“ਤਾਏ ਨੇ ਅਜੇ ਘਟਨਾ ਸਬੰਧੀ ਗੱਲਬਾਤ ਸ਼ੁਰੂ ਕੀਤੀ ਹੀ ਸੀ ਕਿ ਮੈਂ ਅੱਧ ਵਿਚਕਾਰੋਂ ਹੀ ਬੋਲ ਪਿਆ ...”
(19 ਸਤੰਬਰ 2017)
ਇਹ ਘਟਨਾ ਪੌਣੇ ਚਾਰ ਦਹਾਕੇ ਪਹਿਲਾਂ ਦੀ ਹੈ। ਐਤਵਾਰ ਦੀ ਛੁੱਟੀ ਵਾਲੇ ਦਿਨ ਜਦੋਂ ਕੇਸੀ ਨਹਾਉਣ ਲਈ ਮਾਂ ਨੇ ਮੇਰੇ ਸਿਰ ਵਿਚ ਖੱਟੀ ਲੱਸੀ ਦੇ ਤਿੰਨ ਚਾਰ ਬੁੱਕ ਪਾ ਕੇ ਮਲਣਾ ਸ਼ੁਰੂ ਕੀਤਾ ਤਾਂ ਮਾਂ ਆਹਦੀ ਜੇ ਬਾਹਰ ਅੰਦਰ ਖੇਡਦਾ ਆਪਣੇ ਸਿਰ ਵਿਚ ਆਹ ਅੱਗ ਸੁਆਹ ਨਾ ਫੂਕਿਆ ਕਰੇਂ ਤਾਂ ਤੇਰਾ ਆਹ ਝਾਟਾ ਜਲਦੀ ਨਿੱਖਰ ਜਾਇਆ ਕਰੇ। ਅੱਖਾਂ ਬੰਦ ਕਰਕੇ ਬਿਲਕਦੇ ਨੂੰ ਝਟਕੇ ਮਾਰ ਮਾਰ ਨਹਾਉਂਦੇ ਵਕਤ ਜਦੋਂ ਮਾਂ ਨੇ ਪੂਰੇ ਜ਼ੋਰ ਨਾਲ ਤਾਲੂਏ ਕੋਲ ਘਾਸਾ ਮਾਰਿਆ ਤਾਂ ਉਹ ਥੋੜ੍ਹਾ ਰੁਕ ਜਿਹਾ ਗਈ। ਫੇਰ ਪੋਲੇ ਪੋਲੇ ਜਿਹੇ ਮੇਰੇ ਵਾਲ ਫਰੋਲ ਕੇ ਆਹਦੀ - ਵੇ ਤੇਰੇ ਤਾਂ ਵਾਲ ਕੱਟੇ ਪਏ ਨੇ ਕਿਸੇ ਨੇ? ਕੋਲ ਪਈ ਬਾਲਟੀ ਵਿੱਚੋਂ ਪਾਣੀ ਦੀ ਗੜਬੀ ਮੇਰੇ ਸਿਰ ਵਿਚ ਪਲਟ ਮਾਂ ਨੇ ਖੱਟੀ ਲੱਸੀ ਦੀਆਂ ਛਿੱਦੀਆਂ ਪਾਸੇ ਕੀਤੀਆਂ ਤਾਂ ਜੋ ਸਾਰਾ ਦ੍ਰਿਸ਼ ਸਾਫ ਹੋ ਸਕੇ। ਗੋਡਿਆਂ ਵਿਚਕਾਰ ਮੇਰਾ ਸਿਰ ਘੁੱਟ ਪੂਰੇ ਗਹੁ ਨਾਲ ਜਦੋਂ ਮਾਂ ਨੇ ਮੇਰਾ ਸਿਰ ਦੇਖਿਆ ਤਾਂ ਸਭ ਤੋਂ ਪਹਿਲਾਂ ਮਾਂ ਨੇ ਅਣਜਾਣ ਦੁਸ਼ਮਣ ਕਿਸੇ ਔਰਤ ਨੂੰ ਗਾਲ ਕੱਢੀ। ਆਹਦੀ - ਕਿਹੜੀ ਨਿਪੁੱਤੀ ਦਾ ਬੇੜਾ ਬਹਿ ਗਿਆ, ਜੀਹਨੇ ਮੇਰੇ ਸੁੱਖਾਂ ਲੱਧੇ ਪੁੱਤ ਦੇ ਵਾਲ ਕੱਟੇ ਨੇ। ਮੈਂ ਕਿਸੇ ਭਰਾਵਾਂ ਪਿੱਟੀ ਦਾ ਕੀ ਬਿਗਾੜਿਆ ਸੀ ਜੀਹਨੇ ਮੇਰੇ ਪੁੱਤ ਦਾ ਮਾੜਾ ਤੱਕਿਆ।
ਮੇਰੇ ਸਿਰ ਦੇ ਐਨ ਵਿਚਕਾਰੋਂ ਕਰਕੇ ਕੱਟੇ ਹੋਏ ਮੇਰੇ ਵਾਲ ਦੇਖ ਦੇਖ ਮੇਰੀ ਮਾਂ ਨੂੰ ਮੇਰੇ ਨਾਲ ਐਨਾ ਮੋਹ ਜਾਗਿਆ ਕਿ ਉਸ ਨੇ ਗਲੀ ਗਵਾਂਢ ਦੀ ਕੋਈ ਵੀ ਔਰਤ ਨਹੀਂ ਛੱਡੀ, ਜਿਸਦੀ ਪੁੱਛ ਦੱਸ ਨਾ ਕੀਤੀ ਹੋਵੇ। ਨਹਾਉਣ ਵਾਲਾ ਕੰਮ ਅੱਗੇ ਪਾ ਕੇ ਜਦੋਂ ਮਾਂ ਨੇ ਖੱਦਰ ਦੇ ਤੌਲੀਏ ਨਾਲ ਮੇਰਾ ਸਿਰ ਪੂੰਝਕੇ ਫਿਰ ਤੋਂ ਪੂਰੇ ਗੌਰ ਨਾਲ ਤੱਕਿਆ ਤਾਂ ਸਿਥਤੀ ਹੋਰ ਵੀ ਸਪਸ਼ਟ ਹੋ ਗਈ। ਫਿਕਰਾਂ ਵਿੱਚ ਡੁੱਬਦੀ ਜਾ ਰਹੀ ਮਾਂ ਦੀ ਹਾਲਤ ਦੇਖ ਮੈਂ ਅਸਲੀ ਗੱਲ ਦੱਸਣ ਦੀ ਥਾਂ ਡਰਦਾ ਮਾਰਿਆ ਹੋਰ ਗੂੜ੍ਹੀ ਚੁੱਪ ਵਿਚ ਡੁੱਬਦਾ ਜਾ ਰਿਹਾ ਸੀ। ਗੱਲ ਇੱਥੋਂ ਤੱਕ ਜਾ ਪੁੱਜੀ ਸੀ ਕਿ ਮੇਰੇ ਕੋਲ ਸਾਰੀ ਘਟਨਾ ਬਾਰੇ ਦੱਸ ਦੇਣ ਲਈ ਕੋਈ ਵੀ ਮੌਕਾ ਨਹੀਂ ਸੀ ਬਚਿਆ। ਭਾਵੇਂ ਤੀਸਰੀ ਜਮਾਤ ਵਿੱਚ ਪੜ੍ਹਦੇ ਹੋਣ ਕਾਰਨ ਮੇਰਾ ਬਾਲ ਮਨ ਸਾਰੀ ਗੱਲ ਤੋਂ ਤਾਂ ਜਾਣੂ ਨਹੀਂ ਸੀ ਪਰ ਵਾਲ ਕੱਟੇ ਜਾਣ ਦੇ ਜੁਰਮ ਦੀ ਸਜ਼ਾ ਕਿਸੇ ਹੋਰ ਖਾਤੇ ਜਾ ਪੈਣ ਕਰਕੇ ਮੈਂ ਥੋੜ੍ਹਾ ਥੋੜ੍ਹਾ ਖੁਸ਼ ਵੀ ਸੀ ਕਿ ਚਲੋ ਔਲ਼ੀ ਟਲੀ। ਜਦੋਂ ਮਾਂ ਨੇ ਸਾਰਾ ਕੁੱਝ ਛੱਡ ਮੇਰੇ ਵਾਲ ਕੱਟ ਕੇ ਮੈਨੂੰ ਮਰਿਆ ਲੋਚਣ ਵਾਲੀ ਔਰਤ ਦੀ ਤਲਾਸ਼ ਹੋਰ ਤਿੱਖੀ ਕਰ ਦਿੱਤੀ ਤਾਂ ਮੇਰੇ ਅੰਦਰਲੇ ਮਾਂ ਪਿਆਰ ਨੇ ਅੰਗੜਾਈ ਲਈ। ਮੈਂ ਕਈ ਵਾਰ ਕੋਸ਼ਿਸ਼ ਕੀਤੀ ਕਿ ਸਭ ਕੁੱਝ ਸਾਫ ਸਾਫ ਦੱਸ ਦਿਆਂ ਪਰ ਹਿੰਮਤ ਦੀ ਘਾਟ ਕਰਕੇ ਸਭ ਆਪਣੇ ਆਪ ਹੀ ਰੱਦ ਹੋ ਜਾਂਦਾ।
ਗੱਲ ਜਦੋਂ ਕਿਸੇ ਵੀ ਤਣ ਪੱਤਣ ਨਾ ਲੱਗੀ ਤਾਂ ਮਾਂ ਦਾ ਫਿਕਰ ਘੱਟ ਕਰਨ ਲਈ ਸਾਡੇ ਬਾਕੀ ਪਰਿਵਾਰਕ ਮੈਂਬਰਾਂ ਨੇ ਦਖ਼ਲ ਦਿੱਤਾ ਕਿ ਹੁਣ ਜਾਣ ਵੀ ਦੇ, ਅੱਗੇ ਤੋਂ ਖਿਆਲ ਰੱਖਾਂਗੇ ਕਿ ਮੁੰਡੇ ਨਾਲ ਕੋਈ ਦੁਸ਼ਮਣ ਮਾੜਾ ਨਾ ਕਰੇ। ਜਦੋਂ ਮਾਂ ਦਾ ਗੁੱਸਾ ਥੋੜ੍ਹਾ ਢੈਲਾ ਹੋਇਆ ਤਾਂ ਮੇਰੀ ਹਿੰਮਤ ਨੇ ਸਿਰ ਚੁੱਕਿਆ। ਮੈਂ ਅਜੇ ਸਾਰਾ ਘਟਨਾ ਕਰਮ ਦੱਸਣ ਦੀ ਤਿਆਰੀ ਹੀ ਕਰ ਰਿਹਾ ਸੀ ਕਿ ਉਸੇ ਵਕਤ ਮੇਰੇ ਵਾਲ ਕੱਟੇ ਜਾਣ ਦਾ ਰਾਹ ਦਸੇਰਾ ਮੇਰਾ ਤਾਇਆ ਆ ਧਮਕਿਆ। ਤਾਏ ਨੂੰ ਦੇਖ ਕੇ ਮੇਰੀ ਹਿੰਮਤ ਹੋਰ ਵਧ ਗਈ। ਤਾਏ ਨੇ ਅਜੇ ਘਟਨਾ ਸਬੰਧੀ ਗੱਲਬਾਤ ਸ਼ੁਰੂ ਕੀਤੀ ਹੀ ਸੀ ਕਿ ਮੈਂ ਅੱਧ ਵਿਚਕਾਰੋਂ ਹੀ ਬੋਲ ਪਿਆ, “ਬਾਪੂ, ਮੇਰੇ ਵਾਲ ਤਾਏ ਨੇ ਕਟਵਾਏ ਨੇ।”
ਮੇਰੀ ਇਹ ਗੱਲ ਸੁਣਕੇ ਤਾਇਆ ਹੱਕਾ ਬੱਕਾ ਰਹਿ ਗਿਆ ਕਿ ਮੈਂ ਤਾਂ ਦਸ ਦਿਨਾਂ ਬਾਅਦ ਭੂਆ ਕੋਲ ਮਿਲਣ ਗਿਆ ਅੱਜ ਵਾਪਸ ਪਰਤਿਆਂ ਅਤੇ ਇਹਨੇ ਆਉਂਦਿਆਂ ਹੀ ਮੇਰੇ ਗਲ ਵਾਲ ਕੱਟੇ ਜਾਣ ਵਾਲਾ ਹਾਰ ਲਟਕਾ ਦਿੱਤਾ ਹੈ । ਸਾਰੇ ਜਣੇ ਚੁੱਪ ਕਰ ਗਏ। ਹਰ ਪਾਸੇ ਸ਼ਾਂਤੀ ਸੀ ਅਤੇ ਸਾਰੇ ਜਣੇ ਤਾਏ ਦੇ ਮੂੰਹ ਵੱਲ ਦੇਖ ਰਹੇ ਸਨ ਕਿ ਉਹ ਕੀ ਆਖਦਾ ਹੈ। ਤਾਏ ਨੇ ਗੱਲ ਸ਼ੁਰੂ ਕੀਤੀ, ਆਹਦਾ, “ਸ਼ੇਰਾ, ਭਲਾ ਮੈਂ ਤੇਰੇ ਵਾਲ ਕਿਉਂ ਕਟਵਾਵਾਂਗਾ। ਨਾਲੇ ਪੁੱਤਰਾ, ਜਿਸ ਦਿਨ ਤੇਰੇ ਵਾਲ ਕੱਟੇ ਗਏ ਨੇ ਉਸ ਦਿਨ ਤਾਂ ਮੈਂ ਇੱਥੇ ਹੈ ਹੀ ਨਹੀਂ ਸੀ।”
ਤਾਏ ਦੀ ਇਹ ਗੱਲ ਸੁਣ ਕੇ ਪਰਿਵਾਰਕ ਮੈਂਬਰਾਂ ਨੂੰ ਕੁੱਝ ਕੁ ਤਸੱਲੀ ਹੋਈ ਪਰ ਮੈਂ ਫਿਰ ਤੋਂ ਦੁਹਰਾ ਦਿੱਤਾ, “ਨਹੀਂ ਤਾਇਆ, ਮੇਰੇ ਵਾਲ ਤੇਰੇ ਵਾਂਗ ਹੀ ਕੱਟੇ ਨੇ।”
ਮੇਰਾ ਇਹ ਉੱਤਰ ਸੁਣਕੇ ਮੇਰੇ ਚਾਚੇ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਪੁਚਕਾਰ ਕੇ ਪੁੱਛਿਆ, “ਪੁੱਤਰਾ, ਤੇਰੇ ਵਾਲ ਤਾਏ ਵਾਂਗ ਕਿਵੇਂ ਕੱਟੇ ਗਏ?”
ਮੈਂ ਕਿਹਾ, “ਜਦੋਂ ਮੈਂ ਤੇ ਆਪਣੇ ਦੀਪ ਨੇ ਤਾਏ ਨੂੰ ਕੈਂਚੀ ਲੈ ਕੇ ਸਿਰ ਦੇ ਵਿਚਕਾਰੋਂ ਵਾਲ ਕੱਟਦੇ ਨੂੰ ਦੇਖਿਆ ਤਾਂ ਦੂਸਰੇ ਦਿਨ ਅਸੀਂ ਵੀ ਤਾਏ ਵਾਂਗ ਵਾਲ ਕੱਟ ਲਏ।”
ਕੁੱਝ ਸਮੇਂ ਦੀ ਚੁੱਪ ਬਾਅਦ ਚਾਰੇ ਪਾਸੇ ਹਾਸਾ ਬਿਖਰ ਗਿਆ। ਮੇਰਾ ਚਾਚਾ ਆਹਦਾ, “ਲਓ ਬਈ ਮਿੱਤਰੋ, ਆਪਣੇ ਮੁੰਡੇ ਦੇ ਵਾਲ ਕੱਟਣ ਵਾਲੀ ਭੂਤਨੀ ਫੜੀ ਗਈ।”
ਤਾਏ ਨੇ ਸਾਰੇ ਜਣਿਆਂ ਅੱਗੇ ਅੱਗੇ ਤੋਂ ਬੱਚਿਆਂ ਸਾਹਮਣੇ ਐਸਾ ਕੰਮ ਕਰਨ ਤੋਂ ਤੌਬਾ ਕਰ ਲਈ। ਅਸਲ ਵਿੱਚ ਮੇਰੇ ਤਾਏ ਦੇ ਵਾਲ ਭਾਰੀ ਹੋਣ ਕਾਰਨ ਗਰਮੀ ਦੇ ਦਿਨਾਂ ਵਿੱਚ ਉਹ ਕੈਂਚੀ ਲੈ ਕੇ ਵਿਚਕਾਰੋਂ ਕਰਕੇ ਵਾਲ ਕੱਟ ਲੈਂਦਾ ਸੀ ਅਤੇ ਆਪਣਾ ਜੂੜਾ ਗੁੰਮਣ ਨਹੀਂ ਸੀ ਦਿੰਦਾ। ਇੱਕ ਦਿਨ ਅਸੀਂ ਬੱਚਿਆਂ ਨੇ ਵੀ ਤਾਏ ਨੂੰ ਅਜਿਹਾ ਕਰਦੇ ਨੂੰ ਦੇਖ ਲਿਆ। ਤਾਏ ਦੀ ਰੀਸੇ ਕੈਂਚੀ ਲੱਭ ਕੇ ਅਸੀਂ ਵੀ ਵਿਚਕਾਰੋਂ ਕਰਕੇ ਕੱਟਾ ਮੁੰਨ ਤਰੀਕੇ ਨਾਲ ਆਪਣੇ ਅੱਧ ਪਚੱਧੇ ਵਾਲ ਕੱਟ ਲਏ। ਜੇਕਰ ਅਠੱਤੀ ਸਾਲ ਪਹਿਲਾਂ ਵਾਪਰੀ ਇਹ ਘਟਨਾ ਅੱਜ ਘਟੀ ਹੁੰਦੀ ਤਾਂ ਕਿਸੇ ਨੇ ਇਸ ਨੂੰ ਧਾਰਮਿਕ, ਕਿਸੇ ਨੇ ਪਰਾਈ ਵਾਅ ਅਤੇ ਕਿਸੇ ਨੇ ਦੁਸ਼ਮਣੀ ਕੱਢਣ ਲਈ ਕੀਤੇ ਟੂਣੇ ਟਾਮਣ ਨਾਲ ਜੋੜ ਕੇ ਬਾਤ ਦਾ ਬਤੰਗੜ ਬਣਾ ਦੇਣਾ ਸੀ। ਅੱਜ ਵਾਪਰ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਅਣਭੋਲੋ ਵਿਚ ਕੀਤੀਆਂ ਗਲਤੀਆਂ, ਜਾਣ ਬੁੱਝ ਕੇ ਕੀਤੇ ਜਾਂਦੇ ਛਲ, ਚਤਰ ਚਲਾਕੀਆਂ ਅਤੇ ਜਨਤਾ ਦਾ ਧਿਆਨ ਭਟਕਾਊ ਕੋਝੀਆਂ ਜੁਗਤਾ ਹੀ ਨੇ ਜਿਨ੍ਹਾਂ ਕਰਕੇ ਮੇਰੇ ਭਾਰਤ ਦੇ ਅਣਭੋਲ ਮਿਹਨਤੀ ਲੋਕਾਂ ਦਾ ਲੱਖਾਂ ਰੁਪਇਆ ਅਤੇ ਦਿਨ ਰਾਤ ਦਾ ਅਰਾਮ ਖੂਹ ਖਾਤੇ ਪੈ ਰਿਹਾ ਹੈ। ਮੈਂਨੂੰ ਉਨ੍ਹਾਂ ਮਹਾਨ ਰਹਿਬਰਾਂ ਦੀ ਉਡੀਕ ਹੈ ਜੋ ਮਨੁੱਖੀ ਦਿਮਾਗਾਂ ਦੇ ਜਾਲੇ ਉਤਾਰ ਕੇ ਚਾਨਣੇ ਦਾ ਛੱਟਾ ਦੇਣਗੇ।
*****
(835)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)