HarpinderRana8ਤੂੰ ਬੰਦੂਕਾਂ ਬੀਜਦਾ ਸੀ। ਮੈਂ ਅੱਖਰ ਬੀਜਦੀ ਹਾਂ। ਉਹ ਦਾਣੇ ਬੀਜਦੇ ਹਨ ... ਤੇ ਉਹ ਵੋਟਾਂ? ...
(28 ਸਤੰਬਰ 2021)

 

ਪਿਆਰੇ ਵੀਰ! ਭਗਤ ਸਿੰਘ ਸਾਨੂੰ ਮੁਆਫ ਕਰੀਂ, ਕਿਉਂਕਿ ਸਾਡਾ ਜਨਮ ਦਿਨ ਮਨਾਉਣ ਦਾ ਢੰਗ ਤੈਨੂੰ ਰਾਸ ਨਹੀਂ ਆਉਣਾਤੂੰ ਤਾਂ ਜਗਾਉਂਦਾ ਰਿਹਾ ਸੀ ਵਿਚਾਰਾਂ ਦੀਆਂ ਮੋਮਬੱਤੀਆਂ, ਬਾਲਦਾ ਰਿਹਾ ਸੀ ਆਜ਼ਾਦੀ ਦੀਆਂ ਚਿਣਗਾਂ… ਤੇ ਅਸੀਂ! … ਅਸੀਂ … ਹੱਥੀਂ ਜਗਾਈਆਂ ਮੋਮਬੱਤੀਆਂ ਨੂੰ ਵੀ ਫੂਕਾਂ ਮਾਰ ਕੇ ਬੁਝਾ ਦਿੰਦੇ ਹਾਂ ... ਤੇ ਫੇਰ ਮਾਰਦੇ ਹਾਂ ਤਾੜੀਆਂ ਜ਼ੋਰ ਜ਼ੋਰ ਦੀ ਤੇ ਕਹਿੰਦੇ ਹਾਂ, “ਜਨਮ ਦਿਨ ਮੁਬਾਰਕ”, “ਹੈਪੀ ਬਰਥਡੇ ਟੂ ਯੂ।”

ਮੁਆਫ ਕਰੀਂ ਵੀਰ, ... ਸਾਡਾ ਇਹ ਢੰਗ ਤੇਰੇ ਹਾਣ ਦਾ ਨਹੀਂਸਾਡੇ ਹੱਥ ਤੇਰੀਆਂ ਜਗਾਈਆਂ ਮੋਮਬੱਤੀਆਂ, ਤੇਰੀਆਂ ਮਘਾਈਆਂ ਚਿਣਗਾਂ, ਤੇਰੇ ਜਗਾਏ ਦੀਵਿਆਂ ਨੂੰ ਓਟ ਨਹੀਂ ਦੇ ਸਕਦੇ ਕਿਉਂਕਿ ਸਾਡੇ ਹੱਥ ਤਾਂ ਰੁੱਝੇ ਹੋਏ ਹਨ ਤਾੜੀਆਂ ਮਾਰਨ ਵਿੱਚਸਾਡੇ ਹੱਥ ਮੁੱਕੇ ਨਹੀਂ ਬਣ ਸਕਦੇ, ਕਿਉਂਕਿ ਇਨ੍ਹਾਂ ਹੱਥਾਂ ਨਾਲ ਤਾਂ ਅਸੀਂ ਪਾਉਂਦੇ ਹਾਂ ਹਾਰ, ਹਰ ਪੰਜ ਸਾਲ ਬਾਅਦ

… ਤੇ ਰੱਖ ਦਿੰਦੇ ਹਾਂ ਆਪਣੀ ਸੋਚ ਅਤੇ ਆਜ਼ਾਦੀ ਗਹਿਣੇਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਆਪਣੇ ਵਧਦੇ ਖਰਚਿਆਂ ਦੇ ਲਈ ਆਪਣੀਆਂ ਜ਼ਮੀਨਾਂ ਨੂੰ ਗਹਿਣੇ ਰੱਖ ਦਿੰਦੇ ਹਾਂ ਤੇ ਗਹਿਣੇ ਰੱਖੀਆਂ ਜ਼ਮੀਨਾਂ ਕਦੋਂ ਬੈਅ ਕਰਵਾ ਦੇਣ ਤਕ ਦੀ ਨੌਬਤ ਆ ਜਾਂਦੀ ਹੈ, ਸਾਨੂੰ ਪਤਾ ਵੀ ਨਹੀਂ ਲੱਗਦਾਉਵੇਂ ਹੀ ਸਾਡੀਆਂ ਗਹਿਣੇ ਰੱਖੀਆਂ ਜ਼ਮੀਰਾਂ ਵੀ ਬੈਅ ਹੋ ਚੁੱਕੀਆਂ ਹਨ ਅੱਜ ਕੱਲ੍ਹ

ਵੀਰੇ! ਅੱਜ ਤੇਰਾ ਜਨਮ ਦਿਨ ਹੈ ਪਰ ਮੈਂਨੂੰ ਯਾਦ ਆ ਰਿਹਾ ਹੈ ਤੇਰੀ ਤਸਵੀਰ ਵਿੱਚੋਂ ਦੀ ਤੇਰਾ ਚਾਚਾ ਅਜੀਤ, ਤੇ ਕਦੀ ਉਸ ਦੀ ਤਸਵੀਰ ਵੱਟ ਜਾਂਦੀ ਹੈ ਬਾਂਕੇ ਦਿਆਲ ਵਿੱਚਸੁਣਦੀ ਹੈ ਮੇਰੇ ਕੰਨਾਂ ਵਿੱਚ ਆਵਾਜ਼, “ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਇ।”

1907 ਤੇ 2021 ਕੁਝ ਵੀ ਤਾਂ ਨਹੀਂ ਬਦਲਿਆਅਸੀਂ ਫਿਰ ਇਤਿਹਾਸ ਦੇ ਉਸੇ ਬਿੰਦੂ ’ਤੇ ਆ ਖੜ੍ਹੇ ਹੋਏ ਹਾਂ ਇਸਦਾ ਕਾਰਨ ਇਹ ਹੈ ਕਿ ਸਾਨੂੰ ਤੇਰਾ ਨਾਂ ਤਾਂ ਯਾਦ ਰਿਹਾ, ਅਸੀਂ ਆਪਣੇ ਬੱਚੇ ਦਾ ਨਾਂ ਤਾਂ ਤੇਰੇ ਨਾਂ ’ਤੇ ਰੱਖਦੇ ਰਹੇ, ਪਰ ਤੇਰੇ ਵਿਚਾਰ ਨਹੀਂ ਦਿੱਤੇ ਸੀ ਉਸ ਨੂੰਅਸੀਂ ਤਾਂ ਉਸ ਨੂੰ ਉਨ੍ਹਾਂ ਕਿਤਾਬਾਂ ਤੋਂ ਵੀ ਦੂਰ ਰੱਖਦੇ ਹਾਂ ਜਿਨ੍ਹਾਂ ਦਾ ਤੂੰ ਕਦੇ ਵਰਕਾ ਮੋੜ ਗਿਆ ਸੀਅਸੀਂ ਤਾਂ ਕਦੇ ਖੁਦ ਉਸ ਬੰਦ ਪਈ ਕਿਤਾਬ ਨੂੰ ਖੋਲ੍ਹ ਕੇ ਉਸ ਮੁੜੇ ਹੋਏ ਵਰਕੇ ਤੋਂ ਪੜ੍ਹਨ ਦੀ ਕੋਸ਼ਿਸ਼ ਨਾ ਕੀਤੀਤੇ ਨਾ ਅਸੀਂ ਆਪਣੇ ਬੱਚਿਆਂ ਨੂੰ ਕਿਤਾਬਾਂ ਦੀ ਵਿਰਾਸਤ ਦੇ ਸਕੇਤੇਰੇ ਵਿਚਾਰਾਂ ਦਾ ਪ੍ਰਵਾਹ ਅਸੀਂ ਨਹੀਂ ਕਰ ਸਕੇਅਸੀਂ ਤੇਰੀ ਅਜ਼ਾਦੀ ਦੀ ਮਸ਼ਾਲ ਨੂੰ ਅੱਗੇ ਨਹੀਂ ਵਧਾ ਸਕੇਅਸੀਂ ਤੇਰੀ ਆਜ਼ਾਦੀ ਦੇ ਸੰਕਲਪ ਨੂੰ ਆਪਣੀ ਪੀੜ੍ਹੀ ਤਕ ਨਹੀਂ ਲਿਆ ਸਕੇ

ਤੇ ਅੱਜ ਸਾਨੂੰ ਆਜ਼ਾਦੀ ਦਾ ਮਤਲਬ ਦਿਖਾਇਆ ਜਾ ਰਿਹਾ ਹੈ ਕਿ ਜਿੱਥੇ ਚਾਹੋ ਤੁਸੀਂ ਵੇਚ ਸਕਦੇ ਹੋ ਆਪਣੀ ਫਸਲਜੋ ਚਾਹੋ ਕਰ ਸਕਦੇ ਹੋ

“ਲੈ ਦੱਸ! ਇਸ ਨਾਲੋਂ ਵੱਡੀ ਕੋਈ ਆਜ਼ਾਦੀ ਹੋ ਸਕਦੀ ਹੈ?” ਅਸੀਂ ਜਿੱਥੇ ਚਾਹੀਏ, ਜੋ ਚਾਹੀਏ ਕਰ ਸਕਦੇ ਹਾਂ ਪਰ ਤੈਨੂੰ ਪਤਾ ਹੈ ਨਾ ਕਿ ਸਾਨੂੰ ਇਹ ਹੱਕ ਦੇਣ ਦੇ ਬਦਲੇ ਉਹ ਇਹ ਹੱਕ ਜ਼ਰੂਰ ਚਾਹੁੰਦੇ ਹੋਣਗੇ ਕਿ ਉਹ ਵੀ ਆਪਣੀ ਫ਼ਸਲ ਨੂੰ ਜਿੱਥੇ ਚਾਹੁਣ ਵੇਚ ਸਕਣ

ਤੂੰ ਬੰਦੂਕਾਂ ਬੀਜਦਾ ਸੀਮੈਂ ਅੱਖਰ ਬੀਜਦੀ ਹਾਂਉਹ ਦਾਣੇ ਬੀਜਦੇ ਹਨ ... ਤੇ ਉਹ ਵੋਟਾਂ?

ਆਪਣੀ ਫ਼ਸਲ ਨੂੰ ਆਪਣੀ ਮਰਜ਼ੀ ਨਾਲ ਵੇਚਣ ਦਾ, ਬਿੱਲੇ ਲਾਉਣ ਦਾ ਹੱਕ ਵੀ ਤਾਂ ਦੇ ਰਹੇ ਨੇ ਨਾ ਬੋਨਸ ਵਿੱਚ???

ਖੁਸ਼ੀ ਵਿੱਚ ਸਾਡੇ ਹੱਥ ਮਾਰ ਰਹੇ ਨੇ ਤਾੜੀਆਂਇਸੇ ਲਈ ਤਾਂ ਸਾਡੇ ਹੱਥ ਵਿਹਲੇ ਨਹੀਂ ਹੈ ਕਿ ਤੇਰੇ ਨਾਂ ਦਾ ਨਾਅਰਾ ਲਾ ਸਕੀਏ, “ਭਗਤ ਸਿੰਘ ਅਮਰ ਰਹੇ।”

ਨਹੀਂ ਸੱਚ, “ਭਗਤ ਸਿੰਘ ਦੇ ਵਿਚਾਰ ਅਮਰ ਰਹਿਣ!” ਤੇ ਭਗਤ ਸਿੰਘ ਦੇ ਵਿਚਾਰ ਅਮਰ ਤਾਂ ਹੀ ਰਹਿਣਗੇ ਨਾ ਜੇ ਅਸੀਂ ਇਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤਕ ਲੈ ਕੇ ਜਾਈਏ। ਪਰ ਹੁਣ ਉਹ ਵੇਲਾ ਆ ਹੀ ਗਿਆ ਕਿ ਅਸੀਂ ਤੇਰੇ ਵਿਚਾਰਾਂ ਤੋਂ ਸੇਧ ਲਈਏਤੇਰੀ ਚਿਣਗ ਨੂੰ ਮਘਾਉਣ ਲਈ ਇਕੱਠੇ ਹੋਈਏ ਕਿਉਂਕਿ ਹੁਣ ਇੱਕ ਵਾਰ ਫਿਰ ਸਾਡੇ ਘਰ ਤਕ ਸੇਕ ਪਹੁੰਚਿਆ ਹੈਧਰਤੀ ਦਾ ਪਾਣੀ ਤਾਂ ਪਹਿਲਾਂ ਹੀ ਸਾਡੀ ਖ਼ੁਦਗਰਜ਼ੀ ਅਤੇ ਲਾਪਰਵਾਹੀ ਦੀ ਭੇਂਟ ਚੜ੍ਹ ਗਿਆ ਸੀ ਤੇ ਹੁਣ ਸਾਡੇ ਖੇਤਾਂ ਦੇ ਅੰਨ ਨੂੰ ਵੀ ਖੁੱਲ੍ਹੀ ਮੰਡੀ ਦੀ ਲਪੇਟ ਵਿੱਚ ਆਉਣ ਦਾ ਫਤਵਾ ਮਿਲ ਗਿਆ ਹੈਅਜਿਹੇ ਸੰਘਰਸ਼ ਭਰੇ ਦਿਨਾਂ ਵਿੱਚ ਤੇਰਾ ਜਨਮਦਿਨ ਸਾਡੇ ਲਈ ਜ਼ਰੂਰ ਹੀ ਚਾਨਣ ਮੁਨਾਰਾ ਸਾਬਿਤ ਹੋਵੇਗਾਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਸੱਚਮੁੱਚ ਬਹੁਤ ਸ਼ਰਮਿੰਦੇ ਹੋਵਾਂਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3040)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਹਰਪਿੰਦਰ ਰਾਣਾ

ਹਰਪਿੰਦਰ ਰਾਣਾ

Sri Mukatsar Sahib, Punjab, India.
Phone: (91 - 95010 - 09177)
Email: (sukhansunehe2010@gmail.com)