SandeepArora7ਇਸ ਸਮੇਂ ਸਾਡਾ ਰਾਜਨੀਤਕ ਢਾਂਚਾ ਇੱਕ ਅਜਿਹੇ ਕਾਲੇ ਦੌਰ ਵਿੱਚੋਂ ਲੰਘ ਰਿਹਾ ਹੈ, ਜਿਸ ਵਿੱਚ ...
(10 ਦਸੰਬਰ 2017)


 DyalSCollege1

 

ਕੇਂਦਰ ਵਿੱਚ ਕਾਬਜ਼ ਸੱਤਾ ਧਿਰ ਦੇ ਨੇਤਾ ਦੇਸ਼ ਵਿੱਚ ਆਪਣੇ ਆਪ ਨੂੰ ਦੇਸ਼-ਭਗਤੀ ਅਤੇ ਰਾਸ਼ਟਰਵਾਦ ਦਾ ਨੰਬਰਦਾਰ ਸਿੱਧ ਕਰਨ ਲਈ ਬੜੇ ਤਰਕਹੀਣ ਬਿਆਨ ਦਾਗਦੇ ਰਹਿੰਦੇ ਹਨ। ਹਰ ਦਸਾਂ ਪੰਦ੍ਹਰਾਂ ਦਿਨਾਂ ਬਾਅਦ ਕੋਈ ਨਾ ਕੋਈ ਅਜਿਹਾ ਬਿਆਨ ਜ਼ਰੂਰ ਸੁਣਨ ਨੂੰ ਮਿਲਦਾ ਰਹਿੰਦਾ ਹੈ, ਜਿਸ ਵਿੱਚ ਭਾਜਪਾ ਨੇਤਾਵਾਂ ਦਾ ਰਾਜਨੀਤਿਕ ਸਨਕੀਪੁਣਾ ਸਪਸ਼ਟ ਝਲਕਦਾ ਹੁੰਦਾ ਹੈ। ਹਾਲ ਹੀ ਵਿੱਚ ਇੱਕ ਹੋਰ ਫਾਸ਼ੀਵਾਦੀ ਫੈਸਲਾ ਲਿਆ ਗਿਆ ਹੈ ਕਿ ਦਿੱਲੀ ਯੂਨੀਵਰਸਿਟੀ ਦੇ ਅੰਤਰਗਤ ‘ਦਿਆਲ ਸਿੰਘ ਕਾਲਜ’ ਦਾ ਨਾਮ ਬਦਲ ਕੇ ‘ਵੰਦੇ-ਮਾਤਰਮ ਮਹਾਵਿਦਿਆਲਿਆ’ ਰੱਖਣ ਦਾ ਪ੍ਰਸਤਾਵ ਕਾਲਜ ਦੀ ਪ੍ਰਬੰਧਕ ਕਮੇਟੀ ਦੁਆਰਾ ਦਿੱਲੀ ਯੂਨੀਵਰਸਿਟੀ ਦੇ ਕੁਲਪਤੀ ਨੂੰ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਹੈ। ਇਸ ਪ੍ਰਬੰਧਕ ਕਮੇਟੀ ਦਾ ਮੁਖੀ ਭਾਜਪਾ ਦਾ ਪ੍ਰਸਿੱਧ ਨੇਤਾ ਅਮਿਤਾਭ ਸਿਨਹਾ ਹੈ।

ਦਇਆ ਸਿੰਘ ਕਾਲਜ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਦੁਆਰਾ ਐਲਾਨੇ ਭਾਰਤ ਦੇ ਪਹਿਲੇ ਦਸ ਵਧੀਆ ਕਾਲਜਾਂ ਵਿੱਚੋਂ ਗਿਣਿਆ ਜਾਂਦਾ ਹੈ। ਇਸ ਸਾਲ ਤੱਕ ਇਸ ਕਾਲਜ ਵਿੱਚ ਕੇਵਲ ਸ਼ਾਮ ਦੇ ਸੈਸ਼ਨ ਵਿੱਚ ਕੋਰਸ ਕਰਵਾਏ ਜਾਂਦੇ ਸਨ। ਸਤੰਬਰ ਵਿੱਚ ਇਸ ਕਾਲਜ ਨੂੰ ਸਵੇਰੇ-ਸ਼ਾਮ ਕੋਰਸ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਹੁਣ ਸਵੇਰ ਦੇ ਸੈਸ਼ਨ ਵਿੱਚ ਛੇ ਜ਼ਾਰ ਅਤੇ ਸ਼ਾਮ ਦੇ ਸੈਸ਼ਨ ਵਿੱਚ ਢਾਈ ਹਜ਼ਾਰ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਵੇਰੇ-ਸ਼ਾਮ ਦੇ ਦੋਵੇਂ ਸੈਸ਼ਨ ਸ਼ੁਰੂ ਹੋਣ ਨਾਲ ਸਟਾਫ, ਕਮਰਿਆਂ, ਫਰਨੀਚਰ ਆਦਿ ਦੇ ਮੁੱਦਿਆਂ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਗਈ ਹੈ। ਗਿਆਰਾਂ ਏਕੜ ਵਿੱਚ ਚੱਲ ਰਹੇ ਇਸ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੇ ਮੁਤਾਬਿਕ ਉਚਿਤ ਕਮਰੇ ਨਾ ਹੋਣ ਕਰਕੇ ਕਮਰੇ ਵਿਦਿਆਰਥੀਆਂ ਨਾਲ ਖਚਾਖੱਚ ਭਰੇ ਰਹਿੰਦੇ ਹਨ ਵਿਦਿਆਰਥੀ ਬਰਾਂਡਿਆਂ ਵਿਚ ਬੈਠ ਕੇ ਪ੍ਰੀਖਿਆ ਦੇਣ ਲਈ ਮਜ਼ਬੂਰ ਹਨ ਪੁਸਤਕਾਲਾ ਦਾ ਪ੍ਰਬੰਧ ਵੀ ਕੁਝ ਖਾਸ ਵਧੀਆ ਨਹੀਂ ਹੈ। ਪ੍ਰਬੰਧਕ ਸਮਿਤੀ ਨੇ ਇਨ੍ਹਾਂ ਸਮੱਸਿਆਵਾਂ ਨੂੰ ਨਜਿੱਠਣ ਦੀ ਬਜਾਇ ਕਾਲਜ ਦਾ ਨਾਮ ਬਦਲਣ ਨੂੰ ਤਰਜੀਹ ਦਿੱਤੀ ਅਤੇ ਇਸ ਕਾਰਵਾਈ ਦਾ ਤਰਕ ਦਿੱਤਾ ਕਿ ਸਵੇਰੇ-ਸ਼ਾਮ ਦੇ ਕੋਰਸ ਸ਼ੁਰੂ ਹੋਣ ਕਾਰਨ ਯੂ.ਜੀ.ਸੀ. ਨੂੰ ਕਾਲਜ ਦਾ ਨਵਾਂ ਨਾਮ ਭੇਜਣਾ ਬੇਹੱਦ ਜ਼ਰੂਰੀ ਸੀ ਤਾਂ ਜੋ ਕਾਲਜ ਦੀ ਤਰੱਕੀ ਲਈ ਗ੍ਰਾਂਟ ਮਿਲ ਸਕੇ।

ਇਹ ਬੜਾ ਅਜੀਬ ਤਰਕ ਹੈ ਕਿ ਕਿਸੇ ਵਿੱਦਿਅਕ ਸੰਸਥਾ ਦਾ ਨਾਮ ਬਦਲਣ ਉਪਰੰਤ ਹੀ ਉਸ ਸੰਸਥਾ ਦੇ ਵਿਕਾਸ ਲਈ ਗ੍ਰਾਂਟ ਜਾਰੀ ਹੋਵੇਗੀ। ਅਸਲ ਵਿੱਚ ਸੱਤਾ ਧਿਰ ਵਿੱਚ ਬੈਠੀ ਜਮਾਤ ਦੇ ਜ਼ਹਿਨ ਵਿੱਚ ਇਹ ਭੁਲੇਖਾ ਘਰ ਕਰੀ ਬੈਠਾ ਹੈ ਕਿ ਇਤਿਹਾਸ ਵਿੱਚ ਜੋ ਵਾਪਰਿਆ ਹੈ, ਉਹ ਗਲਤ ਹੀ ਹੁੰਦਾ ਆਇਆ ਹੈ ਅਤੇ ਜੋ ਹੁਣ ਅਸੀਂ ਕੁਝ ਕੁ ਸਾਲਾਂ ਤੋਂ ਕਰ ਰਹੇ ਹਾਂ, ਜੋ ਸੋਚ ਰਹੇ ਹਾਂ, ਉਹ ਹੀ ਦੇਸ਼ ਹਿੱਤ ਵਿੱਚ ਹੈ। ਰਾਸ਼ਟਰਵਾਦ ਦੀ ਸੰਕੀਰਣ ਧਾਰਨਾ ਪੈਦਾ ਕੀਤੀ ਜਾ ਰਹੀ ਹੈ, ਜਿਸਦਾ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਨਾਲ ਕੋਈ ਵਾਹ-ਵਾਸਤਾ ਨਹੀਂ। ਦਿਆਲ ਸਿੰਘ ਕਾਲਜ ਦਾ ਨਾਮ ਬਦਲਣਾ ਵੀ ਇਸ ਸੋਚ ਦਾ ਨਤੀਜਾ ਹੀ ਹੈ।

ਸਰਦਾਰ ਦਿਆਲ ਸਿੰਘ ਮਜੀਠਿਆ ਇੱਕ ਅਜਿਹੇ ਪ੍ਰਗਤੀਸ਼ੀਲ ਦੇਸ਼ ਭਗਤ ਸਨ, ਜਿਹਨਾਂ ਨੇ ਨਾ ਕੇਵਲ ਪੰਜਾਬ, ਸਗੋਂ ਸਮੁੱਚੇ ਦੇਸ਼ ਦੇ ਵਿੱਦਿਅਕ, ਪ੍ਰੈੱਸ, ਬੈਂਕਿੰਗ ਆਦਿ ਖੇਤਰਾਂ ਵਿੱਚ ਵਿਲੱਖਣ ਛਾਪ ਛੱਡੀ। ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਸ. ਰਣਜੀਤ ਸਿੰਘ ਦਾ ਦਿਹਾਂਤ ਹੋਇਆ ਤਾਂ ਉਹਨਾਂ ਦਾ ਖਾਸਮਖਾਸ ਜਰਨੈਲ ਸ. ਲਹਿਣਾ ਸਿੰਘ ਸਿੱਖ ਸਾਮਰਾਜ ਵਿਚ ਹੋਣ ਵਾਲੀ ਉੱਥਲ-ਪੁੱਥਲ ਨੂੰ ਭਾਂਪਦਾ ਹੋਇਆ ਪੰਜਾਬ ਛੱਡ ਕੇ ਬਨਾਰਸ ਵੱਲ ਪ੍ਰਵਾਸ ਕਰ ਗਿਆ। ਕੁਝ ਸਮੇਂ ਬਾਅਦ 1848 ਈ: ਵਿੱਚ ਸ. ਲਹਿਣਾ ਸਿੰਘ ਦੇ ਘਰ ਦਿਆਲ ਸਿੰਘ ਦਾ ਜਨਮ ਹੋਇਆ ਜਿਸਨੇ ਨਾ ਕੇਵਲ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਕੱਫ਼ਣ ਸਿਰ ’ਤੇ ਬੰਨ੍ਹਿਆ, ਸਗੋਂ ਅਜਿਹੇ ਕੀਰਤੀਮਾਨ ਵੀ ਸਥਾਪਿਤ ਕੀਤੇ ਜਿਹਨਾਂ ਤੋਂ ਬਗੈਰ ਅਜੋਕੇ ਹਿੰਦੁਸਤਾਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।

ਲਾਹੌਰ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਪ੍ਰਾਪਤੀ ਲਈ ਯੂਨੀਵਰਸਿਟੀ ਬਣਾਉਣ ਲਈ ਨੌਜਵਾਨਾਂ ਨੇ ਜੋ ਸੰਘਰਸ਼ ਸ਼ੁਰੂ ਕੀਤਾ, ਉਸਦੀ ਅਗਵਾਈ ਸਰਦਾਰ ਦਿਆਲ ਸਿੰਘ ਮਜੀਠਿਆ ਨੇ ਕੀਤੀ ਅਤੇ ਇਸ ਸੰਘਰਸ਼ ਨੂੰ 1882 ਈ: ਵਿੱਚ ਵੱਡੀ ਸਫਲਤਾ ਉਦੋਂ ਮਿਲੀ ਜਦੋਂ ਲਾਹੌਰ ਵਿੱਚ ਕੋਲਕਾਤਾ, ਮਦਰਾਸ, ਬੰਬੇ ਯੂਨੀਵਰਸਿਟੀਆਂ ਦੀ ਤਰਜ਼ ’ਤੇ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਹੋਈ। 1947 ਦੀ ਵੰਡ ਉਪਰੰਤ ਇਸ ਨੂੰ ਚੰਡੀਗੜ੍ਹ ਵਿੱਚ ਸਥਾਪਿਤ ਕੀਤਾ ਗਿਆ। ਦਿਆਲ ਸਿੰਘ ਦੇ ਸੰਘਰਸ਼ ਸਦਕਾ ਸਥਾਪਿਤ ਪੰਜਾਬ ਯੂਨੀਵਰਸਿਟੀ ਨੇ ਉੱਤਰੀ ਭਾਰਤ ਅਤੇ ਪਾਕਿਸਤਾਨ ਵਿੱਚ ਉਚੇਰੀ ਸਿੱਖਿਆ ਦੇ ਵਿਕਾਸ ਵਿੱਚ ਜੋ ਯੋਗਦਾਨ ਪਾਇਆ ਹੈ, ਉਸ ਤੋਂ ਅਸੀਂ ਸਾਰੇ ਵਾਕਿਫ ਹਾਂ।

ਦਿਆਲ ਸਿੰਘ ਮਜੀਠਿਆ ਨੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਬਾਰੇ ਜਾਗਰੂਕ ਕਰਨ ਅਤੇ ਅੰਗਰੇਜ਼ੀ ਸਾਮਰਾਜ ਦੇ ਅੱਤਿਆਚਾਰਾਂ ਨੂੰ ਨਸ਼ਰ ਕਰਨ ਲਈ ਦੋ ਫਰਵਰੀ 1881 ਨੂੰ ਸਪਤਾਹਿਕ ‘ਦ ਟ੍ਰਿਬਿਊਨ ਦੀ ਸ਼ੁਰੂਆਤ ਕੀਤੀ। ‘ਦ ਟ੍ਰਿਬਿਊਨ’ ਦੀ ਬੇਬਾਕ ਪੱਤਰਕਾਰੀ ਸਦਕਾ ਇਸ ਦੀ ਮੰਗ ਵਧਣ ਕਾਰਨ 1898 ਈ: ਵਿੱਚ ਅਖਬਾਰ ਨੂੰ ਹਫਤੇ ਵਿੱਚ ਤਿੰਨ ਦਿਨ ਛਾਪਣਾ ਸ਼ੁਰੂ ਕੀਤਾ ਗਿਆ। 1906 ਈ: ਵਿੱਚ ਇਹ ਅਖਬਾਰ ਰੋਜ਼ਾਨਾ ਛਪਣ ਲੱਗਾ। ਇਸ ਸਮੇਂ ਟ੍ਰਿਬਿਊਨ ਟਰੱਸਟ ਦੁਆਰਾ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਅਖਬਾਰ ਕੱਢਿਆ ਜਾ ਰਿਹਾ ਹੈ। ਦਿਆਲ ਸਿੰਘ ਦੁਆਰਾ ਚਲਾਏ ਗਏ ਇਸ ਨਾਮਵਰ ਅਖਬਾਰ ਗਰੁੱਪ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਅਤੇ ਦਿੱਲੀ ਦੇ ਪਾਠਕ ਬੜੀ ਸ਼ਿੱਦਤ ਨਾਲ ਪੜਦੇ ਹਨ।

ਦਿਆਲ ਸਿੰਘ ਮਜੀਠੀਆ ਨੇ 1895 ਈ: ਵਿੱਚ ਇੱਕ ਧਰਮ ਨਿਰਪੱਖ ਕਾਲਜ ਦੀ ਸਥਾਪਨਾ ਲਈ ਆਪਣੀ ਸੰਪਤੀ ਦਾਨ ਦੇਣ ਦਾ ਫੈਸਲਾ ਕੀਤਾ, ਜਿਸਦੇ ਸਿੱਟੇ ਵਜੋਂ 1910 ਈ: ਵਿੱਚ ਲਾਹੌਰ ਵਿਖੇ ਦਿਆਲ ਸਿੰਘ ਕਾਲਜ ਦੀ ਸਥਾਪਨਾ ਹੋਈ। ਉਹਨਾਂ ਦੇ ਯਤਨਾਂ ਸਦਕਾ ਲਾਹੌਰ ਵਿੱਚ ਦਿਆਲ ਸਿੰਘ ਲਾਇਬਰੇਰੀ ਵੀ ਹੋਂਦ ਵਿੱਚ ਆਈਮੁਲਕ ਦੀ ਵੰਡ ਤੋਂ ਬਾਅਦ ਕਰਨਾਲ ਅਤੇ ਦਿੱਲੀ ਵਿੱਚ ਦਿਆਲ ਸਿੰਘ ਕਾਲਜ ਦੀ ਸਥਾਪਨਾ ਕੀਤੀ ਗਈ ਅਤੇ 1978 ਈ: ਵਿੱਚ ਦਿੱਲੀ ਵਿਖੇ ਦਿਆਲ ਸਿੰਘ ਕਾਲਜ ਦਿੱਲੀ ਯੂਨੀਵਰਸਿਟੀ ਅਧੀਨ ਕੰਮ ਕਰਨ ਲੱਗਾ।

ਦਿਆਲ ਸਿੰਘ ਦੀ ਮਿਹਨਤ ਦੀ ਬਦੌਲਤ 1894 ਈ: ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਕੀਤੀ ਗਈ। ਇਹ ਇੱਕੋ-ਇੱਕ ਅਜਿਹਾ ਬੈਂਕ ਹੈ ਜੋ ਨਿਰੋਲ ਭਾਰਤੀ ਪੂੰਜੀ ਦੁਆਰਾ ਸ਼ੁਰੂ ਹੋਇਆ ਸੀ ਅਤੇ ਅੱਜ ਤੱਕ ਵੀ ਹੋਂਦ ਵਿੱਚ ਹੈ। ਇਸ ਬੈਂਕ ਦੀ ਰਸਮੀ ਤੌਰ ’ਤੇ ਸਥਾਪਨਾ ਕਰਨ ਲਈ ਪਹਿਲੀ ਮੀਟਿੰਗ 23 ਮਈ 1894 ਈ: ਸਰਦਾਰ ਦਿਆਲ ਸਿੰਘ ਦੇ ਘਰ ਹੀ ਹੋਈ ਅਤੇ 27 ਮਈ ਨੂੰ ਹੋਈ ਦੂਸਰੀ ਮੀਟਿੰਗ ਵਿੱਚ ਦਿਆਲ ਸਿੰਘ ਮਜੀਠੀਆ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰਜ਼ ਬੋਰਡ ਦਾ ਪਹਿਲਾ ਚੇਅਰਮੈਨ ਅਤੇ ਲਾਲ ਹਰਕਿਸ਼ਨ ਲਾਲ ਨੂੰ ਪਹਿਲਾ ਸਕੱਤਰ ਚੁਣਿਆ ਗਿਆ। ਦਿਆਲ ਸਿੰਘ ਨੇ ਭਾਰਤੀ ਬੈਂਕਿੰਗ ਸੈਕਟਰ ਨੂੰ ਅਜਿਹਾ ਬੈਂਕ ਪ੍ਰਦਾਨ ਕੀਤਾ ਜਿਸਦੀਆਂ ਅੱਜ 1,12,743 ਬ੍ਰਾਂਚਾਂ ਭਾਰਤੀ ਅਰਥ ਵਿਵਸਥਾ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੀਆਂ ਹਨ।

ਇਸ ਤੋਂ ਇਲਾਵਾ ਦਿਆਲ ਸਿੰਘ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਵਾਲੀਆਂ ਪ੍ਰਮੁੱਖ ਸਖਸ਼ੀਅਤਾਂ ਵਿੱਚੋ ਇੱਕ ਸਨ। ਬੰਬਈ ਵਿੱਚ 1885 ਈ: ਵਿੱਚ ਕਾਂਗਰਸ ਦੀ ਸਥਾਪਨਾ ਹੋਣ ਉਪਰੰਤ ਲਾਹੌਰ, ਕਰਾਚੀ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਦਿੱਲੀ ਵਿੱਚ ਕਾਂਗਰਸ ਦਾ ਆਧਾਰ ਬਣਾਉਣ ਲਈ ਦਿਆਲ ਸਿੰਘ ਨੇ ਬਹੁਤ ਮਿਹਨਤ ਕੀਤੀ। ਥਿਉਸੌਫੀਕਲ ਸੁਸਾਇਟੀ ਦੀ ਪ੍ਰਧਾਨ ਐਨੀ ਬੇਸੈਂਟ ਲਿਖਦੀ ਹੈ ਕਿ ਉਸ ਸਮੇਂ ਦੇ ਕਾਂਗਰਸ ਦੇ 17 ਸੱਚੇ ਅਤੇ ਵਿਵੇਕਸ਼ੀਲ ਵਿਅਕਤੀਆਂ ਵਿੱਚੋਂ ਦਿਆਲ ਸਿੰਘ ਮਜੀਠੀਆ ਇੱਕ ਸਨ। ਕਾਂਗਰਸ ਦੇ ਸਰਗਰਮ ਕਾਰਜਕਰਤਾ ਹੋਣ ਤੋਂ ਇਲਾਵਾ ਦਿਆਲ ਸਿੰਘ ‘ਸਾਧਾਰਨ ਬ੍ਰਹਮੋ ਸਮਾਜ’ ਦੇ ਟਰਸਟੀ ਸਨ। ਉਹ ਅਜਿਹਾ ਧਰਮ-ਨਿਰਪੱਖ ਨਜ਼ਰੀਆ ਰੱਖਦੇ ਸਨ ਕਿ ਮੁਸਲਿਮ-ਈਸਾਈ ਵਿਅਕਤੀ ਉਹਨਾਂ ਦੇ ਲਾਂਗਰੀ ਸਨ ਅਤੇ ਹਿੰਦੂ, ਸਿੱਖ, ਮੁਸਲਿਮ, ਇਸਾਈ, ਪਾਰਸੀ ਸਭ ਉਨ੍ਹਾਂ ਦੇ ਸੰਪਰਕ ਵਿੱਚ ਸਨ। ਉਹ 30 ਸਾਲ ਸ੍ਰੀ ਹਰਿਮੰਦਰ ਸਾਹਿਬ ਦੇ ਮੁਖੀ ਰਹੇ। ਧਰਮ ਨਿਰਪੱਖਤਾ ਦੀ ਵੱਖਰੀ ਮਿਸਾਲ ਕਾਇਮ ਕਰਨ ਦੇ ਨਾਲ-ਨਾਲ ਉਹ ਕਵੀਆਂ, ਕਲਾਕਾਰਾਂ, ਖਿਡਾਰੀਆਂ, ਵਿਦਵਾਨਾਂ ਆਦਿ ਨੂੰ ਪ੍ਰੋਤਸਾਹਨ ਕਰਦੇ ਰਹੇ। ਦਿਆਲ ਸਿੰਘ ਖੁਦ ‘ਮਸ਼ਰਿਕ’ ਦੇ ਨਾਮ ਹੇਠ ਕਵਿਤਾਵਾਂ ਦੀ ਰਚਨਾ ਕਰਦੇ ਸਨ।

ਦਿਆਲ ਸਿੰਘ ਮਜੀਠੀਆ ਸਚਮੁੱਚ ਅਜਿਹੀ ਸਖਸ਼ੀਅਤ ਸਨ ਜਿਨ੍ਹਾਂ ਨੇ ਨਾ ਕੇਵਲ ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਆਪਣਾ ਯੋਗਦਾਨ ਪ੍ਰਦਾਨ ਪਾਇਆ. ਸਗੋਂ ਉਹਨਾਂ ਦੀ ਰਹਿਨੁਮਾਈ ਹੇਠ ਸਥਾਪਿਤ ਸੰਸਥਾਵਾਂ ਆਜ਼ਾਦੀ ਤੋਂ ਬਾਅਦ ਅੱਜ ਵੀ ਭਾਰਤ ਦੇ ਬੌਧਿਕ, ਵਿੱਦਿਅਕ ਅਤੇ ਆਰਥਿਕ ਵਿਕਾਸ ਵਿੱਚ ਆਪਣੀ ਭੂਮਿਕਾ ਨਿਭਾ ਰਹੀਆਂ ਹਨ। ਪਰ ਸਾਡੇ ਮੁਲਕ ਦੀ ਕੋਝੀ ਰਾਜਨੀਤੀ ਲੋਕਾਂ ਨੂੰ ਅੱਗੇ ਨਹੀਂ ਵਧਣ ਦਿੰਦੀ। ਭਾਰਤ ਦੇ ਮੁਕਾਬਲੇ ਪਾਕਿਸਤਾਨ ਵਿੱਚ ਲਾਹੌਰ ਵਿਖੇ ਚੱਲ ਰਹੇ ਦਿਆਲ ਸਿੰਘ ਕਾਲਜ ਅਤੇ ਦਿਆਲ ਸਿੰਘ ਲਾਇਬਰੇਰੀ ਦੇ ਨਾਮ ਨਾਲ ਅੱਜ ਤੱਕ ਕੋਈ ਵੀ ਛੇੜਖਾਨੀ ਨਹੀਂ ਕੀਤੀ ਗਈ। ਭਾਵੇਂ ਉਹਨਾਂ ਨੇ ਹਠਧਰਮੀ ਕਾਰਨ ਆਪਣੀਆਂ ਲਗਪਗ ਸਾਰੀਆਂ ਇਮਾਰਤਾਂ ਅਤੇ ਸੰਸਥਾਵਾਂ ਦੇ ਨਾਮ ਤਬਦੀਲ ਕਰ ਦਿੱਤੇ ਹਨ ਪਰ ਬੜਾ ਦੁਖਦਾਈ ਹੈ ਕਿ ਜਿਸ ਵਿਅਕਤੀ ਦੀ ਵਸੀਅਤ ਨਾਲ ਕਿਸੇ ਸੰਸਥਾ ਦੀ ਸਥਾਪਨਾ ਹੋਈ ਹੋਵੇ, ਫੋਕੀ ਰਾਜਨੀਤੀ ਚਮਕਾਉਣ ਵਾਲਿਆਂ ਨੂੰ ਉਸ ਮਹਾਨ ਸ਼ਖਸੀਅਤ ਦਾ ਨਾਮ ਉਸ ਸੰਸਥਾ ਨਾਲ ਜੁੜੇ ਰਹਿਣਾ ਵੀ ਰੜਕਦਾ ਹੈ।

ਇਸ ਸਮੇਂ ਸਾਡਾ ਰਾਜਨੀਤਕ ਢਾਂਚਾ ਇੱਕ ਅਜਿਹੇ ਕਾਲੇ ਦੌਰ ਵਿੱਚੋਂ ਲੰਘ ਰਿਹਾ ਹੈ, ਜਿਸ ਵਿੱਚ ਸੱਤਾ-ਧਿਰ ਨੂੰ ਦੇਸ਼ ਦੀ ‘ਅਨੇਕਤਾ ਵਿੱਚ ਏਕਤਾ’ ਦੀ ਭਾਈਚਾਰਕ ਸਾਂਝ ਕਬੂਲ ਨਹੀਂ ਹੈ। ਬਹੁਤ ਚਤੁਰ ਤਰੀਕੇ ਨਾਲ ਘੱਟ-ਗਿਣਤੀਆਂ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਖੌਤੀ ਰਾਸ਼ਟਰਵਾਦ ਦੇ ਮਖੌਟੇ ਹੇਠ ਗੌਰਵਮਈ ਰਾਸ਼ਟਰ ਦੇ ਪ੍ਰਤੀਕਾਂ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ। ਕਾਲਜ ਦੇ ਨਵੇਂ ਨਾਮ ‘ਵੰਦੇ ਮਾਤਰਮ ਮਹਾਵਿਦਿਆਲਾ’ ਨਾਲ ਕੋਈ ਦਿੱਕਤ ਨਹੀਂ ਹੈ, ਦਿੱਕਤ ਪੁਰਾਣੇ ਨਾਮ ਨੂੰ ਖਤਮ ਕਰਨ ਤੋਂ ਹੈ, ਦਿੱਕਤ ਪੰਜਾਬ ਦੇ ਮਹਾਨ ਸਪੂਤ ਦੀ ਵਿਰਾਸਤੀ ਯਾਦਗਾਰ ਦਾ ਨਾਮ ਮਿੱਟੀ ਵਿਚ ਮਿਲਾਉਣ ਦੀ ਕੋਸ਼ਿਸ਼ ਤੋਂ ਹੈ, ਉਸਦਾ ਨਾਮੋ-ਨਿਸ਼ਾਨ ਖਤਮ ਕਰ ਦੇਣ ਦੀ ਕੋਸ਼ਿਸ਼ ਤੋਂ ਹੈ। ਜੇਕਰ ਪ੍ਰਬੰਧਕ ਕਮੇਟੀ ‘ਵੰਦੇ ਮਾਤਰਮ’ ਦੇ ਨਾਮ ਹੇਠ ਕੋਈ ਵਿੱਦਿਅਕ ਸੰਸਥਾ ਚਲਾਉਣਾ ਚਾਹੁੰਦੀ ਹੈ ਤਾਂ ਉਸ ਸੰਸਥਾ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਵੇ। ਸਰਦਾਰ ਦਿਆਲ ਸਿੰਘ ਮਜੀਠੀਆ ਵਰਗੇ ਮਹਾਨ ਸਪੂਤ ਦੇ ਨਾਮ ਨਾਲ ਕੋਈ ਛੇੜਖਾਨੀ ਹਰਗਿਜ਼ ਨਹੀਂ ਹੋਣੀ ਚਾਹੀਦੀ।

ਹਰ ਪੰਜਾਬੀ, ਹਰ ਸੰਸਥਾ, ਹਰ ਅਖਬਾਰ, ਹਰ ਵਿਦਵਾਨ ਨੂੰ ਇਸ ਨਾਪਾਕ ਕੋਸ਼ਿਸ਼ ਵਿਰੁੱਧ ਆਵਾਜ਼ ਬੁਲੰਦ ਕਰਕੇ ਪੰਜਾਬ ਦੇ ਸਮੁੱਚੇ ਰਾਜਨੀਤਿਕ ਵਰਗ ਨੂੰ ਮਜ਼ਬੂਰ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਰਾਜਨੀਤਿਕ ਵਖਰੇਵੇਂ ਇੱਕ ਪਾਸੇ ਰੱਖਦੇ ਹੋਏ ਦਇਆ ਸਿੰਘ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਇਸ ਬੇਹੂਦਾ ਫੈਸਲਾ ਦਾ ਵਿਰੋਧ ਕਰਨ ਅਤੇ ਪੰਜਾਬ ਵਿਧਾਨ ਸਭਾ ਸਰਵਸੰਮਤੀ ਨਾਲ ਇਸ ਫੈਸਲੇ ਦੇ ਵਿਰੁੱਧ ਮਤਾ ਪਾਸ ਕਰਕੇ ਕਮੇਟੀ ਦਾ ਫੈਸਲਾ ਰੱਦ ਕਰਵਾਏ ਤਾਂ ਜੋ ਪੰਜਾਬ ਦੇ ਮਹਾਨ ਸੁਤੰਤਰਤਾ ਸੰਗਰਾਮੀ ਦੀ ਯਾਦ ਨੂੰ ਸਦੀਵੀਂ ਰੱਖਿਆ ਜਾ ਸਕੇ।

*****

(925)

ਆਪਣੇ ਵਿਚਾਰ ਪੇਸ਼ ਕਰੋ: (This email address is being protected from spambots. You need JavaScript enabled to view it.)

About the Author

ਸੰਦੀਪ ਅਰੋੜਾ

ਸੰਦੀਪ ਅਰੋੜਾ

Phone: (91 - 95010 - 20410)
Email: (sandeep.pacca@gmail.com)