HarpinderRana8“ਹਮਦਰਦੀ ਨਾ ਜਿਤਾਓ. ਮੇਰੇ ਲਈ ਕਿਸੇ ਰੋਜ਼ਗਾਰ ਦੀ ਤਲਾਸ਼ ਕਰੋ ਤਾਂ ਕਿ ਮੈਂ ...”
(23 ਸਤੰਬਰ 2017)

 

HarpinderRanaArtA2ਆਪਣੇ ਨਾਵਲ ‘ਸ਼ਾਹਰਗ ਦੇ ਰਿਸ਼ਤੇ’ ਲਈ ਖੋਜ ਦਰਮਿਆਨ ਮੈਂ ਉਸ ਨੂੰ ਕੋਈ ਪੰਜ ਕੁ ਸਾਲ ਪਹਿਲਾਂ ਮਿਲੀ ਸਾਂ। ਉਹ ਪਿਛਲੇ ਪੰਦਰਾਂ ਕੁ ਸਾਲਾਂ ਤੋਂ ਦਸ ਜ਼ਰਬ ਪੰਦਰਾਂ ਫੁੱਟ ਦੇ ਕਮਰੇ ਵਿੱਚ ਬੈੱਡ ’ਤੇ ਪਈ ਸੀ। ਇੱਕ ਸੜਕ ਹਾਦਸੇ ਦੌਰਾਨ ਉਸਦੀ ਰੀੜ੍ਹ ਦੀ ਹੱਡੀ ਦੇ ਮਣਕੇ ਟੁੱਟਣ ਕਾਰਨ ਉਹ ਗਰਦਨ ਤੋਂ ਥੱਲੇ ਸਿਰਫ ਰਬੜ ਦੀ ਗੁੱਡੀ ਵਾਂਗ ਸੀ। ਲਗਾਤਾਰ ਰਿਸਦੇ ਰਹਿੰਦੇ ਪਿਸ਼ਾਬ ਦੀ ਸਮੱਸਿਆ ਕਾਰਣ ਇੱਕ ਬੈਕਲੈੱਸ ਗਾਊਨ ਤੇ ਹੇਠਾਂ ਪੋਤੜਿਆਂ ਵਰਗੇ ਖੇਸ ਦੇ ਕੁਝ ਟੁਕੜੇ ਰੱਖਣੇ ਹੀ ਉਸਦੀ ਹੋਣੀ ਬਣ ਚੁੱਕੀ ਸੀ। ਮਤਾਬੀ ਵਾਂਗ ਬਲਦੀਆਂ ਅੱਖਾਂ, ਅੱਖਾਂ ਵਿੱਚ ਤੈਰਦੇ ਸੁਪਨੇ ਅਤੇ ਭਵਿੱਖ ਦੀ ਆਸ, ਲਾਲ ਡੋਰਾ ਬਣ ਹਰੇਕ ਨੂੰ ਆਪਣੇ ਕੋਲ ਬਿਠਾਉਣ ਵਿੱਚ ਸਮਰੱਥ ਸਨ। ਪਹਿਲੀ ਵਾਰ ਉਸਦੀਆਂ ਅੱਖਾਂ ਦੇ ਤੇਜ਼ ਨੇ ਮੈਨੂੰ ਆਪਣੇ ਸੰਮੋਹਨ ਵਿੱਚ ਲਿਆ।

ਸਵਾਲਾਂ ਦੇ ਤੀਰ ਛੱਡਦੀ ਉਹ ਹਰੇਕ ਨੂੰ ਲਾਜਵਾਬ ਕਰ ਦਿੰਦੀ, ਜਦ ਉਹ ਆਖਦੀ, “ਹਮਦਰਦੀ ਨਾ ਜਿਤਾਓ. ਮੇਰੇ ਲਈ ਕਿਸੇ ਰੋਜ਼ਗਾਰ ਦੀ ਤਲਾਸ਼ ਕਰੋ ਤਾਂ ਕਿ ਮੈਂ ਆਪਣੀ ਦੁਆਈ ਬੂਟੀ, ਡਾਇਪਰ ਵਗੈਰਾ ਅਤੇ ਇੱਕ ਤੀਮਾਰਦਾਰ ਦੇ ਖ਼ਰਚੇ ਕੱਢ ਸਕਾਂ।” ਮੇਰੇ ਸਮੇਤ ਹਰੇਕ ਦੀ ਬੋਲਤੀ ਬੰਦ ਹੋ ਜਾਂਦੀ ਸੀ ਕਿ ਅੱਜ ਕੱਲ੍ਹ ਤਾਂ ਚੰਗੀ ਪੜ੍ਹੀ ਲਿਖੀ ਅਤੇ ਤੰਦਰੁਸਤ ਜਵਾਨੀ ਬੇਰੋਜ਼ਗਾਰ ਤੁਰੀ ਫਿਰਦੀ ਹੈ ਤਾਂ ਸਿਰਫ ਇੱਕ ਸੋਚਦੇ ਦਿਮਾਗ਼, ਸੁਪਨੀਲੀਆਂ ਅੱਖਾਂ ਅਤੇ ਬੋਲਦੀ ਜ਼ੁਬਾਨ ਲਈ ਕੀ ਰੁਜ਼ਗਾਰ ਹੋ ਸਕਦਾ ਹੈ।

ਮੇਰੇ ਹੱਥ ਵੀ ਕੁਛ ਨਹੀਂ ਸੀ ਪਰ ਮੈਂ ਆਪਣੀ ਕਲਮ ਉਸ ਨੂੰ ਮੰਗਵੀਂ ਦੇ ਕੇ ਉਸ ਵੱਲੋਂ ਹੀ ਅਖ਼ਬਾਰ ਵਿੱਚ ਇੱਕ ਲੇਖ ‘ਸੁਣਕੇ ਜਾਵੀਂ ਦਰਦ ਕਹਾਣੀ’ ਲਿਖਿਆ। ਇਹ ਦੋ ਅਖ਼ਬਾਰਾਂ ਵਿੱਚ ਛਪਿਆ। ਲੋਕਾਂ ਨੇ ਪਸੰਦ ਕੀਤਾ। ਉਸ ਨੂੰ ਫੋਨ ਵੀ ਕੀਤੇ ਅਤੇ ਉਸ ਨੂੰ ਵੱਡੇ ਵੱਡੇ ਸੁਝਾਅ ਵੀ ਦਿੱਤੇ ਪਰ ਉਸਦਾ ਸੁਪਨਾ ਹਕੀਕਤ ਤਾਂ ਕੀ ਬਣਨਾ ਸੀ ਬਲਕਿ ਕਈਆਂ ਨੇ ਦੋਸਤ ਬਣਕੇ ਉਸਦੀ ਮਸਾਂ ਮਸਾਂ ਜੋੜੀ ਪੂੰਜੀ ਵੀ ਖਾਹਮਖਾਹ ਦੇ ਕੰਮਾਂ ਵਿੱਚ ਲਵਾ ਦਿੱਤੀ ਤੇ ਨਤੀਜਾ ਠਣ ਠਣ ਗੋਪਾਲ। ਮੈਂ ਯਥਾਰਥ ਦੀ ਦੁਨੀਆਂ ਤੋਂ ਦੂਰ ਹੋ ਕਾਲਪਨਿਕ ਦੁਨੀਆਂ ਰਾਹੀਂ ਉਸ ਲਈ ਰੋਜ਼ਗਾਰ ਦਾ ਪ੍ਰਬੰਧ ਕੀਤਾ ਅਤੇ ਆਪਣੇ ਨਾਵਲ ਵਿੱਚ ਉਸ ਨੂੰ ਰੋਜ਼ਗਾਰ ਦੀ ਡਾਕਟਰੇਟ ਕਰਵਾ ਦਿੱਤੀ। ਮੇਰਾ ਇਹ ਨਾਵਲ ਮਾਨਸਿਕ ਸ਼ਕਤੀਆਂ ਨੂੰ ਕੇਂਦਰਿਤ ਕਰਕੇ ਅਸੰਭਵ ਨੂੰ ਸੰਭਵ ਬਣਾ ਸਕਣ ਦੀ ਗਾਥਾ ਬਿਆਨ ਕਰਦਾ ਹੈ। ਇਹ ਨਾਵਲ ਉਸਨੇ ਵੀ ਪੜ੍ਹਿਆ। ਨਾਵਲ ਪੜ੍ਹ ਕੇ ਉਹ ਹੋਰ ਵੀ ਦ੍ਰਿੜ੍ਹ ਹੋ ਗਈ। ਉਸ ਨੂੰ ਮੇਰੀ ਕਲਪਨਾ ਹੀ ਸੱਚ ਲੱਗਣ ਲੱਗੀ। ਉਸਦੀਆਂ ਅੱਖਾਂ ਨੂੰ ਕਾਲਪਨਿਕ ਝੂਠ ਵਰਗਾ ਸੁਪਨਾ ਦੇਣ ਦਾ ਡਰ ਮੈਨੂੰ ਵੱਢ ਵੱਢ ਖਾਣ ਲੱਗਾ। ਮੈਨੂੰ ਗੁਨਾਹ ਦਾ ਅਹਿਸਾਸ ਹੋਇਆ। ਮੈਂ ਉਸ ਨੂੰ ਫੋਨ ਕਰਨ ਤੋਂ ਵੀ ਕਤਰਾਉਣ ਲੱਗੀ।

ਇੱਕ ਦਿਨ ਉਸਦਾ ਫੋਨ ਆਇਆ। ਉਹੀ ਜ਼ਿੰਦਗੀ ਨਾਲ ਭਰੀ ਹੋਈ ਆਵਾਜ਼ ਆਈ, “ਓਏ ਸੋਹਣਿਓ! ਜ਼ਰਾ ਆਪਣੇ ਫੋਨ ਨੂੰ ਕਸ਼ਟ ਤਾਂ ਦਿਉ ਤੇ ਯੂਟਿਊਬ ਵਿੱਚ ਚੰਡੀਗੜ੍ਹ ਰੀਹੈਬ ਭਰ ਕੇ ਸਰਚ ਤਾਂ ਮਾਰੋ ਭਲਾ।”

ਤੇ ਜਦ ਮੈਂ ਸਰਚ ਕੀਤਾ ਤਾਂ ਹੈਰਾਨੀ ਵੀ ਹੈਰਾਨੀ ਤੋਂ ਅਗਾਂਹ ਟੱਪ ਗਈ। ਪਰਮ ਤਾਂ ਹੁਣ ਬਿਲਕੁਲ ਹੀ ਬਦਲ ਚੁੱਕੀ ਸੀ। ਉਹ ਇੱਕ ਖੂਬਸੂਰਤ ਇਲੈੱਕਟ੍ਰੌਨਿਕ ਵੀਲ ਚੇਅਰ ਖੁਦ ਹੀ ਭਜਾਈ ਫਿਰਦੀ ਸੀ। ਬੈੱਕਲੈੱਸ ਗਾਊਨ ਦੀ ਥਾਂ ਸੋਹਣੀ ਜਿਹੀ ਟੀ ਸ਼ਰਟ ਪਾਈ ਹੋਈ ਸੀ ਤੇ ਉਹ ਚੱਲ ਰਹੇ ਮਿਊਜ਼ਿਕ ’ਤੇ ਸਿਰ ਹਿਲਾ ਰਹੀ ਸੀ। ਜਦ ਉਸ ਨੂੰ ਮੈਂ ਫੋਨ ਕੀਤਾ ਉਸਨੇ ਦੱਸਿਆ ਕਿ ਉਹ ਪਿਛਲੇ ਹਫਤੇ ਹੀ ਕਸੌਲੀ ਘੁੰਮਕੇ ਵੀ ਆਈ ਹੈ। ਉਸਨੇ ਅੱਗੇ ਦੱਸਿਆ ਕਿ ਹੁਣ ਉਸਦੇ ਰੁਜ਼ਗਾਰ ਦਾ ਸੋਚਿਆ ਜਾ ਰਿਹਾ ਹੈ ਤੇ ਉਸ ਨੂੰ ਉਮੀਦ ਹੈ ਕਿ ਨਾਵਲ ਵਿਚਲੀ ਕਲਪਨਾ ਵਰਗਾ ਕੁਝ ਹੋਣ ਜਾ ਰਿਹਾ ਹੈ। ਉਸਦੀ ਗੱਲ ਸੁਣ ਮੇਰੇ ਤਾਂ ਹੰਝੂ ਆ ਗਏ, ਗਲਾ ਭਰ ਜਾਣ ਕਾਰਣ ਕੋਈ ਸ਼ਬਦ ਬੋਲਿਆ ਨਹੀਂ ਜਾ ਰਿਹਾ ਸੀ ਪਰ ਉਸਦੀ ਜ਼ਿੰਦਗੀ ਨਾਲ ਭਰੀ ਬਲੌਰੀ ਕੰਗਣ ਵਾਂਗ ਖਣਕਦੀ ਆਵਾਜ਼ ਮੈਨੂੰ ਜ਼ਿੰਦਗੀ ਦਾ ਸੁਨੇਹਾ ਦਿੰਦੀ ਰਹੀ।

*****

(638)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਪਿੰਦਰ ਰਾਣਾ

ਹਰਪਿੰਦਰ ਰਾਣਾ

Sri Mukatsar Sahib, Punjab, India.
Phone: (91 - 95010 - 09177)
Email: (sukhansunehe2010@gmail.com)