-ਪਾਰ ਦੇ ਕਾਰੋਬਾਰ ਦੇ ਹੋਰ ਵੀ ਵੱਧ ਜਾਣ ਦਾ ਚਾਅ ਭੀਮ ਸਿਓਂ ਠੇਕੇਦਾਰ ਤੋਂ ਜਿਵੇਂ ਸਾਂਭਿਆ ਨਹੀਂ ਸੀ ਜਾਂਦਾ। ਉਸਦਾ ਹੈੱਡ-ਝੋਕਾ ਜੱਗੂ ਤਾਂ ਭੀਮੇ ਤੋਂ ਵੀ ਦੋ ਲਾਂਘਾਂ ਅੱਗੇ ਸੀ। ਇਸ ਵਾਰ ਗੱਜਣ ਨਹੀਂ, ਜੱਗੂ ਆਪ ਅਗਲਵਾਂਡੀ ਹੋ ਕੇ ਫੌਜੀ ਨੂੰ ਛੇੜਦਾ ਰਿਹਾ। ਵਿਚ-ਵਾਰ ਹਾਸਾ-ਠੱਠਾ ਕਰਦਿਆਂ, ਵਿਚ-ਵਾਰ ਗਹਿਰ-ਗੰਭੀਰ ਹੁੰਦਿਆਂ। ਇੱਕ ਵਾਰ ਤਾਂ ਉਸ ਨੇ ਫੌਜੀ ਤੋਂ ਹੀ ਸੁਣੀ-ਸੁਣਾਈ, ਥੌੜ੍ਹਾ ਕੁ ਫੇਰ-ਬਦਲ ਕਰਕੇ ਮੁੜ ਉਸੇ ਨੂੰ ਹੀ ਆਖ ਪੁੱਛੀ, “ਕਿਉਂ ਫੌਜੀਆ, ਹੋਇਆ ਕੋਈ ਫੈਦਾ ਤੇਰੇ ਰੌਲਾ-ਰੱਪੇ ਦਾ ...। ਸੁਣੀ ਕੋਈ ਤੇਰੀ ਵੀ ਗੱਲ ਕਿਸੇ ਨੇ ਧਿਆਨ ਨਾਲ? ਐਨੇ ਚਿਰਾਂ ਦਾ ਮੁੜ-ਮੁੜ ਉਹੀ ਮੁਹਾਰਨੀ ਪੜ੍ਹੀ ਜਾਨਾ ਤੂੰ। ਅਖੇ ਏਹ ਸੜੀਆਂ-ਸਰਕਾਰਾਂ, ਏਹ ਮੰਤਰੀ-ਸੰਤਰੀ ਸਾਰੇ ਦੇ ਸਾਰੇ ਜ਼ੈਲਦਾਰੀ ਲਾਣਾ ਈ ਹੁੰਦਾ, ਅਮੀਰਾਂ-ਧਨਾਢਾਂ ਦਾ ਟੱਬਰ। ਵਾਰੀ ਬਦਲ ਕੇ ਇਕ ਵਾਰ ਇਕ ਟੋਲਾ ਅੱਗੇ ਹੋ ਜੁੜਦਾ, ਦੂਜੀ ਵਾਰ ਦੂਜਾ। ਹੁਣ ... ਹੁਣ ਤੂੰ ਈ ਦੱਸ, ਆਹ ਜੇੜ੍ਹਾ ਪਰਸੋਂ-ਚੌਥ ਆਇਆ ਬੈਠਾ ਸੀ ਵੱਡੇ ਚੁਰਾਹੇ ਵਿਚ, ਉਹ ਕਿੱਡਾ ਕੁ ਵੱਡਾ ਜ਼ੈਲਦਾਰ ਲੱਗਦਾ ਸੀ ਤੈਨੂੰ ...?”
ਗੱਜਣ ਫੌਜੀ ਨੂੰ ਇਸ ਦਾ ਕੋਈ ਢੁੱਕਵਾਂ ਉੱਤਰ ਨਾ ਲੱਭਾ। ਇਸ ਵਾਰ ਉਹ ਜੱਗੂ ਨੂੰ ਨਹੀਂ ਆਪਣੇ ਆਪ ਨੂੰ ਮੁਖਾਤਿਬ ਸੀ, ਇਹ ਮਾਇਆਧਾਰੀ ਜਮਾਤ ਭਲੇ-ਚੰਗੇ ਦਿਸਦੇ ਸ਼ਰੀਫਾਂ-ਵਿਦਵਾਨਾਂ ਦਾ ਵੀ ਫੱਕਾ ਨਈਂ ਛੱਡਦੀ। ਪਤਾ ਨਈਂ ਇਹ ਲੋਕ ਵੀ ਕਿਸ ਲਾਲਸਾ ਵੱਸ ਵਿਕਣ ਦੀ ਹੱਦ ਤੱਕ ਹੇਠਾਂ ਆ ਡਿੱਗਦੇ ਆ।”
ਉਹ ਕਿੰਨੇ ਹੀ ਦਿਨ ਇਸ ਅੜਾਉਣੀ ਵਿਚ ਘਿਰਿਆ ਆਪਣੇ ਅੰਦਰ ਨਾਲ ਗੁੱਥਮ-ਗੁੱਥਾ ਹੋਇਆ ਰਿਹਾ। ਇਕ ਦਿਨ ਸਹਿਜ ਭਾਅ ਹੀ ਉਸ ਦੀ ਇਹ ਗੁੱਥੀ ਵੀ ਸੁਲਝ ਗਈ। ਹੋਇਆ-ਵਾਪਰਿਆ ਵੀ ਐਨ ਉਸ ਦੇ ਗੁਆਂਡ ਮੱਥੇ। ਅੱਵਲ ਉਸ ਦੇ ਪਿੰਡ, ਉਸ ਦੇ ਘਰ। ਉਸ ਦੇ ਪਿੰਡ - ਘਰ ਪੁੱਜੀ ਸੂਚਨਾ ਪੂਰੇ ਢੋਲ-ਢਮੱਕੇ ਨਾਲ ਅੱਪੜਦੀ ਹੋਈ ਸੀ।
ਉੱਚ-ਧੂਤੀ ਆਵਾਜ਼ ਪਹਿਲਾਂ ਵੱਡੇ ਚੁਰਾਹੇ ਵਿਚ ਆ ਰੁਕੀ, ਫਿਰ ਗਲੀਓ ਗਲੀ ਘੁੰਮਦੀ ਹੋਕਾ ਦਿੰਦੀ ਗਈ। ਨਾਲ-ਨਾਲ ਸ਼ਬਦ ਟੇਪ, ਨਾਲ-ਨਾਲ ਹੋਕਰਾ, “ਪਿਆਰੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ! ਆਪ ਜੀ ਨੂੰ ਇਹ ਜਾਣ ਕੇ ਅਤਿਅੰਤ ਪ੍ਰਸੰਨਤਾ ਹੋਵੇਗੀ ਕਿ ਪਾਰਲੇ ਛੰਭ ਵਿਚ ਨਮੀਂ ਉਸਰੀ ਘੱਲੂਘਾਰਾ ਯਾਦਗਾਰ ਅਗਲੇ ਭਲਕ ਸਮੁੱਚੀ ਕੌਮ ਨੂੰ ਸਮਰਪਿਤ ਹੋਵੇਗੀ। ਇਸ ਸਮਾਰੋਹ ਵਿੱਚ ਸਿੱਖ ਕੌਮ ਦੇ ਉੱਘੇ ਆਗੂਆਂ, ਸੰਤਾਂ-ਮਹਾਂਸੰਤਾਂ, ਧਰਮ-ਪ੍ਰਚਾਰਕਾਂ ਸਮੇਤ ਸੂਬਾ ਸਰਕਾਰ ਦੇ ਸਾਰੇ ਮੰਤਰੀ ਅਤੇ ਵਿਸ਼ਵ ਪੱਧਰ ਦੀਆਂ ਅਨੇਕਾਂ ਮਹਾਨ ਹਸਤੀਆਂ ਸ਼ਾਮਲ ਹੋਣਗੀਆਂ। ਸਿੱਖੀ ਰਵਾਇਤਾਂ ਅਨੁਸਾਰ ਸ਼ਬਦ-ਕੀਰਤਨ ਪ੍ਰਵਾਹ ਲਗਾਤਾਰ ਜਾਰੀ ਰਹੇਗਾ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਆਪ ਸਭ ਮਾਈ-ਭਾਈ ਨੂੰ ਗੁਰ ਚਰਨਾਂ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫ਼ਲਾ ਕਰਨ ਦੀ ਪੁਰਜ਼ੋਰ ਅਪੀਲ ਹੈ ਜੀ ... ਈ ... ਈ।
“ਪਿਆਰੇ ਖਾਲਸਾ ਜੀ, ਆਰ-ਪਾਰ ਜਾਣ-ਆਉਣ ਲਈ ਬੇੜੀਆਂ-ਬੱਸਾਂ ਦੀ ਕੁੱਲ ਸੇਵਾ ਗੁਰੂ ਦੇ ਲਾਡਲੇ ਜ਼ੈਲਦਾਰ ਸੰਸਾਰ ਸਿੰਘ ਦੇ ਪਰਿਵਾਰ ਨੇ ਆਪਣੇ ਸਿਰ ਓਟ ਲਈ ਹੈ ਜੀ ... ਈ ... ਈ। ...ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।”
ਪੈਂਦੀ ਸੱਟੇ ਤਾਂ ਗੱਜਣ ਨੂੰ ਨਵੀਂ ਉੱਸਰੀ ਯਾਦਗਾਰ ਦੀ ਨਸ਼ਰ ਹੋਈ ਸੂਚਨਾ ਆਪਣੇ ਅੰਦਰਲੇ ਤੜਫਾ ਤੇ ਇਕ ਤਰ੍ਹਾਂ ਨਾਲ ਟਕੋਰ ਕਰਦੀ ਜਾਪੀ। ਨਿੱਘੇ-ਲੂਣਕੇ ਪਾਣੀ ਨਾਲ ਗੜੂੱਚ ਹੋਏ ਲੋਗੜ-ਫੈਹੇ ਦੀ ਟਕੋਰ। ਉਸ ਨੂੰ ਆਪਣਾ ਆਪ ਢਾਈ-ਪੌਣੇ ਤਿੰਨ ਸਦੀਆਂ ਪਹਿਲਾਂ ਪਰਲੇ ਛੰਬ ਵਿਚ ਹੋਏ ਕਤਲੇਆਮ ਨਾਲ ਜੁੜਦਾ ਵੀ ਜਾਪਿਆ। ਉਸ ਨੂੰ ਲੱਗਾ, ਆਪਣੀ ਹੋਂਦ-ਹੋਣੀ ਦੀ ਸਲਾਮਤੀ ਲਈ, ਉਸ ਨੇ ਵੀ ਆਪਣੀ ਤੇਜ਼ਧਾਰ ਮੀਰੀ ਮਿਆਨੋਂ ਬਾਹਰ ਧੂਅ ਲਈ ਹੈ। ਉਹ ਵੀ ਘਰ-ਬਾਰ ਤਿਆਗ ਕੇ ਕਾਹਨੂੰਆਣ ਜੂਹ ਅੰਦਰਲੀ ਲੁਕਣਗਾਹ ਵੱਲ ਨੂੰ ਦੌੜਦਾ ਹੋਰਨਾਂ ਕਈਆਂ ਸਿੰਘ-ਸੂਰਮਿਆਂ ਨਾਲ ਜਾ ਰਲਿਆ ਹੈ। ਉਸ ਨੇ ਵੀ ਭੇਡਾਂ-ਬੱਕਰੀਆਂ ਵਾਂਗ ਵੇਚਣ ਲਈ ਤੋਰੀਆਂ ਅਬਲਾ ਕੰਜਕਾਂ ਦੀ ਇੱਜ਼ਤ-ਆਬਰੂ ਦੀ ਰਾਖੀ ਕਰਨ ਲਈ ਆਪਣਾ ਸਾਰਾ ਤਾਣ ਝੋਕ ਦਿੱਤਾ ਹੈ। ਆਖ਼ਰ ਮੁੱਠੀ ਭਰ ਭੁੱਜੇ ਦਾਣਿਆਂ ਦੀ ਖਾਣ-ਪੂੰਜੀ ਮੁੱਕ ਜਾਣ ’ਤੇ ਉਹ ਵੀ ਲਖਪਤ ਰਾਏ - ਯਾਹੀਆਂ ਖਾਂ ਦੇ ਟਿੱਡੀ ਦਲ ਅੰਦਰ ਘਿਰਿਆ ਗਿਆਰਾਂ ਹਜ਼ਾਰ ਲਾਸ਼ਾਂ ਵਿਚ ਕਿਧਰੇ ਵਿੱਛ ਗਿਆ ਹੈ ...।
ਪਰ ਝੱਟ ਹੀ ਉਸ ਅੰਦਰ ਸਿਮਟ ਆਇਆ ਇਤਿਹਾਸ, ਉਸ ਅੰਦਰਲੀ ਹੁਣ ਦੀ ਕਸ਼ਮਕਸ਼ ਦੇ ਰੂ-ਬ-ਰੂ ਸੀ, ਫੌਜੀ ਉਹ ਹੁਣ ਵੀ ਰਿਹਾ ਸੀ। ਇੱਕ ਅੱਖੋਂ ਨਿਕਾਰਾ ਵੀ ਹੋਇਆ ਫਿਰਦਾ ਸੀ ਉਹ। ਤੇ ... ਤੇ ਜੰਗਾਂ ਇਸ ਵਾਰ ਉਸ ਨੇ ਉੱਪਰਲੇ ਹੁਕਮਾਂ ਦੀ ਤਾਲੀਮ ਕਰਦਿਆਂ ਲੜੀਆਂ ਸਨ। ਪਰ ... ਪਰ ਗਿਆਰਾਂ ਹਜ਼ਾਰ ਯੋਧਿਆਂ ਵਿਚ ਸ਼ਾਮਿਲ ਹੋਣ ਲਈ ਉਸ ਨੇ ਕਿਸੇ ਉੱਪਰਲੇ ਹੁਕਮ ਦੀ ਉਡੀਕ ਨਹੀਂ ਸੀ ਕੀਤੀ। ਉਦੋਂ ਉਹ ਆਪਣੇ ਅੰਦਰ ਦੀ ਆਵਾਜ਼, ਆਪਣੀ ਰੂਹ ਦੇ ਬੋਲਾਂ ਦਾ ਮਾਣ-ਤਾਣ ਰੱਖਣ ਲਈ ਨਿਕਲ ਤੁਰਿਆ ਸੀ ਘਰੋਂ। ਆਪਣੀ ਦਿੱਖ, ਆਪਣੀ ਪਹਿਚਾਣ ਦੀ ਇੱਜ਼ਤ-ਆਬਰੂ ਲਈ, ਇਸ ਦੀ ਸਲਾਮਤੀ ਲਈ। ਪਰ ਹੁਣ ... ਹੁਣ ਉਸ ਨੂੰ ਲੱਗਾ, ਇਹ ਪਹਿਚਾਣ, ਇਹ ਦਿੱਖ, ਉਸ ਵਰਗੇ ਸਾਰੇ ਯੁੱਧਵੀਰਾਂ ਤੋਂ ਹਥਿਆ ਕੇ ਅੱਜ ਦੇ ਸੰਤਾਂ, ਮਹਾਂਸੰਤਾਂ, ਡੇਰਿਆਂ-ਮੱਠਾਂ, ਮੰਤਰੀਆਂ-ਸੰਤਰੀਆਂ ਸਮੇਤ ਉਸ ਦੇ ਆਪਣੇ ਪਿੰਡ ਦੇ ਜ਼ੈਲਦਾਰ ਸੰਸਾਰ ਸਿੰਘ ਨੇ ਵੰਡ-ਵੰਡਾ ਕੇ ਆਪਣੇ-ਆਪਣੇ ਖਾਤਿਆਂ ਵਿਚ ਚਾੜ੍ਹ ਲਈ ਹੈ। ਉਸ ਨੂੰ ਇਹ ਵੀ ਸਮਝ ਪੈਂਦੀ ਲੱਗੀ ਕਿ ਸਾਰੀ ਲਿਖਤ-ਪੜ੍ਹਤ, ਸਾਰੀ ਇੰਤਕਾਲੀ ਕਾਰਵਾਈ ਪੁਲ ਦਾ ਨੀਂਹ ਪੱਥਰ ਰੱਖਣ ਆਏ ਉਸ ਵਿਦਵਾਨ ਦਿਸਦੇ ‘ਮਾਲ-ਅਫ਼ਸਰ’ ਵਰਗਿਆਂ ਨੂੰ ਹੱਥ-ਠੋਕੇ ਬਣਾ ਕੇ ਅਮਲ ਵਿੱਚ ਲਿਆਂਦੀ ਗਈ ਹੈ।
ਚਿੰਤਾਵਾਨ ਹੋਏ ਰਹਿੰਦੇ ਫੌਜੀ ਗੱਜਣ ਨੂੰ ਇਹ ਤੱਥ ਸਮਝਣ ਵਿੱਚ ਹੋਰ ਬਹੁਤਾ ਚਿਰ ਨਾ ਲੱਗਾ ਕਿ ਸੂਝਵਾਨ ਗਿਣ ਹੁੰਦੇ ਬੁੱਧੀਜੀਵੀਆਂ ਅੰਦਰ ਘਰ ਕਰੀ ਬੈਠੀ ਤਰਕਹੀਣ ਧਾਰਮਿਕਤਾ, ਪਹਿਲਾਂ ਇਨ੍ਹਾਂ ਤੋਂ ਸੱਚ ਵਰਗੇ ਇਤਿਹਾਸ ਦੀ ਭੰਨ-ਤੋੜ ਕਰਵਾ ਲੈਂਦੀ ਹੈ ਤੇ ਫਿਰ ... ਫਿਰ ਇਸ ਭੰਨ-ਘੜ ਨੂੰ ਵਰਤਮਾਨ ਦੀ ਭਾਰੂ ਧਿਰ ਦੀ ਝੋਲੀ ਵਿਚ ਪਰੋਸਣ ਲਈ ਤਰਲੋਮੱਛੀ ਹੋ ਤੁਰਦੀ ਹੈ।
ਆਪਣੇ ਅੰਦਰ ਅੱਛੀ-ਖਾਸੀ ਸੰਵਾਦਕਸ਼ੀ ਕਰਕੇ ਉਸ ਨੇ ਆਪਣੀ ‘ਲੱਭਤ’ ਦੀ ਥੋੜ੍ਹੀ ਕੁ ਜਿੰਨੀ ਪੱਚਰ ਜੱਗੂ ਕੇ ਕੰਨਾਂ ਵਿਚ ਵੀ ਜਾ ਚੋਭੀ। ਜੱਗੂ ਉਸਨੂੰ ਜਿਵੇਂ ਖੁਰ ਚੱਕ ਕੇ ਪੈ ਗਿਆ, “ਮੈਂ ... ਮੈਂ ਤਾਂ ਆਹਨਾਂ ਫੌਜੀਆ, ਪਿਲਸਣ ਆਉਣ ਲੱਗੇ ਦੀ ਤੇਰੀ ਵਰਦੀ-ਬੰਦੂਕ ਈ ਨਈਂ, ਅਗਲਿਆਂ ਅਕਲ-ਬੁੱਧ ਵੀ ਉੱਥੇ ਈ ਜਮ੍ਹਾਂ ਕਰਾ ਲਈ ਲੱਗਦੀ ਆ। ਰਹਿੰਦੀ ਕਸਰ ਤੇਰੇ ਆਹ ਲਾਲ ਝੰਡੇ ਆਲਿਆਂ ਪੂਰੀ ਕਰ ਛੱਡੀ। ਤੁਹਾਨੂੰ ਲੋਕਾਂ ਨੂੰ ਤਾਂ ਕੋਈ ਖਾਂਦਾ-ਪੀਂਦਾ ਬੰਦਾ ਈ ਚੰਗਾ ਲਗਦਾ, ਨਾ ਧਰਮ-ਕਰਮ ਦਾ ਕੋਈ ਕਾਰ-ਵਿਹਾਰ। ਤੂੰ ... ਤੂੰ ਆਪ ਈ ਦੱਸ ਭਲਾ ਘੱਲੂਕਾਰਾ-ਸਾਬ੍ਹ ਦੀ ਨਮੀਂ ਇਮਾਰਤ ਦਾ ਸਾਡੇ ਐਸ ਪੁਲ ਦੇ ਨੀਂਹ ਪੱਥਰ ’ਨਾ ਕੀ ਸਰਬੰਧ ਹੋਇਆ ...?”
“ਹੈਗਾ ... ਹੈਗਾ ਵੱਡੇ ਭਾਈ, ਮੇਰੇ ਭਾਅ ਜੱਗਾ ਸਿਆਂ ਹੈਗਾ ਸੰਬੰਧ। ਤੂੰ ... ਤੂੰ ਮੇਰੀ ਗੱਲ ਧਿਆਨ ਨਾਲ ਸੁਣੇ ਤਾਂ ਪਤਾ ਲੱਗੇ ਤੈਨੂੰ ਕੁਸ਼! ਤੇਰੇ ਅੰਦਰ ... ਤੇਰੇ ਅੰਦਰ ਤਾਂ ਰਾਤ-ਪੁਰ-ਦਿਨੇ ਤੱਤੀ ਠੰਢੀ ਲਾਅਣ ਹੀ ਬੋਲਦੀ ਰਹਿੰਦੀ ਆ। ਹੋਰ ਕੁਛ ਤਾਂ ਸੁੱਝਦਾ ਈ ਨਈਂ ਤੈਨੂੰ ...।”
ਤੱਤੀ-ਠੰਢੀ ਲਾਅਣ ਦੀ ਟਕੋਰ ਇਸ ਵਾਰ ਜੱਗੂ ਨੂੰ ਜਿਵੇਂ ਅੰਦਰੋਂ-ਬਾਹਰੋਂ ਸੁੰਨ ਕਰ ਗਈ। ਬੀਤੇ ਕਿੰਨੇ ਸਾਰੇ ਵਰ੍ਹੇ ਉਸ ਦੀ ਸਿਮਰਤੀ ਵਿਚ ਆ ਚੜ੍ਹੇ ਸਨ। ਉਹ ਕੋਈ ਜੱਦੀ-ਪੁਸ਼ਤੀ ਝੋਕਾ ਨਹੀਂ ਸੀ ਚੋਭਿਆਂ-ਭੱਠੀਆਂ ਦਾ। ਉਸ ਦਾ ਬਾਪ ਬੇਜ਼ਮੀਨਾ ਜ਼ਰੂਰ ਸੀ,ਪਰ ਸੀ ਕਿਸਾਨ। ਉਹ ਵੀ ਸੰਸਾਰ ਸਿੰਘ ਦਾ ਹਮ-ਗੋਤੀ। ਇਹੋ ਲਿਹਾਜ਼ਦਾਰੀ ਉਸ ਨੂੰ ਜ਼ੈਲਦਾਰਾਂ ਦੀ ਹਿੱਸੇਦਾਰਾਂ-ਵਾਹੀ ਵਿਚ ਸ਼ਾਮਲ ਕਰਦੀ ਰਹੀ ਸੀ। ਉਸਦੀ ਤਰਜੀਹੀ ਫਸਲ ਕਣਕ-ਝੋਨੇ ਦੀ ਥਾਂ ਕਮਾਦ ਰਹੀ ਸੀ ਮੁੱਢ ਤੋਂ। ਵੰਨ-ਸਵੰਨੀਆਂ ਗੰਨਾ ਕਿਸਮਾਂ ਦੀ ਉਹ ਦੋਨੋਂ ਪਿਓ-ਪੁੱਤਰ ਸਾਰੀ ਪਿੜਾਈ ਆਪ ਕਰਦੇ, ਆਪਣੇ ਵੇਲ੍ਹਣੇ ’ਤੇ। ਆਪ ਝੋਕੀ ਕਰਦੇ, ਆਪ ਪੱਤਾਂ ਕੱਢਦੇ। ਉਹਨਾਂ ਦੇ ਚੁੱਭੇ ਦਾ ਗੁੜ-ਮਿੱਠਾ ਹਰ ਮੰਡੀ ਵਿਚ ਖਾਸ-ਵੰਨਗੀ ਵਜੋਂ ਪੇਸ਼ ਹੁੰਦਾ ਰਿਹਾ। ਪਰ, ਉਹਨਾਂ ਦੇ ਗੁਆਂਡ ਵਿਚ ਲੱਗੀ ਗੰਨਾ ਮਿੱਲ ਨੇ ਉਨ੍ਹਾਂ ਦਾ ਸਾਰਾ ਹੁਨਰ ਇਕ ਦਮ ਚੌਪਟ ਕਰ ਮਾਰਿਆ। ਹੁਣ, ਉਨ੍ਹਾਂ ਨੂੰ ਨਾ ਖੁੱਲ੍ਹੇ ਖੇਤ ਮਿਲਦੇ ਸਨ, ਨਾ ਗੰਨਾ ਬੀਜਣ ਦੀ ਆਗਿਆ।
ਇਹ ਕੰਮ ਹੁਣ ਜ਼ੈਲਦਾਰਾਂ ਦੇ ਕਾਮੇ-ਕਰਿੰਦੇ ਆਪ ਕਰਦੇ ਸਨ ਸਾਰਾ। ਦਰਿਆਉਂ ਇੱਧਰਲੇ-ਉੱਧਰਲੇ ਪਿੰਡਾਂ ਦੀ ਸਾਰੀ ਗੰਨਾ ਉਪਜ ਹੀ ਮਿੱਲ-ਮਾਲਕਾਂ ਵੱਲੋਂ ਬੀਜ ਹੁੰਦਿਆਂ ਸਾਰ ਰਾਖਵੀਂ ਕਰ ਲਈ ਜਾਂਦੀ।
ਖੇਤੀ ਹੱਥੋਂ ਹੱਥਲ ਹੋਏ ਜੱਗੂ ਨੂੰ, ਭੀਮੇ ਦੀ ਝੋਕਾਗਿਰੀ ਕਰਨ ਤੋਂ ਵੱਡੀ ਠਾਹਰ ਖੜ੍ਹੇ ਪੈਰ ਕੋਈ ਨਹੀਂ ਸੀ ਲੱਭੀ।
ਉਸਦਾ ਤਨ-ਬਦਨ, ਕੱਪੜਾ-ਲੱਤਾ, ਧੋ-ਸੁਆਰ ਹੋ ਕੇ ਵੀ ਕਦੀ ਲਾਅਣ ਦੀ ਬਦਬੂ ਤੋਂ ਮੁਕਤ ਨਹੀਂ ਸੀ ਹੋਇਆ।
... ਉਸ ਨੂੰ ਚੁੱਪ-ਉਦਾਸ ਖੜ੍ਹੇ ਨੂੰ, ਗੁੱਜਣ ਨੇ ਇੱਕ ਵਾਰ ਫਿਰ ਜਿਵੇਂ ਹਲਕੀ ਜਿਹੀ ਹੁੱਝ ਮਾਰੀ, “ਕਿਉਂ, ਕੀ ਗੱਲ ਹੋ ਗਈ! ਕਿੱਥੇ ਖੁੱਭ ਗਿਆਂ? ਕਿਸੇ ਗੜ੍ਹਕਾ ਮਾਰਦੇ ਬਲਟੋਹੇ ਦੀ ਯਾਦ ਆ ਗਈ ਆ, ਜਾਂ ਘੱਲੂਘਾਰੇ ਆਲੇ ਜੋੜ-ਮੇਲ ਦੀ ...?”
ਉਸ ਦੇ ਥੋੜ੍ਹਾ ਕੁ ਹੋਰ ਨੇੜੇ ਜਿਹੇ ਹੁੰਦੇ ਗੱਜਣ ਫੌਜੀ ਨੇ ਫਿਰ ਕਿਹਾ ਸੀ ਉਸ ਨੂੰ, “ਦੇਖ ਭਾਅ, ਕਿੰਨੀਆਂ ਰੌਣਕਾਂ ਸੀ ਇਸ ਵਾਰ ਜੋੜ ਮੇਲੇ ’ਤੇ। ਇਹ ਸਭ ਮੁਫ਼ਤੋ-ਮੁਫ਼ਤ ਮਿਲੀਆਂ ਅਗਨ-ਵੋਟਾਂ ਕਰਕੇ ਈ ਬਣੀਆਂ। ਨਹੀਂ ਅੱਧੇ ਪਿੰਡ ਤੋਂ ਨਈ ਸੀ ਜਾਇਆ ਜਾਣਾ ਪਾਰ। ... ਕੌਣ ਧੱਕੇ ਖਾਂਦਾ ਹੱਥ ਬੇੜੀਆਂ ਦੀ ਖੱਚ-ਖੱਚ ਵਿਚ ਬਾਲ-ਬੱਚੇ ਸਮੇਤ ...।” ਜੱਗੂ ਦੇ ਅੰਦਰ ਨੇ ਇਸ ਵਾਰ ਸੱਚ-ਮੁੱਚ ਹੀ ਜਿਵੇਂ ਵੱਡੀ ਸਾਰੀ ਹਾਮੀ ਭਰ ਦਿੱਤੀ ਸੀ।
ਉਸਦੀ ਧਰਤੀ ਵਲ ਨੂੰ ਗੱਡ ਹੋਈ ਨਿਗਾਹ ਆਪਣੇ ਚਿਹਰੇ ’ਤੇ ਆ ਟਿਕੀ ਜਾਂਚ ਕੇ ਗੱਜਣ ਨੇ ਅਸਲ ਮੁੱਦਾ ਝੱਟ ਛੇੜ ਲਿਆ ਸੀ, “ਹੁਣ ਤੂੰ ਆਪ ਈ ਦੱਸ ਪਈ, ਖਾਲੀ ਹੱਥ ਜਾਂਦਾ ਕੋਈ ਡੇਰੇ-ਦੁਆਰੇ। ਨਈਂ ਜਾਂਦਾ ਨਾ! ਹਰ ਕੋਈ ਦਮੜਾ ਦੋ-ਦਮੜੇ ਚਾੜ੍ਹਦਾ ਈ ਨਾ ਮਹਾਰਾਜ ਅੱਗੇ। ਪੌਲੀ-ਧੇਲੀ ਦਾ ਤਾਂ ਹੁਣ ਜ਼ਮਾਨਾ ਈ ਨਈਂ ਰਿਹਾ। ਬੱਸ ... ਬੱਸ ਐਸ ਚੜ੍ਹਤ-ਚੜ੍ਹਾਵੇ ਖਾਤਰ ਈ ਬਣਨਾ ਆ ਆਹ ਐਨਾ ਵੱਡਾ, ਐਨਾ ਲੰਮਾ ਪੁਲ ...। ਆਈ ਗੱਲ ਸਮਝ ’ਚ। ਪਿਆ ਕੁਸ਼ ਮੇਰੇ ਭਾਅ ਦੇ ਖਾਨੇ ਵਿਚ ਕਿ ਹੋਰ ਦਿਆਂ ਦ੍ਰਿਸ਼ਟਾਂਤ ...।”
ਜੱਗੂ ਨੂੰ ਇਸ ਵਾਰ ਦਰਿਆਉਂ ਪਾਰ ਉੱਸਰੀ ਘੱਲੂਘਾਰਾ ਸਾਹਿਬ ਦੀ ਨਵੀਂ ਇਮਾਰਤ ਨਾਲ, ਇਸ ਪਾਰ ਰੱਖ ਹੋਏ ਨੀਂਹ-ਪੱਥਰ ਦਾ ਆਪਸੀ ਸਬੰਧ ਕਾਫੀ ਸਾਰਾ ਜੁੜਦਾ ਜਾਪਿਆ। ਪਰ ਆਦਤ ਮੂਜਬ ਉਸ ਤੋਂ ਫਿਰ ਜਿਵੇਂ ਰਿਹਾ ਨਾ ਗਿਆ, “ਤੈਨੂੰ ਗੱਜਣਾ ਐਹੋ ਜਿਹੀਆਂ ਘੁਣਤਰਾਂ ਦੱਸਦਾ ਕੌਣ ਆਂ?”
“ਦੱਸਣੀਆਂ ਕਿੰਨ੍ਹੇ ਆ, ਆਪੇ ਸੁੱਝ ਜਾਂਦੀਆਂ, ਬੱਸ ਜ਼ਰਾ ਕੁ ਜਿੰਨੀ ਨੀਝ ਲਾਉਣ ਦੀ, ਆਸੇ-ਪਾਸੇ ਦੇਖ ਕੇ ਤੁਰਨ ਦੀ ਲੋੜ ਪੈਂਦੀ ਆ ...। ਤੂੰ ਕਰ ਕੇ ਦੇਖ ਲਾਅ। ਤੂੰ ਕਦੀ ਸੋਚਿਆ, ਤੇਰੇ ਬਾਪ ਨੂੰ, ਤੈਨੂੰ ਆਪਣੇ ਜੱਦੀ ਪੁਸ਼ਤੀ ਖੇਤੀ ਕੰਮਕਾਰ ਤੋਂ ਹੱਥਲ ਕਿਨ੍ਹੇ ਕੀਤਾ? ਤੇਰੇ ਹੱਥਾਂ ਦੇ ਗੁੜ-ਸ਼ੱਕਰ ਬਣਾਉਣ ਦੇ ਹੁਨਰ ਨੂੰ ਕਿੰਨੇ ਖੋਹਿਆ? ਮੈਨੂੰ ਪਤਾ, ਤੂੰ ਇਹੇ ਕਹੇਂਗਾ ਝੱਟ ਦੇਣੀ - ਗੰਨਾ ਮਿੱਲ ਨੇ, ਹੋਰ ਕਿਨ੍ਹੇ? ਪਰ ਜੱਗੂ ਸਿਆਂ, ਇਹ ਪੂਰਾ ਸੱਚ ਨਈਂ। ਪੂਰੇ ਸੱਚ ਵਿਚ ਜਥੇਦਾਰ ਸੰਸਾਰ ਸਿਉਂ ਵੱਧ ਸ਼ਾਮਲ ਐ, ਵੱਧ ਕਸੂਰਵਾਰ ਐ।”
ਇਹ ਨਵੀਂ ਕਿਸਮ ਦੀ ਅੜਾਉਣੀ ਜੱਗੂ ਨੂੰ ਹੋਰ ਵੀ ਹੈਰਾਨ ਕਰਦੀ ਲੱਗੀ। ਉਸਦੀ ਸਵਾਲੀਆ ਨਿਸ਼ਾਨ ਬਣੀ ਨਿਗਾਹ, ਗੱਜਣ ਫੌਜੀ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਘੋਖਣ ਲੱਗ ਪਈ।
ਗੱਜਣ ਨੇ ਵੇਲਾ ਵਿਚਾਰ ਕੇ ਉਸ ਨੂੰ ਇਸ ਸ਼ਸ਼ੋਪੰਜ ਵਿੱਚੋਂ ਫਿਰ ਬਾਹਰ ਕੱਢ ਲਿਆ, “ਤੂੰ ... ਤੂੰ ਐਂ ਕਰ ਭਾਅ ... ਚੱਲ ਹੁਣ ਤੂੰ ਆਪਣੀ ਡੀਟੀ ’ਤੇ। ਮੇਰਾ ਵੀ ਪੱਠੇ-ਦੱਥੇ ਦਾ ਵੇਲਾ ਆ। ਏਹ ਘੁੰਡੀ ਮੈਂ ਤੈਨੂੰ ਫੇਅਰ ਕਿਸਲੇ ਸਮਝਾਊਂ, ਖੁੱਲ੍ਹੇ ਟੈਮ।”
ਡਿੱਕੋਡੋਲੇ ਖਾਂਦਾ ਜੱਗੂ ਮੁੜ ਆਪਣੇ ਅੱਡੇ ’ਤੇ ਸੀ। ਕੱਖ-ਪੱਤ ਨੜੇ-ਕਾਨੇ ਅਜੇ ਢੇਰੀ ਕਰਨੇ ਸਨ ਭੱਠੀਆਂ ਮੂਹਰੇ। ਥੋੜ੍ਹੇ ਬਹੁਤ ਹੱਥ-ਪੈਰ ਤਾਂ ਮਾਰ ਵੀ ਲਏ ਸਨ ਭੀਮੇ ਨੇ, ਪਰ ਉਸਦੀ ਭਾਰੀ ਹੋ ਗਈ ਦੇਹ, ਹੁਣ ਉਸਦਾ ਪੂਰਾ ਸਾਥ ਨਹੀਂ ਸੀ ਦਿੰਦੀ।
ਸਾਹੋ-ਸਾਹ ਹੋਏ ਨੇ ਉਸ ਨੇ ਪੱਛੜ ਕੇ ਆਏ ਜੱਗੂ ਨੂੰ ਝੱਟ ਪੁੱਛ ਲਿਆ, “ਕੀ ਗੱਲ ਹੋ ਗਈ, ਐਨਾ ਕੁਵੇਲਾ?”
“ਬੱਸ ਐਮੇਂ ਜ਼ਰਾ! ਉਹ ... ਉਹ ਕੀ ਨਾਂ ਲਈਦਾ ਫੌਜੀ ਆ ਨਾ ਆਪਣਾ ਗੱਜਣ ... ਫੌਜੀ ਗੱਜਣ ਸਿਉਂ, ਉਹ ਟੱਕਰ ਗਿਆ ਸੀ ਰਾਹ ?ਚ।” ਜੱਗੂ ਨੇ ਇਸ ਵਾਰ ਫੌਜੀ ਨੂੰ ਗੱਜਣ ਕਹਿਣਾ ਮੁਨਾਸਿਬ ਨਹੀਂ ਸੀ ਸਮਝਿਆ। ਸਿੰਘ ਵੀ ਲਾਇਆ ਸੀ ਉਸ ਨਾਲ ਤੇ ਫੌਜੀ ਵੀ। ਸ਼ਾਇਦ ਪਹਿਲੀ ਵਾਰ।
ਹੱਥਲਾ ਕੰਮ ਰੋਕਦਾ ਭੀਮਾ ਇਕਦਮ ਜਿਵੇਂ ਭੜਕ ਪਿਆ ਸੀ, “ਦੇਖੀਂ ਕਿਤੇ ਉਹਦੇ ਚੁੰਗਲ ਵਿਚ ਨਾ ਫਸ ਜਾਈਂ। ਭੁੱਖਾ ਮਰੇਂਗਾ, ਭੁੱਖਾ। ਉਹਨੂੰ ਨਾ ਸਾਡਾ ਕੰਮ-ਧੰਦਾ ਪਸੰਦ ਆ, ਨਾ ਮਿੱਲ ਮਾਲਕਾਂ ਦਾ ਕਾਰ-ਵਿਹਾਰ। ਉਹਦੀ ਚੱਲੇ ਤਾਂ ਸਾਰਿਆਂ ਨੂੰ ਅੰਦਰ ਕਰਾ ਦਏ। ਪਰ ਖ਼ਰੀ ਗੱਲ ਏਹ ਆ ਕਿ ਉਹਦੀ ਸੁਣਦਾ ਕੋਈ ਨਈਂ, ਨਾ ਐਥੇ ਨਾ ਉੱਪਰ। ਜੇ ਕੋਈ ਸੁਣਦਾ ਵੀ ਆ ਤਾਂ ਖਾਨਾ ਪੂਰਤੀ ਵਜੋਂ। ਅਗਲੇ ਇੱਕ ਕੰਨੋਂ ਸੁਣ ਕੇ, ਦੂਜੇ ਕੰਨੋਂ ਓਸਲੇ ਈ ਬਾਹਰ ਕੱਢ ਸੁੱਟਦੇ ਆ। ਹਾਰ ਕੇ ਵਿਚਾਰਾ ਪਰਤ ਆਉਂਦਾ ਬਰੰਗ ...।”
ਪਿੰਡੋਂ ਰਵਾਂ-ਰਵੀਂ ਤੁਰਿਆ ਆਇਆ ਜੱਗੂ ਹੁਣ ਭੀਮੇ ਦੇ ਪ੍ਰਭਾਵ ਹੇਠ ਸੀ। ਅਗਲੇ ਹੀ ਪਲ ਉਸ ਤੋਂ ਗੱਜਣ ਫੌਜੀ ਦੀ ਚੁਗਲੀ ਵੀ ਕਰ ਹੋ ਗਈ, “ਤੂੰ ਸੱਚ ਕਹਿਨਾ ਭੀਮ ਸਿਆਂ। ਸਾਰੇ ਪਿੰਡ ਨੂੰ ਚਾਅ ਚੜ੍ਹਿਆ ਪਿਆ ਪਰਸੋਂ ਚੌਥ ਤੋਂ। ਜਿੱਦਣ ਦਾ ਨੀਂਹ ਪੱਥਰ ਰੱਖ ਹੋਇਆ ਪੁਲ ਦਾ। ਪਰ ਏਹ ਫੌਜੀ, ਸਰਦਾਰ ਗੱਜਣ ਸੂੰਹ ਓਦਣ ਦਾ ਈ ਓਦਰਿਆ ਫਿਰਦਾ। ਇਹਨੂੰ ਭਲਾ ਦੰਦੀ ਵੱਢਦਾ ਪੁਲ! ਮਸਾਂ ਕਿਤੇ ਬਣਨ ਲੱਗਾ। ਨਹੀਂ ਪਹਿਲੋਂ ਤਾਂ ... ਪਹਿਲੋਂ ਤਾਂ ਸਾਲੇ ਜੋਕਰ ਜਏ ਨੇ ਸ਼ਕਲ ਤੱਕ ਨਈਂ ਦਿਖਾਈ ਮੁੜ ਕੇ। ਤਿੰਨ ਸਾਲ ਹੋ ਗੇ ...। ਓਦੋਂ ਮਾਂ ਦਾ ... ਕਿੱਲ੍ਹਦਾ ਸਾਹ ਨਈਂ ਸੀ ਲੈਂਦਾ। ਅਖੇ ਇਤਨਾ ਕੁ ਖ਼ਰਚ ਤਾਂ ਹੱਮ ਪੱਲਿਓਂ ਕਰ ਦੂੰ। ਗੱਲ ਈ ਕੋਈ ਨੀ ...।”
ਜੱਗੂ ਅੰਦਰ ਜਮ੍ਹਾਂ ਹੋਏ ਨਫ਼ਰਤੀ ਭਾਵ ਹੋਰ ਵੀ ਤਲ਼ਖ ਹੁੰਦੇ ਗਏ, “ਗੱਪ ਵੀ ਏਹ ਲੋਕ ਐਹੀ ਜੇਹੀ ਮਾਰਦੇ ਆ ਕਿ ’ਸਮਾਨ ਦੀ ਢੂਈ ਫੇਹ ਦਿੰਦੇ ਆ। ਗਪੌੜੀ ਸਾਲੇ, ਚੋਰ ਕਿਸੇ ਥਾਂ ਦੇ ...।”
“ਚੱਲ ਛੱਡ ਤੂੰ ਉਹਨੂੰ ... ਤੂੰ ਕਾਹਨੂੰ ਖੂਨ ਸਾੜੀ ਜਾਨਾ। ਤੂੰ ... ਤੂੰ ਹੁਣ ਦੀ ਸੋਚ। ਹੁਣ ਤਾਂ ਸਮਝ ਪੁਲ ਬਣਿਆ ਈ ਲੈ। ਫੇਰ ਦੇਖੀਂ ਆਪਣਾ ਕਾਰੋਬਾਰ ਕਿੱਦਾਂ ਚਮਕਦਾ! ਇਕ ਗੱਲ ਹੋਰ, ਦੱਸੀਂ ਨਾ ਕਿਸੇ ਨੂੰ, ਦੇਸੀ ਦੇ ਨਾਲ-ਨਾਲ ਹੁਣ ਮਿੱਲ ਆਲਿਆਂ ਨੂੰ ਗਰੇਜ਼ੀ ਬਣਾਉਣ ਦੀ ’ਜਾਜ਼ਤ ਵੀ ਮਿਲ ਗਈ ਆ। ਹੁਣ ਸਾਡੇ ਮਾਲ ਦੀ ਖ਼ਪਤ ਹੋਰ ਵੀ ਵਧ ਜੂ। ਫੇਰ ਦੇਖੀਂ ਲਹਿਰਾਂ-ਬਹਿਰਾਂ ਲੱਗਦੀਆਂ। ਤੇਰੇ ਘਰ ਵੀ, ਮੇਰੇ ਵੀ।” ਮੰਡ ਵਿਚ ਆ ਪੁੱਜਾ ਜੱਗੂ ਫਿਰ ਤੋਂ ਖੁਸ਼-ਪ੍ਰਸੰਨ ਸੀ, ਓਪਰਾ ਓਪਰਾ ਨਹੀਂ, ਐਨ ਧੁਰ ਅੰਦਰੋਂ। ਸਾਰੇ ਪਿੰਡ ਵਾਂਗ।
ਅਗਲੇ ਦਿਨ ਦੁਪਹਿਰ ਕੁ ਵੇਲੇ ਉਸਦਾ ਮੂੰਹ-ਮੱਥਾ ਹੋਰ ਵੀ ਚਮਕ ਉੱਠਿਆ। ਹੁਣ ਤੱਕ ਅੰਦਰੋਂ-ਅੰਦਰ ਪਸਰੀ ਰਹੀ ਟਿਕਵੀਂ ਜਿਹੀ ਪ੍ਰਸੰਨਤਾ ਉਸਦੇ ਮੂੰਹ-ਚਿਹਰੇ ਸਮੇਤ ਸਾਰੇ ਤਨ-ਬਦਨ ’ਤੇ ਵੀ ਟਪਕਣ ਲੱਗ ਪਈ।
ਖ਼ਬਰ ਹੀ ਐਹੋ ਜਿਹੀ ਆ ਦੱਸੀ ਸੀ ਭੀਮੇ ਨੇ ਉਸ ਨੂੰ।
ਤਿਆਰ ਹੋਇਆ ਮਾਲ ਜੀਪ ਤੱਕ ਅੱਪੜਦਾ ਕਰਕੇ ਮੁੜਿਆ ਭੀਮਾ ਕਾਫੀ ਸਾਰਾ ਉਦਾਸ ਜਿਹਾ ਲੱਗਾ ਸੀ ਉਸ ਨੂੰ, “ਕੀ ਗੱਲ ਹੋਈ ਭਾਅ, ਬੜਾ ਡੋਲਿਆ ਫਿਰਦਾਂ ...? ਸੁੱਖ ਤਾਂ ਹੈ ...!”
“ਸੁੱਖ ਨੂੰ ਤਾਂ ਸੁੱਖ ਈ ਆ ... ! ਸੁਣਿਆ ਜ਼ੈਲਦਾਰ ਚਲਾਣਾ ਕਰ ਗਿਆ, ਕੱਲ੍ਹ ਖੌ-ਪੀਏ ਜਿਹੇ। ਏਹ ਗੱਲ ਤੋਖੀ ਨੇ ਦੱਸੀ ਆ ਮੈਨੂੰ। ਡੰਗਰ ਲਈ ਆਉਂਦਾ ਸੀ ਉਹ, ਵੱਢਾਂ ਅਲ ਨੂੰ।”
ਭੀਮੇ ਤੋਂ ਮਿਲੀ ਸੂਚਨਾ, ਜੱਗੂ ਨੂੰ ਇਕਦਮ ਜਿਵੇਂ ਸਰਸ਼ਾਰ ਕਰ ਗਈ। ਅੰਦਰੋ-ਅੰਦਰ ਜਰਬ ਹੋਇਆ ਖ਼ੁਮਾਰ ਝੱਟ ਕਾਟਵੇਂ ਜਿਹੇ ਸ਼ਬਦਾਂ ਵਿਚ ਬਦਲ ਗਿਆ, “ਖ਼ਰਾ ਹੋਇਆ, ਗਲੋਂ ਲੱਥਾ ਭੈਣ ਦਾ ... ਬਿਮਾਰੀ ਕਿਸੇ ਥਾਂ ਦੀ ...।” ਪਰ ਭੀਮੇ ਦਾ ਲਮਕਿਆ ਚਿਹਰਾ ਦੇਖ ਕੇ ਉਸ ਨੇ ਅੰਦਰਲੇ ਭਾਵ ਬਾਹਰ ਨਾ ਆਉਣ ਦਿੱਤੇ। ਉਹ ਕੂਇਆ-ਬੋਲਿਆ ਕੁਝ ਨਾ। ਸਗੋਂ ਉਸ ਵਰਗੀ ਉਦਾਸੀ ਮੂੰਹ-ਚਿਹਰੇ ’ਤੇ ਪਸਰਦੀ ਕਰਕੇ ਉਸ ਤੋਂ ਹੋਰ ਵੱਧ ਜਾਣਕਾਰੀ ਲੈਣੀ ਚਾਹੀ, “ਹੁਣ ... ਹੁਣ ਕੀ ਹੋ ਗਿਆ ਉਹਨੂੰ, ਕੱਲ੍ਹ ਸਵੇਰੇ ਤਾਂ ਸੁਣਿਆ ਖਰਾ-ਭਲਾ ਸੀ।”
“ਤੋਖੀ ਦੱਸਦਾ ਸੀ, ਕੱਲ੍ਹ ਤਕਾਲੀਂ ਫੇਅਰ ਉਹਨੂੰ ਉਹੋ ਦੌਰਾ ਪਿਆ ਦਿਲ ਦਾ, ਪਹਿਲੋਂ ਆਲਾ। ਇਸ ਵਾਰ ਸਾਂਭਿਆ ਨੀ ਗਿਆ ਡਾਕਦਰਾਂ ਤੋਂ।” ਮੰਜੀ ਉੱਤੇ ਡਿੱਗਣ ਵਾਂਗ ਜਾ ਬੈਠੇ ਭੀਮੇ ਤੋਂ ਐਨੇ ਕੁ ਸ਼ਬਦ ਮਸਾਂ ਬੋਲੇ ਗਏ।
“ਓਹ ਹੋਅ, ਗੱਲ ਤਾਂ ਮਾੜੀ ਹੋਈ ਆ ਬਈ ... ਪਰ, ਚਲੋ ਖੈਰ! ਏਹ ਸੰਸਾਰ ਈ ਐਸਾ। ਚਲੋ-ਚਲੀ ਦਾ ਮੇਲਾ ਆ ਏਹ। ਕੋਈ ਆਈ ਜਾਂਦਾ, ਕੋਈ ਤੁਰੀ ਜਾਂਦਾ ...। ਇਸ ਭੱਜ-ਦੌੜ ਵਿਚ ਹੁਣ ਆਪਣੇ ਆਲੇ ਸੰਸਾਰ ਸੂੰਹ ਦੀ ਵਾਰੀ ਲੱਗ ’ਗੀ।” ਜੱਗੂ ਅੰਦਰਲੀ ਪ੍ਰਸੰਨਤਾ ਵਾਹ ਲੱਗਦੀ ਨੂੰ ਅਫ਼ਸੋਸੀ ਸੁਰ ਅਪਣਾਉਣ ਦੇ ਯਤਨ ਕਰਦੀ ਰਿਹੀ, “ਦੇਖ ਲਾਅ ਭਾਅ ... ਹੋਣੀ ਬੜੀ ਬਲਵਾਨ ਆ। ਖਿੱਚ ਲਿਆਈ ਨਾ ਆਪਣੇ ਘਰ ਅੰਤਲੇ ਵੇਲੇ। ਆਪਣੀ ਮਿੱਟੀ ’ਚ। ਏਨੂੰ ਕਹਿੰਦੇ ਆ ਕੁਜਰਤ।”
ਆਪਣੇ ਆਪ ਵਿਚ ਖੁੱਭੇ ਭੀਮੇ ਨੇ ਜ਼ਰਾ ਕੁ ਅੱਖ ਚੁੱਕ ਕੇ ਜੱਗੂ ਵੱਲ ਦੇਖਿਆ। ਉਹਨੇ ਸ਼ਾਇਦ ਜੱਗੂ ਨੂੰ ਪਹਿਲੀ ਵਾਰ ਇਵੇਂ ਦੀ ਟਿਕਵੀਂ ਬਾਤਚੀਤ ਕਰਦਿਆਂ ਸੁਣਿਆ ਸੀ, ਪਰ ਉਸ ਨੂੰ ਕੰਮ ਵਿਚ ਰੁਝਾ ਦੇਖ ਕੇ ਭੀਮੇ ਨੇ ਕੋਈ ਹੁੰਗਾਰਾ ਨਾ ਭਰਿਆ।
ਆਪ ਮੁੜ ਆਪਣੇ ਅੰਦਰਲੇ ਸੰਵਾਦ ਨਾਲ ਜੁੜ ਗਿਆ।
ਜ਼ੈਲਦਾਰ ਉਸ ਲਈ ਜਿਵੇਂ ਰੱਬ ਬਣ ਕੇ ਬਹੁੜਿਆ ਸੀ। ਉਸਦੀ ਇਕੱਲੀ-ਇਕਹਿਰੀ ਭੱਠੀ ਇਕ ਤਰ੍ਹਾਂ ਦੇ ਵੱਡੇ ਕਾਰੋਬਾਰ ਵਿਚ ਬਦਲ ਗਈ ਸੀ, ਗੰਨਾ ਮਿੱਲ ਲੱਗਣ ’ਤੇ। ਹੁਣ ਉਸ ਨੂੰ ਗੁੜ-ਰਾਬ ਲੱਭਣ-ਖਰੀਦਣ ਦੀ ਲੋੜ ਨਹੀਂ ਸੀ ਪੈਂਦੀ। ਮਣਾਂ ਮੂਹੀਂ ਚਾਸ਼ਣੀ ਉਸ ਨੂੰ ਤਿਆਰ-ਬਰ-ਤਿਆਰ ਹੋਈ ਮਿਲਦੀ ਸੀ, ਸੀਰਾ-ਡਰੰਮਾਂ ਵਿਚ ਭਰੀ। ਉਸਦਾ ਕੰਮ ਹੁੰਦਾ ਸੀ, ਇਸ ਦਾ ਅਰਕ ਕੱਢਣਾ। ਅਰਕ ਕੱਢ ਕੇ ਮਿੱਲ ਮਾਲਕਾਂ ਦੀ ਲੀਕਰ ਯੂਨਿਟ ਦੇ ਹਵਾਲੇ ਕਰਨਾ। ਸੀਰਾ ਡਰੰਮਾਂ ਵਿਚ ਭਰ ਕੇ। ਬਾਕੀ ਦਾ ਕੰਮ ਉਹ ਜਾਨਣ ਜਾਂ ਜ਼ੈਲਦਾਰ ਸੰਸਾਰ ਸੂਹ।
ਰਾਤ ਅੱਧੀਉਂ ਵੱਧ ਬੀਤ ਗਈ ਸੀ। ਕਿਧਰੇ ਦਿਨ ਛਿਪੇ ਦਾ ਲੱਗਾ ਕਨੱਸਤਰ ਅਜੇ ਤੱਕ ਭਰਨ ਵਿੱਚ ਨਹੀਂ ਸੀ ਆਇਆ। ਚਾੜ੍ਹੀ ਭੱਠੀ ਨੂੰ ਮਿਲਦਾ ਝੋਕਾ ਕਦੀ ਬੁਝੂੰ-ਬੁਝੂੰ ਕਰਨ ਲੱਗਦਾ, ਕਦੀ ਲਾਂਬੂ ਵਾਂਗ ਭੜਕ ਉੱਠਦਾ।
“ਕੀ ਗੱਲ ਜਾਗਰ ਸਿਆਂ, ਬੜਾ ਮੱਠਾ ਚੱਲਦਾਂ?” ਥੋੜ੍ਹੀ ਕੁ ਹਟਵੀਂ ਡਿੱਠੀ ਮੰਜੀ ਤੋਂ ਉੱਠਦੇ ਭੀਮੇ ਨੇ ਜਿਵੇਂ ਉਸ ਨੂੰ ਸੁਰਤ ਸਿਰ ਕੀਤਾ ਹੋਵੇ! “ਐਂ ਤਾਂ ਆਪਾਂ ਕੱਲ੍ਹ ਦਪੈਰ ਤਾਈਂ ਫਸੇ ਰਹਾਂਗੇ ...। ਦਿਨ ਵੇਲੇ ਦਾ ਕੰਮ ਤੈਨੂੰ ਪਤਾ ਈ ਆ, ਕਿੰਨਾ ਖ਼ਤਰਨਾਕ ਹੁੰਦਾ! ਸਿੱਧੀ ਅਕਸੈਜ ਆਲਿਆਂ ਨੂੰ ਵਾਜਾਂ ਮਾਰਨ ਆਲੀ ਗੱਲ ...।”
ਜੱਗੂ ਨੇ ਸੱਚ-ਮੁੱਚ ਹੀ ਜਿਵੇਂ ਕੋਈ ਭੁੱਲ ਕਰ ਲਈ ਸੀ। ਉਸਦੀ ਅਵੇਸਲੀ ਹੋਈ ਝੋਕੀ ਮੁੜ ਰਫ਼ਤਾਰ ਫੜ ਗਈ।
ਇਹ ਰਫ਼ਤਾਰ ਉਸ ਨੇ ਚੁੱਭਾ ਝੋਕਦਿਆਂ ਵੀ ਫੜੀ ਰੱਖੀ ਸੀ ਕਈ ਵਰ੍ਹੇ। ਉਸ ਨੂੰ ਪਿੰਡ ਖੁੱਲ੍ਹੇ ਚੌਥੀ ਤੱਕ ਦੇ ਸਕੂਲ ਜਾਣਾ ਵੀ ਨਸੀਬ ਨਹੀਂ ਸੀ ਹੋਇਆ। ਬਿਜਾਈ ਤੋਂ ਲੈ ਕੇ ਗੰਨੇ ਦੀ ਪਿੜਾਈ ਤੱਕ ਤੋਂ ਜਾਣੂ ਹੋਏ ਜੱਗੂ ਦੀ ਕਾੜ੍ਹਣ-ਝੋਕਣ ਦੀ ਮੁਹਾਰਤ ਪਿਓ ਨਾਲੋਂ ਵੀ ਵੱਧ ਬਣਦੀ ਗਈ। ਚੌਂਹ-ਪੰਜਾਂ ਪਹਿਰਾਂ ਵਿਚ ਦਸ-ਬਾਰਾਂ ਪੱਤਾਂ ਦਾ ਏੜ-ਗੇੜ ਦੋਨਾਂ ਪਿਓ-ਪੁੱਤਰਾਂ ਦਾ ਜਿਵੇਂ ਖੱਬੇ ਹੱਥ ਦਾ ਖੇਲ ਬਣਿਆ ਰਿਹਾ।
ਪਰ, ਉਹਨਾਂ ਦੇ ਐਨ ਗੋਰੇ ਆ ਲੱਗੀ ਗੰਨਾ ਮਿੱਲ ਨੇ ਉਹਨਾਂ ਸਮੇਤ ਕਈਆਂ ਦੀ ਰੋਜ਼ੀ-ਰੋਟੀ ਨੂੰ ਇੱਕ ਵੱਡਿਉਂ ਨਿਗਲ ਲਿਆ। ਜ਼ੈਲਦਾਰ ਦੇ ਕਾਮੇ-ਕਰਿੰਦੇ ਹੁਣ ਸਾਰੀ ਪੈਲੀ ਆਪ ਸਾਂਭਦੇ, ਆਪ ਬੀਜਦੇ, ਆਪ ਢੋਆ-ਢੁਆਈ ਕਰਦੇ ਸਨ ਆਪਣੇ ਟਰੱਕਾਂ-ਟਰਾਲੀਆਂ ’ਤੇ। ਪ੍ਰਤਾਪੇ ਸਮੇਤ ਕਰੀਬ ਸਾਰੇ ਵਾਹੀਕਾਰਾਂ ਦੀ ਭੂਮਿਕਾ ਹੁਣ ਅਗੇਤੀਆਂ-ਪਛੇਤੀਆਂ ਗੰਨਾ ਫਸਲਾਂ ਦੇ ਵਾਢਿਆਂ-ਛੇਲਿਆਂ ਤੋਂ ਵੱਧ ਕੁਝ ਵੀ ਨਹੀਂ ਸੀ ਰਹੀ। ਚਾਣਚੱਕ ਆ ਪਈ ਇਸ ਸੱਟ ਨੇ ਬੇਹਿੱਸ ਹੋਏ ਪ੍ਰਤਾਪੇ ਨੂੰ ਜਿਵੇਂ ਮੂਲੋਂ ਢਹਿ-ਢੇਰੀ ਕਰ ਮਾਰਿਆ। ਇੱਕ ਰਾਤ ਉਹ ਭਲਾ-ਚੰਗਾ ਸੁੱਤਾ, ਸਵੇਰੇ ਉੱਠਿਆ ਹੀ ਨਾ। ਉਸਦੇ ਗਲੀ-ਗਵਾਂਡ ਨੇ ਉਸ ਦੀ ਇਵੇਂ ਦੀ ਮੌਤ ’ਤੇ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ। ਕੋਈ ਇਸ ਨੂੰ ਪੱਕੇ-ਪੀਰ ਦੀ ਕਰਾਮਾਤ ਆਖੀ ਗਿਆ, ਕੋਈ ਨਾਂਗੇ ਸਾਧ ਦੀ ਚਲਾਈ ਮੁੱਠ। ਸਭ ਦੇ ਆਪੋ-ਆਪਣੇ ਕਿਆਫੇ ਸਨ, ਆਪੋ ਆਪਣੀ ਬੋਲੀ। ਪਰ ਜੱਗੂ ਨੇ ਕਿਸੇ ਵੱਲ ਵੀ ਧਿਆਨ ਨਹੀਂ ਸੀ ਦਿੱਤਾ। ਉਸ ਦੀ ਸੁਰਤੀ-ਬਿਰਤੀ ਜਾਂ ਤਾਂ ਘਰ ਦਾ ਚੁੱਲ੍ਹਾ-ਚੌਂਕਾ ਮਘਾਈ ਰੱਖਣ ਦੁਆਲੇ ਸਿਮਟ ਗਈ ਸੀ ਜਾਂ ਉਸ ਦੇ ਬਰਾਬਰ ਨੂੰ ਆ ਢੁੱਕੀ ਛੋਟੀ ਭੈਣ ਪੂਜਾ ਦਾ ਘਰ-ਬਾਰ ਦੁਬਾਰਾ ਵਸਦਾ ਕਰਨ ਦੁਆਲੇ। ਪੂਜਾ ਦਾ ਕਿਸੇ ਵੱਡੇ ਸ਼ਹਿਰ ਹੋਇਆ ਵਿਆਹ, ਉਸ ਨੂੰ ਬਿਲਕੁਲ ਰਾਸ ਨਹੀਂ ਸੀ ਆਇਆ। ਜ਼ੈਲਦਾਰਾਂ ਦੀ ਕਿਸੇ ਕੋਠੀ ਦੀ ਗੇਟ-ਕੀਪਰੀ ਕਰਦਾ ਉਸ ਦਾ ਸਨਕੀ ਜਿਹਾ ਪਤੀ ਉਸ ਦੇ ਖੁੱਲ੍ਹੇ-ਖੁਲਾਸੇ ਸੁਭਾਅ ਦੇ ਹਾਣ ਦਾ ਨਹੀਂ ਸੀ ਬਣ ਸਕਿਆ।
ਕਾਰਆਮਦ ਬੰਦਾ ਜਾਚ ਕੇ ਜੱਗੂ ਦੀ ਡਾਵਾਂਡੋਲ ਹੋਈ ਬਾਂਹ, ਠੇਕੇਦਾਰ ਭੀਮ ਸਿੰਘ ਨੇ ਅਗਲੇ ਹੀ ਦਿਨ ਆ ਫੜੀ ਸੀ। ਪਰ ... ਪਰ ਅੱਜ ਉਸਦੇ ਉਸ ਕਾਰਆਮਦ ਬੰਦੇ ਤੋਂ ਅੱਧੀ ਰਾਤ ਲੰਘ ਤੱਕ ਵੀ ਕੱਖ-ਪੱਤ ਟਿਕਵੀਂ ਤਰ੍ਹਾਂ ਨਹੀਂ ਸੀ ਦਿੱਤਾ ਗਿਆ ਲਾਅਣ ਭੱਠੀ ਨੂੰ।
“ਜਾਗਰ ਸਿਆਂ, ਐਨਾ ਮੱਠਾ ਤਾਂ ਤੂੰ ਕਦੀ ਵਗਿਆ ਨਈਂ, ਅੱਜ ਕੀ ਗੱਲ ਹੋਗੀ ...” ਲਾਗੇ ਡਿੱਠੀ ਮੰਜੀ ਤੋਂ ਉੱਠ ਕੇ ਆਏ ਭੀਮੇ ਨੇ ਉਸ ਨੂੰ ਚੁਸਤ-ਦਰੁਸਤ ਤਾਂ ਕਰ ਲਿਆ, ਪਰ ਉਸ ਦੀ ਢਿੱਲ-ਮੱਠ ਦੀ ਸਮਝ ਬਿਲਕੁਲ ਨਹੀਂ ਸੀ ਲੱਗੀ ਭੀਮੇ ਨੂੰ।
ਖੜ੍ਹੇ-ਖੜੋਤੇ ਦੇ ਉਸਦੇ ਕੰਨਾਂ ਵਿਚ ਜੱਗੂ ਦੇ ਤਰਤੀਬ ਸਿਰ ਹੋਏ ਹੋਰੂੰ-ਹੋਰੂੰ ਜਿਹੇ ਥੋੜ੍ਹੇ ਕੁ ਜਿੰਨੇ ਬੋਲ ਹੋਰ ਆ ਟਕਰਾਏ, “ਭਾਅ, ਏਅ ਦਿਲ-ਦੁਲ ਕੀ ਹੁੰਦਆ? ਏਹ ਜ਼ੈਲਦਾਰਾਂ ਅਲ ਈ ਹੁੰਦਆ ਕਿ ਆਪਣੀ ਅਲਾਂ ਵੀ। ਏਹਨੂੰ ਦੌਰੇ-ਦੂਰੇ ਕਾਤੋਂ ਪੈਂਦੇ ਆ?”
ਭੀਮੇ ਨੂੰ ਉਸ ਪਾਸੋਂ ਐਹੋ ਜਿਹੀ ਗਹਿਰ-ਗੰਭੀਰ ਪੁੱਛ ਦੀ ਕਦਾਚਿਤ ਵੀ ਆਸ ਨਹੀਂ ਸੀ। ਨਾ ਹੀ ਉਸ ਨੂੰ ਆਪ ਨੂੰ ਦਿਲ ਦੀ ਹੋਂਦ-ਬਣਤਰ ਬਾਰੇ ਕੋਈ ਜਾਣਕਾਰੀ ਹੈਗੀ ਸੀ। ਜਿੰਨਾ ਕੁ ਉਸ ਨੂੰ ਪਤਾ ਸੀ, ਉੰਨਾ ਕੁ ਉਸ ਨੇ ਜੱਗੂ ਵੱਲ ਨੂੰ ਝੱਟ-ਪੱਟ ਰੇੜ੍ਹ ਦਿੱਤਾ, “ਹੁੰਦਆ ... ਹੁੰਦਾ ਕਿਉਂ ਨਈਂ। ਏਹ ਸਾਰਿਆਂ ਵਿਚ ਈ ਹੁੰਦਾ। ਤੇਰੇ ਮੇਰੇ ਸਮੇਤ ਸਾਰੇ ਬੰਦਿਆਂ ਵਿਚ ਹੁੰਦਾ। ਜਾਣੇ ਬਾਪੂ ਤੇਰੇ ਨੂੰ ਵੀ ਇਸੇ ਦੀ ਕੋਈ ਐਹੀ-ਜੇਹੀ ਔਹਰ ਲੈ ਬੈਠੀ ਹੋਵੇ।”
ਥੋੜ੍ਹਾ ਕੁ ਰੁਕ ਕੇ ਉਸ ਨੇ ਫਿਰ ਜਿਵੇਂ ਜੱਗੂ ਨੂੰ ਚਿਤਾਰਨ ਵਾਂਗ ਕਿਹਾ ਸੀ, “ਚੱਲ ਤੈਂ ਕੀ ਲੈਣਾ ਐਹੋ ਜਿਹੀਆਂ ਨਿਕੰਮੀਆਂ ਗੱਲਾਂ ਤੋਂ। ਤੂੰ ... ਤੂੰ ਆਪਣਾ ਕੰਮ ਕਰੀ ਚੱਲ ਫੁਰਤੀ ਨਾ’। ਟੈਮ ਨਾ’ ਵਿਹਲੇ ਹੋਈਏ।”
ਟੈਮ ਨਾਲ ਵਿਹਲਾ ਹੋਇਆ ਜੱਗੂ ਅਗਲੇ ਦਿਨ ਛਾਹ ਕੁ ਵੇਲੇ ਆਪਣੇ ਘਰ ਆ ਪੁੱਜਾ। ਉਸ ਨੂੰ ਤੁਰੇ ਆਉਂਦੇ ਨੂੰ, ਗਲੀ-ਗੁਆਂਡ ਵਿੱਚੋਂ ਲੰਘਦੇ ਨੂੰ, ਕਿਸੇ ਮੂੰਹ-ਚਿਹਰੇ ’ਤੇ ਜ਼ੈਲਦਾਰ ਦੇ ਮਰ-ਮੁੱਕ ਜਾਣ ਦੀ ਚਿੰਤਾ ਨਜ਼ਰੀਂ ਨਹੀਂ ਸੀ ਪਈ। ਸਭ ਆਪੋ-ਆਪਣੇ ਕੰਮੀ-ਕਾਰੀਂ ਰੁੱਝੇ, ਪੁਲ ਦਾ ਨੀਂਹ ਪੱਥਰ ਰੱਖੇ ਜਾਣ ਦਾ ਚਾਅ-ਖੁਮਾਰ ਅਜੇ ਤੱਕ ਨਾਲ-ਨਾਲ ਲਈ ਫਿਰਦੇ ਸਨ।
ਥੋੜ੍ਹੇ ਕੁ ਦਿਨਾਂ ਪਿੱਛੋਂ ਉਹਨਾਂ ਦਾ ਇਹ ਚਾਅ-ਖੁਮਾਰ ਕਈ ਗੁਣਾਂ ਜ਼ਰਬ ਖਾ ਗਿਆ। ਜ਼ੈਲਦਾਰਾਂ ਦੀ ਹਵੇਲੀ ਜੁੜਿਆ ਕੱਠ-ਵੱਠ ਇਕ ਤਰ੍ਹਾਂ ਨਾਲ ਅਚੰਭਾ ਸੀ ਉਹਨਾਂ ਲਈ। ਕਿੱਲਾ ਭਰ ਥਾਂ ਵਿਚ ਤੰਬੂ-ਕਨਾਤਾਂ, ਗਹਿ-ਗੱਚ ਰੌਣਕ ਮੇਲਾ, ਸ਼ਬਦ-ਕੀਤਰਨ, ਰਾਗੀ-ਢਾਡੀ, ਨੇਤਾ-ਵਕਤਾ, ਰੰਗ-ਬਰੰਗੇ ਭਾਸ਼ਣਕਾਰ, ਭਾਂਤ-ਸਭਾਂਤੀ ਖਾਣਾ-ਦਾਣਾ, ਦਾਲਾਂ-ਸਬਜ਼ੀਆਂ, ਫੁਲਕੇ-ਪੂੜੀਆਂ, ਕੜਾਹ ਜਲੇਬੀਆਂ, ਰਸ-ਮਲਾਈਆਂ, ਕੁਲਫੀਆਂ, ਠੰਢੇ-ਤੱਤੇ। ਸਾਰਾ ਪਿੰਡ ਨਿਹਾਲੋ-ਨਿਹਾਲ ਹੋਇਆ ਲੱਗਾ ਸੀ ਜੱਗੂ ਨੂੰ ਉਸ ਦਿਨ।
ਉਸ ਦਿਨ ਘਰ ਵੱਲ ਨੂੰ ਮੁੜਦੇ, ਹਲਕਾ-ਹਲਕਾ ਹੱਸਦੇ ਜੱਗੂ ਤੋਂ ਫਿਰ ਕਹਿ ਹੋ ਗਿਆ ਸੀ ਕਈਆਂ ਨੂੰ, “ਮੈਂ ਤਾਂ ਕਹਿਨਾ, ਇਨ੍ਹਾਂ ਜ਼ੈਲਦਾਰਾਂ ਦੇ ਸਾਰੇ ਜੀਅ ਐਥੇ ਆ ਕੇ ਈ ਮਰਿਆ ਕਰਨ। ਬੜੀਆਂ ਮੌਜਾਂ ਲੱਗਦੀਆਂ ਖਾਣ-ਪੀਣ ਦੀਆਂ ...।”
ਇਸ ਵਾਰ ਕਿਸੇ ਨੂੰ ਵੀ ਉਸ ਦੀ ਆਖੀ ਗੱਲ ਬੁਰੀ ਨਹੀਂ ਸੀ ਲੱਗੀ। ਸ਼ਾਇਦ ਉਸ ਵਾਂਗ ਸਾਰੇ ਹੀ ਖੁਸ਼-ਪ੍ਰਸੰਨ ਸਨ ਅੰਦਰੋਂ-ਅੰਦਰੀ।
ਪਰ ਅਗਲੇ ਹੀ ਦਿਨ ਛਾਹ ਕੁ ਵੇਲੇ ਸਾਰਾ ਪਿੰਡ ਜਿਵੇਂ ਸੋਗੀ ਖੂਹ ਵਿਚ ਡੁੱਬਦਾ ਹੋ ਗਿਆ। ਖ਼ਬਰ ਹੀ ਐਹੋ ਜਿਹੀ ਪੁੱਜੀ ਸੀ ਸਾਰੇ ਘਰੀਂ। ਨਾ ਕਦੀ ਅੱਗੇ ਨਾ ਪਿੱਛੇ। ਪੀੜ੍ਹੀਆਂ ਲੰਘ ਗਈਆਂ ਸਨ, ਹਰ ਕਿਸੇ ਨੂੰ ਛੰਭ ਵਿਚ ਆਉਂਦਿਆਂ-ਘੁੰਮਦਿਆਂ, ਡੰਗਰ ਚਾਰਦਿਆਂ। ਉੱਛਲਿਆ ਦਰਿਆ ਕਦੀ ਉਹਨਾਂ ਦੇ ਘਰਾਂ ਨੂੰ ਆ ਜੁੜਦਾ ਰਿਹਾ, ਕਦੀ ਸਿਮਟ ਕੇ ਕੂਲ ਜਿਹੀ ਬਣਦਾ ਰਿਹਾ। ਛੰਭਾਂ-ਪਾਣੀਆਂ ਅੰਦਰਲੇ ਅਨੇਕਾਂ ਜੀਵ-ਜੰਤੂ ਦਿਸਦੇ-ਟੱਕਰਦੇ ਰਹੇ ਸਨ ਉਹਨਾਂ ਨੂੰ। ਸੱਪ-ਸਰ੍ਹਾਲਾਂ, ਵਿਛੂਏ ਤੇਂਦੁਏ। ਵਿੱਚ-ਵਾਰ ਬਾਘ-ਬਘੇਲੇ ਤੱਕ ਦੇ ਜੰਗਲੀ ਜਾਨਵਰ ਵੀ, ਝਾੜਾਂ, ਬੂਝਿਆਂ ਵਿਚ ਲੁਕੇ ਜਾਂ ਬਾਸਮਤੀ-ਵੱਢਾਂ ਵਿਚ ਘੁੰਮਦੇ। ਪਰ ਸੰਸਾਰ, ਖ਼ਤਰਨਾਕ ਸਮੁੰਦਰੀ ਜੀਵ, ਸਾਲਮ ਸਬੂਤੇ ਬੰਦੇ ਨੂੰ, ਛੋਟੇ-ਮੋਟੇ ਡੰਗਰ-ਪਸ਼ੂ ਨੂੰ ਇੱਕੋ ਝਪੱਟੇ ਨਿਗਲ ਜਾਣ ਵਾਲਾ ਰਾਕਸ਼ ਉਹਨਾਂ ਕਦੀ ਨਹੀਂ ਸੀ ਦੇਖਿਆ-ਸੁਣਿਆ। ਖ਼ਬਰ ਦਿੱਤੀ ਵੀ ਗੱਜਣ ਫੌਜੀ ਨੇ ਸੀ, ਕਿਸੇ ਐਰ-ਗੈਰ ਨੇ ਨਹੀਂ। ਸੱਚ ਇਹ ਜਾਪਦੀ ਨਹੀਂ ਸੀ, ਝੂਠ ਇਹ ਹੋ ਨਹੀਂ ਸੀ ਸਕਦੀ। ਉਸ ਨੇ ਪੱਕੀ ਸ਼ਾਹਦੀ ਭਰੀ ਸੀ, ਵੱਡੀ ਢਾਬ ਵੱਲੋਂ ਆਈ ਕਿਸੇ ਦੀ ਚੀਕ ਨੇ ਉਸ ਨੂੰ ਝਟਪਟ ਚੌਕੰਨਾ ਕਰ ਦਿੱਤਾ। ਉਸੇ ਵੇਲੇ ਉਸ ਨੇ ਸਾਰੇ ਚਰਵਾਹਿਆਂ ਨੂੰ ਬਚ ਜਾਣ ਦਾ ਹੋਕਰਾ ਦੇ ਮਾਰਿਆ। ਉਸ ਨੇ ਦਿਓ-ਕੱਦ ਜਾਨਵਰ ਪਾਣੀ ਵੱਲ ਨੂੰ ਦੌੜਦਾ ਜਾਂਦਾ ਆਪ ਦੇਖਿਆ ਸੀ, ਆਪਣੀ ਅੱਖੀਂ। ਅੱਧ-ਖੁੱਲ੍ਹੇ ਜੁਬਾੜ੍ਹੇ ਵਿਚ ਕੋਈ ਭਾਰੀ ਸ਼ੈਅ ਨੱਪੀ।
ਪਿੰਡ ਵਿਚ ਆ ਖਿਲਰੀ ਖ਼ਬਰ ਜੱਗੂ ਦੇ ਘਰ ਤੀਕ ਵੀ ਅੱਪੜ ਗਈ। ਉਹ ਵੀ ਹੱਥਲਾ ਕੰਮ ਛੱਡ ਕੇ ਦਰਿਆ ਵੱਲ ਨੂੰ ਨਿੱਕਲ ਤੁਰਿਆ। ਛਾਹ ਕੁ ਵੇਲੇ ਮੰਡੋਂ ਆਇਆ ਜੱਗੂ ਉਸ ਦਿਨ ਵੀ ਹਰ ਰੋਜ਼ ਵਾਂਗ ਥੋੜ੍ਹਾ ਕੁ ਤਰਾਰੇ ਵਿਚ ਸੀ। ਡੋਲਦੇ-ਡੁਲ੍ਹਕਦੇ ਤੁਰੇ ਜਾਂਦੇ ਤੋਂ ਉਸ ਤੋਂ ਆਪਣੇ ਢੰਗ ਦੀ ਛੁਰਲੀ ਫਿਰ ਛੱਡੀ ਗਈ, “ਹੈਂਅ ਬਾਸਮਤੀਆਂ ਦੇ ਵੱਢਾਂ ਵਿਚ ਸੰਸਾਰ! ਆਪਣੇ ਪਿੰਡ ਆਲੇ ਛੰਬ ਵਿਚ ਸੰਸਾਰ। ਹੈ ... ਐਨੀ ਛੇਤੀ ਜੂਨ ਬਦਲ ਲਈ ਆਪਣੇ ਆਲੇ ਸੰਸਾਰ ਸੂੰਹ ਨੇ। ਹੱਦ ਹੋ ਗਈ!” ਪਰ ਇਸ ਵਾਰ ਉਸਦੀ ਆਖੀ ਨਾ ਕਿਸੇ ਨੇ ਸੁਣੀ, ਨਾ ਹੁੰਗਾਰਾ ਭਰਿਆ। ਇਕ ਦੂਜੇ ਤੋਂ ਮੂਹਰੇ ਲੰਘਦਾ ਹਰ ਕੋਈ ਆਪਣੇ ਆਪਣੇ ਘਰ ਦੇ ਜੀਅ ਨੂੰ ਜਾ ਮਿਲਿਆ ਪੱਤਣ ’ਤੇ।
ਥੋੜ੍ਹਾ ਕੁ ਸੁਰਤ ਸਿਰ ਹੋਏ ਜੱਗੂ ਨੇ ਵੀ ਆਸੇ-ਪਾਸੇ ਦੇਖਿਆ, ਉਸ ਦੀ ਭੈਣ ਪੂਜਾ ਉਸ ਨੂੰ ਦਿਸੀ ਨਾ।
ਉਸਦੀ ਪੀਤੀ-ਚੜ੍ਹੀ ਇਕ ਦਮ ਉੱਤਰ ਗਈ। ਲੌਢੇ ਕੁ ਵੇਲੇ ਤੱਕ ਸਾਰਾ ਪੱਤਣ ਖਾਲੀ ਹੋ ਗਿਆ। ਹਰ ਕੋਈ ਆਪਣੇ ਘਰ ਪਰਤ ਗਿਆ ਸੀ। ਪਰ, ਗਿੱਲੀ-ਸਲਾਭੀ ਬਰੇਤੀ ’ਤੇ ਡੌਰ-ਭੌਰ ਹੋਏ ਜੱਗੂ ਦੀ ਨਿਗਾਹ ਕਦੀ ਵੱਡੀ ਢਾਬ ਵੱਲ ਨੂੰ ਘੁੰਮਦੀ ਰਹੀ, ਕਦੀ ਬਾਸਮਤੀਆਂ ਦੇ ਵੱਢਾਂ ਵੱਲ ਨੂੰ। ਕਿਸੇ ਪਾਸਿਉਂ ਕਿਸੇ ਦੀ ਵੀ ਆਮਦ ਉਸ ਨੂੰ ਦਿਖਾਈ ਨਹੀਂ ਸੀ ਦਿੱਤੀ।
ਉਸ ਅੰਦਰ ਪਸਰੀ ਬੇਚੇਨੀ ਲਗਾਤਾਰ ਵਧਦੀ ਗਈ। ਉਸਦੀ ਰੂਹ-ਜਾਨ, ਉਸ ਦਾ ਤਨ-ਬਦਨ ਸਭ ਦੇ ਸਭ ਜਿਵੇਂ ਪੂਜਾ ਦੇ ਅਕਾਰ ਨਾਲ ਜੁੜੇ ਪਏ ਸਨ।
ਉਸ ਨੂੰ ਸਮਝ ਨਹੀਂ ਲਗਦੀ ਕਿ ਉਹ ਕੀ ਕਰੇ, ਕਿੱਧਰ ਨੂੰ ਜਾਏ। ਚਾਣਚੱਕ ਉਸ ਨੂੰ ਜਿਵੇਂ ਕੋਈ ਲੇਰ-ਚੀਕ ਸੁਣਾਈ ਦਿੱਤੀ ਹੋਵੇ। ਉਸਦਾ ਸਾਰਾ ਧਿਆਨ ਓਧਰ ਵੱਲ ਨੂੰ ਖਿੱਚਿਆ ਗਿਆ। ਪਲ ਕੁ ਪਿੱਛੋਂ ਉਸ ਲੇਰ-ਚੀਕ ਵਰਗੀਆਂ ਹੋਰ ਕਈਆਂ ਸਾਰੀਆਂ ਆਵਾਜ਼ਾਂ ਉਸਦੇ ਕੰਨਾਂ ਵਿਚ ਆ ਵੱਜੀਆਂ। ਪਹਿਲ ਕਿਸ ਨੇ ਕੀਤੀ ਸੀ, ਕਿਸੇ ਗਿੱਦੜ ਜਾਂ ਗਿੱਦੜੀ ਨੇ! ਦੋਨਾਂ ਦੀ ਸੁਰ-ਚੀਕ ਨੂੰ ਭਲਾ ਚੰਗਾ ਸਿਆਣਦਾ, ਉਹ ਇਸ ਵਾਰ ਕੋਈ ਵੀ ਨਿਰਣਾ ਨਾ ਕਰ ਸਕਿਆ।
ਖਿਝੇ-ਖਪੇ ਨੇ ਉਸ ਨੇ ਆਪਣੇ ਦੋਨੋਂ ਕੰਨ, ਦੋਨਾਂ ਹੱਥਾਂ ਨਾਲ ਢਕ ਕੇ ਘੁੱਟ ਲਏ। ਪਰ ਹੁਆਂਕ-ਸੁਰਾਂ ਫਿਰ ਵੀ ਲਗਾਤਾਰ ਸੁਣਦੀਆਂ ਰਹੀਆਂ।
ਉਸ ਨੂੰ ਇਹ ਵਰਤਾਰਾ ਸਿਰੇ ਦੀ ਬਦਸ਼ਗਨੀ ਲੱਗਾ। ਕੁਝ ਵੀ ਹੱਥ ਪੱਲੇ ਨਾ ਪੈਂਦਾ ਦੇਖ ਉਹ ਡੋਲਦਾ-ਡੁਲਕਦਾ ਪਿੰਡ ਵੱਲ ਨੂੰ ਦੌੜ ਤੁਰਿਆ। ਸਭ ਆਪੋ-ਆਪਣੀ ਘਰੀਂ-ਢਾਰੀਂ ਜਾ ਲੁਕੇ ਸਨ। ਸਿਰਫ਼ ਗੱਜਣ ਖੜ੍ਹਾ ਸੀ ਫੌਜੀ ਗੱਜਣ, ਵੱਡੇ ਚੁਰਾਹੇ ਵਿਚ। ... ਪੁਲ ਦੇ ਨੀਂਹ ਪੱਥਰ ਲਾਗੇ। ਉਦਾਸ ਤੇ ਗ਼ਮਗੀਨ।
ਜੱਗੂ ਧਾ ਕੇ ਉਸ ਨਾਲ ਜਾ ਚਿੰਮੜਿਆ। ਉਸ ਅੰਦਰ ਡੱਕ ਹੋਈ ਪੀੜ-ਚੀਸ ਇੱਕੋ ਵਾਰਗੀ ਫੁੱਟ ਨਿੱਕਲੀ।
ਰੋਂਦੇ-ਕੁਰਲਾਉਂਦੇ ਜੱਗੂ ਨੂੰ ਦਿਲਾਸਾ ਦੇਣ ਤੋਂ ਸਿਵਾ ਗੱਜਣ ਪਾਸ ਹੋਰ ਕੋਈ ਚਾਰਾ ਵੀ ਨਹੀਂ ਸੀ ਹੁਣ। ਹੁਣ ... ਹੁਣ ਤਾਂ ਉਹ ਉਸ ਨੂੰ ਸਾਫ-ਸਾਫ ਇਹ ਵੀ ਨਹੀਂ ਸੀ ਦੱਸ ਸਕਦਾ ਕਿ ਅਜੇ ਤਾਂ ਇੱਕੋ ਹੀ ਸੰਸਾਰ ਨੇ ਪੈਰ ਪਾਇਆ ਆਪਣੇ ਛੰਭ ਵਿਚ! ਅਜੇ ਤਾਂ ਇੱਕੋ ਹੀ ਧੀ ਗਈ ਆ ਆਪਣੇ ਪਿੰਡ ਦੀ। ਅਜੇ ਤਾਂ ਹੋਰ ਬਹੁਤ ਕੁਝ ਹੋਣਾ ਵਾਪਰਨਾ ਇਹੋ ਜਿਹਾ। ਅਜੇ ਤਾਂ ਕਈਆਂ ਸੰਸਾਰਾਂ ਨੇ ਝਪਟਾਂ ਮਾਰਨੀਆਂ ਸਾਡੇ ’ਤੇ। ਅਜੇ ਤਾਂ ਦੁਨੀਆਂ ਭਰ ਦੇ ਹਾਬੜੇ ਹੱਥਾਂ ਨੇ ਖੋਹ-ਖਿੰਝ ਕਰਨੀ ਆ ਸਾਡੇ ਕਮਾਦਾਂ ਦੀ, ਸਾਡੇ ਛੰਭਾਂ-ਖੇਤਾਂ ਦੀ। ਅਜੇ ਤਾਂ ਪਿੰਡਾਂ ਦੇ ਪਿੰਡ ਹੱਥਲ ਹੋਣੇ ਆਂ, ਜੱਦੀ-ਪੁਸ਼ਤੀ ਵਾਹੀਕਾਰੀ ਤੋਂ ਵੀ, ਹੁਨਰਕਾਰੀ ਤੋਂ ਵੀ!
ਆਹ ਗੰਨਾ ਮਿੱਲ, ਆਹ ਪੁਲ ਦਾ ਨੀਂਹ ਪੱਥਰ, ਆਹ ਘੱਲੂਕਾਰਾ ਯਾਦਗਾਰ ਦੀ ਮੁੜ ਉਸਾਰੀ ਦਾ ਗੱਠਜੋੜ ਤਾਂ ਇਸ ਕਿਰਿਆ ਅਮਲ ਦੀ ਸ਼ੁਰੂਆਤ ਹੀ ਸਮਝ ਲੈ ... ਬੱਸ।
ਆਪਣੇ ਅੰਦਰ ਨਾਲ ਡੂੰਘੀ ਤਰ੍ਹਾਂ ਜੁੜੇ ਫੌਜੀ ਨੂੰ ਅਜੇ ਆਪ ਨੂੰ ਹੀ ਸਮਝ ਨਹੀਂ ਲੱਗ ਰਹੀ ਕਿ ਉਹ ਇਸ ਸਾਰੇ ਘੋਲ-ਮਿਸ਼ਰਣ ਦੀ ਵਿਆਖਿਆ ਕਿਨ੍ਹਾਂ ਸ਼ਬਦਾਂ ਵਿਚ ਪਰੋ ਕੇ ਜੱਗੂ ਕੇ ਧੁਰ ਅੰਦਰ ਤੱਕ ਅੱਪੜਦੀ ਕਰੇ ...?
*****
(296)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)