TarlochanSAujla7ਪਿਆਰਾ ਸਿਹਾਂਬੁਰਾ ਨਾ ਮਨਾਵੀਂ। ਆਪਣੇ ਸਮਾਜ ਵਿਚ ਐਥੇ ਇੱਕ ਭੇਡ ਚਾਲ ਹੈ ...
(ਨਵੰਬਰ 22, 2015)

 

ਸਵੇਰੇ ਪਲੇਟ ਤਾਂ ਪੋਤਰੇ ਨੂੰ ਨਾਸ਼ਤਾ ਕਰਾਉਣ ਵੇਲੇ ਪੋਤਰੇ ਦੇ ਹੱਥੋਂ ਡਿੱਗ ਕੇ ਟੁੱਟ ਗਈ ਸੀ ਪਰ ਪਿਆਰਾ ਸਿੰਘ ਦੀ ਨੂੰਹ ਨੇ ਬੁਰਾ ਭਲਾ ਪਿਆਰਾ ਸਿੰਘ ਨੂੰ ਕਹਿ ਦਿੱਤਾ। ਪਿਆਰਾ ਸਿੰਘ ਚਾਹ ਪੀਤੇ ਬਗੈਰ ਹੀ ਪੋਤਰੇ ਨੂੰ ਸਕੂਲ ਛੱਡਣ ਚਲਾ ਗਿਆ। ਸਕੂਲ ਦੇ ਕੋਲ ਬਹੁਤੀ ਭੀੜ ਹੋਣ ਕਰਕੇ ਉਸਨੇ ਆਪਣੀ ਕਾਰ ਲਾਗੇ ਇੱਕ ਗਲੀ ਵਿੱਚ ਖੜ੍ਹੀ ਕਰ ਲਈ। ਅਜੇ ਉਹ ਕਾਰ ਤੋਂ ਬਾਹਰ ਨਿਕਲਿਆ ਹੀ ਸੀ ਕਿ ਸਾਹਮਣੇ ਘਰ ਵਾਲੀ ਇੱਕ ਗੋਰੀ ਜਨਾਨੀ ਨੇ ਕਿਹਾ, “ਮਿਸਟਰ ਸਿੰਘ, ਅੱਜ ਮੇਰੀ ਸਿਹਤ ਕੁਝ ਠੀਕ ਨਹੀਂ। ਕੀ ਮੇਰੀ ਦੋਹਤੀ ਨੂੰ ਵੀ ਸਕੂਲ ਛੱਡ ਆਉਗੇ”?

ਉਸ ਗੋਰੀ ਨੇ ਇੰਗਲਿਸ਼ ਕਾਫੀ ਹੌਲੀ ਹੌਲੀ ਬੋਲੀ ਜਿਸ ਦੀ ਪਿਆਰਾ ਸਿੰਘ ਨੂੰ ਪੂਰੀ ਤਰ੍ਹਾਂ ਸਮਝ ਲੱਗ ਗਈ। ਇੱਕ ਗੋਰੀ ਜਨਾਨੀ ਦੇ ਮੂਹੋਂ ‘ਸਿੰਘ’ ਲਫਜ਼ ਸੁਣ ਕੇ ਪਿਆਰਾ ਸਿੰਘ ਬਹੁਤ ਖੁਸ਼ ਹੋਇਆ। ਉਸਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਦੋਹਾਂ ਬੱਚਿਆਂ ਨੂੰ ਲੈਕੇ ਸਕੂਲ ਵੱਲ ਤੁਰ ਪਿਆ। ਵਾਪਸੀ ਵੇਲੇ ਅਜੇ ਉਹ ਕਾਰ ਦੇ ਕੋਲ ਪਹੁੰਚਿਆ ਹੀ ਸੀ ਕਿ ਬਾਹਰ ਖਲੋਤੀ ਉਸ ਗੋਰੀ ਨੇ ਕਿਹਾ, “ਕੀ ਤੁਸੀਂ ਮੇਰੀ ਕੁਝ ਮਦਦ ਕਰੋਗੇ”?

ਪਿਆਰਾ ਸਿੰਘ ਪਹਿਲਾਂ ਤਾਂ ਕੁਝ ਸੋਚ ਵਿੱਚ ਪੈ ਗਿਆ ਪਰ ਫਿਰ ਉਸਨੇ ਹਾਂ ਦਾ ਇਸ਼ਾਰਾ ਕੀਤਾ ਅਤੇ ਉਹ ਗੋਰੀ ਦੇ ਪਿੱਛੇ ਪਿੱਛੇ ਚੱਲ ਪਿਆ। ਬੈੱਡ ਰੂਮ ਵਿੱਚ ਜਾਕੇ ਉਸ ਗੋਰੀ ਨੇ ਕਿਹਾ,” ਆਹ ਦੋ ਅਟੈਚੀ ਇਸ ਅਲਮਾਰੀ ਵਿੱਚ ਉੱਪਰ ਰੱਖਣੇ ਨੇ। ਭਾਰੀ ਹੋਣ ਕਰਕੇ ਮੈਂ ਇਹਨਾਂ ਨੂੰ ਚੁੱਕ ਨਹੀਂ ਸਕਦੀ”।”

ਕੰਮ ਮੁੱਕਣ ਪਿੱਛੋਂ ਉਸ ਗੋਰੀ ਨੇ ਕਿਹਾ”ਕੌਫੀ ਪੀ ਕੇ ਜਾਣਾ। ਮੈਂ ਕੌਫੀ ਬਹੁਤ ਅੱਛੀ ਬਣਾ ਲੈਂਦੀ ਆਂ”” ਹਾਲਾਂਕਿ ਪਿਆਰਾ ਸਿੰਘ ਸਵੇਰੇ ਘਰੋਂ ਚਾਹ ਪੀਤੇ ਬਗੈਰ ਹੀ ਸਕੂਲ ਆ ਗਿਆ ਸੀ ਅਤੇ ਉਸਨੂੰ ਕੌਫੀ ਦੀ ਲੋੜ ਵੀ ਸੀ ਪਰ ਪਤਾ ਨਹੀਂ ਕਿਉਂ ਉਹ ਇਹ ਕਹਿ ਕੇ ਕਿ ‘“ਕਿਤੇ ਫਿਰ ਸਹੀ’ ਕਾਹਲੀ ਕਾਹਲੀ ਘਰ ਤੋਂ ਬਾਹਰ ਚਲਾ ਗਿਆ।

ਹਫਤੇ ਕੁ ਪਿੱਛੋਂ ਫਿਰ ਜਦੋਂ ਪਿਆਰਾ ਸਿੰਘ ਆਪਣੇ ਪੋਤਰੇ ਨੂੰ ਸਕੂਲ ਛੱਡਣ ਜਾ ਰਿਹਾ ਸੀ ਤਾਂ ਉਸ ਗੋਰੀ ਨੇ ਕਿਹਾ,” ਮਿਸਟਰ ਸਿੰਘ, ਕੀ ਅੱਜ ਫਿਰ ਮੇਰੀ ਦੋਹਤੀ ਨੂੰ ਸਕੂਲ ਛੱਡ ਆਉਗੇ”?” ਪਿਆਰਾ ਸਿੰਘ ਦਾ ਇਸ਼ਾਰਾ ਉਡੀਕਣ ਤੋਂ ਪਹਿਲੋਂ ਹੀ ਉਸ ਗੋਰੀ ਨੇ ਕਹਿ ਦਿੱਤਾ”ਅੱਜ ਕੌਫੀ ਪੀਣ ਤੋਂ ਬਗੈਰ ਨਾ ਜਾਣਾ। ਮੈਂ ਤੁਹਾਡੀ ਉਡੀਕ ਕਰਾਂਗੀ”

ਪਿਆਰਾ ਸਿੰਘ ਨੂੰ ਕੁਝ ਘਬਰਾਹਟ ਜਿਹੀ ਮਹਿਸੂਸ ਹੋਈ। ਉਸਨੂੰ ਆਪਣੇ ਦੋਸਤਾਂ ਦੇ ਕਹੇ ਹੋਏ ਲਫਜ਼ ਚੇਤੇ ਆ ਰਹੇ ਸਨ”ਉਏ ਪਿਆਰਾ ਸਿਹਾਂ, ਐਹਨਾਂ ਗੋਰੀਆਂ ਤੋਂ ਜਰਾ ਬਚ ਕੇ ਰਹੀਂ। ਇਹਨਾਂ ਦੇ ਪੱਤੇ ਚੱਟੇ ਕਦੇ ਹਰੇ ਨਹੀਂ ਹੋਏ। ਜੇ ਕੋਈ ਉਰਾ ਪਰਾ ਹੋ ਗਿਆ ਤਾਂ ਸਾਰੀ ਉਮਰ ਪਛਤਾਵੇਂਗਾ। ਤੇਰਾ ਰਿਕਾਰਡ ਖਰਾਬ ਹੋ ਜਾਣਾ ਈਂ ਤੇ ਫਿਰ ਨੌਕਰੀ ਮਿਲਣੀ ਵੀ ਮੁਸ਼ਕਲ ਹੋ ਜਾਣੀ ਆਂ”” ਫਿਰ ਉਸਦੇ ਮਨ ਵਿਚ ਆਇਆ ਕਿ ਕੌਫੀ ਦਾ ਕੱਪ ਹੀ ਪੀਣਾ ਵਾਂ, ਉਹ ਕਿਹੜੀ ਉਸਨੂੰ ਕਿਤੇ ਮੂੰਹ ਵਿੱਚ ਪਾ ਲੈਣ ਲੱਗੀ ਏ।

ਵਾਪਸੀ ਵੇਲੇ ਉਸਨੇ ਵੇਖਿਆ ਕਿ ਉਹ ਗੋਰੀ ਆਪਣੇ ਦਰਵਾਜੇ ਕੋਲ ਬਾਹਰ ਹੀ ਖੜ੍ਹੀ ਉਸਦਾ ਇੰਤਜ਼ਾਰ ਕਰ ਰਹੀ ਸੀ। ਉਸਨੇ ਅੰਦਰ ਜਾਕੇ ਪਿਆਰਾ ਸਿੰਘ ਨੂੰ ਸੋਫੇ ’ਤੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਆਪ ਰਸੋਈ ਅੰਦਰ ਚਲੇ ਗਈ। ਕੁਝ ਚਿਰ ਪਿੱਛੋਂ ਉਹ ਕਾਲੀ ਕੌਫੀ ਦੇ ਦੋ ਕੱਪ ਅਤੇ ਕੁਝ ਬਿਸਕੁਟ ਲੈਕੇ ਆ ਗਈ। ਕਾਲੀ ਕੌਫੀ ਵੇਖ ਕੇ ਪਿਆਰਾ ਸਿੰਘ ਇੱਕ ਦਮ ਬੋਲਿਆ”ਮੁਆਫ ਕਰਨਾ। ਮੈਂ ਕਾਲੀ ਕੌਫੀ ਨਹੀਂ ਪੀਂਦਾ। ਮੇਰੇ ਵਾਸਤੇ ਦੁੱਧ ਵਿੱਚ ਕੌਫੀ ਅਤੇ ਖੰਡ ਪਾਕੇ ਉਬਾਲ ਦਿਉ”

ਥੋੜ੍ਹੇ ਚਿਰ ਪਿੱਛੋਂ ਗੋਰੀ ਕੌਫੀ ਬਣਾ ਕੇ ਲੈ ਆਈ ਅਤੇ ਕੱਪ ਫੜਾਉਂਦੇ ਹੋਏ ਉਸਨੇ ਕਿਹਾ,” ਮੇਰਾ ਨਾਮ ਜੈਨੀਫਰ ਕੂਪਰ ਹੈ। ਤੁਹਾਡਾ ਕੀ ਨਾਮ ਹੈ”?

ਜਵਾਬ ਮਿਲਿਆ,” ਪਿਆਰਾ ਸਿੰਘ”

ਜੈਨੀਫਰ ਨੇ ਮੁਸਕਰਾ ਕੇ ਕਿਹਾ”, “ਤੁਹਾਡੀ ਦਸਤਾਰ ਮੈਨੂੰ ਬਹੁਤ ਅੱਛੀ ਲਗਦੀ ਐ”” ਦਸਤਾਰ ਦਾ ਲਫਜ ਸੁਣਕੇ ਪਿਆਰਾ ਸਿੰਘ ਐਨਾ ਖੁਸ਼ ਹੋਇਆ ਕਿ ਇੱਕ ਪਲ ਉਸਨੂੰ ਸਮਝ ਨਾ ਆਈ ਕਿ ਉਹ ਕੀ ਬੋਲੇ? ਕੁਝ ਚਿਰ ਠਹਿਰ ਕੇ ਉਹ ਬੋਲਿਆ,” ਤੁਹਾਡੇ ਮੂੰਹ ਤੋਂ ਦਸਤਾਰ ਦਾ ਲਫਜ ਸੁਣਕੇ ਮੈਨੂੰ ਬੇਹੱਦ ਖੁਸ਼ੀ ਹੋਈ ਏ। ਤੁਹਾਨੂੰ ਕਿਵੇਂ ਪਤਾ ਕਿ ਸਰਦਾਰ ਦੀ ਪਗੜੀ ਨੂੰ ਦਸਤਾਰ ਕਹਿੰਦੇ ਨੇ”?

ਜੈਨੀਫਰ ਨੇ ਹੱਸਦੀ ਹੋਈ ਨੇ ਕਿਹਾ,” ਸਾਡੀ ਫੈਕਟਰੀ ਵਿਚ ਇਕ ਸਿੱਖ ਲੜਕਾ ਸੁਪਰਵਾਈਜ਼ਰ ਦੇ ਤੌਰ ’ਤੇ ਕੰਮ ਕਰਦਾ ਸੀ। ਆਪਣੀ ਪਗੜੀ ਨੂੰ ਉਹ ਦਸਤਾਰ ਅਤੇ ਆਪਣੇ ਸਿਰ ਦਾ ਤਾਜ ਕਹਿੰਦਾ ਸੀ। ਉਹ ਮੈਨੂੰ ਦੋ ਵਾਰ ਆਪਣੇ ਗੁਰਦਵਾਰੇ ਲੈ ਕੇ ਗਿਆ ਸੀਸਿੱਖ ਧਰਮ ਸਬੰਧੀ ਕੰਧਾਂ ਉੱਤੇ ਟੰਗੀਆਂ ਤਸਵੀਰਾਂ ਅਤੇ ਲੰਗਰ ਬਾਰੇ ਉਸਨੇ ਮੈਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ। ਦੋ ਕੁ ਸਾਲ ਉਹ ਸਾਨੂੰ ਸਾਰਿਆਂ ਨੂੰ ਵਿਸਾਖੀ ਵੇਲੇ ਹੋਈ ‘ਖਾਲਸਾ ਪਰੇਡ’ ਵਿਚ ਵੀ ਲੈਕੇ ਗਿਆ ਸੀ। ਬਹੁਤ ਸੋਹਣਾ ਨਜ਼ਾਰਾ ਸੀ ਅਤੇ ਅਸੀਂ ਸਾਰਿਆਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ”।”

ਫਿਰ ਜੈਨੀਫਰ ਨੇ ਆਪਣੇ ਬੈੱਡ ਰੂਮ ਵਿੱਚੋਂ ਇੱਕ ਫੋਟੋ ਲਿਆ ਕੇ ਪਿਆਰਾ ਸਿੰਘ ਨੂੰ ਦਿਖਾਈ ਅਤੇ ਕਿਹਾ,” ਇਹ ਫੋਟੋ ਵਿਸਾਖੀ ਪਰੇਡ ਵੇਲੇ ਦੀ ਹੈ”

ਸਿਰ ਉੱਤੇ ਕੇਸਰੀ ਪਟਕਾ ਪਹਿਨਿਆ ਅਤੇ ਕਮੀਜ਼ ਸਲਵਾਰ ਪਾਈ ਜੈਨੀਫਰ ਇਸ ਫੋਟੋ ਵਿਚ ਬਹੁਤ ਖੂਬਸੂਰਤ ਲੱਗ ਰਹੀ ਸੀ। ਪਿਆਰਾ ਸਿੰਘ ਦੇ ਦਿਲ ਦੀ ਖੁਸ਼ੀ ਅੱਜ ਉਸਦੇ ਚਿਹਰੇ ਤੋਂ ਸਾਫ ਦਿਸ ਰਹੀ ਸੀ। ਇੱਕ ਪਲ ਉਸਨੇ ਅੱਖਾਂ ਮੀਟ ਕੇ ਪਰਮਾਤਮਾ ਦਾ ਕੋਟਾਨ ਕੋਟ ਸ਼ੁਕਰ ਕੀਤਾ ਅਤੇ ਮਨ ਹੀ ਮਨ ਵਿਚ ਕਿਹਾ”ਸੱਚੇ ਪਾਤਸ਼ਾਹ, ਧੰਨ ਤੁਸੀਂ ਅਤੇ ਧੰਨ ਤੁਹਾਡੀ ਸਿੱਖੀ”

ਜਾਣ ਵੇਲੇ ਜਦੋਂ ਪਿਆਰਾ ਸਿੰਘ ਕਾਰ ਵਿਚ ਬੈਠਣ ਲੱਗਾ ਤਾਂ ਜੈਨੀਫਰ ਨੇ ਕਿਹਾ”ਜਦੋਂ ਕਿਤੇ ਵਕਤ ਮਿਲਿਆ ਤਾਂ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਆਉਣਾ, ਇਕੱਠੇ ਬੈਠ ਕੇ ਖਾਣਾ ਖਾਵਾਂਗੇ”

“ਜੀ, ਉਹ ਤਾਂ ਦੋ ਕੁ ਸਾਲ ਪਹਿਲਾਂ ਪਰਮਾਤਮਾ ਨੂੰ ਪਿਆਰੀ ਹੋ ਗਈ ਸੀ”” ਜੈਨੀਫਰ ਦਾ ਉੱਤਰ ਸੁਣਨ ਤੋਂ ਪਹਿਲਾਂ ਹੀ ਪਿਆਰਾ ਸਿੰਘ ਉੱਥੋਂ ਚਲਾ ਗਿਆ।

ਕੁਝ ਤਾਂ ਪਿਆਰਾ ਸਿੰਘ ਪਹਿਲੋਂ ਹੀ ਘਰੋਂ ਦੁਖੀ ਸੀ, ਬਾਕੀ ਰਹਿੰਦੀ ਖੂੰਹਦੀ ਕਸਰ ਜੈਨੀਫਰ ਨੇ ਉਸਦੀ ਘਰ ਵਾਲੀ ਬਾਰੇ ਯਾਦ ਦਿਵਾ ਕੇ ਪੂਰੀ ਕਰ ਦਿੱਤੀ। ਘਰ ਆਕੇ ਉਹ ਸੋਫੇ ਉੱਤੇ ਸਿਰ ਪਛਾਂਹ ਸੁੱਟ ਕੇ ਬੈਠ ਗਿਆ ਅਤੇ ਸੋਚਾਂ ਦੇ ਸਮੁੰਦਰ ਵਿਚ ਡੁੱਬ ਗਿਆ। ਉਸਦਾ ਪਿੰਡ ਅੰਮ੍ਰਿਤਸਰ ਸ਼ਹਿਰ ਦੇ ਕੋਲ ਸੀ ਅਤੇ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਪ੍ਰੋਫੈਸਰ ਦੇ ਤੌਰ ’ਤੇ ਸੇਵਾ ਕਰ ਰਿਹਾ ਸੀ। ਆਪਣੀ ਲੜਕੀ ਦੀ ਸ਼ਾਦੀ ਉਸਨੇ ਆਪਣੇ ਨਾਲ ਹੀ ਕੰਮ ਕਰਦੇ ਦੋਸਤ ਦੇ ਲੜਕੇ ਨਾਲ ਕਰ ਦਿੱਤੀ। ਉਸਦੇ ਲੜਕੇ ਬਲਜੀਤ ਨੇ ਅਜੇ ਐੱਮ. ਐੱਸ. ਸੀ. ਪਾਸ ਕੀਤੀ ਹੀ ਸੀ ਕਿ ਉਸ ਵਾਸਤੇ ਉਸਦੇ ਸਾਲੇ ਨੇ ਆਪਣੇ ਕਿਸੇ ਦੋਸਤ ਦੀ ਕੈਨੇਡਾ ਵਿੱਚ ਟਰੌਂਟੋ ਰਹਿੰਦੀ ਲੜਕੀ ਦੇ ਰਿਸ਼ਤੇ ਬਾਰੇ ਜੋਰ ਪਾ ਦਿੱਤਾ। ਬੇਟਾ ਤਾਂ ਬਾਹਰ ਜਾਣ ਨੂੰ ਮੰਨਦਾ ਨਹੀਂ ਸੀ ਪਰ ਜਦੋਂ ਪਿਆਰਾ ਸਿੰਘ ਨੇ ਆਪਣੇ ਕੁਝ ਦੋਸਤਾਂ ਨਾਲ ਗੱਲ ਕੀਤੀ ਤਾਂ ਬਹੁਤਿਆਂ ਦੀ ਸਲਾਹ ਸੀ ਕਿ ਜੇ ਲੜਕੀ ਦੀ ਗੱਲ ਹੁੰਦੀ ਤਾਂ ਸੋਚਣ ਦੀ ਲੋੜ ਸੀ। ਪੰਜਾਬ ਦੀਆਂ ਲੜਕੀਆਂ ਦੇ ਬਾਹਰਲੇ ਮੁਲਕਾਂ ਵਿਚ ਕੀਤੇ ਰਿਸ਼ਤੇ ਤੋਂ ਪਿੱਛੋਂ ਉਹਨਾਂ ਨਾਲ ਕੀਤੇ ਜਾਂਦੇ ਦੁਰ-ਵਿਹਾਰ ਦੀਆਂ ਖਬਰਾਂ ਅਕਸਰ ਅਖਬਾਰਾਂ ਵਿਚ ਪੜ੍ਹਨ ਨੂੰ ਮਿਲਦੀਆਂ ਸਨ। ਕਦੀ ਕਦੀ ਇਹ ਖਬਰ ਵੀ ਪੜ੍ਹਨ ਨੂੰ ਮਿਲ ਜਾਂਦੀ ਕਿ ਬਾਹਰੋਂ ਆਏ ਵਿਦੇਸ਼ੀ ਲਾੜੇ ਨੇ ਕਿਸੇ ਪਰਵਾਰ ਤੋਂ 10-15 ਲੱਖ ਰੁਪਏ ਲੈਕੇ ਵਿਆਹ ਕੀਤਾ ਅਤੇ ਮਹੀਨਾ ਕੁ ਐਸ਼ ਕਰਕੇ ਲੜਕੀ ਨੂੰ ਕੈਨੇਡਾ ਬੁਲਾਇਆ ਹੀ ਨਹੀਂ ਅਤੇ ਬਾਅਦ ਵਿਚ ਪਤਾ ਲੱਗਾ ਕਿ ਉਹ ਲੜਕੀ ਗਰਭਵਰਤੀ ਹੋ ਗਈ ਸੀ। ਪੰਜਾਬ ਵਿੱਚ ਇਸ ਤਰ੍ਹਾਂ ਦੇ ਪੰਜ ਹਜਾਰ ਤੋਂ ਵੱਧ ਕੇਸ ਹਨ। ਕਈ ਹਾਲਤਾਂ ਵਿੱਚ ਬਾਹਰੋਂ ਆਈਆਂ ਕੁੜੀਆਂ ਨੇ ਵੀ ਇਹੋ ਕੜ੍ਹੀ ਘੋਲੀ। ਪਰ ਉਸਦੇ ਬਹੁਤੇ ਦੋਸਤਾਂ ਨੇ ਲੜਕੇ ਲਈ ਕੈਨੇਡਾ ਦੇ ਰਿਸ਼ਤੇ ਬਾਰੇ ‘ਹਾਂ’ ਵਿਚ ਸਲਾਹ ਦਿੱਤੀ।

ਬਲਜੀਤ ਦਾ ਕੈਨੇਡਾ ਰਹਿੰਦੀ ਲੜਕੀ ਨਾਲ ਵਿਆਹ ਹੋ ਗਿਆ ਅਤੇ ਉਹ ਜਲਦੀ ਹੀ ਟਰੌਂਟੋ ਪਹੁੰਚ ਗਿਆ। ਵਿਆਹ ਵੇਲੇ ਉਹਨਾਂ ਦੀ ਨੂੰਹ ਰੁਪਿੰਦਰ ਦੋ ਕੁ ਮਹੀਨੇ ਉਹਨਾਂ ਦੇ ਕੋਲ ਰਹੀ। ਉਸਦਾ ਵਤੀਰਾ ਅਤੇ ਗੱਲਾਂ ਬਾਤਾਂ ਸੁਣ ਕੇ ਉਹਨਾਂ ਨੂੰ ਭਿਣਕ ਪੈ ਗਈ ਕਿ ਕਾਹਲੀ ਵਿਚ ਉਹ ਇਹ ਰਿਸ਼ਤਾ ਕਰਕੇ ਫਸ ਗਏ ਸਨ। ਪਰ ਹੁਣ ਕੁਝ ਨਹੀਂ ਸੀ ਹੋ ਸਕਦਾ। ਪਿਆਰਾ ਸਿੰਘ ਦੀ ਘਰ ਵਾਲੀ ਦਿਲ ਦੀ ਬੀਮਾਰੀ ਦੀ ਰੋਗਣ ਤਾਂ ਪਹਿਲੋਂ ਹੀ ਸੀ, ਇਸੇ ਗ਼ਮ ਵਿੱਚ ਸਾਲ ਕੁ ਪਿੱਛੋਂ ਉਸਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਪਰਮਾਤਮਾ ਨੂੰ ਪਿਆਰੀ ਹੋ ਗਈ। ਹੁਣ ਪਿਆਰਾ ਸਿੰਘ ਨੂੰ ਇਕੱਲਾਪਨ ਵੱਢ ਵੱਢ ਕੇ ਖਾਣ ਲੱਗਾ। ਪਰ ਜਿੰਦਗੀ ਰੁਕਦੀ ਨਹੀਂ, ਆਪਣੀ ਚਾਲ ਚੱਲੀ ਜਾਂਦੀ ਹੈ।

ਬਲਜੀਤ ਦੇ ਵਿਆਹ ਤੋਂ ਦੋ ਕੁ ਸਾਲ ਪਿੱਛੋਂ ਉਹਨਾਂ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ। ਤਕਰੀਬਨ ਇੱਕ ਸਾਲ ਤੱਕ ਤਾਂ ਰੁਪਿੰਦਰ ਨੂੰ ਆਪਣੀ ਕੰਪਨੀ ਤੋਂ ਛੁੱਟੀ ਮਿਲ ਗਈ। ਫਿਰ ਬੱਚੇ ਦੀ ਸੰਭਾਲ ਵਾਸਤੇ ਕੁਝ ਚਿਰ ਉਸਦੇ ਮਾਪਿਆਂ ਨੇ ਮਦਦ ਕੀਤੀ, ਪਰ ਉਹ ਵੀ ਕਿੰਨਾ ਕੁ ਚਿਰ ਬੱਚਾ ਸੰਭਾਲ ਸਕਦੇ ਸਨ। ਨੌਕਰੀ ਕਰਨ ਲਈ ਇਹਨਾਂ ਨੂੰ ਬੱਚਾ ਬੇਬੀ ਸਿਟਰ ਵੱਲ ਭੇਜਣਾ ਪੈਂਦਾ, ਜਿਸ ਦਾ ਖਰਚਾ ਉਹਨਾਂ ਨੂੰ ਬਹੁਤ ਚੁੱਭਣ ਲੱਗਾ। ਬਲਜੀਤ ਨੇ ਆਪਣੇ ਡੈਡੀ ਨੂੰ ਸਿੱਧਾ ਤਾਂ ਨਾ ਕਿਹਾ ਪਰ ਬਾਰ ਬਾਰ ਫੋਨ ਰਾਹੀਂ ਇਹੋ ਕਹੀ ਗਿਆ,” ਡੈਡੀ, ਤੁਹਾਡੇ ਬਿਨਾਂ ਮੇਰਾ ਦਿਲ ਨਹੀਂ ਲਗਦਾ। ਕੈਨੇਡਾ ਬਹੁਤ ਅੱਛਾ ਦੇਸ਼ ਆ, ਤੁਸੀਂ ਸੇਵਾ ਮੁਕਤ ਹੋ ਕੇ ਐਥੇ ਆ ਜਾਉ। ਜਦੋਂ ਆਪਾਂ ਇਕੱਠੇ ਰਹਾਂਗੇ ਤਾਂ ਬਹੁਤ ਖੁਸ਼ ਰਹਾਂਗੇ। ਤੁਹਾਡਾ ਇਕੱਲਾਪਨ ਵੀ ਦੂਰ ਹੋ ਜਾਵੇਗਾ”

ਇਹ ਗੱਲ ਲੋਕਾਂ ਨੇ ਵੀ ਕਹੀ ਸੀ ਅਤੇ ਉਸਨੇ ਅਖਬਾਰਾਂ ਵਿਚ ਵੀ ਪੜ੍ਹੀ ਸੀ ਕਿ ਕੈਨੇਡਾ ਦੁਨੀਆਂ ਦੇ ਸਭ ਤੋਂ ਅੱਛੇ ਦੇਸ਼ਾਂ ਵਿੱਚੋਂ ਇੱਕ ਹੈ। ਉਸਨੇ ਆਪਣੀ ਬੇਟੀ ਨਾਲ ਵੀ ਸਲਾਹ ਕੀਤੀ। ਉਸਨੇ ਵੀ ਹਾਂ ਕਰ ਦਿੱਤੀਕਾਗਜ਼ੀ ਕਾਰਵਾਈ ਛੇਤੀ ਹੀ ਪੂਰੀ ਹੋ ਗਈ ਅਤੇ ਉਹ ਆਪਣੇ ਕਾਲਜ ਤੋਂ ਛੇ ਮਹੀਨੇ ਦੀ ਛੁੱਟੀ ਲੈਕੇ ਟਰੌਂਟੋ ਆ ਗਿਆ।

ਇੱਥੇ ਆਕੇ ਉਸਦੇ ਪਹਿਲੇ ਦੋ ਢਾਈ ਮਹੀਨੇ ਤਾਂ ਬਹੁਤ ਅੱਛੇ ਨਿਕਲੇ। ਗਰਮੀਆਂ ਦਾ ਮੌਸਮ ਸੀ। ਨਿਆਗਰਾ ਫਾਲ ਅਤੇ ਸੀ ਐੱਨ ਟਾਵਰ ਦਾ ਨਜ਼ਾਰਾ ਦੇਖਿਆ। ਪਲਾਜ਼ਿਆਂ ਵਿਚ ਜਾਕੇ ਪਰੀਆਂ ਵਰਗੀਆਂ ਗੋਰੀਆਂ ਜਨਾਨੀਆਂ ਵੇਖੀਆਂ। ਤਕਰੀਬਨ ਰੋਜ਼ ਹੀ ਉਹ ਪੋਤਰੇ ਨੂੰ ਨਾਲ ਲੈਕੇ ਘਰ ਦੇ ਨੇੜੇ ਪਾਰਕ ਵਿਚ ਚਲੇ ਜਾਂਦਾ। ਆਪਣੇ ਪੰਜਾਬ ਵਾਲੇ ਕੁੜਮ ਨਾਲ ਇੱਕ ਵਾਰ ਗੱਲਬਾਤ ਕਰਦਿਆਂ ਉਸਨੇ ਦੱਸਿਆ ਸੀ,” “ਸੰਧੂ ਸਾਹਬ, ਵਾਕਿਆ ਹੀ ਇਹ ਦੇਸ਼ ਬਹਿਸ਼ਤ ਏ। ਸ਼ੁੱਧ ਹਵਾ ਤੇ ਪਾਣੀ, ਨਾ ਮੱਖੀ ਮੱਛਰ ਅਤੇ ਨਾ ਹੀ ਬਾਰ ਬਾਰ ਹੌਰਨ ਮਾਰਨ ਦਾ ਸ਼ੋਰ, ਹਰ ਪਾਸੇ ਹਰਿਆਵਲ ਹੀ ਹਰਿਆਵਲਬੂਟਾਂ ਉੱਤੇ ਪਾਲਿਸ਼ ਤਾਂ ਕੀ ਕਰਨੀ, ਹਫਤਾ ਹਫਤਾ ਕੱਪੜਾ ਮਾਰਨ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਇੱਥੇ ਹਰ ਪਾਸੇ ਜਾਂ ਘਰ ਹਨ, ਜਾਂ ਘਾਹ ਅਤੇ ਜਾਂ ਸੜਕਕੋਈ ਦੋ ਇੰਚ ਥਾਂ ਖਾਲੀ ਨਹੀਂ ਜਿੱਥੋਂ ਘੱਟਾ ਉੱਡੇਗਾ”।”

ਪਿਆਰਾ ਸਿੰਘ ਦੇ ਕਈ ਦੋਸਤ ਅਤੇ ਰਿਸ਼ਤੇਦਾਰਾਂ ਵੀ ਇੱਥੇ ਰਹਿੰਦੇ ਸਨ। ਉਸਦੇ ਬੇਟੇ ਦੇ ਵੀ ਕਈ ਦੋਸਤ ਸਨ। ਸਾਰਿਆਂ ਨੇ ਪਿਆਰਾ ਸਿੰਘ ਦੀ ਆਉ ਭਗਤ ਲਈ ਇਹਨਾਂ ਨੂੰ ਆਪਣੇ ਘਰ ਪਾਰਟੀ ’ਤੇ ਬੁਲਾਇਆ। ਜਿੱਥੇ ਇੱਕ ਪਾਸੇ ਪਿਆਰਾ ਸਿੰਘ ਨੂੰ ਇਹਨਾਂ ਪਾਰਟੀਆਂ ਵਿਚ ਜਾਕੇ ਖੁਸ਼ੀ ਹੰਦੀ, ਉੱਥੇ ਕਈ ਵਾਰ ਉਹ ਦੇਰ ਤੱਕ ਜਾਗਣ ਕਰਕੇ ਤੰਗੀ ਵੀ ਮਹਿਸੂਸ ਕਰਦਾ। ਜਿਹੜੇ ਦੋਸਤਾਂ ਮਿੱਤਰਾਂ ਨੂੰ ਕੈਨੇਡਾ ਆਇਆਂ ਕਾਫੀ ਸਮਾਂ ਹੋ ਗਿਆ ਸੀ, ਉਹ ਪਾਰਟੀ ਵਿੱਚ ਪਿਆਰਾ ਸਿੰਘ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ। ਬਜ਼ੁਰਗਾਂ ਨੂੰ ਅੱਛੇ ਗੁਜ਼ਾਰੇ ਜੋਗੀ ਮਿਲਦੀ ਪੈਨਸ਼ਨ ਅਤੇ ਮੁਫਤ ਦੀਆਂ ਡਾਕਟਰੀ ਸੇਹਤ ਸੇਵਾਵਾਂ ਦੀਆਂ ਗੱਲਾਂ ਸੁਣਕੇ ਤਾਂ ਉਹ ਬਹੁਤ ਖੁਸ਼ ਹੁੰਦਾ ਪਰ ਕਈ ਵਾਰ ਜਦੋਂ ਉਹ ਬਜ਼ੁਰਗਾਂ ਦੇ ਬੇਸਮੈਂਟਾਂ ਵਿੱਚ ਰੁਲਣ ਬਾਰੇ ਜਾਂ ਹੋਰ ਨਾਂਹ ਪੱਖੀ ਗੱਲਾਂ ਸੁਣਦਾ ਤਾਂ ਉਸ ਦਾ ਦਿਲ ਬਹੁਤ ਦੁਖੀ ਹੁੰਦਾ ਅਤੇ ਉਹ ਡਰ ਜਾਂਦਾ। ਉਹ ਸੋਚਣ ਲੱਗ ਪੈਂਦਾ ਕਿ ਜਿਹਨਾਂ ਬੱਚਿਆਂ ਨੂੰ ਮਾਪੇ ਸੌ ਸੁੱਖਾਂ ਮੰਗ ਕੇ ਜਨਮ ਦਿੰਦੇ ਆ, ਫਿਰ ਆਪ ਮੁਸ਼ਕਲਾਂ ਸਹਿ ਕੇ ਉਹਨਾਂ ਨੂੰ ਪਾਲਦੇ, ਪੜ੍ਹਾਉਂਦੇ ਅਤੇ ਵੱਡਾ ਕਰਦੇ ਨੇ, ਸਿਰਫ ਇਹੋ ਹੀ ਆਸ ਨਾਲ ਕਿ ਇਹ ਬੱਚੇ ਵੱਡੇ ਹੋਕੇ ਮਾਤਾ ਪਿਤਾ ਦੀ ਡੰਗੋਰੀ ਬਣਨਗੇ; ਜੇ ਇਹੋ ਬੱਚੇ ਆਪਣੇ ਬਜੁਰਗਾਂ ਨੂੰ ਬੇਸਮੈਂਟਾਂ ਵਿਚ ਰੋਲਣ ਜਾਂ ਉਹਨਾਂ ਨਾਲ ਮਾੜਾ ਵਿਹਾਰ ਕਰਨ, ਫਿਰ ਤਾਂ ਉਹਨਾਂ ਵਾਸਤੇ ਇਹ ਨਰਕ ਨਾਲੋਂ ਵੀ ਮਾੜਾ ਹੋਇਆ। ਇਸ ਨਾਲੋਂ ਤਾਂ ਬੇਹਤਰ ਹੈ ਕਿ ਉਹ ਵਾਪਸ ਇੰਡੀਆ ਹੀ ਚਲੇ ਜਾਣ।

ਪਰ ਜਦੋਂ ਉਹ ਇਹ ਸੁਣਦਾ ਕਿ ਕਈ ਬਜ਼ੁਰਗਾਂ ਨੇ ਤਾਂ ਪੰਜਾਬ ਵਾਲੀ ਆਪਣੀ ਸਾਰੀ ਜਾਇਦਾਦ ਵੇਚ ਦਿੱਤੀ ਏੇ ਅਤੇ ਹੁਣ ਉਹ ਵਾਪਸ ਵੀ ਨਹੀਂ ਜਾ ਸਕਦੇ, ਤਾਂ ਉਸਦਾ ਦਿਲ ਹੋਰ ਦੁਖੀ ਹੁੰਦਾ। ਭਾਵੇਂ ਉਸਨੂੰ ਪੂਰਾ ਯਕੀਨ ਸੀ ਕਿ ਉਸਦਾ ਬੇਟਾ ਉਸਦੀ ਸੇਵਾ ਜਰੂਰ ਕਰੇਗਾ ਪਰ ਕਈ ਵਾਰ ਜਦੋਂ ਉਹ ਨਾਂਹ ਪੱਖੀ ਸੋਚਦਾ ਤਾਂ ਉਸਦਾ ਦਿਲ ਕੰਬ ਜਾਂਦਾ। ਬਦਲਦੇ ਸਮੇਂ ਨਾਲ ਰਿਸ਼ਤੇ ਤਾਂ ਇੰਡੀਆ ਵਿੱਚ ਵੀ ਹੁਣ ਕਾਫੀ ਤਿੜਕਣ ਲੱਗ ਪਏ ਹਨ ਪਰ ਉਸਨੂੰ ਜਾਪਿਆ ਕਿ ਕੈਨੇਡਾ ਵਿੱਚ ਰਿਸ਼ਤਿਆਂ ਦਾ ਗੰਧਲਾਪਨ ਬਹੁਤ ਜ਼ਿਆਦਾ ਹੈ ਅਤੇ ਲੋਕਾਂ ਦਾ ਲਹੂ ਬਹੁਤ ਸਫੈਦ ਹੋ ਗਿਆ ਹੈ। ਪੰਜਾਬ ਵਿੱਚ ਰਹਿੰਦਿਆਂ ਜੋ ਉਸਨੇ ਪੱਛਮੀ ਸਭਿਅਤਾ ਬਾਰੇ ਸੁਣਿਆ ਸੀ, ਹੁਣ ਉਸਨੂੰ ਪਰਤੱਖ ਨਜ਼ਰ ਆ ਰਿਹਾ ਸੀ। ਘਰਾਂ ਵਿੱਚ ਪਤੀ ਪਤਨੀ ਦਾ ਝਗੜਾ, ਨੂੰਹ ਸੱਸ ਦੀ ਲੜਾਈ, ਅਖਬਾਰਾਂ ਵਿੱਚ ਵੱਟੇ ਦੇ ਵਿਆਹ ਦੇ ਇਸ਼ਤਿਹਾਰ, ਆਪਣੇ ਜਵਾਨ ਬੱਚਿਆਂ ਦਾ ਦੇਰ ਰਾਤ ਤੱਕ ਘਰੋਂ ਬਾਹਰ ਰਹਿਣਾ ਅਤੇ ਦੂਸਰੇ ਧਰਮ ਵਾਲਿਆਂ ਨਾਲ ਵਿਆਹ ਕਰਾਉਣ ਦੀਆਂ ਕਈ ਗੱਲਾਂ ਉਸਦਾ ਦਿਲ ਕੰਬਾ ਦਿੰਦੀਆਂ।

ਉਸਦੇ ਕਈ ਦੋਸਤਾਂ ਨੇ ਉਸਨੂੰ ਪੁੱਛਿਆ”ਪਿਆਰਾ ਸਿਹਾਂ, ਤੇਰਾ ਲੜਕਾ ਐਥੇ ਕਿਵੇਂ ਆਇਆ ਸੀ”?” ਜਦੋਂ ਪਿਆਰਾ ਸਿੰਘ ਦੱਸਦਾ ਕਿ ਕੈਨੇਡਾ ਦੀ ਲੜਕੀ ਨੇ ਉਸਦੇ ਲੜਕੇ ਨੂੰ ਬੁਲਾਇਆ ਸੀ ਤਾਂ ਉਹ ਅੱਗੋਂ ਚੁੱਪ ਹੋ ਜਾਂਦੇ ਅਤੇ ਕੁਝ ਨਾ ਬੋਲਦੇ। ਪਿਆਰਾ ਸਿੰਘ ਉਹਨਾਂ ਦੀ ਚੁੱਪ ਨਾਲ ਹੈਰਾਨ ਜਿਹਾ ਹੋ ਜਾਂਦਾ। ਇਕ ਦਿਨ ਉਸਨੇ ਆਪਣੇ ਇੱਕ ਦੋਸਤ ਨੂੰ ਇਸ ਚੁੱਪ ਦਾ ਕਾਰਨ ਪੁੱਛ ਹੀ ਲਿਆ ਅਤੇ ਉਸਨੇ ਅੱਗੋਂ ਦੱਸਿਆ,” ਪਿਆਰਾ ਸਿਹਾਂ, ਬੁਰਾ ਨਾ ਮਨਾਵੀਂ। ਆਪਣੇ ਸਮਾਜ ਵਿਚ ਐਥੇ ਇੱਕ ਭੇਡ ਚਾਲ ਹੈ। ਭਾਵੇਂ ਇੰਡੀਆ ਤੋਂ ਲੜਕਾ ਬੁਲਾਇਆ ਹੋਵੇ ਤੇ ਭਾਵੇਂ ਲੜਕੀ, ਐਥੇ ਵਾਲੇ ਉਸਨੂੰ ਆਪਣੇ ਬਰਾਬਰ ਨਹੀਂ ਸਮਝਦੇ ਅਤੇ ਕਈ ਵਾਰ ਮਾੜਾ ਵਿਹਾਰ ਵੀ ਕਰਦੇ ਹਨ”

ਹੁਣ ਸਹਿਜੇ ਸਹਿਜੇ ਸਾਰੀਆਂ ਗੱਲਾਂ ਪਿਆਰਾ ਸਿੰਘ ਦੀ ਸਮਝ ਵਿਚ ਪੈਣ ਲੱਗ ਪਈਆਂ। ਵਿਆਹ ਤੋਂ  ਪਿੱਛੋਂ ਜਦੋਂ ਰੁਪਿੰਦਰ ਦਾ ਉਹਨਾਂ ਨਾਲ ਵਿਹਾਰ ਐਨਾ ਅੱਛਾ ਨਹੀਂ ਸੀ, ਜਿੰਨਾ ਕਿ ਉਹ ਆਸ ਕਰਦੇ ਸਨ, ਤਾਂ ਉਹ ਦੋਵੇਂ ਜੀਅ ਅੰਦਰੋ ਅੰਦਰ ਬਹੁਤ ਦੁਖੀ ਹੋਏ ਸਨ। ਐਥੇ ਵੀ ਰੁਪਿੰਦਰ ਬਲਜੀਤ ’ਤੇ ਕਈ ਵਾਰ ਗਲਬਾ ਪਾਉਣ ਦੀ ਕੋਸ਼ਿਸ਼ ਕਰਦੀ ਜਾਂ ਕਈ ਵਾਰ ਗੱਲਾਂ ਵਿਚ ਉਸਨੂੰ ਟੋਕਦੀ ਤਾਂ ਬਲਜੀਤ ਅੱਗੋਂ ਸੌਰੀ ਕਹਿ ਕੇ ਚੁੱਪ ਹੋ ਜਾਂਦਾ। ਇੱਕ ਦੋ ਵਾਰੀਂ ਪਿਆਰਾ ਸਿੰਘ ਨੇ ਇਸ ਬਾਰੇ ਜਦੋਂ ਬਲਜੀਤ ਨਾਲ ਗੱਲ ਛੇੜੀ, ਤਾਂ ਬੇਟੇ ਨੇ ਹਊ ਪਰੇ ਕਰਕੇ ਗੱਲ ਟਾਲ ਦਿੱਤੀ।

ਸਾਰਾ ਦਿਨ ਪੋਤਰੇ ਦੇ ਨਾਲ ਰਹਿਣ ਅਤੇ ਉਸਨੂੰ ਖਿਡਾਉਣ ਦਾ ਇਹ ਅਸਰ ਜਰੂਰ ਹੋਇਆ ਕਿ ਉਸਨੂੰ ਪੋਤਰੇ ਨਾਲ ਬਹੁਤ ਪਿਆਰ ਹੋ ਗਿਆ। ਜਦੋਂ ਪੋਤਰਾ ਹਰ ਗੱਲ ’ਤੇ ‘“ਦਾਦਾ ਜੀ, ਦਾਦਾ ਜੀ’” ਕਰਦਾ, ਤਾਂ ਉਸਦਾ ਕਿਲੋ ਖੂਨ ਵਧ ਜਾਂਦਾ। ਜਦੋਂ ਸ਼ਾਮਾਂ ਹੁੰਦੀਆਂ ਤੇ ਗਰਮੀ ਕੁਝ ਘਟ ਜਾਂਦੀ, ਤਾਂ ਉਸੇ ਵੇਲੇ ਉਹ ‘ਦਾਦਾ ਪਾਰਕ, ਦਾਦਾ ਪਾਰਕ’ ਕਰਨ ਲੱਗ ਪੈਂਦਾ। ਜਿਵੇਂ ਚਿੜੀ ਆਪਣੇ ਬੋਟਾਂ ਦਾ ਧਿਆਨ ਰੱਖਦੀ ਏ, ਉਵੇਂ ਹੀ ਪਿਆਰਾ ਸਿੰਘ ਪਾਰਕ ਵਿਚ ਆਪਣੇ ਪੋਤਰੇ ਦੇ ਅੱਗੇ ਪਿੱਛੇ ਘੁੰਮਦਾ ਰਹਿੰਦਾ। ਹੁਣ ਤਾਂ ਬਹੁਤੀ ਵਾਰ ਰਾਤ ਵੇਲੇ ਦਾਦਾ ਪੋਤਰਾ ਇਕੱਠੇ ਸੌਂਦੇ ਸਨ।

ਹੁਣ ਜਦੋਂ ਲੋਕਾਂ ਵੱਲ ਆਉਣਾ ਜਾਣਾ ਘਟ ਗਿਆ ਤਾਂ ਪਿਆਰਾ ਸਿੰਘ ਨੇ ਇਕ ਦਿਨ ਬੇਟੇ ਨੂੰ ਕਿਹਾ”ਪੁੱਤ, ਹੁਣ ਬਥੇਰਾ ਘੁੰਮ ਫਿਰ ਲਿਆ ਵਾ। ਘਰ ਵਿਹਲੇ ਬੈਠਿਆਂ ਮੇਰਾ ਜੀਅ ਅੱਕ ਗਿਆ ਏ। ਜੇ ਮੈਂ ਕੋਈ ਮਾੜਾ ਮੋਟਾ ਕੰਮ ਕਰ ਲਵਾਂ ਤਾਂ ਮੇਰਾ ਦਿਲ ਲੱਗਾ ਰਹੂ, ਤੇ ਨਾਲੇ ਦੋ ਡਾਲਰ ਹੀ ਘਰ ਆਉਣਗੇ”

ਬਲਜੀਤ ਨੇ ਗੱਲ ਹਾਸੇ ਆਉਂਦਿਆਂ ਕਿਹਾ”ਪਾਪਾ ਜੀ, ਅਰਾਮ ਕਰੋ। ਸਾਰੀ ਉਮਰ ਕੰਮ ਹੀ ਕਰਦੇ ਰਹੇ ਹੋ। ਤਿੰਨ ਚਾਰ ਮਹੀਨਿਆਂ ਨੂੰ ਤੁਸਾਂ ਚਲੇ ਜਾਣਾ ਵਾਂ ਅਤੇ ਐਥੇ ਥੋੜ੍ਹੇ ਵਕਤ ਵਾਸਤੇ ਕੋਈ ਕੰਮ ਵੀ ਨਹੀਂ ਮਿਲਦਾ। ਹੁਣ ਤੁਸੀਂ ਵਾਪਸ ਜਾਕੇ ਆਪਣੇ ਕੰਮ ਤੋਂ ਸੇਵਾ ਮੁਕਤ ਹੋਵੋ। ਆਪਣੀ ਪੈਨਸ਼ਨ ਦਾ ਕੇਸ ਮੁਕੰਮਲ ਕਰੋ ਅਤੇ ਜਲਦੀ ਵਾਪਸ ਆਉ”

ਪਿਆਰਾ ਸਿੰਘ ਇਹ ਗੱਲ ਸੁਣ ਕੇ ਚੁੱਪ ਕਰ ਗਿਆ ਪਰ ਬਾਅਦ ਵਿਚ ਉਸਨੂੰ ਪਤਾ ਲੱਗਾ ਕਿ ਅਸਲ ਵਿਚ ਉਸਦੇ ਨੂੰਹ ਪੁੱਤ ਨੂੰ ਫਿਕਰ ਸੀ ਕਿ ਜੇ ਉਹ ਕੰਮ ਕਰਨ ਲੱਗ ਪਿਆ ਤਾਂ ਬੱਚੇ ਦੀ ਦੇਖ ਭਾਲ ਕੌਣ ਕਰੇਗਾ? ਖੈਰ ਔਖੇ ਸੌਖੇ ਉਸਨੇ ਆਪਣਾ ਵਕਤ ਪੂਰਾ ਕਰ ਲਿਆ ਅਤੇ ਵਾਪਸ ਜਾਣ ਲਈ ਤਿਆਰੀ ਕਰ ਲਈ। ਜਿੰਨੀ ਖੁਸ਼ੀ ਉਸਨੂੰ ਇੰਡੀਆ ਤੋਂ ਕੈਨੇਡਾ ਆਉਣ ਵੇਲੇ ਹੋਈ ਸੀ ਅਤੇ ਉਹ ਇੱਥੇ ਆਕੇ ਪਹਿਲੇ ਦੋ ਢਾਈ ਮਹੀਨੇ ਜਿੰਨਾ ਖੁਸ਼ ਰਿਹਾ, ਸਹਿਜੇ ਸਹਿਜੇ ਉਸਦਾ ਸਾਰਾ ਮਜ਼ਾ ਕਿਰਕਿਰਾ ਹੋ ਗਿਆ।

ਇੰਡੀਆ ਪਹੁੰਚ ਕੇ ਉਹ ਦੁਬਿਧਾ ਵਿਚ ਪੈ ਗਿਆ। ਜਦੋਂ ਉਹ ਆਪਣੀ ਅੱਛੀ ਨੌਕਰੀ ਅਤੇ ਆਪਣੀ ਜਾਇਦਾਦ ਵੱਲ ਵੇਖਦਾ ਤਾਂ ਕੈਨੇਡਾ ਵਾਪਸ ਜਾਣ ਦਾ ਉਸਦਾ ਵੱਢਿਆਂ ਰੂਹ ਨਾ ਕਰਦੀ। ਪਰ ਜਦੋਂ ਉਹ ਕੈਨੇਡਾ ਦੇ ਸ਼ੁਧ ਵਾਤਾਵਰਣ, ਅੱਛੇ ਕਨੂੰਨ ਅਤੇ ਸੁਖਾਂ ਦੇ ਮੁਕਾਬਲੇ ਪੰਜਾਬ ਵਿਚ ਹਰ ਪਾਸੇ ਫੈਲੀ ਗੰਦਗੀ, ਸਿਆਸਤਦਾਨਾਂ ਅਤੇ ਵੱਡੇ ਅਫਸਰਾਂ ਵੱਲੋਂ ਕੀਤੀ ਜਾਂਦੀ ਰਿਸ਼ਵਤਖੋਰੀ, ਗੁੰਡਾਗਰਦੀ ਅਤੇ ਕਨੂੰਨ ਦੀਆਂ ਧੱਜੀਆਂ ਉਡਾਉਣ ਵੱਲ ਨਿਗਾਹ ਮਾਰਦਾ ਤਾਂ ਉਸਦਾ ਦਿਲ ਕਰਦਾ ਕਿ ਉਹ ਉੱਡ ਕੇ ਫਿਰ ਵਾਪਸ ਕੈਨੇਡਾ ਪਹੁੰਚ ਜਾਵੇ। ਪਹਿਲੋਂ ਪਹਿਲੋਂ ਤਾਂ ਉਸਦੇ ਦੋਸਤਾਂ ਨੇ ਉਸ ਨਾਲ ਕਾਫੀ ਹਾਸਾ ਮਖੌਲ ਕੀਤਾ”ਉਏ ਦੱਸ ਯਾਰ, ਕਹਿੰਦੇ ਆ ਪਈ ਕਨੇਡਾ ਪਰੀਆਂ ਦਾ ਦੇਸ਼ ਆ, ਫਿਰ ਤੂੰ ਕਿੰਨੀਆਂ ਕੁ ਪਰੀਆਂ ਵੇਖੀਆਂ? ਦੁਰੋਂ ਦੂਰੋਂ ਈ ਵੇਖੀਆਂ ਕਿ ਕਿਸੇ ਨੂੰ ਹੱਥ ਲਾਕੇ ਵੀ ਵੇਖਿਆ”?” ਪਰ ਜਦੋਂ ਪਿਆਰਾ ਸਿੰਘ ਕੈਨੇਡਾ ਦੇ ਚੰਗੇ ਅਤੇ ਮਾੜੇ, ਦੋਹਾਂ ਪੱਖਾਂ ਦੀ ਗੱਲ ਵਿਸਥਾਰ ਨਾਲ ਦੱਸਦਾ ਤਾਂ ਉਹ ਚੁੱਪ ਹੋ ਜਾਂਦੇ।

ਉਸਨੇ ਆਪਣੀ ਬੇਟੀ ਨਾਲ ਬਲਜੀਤ ਅਤੇ ਰੁਪਿੰਦਰ ਦੀਆਂ ਸਾਰੀਆਂ ਗੱਲਾਂ, ਜਿਹੜੀਆਂ ਹੋਰ ਕਿਸੇ ਨਾਲ ਨਹੀਂ ਸੀ ਕਰ ਸਕਦਾ, ਕਰ ਲਈਆਂ। ਪਹਿਲੋਂ ਤਾਂ ਉਹ ਕੁਝ ਨਾ ਬੋਲੀ ਪਰ ਬਾਅਦ ਵਿਚ ਉਸਨੇ ਆਪਣੇ ਮਨ ਦੀ ਗੱਲ ਕਹਿ ਦਿੱਤੀ”ਪਾਪਾ ਜੀ, ਤੁਸਾਂ ਸਾਰੀ ਉਮਰ ਐਸ ਮਹੌਲ ਵਿਚ ਲੰਘਾਈ ਆ। ਨਵੇਂ ਮਹੌਲ ਵਿਚ ਵਿਚਰਣ ਲੱਗਿਆਂ ਥੋੜ੍ਹਾ ਬਹੁਤ ਸਮਾਂ ਤਾਂ ਲਗਦਾ ਈ ਆ। ਤੁਸੀਂ ਫਿਕਰ ਨਾ ਕਰੋ। ਨਾਂਹ ਪੱਖੀ ਖਿਆਲ ਦਿਲ ਵਿੱਚੋਂ ਕੱਢ ਦਿਉ, ਚੜ੍ਹਦੀ ਕਲਾ ਵਿਚ ਰਹੋ। ਜੀਤ ਵੀਰ ਬਾਰੇ ਮਾੜਾ ਨਾ ਸੋਚੋ, ਉਹ ਤੁਹਾਨੂੰ ਫੁੱਲਾਂ ਵਾਂਗ ਰੱਖੇਗਾ। ਐਥੋਂ ਦੇ ਦਿਨੋ ਦਿਨੀ ਵਿਗੜ ਰਹੇ ਹਾਲਾਤ ਤਾਂ ਤੁਸੀਂ ਵੇਖ ਹੀ ਰਹੇ ਹੋ। ਇਸ ਲਈ ਤੁਹਾਨੂੰ ਮੇਰੀ ਇਹੋ ਸਲਾਹ ਹੈ ਕਿ ਇਹ ਸੁਨਹਿਰੀ ਮੌਕਾ ਹੱਥੋਂ ਨਾ ਗਵਾਉ”

ਅਸਲ ਵਿੱਚ ਪਿਆਰਾ ਸਿੰਘ ਦੇ ਕੈਨੇਡਾ ਜਾਣ ਪਿੱਛੋਂ ਉਹਨਾਂ ਦੇ ਘਰ ਵਿੱਚ ਕੈਨੇਡਾ ਬਾਰੇ ਕਈ ਵਾਰ ਗੱਲ ਛਿੜੀ ਸੀ ਅਤੇ ਉਸਦੇ ਪਤੀ ਨੇ ਇੱਕ ਦੋ ਵਾਰ ਕਿਹਾ ਸੀ,” ਚਲੋ, ਪਾਪਾ ਜੀ ਤਾਂ ਹੁਣ ਕੈਨੇਡਾ ਚਲੇ ਗਏ ਨੇ। ਕੁਝ ਚਿਰ ਬਾਅਦ ਸਾਡੀ ਵਾਰੀ ਵੀ ਆ ਜਾਵੇਗੀ”

ਕਦੀ ਕਦੀ ਜਦੋਂ ਪੋਤਰੇ ਦੀ ਯਾਦ ਆਉਂਦੀ ਤਾਂ ਪਿਆਰਾ ਸਿੰਘ ਦੇ ਦਿਲ ਵਿਚ ਘੇਰ ਜਿਹੇ ਪੈਂਦੇ ਅਤੇ ਉਹ ਸੋਚਣ ਲੱਗਦਾ”ਪਹਿਲਾਂ ਤਾਂ ਜਦੋਂ ਉਹ ਸਵੇਰੇ ਉੱਠਦਾ ਸੀ, ਉੱਚੀ ਅਵਾਜ ਵਿਚ 'ਦਾਦਾ ਜੀ' ਕਹਿ ਕੇ ਅਵਾਜ਼ ਮਾਰਦਾ ਸੀ ਅਤੇ ਮੈਂ ਘੋੜਾ ਬਣਕੇ ਉਸਨੂੰ ਪੌੜੀਆਂ ਤੋਂ ਹੇਠਾਂ ਲੈ ਆਉਂਦਾ ਸਾਂ। ਹੁਣ ਜਦੋਂ ਉਹ ਅਵਾਜ਼ ਮਾਰਦਾ ਹੋਵੇਗਾਮੈਨੂੰ ਉੱਥੇ ਨਾ ਵੇਖ ਕੇ ਉਹ ਕੀ ਸੋਚਦਾ ਹੋਵੇਗਾ? ਘਰ ਬੈਠਾ ਬੱਚਾ ਤਾਂ ਅੱਕ ਜਾਂਦਾ ਏ, ਪਤਾ ਨਹੀਂ ਬਲਜੀਤ ਉਸਨੂੰ ਪਾਰਕ ਲਿਜਾਂਦਾ ਹੋਵੇਗਾ ਕਿ ਨਹੀਂ”?” ਇਸ ਤਰ੍ਹਾਂ ਸੋਚਾਂ ਸੋਚਦਾ ਉਹ ਉਦਾਸ ਜਿਹਾ ਹੋ ਜਾਂਦਾ ਅਤੇ ਪਰਮਾਤਮਾ ਅੱਗੇ ਆਪਣੇ ਦਿਲ ਦੀ ਦੁਬਿਧਾ ਦੂਰ ਕਰਨ ਲਈ ਅਰਦਾਸ ਕਰਦਾ।

ਕਈ ਦਿਨਾਂ ਦੀ ਸ਼ਸ਼ੋਪੰਜ ਤੋਂ ਪਿੱਛੋਂ ਅਖੀਰ ਪਿਆਰਾ ਸਿੰਘ ਨੇ ਫੈਸਲਾ ਕਰ ਹੀ ਲਿਆ ਕਿ ਉਹ ਸਮੇਂ ਤੋਂ ਪਹਿਲਾਂ ਨੌਕਰੀ ਤੋਂ ਸੇਵਾ ਮੁਕਤ ਹੋਕੇ ਵਾਪਸ ਕੈਨੇਡਾ ਚਲਾ ਜਾਵੇਗਾ। ਲੋੜੀਂਦੇ ਕਾਗਜ਼ ਪੱਤਰ ਭਰ ਕੇ ਉਸਨੇ ਆਪਣੇ ਕਾਲਜ ਦੇ ਦਫਤਰ ਵਿਚ ਜਮ੍ਹਾਂ ਕਰਵਾ ਦਿੱਤੇ ਅਤੇ ਨਾਲ ਹੀ ਇਹਨਾਂ ਕਾਗਜ਼ਾਂ ਦੀ ਪੈਰਵਾਈ ਵਾਸਤੇ ਉਸਨੇ ਕਲਰਕਾਂ ਵਾਸਤੇ ਚਾਹ ਪਾਣੀ ਦਾ ਇੰਤਜ਼ਾਮ ਵੀ ਕਰ ਦਿੱਤਾ। ਇਸੇ ਦੌਰਾਨ ਉਸਨੂੰ ਬਲਜੀਤ ਨੇ ਫੋਨ ਰਾਹੀਂ ਕਿਹਾ,” ਪਾਪਾ ਜੀ, ਕਰਾਏ ’ਤੇ ਰਹਿੰਦਿਆਂ ਬਹੁਤ ਸਾਲ ਹੋ ਗਏ ਨੇ। ਜੇ ਤੁਸੀਂ ਠੀਕ ਸਮਝੋ ਤਾਂ ਕੁਝ ਪੈਸੇ ਦਾ ਇੰਤਜ਼ਾਮ ਕਰ ਲਉ ਤਾਂ ਕਿ ਆਪਾਂ ਮਕਾਨ ਲੈ ਸਕੀਏੇ”

ਪਿਆਰਾ ਸਿੰਘ ਨੇ ਆਪਣੀ ਬੇਟੀ ਨਾਲ ਸਲਾਹ ਕਰਕੇ ਪਿੰਡ ਵਾਲੀ ਕੁਝ ਜਮੀਨ ਵੇਚ ਦਿੱਤੀ। ਕੁਝ ਪੈਸੇ ਉਸਨੇ ਹਵਾਲੇ ਰਾਹੀਂ ਭੇਜ ਦਿੱਤੇ, ਕੁਝ ਕੈਨੇਡਾ ਆਉਣ ਲੱਗਿਆਂ ਆਪਣੇ ਨਾਲ ਲੈ ਆਇਆ ਅਤੇ ਬਾਕੀ ਆਪਣੀ ਬੇਟੀ ਨੂੰ ਦੇ ਦਿੱਤੇ ਅਤੇ ਲੋੜ ਪੈਣ ਵੇਲੇ ਹਵਾਲੇ ਰਾਹੀਂ ਭੇਜਣ ਲਈ ਕਹਿ ਦਿੱਤਾ।

ਕੈਨੇਡਾ ਪਹੁੰਚਣ ਤੋਂ ਜਲਦੀ ਬਾਅਦ ਬਲਜੀਤ ਦੇ ਨਾਂਹ ਕਰਨ ਦੇ ਬਾਵਜੂਦ ਪਿਆਰਾ ਸਿੰਘ ਨੇ ਨੌਕਰੀ ਲਈ ਕੋਸ਼ਿਸ਼ ਕੀਤੀ ਅਤੇ ਸਕਿਉਰਟੀ ਦੀ ਇੱਕ ਕੰਪਨੀ ਵਿਚ ਕੰਮ ਕਰਨ ਲੱਗ ਪਿਆ। ਕੰਮ ਸ਼ਾਮ ਦੇ ਚਾਰ ਵਜੇ ਤੋਂ ਰਾਤ ਬਾਰਾਂ ਵਜੇ ਤੱਕ ਸੀ। ਉਹ 3 ਕੁ ਵਜੇ ਬੱਸ ਰਾਹੀਂ ਕੰਮ ’ਤੇ ਚਲਾ ਜਾਂਦਾ ਅਤੇ ਰਾਤ 1 ਕੁ ਵਜੇ ਆਕੇ ਸੌਂ ਜਾਂਦਾ। ਦਿਨ ਵੇਲੇ ਉਹ ਆਪਣੇ ਪੋਤਰੇ ਨੂੰ ਸੰਭਾਲਦਾ। ਕੰਮ ’ਤੇ ਜਾਣ ਲੱਗੇ ਉਸਨੂੰ ਆਪਣੇ ਘਰ ਕੋਲ ਇਕ ਬੇਬੀ ਸਿਟਰ ਦੇ ਘਰ ਛੱਡ ਜਾਂਦਾ ਜਿੱਥੋਂ ਬਲਜੀਤ ਆਪਣੇ ਕੰਮ ਤੋਂ ਆਕੇ ਉਸਨੂੰ ਲੈ ਆਉਂਦਾ। ਘਰ ਦਾ ਮਹੌਲ ਤਾਂ ਪਿਆਰਾ ਸਿੰਘ ਦੇ ਕੰਮ ’ਤੇ ਜਾਣ ਤੋਂ ਪਹਿਲੋਂ ਵੀ ਕੁਝ ਠੀਕ ਨਹੀਂ ਸੀ, ਪਰ ਹੁਣ ਪਿਆਰਾ ਸਿੰਘ ਨੇ ਮਹਿਸੂਸ ਕੀਤਾ ਕਿ ਹਾਲਾਤ ਹੋਰ ਖਰਾਬ ਹੋ ਗਏ ਸਨ ਅਤੇ ਨੂੰਹ ਦਾ ਬਲਜੀਤ ਨਾਲ ਵਤੀਰਾ ਹੋਰ ਮਾੜਾ ਹੋ ਗਿਆ ਸੀ। ਇੱਕ ਵਾਰ ਪਿਆਰਾ ਸਿੰਘ ਨੇ ਦੋਹਾਂ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਰੁਪਿੰਦਰ ਅੱਗੋਂ ਗੁੱਸੇ ਵਿਚ ਬੋਲੀ”ਡੈਡੀ, ਤੁਹਾਨੂੰ ਸਾਡੀ ਗੱਲ ਵਿਚ ਦਖਲ ਦੇਣ ਦੀ ਕੋਈ ਲੋੜ ਨਹੀਂ”

ਬਲਜੀਤ ਚੁੱਪ ਰਿਹਾ ਅਤੇ ਉਸਦੀ ਕੁਝ ਵੀ ਬੋਲਣ ਦੀ ਹਿੰਮਤ ਨਾ ਪਈ। ਪਿਆਰਾ ਸਿੰਘ ਚੁੱਪ ਕਰਕੇ ਬਾਹਰ ਚਲਾ ਗਿਆ ਅਤੇ ਸੋਚਣ ਲੱਗ ਪਿਆ ਕਿ ਜੇ ਇਹੋ ਹਾਲਾਤ ਜਾਰੀ ਰਹੇ, ਉਸਦਾ ਤਾਂ ਘਰ ਵਿਚ ਰਹਿਣਾ ਮੁਸ਼ਕਲ ਹੋ ਜਾਵੇਗਾ। ਉਹ ਕਦੀ ਕਦੀ ਇਹ ਵੀ ਸੋਚਦਾ ਕਿ ਬਲਜੀਤ ਵਿਚਾਰਾ ਦੋ ਪੁੜਾਂ ਵਿਚ ਪਿੱਸ ਰਿਹਾ ਹੈ। ਨਾ ਤਾਂ ਉਹ ਆਪਣੀ ਘਰ ਵਾਲੀ ਨੂੰ ਕੁਝ ਕਹਿ ਸਕਦਾ ਏ ਅਤੇ ਨਾ ਹੀ ਆਪਣੇ ਪਿਤਾ ਨੂੰ ਛੱਡ ਸਕਦਾ ਏ। ਬਲਜੀਤ ਨੇ ਇੱਕ ਵਾਰੀ ਆਪਣੇ ਪਿਤਾ ਨੂੰ ਕਹਿ ਵੀ ਦਿੱਤਾ ਸੀ”ਡੈਡੀ ਜੀ, ਮੈਂ ਨਾ ਤਾਂ ਕੈਨੇਡਾ ਆਉਣ ਬਾਰੇ ਅਤੇ ਨਾ ਹੀ ਰਿਸ਼ਤੇ ਬਾਰੇ ਮੰਨਦਾ ਸਾਂ। ਤੁਸਾਂ ਹੀ ਤਾਂ ਮੈਨੂੰ ਇਸ ਨਰਕ ਵਿਚ ਧੱਕਾ ਦਿੱਤਾ ਏ। ਜੇ ਇਹ ਬੱਚਾ ਨਾ ਹੋਇਆ ਹੁੰਦਾ, ਤਾਂ ਫਿਰ ਮੈਂ ਕੁਝ ਹੋਰ ਸੋਚ ਸਕਦਾ ਸਾਂ। ਹੁਣ ਤੁਸੀਂ ਦੱਸੋ, ਮੈਂ ਕਿਹੜੇ ਖੂਹ ਵਿੱਚ ਛਾਲ ਮਾਰਾਂ”?

ਗਰਮੀਆਂ ਦੇ ਦਿਨਾਂ ਵਿਚ ਰੁਪਿੰਦਰ ਕਈ ਵਾਰ ਅਜਿਹੇ ਕੱਪੜੇ ਪਾਉਂਦੀ ਜਿਸ ਤੋਂ ਪਿਆਰਾ ਸਿੰਘ ਨੂੰ ਕੁਝ ਸ਼ਰਮ ਜਿਹੀ ਆਉਂਦੀ। ਇੱਕ ਦੋ ਵਾਰ ਜਦੋਂ ਉਸਨੇ ਬਲਜੀਤ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸਨੇ ਹਾਸੇ ਨਾਲ ਗੱਲ ਟਾਲਦਿਆਂ ਕਿਹਾ”ਡੈਡੀ, ਇਹ ਕੈਨੇਡਾ ਏ। ਤੁਸਾਂ ਪਲਾਜ਼ਿਆਂ ਵਿਚ ਵੇਖ ਹੀ ਲਿਆ ਹੈ ਕਿ ਇੱਥੋਂ ਦੀਆਂ ਜਨਾਨੀਆਂ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੀਆਂ ਨੇ”।”

ਪਿਆਰਾ ਸਿੰਘ ਜਦੋਂ ਬਾਹਰੋਂ ਆਪਣੇ ਘਰ ਅੰਦਰ ਵੜਦਾ ਤਾਂ ਪੰਜਾਬੀ ਸਭਿਆਚਾਰ ਮੁਤਾਬਕ ਆਪਣੇ ਆਉਣ ਦਾ ਅਹਿਸਾਸ ਕਰਾਉਣ ਲਈ ਹੌਲੀ ਜਿਹੀ ਖੰਘੂਰਾ ਮਾਰਦਾ ਤਾਂ ਕਿ ਨੂੰਹ ਨੂੰ ਪਤਾ ਲੱਗ ਜਾਵੇ ਕਿ ਉਹ ਆਇਆ ਹੈ। ਇਸ ਗੱਲ ਉੱਤੇ ਵੀ ਨੂੰਹ ਨੇ ਪਿਆਰਾ ਸਿੰਘ ਨੂੰ ਇੱਕ ਦੋ ਵਾਰ ਟਿੱਚਰ ਜਿਹੀ ਕਰ ਦਿੱਤੀ ਜਿਸ ਨਾਲ ਉਸਨੂੰ ਕੁਝ ਸ਼ਰਮਿੰਦਗੀ ਸਹਿਣੀ ਪਈ। ਰੁਪਿੰਦਰ ਨੂੰ ਘਰ ਵਿਚ ਸਫਾਈ ਰੱਖਣ ਦਾ ਬਹੁਤ ਸ਼ੌਕ ਸੀ। ਉਹ ਚਾਹੁੰਦੀ ਸੀ ਕਿ ਘਰ ਵਿਚ ਹਰ ਚੀਜ ਠੀਕ ਥਾਂ ’ਤੇ ਰੱਖੀ ਹੋਵੇ। ਐਧਰ ਔਧਰ ਪਈ ਚੀਜ਼ ਉਸਨੂੰ ਪਸੰਦ ਨਹੀਂ ਸੀ। ਘਰ ਵਾਲੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਰਹਿੰਦੇ ਪਿਆਰਾ ਸਿੰਘ ਵਿੱਚ ਕੁਝ ਅਲਗਰਜ਼ਪੁਣਾ ਆ ਗਿਆ ਸੀ। ਜਿਹੜੀ ਚੀਜ ਜਿੱਥੇ ਪਈ ਹੈ, ਉੱਥੇ ਪਈ ਰਹਿਣ ਦਿੰਦਾ। ਦੋ ਤਿੰਨ ਦਿਨਾਂ ਪਿੱਛੋਂ ਜਾਂ ਉਹ ਆਪ ਸਫਾਈ ਕਰ ਲੈਂਦਾ ਜਾਂ ਕਦੀ ਉਸਦੀ ਬੇਟੀ ਆਕੇ ਕਰ ਦਿੰਦੀ। ਜਦੋਂ ਕੋਈ ਮਾੜੀ ਆਦਤ ਪੈ ਜਾਵੇ, ਉਹ ਜਲਦੀ ਦੂਰ ਨਹੀਂ ਹੁੰਦੀ। ਇਸ ਆਦਤ ਕਰਕੇ ਵੀ ਪਿਆਰਾ ਸਿੰਘ ਨੂੰ ਨੂੰਹ ਕੋਲੋਂ ਕਈ ਵਾਰ ਗੱਲਾਂ ਸੁਣਨੀਆਂ ਪੈਂਦੀਆਂ।

ਹੁਣ ਉਹਨਾਂ ਨੇ ਘਰ ਵਿਚ ਸਲਾਹ ਕਰ ਲਈ ਕਿ ਕਿਰਾਏ ਤੋਂ ਛੁਟਕਾਰਾ ਪਾਉਣ ਲਈ ਮਕਾਨ ਖਰੀਦ ਲਿਆ ਜਾਵੇ। ਕਈ ਮਕਾਨ ਵੇਖੇ। ਕਿਸੇ ਮਕਾਨ ਵਿਚ ਕੁਝ ਚੰਗਾ ਸੀ ਅਤੇ ਕਿਸੇ ਵਿਚ ਹੋਰ ਕੁਝ। ਅਖੀਰ ਜਦੋਂ ਇੱਕ ਮਕਾਨ ਪਸੰਦ ਆਇਆ ਤਾਂ ਰੁਪਿੰਦਰ ਨੇ ਏਜੰਟ ਨੂੰ ਸ਼ਾਮਾਂ ਵੇਲੇ, ਜਦੋਂ ਪਿਆਰਾ ਸਿੰਘ ਆਪਣੇ ਕੰਮ ’ਤੇ ਗਿਆ ਹੋਇਆ ਸੀ, ਘਰ ਬੁਲਾਇਆ ਅਤੇ ਦੋਹਾਂ ਜੀਆਂ ਨੇ ਕਾਗਜ਼ਾਂ ਉੱਤੇ ਦਸਤਖਤ ਕਰ ਦਿੱਤੇ। ਦੋ ਕੁ ਦਿਨਾਂ ਪਿੱਛੋਂ ਜਦੋਂ ਬਲਜੀਤ ਆਪਣੇ ਕੰਮ ’ਤੇ ਜਾਣ ਲੱਗਾ ਤਾਂ ਪਿਆਰਾ ਸਿੰਘ ਨੇ ਕਿਹਾ,” ਬੇਟਾ, ਮਕਾਨ ਤਾਂ ਪਸੰਦ ਕਰ ਲਿਆ। ਫਿਰ ਆਪਣੇ ਏਜੰਟ ਨੂੰ ਕਾਗਜਾਂ ’ਤੇ ਸਾਈਨ ਕਰਨ ਵਾਸਤੇ ਬੁਲਾ ਲੈਣਾ ਸੀ”

ਬਲਜੀਤ ਨੂੰ ਜਿਵੇਂ ਕੰਬਣੀ ਜਿਹੀ ਆ ਗਈ। ਉਹ ਹੌਲੀ ਜਿਹੀ ਬੋਲਿਆ”ਡੈਡੀ, ਪਰਸੋਂ ਏਜੰਟ ਦਾ ਫੋਨ ਆਇਆ ਸੀ ਕਿ ਔਫਰ ਜਲਦੀ ਦੇਣੀ ਹੈ, ਨਹੀਂ ਤਾਂ ਮਕਾਨ ਹੱਥੋਂ ਖੁੱਸ ਜਾਵੇਗਾ। ਇਸ ਲਈ ਉਸਨੂੰ ਘਰ ਬੁਲਾ ਕੇ ਅਸੀਂ ਕਾਗਜਾਂ ਉੱਤੇ ਪਰਸੋਂ ਸਾਈਨ ਕਰ ਦਿੱਤੇ ਸਨ”

ਪਿਆਰਾ ਸਿੰਘ ਨੂੰ ਇੱਕ ਦਮ ਗੁੱਸਾ ਆ ਗਿਆ ਅਤੇ ਉਹ ਉੱਚੀ ਅਵਾਜ਼ ਵਿਚ ਬੋਲਿਆ, “ਸੋ ਤੁਸਾਂ ਮੈਨੂੰ ਪੁੱਛਣਾ ਜਾਂ ਮੇਰੀ ਸਲਾਹ ਲੈਣੀ ਠੀਕ ਨਹੀਂ ਸਮਝੀ”

ਉਹ ਇੱਕ ਦਮ ਆਪਣੇ ਕਮਰੇ ਵਿਚ ਚਲਾ ਗਿਆਬਲਜੀਤ ਨੇ ਸਮਝ ਲਿਆ ਕਿ ਕੋਈ ਤੂਫਾਨ ਆਉਣ ਵਾਲਾ ਹੈ। ਉਹ ਵੀ ਉਸਦੇ ਪਿੱਛੇ ਪਿੱਛੇ ਚਲਾ ਗਿਆ ਅਤੇ ਪੋਚਾ ਜਿਹਾ ਪਉਣ ਲੱਗਾ,” ਡੈਡੀ, ਅਸਲ ਵਿਚ ਕਾਹਲੀ ਕਾਹਲੀ ਕੰਮ ਕਰਨਾ ਪਿਆ। ਘਰ ਦੇ ਹੋਰ ਕੰਮਾਂ ਵਿਚ ਰੁੱਝੇ ਰਹਿਣ ਕਰਕੇ ਤੁਹਾਨੂੰ ਦੱਸਿਆ ਨਹੀਂ ਗਿਆ”

ਪਿਆਰਾ ਸਿੰਘ ਨੇ ਕਿਹਾ,” ਬੇਟਾ, ਜਿੰਨੇ ਪੈਸੇ ਮੈਂ ਇੰਡੀਆ ਤੋਂ ਤੈਨੂੰ ਭੇਜੇ ਆ, ਇਸ ਦਾ ਮੈਨੂੰ ਚੈੱਕ ਹੁਣੇ ਦੇ ਦੇਹ ਅਤੇ ਬਾਕੀ ਗੱਲ ਆਪਾਂ ਇਕੱਠੇ ਬਹਿ ਕੇ ਕਰਾਂਗੇ”

ਬਲਜੀਤ ਇੱਕ ਦਮ ਬੋਲਿਆ”ਡੈਡੀ, ਪੈਸੇ ਤੁਹਾਡੇ ਕੋਲ ਹੋਣ ਜਾਂ ਮੇਰੇ ਕੋਲ, ਗੱਲ ਤਾਂ ਇੱਕ ਈ ਆ”

ਪਿਆਰਾ ਸਿੰਘ ਕਿਹੜਾ ਕੱਚਾ ਕੂਲ਼ਾ ਸੀ, ਉਸਨੇ ਉਸੇ ਵੇਲੇ ਜਵਾਬ ਦਿੱਤਾ”ਮੈਂ ਵੀ ਇਹੋ ਕਹਿਨਾਂ ਵਾਂ ਕਿ ਪੈਸੇ ਤੇਰੇ ਕੋਲ ਹੋਣ ਜਾਂ ਮੇਰੇ ਕੋਲ, ਗੱਲ ਤਾਂ ਇੱਕ ਹੀ ਆ। ਇਸ ਵਾਸਤੇ ਮੇਰੇ ਪੈਸਿਆਂ ਦਾ ਚੈੱਕ ਮੈਨੂੰ ਦੇ ਦੇਹ”

ਇਹ ਸਮਝਦਿਆਂ ਕਿ ਜੇ ਮੈਂ ਨਾਂਹ ਨੁੱਕਰ ਕੀਤੀ, ਕਿਤੇ ਗੱਲ ਹੋਰ ਨਾ ਵਿਗੜ ਜਾਵੇ, ਬਲਜੀਤ ਨੇ ਦਸਤਖਤ ਕਰਕੇ ਚੈੱਕ ਉਸਨੂੰ ਫੜਾ ਦਿੱਤਾ।

ਉਸ ਦਿਨ ਪਿਆਰਾ ਸਿੰਘ ਨੂੰ ਛੁੱਟੀ ਸੀ। ਸ਼ਾਮ ਨੂੰ ਜਦੋਂ ਬਲਜੀਤ ਅਤੇ ਰੁਪਿੰਦਰ ਕੰਮ ਤੋਂ ਆ ਗਏ ਤਾਂ ਚਾਹ ਪੀਣ ਵੇਲੇ ਪਿਆਰਾ ਸਿੰਘ ਨੇ ਦੋਹਾਂ ਨੂੰ ਆਪਣੇ ਕੋਲ ਸੱਦ ਕੇ ਲੈਣ ਵਾਲੇ ਮਕਾਨ ਬਾਰੇ ਗੱਲ ਛੇੜ ਲਈ ਅਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰ ਲਿਆ ਤਾਂਕਿ ਬਾਅਦ ਵਿਚ ਕੋਈ ਝਗੜਾ ਨਾ ਪਵੇ। ਇਹ ਫੈਸਲਾ ਹੋਇਆ ਕਿ ਉਹ ਮਕਾਨ ਵਿੱਚ ਅੱਧ ਦਾ ਮਾਲਕ ਹੋਵੇਗਾ ਅਤੇ ਉਹ ਸ਼ੁਰੂ ਵਾਲੀ ਅਤੇ ਉਸ ਤੋਂ ਪਿੱਛੋਂ ਮੌਰਟਗੇਜ ਦੀ ਅੱਧੀ ਅਦਾਇਗੀ ਕਰੇਗਾ। ਬਾਕੀ ਬਿੱਲਾਂ ਦੀ ਅਦਾਇਗੀ ਵਿੱਚ ਉਹ ਤੀਸਰੇ ਹਿੱਸੇ ਦਾ ਭਾਈਵਾਲ ਹੋਵੇਗਾ। ਰੁਪਿੰਦਰ ਜੋ ਹੁਣ ਤੱਕ ਆਪਣੇ ਸਹੁਰੇ ਨੂੰ ਐਵੇਂ ਟਿੱਚ ਜਿਹਾ ਸਮਝਦੀ ਸੀ, ਨੂੰ ਆਪਣੀ ਅਤੇ ਆਪਣੇ ਸਹੁਰੇ ਦੀ ਹੈਸੀਅਤ ਦਾ ਚਾਨਣਾ ਹੋ ਗਿਆ।

ਨਵੇਂ ਮਕਾਨ ਵਿੱਚ ਕੀਰਤਨ ਅਤੇ ਲੰਗਰ ਤੋਂ ਪਿੱਛੋਂ ਜਦੋਂ ਸਾਰੇ ਰਿਸ਼ਤੇਦਾਰ ਅਤੇ ਦੋਸਤ ਜਾਣ ਲੱਗੇ ਤਾਂ ਰੁਪਿੰਦਰ ਦੀ ਮਾਤਾ ਨੇ ਅਸਿੱਧੇ ਤੌਰ ’ਤੇ ਪਿਆਰਾ ਸਿੰਘ ਨੂੰ ਇੱਕ ਟਿੱਚਰ ਜਿਹੀ ਕਰ ਦਿੱਤੀ। ਪਿਆਰਾ ਸਿੰਘ ਤਾਂ ਇਸ ਲਈ ਚੁੱਪ ਰਿਹਾ ਕਿ ਇਹ ਸਾਡੇ ਘਰ ਆਏ ਮਹਿਮਾਨ ਹਨ, ਚੁੱਪ ਰਹਿਣਾ ਹੀ ਬੇਹਤਰ ਹੈ, ਪਰ ਬਲਜੀਤ ਨੂੰ ਉਹ ਗੱਲ ਬਹੁਤ ਚੁੱਭਵੀਂ ਲੱਗੀ। ਪਹਿਲਾਂ ਵੀ ਰੁਪਿੰਦਰ ਦੀ ਮਾਤਾ ਨੇ ਕਈ ਵਾਰ ਇਹਨਾਂ ਦੇ ਘਰ ਆਕੇ ‘ਐਂ ਕਰੋ, ਐਂ ਨਾ ਕਰੋ’ ਕਹਿ ਕੇ ਹੁਕਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਬਲਜੀਤ ਇਸ ਕਰਕੇ ਚੁੱਪ ਰਹਿੰਦਾ ਕਿ ਚਲੋ ਬਜ਼ੁਰਗ ਹਨ, ਆਪੇ ਹਟ ਜਾਣਗੇ ਅਤੇ ਗੱਲ ਹਊ ਪਰੇ ਕਰਕੇ ਟਾਲ ਦਿੰਦਾ ਪਰ ਇਸ ਵਾਰ ਇਹ ਗੱਲ ਉਸਦੀ ਬਰਦਾਸ਼ਤ ਤੋਂ ਬਾਹਰ ਸੀ ਅਤੇ ਉਸਨੇ ਆਪਣੀ ਸੱਸ ਨੂੰ ਇੱਕ ਪਾਸੇ ਕਰ ਕੇ ਕਹਿ ਦਿੱਤਾ”ਮੰਮੀ ਜੀ, ਤੁਹਾਡੀ ਗੱਲ ਮੈਂ ਸੁਣ ਵੀ ਲਈ ਏ ਤੇ ਸਮਝ ਵੀ ਲਈ ਏ। ਜੇ ਫਿਰ ਸਾਡੇ ਘਰ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਘਰ ਪੈਰ ਨਾ ਪਾਉਣਾ”

ਜਦੋਂ ਸ਼ਾਮ ਵੇਲੇ ਰੁਪਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ, ਉਸਨੇ ਤਾਂ ਘਰ ਸਿਰ ’ਤੇ ਚੁੱਕ ਲਿਆ। ਨਵਾਂ ਘਰ ਲੈਣ ਦੀ ਖੁਸ਼ੀ ਜੋ ਉਹ ਸਾਰੇ ਕਈ ਚਿਰਾਂ ਤੋਂ ਲੋਚ ਰਹੇ ਸਨ, ਉਸਦਾ ਰੱਤੀ ਭਰ ਹਿੱਸਾ ਵੀ ਇਹਨਾਂ ਨੂੰ ਉਸ ਦਿਨ ਨਸੀਬ ਨਾ ਹੋਇਆ। ਪਿਆਰਾ ਸਿੰਘ ਨੇ ਸਿਆਣਪ ਦਿਖਾਉਂਦਿਆਂ ਦੋਹਾਂ ਨੂੰ ਚੁੱਪ ਤਾਂ ਕਰਾ ਦਿੱਤਾ ਪਰ ਘਰ ਦਾ ਮਹੌਲ ਦਿਨੋ ਦਿਨ ਖਰਾਬ ਹੁੰਦਾ ਗਿਆ।

ਕੈਨੇਡਾ ਨੂੰ ਆਉਣ ਲੱਗਿਆਂ ਪਿਆਰਾ ਸਿੰਘ ਨੇ ਖੁਸ਼ੀ ਦੇ ਜਿਹੜੇ ਬੀਜ ਆਪਣੇ ਦਿਲ ਵਿਚ ਬੀਜੇ ਸਨ, ਉਹਨਾਂ ਨੂੰ ਹੁਣ ਫੁੱਲ ਨਹੀਂ, ਕੰਡੇ ਨਿਕਲ ਆਏ ਸਨ। ਸੋਚਾਂ ਸੋਚਦਿਆਂ ਕਈ ਵਾਰ ਅੱਧੀ ਤੋਂ ਵੱਧ ਰਾਤ ਲੰਘ ਜਾਂਦੀ, ਪਰ ਉਸ ਦੀਆਂ ਅੱਖਾਂ ਦੀਆਂ ਬਰੂਹਾਂ ਵਿੱਚ ਨੀਂਦ ਨਾ ਟਪਕਦੀ ਅਤੇ ਉਹ ਸੋਚਣ ਲੱਗ ਪੈਂਦਾ ਕਿ ਉਹ ਕੈਨੇਡਾ ਕੀ ਲੈਣ ਆਇਆ ਸੀ? ਅਤੇ ਐਥੇ ਆਕੇ ਉਸਨੇ ਕੀ ਖੱਟਿਆ ਅਤੇ ਕੀ ਗਵਾਇਆ ਸੀ?

ਪਿਆਰਾ ਸਿੰਘ ਦਾ ਪੋਤਰਾ ਹੁਣ ਚਾਰ ਕੁ ਸਾਲ ਦਾ ਹੋ ਗਿਆ ਅਤੇ ਉਸਨੂੰ ਆਪਣੇ ਲਾਗੇ ਦੇ ਸਕੂਲ ਵਿਚ ਕੇ. ਜੀ. ਕਲਾਸ ਵਿੱਚ ਦਾਖਲਾ ਮਿਲ ਗਿਆ। ਇਸ ਕਲਾਸ ਦਾ ਸਮਾਂ ਸਵੇਰੇ ਸਾਢੇ ਅੱਠ ਵਜੇ ਤੋਂ ਸਾਢੇ ਗਿਆਰਾਂ ਵਜੇ ਤੱਕ ਸੀ। ਪੋਤਰੇ ਨੂੰ ਸਕੂਲ ਛੱਡਣ ਅਤੇ ਉੱਥੋਂ ਲਿਆਉਣ ਦੀ ਜ਼ਿੰਮੇਦਾਰੀ ਪਿਆਰਾ ਸਿੰਘ ਨੇ ਲੈ ਲਈ। ਇਸੇ ਦੁਰਾਨ ਉਸਦੀ ਇੱਕ ਗੋਰੀ ਜਨਾਨੀ ਜੈਨੀਫਰ ਜੋ ਆਪਣੀ ਦੋਹਤੀ ਨੂੰ ਸਕੂਲ ਛੱਡਣ ਜਾਂਦੀ ਹੁੰਦੀ ਸੀ, ਨਾਲ ਵਾਕਫੀ ਹੋ ਗਈ।

ਰੋਜ ਵਾਂਗ ਇੱਕ ਦਿਨ ਜਦੋਂ ਪਿਆਰਾ ਸਿੰਘ ਪੋਤਰੇ ਨੂੰ ਸਕੂਲ ਛੱਡਣ ਗਿਆ ਸੀ ਤਾਂ ਜੈਨੀਫਰ ਉਸਨੂੰ ਉੱਥੇ ਮਿਲ ਪਈ। ਵਾਪਸੀ ਵੇਲੇ ਉਹ ਵੀ ਪਿਆਰਾ ਸਿੰਘ ਦੇ ਨਾਲ ਹੀ ਤੁਰ ਪਈ ਅਤੇ ਆਪਣੇ ਘਰ ਕੋਲ ਆਕੇ ਉਸਨੇ ਕਿਹਾ,” ਆਉ ਇਕੱਠੇ ਕੌਫੀ ਪੀਨੇ ਆਂ, ਨਾਲੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਏਂ”

ਪਿਆਰਾ ਸਿੰਘ ਕੁਝ ਨਾ ਬੋਲਿਆ ਅਤੇ ਉਸਦੇ ਨਾਲ ਘਰ ਅੰਦਰ ਚਲਾ ਗਿਆ। ਪਿਆਰਾ ਸਿੰਘ ਨੂੰ ਕੌਫੀ ਦਾ ਕੱਪ ਫੜਾਉਂਦਿਆਂ ਜੈਨੀਫਰ ਨੇ ਕਿਹਾ,” ਉਸ ਦਿਨ ਤੁਹਾਥੋਂ ਤੁਹਾਡੀ ਪਤਨੀ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹਨਾਂ ਦੀ ਮੌਤ ਕਿਵੇਂ ਹੋਈ”?

ਪਿਆਰਾ ਸਿੰਘ ਨੇ ਸਿਰਫ ਇੰਨਾ ਹੀ ਕਿਹਾ,” ਦਿਲ ਦਾ ਦੌਰਾ ਪੈਣ ਨਾਲ” ...

ਕੁਝ ਚਿਰ ਚੁੱਪ ਰਹਿਣ ਪਿੱਛੋਂ ਜੈਨੀਫਰ ਨੇ ਕਿਹਾ”ਇਕੱਲੇ ਰਹਿਣ ਦਾ ਦੁੱਖ ਮੇਰੇ ਤੋਂ ਜ਼ਿਆਦਾ ਹੋਰ ਕੌਣ ਮਹਿਸੂਸ ਕਰ ਸਕਦਾ ਏ? ਚਾਰ ਕੁ ਸਾਲ ਪਹਿਲਾਂ ਮੇਰੇ ਪਤੀ ਨੇ ਮੈਨੂੰ ਤਲਾਕ ਦੇਕੇ ਆਪਣੀ ਕੰਪਨੀ ਵਿਚ ਕੰਮ ਕਰਦੀ ਇੱਕ ਲੜਕੀ ਨਾਲ ਵਿਆਹ ਕਰਾ ਲਿਆ। ਮੈਥੋਂ ਵੀ ਪਹਿਲੋਂ ਪਹਿਲ ਇਹ ਦੁੱਖ ਨਹੀਂ ਸੀ ਜਰਿਆ ਗਿਆ। ਚਲੋ, ਇੱਕ ਅਹਿਸਾਨ ਉਸਨੇ ਮੇਰੇ ਉੱਤੇ ਕਰ ਦਿੱਤਾ ਕਿ ਇਹ ਮਕਾਨ ਜੋ ਕਰਜੇ ਤੋਂ ਮੁਕਤ ਹੈ, ਮੈਨੂੰ ਤੋਹਫੇ ਦੇ ਤੌਰ ’ਤੇ ਦੇ ਦਿੱਤਾ ਅਤੇ ਮੈਂ ਦਰ ਦਰ ਭਟਕਣ ਤੋਂ ਬਚ ਗਈ। ... ਮੇਰੀ ਇੱਕ ਲੜਕੀ ਹੈ ਜੋ ਇਸ ਘਰ ਤੋਂ ਦੋ ਕੁ ਗਲੀਆਂ ਦੂਰ ਰਹਿੰਦੀ ਏ। ਉਹ ਆਪਣੀ ਲੜਕੀ ਨੂੰ ਸਵੇਰੇ ਕੰਮ ’ਤੇ ਜਾਣ ਤੋਂ ਪਹਿਲਾਂ ਐਥੇ ਮੇਰੇ ਕੋਲ ਛੱਡ ਜਾਂਦੀ ਏ ਅਤੇ ਸ਼ਾਮਾਂ ਨੂੰ ਆ ਕੇ ਲੈ ਜਾਂਦੀ ਏ”

ਪਿਆਰਾ ਸਿੰਘ ਨੇ ਪੁੱਛਿਆ”ਤਲਾਕ ਤੋਂ ਪਿੱਛੋਂ ਤੁਸੀਂ ਆਪਣੇ ਘਰ ਵਾਲੇ ਨੂੰ ਕਦੀ ਮਿਲੇ ਹੋ ਕਿ ਨਹੀਂ”?

ਜੈਨੀਫਰ ਬੋਲੀ,” ਅਸੀਂ ਤਕਰੀਬਨ ਮਹੀਨੇ ਵਿੱਚ ਇੱਕ ਵਾਰੀਂ ਇਕੱਠੇ ਡਿਨਰ ਕਰਦੇ ਆਂ। ਕਦੀ ਉਹ ਇੱਥੇ ਆ ਜਾਂਦਾ ਏ ਤੇ ਕਦੀ ਅਸੀਂ ਮਾਵਾਂ ਧੀਆਂ ਉਸਦੇ ਘਰ ਚਲੇ ਜਾਂਦੇ ਆਂ”

ਜੈਨੀਫਰ ਨੇ ਇੱਕ ਲੰਬਾ ਹਉਕਾ ਲਿਆ ਅਤੇ ਪਿਆਰਾ ਸਿੰਘ ਨੂੰ ਪੁੱਛਿਆ”ਤੁਸੀਂ ਕਿੱਥੇ ਕੰਮ ਕਰਦੇ ਹੋ”?

ਪਿਆਰਾ ਸਿੰਘ ਬੋਲਿਆ, “ਮੈਂ ਇੱਕ ਸਕਿਉਰਿਟੀ ਕੰਪਨੀ ਵਿੱਚ ਕੰਮ ਕਰਦਾ ਸਾਂ। ਦੋ ਕੁ ਮਹੀਨੇ ਪਹਿਲਾਂ ਉਹ ਕੰਪਨੀ ਬੰਦ ਹੋ ਗਈ। ਅੱਜ ਕੱਲ ਮੈਂ ਘਰੇ ਹੀ ਰਹਿੰਦਾ ਹਾਂ”

ਜੈਨੀਫਰ ਨੇ ਕਿਹਾ,” ਮੈਂ ਐਥੇ ਲਾਗੇ ਹੀ ਇੱਕ ਕੰਪਨੀ ਵਿਚ ਸੁਪਰਵਾਈਜ਼ਰ ਦੇ ਤੌਰ ’ਤੇ ਕੰਮ ਕਰਦੀ ਹਾਂ। ਉੱਥੇ ਇੱਕ ਦੋ ਅਸਾਮੀਆਂ ਖਾਲੀ ਹਨ, ਜੇ ਚਾਹੋ ਤਾਂ ਅਰਜੀ ਦੇ ਦਿਉ”

ਅੰਨ੍ਹਾ ਕੀ ਭਾਲੇ, ਦੋ ਅੱਖੀਆਂ। ਪਿਆਰਾ ਸਿੰਘ ਦਾ ਚਿਹਰਾ ਖੁਸ਼ੀ ਨਾਲ ਖਿੜ ਉੱਠਿਆ ਅਤੇ ਉਸਨੇ ਇੱਕ ਦਮ ਕਿਹਾ”ਸੱਚ”?

ਦੋ ਕੁ ਦਿਨਾਂ ਬਾਅਦ ਪਿਆਰਾ ਸਿੰਘ ਨੇ ਜੈਨੀਫਰ ਵਾਲੀ ਕੰਪਨੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜੈਨੀਫਰ ਦਾ ਕੰਮ ਸ਼ਾਮ ਚਾਰ ਵਜੇ ਤੋਂ ਰਾਤ ਬਾਰਾਂ ਵਜੇ ਤਕ ਦਾ ਸੀ ਅਤੇ ਇਹੋ ਸ਼ਿਫਟ ਉਸਨੇ ਪਿਆਰਾ ਸਿੰਘ ਨੂੰ ਦਿਵਾ ਦਿੱਤੀ। ਕੁਝ ਦਿਨਾਂ ਪਿੱਛੋਂ ਜੈਨੀਫਰ ਨੇ ਪਿਆਰਾ ਸਿੰਘ ਨੂੰ ਕਿਹਾ,” ਤੁਹਾਡਾ ਹਰ ਰੋਜ ਬੱਸ ਵਿਚ ਸਫਰ ਕਰਨਾ ਮੈਨੂੰ ਅੱਛਾ ਨਹੀਂ ਲਗਦਾ। ਜੇ ਤੁਸੀਂ ਬੁਰਾ ਮਹਿਸੂਸ ਨਾ ਕਰੋ ਤਾਂ ਆਪਾਂ ਦੋਵੇਂ ਇਕੱਠੇ ਕਾਰ ਵਿਚ ਆ ਜਾ ਸਕਦੇ ਹਾਂ”

ਪਿਆਰਾ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ‘ਹਾਂ’ ਦਾ ਇਸ਼ਾਰਾ ਕੀਤਾ। ਇੱਕ ਦਮ ਜੈਨੀਫਰ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਪਿਆਰਾ ਸਿੰਘ ਨੂੰ ਪਤਾ ਹੀ ਨਾ ਲੱਗਾ ਕਿ ਹਾਂ ਵਿਚ ਹਾਂ ਮਿਲਾਉਣ ਲਈ ਕਿਸ ਵੇਲੇ ਉਸਦਾ ਹੱਥ ਜੈਨੀਫਰ ਦੇ ਹੱਥ ਵਿੱਚ ਆ ਗਿਆ

ਇੱਕ ਦਿਨ ਕੰਮ ਵੇਲੇ ਪਿਆਰਾ ਸਿੰਘ ਨੇ ਵੇਖਿਆ ਕਿ ਜੈਨੀਫਰ ਬਾਰ ਬਾਰ ਆਪਣਾ ਸਿਰ ਫੜ ਕੇ ਘੁੱਟ ਰਹੀ ਸੀ। ਜਦੋਂ ਉਸਨੇ ਪੁੱਛਿਆ ਤਾਂ ਜੈਨੀਫਰ ਨੇ ਦੱਸਿਆ ਕਿ ਉਸਨੂੰ ਚੱਕਰ ਆ ਰਹੇ ਸਨ ਅਤੇ ਕੌਫੀ ਪੀਣ ਬਾਅਦ ਉਹ ਕਾਫੀ ਠੀਕ ਮਹਿਸੂਸ ਕਰ ਰਹੀ ਸੀ। ਕੰਮ ਪਿੱਛੋਂ ਘਰ ਵਾਪਸ ਆਕੇ ਜਦੋਂ ਉਹ ਕਾਰ ਵਿੱਚੋਂ ਬਾਹਰ ਨਿਕਲੀ ਤਾਂ ਫਿਰ ਚੱਕਰ ਜਿਹਾ ਆਇਆ ਅਤੇ ਉਹ ਡਿਗਦੀ ਡਿਗਦੀ ਮਸਾਂ ਬਚੀ। ਪਿਆਰਾ ਸਿੰਘ ਨੇ ਉਸਨੂੰ ਸਹਾਰਾ ਦਿੱਤਾ ਅਤੇ ਉੱਪਰ ਜਾਕੇ ਬਿਸਤਰੇ ਉੱਤੇ ਲਿਟਾ ਦਿੱਤਾ।

ਜੈਨੀਫਰ ਨੇ ਹੌਲੀ ਜਿਹੀ ਕਿਹਾ,” ਇੱਕ ਕੱਪ ਕੌਫੀ ਦਾ ਬਣਾ ਦਿਉ।”

ਪਿਆਰਾ ਸਿੰਘ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਅਤੇ ਹੱਸਦੇ ਹੋਏ ਨੇ ਕਿਹਾ,” ਜਰੂਰ, ਬੱਸ ਮੈਂ ਹੁਣੇ ਦੋ ਮਿੰਟਾਂ ਵਿੱਚ ਆਇਆ”

ਕੌਫੀ ਦਾ ਕੱਪ ਜੈਨੀਫਰ ਦੇ ਹੱਥ ਵਿਚ ਫੜਾਉਂਦਿਆਂ ਪਿਆਰਾ ਸਿੰਘ ਨੇ ਕਿਹਾ”ਮੈਡਮ, ਅੱਜ ਮੇਰੇ ਹੱਥ ਦੀ ਬਣੀ ਮੇਰੇ ਵਰਗੀ ਕੌਫੀ ਪੀਉ”

ਕੌਫੀ ਪੀਂਦੇ ਹੋਏ ਜੈਨੀਫਰ ਨੇ ਹੱਸਦੇ ਹੋਏ ਕਿਹਾ,” ਇਹ ਤਾਂ ਐਨੀ ਸੁਆਦਲੀ ਏ ਕਿ ਦਿਲ ਕਰਦਾ ਏ ਹਰ ਵਾਰ ਤੁਹਾਡੇ ਹੱਥ ਦੀ ਬਣੀ ਹੋਈ ਕੌਫੀ ਪੀਵਾਂ”

ਪਿਆਰਾ ਸਿੰਘ ਇਹ ਸੁਣ ਕੇ ਖੁਸ਼ ਤਾਂ ਹੋਇਆ ਪਰ ਨਾਲ ਹੀ ਸੋਚਾਂ ਵਿੱਚ ਪੈ ਗਿਆ ਕਿ ਜੇ ਉਹ ਆਪਣੇ ਘਰ ਚਲਾ ਜਾਂਦਾ ਹੈ ਤਾਂ ਇਹ ਸੋਚੇਗੀ ਕਿ ਸਿਹਤ ਖਰਾਬ ਹੋਣ ਦੇ ਬਾਵਯੂਦ ਇਹ ਆਪਣੇ ਘਰ ਕਿਉਂ ਚਲਾ ਗਿਆ? ਜੇ ਉਹ ਇੱਥੇ ਠਹਿਰਦਾ ਹੈ ਤਾਂ ਇਹ ਸੋਚੇਗੀ ਕਿ ਪਤਾ ਨਹੀਂ ਮੇਰੇ ਮਨ ਵਿਚ ਕੋਈ ਖੋਟ ਹੈ। ਅਜੇ ਉਹ ਇਸ ਦੁਬਿਧਾ ਵਿਚ ਉਲਝ ਹੀ ਰਿਹਾ ਸੀ ਕਿ ਜੈਨੀਫਰ ਨੇ ਕਿਹਾਪਿਆਰਾ ਸਿੰਘ ਜੀ, ਮੈਂ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਜੇ ਮੇਰੀ ਸਿਹਤ ਕਿਸੇ ਵੇਲੇ ਖਰਾਬ ਹੋ ਗਈ ਤਾਂ ਰਾਤ ਵੇਲੇ ਮੈਂ ਕਿਸ ਨੂੰ ਬੁਲਾਵਾਂਗੀ? ਜੇ ਤੁਸੀਂ ਮਹਿਸੂਸ ਨਾ ਕਰੋ ਤਾਂ ਅੱਜ ਰਾਤ ਇੱਥੇ ਹੀ ਠਹਿਰ ਜਾਉ”

ਦਿਲੋਂ ਤਾਂ ਪਿਆਰਾ ਸਿੰਘ ਵੀ ਇਹੋ ਚਾਹੁੰਦਾ ਸੀ ਪਰ ਗੰਭੀਰ ਜਿਹਾ ਹੋਕੇ ਹੌਲੀ ਜਿਹੀ ਬੋਲਿਆ”ਮੈਡਮ, ਸੱਚ ਪੁੱਛੋ ਤਾਂ ਮੈਨੂੰ ਤੁਹਾਡੀ ਸਿਹਤ ਦਾ ਬਹੁਤ ਫਿਕਰ ਹੈ। ਮੈਂ ਇੱਥੇ ਰਾਤ ਰਹਿ ਕੇ ਬਹੁਤ ਖੁਸ਼ੀ ਮਹਿਸੂਸ ਕਰਾਂਗਾ”

ਉਸ ਰਾਤ ਉਸ ਕਮਰੇ ਦੀ ਬਿਜਲੀ ਬੰਦ ਨਹੀਂ ਸੀ ਹੋਈ ਅਤੇ ਉਹਨਾਂ ਨੇ ਢੇਰ ਸਾਰੀਆਂ ਗੱਲਾਂ ਕੀਤੀਆਂ। ਮੂੰਹ ਹਨੇਰਾ ਜਿਹਾ ਹੋਇਆ ਤਾਂ ਜੈਨੀਫਰ ਐਨੀ ਖੁਸ਼ ਸੀ ਕਿ ਉਸਦਾ ਦਿਲ ਕਰਦਾ ਸੀ ਪਈ ਉਹ ਬਾਹਰ ਨਿਕਲ ਕੇ ਉੱਚੀ ਉੱਚੀ ਹੱਸੇ ਅਤੇ ਆਪਣੇ ਦਿਲ ਦੀ ਖੁਸ਼ੀ ਸਾਰੀ ਹਵਾ ਵਿਚ ਖਿਲਾਰ ਦੇਵੇ। ਜਦੋਂ ਸਵੇਰ ਵੇਲੇ ਪਿਆਰਾ ਸਿੰਘ ਆਪਣੇ ਘਰ ਜਾਣ ਲਈ ਬਾਹਰ ਨਿਕਲਿਆ ਤਾਂ ਨਾਲਦੇ ਘਰ ਵਾਲਾ ਬਾਹਰ ਖੜ੍ਹਾ ਕਾਲਾ ਆਦਮੀ ਉਸ ਵੱਲ ਵੇਖਕੇ ਮੁਸਕਰਾ ਪਿਆ। ਪਿਆਰਾ ਸਿੰਘ ਨੂੰ ਆਪਣੇ ਦਿਲ ਦਾ ਪਾਲਾ ਹੀ ਮਾਰ ਗਿਆ ਅਤੇ ਉਹ ਨੀਵੀਂ ਪਾਕੇ ਘਰ ਵੱਲ ਤੁਰ ਪਿਆ।

ਪਿਆਰਾ ਸਿੰਘ ਜਦੋਂ ਸਵੇਰੇ ਜਿਹੇ ਆਪਣੇ ਘਰ ਗਿਆ ਤਾਂ ਬਲਜੀਤ ਦੇ ਪੁੱਛਣ ’ਤੇ ਉਸਨੇ ਕਿਹਾ ਕਿ ਉਸਦੇ ਕਿਸੇ ਦੋਸਤ ਦੀ ਸਿਹਤ ਖਰਾਬ ਹੋ ਗਈ ਸੀ ਅਤੇ ਉਸਦੀ ਮਦਦ ਕਰਨ ਵਾਸਤੇ ਉਸਦੇ ਘਰ ਰਹਿਣਾ ਪਿਆ। ਹੁਣ ਪਿਆਰਾ ਸਿੰਘ ਹਰ ਹਫਤੇ ਇੱਕ ਦੋ ਵਾਰੀਂ ਜੈਨੀਫਰ ਦੇ ਘਰ ਰਾਤ ਵੇਲੇ ਠਹਿਰ ਜਾਂਦਾ ਅਤੇ ਬਲਜੀਤ ਨੂੰ ਹਰ ਵਾਰੀਂ ਕੋਈ ਨਾ ਕੋਈ ਨਵਾਂ ਬਹਾਨਾ ਬਣਾ ਕੇ ਦੱਸ ਦਿੰਦਾ। ਇਸ ਤੋਂ ਬਚਣ ਲਈ ਹੁਣ ਉਹਨਾਂ ਨੇ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਮਿਲਣਾ ਸ਼ੁਰੂ ਕਰ ਦਿੱਤਾ।

ਇੱਕ ਦੋ ਵਾਰ ਪਿਆਰਾ ਸਿੰਘ ਨੇ ਆਪਣੀ ਬੇਟੀ ਨਾਲ ਸਰਸਰੀ ਜਿਹੇ ਗੱਲ ਕੀਤੀ ਕਿ ਉਸਦੇ ਗਵਾਂਢ ਵਿੱਚ ਰਹਿੰਦੀ ਇੱਕ ਗੋਰੀ ਜਨਾਨੀ ਦੀ ਮਦਦ ਨਾਲ ਉਸਨੂੰ ਨੌਕਰੀ ਮਿਲ ਗਈ ਏ ਅਤੇ ਮੈਂ ਹੁਣ ਬਹੁਤ ਖੁਸ਼ ਹਾਂ। ਬੇਟੀ ਨੇ ਜਵਾਬ ਵਿੱਚ ਇਹੋ ਕਿਹਾ ਸੀ ਕਿ ਉਹਨਾਂ ਨੂੰ ਬਗਾਨੇ ਲੋਕਾਂ ਕੋਲੋਂ ਬਚਕੇ ਰਹਿਣ ਦੀ ਲੋੜ ਹੈ ਅਤੇ ਉਸਨੇ ਇਹ ਵੀ ਪੱਕੀ ਕੀਤੀ ਸੀ ਕਿ ਉਹ ਅਜੇ ਨਵੇਂ ਨਵੇਂ ਕੈਨੇਡਾ ਗਏ ਹਨ ਅਤੇ ਹਰ ਗੱਲ ਵਿੱਚ ਬਲਜੀਤ ਵੀਰ ਦੀ ਸਲਾਹ ਜਰੂਰ ਲੈਣ। ਪਰ ਪਿਆਰਾ ਸਿੰਘ ਨੇ ਤਾਂ ਬੇਟੀ ਨੂੰ ਘਰ ਦੀ ਅਸਲੀ ਤਸਵੀਰ ਦਿਖਾਈ ਹੀ ਨਹੀਂ ਸੀ ਕਿ ਘਰ ਵਿੱਚ ਕਿਸ ਤਰ੍ਹਾਂ ਦੀ ਕੜ੍ਹੀ ਘੁਲ਼ਦੀ ਏ? ਉਹ ਸ਼ਾਇਦ ਇਹੋ ਸੋਚਦਾ ਸੀ ਕਿ ਬੇਟੀ ਕਰ ਤਾਂ ਕੁਝ ਨਹੀਂ ਸਕਦੀ, ਐਂਵੇ ਦੂਰ ਬੈਠੀ ਦੁਖੀ ਹੋਵੇਗੀ। ਜਦੋਂ ਕਿਤੇ ਬਲਜੀਤ ਆਪਣੀ ਭੈਣ ਨਾਲ ਗੱਲ ਕਰਦਾ ਤਾਂ ਉਹ ਵੀ ਸਰਸਰੀ ਜਿਹੀਆਂ ਦੋ ਚਾਰ ਗੱਲਾਂ ਕਰਕੇ ਫੋਨ ਬੰਦ ਕਰ ਦਿੰਦਾ।

ਕੁਝ ਦਿਨਾਂ ਪਿੱਛੋਂ ਪਿਆਰਾ ਸਿੰਘ ਜਦੋਂ ਆਪਣੇ ਪੋਤਰੇ ਨੂੰ ਸਕੂਲ ਛੱਡਣ ਗਿਆ ਤਾਂ ਉਸਨੂੰ ਆਪਣੇ ਤੋਂ ਕੁਝ ਵੱਡੀ ਉਮਰ ਦਾ ਇੱਕ ਹੋਰ ਪੂਰੇ ਸਿੱਖੀ ਸਰੂਪ ਵਾਲਾ ਸਰਦਾਰ ਉੱਥੇ ਮਿਲ ਪਿਆ ਜੋ ਆਪਣੀ ਦੋਹਤੀ ਨੂੰ ਸਕੂਲ ਛੱਡਣ ਆਇਆ ਸੀ। ਉਸਨੇ ਆਪਣਾ ਨਾਮ ਕਰਤਾਰ ਸਿੰਘ ਦੱਸਿਆ। ਨਾਂਹ ਕਰਨ ਦੇ ਬਾਵਯੂਦ ਉਹ ਪਿਆਰਾ ਸਿੰਘ ਨੂੰ ਚਾਹ ਪੀਣ ਦੇ ਬਹਾਨੇ ਸਕੂਲ ਦੇ ਲਾਗੇ ਆਪਣੇ ਘਰ ਲੈ ਗਿਆ। ਚਾਹ ਪੀਣ ਵੇਲੇ ਕਰਤਾਰ ਸਿੰਘ ਨੇ ਪਿਆਰਾ ਸਿੰਘ ਨੂੰ ਆਪਣੇ ਬਾਰੇ ਸੰਖੇਪ ਜਿਹੀ ਜਾਣਕਾਰੀ ਦਿੱਤੀ ਅਤੇ ਫਿਰ ਉਸਨੂੰ ਆਪਣੇ ਬਾਰੇ ਦੱਸਣ ਲਈ ਕਿਹਾ। ਪਿਆਰਾ ਸਿੰਘ ਨੇ ਸਾਰੀ ਗੱਲ ਸੁਣ ਕੇ ਜਦੋਂ ਕਰਤਾਰ ਸਿੰਘ ਦੀ ਜਿੰਦਗੀ ਦਾ ਆਪਣੀ ਜਿੰਦਗੀ ਨਾਲ ਮੁਕਾਬਲਾ ਕੀਤਾ ਤਾਂ ਉਸਨੂੰ ਜਾਪਿਆ ਜਿਵੇਂ ਜ਼ਮੀਨ ਅਸਮਾਨ ਦਾ ਫਰਕ ਹੋਵੇ। ਪਹਿਲੀ ਹੀ ਮਿਲਣੀ ਵਿਚ ਇੱਕ ਅਨਜਾਣ ਆਦਮੀ ਨਾਲ ਆਪਣੇ ਘਰ ਬਾਰੇ ਸਾਰੀਆਂ ਗੱਲਾਂ ਕਰਨੀਆਂ ਉਸਨੇ ਠੀਕ ਨਾ ਸਮਝਿਆ ਅਤੇ ਸਧਾਰਨ ਜਿਹੀ ਗੱਲਬਾਤ ਕਰਕੇ ਉਹ ਘਰ ਆ ਗਿਆ।

ਕੁਝ ਤਾਂ ਘਰ ਵਿਚਲੀ ਤਲਖੀ ਅਤੇ ਕੁਝ ਜੈਨੀਫਰ ਨਾਲ ਬਣੀ ਦੋਸਤੀ ਦੀਆਂ ਗੱਲਾਂ ਉਸਦੇ ਮਨ ਵਿਚ ਦਿਨੇ ਰਾਤ ਘੁੰਮਣ ਲੱਗੀਆਂ। ਜਿਵੇਂ ਆਮ ਕਹਾਵਤ ਹੈ ਕਿ ਕੰਧ ਕੋਲੋਂ ਵੀ ਸਲਾਹ ਲੈ ਲੈਣੀ ਚਾਹੀਦੀ ਹੈ, ਉਸਨੇ ਕਰਤਾਰ ਸਿੰਘ ਨੂੰ ਆਪਣਾ ਹਮਰਾਜ਼ ਬਣਾਉਣ ਦਾ ਵਿਚਾਰ ਬਣਾ ਲਿਆ। ਉਸਦੇ ਦਿਲ ਵਿੱਚ ਇਹ ਵੀ ਵਿਚਾਰ ਸੀ ਕਿ ਭਵਿੱਖ ਵਿਚ ਜੈਨੀਫਰ ਵਾਲੀ ਗੱਲ ਦਾ ਜੇ ਕੋਈ ਪੰਗਾ ਪੈ ਗਿਆ ਤਾਂ ਕਮ ਸੇ ਕਮ ਉਸਦਾ ਕੋਈ ਗਵਾਹ ਤਾਂ ਹੋਵੇਗਾ। ਜਦੋਂ ਉਸਨੇ ਕਰਤਾਰ ਸਿੰਘ ਨੂੰ ਘਰ ਅਤੇ ਜੈਨੀਫਰ ਨਾਲ ਸਬੰਧਾਂ ਦੀ ਵਿਸਥਾਰ ਨਾਲ ਗੱਲ ਦੱਸੀ ਤਾਂ ਉਹ ਪਿਆਰਾ ਸਿੰਘ ਦੀ ਘਰ ਦੇ ਕਲੇਸ਼ ਵਾਲੀ ਗੱਲ ਨਾਲੋਂ ਜੈਨੀਫਰ ਨਾਲ ਸਬੰਧਾਂ ਵਾਲੀ ਗੱਲ ਉੱਤੇ ਬਹੁਤਾ ਫਿਕਰਮੰਦ ਸੀ। ਕੁਝ ਦਿਨ ਸੋਚ ਵਿਚਾਰਨ ਪਿੱਛੋਂ ਕਰਤਾਰ ਸਿੰਘ ਨੇ ਪਿਆਰਾ ਸਿੰਘ ਨਾਲ ਇਸ ਵਿਸ਼ੇ ਨਾਲ ਸਬੰਧਤ ਕਈ ਹਾਂ ਪੱਖੀ ਅਤੇ ਨਾਂਹ ਪੱਖੀ ਗੱਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਹ ਸਲਾਹ ਕੀਤੀ ਕਿ ਕੋਈ ਅੰਤਮ ਫੈਸਲਾ ਲੈਣ ਤੋਂ ਪਹਿਲਾਂ ਉਹ ਦੋਵੇਂ ਉਸ ਗੋਰੀ ਨਾਲ ਆਹਮਣੋ ਸਾਹਮਣੇ ਬੈਠਕੇ ਕੁਝ ਗੱਲਾਂ ਕਰ ਲੈਣ। ਪਿਆਰਾ ਸਿੰਘ ਨੇ ਇਸ ਵਿੱਚ ਸਹਿਮਤੀ ਪ੍ਰਗਟਾਈ ਅਤੇ ਉਸਨੇ ਜੈਨੀਫਰ ਨਾਲ ਗੱਲ ਕਰਕੇ ਸਮਾਂ ਨੀਯਤ ਕਰ ਲਿਆ। ਇਸ ਤੋਂ ਦੋ ਦਿਨਾਂ ਪਿੱਛੋਂ ਬੱਚੇ ਸਕੂਲ ਛੱਡ ਕੇ ਉਹ ਦੋਵੇਂ ਜੈਨੀਫਰ ਦੇ ਘਰ ਚਲੇ ਗਏ। ਜੈਨੀਫਰ ਇੱਕ ਲੜਕੀ ਦੇ ਨਾਲ ਸੇਬ ਦਾ ਜੂਸ ਲੈਕੇ ਆਈ ਅਤੇ ਕਿਹਾ,” ਇਹ ਮੇਰੀ ਬੇਟੀ ਸਿੰਥੀਆ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਇਸ ਗੱਲਬਾਤ ਵਿੱਚ ਇਹ ਵੀ ਬਰਾਬਰ ਦੀ ਭਾਈਵਾਲ ਹੋਵੇ”ਪਿਆਰਾ ਸਿੰਘ ਅਤੇ ਕਰਤਾਰ ਸਿੰਘ ਦੋਵੇਂ ਉਸ ਲੜਕੀ ਦੀ ਇਸ ਗੱਲਬਾਤ ਵਿੱਚ ਸ਼ਮੂਲੀਅਤ ਲਈ ਹੈਰਾਨ ਵੀ ਹੋਏ ਅਤੇ ਖੁਸ਼ ਵੀ। ਦੋ ਕੁ ਘੰਟੇ ਉਹਨਾਂ ਦਾ ਵਿਸਥਾਰ ਨਾਲ ਵਿਚਾਰ ਵਟਾਂਦਰਾ ਹੋਇਆ ਅਤੇ ਫਿਰ ਉਹ ਦੋਵੇਂ ਆਪੋ ਆਪਣੇ ਘਰ ਚਲੇ ਗਏ। ਇਸ ਤਰ੍ਹਾਂ ਹੋਰ ਦੋ ਤਿੰਨ ਵਾਰ ਜੈਨੀਫਰ ਦੇ ਘਰ ਇਸੇ ਵਿਸ਼ੇ ਨੂੰ ਬਰੀਕੀ ਨਾਲ ਘੋਖਣ ਲਈ ਮੀਟਿੰਗਾਂ ਹੋਈਆਂ। ਹੁਣ ਜਦੋਂ ਪਿਆਰਾ ਸਿੰਘ ਨੇ ਆਪਣੀ ਬੇਟੀ ਨਾਲ ਇਸ ਗੋਰੀ ਜਨਾਨੀ ਨਾਲ ਸਬੰਧਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ, ਉਹ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਗਈ। ਉਸਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਉਸਦਾ ਪਾਪਾ ਕੈਨੇਡਾ ਜਾਕੇ ਇਹ ਕੰਮ ਵੀ ਕਰ ਸਕਦਾ ਸੀ। ਉਹ ਇਹ ਸੋਚ ਕੇ ਵੀ ਦੁਖੀ ਹੋਈ ਕਿ ਜਦੋਂ ਇੱਥੇ ਪਤਾ ਲੱਗਾ ਤਾਂ ਉਹ ਸਮਾਜ ਵਿੱਚ ਮੂੰਹ ਦਿਖਾਉਣ ਜੋਗੀ ਨਹੀਂ ਰਹੇਗੀ। ਪਰ ਪਿਆਰਾ ਸਿੰਘ ਨੇ ਆਪਣੀ ਮਜਬੂਰੀ ਵਿਸਥਾਰ ਨਾਲ ਬਿਆਨ ਕਰ ਦਿੱਤੀ।

ਦਰਵਾਜੇ ਦੀ ਘੰਟੀ ਵੱਜੀ। ਬਲਜੀਤ ਨੇ ਦਰਵਾਜਾ ਖੋਲ੍ਹਿਆ ਅਤੇ ਉਹ ਪਿਆਰਾ ਸਿੰਘ ਅਤੇ ਇੱਕ ਗੋਰੀ ਨੂੰ ਗਲ ਵਿੱਚ ਹਾਰ ਪਾਏ ਹੋਏ ਵੇਖ ਕੇ ਹੱਕਾ ਬੱਕਾ ਰਹਿ ਗਿਆ ਅਤੇ ਥਿੜਕਦੀ ਅਵਾਜ਼ ਵਿੱਚ ਪੁੱਛਿਆ”ਡੈਡੀ, ਇਹ ਮੈਂ ਕੀ ਵੇਖ ਰਿਹਾ ਹਾਂ”?

ਪਿਆਰਾ ਸਿੰਘ ਨੇ ਹੱਸਦਿਆਂ ਹੋਇਆ ਕਿਹਾ,” ਆਪਣੇ ਪੇਂਡੂ ਸੱਭਿਆਚਾਰ ਅਨੁਸਾਰ ਮੈਂ ਜਦੋਂ ਬਾਹਰੋਂ ਘਰ ਅੰਦਰ ਆਉਂਦਾ ਸਾਂ, ਤਾਂ ਹੌਲੀ ਜਿਹੀ ਖੰਘੂਰਾ ਮਾਰਦਾ ਸਾਂ। ਨੂੰਹ ਰਾਣੀ ਨੇ ਦੋ ਤਿੰਨ ਵਾਰ ਮੈਨੂੰ ਐਸੀ ਟਿੱਚਰ ਕੀਤੀ ਕਿ ਮੈਂ ਬਰਦਾਸ਼ਤ ਨਾ ਕਰ ਸਕਿਆ। ਇੱਕ ਵਾਰੀ ਇਸਨੇ ਕਿਹਾ ਸੀ”ਕਿਵੇਂ ਘੋੜੇ ਵਾਂਗੂੰ ਹਿਣਕਦਾ ਵਾ ਅਤੇ ਇਹ ਉਸ ਮੇਹਣੇ ਦਾ ਜਵਾਬ ਹੈ ਕਿ ਹੁਣ ਘੋੜੇ ਨਾਲ ਘੋੜੀ ਵੀ ਹਿਣਕੇਗੀ। ... ਇਸ ਦਾ ਨਾਮ ਜੈਨੀਫਰ ਏ ਅਤੇ ਅੱਜ ਅਸਾਂ ਦੋਹਾਂ ਨੇ ਗੁਰਦੁਆਰੇ ਜਾਕੇ ਸ਼ਾਦੀ ਕਰ ਲਈ ਏ“

ਇੰਨੇ ਚਿਰ ਨੂੰ ਰੁਪਿੰਦਰ ਵੀ ਆ ਗਈ ਅਤੇ ਡੈਡੀ ਨੂੰ ਇਸ ਤਰ੍ਹਾਂ ਵੇਖ ਕੇ ਉਹ ਵੀ ਹੱਕੀ ਬੱਕੀ ਰਹਿ ਗਈ। ਆਪਣੇ ਪੋਤਰੇ ਨੂੰ ਗੋਦ ਵਿੱਚ ਲੈਕੇ ਅੰਦਰ ਸੋਫੇ ’ਤੇ ਬੈਠਦਿਆਂ ਪਿਆਰਾ ਸਿੰਘ ਨੇ ਉਹਨਾਂ ਦੋਹਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ”ਜੇ ਤੁਸੀਂ ਸਾਡੇ ਨਾਲ ਖੁਸ਼ੀ ਖੁਸ਼ੀ ਰਹੋਗੇ ਤਾਂ ਠੀਕ ਹੈ, ਨਹੀਂ ਤਾਂ ਆਪਾਂ ਨੂੰ ਇਹ ਮਕਾਨ ਵੇਚਣਾ ਪਵੇਗਾ। ਫਿਰ ਤੁਸੀਂ ਜਿੱਥੇ ਮਰਜੀ ਰਿਹੋ”

ਹੁਣ ਬਲਜੀਤ ਅਤੇ ਰੁਪਿੰਦਰ ਦੋਵੇਂ ਬੁੱਤ ਬਣੇ ਇੱਕ ਦੂਜੇ ਵੱਲ ਸਵਾਲੀਆ ਨਜਰਾਂ ਨਾਲ ਵੇਖ ਰਹੇ ਸਨ। ਸ਼ਾਇਦ ਸਭ ਤੋਂ ਵੱਡਾ ਸਵਾਲ ਡੈਡੀ ਦੀ ਜ਼ਮੀਨ ਅਤੇ ਕੋਠੀ ਵਿੱਚੋਂ ਹਿੱਸਾ ਮਿਲਣ ਬਾਰੇ ਸੀ।

*****

(115)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਤਰਲੋਚਨ ਸਿੰਘ ਔਜਲਾ

ਡਾ. ਤਰਲੋਚਨ ਸਿੰਘ ਔਜਲਾ

Brampton, Ontario, Canada.
Email: (jogtar53@yahoo.com)